You are here

ਸੰਪਾਦਕੀ

ਮਹਿੰਗੀ ਸਾਬਨ ਦੀ ਟਿੱਕੀ(ਕਲੋਲ) ✍️ ਸੰਦੀਪ ਦਿਉੜਾ

ਮਹਿੰਗੀ ਸਾਬਨ ਦੀ ਟਿੱਕੀ(ਕਲੋਲ) 

        ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਦੋਸਤ ਮੇਰੇ ਕੋਲ ਘਰ ਆਇਆਂ। 

             "ਹਾਂ ਬਈ ਯਾਰਾਂ ਕਿਵੇਂ ਹੈ? "

  "ਵਧੀਆਂ ਬਾਈ ਤੂੰ ਸੁਣਾ ਕਿਵੇਂ ਹੈ? ਬੜੇ ਦਿਨਾਂ ਬਾਅਦ ਚੱਕਰ ਲਗਾਇਆ।"

       "ਬਸ ਯਾਰ . ..... ਬਿਨਾਂ ਕੰਮਾਂ ਦੇ ਵੀ ਵਿਅਸਤ ਹੋ ਪਏ ਹਾਂ ਵਿਹਲਿਆ ਕੋਲੋਂ ਵੀ ਟਾਇਮ ਨਹੀਂ ਲੱਗਦਾ।ਹੋਰ ਸੁਣਾ ਸਭ........! "

            " ਸਭ ਵਧੀਆਂ......! "

  "ਯਾਰ ਮੈਂ ਕਹਿੰਦਾ ਸੀ ਕਿਤੇ ਘੁੰਮ ਫਿਰ ਹੀ ਆਈਏ।"

          "ਬਣਾ ਲਵੋ ਪੋ੍ਗਰਾਮ ਨਾਲੇ ਸਾਰੇ ਦੋਸਤ ਇਕੱਠੇ ਹੋ ਜਾਵਾਂਗੇ।"

    ਅਸੀਂ ਦੇਹਰਾਦੂਨ ਜਾਣ ਦਾ ਪੋ੍ਗਰਾਮ ਬਣਾ ਲਿਆ। ਆਉਂਦੇ ਹੀ ਸ਼ੁੱਕਰਵਾਰ ਅਸੀਂ ਪੰਜ ਦੋਸਤ ਦੇਹਰਾਦੂਨ ਲਈ ਚੱਲ ਪਏ। ਰਾਤ ਨੂੰ ਅਸੀ ਹਰਿਦੁਆਰ ਰੁਕਣ ਦਾ ਤਹਿ ਕੀਤਾ ਹੋਇਆ ਸੀ।

                          ਸਵੇਰੇ ਗੰਗਾ ਜੀ ਵਿੱਚ ਇਸ਼ਨਾਨ ਕਰਕੇ  ਰਿਖੀਕੇਸ਼ ਹੁੰਦੇ ਹੋਏ ਸ਼ਾਮ ਨੂੰ ਦੇਹਰਾਦੂਨ ਪਹੁੰਚ ਜਾਵਾਂਗੇ। ਹਰਿਦੁਆਰ ਅਸੀਂ ਰਾਤ ਨੂੰ ਪਹੁੰਚੇ। ਅਸੀਂ ਆਪਣੇ ਹੀ ਸ਼ਹਿਰ ਦੀ ਬਣੀ ਹੋਈ ਧਰਮਸਾਲਾ ਵਿੱਚ ਹੀ ਰੁਕ ਗਏ। ਰਾਤ ਕਾਫ਼ੀ ਹੋਣ ਕਰਕੇ ਦੁਕਾਨਾਂ ਬੰਦ ਹੋ ਗਈਆਂ ਸਨ। 

             " ਬਾਬਾ ਜੀ ਰਾਮ- ਰਾਮ ਜੀ। "

  "ਰਾਮ -ਰਾਮ ਬੇਟਾ ਆ ਗਏ ਤੁਸੀਂ.... ਚਾਹ ਪਾਵੋਗੇ ਜਾਂ ਭੋਜਨ ਹੀ ਕਰੋਗੇ।"ਪਹਿਲਾਂ ਫੋਨ ਕਰਰੇ ਦੱਸਣ ਕਾਰਣ ਉੱਥੋਂ ਦਾ ਸੇਵਾਦਾਰ ਸਾਡਾ ਇੰਤਜ਼ਾਰ ਹੀ ਕਰ ਰਿਹਾ ਸੀ।

     "ਬਾਬਾ ਜੀ ਅਸੀਂ ਸੋਚਦੇ ਹਾਂ ਪਹਿਲਾਂ ਨਹਾ ਕੇ ਫਰੈਸ਼ ਹੋ ਜਾਂਦੇ ਹਾਂ। "

    "ਜਿਵੇਂ ਤੁਹਾਡੀ ਮਰਜ਼ੀ।"ਉਹ ਆਖ ਕੇ ਚਲੇ ਗਏ। 

        " ਉਏ ਨਹਾਉਂਗੇ ਕਿਵੇਂ ਸਾਬਨ ਤਾਂ ਲੈ ਕੇ ਆਉਣੀ ਹੀ ਭੁੱਲ ਗਏ। "ਮੇਰਾ ਇੱਕ ਮਿੱਤਰ ਬੋਲਿਆਂ। "

    " ਸਾਬਨ ਕਾ ਕਿਆ ਹੋਵੇ ਕਿੰਨੀਆਂ ਮਰਜ਼ੀ ਸਾਬਨ ਲੈ ਲਵੋ ਜੀ। "ਤੁਰੇ ਜਾਂਦੇ ਇੱਕ ਛੋਟੇ ਬੱਚੇ ਨੇ ਸਾਡੀ ਗੱਲ ਸੁਣ ਕੇ ਜਵਾਬ ਦਿੱਤਾ। 

       " ਕਾਕੇ ਦੁਕਾਨਾਂ ਤਾਂ ਬੰਦ ਹੋ ਗਈਆਂ ਹਨ ਤੂੰ ਕਿੱਥੋ ਲੈ ਕੇ ਆਵੇਗਾ। "

 "ਪਹਿਲੇ ਹੀ ਲਾ ਕਰ ਰੱਖੀ ਪੜੀ ਹੈ ਆਪ ਦੇਖ ਲੋ ਕੋਣ ਸੀ ਸਾਬਨ ਚਾਹੀਏ ਆਪ ਕੋ।"ਉਹ ਸਾਨੂੰ ਥੱਲ੍ਹੇ ਡਿਊੜੀ ਵਿੱਚ ਬਣੀ ਇੱਕ ਅਲਮਾਰੀ ਕੋਲ ਲੈ ਗਿਆ। 

  "ਲਉ ਜੀ ਉਠਾ ਲਉ ਜੋਣ ਸੀ ਚਾਹੀਏ। "ਆਮ ਸਾਬਨਾ ਦੇ ਨਾਲ ਉੱਥੇ ਮਹਿੰਗੀ ਤੋਂ ਮਹਿੰਗੀ ਸਾਬਨ ਵੀ ਪਈ ਸੀ। 

     "ਵਾਹ ਬਾਬਾ ਜੀ ਤਾਂ ਬੜੇ ਸ਼ੁਕੀਨ ਹਨ।"ਮਹਿੰਗੀਆਂ ਸਾਬਨਾ ਦੇਖ ਕੇ ਸਾਡਾ ਇੱਕ ਮਿੱਤਰ ਨੇ ਬੋਲਦਿਆਂ ਡਵ  ਸਾਬਨ ਚੁੱਕ ਲਈ।ਅਸੀਂ ਸਭ ਫਰੈਸ਼ ਹੋ ਕੇ ਦੁਬਾਰਾ ਥੱਲ੍ਹੇ ਭੋਜਨ ਕਰਨ ਲਈ ਆ ਗਏ। 

      "ਬਾਬਾ ਜੀ ਕਿਆ ਬਾਤ ਹੈ ਤੁਹਾਡੀ.... ਤੁਹਾਡੀਆਂ ਤਾਂ ਪੂਰੀਆਂ ਚੜਾਈਆਂ ਹਨ।"ਮੈਂ ਟਾਟ ਉੱਤੇ ਬੈਠਦੇ ਬਾਬਾ ਜੀ ਨੂੰ ਆਖਿਆ ਪਰ ਉਹ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੇ ਸਨ ਜਿਵੇਂ ਪੁੱਛ ਰਹੇ ਹੋਣ ਕਿ ਮੈਂ ਕੀ ਬੋਲ ਰਿਹਾ ਹਾਂ। 

"ਬਾਬਾ ਜੀ ਤੁਸੀਂ ਵੀ ਪੂਰੇ ਸ਼ੁਕੀਨ ਹੋ ਪੂਰੀਆਂ ਮਹਿੰਗੀਆਂ ਸਾਬਨਾ ਨਾਲ ਨਹਾਉਦੇ ਹੋ। "

                 "ਨਾ ਬੇਟਾ ਮੈਂ ਤਾਂ ਕਦੇ ਸਾਬਨ ਨੂੰ ਹੱਥ ਤੱਕ ਨਹੀਂ ਲਗਾਇਆ। ਮੈਂ ਤਾਂ ਪਾਣੀ ਸਿਰਫ਼ ਪਾਣੀ ਨਾਲ ਹੀ ਨਹਾਉਣਾ ਹਾਂ। "

      "ਕਿਉ ਮਜ਼ਾਕ ਕਰੀ ਜਾਂਦੇ ਹੋ। ਮੈਂ ਹੁਣੇ ਹੀ ਤੁਹਾਡੀ ਸਾਬਨਾ ਵਾਲੀ ਅਲਮਾਰੀ ਦੇਖ ਕੇ ਆਇਆਂ ਹਾਂ। ਜਿਸ ਵਿੱਚ ਮੈਨੂੰ ਲੱਗਦਾ ਹੈ ਕਿ ਦੁਨੀਆਂ ਕੀ ਕੋਈ ਅਜਿਹੀ ਸਾਬਨ ਹੈ ਨਹੀਂ ਜਿਹੜੀ ਉੱਥੇ ਨਾ ਹੋਵੇ।"

       "ਅਲਮਾਰੀ.......!ਤੁਸੀਂ ਉੱਥੇ.......! "ਉਹ ਬੜੀ ਹੈਰਾਨੀ ਵਿੱਚ ਬੋਲੇ। "

        " ਹਾਂ ਜੀ..... ਹੈਰਾਨ ਕਿਉਂ ਹੁੰਦੇ ਹੋ ਸਾਨੂੰ ਛੋਟੂ ਨੇ ਦਿਖਾਈਆਂ ਹਨ। "

         "ਉਹ.... ਹੋ.......? "

        "ਦੱਸੋ.... ਦੱਸੋ ਜੇ ਤੁਸੀਂ ਸਾਬਨ ਲਗਾਉਂਦੇ ਨਹੀਂ ਤਾਂ ਐਨੀ ਵੱਡੀ ਕੁਲੈਕਸ਼ਨ ...........! "

         "ਬੇਟੇ ਉਹ ਸਾਬਨਾ ਮੇਰੀਆਂ ਨਹੀਂ ਛੋਟੂ ਹੀ ਲੈ ਕੇ ਆਉਂਦਾ ਹੈ।ਉਏ ਛੋਟੂ ਤੈਨੂੰ ਮੈਂ ਕਿੰਨੀ ਵਾਰ ਮਨਾਂ ਕੀਤਾ ਹੈ ਨਾ। "

       "ਇਹ ਛੋਟੂ ਐਨੀਆਂ ਮਹਿੰਗੀਆਂ ਸਾਬਨਾ ਕਿੱਥੋ ਲੈ ਕੇ ਆਉਂਦਾ ਹੈ ਬਾਬਾ ਜੀ। "

         "ਮੁਰਦਾ ਘਾਟ ਸੇ... ਔਰ ਕਹਾ ਸੇ। " ਛੋਟੂ ਬਾਬਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਜਵਾਬ ਦੇ ਦਿੰਦਾ ਹੈ। 

    "ਮੁਰਦਾ ਘਾਟ ਤੋਂ.......! "ਅਸੀਂ ਹੈਰਾਨੀ ਨਾਲ ਸਾਰੇ ਇਕੱਠੇ ਹੀ ਬੋਲੇ। 

           "ਹਾਂ .... ਇਸਨੂੰ ਆਦਤ ਹੈ ਜਿਹੜੀ ਵੀ ਸਾਬਨ ਉੱਥੇ ਮੁਰਦੇ ਨੂੰ ਨਹਾ ਲੋਕ ਕੇ ਸੁੱਟ ਜਾਂਦੇ ਹਨ ਇਹ ਉਹ ਪੈਕਟ ਵਿੱਚ ਪਾ ਕੇ ਚੁੱਕ ਲਿਆਉਂਦਾ ਹੈ।"ਬਾਬਾ ਜੀ ਨੇ ਤਾਂ ਇਹ ਗੱਲ ਬੜੇ ਅਰਾਮ ਨਾਲ ਬੋਲ ਦਿੱਤੀ ਸੀ ਪਰ ਉਹਨਾਂ ਦੀ ਗੱਲ ਸੁਣ ਕੇ ਰੋਟੀ ਦੀ ਬੁਰਕੀ ਸਾਡੇ ਗਲੇ ਵਿੱਚ ਹੀ ਫੁਲ ਗਈ ਸੀ ਅਤੇ ਅਸੀਂ ਬੜੀ ਮੁਸ਼ਕਿਲ ਨਾਲ ਧਰਮਸਾਲਾ ਵਿੱਚ  ਰਾਤ ਕੱਟੀ। 

                    ਸੰਦੀਪ ਦਿਉੜਾ

                8437556667

 

ਦਰਵੇਸ਼ ਦੀ ਫ਼ਕੀਰੀ ✍️ ਸੁਰਜੀਤ ਸਾੰਰਗ

ਜਿੰਦਗੀ, ਕੁਦਰਤ ਦੀ ਕਰਾਮਾਤੀ ਦੇਣ ਹੁੰਦੀ ਹੈ।

ਜ਼ਿੰਦਗੀ ਲਈ ਮੌਤ, ਕਸ਼ਟ, ਦੁੱਖ, ਵਿਨਾਸ਼, ਜ਼ਖ਼ਮ, ਪੀੜਾ, ਮੁਸ਼ਕਲ ਔਕੜ ਵਰਗੀਆਂ ਮਾਰੂ ਵਸਤਾਂ ਨੂੰ ਪੈਦਾ ਕਰਨਾ ਆਦਮੀ ਦੇ ਅਧਿਕਾਰ ਖੇਤਰ ਵਿਚ ਨਹੀਂ ਹੋਣਾ ਚਾਹੀਦਾ।

          ਜਿੰਦਗੀ ਦੇ ਸੁਭਾਅ ਦੀ ਕਠੋਰਤਾ ਨੂੰ ਨੀਲ ਕੰਠ ਵਾਂਗ ਪੀਤਾ

ਆਪ ਜ਼ਹਿਰ ਪੀਤੀ ਤੇ ਸਮਾਜ ਨੂੰ ਅੰਮ੍ਰਿਤ ਦਿੱਤਾ

ਜਿੰਦਗੀ ਦਾ ਅਰਾੰਭ ਜ਼ਿੰਦਗੀ ਵਾਗ ਹੁੰਦਾ ਹੈ।

ਦਰਵੇਸ਼ਾਂ ਦੀ ਜ਼ਿੰਦਗੀ ਨਦੀ ਦੇਪ੍ਰਵਾਹ ਵਾਂਗ ਰਹੀ। ਉਹਨਾਂ ਵਾਸਤੇ ਜ਼ਿੰਦਗੀ ਦਾ ਹਰ ਪਲ ਪੂਜਨੀਕ ਹੁੰਦਾ ਹੈ।

ਮਹਾਤਮਾ ਬੁੱਧ ਦਾ ਕਥਨ ਹੈ

ਮੇਰਾ ਵੱਸ ਚਲੇ ਤਾਂ ਮੈਂ ਕਿਸੇ ਬੱਚੇ ਦੇ ਹੰਝੂ ਨਾ ਵਗਣ ਦਿਆਂ "

ਸੇਵਾ ਹੁੰਦੀ ਹੀ ਅਧਿਅਤਮਿਕ ਵਸਤੂ ਹੈ।ਮਨੁੱਖਤਾ ਉਹ ਵਿਸ਼ਾਲ ਮੰਦਰ ਹੈ ਜਿਸ ਦੀ ਉਪਾਸ਼ਨਾ ਵਾਸਤੇ ਮਾਨਵ ਸੇਵਾ ਦੀ ਲੋੜ ਪੈਂਦੀ ਹੈ।

ਜਿੰਦਗੀ ਦਾ ਦੂਜਾ ਨਾਂ ਹੀ ਪਰਮਾਤਮਾ ਹੈ। ਅਸੀਂ ਆਤਮਾ ਨੂੰ ਪ੍ਰਮਾਤਮਾ ਦੀ ਸੁਗਾਤ ਆਖਦੇ ਹਾਂ।

ਦਰਵੇਸ਼ ਦਾ ਦਿਲ,ਸੱਖਣੀ ਉਮਰ ਲਈ ਆਸਰਾ ਬਣਦਾ ਹੈ। ਦਰਵੇਸ਼ ਦੇ ਦਿਲ ਦੀ ਵਿਸਾਲਤਾ, ਧਰਤੀ ਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ ਦੁਖੀਆਂ ਨੂੰ ਮਾਂ ਵਰਗੀ ਮਮਤਾ ਬਖਸ਼ਦੀ ਹੈ।

      ਦਰਵੇਸ਼ ਦਾ ਇਕ ਅਰਥ ਇਹ ਵੀ ਹੁੰਦਾ ਹੈ।ਜਿਹੜਾ ਕਰਤਾਰ ਦੇ ਦਰ ਦੀ ਯਾਚਨਾ ਕਰਦਾ ਹੈ। ਕਰਤਾਰ ਦੇ ਦਰ ਦਾ ਉਪਾਸ਼ਕ ਸੰਤ ਹੁੰਦਾ ਹੈ।

ਇਕ ਦਰਵੇਸ਼ ਦੀ ਮਾਂ ਸੀ ਉਹ ਉਸ ਨੂੰ ਆਖਦੀ ਸੀ ਬੇਟਾ ਨੀਚੇ ਵੀ ਨਜ਼ਰ ਕਰ ਕੇ ਤੁਰਿਆਂ ਕਰ ਜੋ ਪੈਰਾਂ ਹੇਠਾਂ 

ਕੀੜੀ ਕੀੜਾ ਮਰ ਨਾ ਜਾਣ ਇਹ ਵੀ  ਰੱਬ ਦੇ ਜੀਵ ਹਨ ਇਨ੍ਹਾਂ ਵਿਚ ਵੀ ਜਾਨ ਹੁੰਦੀ ਹੈ।

ਚਲਦਾ

ਸੁਰਜੀਤ ਸਾਰੰਗ

ਕਿਤਾਬਾਂ ਤੇ ਸਮੁੰਦਰ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਕਿਤਾਬਾਂ ਗਿਆਨ ਦਾ ਸਮੁੰਦਰ ਹੁੰਦੀਆਂ ਹਨ l ਇਨ੍ਹਾਂ ਵਿੱਚੋਂ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੋ ਇਹ ਮੁੱਕਦਾ ਨਹੀਂ l 

ਇਹ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੜੀ ਕਿਤਾਬ ਪੜ੍ਹਨੀ ਹੈ, ਸਮਝਣੀ ਹੈ, ਜਿੰਦਗੀ ਵਿੱਚ ਅਪਣਾਉਣੀ ਹੈ, ਸ਼ਿੰਗਾਰ ਬਣਾਉਣੀ ਹੈ, ਪੂਜਣੀ ਹੈ ਜਾਂ ਕਿਤਾਬ ਨੂੰ ਇਕੱਲਾ ਘੋਟਾ ਲਗਾਉਣਾ ਹੈ ?

ਇਹ ਉਸੇ ਤਰਾਂ ਹੈ ਜਿਸ ਤਰਾਂ ਕੁੱਝ ਲੋਕ ਸਮੁੰਦਰ ਨੂੰ ਦੇਖ ਕੇ ਨਜ਼ਾਰੇ ਲੈਂਦੇ ਹਨ, ਕੁੱਝ ਸਮੁੰਦਰ ਵਿੱਚ ਨਹਾਉਂਦੇ ਹਨ, ਕੁੱਝ ਵਿੱਚ ਜਾ ਕੇ ਸਮੁੰਦਰੀ ਜੀਵ ਫੜਦੇ ਹਨ, ਕੁੱਝ ਪੂਜਦੇ ਹਨ, ਕੁੱਝ ਸਮੁੰਦਰ ਵਿੱਚ ਟੂਣੇ ਸੁੱਟਦੇ ਹਨ ਅਤੇ ਕੁੱਝ ਸਮੁੰਦਰ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਵਰਤਦੇ ਹਨ l ਭਾਵ ਲੋੜ ਅਨੁਸਾਰ ਸਮੁੰਦਰ ਨੂੰ ਵਰਤਿਆ ਜਾਂਦਾ ਹੈ l

ਕਸੂਰ ਕਿਤਾਬਾਂ ਜਾਂ ਸਮੁੰਦਰ ਦਾ ਨਹੀਂ l ਕਸੂਰ ਇਨ੍ਹਾਂ ਨੂੰ ਵਰਤਣ ਵਾਲਿਆਂ ਦਾ ਹੈ l ਕਸੂਰ ਆਪਣੀ ਸੋਚਣੀ ਦਾ ਹੁੰਦਾ ਹੈ ਜਿਸ ਮੁਤਾਬਕ ਅਸੀਂ ਫੈਸਲੇ ਲੈਂਦੇ ਹਾਂ l ਫੈਸਲੇ ਸਾਡੇ ਆਪਣੇ ਗਲਤ ਹੁੰਦੇ ਹਨ ਪਰ ਦੋਸ਼ ਹਮੇਸ਼ਾਂ ਦੂਜਿਆਂ ਨੂੰ ਦਿੰਦੇ ਹਾਂ l 

ਆਓ ਆਪਣੇ ਆਪ ਨੂੰ ਸਹੀ ਫੈਸਲੇ ਕਰਨ ਦੇ ਯੋਗ ਬਣਾਈਏ l ਸਹੀ ਫੈਸਲੇ ਉਹ ਹੀ ਕਰ ਸਕਦਾ ਹੈ ਜੋ ਪ੍ਰਸ਼ਨ ਕਰਨਾ ਜਾਣਦਾ ਹੋਵੇ ਅਤੇ ਉੱਤਰ ਸਮਝਣ ਦੇ ਕਾਬਲ ਹੋਵੇ l 

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ, ਜੱਦੀ ਪਿੰਡ ਖੁਰਦਪੁਰ (ਜਲੰਧਰ)  006421392147

ਸੰਵਾਦ  ✍ ਜਸਪਾਲ ਜੱਸੀ

ਭਗਤ ਸਿੰਘ ਰਾਜਗੁਰੂ ਤੇ ਸੁਖਦੇਵ‌ ।

ਕਿਵੇਂ ਭਗਤ ਸਿਆਂ ਉਦਾਸ ਲਗਦੈਂ ?

ਨਹੀਂ ਸੁਖਦੇਵ !  ਕੁਛ ਦਿਨਾਂ ਤੋਂ ਆਪਣਿਆਂ ਦੀ ਨੀਚਤਾ ਅਤੇ ਹੋਛਾਪਣ ਦੇਖ ਰਿਹਾਂ।

ਜੋ ਆਪਾਂ ਆਜ਼ਾਦੀ ਤੋਂ ਪਹਿਲਾਂ ਸੋਚਿਆ ਸੀ, ਉੱਥੇ ਤੱਕ ਤਾਂ .....

ਸੁਖਦੇਵ : ਬਸ ਏਨੀ ਗੱਲ‌ !

ਅਸਲ ਵਿੱਚ ਇਹ ਲੋਕ ਤੇਰੀ ਸੋਚ ਤੱਕ ਪਹੁੰਚ ਨਹੀਂ ਸਕਦੇ। ਇਹ ਤਾਂ ਫਿਰਕੂ ਲੋਕ ਨੇ, ਜੇ ਤੂੰ ਇਹਨਾਂ ਦੇ ਪਹਿਰਾਵੇ ਵਿਚ ਰਹਿੰਦਾ ਫੇਰ ਤਾਂ ਤੇਰੀਆਂ ਫੋਟੋਆਂ ਵੀ ਧਾਰਮਿਕ ਸਥਾਨਾਂ ਤੇ ਲਗਾ ਦਿੰਦੇ। (ਰਾਜ ਗੁਰੂ ਦੋਵਾਂ ਦੀ ਗੱਲ ਸੁਣ ਕੇ ਹੱਸਿਆ )

ਸੁਖਦੇਵ : ਕਿਵੇਂ ਪੰਡਤ ਜੀ ਹੱਸ ਰਹੇ ਹੋ ?

ਰਾਜਗੁਰੂ : ਸੁਆਦ ਆ ਗਿਆ, ਸ਼ਹੀਦ ਹੋਣ ਦਾ ,

ਹਾ ਹਾ ਹਾ।

ਕਾਰਨ ਤਾਂ ਦੱਸੋ ਦੇਵਤਾ ਜੀ ?

ਸੁਖਦੇਵ ਫਿਰ ਬੋਲਿਆ।

ਭਗਤ ਸਿੰਘ : ਮੈਨੂੰ ਪਤੈ ਕਿਉਂ ਹੱਸ ਰਿਹੈਂ, ਰਾਜਗੁਰੂ ।

ਕਿਉਂ ?(ਸੁਖਦੇਵ ਨੇ ਪੁੱਛਿਆ)

ਤੂੰ ਹੀ ਪੁੱਛ ਲੈ ( ਭਗਤ ਸਿੰਘ ਬੋਲਿਆ)

ਦੱਸ ਯਾਰ ! ਕਿਉਂ ਕੱਲਾ ਦੰਦ ਕੱਢੀ ਜਾਨੈਂ ?

ਜਦੋਂ ਆਪਾਂ ਨੂੰ 24 ਮਾਰਚ ਨੂੰ ਫਾਂਸੀ ਦਾ ਹੁਕਮ ਹੋਇਆ ਸੀ ਤਾਂ ਅੰਗਰੇਜ਼ ਅਫਸਰਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ, ਹੋ ਸਕਦਾ ਹੈ, ਲੋਕ ਜੇਲ੍ਹ ਤੋੜ ਕੇ ਇਹਨਾਂ ਨੂੰ ਛੁਡਾ ਕੇ ਲੈ ਜਾਣ ਕਿਉਂਕਿ ਪੰਜਾਬੀ ਬਹੁਤ ਦਲੇਰ ਨੇ। ਇਸ ਲਈ ਉਹਨਾਂ ਨੇ ਡਰਦਿਆਂ, ਇੱਕ ਰਾਤ ਪਹਿਲਾਂ ਹੀ 23 ਮਾਰਚ ਨੂੰ ਹੀ ਆਪਾਂ ਨੂੰ ਫ਼ਾਂਸੀ ਦੇ ਦਿੱਤੀ।

ਭਗਤ ਸਿੰਘ ਸੋਚ ਰਿਹੈ, ਐਨਾ ਪਿਆਰ ਲੋਕਾਂ ਦਾ,

ਪਰ ਅੱਜ ! !!!!

ਜਿਨ੍ਹਾਂ ਨੂੰ ਬੋਲਣ ਦੀ ਅਜ਼ਾਦੀ ਦੁਆਈ,ਉਹੀ ...

 ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਸਨਮਾਨਤ ਕੀਤਾ, ਉਨ੍ਹਾਂ ਨੂੰ ਲੋਕਾਂ ਨੇ ਹੱਥਾਂ ਤੇ ਚੁੱਕ ਲਿਆ।

ਬੜੇ ਅਕਿਰਤਘਣ ਲੋਕ ਬੈਠੇ ਨੇ ਸਾਡੀ ਕੌਮ ਵਿੱਚ।

ਇਹੀ ਸੋਚ ਰਿਹਾ ਹੈਂ ਨਾ ?

(ਰਾਜ ਗੁਰੂ ਦਾ ਗੱਲ ਕਹਿੰਦਿਆਂ ਹਾਸਾ ਕਾਫ਼ੂਰ ਹੋ ਗਿਆ ਸੀ )

ਨਹੀਂ ਯਾਰ ! ਤੂੰ ਗਲਤ ਸੋਚ ਰਿਹੈ।

ਤੁਸੀਂ ਸਾਡੇ ਆਲ਼ਿਆਂ ਨੂੰ ਨਹੀਂ ਜਾਣਦੇ। ਸਾਡੇ ਲੋਕ ਬੜੇ ਭਾਵੁਕ ਨੇ ਤੇ ਲਾਈ ਲੱਗ ਵੀ।

ਜਿਵੇਂ ਤੁਸੀਂ ਮਹਾਰਾਸ਼ਟਰਾ ਵਾਲੇ ਸਾਰੇ ਮਰਾਠੇ ਕਹਾਉਂਦੇ ਹੋ ਭਾਵੇਂ ਕਿਸੇ ਜਾਤ ਬਰਾਦਰੀ ਨਾਲ ਸੰਬੰਧ ਰੱਖਦੇ ਹੋ। ਪਰ ਸਾਡੇ ਆਲੇ ਪੰਜਾਬੀ ਹਿੰਦੂ, ਸਿੱਖ , ਮੁਸਲਮਾਨਾਂ, 'ਚ ਵੰਡੇ ਨੇ ,

ਤੇ ਉਸ ਤੋਂ ਵੀ ਅੱਗੇ ਜਾਤ ਬਰਾਦਰੀਆਂ ਵਿੱਚ।

ਬਾਕੀ ਸਾਰੀ ਗੱਲ ਸੁਖਦੇਵ  ਤੋਂ ਪੁੱਛ ਲੈ।

ਮੇਰੀ ਤਾਂ ਪੁੱਛ-ਗਿਛ ਥੋੜ੍ਹੀ-ਮੋਟੀ ਹੋਈ ਵੀ ਹੈ

ਇਹ ਦੀ ਕਿੰਨੀ ਕੁ ਸਾਰ ਲਈ ਹੈ ਸਾਡੇ ਪੰਜਾਬ ਵਾਲ਼ਿਆਂ ਨੇ ।

ਅੱਜ ਕੌਣ ਜਾਣਦਾ ਐ ਦੁਰਗਾ ਭਾਬੀ ਨੂੰ ?

ਜਿਸ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿਚ ਪਾਈ।

ਜਦੋਂ ਪੰਜਾਬ ਦੀਆਂ ਸਰਕਾਰਾਂ ਵੋਟਾਂ ਲਈ ਮੇਰੇ ਨਾਮ ਦੀ ਛੁੱਟੀ ਕਰਦੀਆਂ ਨੇ, ਕਈ ਦਿਨ ਤਾਂ ਮੈਂ ਸੁਖਦੇਵ ਦੇ ਮੱਥੇ ਨਹੀਂ ਲੱਗ ਸਕਦਾ।

( ਸੁਖਦੇਵ ਹੱਸਿਆ)

ਉਹ ਕੋਈ ਗੱਲ ਨੀ ਭਗਤ ਸਿਆਂ।

ਸਾਡੀ ਤਾਂ ਕੌਮ ਦੀ ਲੜਨ-ਮਰਨ ਲਈ ਪੈਦਾ ਹੋਏ ਸੀ। ਪੰਡਤ ਜੀ ਤੇ ਤੁਸੀਂ ਤਾਂ ਅਸੀਂ ਧੱਕੇ ਨਾਲ ਹੀ ਸ਼ਹੀਦ ਕਰਵਾ ਦਿੱਤੇ। 

ਤੂੰ ਖੇਤੀਬਾੜੀ ਕਰਦਾ ਰਹਿੰਦਾ ਤੇ ਪੰਡਤ ਜੀ ਰਾਜ ਗੁਰੂ ਸਾਹਿਬ ਕਿਸੇ ਸਕੂਲ ਦੇ ਵਿਚ ਪੜ੍ਹਾਉਂਦੇ ਹੁੰਦੇ ਜਾਂ ਕਿਸੇ ਮੰਦਰ ਦੇ ਵਿਚ ਪੰਡਤਾਈ ਕਰਦੇ ਹੁੰਦੇ ਕਿਉਂ ਕਿ ਲੋਕ ਐਥੇ ਜਾਤ ਬਰਾਦਰੀਆਂ ਛੱਡਣਾ ਹੀ ਨਹੀਂ ਚਾਹੁੰਦੇ।

ਅਸੀਂ ਤਾਂ ਸਾਰੇ ਗੁਰੂ ਵੀ ਥੋਨੂੰ ਸੰਭਾਲ ਦਿੱਤੇ ਪਰ ਲੱਗਦਾ ਨੀਂ ਤੁਹਾਡੇ ਤੋਂ ਉਹਨਾਂ ਦੀ ਫਿਲਾਸਫ਼ੀ ਤੇ ਗੁਰੂ ਸੰਭਾਲੇ ਜਾਣਗੇ।

ਕਿਉਂ ਪੰਡਤ ਜੀ, ਠੀਕ ਕਿਹਾ ਨਾ ਮੈਂ ?

(ਰਾਜਗੁਰੂ ਭਗਤ ਸਿੰਘ ਵੱਲ ਦੇਖ ਕੇ ਹੱਸ ਪਿਆ ਤੇ ਬੋਲਿਆ)

ਕਿਉਂ ਟਕੋਰਾਂ ਕਰਦੈਂ ਥਾਪਰਾ,

ਟਕੋਰਾਂ ਨਹੀ, ਸੱਚ ਨੂੰ ਸੱਚ ਕਹਿਣਾ ਕੋਈ ਗਲਤ ਨਹੀਂ।(ਸੁਖਦੇਵ ਬੋਲਿਆ

ਭਗਤ ਸਿੰਘ ਗੰਭੀਰ ਮੁਦਰਾ ਵਿਚ ਸੀ)

ਇੱਕ ਗੱਲ ਹੋਰ ਦੱਸਾਂ, ਗੁੱਸਾ ਤਾਂ ਨੀ ਕਰਦੇ ?

ਭਗਤ ਸਿੰਘ ਹੋਰਾਂ ਦੀ ਕੌਮ ਨੂੰ ਜੇ  ਖੁੱਲ੍ਹਾ ਛੱਡ ਦੇਈਏ, ਦੋ ਦਿਨਾਂ 'ਚ ਹੀ ਆਪਣਾ ਸਿਰ ਪੜਵਾ ਕੇ ਦੂਜਿਆ ਲਈ ਮੈਦਾਨ ਸਾਫ਼ ਕਰ ਦੇਣਗੇ।

ਗੁਰੂ ਸਾਹਿਬ ਸਿਆਣੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਅੰਤਿਮ ਗੁਰੂ ਥਾਪ ਕੇ ਗਏ। ਜੇ ਕਿਸੇ ਹੋਰ ਕੌਮ ਦੇ ਧੱਕੇ ਗੁਰਗੱਦੀ ਚੜ੍ਹ ਜਾਂਦੀ ਇਹ ਹੀ ਹੋਣਾ ਸੀ ਜੋ ਹੋ ਰਿਹੈ।

(ਭਗਤ ਸਿੰਘ ਦਾ ਹਾਸਾ ਨਿਕਲ ਗਿਆ, ਤੇ ਬੋਲਿਆ )

ਪੰਡਤ ਜੀ ਵਾਂਗ ਗਿਆਨ ਝਾੜ ਰਿਹੈਂ।

ਊਂ ਗੱਲ ਠੀਕ ਹੈ ਥਾਪਰ ਸਾਹਿਬ!

ਉਂਝ ਅਸੀਂ ਗੁਰੂ ਦੇ ਸਿੱਖ ਹਾਂ ਭਾਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਾ ਮੰਨੀਏ। ਆਪਣੀ ਜਾਤ ਗੋਤ ਵੀ ਨਹੀਂ ਛੱਡਦੇ ਭਾਵੇਂ ਗੁਰੂ ਸਾਹਿਬਾਨ ਨੇ ਬਹੁਤ ਜ਼ੋਰ ਲਾਇਆ। ਸਾਡੀ ਕੋਈ ਜਾਤ ਨਹੀਂ ਪਰ ਜਾਤ ਬਰਾਦਰੀ ਤੋਂ ਬਿਨਾਂ ਅਸੀਂ ਰਹਿੰਦੇ ਵੀ ਨਹੀਂ।

ਬੱਸ ਮਹਾਰਾਜਾ ਰਣਜੀਤ ਸਿੰਘ ਹੀ ਰਾਜ ਕਮਾ ਗਿਆ, ਜਿਹੜਾ ਕਮਾਉਣਾ ਸੀ। ਸਭ ਨੂੰ ਇੱਕ ਅੱਖ ਨਾਲ਼ ਦੇਖਿਆ, ਗੁਰੂਆਂ ਦੇ ਨਾਮ ਦੇ ਸਿੱਕੇ ਚਲਾਏ  ਪਰ ਸਾਡੇ ਆਲੇ ਤਾਂ ਉਸ ਨੂੰ ਵੀ ਨਹੀਂ ਬਖਸ਼ਦੇ, ਕਹਿੰਦੇ ਆਪਣੇ ਰਾਜ ਚ ਪੰਜਾਬੀ ਨਹੀਂ ਲਾਗੂ ਕੀਤੀ।

ਚੱਲ ਹੁਣ ਉਦਾਸ ਨੀ ਹੋਣਾ ਰਾਜਗੁਰੂ ਬੋਲਿਆ ।

ਮੈਂ ਉਦਾਸ ਨਹੀਂ, ਮੈਂ ਤਾਂ ਚਿੱਟੀ ਦਾਹੜੀ ਦੀ ਬੇਸ਼ਰਮੀ ਦੀ ਹੱਦ ਦੇਖ ਰਿਹਾਂ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਦਿਆਂ ਦੀਆਂ ਗਦਾਰੀਆਂ ਕਰਕੇ ,ਸਾਰੇ ਪੰਜਾਬੀਆਂ ਤੋਂ ਮਾਫੀ ਮੰਗਣੀ ਸੀ, ਉਹ ਮੈਨੂੰ ਅੱਤਵਾਦੀ ਗਰਦਾਨ ਰਹੇ ਨੇ। ਸ਼ੁਕਰ ਹੈ ਆਜ਼ਾਦੀ ਤੋਂ ਪਹਿਲਾਂ ਫਾਂਸੀ ਚੜ੍ਹ ਗਏ ਜੇ ਬਾਅਦ ਵਿੱਚ ਚੜ੍ਹੇ ਹੁੰਦੇ ਸੱਚ ਮੁੱਚ ਹੀ ਅੱਤਵਾਦੀ ਹੋ ਜਾਣਾ ਸੀ।

(ਜਸਪਾਲ ਜੱਸੀ)

ਸਾਉਣ ਮਹੀਨਾ ਦਿਨ ਤੀਆਂ ਦੇ ✍️ ਰਾਜਿੰਦਰ ਰਾਣੀ

**ਸਾਉਣ* ਮਹੀਨਾ ਦਿਨ ਤੀਆਂ ਦੇ* 

ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨ ਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ ਬਣ ਜਾਂਦੀਆਂ ਹਨ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਕਈ ਥਾਂਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ।  ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ, ਪਿੱਪਲਾਂ ਬੋਹੜਾਂ, ਟਾਹਲੀਆਂ ਵਰਗੇ ਦਰਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਤੀਆਂ ਦੀਆਂ ਬੋਲੀਆਂ...

ਸਾਉਣ ਮਹੀਨਾ ਦਿਨ ਤੀਆਂ ਦੇ, 

ਸਭੇ ਸਹੇਲੀਆਂ ਆਈਆਂ।

ਸਾਉਣ ਮਹੀਨਾ ਦਿਨ ਗਿੱਧੇ ਦੇ

ਕੁੜੀਆਂ ਰਲ ਕੇ ਆਈਆਂ

ਨੱਚਣ-ਕੁੱਦਣ ਝੂਟਣ ਪੀਂਘਾਂ

ਵੱਡਿਆਂ ਘਰਾਂ ਦੀਆਂ ਜਾਈਆਂ

ਆਹ ਲੈ ਮਿੱਤਰਾ ਕਰ ਲੈ ਖਰੀਆਂ

ਬੰਗਾਂ ਮੇਚ ਨਾ ਆਈਆਂ

ਗਿੱਧਾ ਪਾ ਰਹੀਆਂ-

ਨਣਦਾਂ ਤੇ ਭਰਜਾਈਆਂ

ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ ‘ਬੱਲੋ’ ਪਾਕੇ ਸਹੁਰਿਆਂ ਦੀ ਤਿਆਰੀ ਕਰਦੀਆਂ । ਬੱਲੋ ਦਾ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ ‘ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ।

ਸਾਉਣ ਵੀਰ ਕੱਠੀਆ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ।

ਤੀਆਂ ਦੇ ਸਮਾਪਤ ਹੁੰਦਿਆਂ ਘਰੋ ਘਰੀਂ ਜਾਣ ‘ਤੇ ਅੱਗੋਂ ਪੇਕਿਆਂ ਤੋਂ ਆਪਣੇ ਸਹੁਰੇ ਜਾਣ ਦਾ ਡੋਬਾ ਤਾਂ ਪੈਂਦਾ ਹੈ ਪਰ ਆਖ਼ਰੀ ਦਿਨ ਬੱਲੋ ਪੈਂਦਿਆਂ ਹੀ ਆਖ਼ਰੀ ਬੋਲੀ ਬੜੀ ਆਸ ਨਾਲ ਪਾਈ ਜਾਂਦੀ ਹੈ ਤਾਂ ਕਿ ਇਸ ਤਿਉਹਾਰ ਦੇ ਬਹਾਨੇ ਮਿਲਣ-ਗਿਲਣ, ਹੱਸਣ-ਖੇਡਣ, ਨੱਚਣ-ਟੱਪਣ ਦਾ ਸਿਲਸਿਲਾ ਚਲਦਾ ਰਹੇ

ਤੀਆਂ ਤੀਜ ਦੀਆਂ – ਵਰ੍ਹੇ ਦਿਨਾਂ ਨੂੰ ਫੇਰ ………..

ਸਮੇਂ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉੱਪਰ ਗਹਿਰਾ ਪਰਛਾਵਾਂ ਪਾਇਆ ਹੈ। ਠੁਮਕਦੀ, ਰੁਮਕਦੀ ਤੌਰ ਤੁਰਦੀ ਜ਼ਿੰਦਗੀ ਹੁਣ ਮਸ਼ੀਨ ਬਣ ਗਈ ਹੈ। ਜ਼ਿੰਦਗੀ ਵਿਚੋਂ ਮੜਕ, ਖੁੱਲ੍ਹਾਪਣ ਅਤੇ ਬੇਪਰਵਾਹੀ ਦੂਰ ਹੋ ਗਏ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ‘ਤੇ ਵੀ ਬਹੁਤ ਅਸਰ ਕੀਤਾ ਹੈ।ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ। ਪਰ ਖ਼ੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਕਸਬਿਆਂ ਵਿੱਚ ਤੀਆਂ ਵਰਗੇ  ਮਹਿਕਦੇ ਤਿਉਹਾਰ ਜਿਉਂਦੇ ਜਾਗਦੇ ਹਨ।

ਕੁੱਝ ਸਾਲਾਂ ਵਿੱਚ ਆਈ ਸਾਇੰਸ ਦੀ ਤਰੱਕੀ ਨਾਲ ਕੰਪਿਊਟਰ ਦਾ ਯੁੱਗ ਆਇਆ ਹੈ ਅਤੇ ਕੰਪਿਊਟਰ ਨੇ ਕਈ ਅਣਹੋਣੇ ਕੰਮ ਕਰਕੇ ਮਿੰਟਾਂ ਵਿੱਚ ਦਿਖਾ ਦਿੱਤੇ ਹਨ। ਇੰਟਰਨੈਟ ਦੀ ਕਾਢ ਨੇ ਦੁਨੀਆਂ ਨੂੰ ਸੁੰਗੇੜ ਕੇ ਇਕ ਘਰ ਦਾ ਰੂਪ ਦੇ ਦਿੱਤਾ ਹੈ। ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਇਸ ਵਿਗਿਆਨਕ ਤਰੱਕੀ ਨੇ ਸਾਡੇ ਪੁਰਾਣੇ ਸੱਭਿਆਚਾਰ ਦੀ ਹੋਂਦ ਵੀ ਖਤਰੇ ਵਿੱਚ ਪਾ ਦਿੱਤੀ ਹੈ।ਨੌਜਵਾਨ ਪੀੜੀ ਨੂੰ ਪੂਰੇ ਪੰਜਾਬੀ ਰਹਿਣ ਸਹਿਣ ਅਤੇ ਸਭਿਆਚਾਰ ਦੀ ਜਾਣਕਾਰੀ ਵੀ ਨਹੀਂ। ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ (ਤੀਆਂ) ਵੀ ਵਿਸਰਦਾ ਜਾ ਰਿਹਾ ਹੈ। 

ਰਾਜਿੰਦਰ ਰਾਣੀ ਪਿੰਡ ਗੰਢੂਆਂ (ਸੰਗਰੂਰ)

ਭੂਆ ਨੂੰ ਸ਼ਰਮ ਨਹੀਂ ਆਉਂਦੀ ✍ ਗਗਨਪ੍ਰੀਤ ਸੱਪਲ ਸੰਗਰੂਰ

ਭੂਆ ਨੂੰ ਸ਼ਰਮ ਨਹੀਂ ਆਉਂਦੀ.......

ਗੁਰਪ੍ਰੀਤ ਆਪਣੇ ਪੇਕੇ ਪਰਿਵਾਰ 'ਚ ਕੁਝ ਦਿਨ ਰਹਿਣ ਲਈ ਜਾਂਦੀ ਹੈ ‌। ਉਹ ਆਪਣੇ ਭਤੀਜੇ ਨੂਰ ਨੂੰ ਬਹੁਤ ਹੀ ਪਿਆਰ ਕਰਦੀ ਹੈ । ਉਸਦਾ ਭਤੀਜਾ ਵੀ ਭੂਆ ਭੂਆ ਕਰਦਾਂ ਉਸਦੇ ਮਗਰ ਭੱਜਦਾ ਖੇਡਦਾ ਹੈ। ਉਹ ਖੂਬ ਮਸਤੀ ਕਰਦੇ ਹਨ। ਗੁਰਪ੍ਰੀਤ ਕੌਰ ਨੂੰ ਆਇਆ ਹਫਤੇ ਤੋਂ ਵੀ ਜ਼ਿਆਦਾ ਦਿਨ ਹੋ ਗਏ ਸਨ । ਗੁਰਪ੍ਰੀਤ ਵਾਪਿਸ ਆਪਣੇ ਸੋਹਰੇ ਪਰਿਵਾਰ ਚ ਜਾਣ ਦੀ ਤਿਆਰੀ ਕਰਦੀ ਹੈ। ਜਾਣ ਤੋਂ ਪਹਿਲਾਂ ਗੁਰਪ੍ਰੀਤ ਭਤੀਜੇ ਨੂੰ 100 ਰੁਪਏ ਦਾ ਨੋਟ ਦੇ ਕੇ ਕਹਿੰਦੀ ਹੈ,"ਆਪਣੀ ਪਸੰਦ ਦੀ ਕੋਈ ਚੀਜ਼ ਲੈ ਕੇ ਖਾ ਲਵੀਂ।"

ਨੂਰ ਕਹਿੰਦਾ ਭੂਆ ਮੈਂ ਅੰਬ ਖਾਣੇ ਹਨ। ਗੁਰਪ੍ਰੀਤ ਕੌਰ ਨੂਰ ਦੀ ਉੱਗਣ ਫੜ ਕੇ ਕਹਿੰਦੀ ਹੈ ਚੱਲ ਮੇਰੇ ਨਾਲ ਤੇਨੂੰ ਬਾਹਰੋਂ ਰੇੜੀ ਤੋਂ ਅੰਬ ਲਿਆ ਕੇ ਦਿੰਦੀ ਹਾਂ। "ਨੂਰ ਕੁਝ ਬੋਲਦਾ ਹੈ। ਭਤੀਜੇ ਦੇ ਮੂੰਹੋਂ ਕੁਝ ਅਜੀਬ ਸ਼ਬਦ ਸੁਣ ਕੇ ਹੈਰਾਨ ਹੋ ਜਾਂਦੀ ਹੈ ,ਕਿ ਉਹ ਉਸਨੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ। ਭੂਆ ਨੂੰ ਸ਼ਰਮ ਨਹੀਂ ਆਉਂਦੀ ...?  ਗੁਰਪ੍ਰੀਤ ਕੌਰ ਨੂੰ ਗੱਲ ਸਮਝ ਨਹੀਂ ਲੱਗਦੀ ਤਾਂ ਉਸਦੀ ਭਾਬੀ ਗੱਲ ਦੱਸਦੀ ਹੈ, ਕਿ ਨੂਰ ਇਹ ਕਹਿ ਰਿਹਾ ਕਿ ਭੂਆ ਨੂੰ ਸ਼ਰਮ ਨਹੀਂ ਆਉਂਦੀ ਅੰਬ ਲੈ ਕੇ ਦਿੰਦਿਆਂ ਤੇ ਮੰਮਾ ਤੁਹਾਨੂੰ ਰੇੜੀ ਤੋਂ ਸਮਾਨ ਲੈਂਦਿਆਂ ਸ਼ਰਮ ਆਉਂਦੀ ਹੈ ਇਹ ਸੁਣ ਕੇ ਦੋਵੇਂ ਉੱਚੀ ਉੱਚੀ ਹੱਸਣ ਲੱਗ ਪੈਂਦੀਆਂ ਹਨ।

 ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ

ਰੱਬ ਤੇ ਕੁਦਰਤੀ ਆਫ਼ਤਾਂ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਰੱਬ ਤੇ ਕੁਦਰਤੀ ਆਫ਼ਤਾਂ 

ਰੱਬ ਤੇ ਸਭ ਤੋਂ ਵੱਧ ਯਕੀਨ ਦਰਮਿਆਨੇ ਵਰਗ ਦੇ ਜਾਂ ਗਰੀਬ ਲੋਕ ਹੀ ਕਰਦੇ ਹਨ l ਅਮੀਰਾਂ ਨੂੰ ਰੱਬ ਦੀ ਲੋੜ ਨਹੀਂ ਰਹਿੰਦੀ ਪਰ ਕਦੇ ਕਦੇ ਵੋਟਾਂ ਲੈਣ ਖਾਤਰ ਰੱਬ ਨੂੰ ਮੰਨਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਹਨ ਕਿਉਂਕਿ ਵੱਡੀ ਗਿਣਤੀ ਗਰੀਬ ਲੋਕ ਡੇਰਿਆਂ ਜਾਂ ਧਾਰਮਿਕ ਅਸਥਾਨਾਂ ਨਾਲ ਜੁੜੇ ਹੁੰਦੇ ਹਨ l ਅਮੀਰ ਡੇਰਿਆਂ ਤੇ ਜਾ ਕੇ ਵੋਟਾਂ ਲੈ ਆਉਂਦੇ ਹਨ l 

ਇਸ ਤੋਂ ਉਲਟ ਗਰੀਬ ਪਹਿਲਾਂ ਵੀ ਮਾੜੇ ਸਿਸਟਮ/ਪ੍ਰਬੰਧ ਦੇ ਮਾਰੇ ਹੋਏ ਹੁੰਦੇ ਹਨ ਜਿਸ ਨੂੰ ਗਰੀਬ ਮਾੜੀ ਕਿਸਮਤ ਜਾਂ ਰੱਬ ਦੀ ਕਰੋਪੀ ਕਹਿ ਕੇ ਚੁੱਪ ਜਾਂ ਸਬਰ ਕਰ ਲੈਂਦੇ ਹਨ l

ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਉਸ ਵੇਲੇ ਵੀ ਜਿਆਦਾ ਨੁਕਸਾਨ ਗਰੀਬਾਂ ਦਾ ਹੀ ਹੁੰਦਾ ਹੈ l ਗਰੀਬਾਂ ਦੇ ਘਰ ਜਾਂ ਝੋਂਪੜ੍ਹੀਆਂ ਮਜ਼ਬੂਤ ਨਹੀਂ ਹੁੰਦੀਆਂ l ਉਹ ਤੇਜ਼ ਹਨੇਰੀ ਜਾਂ ਮੀਂਹ ਵਿੱਚ ਰੁੜ੍ਹ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਖੇਤੀਬਾੜੀ ਵੀ ਖਰਾਬ ਹੋ ਜਾਂਦੀ ਹੈ l ਇਸ ਦੇ ਨਾਲ ਹੀ ਜਿਹੜੇ ਰੋਜ਼ਾਨਾ ਦਿਹਾੜੀ ਤੇ ਨਿਰਭਰ ਕਰਦੇ ਹਨ ਉਨ੍ਹਾਂ ਦਾ ਕੰਮ ਵੀ ਰੁਕ ਜਾਂਦਾ ਹੈ l

ਭਾਵ ਕੁਦਰਤ ਦੀ ਕਰੋਪੀ ਅਤੇ ਮਾੜੇ ਸਿਸਟਮ ਦੀ ਵਜ੍ਹਾ ਕਰਕੇ ਗਰੀਬ ਰੋਟੀ ਪਾਣੀ ਤੋਂ ਵੀ ਤੰਗ ਹੋ ਜਾਂਦੇ ਹਨ l ਉਹ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਮਾੜੀ ਕਿਸਮਤ ਕਹਿ ਕੇ ਚੁੱਪ ਕਰ ਜਾਂਦੇ ਹਨ ਜਿਸ ਨਾਲ ਜਿੰਮੇਵਾਰ ਲੋਕਾਂ ਪ੍ਰਤੀ ਕੋਈ ਬਗਾਵਤ ਨਹੀਂ ਕਰਦਾ l

ਸਰਕਾਰਾਂ ਨੂੰ ਇਸੇ ਤਰਾਂ ਦੇ ਲੋਕ ਹੀ ਚਾਹੀਦੇ ਹੁੰਦੇ ਹਨ ਜਿਹੜੇ ਵੋਟਾਂ ਉਨ੍ਹਾਂ ਨੂੰ ਪਾਉਣ ਅਤੇ ਆਪਣੇ ਕੰਮ ਕਰਵਾਉਣ ਵਾਸਤੇ ਰੱਬ ਅੱਗੇ ਅਰਦਾਸਾਂ ਕਰਾਉਂਦੇ ਜਾਂ ਸੁੱਖਾਂ ਸੁੱਖਦੇ ਫਿਰਨ l

ਵੈਸੇ ਤਾਂ ਅਸੀਂ ਪਹਿਲਾਂ ਹੀ ਬਹੁਤ ਦੇਰੀ ਕਰ ਚੁੱਕੇ ਹਾਂ l ਸਾਡੀਆਂ ਪੀੜ੍ਹੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ l ਹੁਣ ਜਾਗਣ ਦਾ ਵੇਲਾ ਹੈ ਕਿ ਹਲਾਤਾਂ ਦੇ ਜਿੰਮੇਵਾਰ ਲੋਕਾਂ ਨੂੰ ਹੀ ਦੋਸ਼ ਦੇਈਏ ਰੱਬ ਨੂੰ ਨਹੀਂ ਕਿਉਂਕਿ ਰੱਬ ਦੀ ਕੋਈ ਹੋਂਦ ਹੀ ਨਹੀਂ ਹੈ l

ਜੇਕਰ ਅਸੀਂ ਨਹੀਂ ਬਦਲਦੇ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਬਰਬਾਦੀ ਦੇ ਜਿੰਮੇਵਾਰ ਖੁਦ ਹੋਵਾਂਗੇ ਕੋਈ ਹੋਰ ਨਹੀਂ l

ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਵਿੱਚ ਉਹ ਹੀ ਲਿਖਿਆ ਜਾਂਦਾ ਹੈ ਜੋ ਅਸੀਂ ਅੱਜ ਕਰ ਰਹੇ ਹਾਂ l ਜੇ ਅਸੀਂ ਅੱਜ ਲਾਈਲੱਗ ਹਾਂ ਤਾਂ ਇਤਿਹਾਸ ਵਿੱਚ ਲਾਈਲੱਗ ਹੀ ਲਿਖਿਆ ਜਾਵੇਗਾ l 

 

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

  ਜੱਦੀ ਪਿੰਡ ਖੁਰਦਪੁਰ (ਜਲੰਧਰ)

  006421392147

ਸੁਹਾਂਜਣਾ ਰੁੱਖ ਸੌ ਸੁੱਖ ✍ ਵੈਦ ਅਮਨਦੀਪ ਸਿੰਘ ਬਾਪਲਾ

ਸੁਹਾਂਜਣਾ ਰੁੱਖ ਸੌ ਸੁੱਖ

ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿਚ ਕਿੰਨੇ ਹੀ ਦਰੱਖ਼ਤ, ਜੜ੍ਹੀ ਬੂਟੀਆਂ ਇਨਸਾਨ ਦੇ ਦੁੱਖਾਂ ਦਾ ਨਾਸ ਕਰਦੇ ਹਨ। ਗੱਲ ਕਰਦੇ ਹਾਂ ਸੁਹਾਂਜਣਾ ਦੀ. 

ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa olifera)ਹੈ ਅਤੇ ਅੰਗਰੇਜ਼ੀ ਵਿੱਚ ਗਮਜ਼ ਕਿਹਾ ਜਾਂਦਾ ਹੈ।

ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।

ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ।

ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।

ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।

ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।

ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ  17 ਗੁਣਾ ਜਿਆਦਾ ਪਰੋਟੀਨ ਹੈ।

ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ  E  ਹੈ।

ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।

ਸੁਹਜਣਾ ਫੁਨਸੀ ਤੋ ਲੈ ਕੇ ਕੈਸਰ ਤੱਕ ਦੇ ਰੋਗਾ ਨੂੰ ਠੀਕ ਕਰਨ ਵਿਚ ਸਹਾਈ ਹੁੰਦਾ ਹੈ.

ਜ਼ਖ਼ਮ ਜਲਦੀ ਭਰਦੇ ਹਨ, ਚਮੜੀ 'ਤੇ ਦਾਗ-ਧੱਬੇ ਨਹੀਂ ਪੈਂਦੇ, ਛੇਤੀ ਝੁਰੜੀਆਂ ਨਹੀਂ ਪੈਂਦੀਆਂ।

ਬਦਹਜ਼ਮੀ, ਅੱਧਾ ਸਿਰ ਦੁਖਣਾ, ਨੀਂਦ ਨਾ ਆਉਣਾ ਆਦਿ ਰੋਗਾਂ ਤੋਂ ਬਚੇ ਰਹਿੰਦੇ ਹਾਂ।

ਜੇ ਬੱਚਾ ਜ਼ਿਆਦਾ ਸੁਸਤ ਹੋਵੇ, ਪੜ੍ਹਨ ਵੇਲੇ ਸੌਣ ਲਗਦਾ ਹੈ, ਪੜ੍ਹਨ 'ਚ ਇਕਾਗਰਤਾ ਦੀ ਘਾਟ ਹੋਵੇ ਤਾਂ ਲਗਾਤਾਰ ਬੱਚੇ ਨੂੰ ਦੇਵੋ, ਬੱਚਾ ਤੰਦਰੁਸਤ ਹੋ ਜਾਵੇਗਾ।

ਲਿਵਰ ਫੈਟੀ ਹੋਣ ਤੋਂ ਬਚਾਉਂਦਾ ਹੈ।

ਪਸ਼ੂਆਂ ਨੂੰ ਇਸ ਦਾ ਚਾਰਾ ਬਣਾ ਕੇ ਪਾਉਣਾ ਸ਼ੁਰੂ ਕਰੋ। ਦੁੱਧ ਵੀ ਪੌਸ਼ਟਿਕ ਹੋਵੇਗਾ ਤੇ ਪਸ਼ੂ ਵੀ ਬਿਮਾਰੀ ਤੋਂ ਬਚਿਆ ਰਹੇਗਾ।

ਸੁਹਾਂਜਣੇ ਦਾ ਆਚਾਰ

ਸੁਹਾਂਜਣੇ ਦੀਆਂ ਨਰਮ ਫਲੀਆਂ 200 ਗ੍ਰਾਮ, 1 ਚਮਚ ਕਲੌਂਜੀ, 70 ਗ੍ਰਾਮ ਸਰ੍ਹੋਂ ਦਾ ਤੇਲ, ਅੱਧਾ ਚਮਚ ਹਿੰਗ, 1 ਚਮਚ ਨਮਕ, ਅੱਧਾ ਚਮਚ ਹਲਦੀ, ਅੱਧਾ ਚਮਚ ਅੰਬ ਚੂਰਨ, 1 ਚਮਚ ਸਿਰਕਾ ਗੈਸ 'ਤੇ ਰੱਖ ਦਿਓ। ਭਾਂਡਾ ਗਰਮ ਹੋਣ 'ਤੇ ਧਨੀਆ, ਜ਼ੀਰਾ, ਸੌਂਫ, ਅਜਵਾਇਣ ਹਲਕੀ-ਹਲਕੀ ਭੁੰਨ ਲਵੋ। ਰਾਈ, ਕਲੌਂਜੀ, ਹਲਦੀ ਪਾਊਡਰ, ਨਮਕ, ਹਿੰਗ, ਅੰਬ ਚੂਰਨ, ਲਾਲ ਮਿਰਚ ਵੀ ਹਲਕੀ-ਹਲਕੀ ਭੁੰਨ ਲਵੋ। ਮਸਾਲੇ ਮੋਟੇ-ਮੋਟੇ ਪੀਸ ਕੇ ਰੱਖੋ। ਥੋੜ੍ਹੇ ਪਾਣੀ 'ਚ ਸੁਹਾਂਜਣਾ ਫਲੀਆਂ ਪਾ ਕੇ ਇਕ ਮਿੰਟ ਲਈ ਉਬਾਲੋ। ਫਲੀਆਂ ਧੁੱਪ 'ਚ ਸੁਕਾ ਲਵੋ। ਫਲੀਆਂ ਸੁੱਕਣ 'ਤੇ ਸਾਰੇ ਮਸਾਲੇ ਤੇ ਸਰ੍ਹੋਂ ਦਾ ਤੇਲ ਮਿਲਾ ਦਿਓ ਤੇ 3-4 ਦਿਨ ਧੁੱਪ ਲਵਾਓ। ਸਿਰਕਾ ਤੇਲ ਪਾਉਣ ਤੋਂ ਬਾਅਦ ਪਾਉਣਾ ਹੈ, ਆਚਾਰ ਤਿਆਰ ਹੈ। ਇਸ ਦਾ ਸੇਵਨ ਕਰਦੇ ਰਹੋ ਤੇ ਸਿਹਤ ਵੀ ਕਾਇਮ ਰੱਖੋ। ਇਹ ਗੱਲ ਜ਼ਰੂਰ ਦਿਮਾਗ਼ 'ਚ ਰੱਖੋ ਕਿ ਕੋਈ ਵੀ ਬਿਮਾਰੀ ਦਿਨਾਂ 'ਚ ਠੀਕ ਨਹੀਂ ਹੁੰਦੀ। 5-10 ਸਾਲ ਪੁਰਾਣੀ ਬਿਮਾਰੀ ਨੂੰ ਠੀਕ ਹੋਣ 'ਚ ਸਮਾਂ ਤਾਂ ਲਗਦਾ ਹੀ ਹੈ।

ਵੈਦ ਅਮਨਦੀਪ ਸਿੰਘ ਬਾਪਲਾ 9914611496

ਅਮਨ ਆਯੂਰਵੈਦਿਕ ਅਤੇ ਨੈਰੋਥੈਰਪੀ ਸੈਟਰ ਬਾਪਲਾ 

ਕਲੀਆਂ ਵਾਲ਼ੀ ਫ਼ਰਾਕ(ਕਹਾਣੀ) ✍️ ਰਣਬੀਰ ਸਿੰਘ ਪ੍ਰਿੰਸ

ਕੁੜੇ ਜੀਤਾਂ ਤੇਰੀ ਮਾਂ ਕਿੰਨੀਂ ਚੰਗੀ ਏ,ਜੋ ਤੁਹਾਨੂੰ ਤਿੰਨੋਂ ਕੁੜੀਆਂ ਹੋਣ ਦੇ ਬਾਵਜੂਦ ਵੀ ਕਿੰਨਾ ਪਿਆਰ ਕਰਦੀ ਹੈ। ਕਦੀ ਕਦੀ ਤਾਂ ਉਹ ਜੀਤਾਂ ਦੀ ਮਾਂ ਨੂੰ ਵੀ ਆਖਦੀ,ਨੀ ਭਾਬੀ ਮੈਂ ਤਾਂ ਤੇਰੇ ਘਰ ਜਨਮ ਲੈਣਾ ਸੀ ਤੂੰ ਮੇਰੀ ਮਾਂ ਹੋਣੀਂ ਸੀ। ਤੂੰ ਤਿੰਨ ਧੀਆਂ ਦੀ ਮਾਂ ਹੋ ਕੇ ਕਿੰਨਾ ਪਿਆਰ ਕਰਦੀ ਏ, ਇੱਕ ਮੇਰੀ ਮਾਂ ਕੱਲੀ ਹਾਂ ਫਿਰ ਵੀ ਸਾਰਾ ਦਿਨ ਗੂਹੇ ਕੂੜੇ ਲਾਈ ਰੱਖਦੀ ਹੈ। ਨੀ ਆਜਾ ਭੈਣੇ ਸਕੂਲ ਤੋਂ ਪਹਿਲਾਂ ਹੀ ਲੇਟ ਹੋ ਗਈਆਂ, ਤੂੰ ਭਾਬੀ ਨਾਲ਼ ਹੀ ਗੁਰਮਤੇ ਮਾਰੀਂ ਜਾਣੀਏਂ। ਬਲਜੀਤ ਨੇ ਬੈਗ ਮੋਢਿਆਂ ਤੇ ਚੁੱਕ ਦਿਆਂ ਕਿਹਾ।ਨੀ ਧੀਏ ਰੋਟੀ ਤਾਂ ਖਾ ਜਾ। ਮਾਂ ਮੈਂ ਪਹਿਲਾਂ ਹੀ ਲੇਟ ਹੋ ਗਈ ਹਾਂ।ਨੀ ਆਜਾ ਭੂਆ!ਨੀ ਜੀਤਾਂ ਤੂੰ ਕਿੰਨੇ ਭਾਗਾਂ ਵਾਲ਼ੀਏ ਤੇਰੀ ਮਾਂ ਤੇਰੀ ਕਿੰਨਾ ਫ਼ਿਕਰ ਕਰਦੀ ਏ। ਇੱਕ ਮੇਰੀ ਮਾਂ ਏ ਜਿਹੜੀ ਮੇਰੀ ਭੋਰਾ ਵੀ ਫ਼ਿਕਰ ਨਹੀਂ। ਗੋਹੇ -ਕੂੜੇ ਵਾਲ਼ੀ ਵੀ ਹਟਾ ਦਿੱਤੀ ਕਿ ਹੁਣ ਲਾਜੋ ਹੀ ਕਰੂ।ਕੱਲ੍ਹ ਨੂੰ ਅਖੇ ਬੇਗ਼ਾਨੇ ਘਰ ਜਾਣਾ ਕੰਮ ਸਿੱਖ ਲਊ।ਨੀ ਲਾਜੋ ਸੱਚ ਮੈਂ ਇੱਕ ਗੱਲ ਤਾਂ ਦੱਸਣਾ ਭੁੱਲ ਹੀ ਗਈ।ਨੀ ਕੀ?ਭੈਣੇ ਦੱਸ ਨਾ ਛੇਤੀ। ਮੇਰੀ ਮਾਂ ਨੇ ਮੈਨੂੰ ਕਲੀਆਂ ਵਾਲ਼ੀ ਫ਼ਰਾਕ ਬਣਾ ਕੇ ਦਿੱਤੀ ਹੈ।ਹਾਏ!ਮੈਂ ਮਰ ਜਾਂ। ਮੈਂ ਸਕੂਲੋਂ ਜਾਂਦੀ ਜ਼ਰੂਰ ਦੇਖ ਕੇ ਜਾਵਾਂਗੀ।ਨੀ ਲਾਜੋ ਤੂੰ ਵੀ ਕਹਿ ਕੇ ਆਪਣੀ ਮਾਂ ਤੋਂ ਕੱਪੜਾ ਮੰਗਾ ਲੈ ਮੈਂ ਮੰਮੀ ਤੋਂ ਸਿਲਾਈ ਕਰਵਾ ਦਿਆਂਗੀ।ਨੀ ਨਾ ਭੈਣੇ ਗੁੱਤ ਨਹੀਂ ਪਟਾਉਣੀ ਮੈਂ ਆਪਣੀ। ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ।ਸਾਹ ਪੀ ਜਾਊ ਮੇਰੇ ਤਾਂ।ਨੀ ਇੱਕ ਵਾਰ ਕਹਿ ਕੇ ਤਾਂ ਦੇਖੀ।ਇੱਕਲੌਤੀ ਧੀ ਮਾਪਿਆਂ ਦੀ।ਕੀ ਪਤਾ ਗੱਲ ਮੰਨ ਜੇ। ਅਗਲੇ ਦਿਨ ਲਾਜੋ ਚਿੱਟੀ ਪੱਟੀਆਂ ਬੰਨ੍ਹੀ ਆਵੇ। ਕੁੜੇ ਲਾਜ ਆਹ ਕੀ ਹੋਇਆ? ਬਲਜੀਤ ਦੀ ਮਾਂ ਨੇ ਪੁੱਛਿਆ ਕੁਝ ਨਹੀਂ ਭਾਬੀ ਇਹ ਤਾਂ ਕਲੀਆਂ ਵਾਲ਼ੀ ਫ਼ਰਾਕ ਦੀਆਂ ਕਲੀਆਂ ਨੇ ।ਜੋ ਜੀਤਾਂ ਦੇ ਕਹੇ ਮੈਂ ਮੰਗ ਬੈਠੀ। ਅੰਦਰੋਂ ਬਲਜੀਤ ਕਲੀਆਂ ਵਾਲ਼ੀ ਫ਼ਰਾਕ ਪਾ ਕੇ ਬਾਹਰ ਆਈ ਤੇ ਲਾਜ ਦੀ ਹਾਲਤ ਤੇ ਹਾਸਾ ਵੀ ਆਇਆ ਤੇ ਨਾਲ਼ ਕਿਹਾ ਕਿ ਭੈਣੇ ਮੈਨੂੰ ਕੀ ਪਤਾ ਸੀ ਤੇਰੇ ਨਾਲ਼ ਕੁੱਤੇ ਖਾਣੀ ਕਰੂ ਤੇਰੀ ਮਾਂ। ਚੱਲ ਕੋਈ ਗੱਲ ਨਹੀ,ਤੂੰ ਚਾਰ ਦਿਨ ਆ ਮੇਰੇ ਵਾਲ਼ੀ ਹੀ ਪਾ ਕੇ ਚਾਅ ਪੂਰੇ ਕਰ ਲਈਂ।ਲੱਗ ਗਿਆ ਪਤਾ ਮੈਨੂੰ ਤੇਰੀ ਕਿੰਨੀਂ ਕੁ ਲੋੜ ਹੈ। ਸੱਚੀਂ ਭੈਣੇ ਮੈਂ ਭਾਬੀ ਦੀ ਹੀ ਚੌਥੀ ਧੀ ਹੋਣਾ ਸੀ। ਨਾ ਨੀਂ ਭੈਣੇ ਮੈਂ ਤਾਂ ਤੈਨੂੰ ਫ਼ਰਾਕ ਹੀ ਬਣਾ ਕੇ ਦੇਦੂ ਬਲਜੀਤ ਦੀ ਮਾਂ ਬੋਲੀ। ਇਹ ਸੁਣ ਕੇ ਦੋਹਾਂ ਨੇ ਹਾਸਾ ਚੱਕ ਲਿਆ। ਦੋਵਾਂ ਨੇ ਸਕੂਲ ਵੱਲ ਨੂੰ ਚਾਲੇ ਪਾ ਦਿੱਤੇ।

           ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)

            ਆਫ਼ਿਸਰ ਕਾਲੋਨੀ ਸੰਗਰੂਰ 148001

            9872299613

ਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ ! (ਬੁੱਧ ਵੇਦਨਾ  ) ✍️ ਬੁੱਧ ਸਿੰਘ ਨੀਲੋਂ

ਸਮਾਜ, ਜ਼ਿੰਦਗੀ ਤੇ ਸਮੁੰਦਰ ਸਦਾ ਹੀ ਸਮਾਨਾਂਤਰ ਚੱਲਦੇ ਹਨ । ਇਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਵੀ ਹੈ ਤੇ ਦੁਸ਼ਮਣੀ ਵੀ । ਹਰ ਮਨੁੱਖ ਦਾ ਆਪੋ ਆਪਣਾ ਸਮਾਜ ਹੁੰਦਾ ਹੈ । ਇਸ ਆਪੋ ਆਪਣੇ ਸਮਾਜ ਦਾ ਹੀ ਇੱਕ ਸਾਂਝਾ ਸਮਾਜ ਹੁੰਦਾ ਹੈ । ਇਸਦੀ ਬਣਤਰ ਵੀ ਰਿਸ਼ਤਿਆਂ  ਦੇ ਨਾਲ ਵੱਡੀ  ਛੋਟੀ ਹੁੰਦੀ ਰਹਿੰਦੀ ਹੈ ।  ਜਿਵੇਂ  ਸਮੁੰਦਰ ਸਦਾ ਇਕ ਵਹਾਅ ਵਿੱਚ ਨਹੀਂ ਵਗਦਾ, ਇਸੇ ਹੀ ਤਰ੍ਹਾਂ  ਜ਼ਿੰਦਗੀ ਦਾ ਪੱਧਰ ਵੀ ਇਕ ਨਹੀਂ ਰਹਿੰਦਾ । ਕਦੇ ਧੁੱਪ ਤੇ ਕਦੇ ਛਾਂ ਹੁੰਦੀ  ਰਹਿੰਦੀ ਹੈ । ਜ਼ਿੰਦਗੀ ਦੇ ਵਿੱਚ ਕੋਈ ਅਸਮਾਨ ਵਾਂਗੂੰ ਤੇ ਕੋਈ  ਸਮੁੰਦਰਾਂ ਦੀ ਛੱਲ ਵਾਂਗੂੰ  ਆਉਦਾ ਹੈ । ਸਮੁੰਦਰਾਂ ਦੀਆਂ ਛੱਲਾਂ ਨੂੰ ਦੇਖਿਆ ਜਾ ਸਕਦਾ ਹੈ, ਉਨ੍ਹਾਂ  ਦੀ ਤੋਰ ਤੇ ਤਾਕਤ ਨੂੰ ਨਾਪਿਆ ਨਹੀਂ ਜਾ ਸਕਦਾ, ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ । ਜਿਵੇਂ ਗੁਲਾਬ  ਦੇ ਫੁੱਲਾਂ ਦੀ ਮਹਿਕ ਦਾ ਆਨੰਦ ਲਿਆ ਜਾ ਸਕਦਾ ਹੈ ਪਰ ਉਹ ਮਹਿਕ ਨੂੰ ਕਲਾਵੇ ਵਿੱਚ ਲੈ ਕੇ ਸੰਭਾਲਿਆ ਨਹੀਂ ਜਾ ਸਕਦਾ। ਮਨੁੱਖੀ ਜ਼ਿੰਦਗੀ ਦੇ ਹਰ ਮੋਰਚੇ  ਉਤੇ ਕੋਈ ਧਰਤੀ ਬਣ ਮਿਲਦਾ ਹੈ ਤੇ ਕੋਈ ਅੰਬਰ ਵਾਂਗੂੰ ਛਾ ਜਾਂਦਾ ਹੈ । ਜਦ ਕਦੇ ਅਚਾਨਕ ਸਮੁੰਦਰ ਕਿਨਾਰੇ ਖੜ੍ਹੇ ਕੋਈ ਸਮੁੰਦਰੀ ਛੱਲ ਤੁਹਾਡੇ ਵਿੱਚ ਲੱਗਦੀ ਹੈ ਤਾਂ ਉਸਨੂੰ ਫੜ ਕੇ ਰੱਖਣਾ ਤੇ ਸੰਭਾਲਣਾ ਮੁਸ਼ਕਿਲ ਹੁੰਦਾ ਹੈ । ਦੁੱਧ ਦੇ ਉਬਾਲ ਵਰਗੇ ਪਲਾਂ ਦਾ ਆਨੰਦ ਤਾਂ ਮਹਿਸੂਸ ਹੋ ਸਕਦਾ ਪਰ ਉਹਨਾਂ ਨੂੰ ਸਦਾ ਲਈ ਕੋਲ ਨਹੀਂ ਰੱਖਿਆ ਜਾ ਸਕਦਾ।

ਨਦੀ  ਜਦ ਦਰਿਆ ਸੰਗ ਮਿਲ ਕੇ ਸਮੁੰਦਰ ਤੱਕ ਪੁੱਜਦੀ ਤਾਂ ਹੋਰ ਵੀ ਵਿਸ਼ਾਲ ਹੋ ਜਾਂਦੀ ਹੈ । ਬਹੁਤਿਆਂ ਨੂੰ  ਭਰਮ ਹੁੰਦਾ ਹੈ ਕਿ ਦਰਿਆ ਸਮੁੰਦਰ  ਵਿੱਚ ਜਾ ਕੇ ਮਰ ਜਾਂਦਾ ਹੈ ਪਰ ਉਹ ਨਹੀਂ ਜਾਣਦੇ ਪਾਣੀ ਸੰਗ ਪਾਣੀ ਮਿਲ ਕੇ ਹੋਰ ਵੱਡਾ ਹੋ ਜਾਂਦਾ ਹੈ । 

 ਜ਼ਿੰਦਗੀ ਦੇ ਵਿੱਚ ਸਮੁੰਦਰਾਂ ਦੀਆਂ ਛੱਲਾਂ ਨੂੰ ਸਦਾ ਆਪਣੀ  ਬੁੱਕਲ ਸੰਭਾਲ  ਕੇ ਰੱਖਣ ਦਾ ਭਰਮ ਪਾਲਣ ਵਾਲੇ ਉਦਾਸੀ ਦੀ ਗੁਫਾਵਾਂ ਦੇ ਵਿੱਚ  ਬਹਿ ਕੇ ਨਿਰਾਸ਼ਾ ਦੇ ਗ਼ਮ ਵਿੱਚ ਡੁੱਬ ਜਾਂਦੇ ਹਨ । ਦਰਿਆਵਾਂ ਤੇ ਨਦੀਆਂ  ਦਾ ਮਿਲਣਾ ਤੇ ਵਿਛੜਣਾ ਕੁਦਰਤੀ  ਵਰਤਾਰਾ ਹੈ । ਕਿਸੇ ਖੁਸ਼ਬੂ ਨੂੰ ਸਦਾ ਲਈ ਯਾਦਾਂ ਵਿੱਚ ਤਾਂ ਸੰਭਾਲਿਆ ਜਾ ਸਕਦਾ ਹੈ ਪਰ ਡੱਬੀ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ । ਨਦੀ ਵਿੱਚ ਤੈਰਨਾ ਤਾਂ  ਉਨ੍ਹਾਂ ਨੂੰ ਹੀ ਆਉਦਾ ਹੈ ਜਿਹੜੇ  ਨਦੀ ਦੀ ਤਾਸੀਰ ਨੂੰ ਜਾਣਦੇ, ਪਹਿਚਾਣ ਦੇ ਤੇ ਮਹਿਸੂਸ ਕਰਨ ਦੇ ਯੋਗ ਹੁੰਦੇ ਹਨ । ਅਕਸਰ ਹੀ ਨਦੀਆਂ ਹੱਥਾਂ ਵਿੱਚੋਂ ਤੋਤਿਆਂ ਵਾਂਗੂੰ  ਉਡ ਜਾਂਦੀਆਂ ਹਨ । ਕਦੇ ਦਰਿਆ  ਤੇ ਕਦੇ ਨਦੀਆਂ ਹੱਥ ਮਲਦੀਆਂ ਹੀ ਰਹਿ ਜਾਂਦੀਆਂ ਹਨ । ਨਦੀਆਂ  ਦਾ ਨੀਰ ਦਰਿਆਵਾਂ ਦੇ ਦੁੱਖ ਤੇ ਗ਼ਮ ਧੋਂਦਾ ਹੈ । ਜ਼ਿੰਦਗੀ ਕਦੇ ਕੱਸੀ, ਕਦੇ ਨਦੀ, ਕਦੇ ਦਰਿਆ ਤੇ ਕਦੇ ਸਮੁੰਦਰ  ਬਣਦੀ ਹੈ । ਮਨੁੱਖ ਨੇ ਫੈਸਲਾ ਕਰਨਾ ਹੈ ਕਿ ਉਸਨੇ ਕਿਥੇ ਵਸਣਾ ਹੈ । ਕਿਸੇ ਦਿਲ ਵਿੱਚ ਵਸ ਜਾਣਾ ਸੌਖਾ ਨਹੀਂ ਹੁੰਦਾ ਤੇ ਇਹ ਅੌਖਾ ਵੀ ਨਹੀਂ ਹੁੰਦਾ । ਬਸ ਆਪਣੀ ਮੈਂਨੂੰ ਚੁੱਪ ਨੂੰ ਕਾਬੂ ਵਿੱਚ ਰੱਖਣਾ ਹੁੰਦਾ ਹੈ ।ਜਦੋਂ ਤੱਕ ਮਨੁੱਖ  ਦੇ ਅੰਦਰ ਮੈਂ ਸੱਪ ਦੇ ਫਣ ਵਾਂਗੂੰ ਤਣੀ ਰਹਿੰਦੀ ਹੈ ਤਾਂ ਨਦੀ ਹੱਥਾਂ ਵਿੱਚੋ ਤਿਲਕ ਜਾਂਦੀ ਹੈ । ਜਦੋਂ  ਕਿਸੇ ਦਰਿਆ ਨੂੰ ਜਾਂ ਫਿਰ ਨਦੀ ਨੂੰ ਕੋਈ ਦਰਿਆ ਮਿਲ ਜਾਵੇ  ਤੇ ਦੋਵੇਂ ਹੀ ਪਿਛੋਕੜ ਭੁੱਲ ਜਾਂਦੇ ਹਨ । ਨਦੀਆਂ ਅਕਸਰ ਦਰਿਆਵਾਂ ਵਿੱਚ  ਤਰਦੀਆਂ ਹਨ । ਦਰਿਆਵਾਂ ਦਾ ਵਗਦੇ ਰਹਿਣਾ ਹੀ ਉਨ੍ਹਾਂ ਦੇ ਜਿਉਦੇ ਹੋਣ ਦਾ ਪ੍ਰਮਾਣ ਹੁੰਦਾ ਹੈ । ਕਦੀ ਦਰਿਆ ਨਦੀਆਂ ਦੇ ਵਿਯੋਗ  ਵਿੱਚ ਥਲ ਬਣ ਜਾਂਦਾ ਹੈ ਤੇ ਕਦੇ ਨਦੀ ਦਰਿਆ ਦੇ ਗ਼ਮ ਵਿੱਚ ਸੁੱਕ ਕੇ ਤਵੀਜ਼ ਬਣ ਜਾਂਦੀ ਹੈ । ਬਹੁਤ ਘੱਟ ਹੁੰਦੇ ਹਨ ਜੋ ਯਾਦਾਂ ਨੂੰ ਯਾਦਗਾਰੀ ਬਣਾ ਕੇ ਵਗਦੇ ਰਹਿੰਦੇ  ਹਨ । ਦਰਿਆਵਾਂ ਦੇ ਸੋਮੇ ਸੁੱਕਣ ਕਰਕੇ ਨਦੀਆਂ ਵਗਦੇ ਰਹਿਣ ਲਈ ਹੋਰਨਾਂ ਦਰਿਆਵਾਂ ਦੇ ਨਾਲ ਮਿਲ ਕੇ ਫੇਰ ਜਦ ਪਰਤਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨਹੀਂ  ਮਿਲਦੀਆਂ । ਦਰਿਆਵਾਂ ਤੇ ਨਦੀਆਂ ਦੇ ਪਾਣੀ ਗੰਦਲੇ ਹੋ ਗਏ ਹਨ । ਦਰਿਆ ਆਪਣਾ ਸੁਭਾਅ  ਤੇ  ਪਿਛੋਕੜ ਭੁੱਲ ਗਏ । ਨਦੀਆਂ  ਆਪਣੀ ਤੋਰ ਭੁੱਲ ਗਈਆਂ ਹਨ । ਹੁਣ ਕੋਈ ਸਮੁੰਦਰਾਂ ਦੀ ਛੱਲ ਵਾਂਗੂੰ ਨਹੀਂ ਸਗੋਂ ਟਕੇ ਬਣ ਮਿਲਦਾ ਹੈ । ਹੁਣ ਨਦੀਆਂ ਦਾ ਮੁੱਲ ਪੈਦਾ ਹੈ ਦਰਿਆ  ਵਿਕਦੇ ਹਨ । ਵਿਕਿਆ ਦਰਿਆ ਤੇ ਨਦੀਆਂ ਦਾ ਪਾਣੀ ਹੁਣ ਹੋਰਨਾਂ  ਦੇ ਖੇਤਾਂ ਨੂੰ ਸਿੰਜਦਾ ਹੈ । ਹੁਣ ਦਰਿਆ ਤੇ ਨਦੀਆਂ ਇੱਕ ਵੱਲ ਨਹੀਂ ਸਗੋਂ ਉਲਟ ਵਗਣ ਲੱਗੇ ਹਨ । ਹਵਾ ਦਰਿਆਵਾਂ ਤੇ ਨਦੀਆਂ ਦਾ ਵਹਾਅ ਦੇਖ ਦੇਖ ਰੁੱਖਾਂ ਦੇ ਗਲ ਲੱਗ ਰੋੰਦੀ ਹੈ। ਨਿੱਤ ਸੁਕ ਰਹੇ ਦਰਿਆਵਾਂ ਨੂੰ ਬਚਾਉਣ ਦੇ ਲਈ ਕਦੇ ਬੱਦਲਾਂ ਵੱਲ ਜਾਂਦੀ ਤੇ ਕਦੇ ਧਰਤੀ ਵੱਲ । ਬੱਦਲ ਦਿਸ਼ਾਵਾਂ ਬਦਲੇ ਰੰਗ ਬਦਲਦੇ ਹਨ । ਹਵਾ ਉਦਾਸ ਹੈ ਨਦੀਆਂ ਰੋਂਦੀਆਂ ਹਨ। ਇਹ ਕੇਹੀ ਰੁੱਤ ਆ ਗਈ ਹੈ ? 

ਹੁਣ ਤਾਂ ਸਿਰਫ਼ ਕੰਨਾਂ ਵਿੱਚ ਕੰਧਾਂ ਨਾਲ ਲੱਗ ਕੇ ਬੋਲ ਸੁਣਦੇ ਹਨ । " ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ !

ਤੈਨੂੰ ਰੁਸੇ ਨੂੰ ਮਨਾ ਲੂ ਚੰਨ ਮੇਰਿਆ ।"

ਬੁੱਧ  ਸਿੰਘ  ਨੀਲੋੰ 9464370823

ਨਿਊਜ਼ੀਲੈਂਡ ਵਿੱਚ ਆਉਣ ਤੋਂ ਪਹਿਲਾਂ ਕੁੱਝ ਜਾਨਣ ਦੀ ਲੋੜ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

-ਆਪਣੇ ਤਜਰਬੇ ਤੇ ਅਧਾਰਤ

ਜੇਕਰ ਤੁਸੀਂ ਪਹਿਲੀ ਵਾਰ ਨਿਊਜ਼ੀਲੈਂਡ ਆ ਰਹੇ ਹੋ ਤਾਂ ਹੇਠ ਲਿਖੀ ਜਾਣਕਾਰੀ ਤੁਹਾਡੇ ਲਈ ਕੁੱਝ ਲਾਭਕਾਰੀ ਰਹੇਗੀ :-

*ਨਿਊਜ਼ੀਲੈਂਡ ਵਿੱਚ ਬੀਜ਼ ਆਦਿ ਲਿਆਉਣ ਦੀ ਮਨਾਹੀ ਹੈ l ਜੇਕਰ ਕੁੱਝ ਖਾਣ ਪੀਣ ਦਾ ਸਮਾਨ ਲਿਆਉਂਦੇ ਹੋ ਤਾਂ ਉਸ ਨੂੰ ਡਿਕਲੇਅਰ ਕਰਨਾ ਜਰੂਰੀ ਹੁੰਦਾ ਹੈ l 

*ਨਿਊਜ਼ੀਲੈਂਡ ਵਿੱਚ ਰਿਸ਼ਵਤ ਨਹੀਂ ਚੱਲਦੀ l ਜੇਕਰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੇ ਅਸਲ ਜ਼ੁਰਮ ਦੇ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦਾ ਜ਼ੁਰਮ ਵੀ ਲਾਗੂ ਹੋ ਜਾਵੇਗਾ l

*ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਮਨਾਹੀ ਹੈ l ਇਸ ਤਰਾਂ ਕਰਨ ਨਾਲ ਫੜੇ ਜਾਣ ਤੇ ਲਾਇਸੈਂਸ ਕੈਂਸਲ ਕਰ ਦਿੱਤਾ ਜਾਂਦਾ ਹੈ l ਸ਼ਰਾਬ ਪੀ ਕੇ ਦੁਰਘਟਨਾ ਹੋਣ ਦੀ ਹਾਲਤ ਵਿੱਚ ਬੀਮਾ ਕੰਪਨੀਆਂ ਨੁਕਸਾਨ ਵੀ ਠੀਕ ਨਹੀਂ ਕਰਾ ਕੇ ਦਿੰਦੀਆਂ l 

*ਜੇ ਤੁਹਾਨੂੰ ਇਥੇ ਦੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਇੰਟਰਪ੍ਰੇਟਰ (ਦੋਭਾਸ਼ੀਏ) ਦੀ ਮੱਦਦ ਲੈ ਸਕਦੇ ਹੋ l

*ਇਥੇ ਝੂਠ, ਹੇਰਾ ਫੇਰੀ ਜਾਂ ਬੇਈਮਾਨੀ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ l

*ਇਥੇ ਸੜਕਾਂ ਤੇ ਜਾਂ ਕਿਸੇ ਵੀ ਪਬਲਿਕ ਥਾਂ ਤੇ ਕੂੜਾ ਕਰਕਟ ਖਿਲਾਰਨਾ ਮਨ੍ਹਾ ਹੈ l 

*ਨਿਊਜ਼ੀਲੈਂਡ ਵਿੱਚ ਔਰਤਾਂ ਅਤੇ ਮਰਦ ਬਰਾਬਰ ਹਨ l ਔਰਤਾਂ ਹਰ ਖੇਤਰ ਵਿੱਚ ਕੰਮ ਕਰਦੀਆਂ ਹਨ l

*ਨਿਊਜ਼ੀਲੈਂਡ ਵਿੱਚ ਔਰਤਾਂ ਦਾ ਪਿੱਛਾ ਕਰਨ ਜਾਂ ਛੇੜ ਛਾੜ ਕਰਨ ਨਾਲ ਪੁਲਿਸ ਰਿਪੋਰਟ ਹੋ ਜਾਂਦੀ ਹੈ ਅਤੇ ਮਾਮਲਾ ਅਦਾਲਤ ਤੱਕ ਵੀ ਪਹੁੰਚ ਸਕਦਾ ਹੈ l

*ਕੋਈ ਵੀ ਤੁਹਾਡੇ ਵਲੋਂ ਕੀਤਾ ਹੋਇਆ ਜ਼ੁਰਮ ਤੁਹਾਨੂੰ ਪੱਕੇ ਹੋਣੋਂ ਰੋਕ ਸਕਦਾ ਹੈ l 

*ਨਿਊਜ਼ੀਲੈਂਡ ਵਿੱਚ ਜਾਤ ਪਾਤ ਕਾਰਨ ਜਾਂ ਧਰਮ ਕਾਰਨ ਜਾਂ ਪੰਜਾਬੀ ਹੋਣ ਕਾਰਨ ਤੁਸੀਂ ਮਹਾਨ ਨਹੀਂ ਹੋ ਅਤੇ ਨਾ ਹੀ ਦੂਜਿਆਂ ਨਾਲੋਂ ਵੱਖਰੇ ਹੋ l ਇਸ ਕਰਕੇ ਇਥੇ ਫੁਕਰਾਪਨ ਨਹੀਂ ਚੱਲਦਾ l

*ਰੈਸਟੋਰੈਂਟਾਂ, ਬਿਊਟੀ ਪਾਰਲਰ ਦੀਆਂ ਦੁਕਾਨਾਂ, ਖਾਣ ਪੀਣ ਦੀਆਂ ਦੁਕਾਨਾਂ, ਟੈਕਸੀ ਡਰਾਈਵਿੰਗ ਵਿੱਚ, ਟਰੱਕ ਚਲਾਉਣ, ਬੱਸ ਚਲਾਉਣ, ਬੈਂਕਾਂ ਵਿੱਚ, ਪੱਬਾਂ ਅਤੇ ਨਾਈਟ ਕਲੱਬਾਂ ਵਿੱਚ ਅਨੇਕਾਂ ਔਰਤਾਂ ਕੰਮ ਕਰਦੀਆਂ ਹਨ l ਉਨ੍ਹਾਂ ਨਾਲ ਛੇੜਖਾਨੀ ਦੀ ਇਜਾਜਤ ਨਹੀਂ ਹੈ l ਉਹ ਵੀ ਇੱਜ਼ਤਦਾਰ ਪਰਿਵਾਰਾਂ ਵਿੱਚੋਂ ਹੀ ਹੁੰਦੀਆਂ ਹਨ l ਤੁਹਾਡੀ ਥੋੜ੍ਹੀ ਜਿਹੀ ਗਲਤੀ ਕਾਰਨ ਵੱਡੀ ਕਾਰਵਾਈ ਹੋ ਸਕਦੀ ਹੈ l

*ਨਿਊਜ਼ੀਲੈਂਡ ਵਿੱਚ ਵੱਧ ਯੋਗਤਾ ਨਾਲ ਵੀ ਤੁਸੀਂ ਮਹਾਨ ਨਹੀਂ ਬਣਦੇ l ਮਹਾਨ ਬਣਨ ਲਈ ਮਹਾਨ ਕੰਮ ਕਰਨੇ ਪੈਂਦੇ ਹਨ ਅਤੇ ਮਹਾਨਤਾ ਸਾਬਤ ਕਰਨ ਨੂੰ ਬਹੁਤ ਸਾਲ ਲੱਗ ਸਕਦੇ ਹਨ l

*ਇਥੇ ਤੁਹਾਡੇ ਕੀਤੇ ਸਖਤ ਕੰਮ ਅਤੇ ਸਮਾਰਟ ਕੰਮ ਦੀ ਕਦਰ ਪੈਂਦੀ ਹੈ l ਤੁਹਾਡੀ ਚਮੜੀ ਅਤੇ ਪਹਿਰਾਵੇ ਦੀ ਕਦਰ ਨਹੀਂ ਪੈਂਦੀ l

*ਨਿਊਜ਼ੀਲੈਂਡ ਵਿੱਚ ਘੱਟੋ ਘੱਟ ਤਨਖਾਹ $22.70 ਪ੍ਰਤੀ ਘੰਟਾ (ਅਪ੍ਰੈਲ 2023) ਹੈ l ਇਸ ਰੇਟ ਤੇ ਕੰਮ ਕਰਨ ਵਾਲਿਆਂ ਦਾ ਤਨਖਾਹ ਮਿਲਣ ਤੋਂ ਪਹਿਲਾਂ ਤਕਰੀਬਨ 20% ਦੇ ਕਰੀਬ ਟੈਕਸ ਕੱਟ ਕੇ ਸਰਕਾਰ ਨੂੰ ਦਿੱਤਾ ਜਾਂਦਾ ਹੈ l

*ਜੇਕਰ ਫੁੱਲ ਟਾਈਮ ਨੌਕਰੀ ਕਰਦੇ ਹੋ ਤਾਂ ਸਾਲ ਦੀਆਂ 4 ਹਫ਼ਤੇ ਦੀਆਂ ਛੁੱਟੀਆਂ ਮਿਲਦੀਆਂ ਹਨ ਜਿਨ੍ਹਾਂ ਦੀ ਤਨਖਾਹ ਵੀ ਮਿਲਦੀ ਹੈ l ਇਹ ਤਕਰੀਬਨ ਕੁੱਲ ਸਲਾਨਾ ਤਨਖਾਹ ਦਾ 8% ਬਣਦੀ ਹੈ l

*ਸੱਟ ਲੱਗਣ ਦੀ ਸੂਰਤ ਵਿੱਚ ਮਾਲਕ ਪਹਿਲੇ ਹਫ਼ਤੇ ਦੀ 80% ਤਨਖਾਹ ਦਿੰਦਾ ਹੈ ਅਤੇ ਉਸ ਤੋਂ ਬਾਦ ACC ਮਹਿਕਮਾ ਤਨਖਾਹ ਦਾ 80% ਦੇਣਾ ਸ਼ੁਰੂ ਕਰਦਾ ਹੈ l ਜਿਆਦਾ ਦਵਾਈਆਂ ਮੁਫ਼ਤ ਜਾਂ ਬਹੁਤ ਘੱਟ ਕੀਮਤ ਤੇ ਮਿਲਦੀਆਂ ਹਨ l

*ਪੱਕੇ ਵਿਅਕਤੀਆਂ ਲਈ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ l 

*ਜੇਕਰ ਤੁਹਾਡੇ ਕੋਲ ਕਾਰ ਹੈ ਤਾਂ ਉਸ ਦਾ ਇੱਕ ਸਾਲ ਬਾਦ ਵਰੰਟ ਆਫ ਫਿੱਟਨੈੱਸ ਲੈਣਾ ਪੈਂਦਾ ਹੈ ਜੋ ਮਕੈਨਿਕ ਦੁਆਰਾ ਕਾਰ ਚੈੱਕ ਕਰਕੇ ਦਿੱਤਾ ਜਾਂਦਾ ਹੈ l ਕਾਰ ਦਾ ਰੋਡ ਲਾਇਸੈਂਸ (ਰਜਿਸਟਰੇਸ਼ਨ) ਵੀ ਲੈਣਾ ਪੈਂਦਾ ਹੈ ਜੋ ਪੋਸਟ ਆਫਿਸ ਤੋਂ ਮਿਲਦਾ ਹੈ l ਨਵੀਂ ਕਾਰ ਦਾ ਵਰੰਟ ਫਿੱਟਨੈੱਸ ਪਹਿਲੇ 3 ਸਾਲਾਂ ਦਾ ਲੱਗਿਆ ਹੁੰਦਾ ਹੈ l 

*ਕਾਰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦਾ ਹੋਣਾ ਜ਼ਰੂਰੀ ਹੈ l 

*ਚੰਗੀ ਗੱਲ ਹੈ ਕਿ ਆਪਣੀ ਕਾਰ ਦਾ, ਆਪਣੀ ਸਿਹਤ ਦਾ, ਆਪਣੇ ਸਮਾਨ ਦਾ ਅਤੇ ਆਪਣੇ ਘਰ ਦਾ ਬੀਮਾ ਕਰਵਾ ਕੇ ਰੱਖਿਆ ਜਾਵੇ l

*ਇੱਮੀਗ੍ਰੇਸ਼ਨ ਬਾਰੇ ਸਲਾਹ ਅੱਥੋਰਾਈਜਡ ਇਮੀਗ੍ਰੇਸ਼ਨ ਅਡਵਾਇਜ਼ਰਾਂ ਦੁਆਰਾ ਹੀ ਦੇਣ ਦੀ ਇਜਾਜਤ ਹੈ l

*ਘਰਾਂ ਦੇ ਕਰਜ਼ੇ ਵਾਸਤੇ ਸਲਾਹ ਮੋਰਗੇਜ ਅਡਵਾਇਜ਼ਰ/ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਹੀ ਦੇ ਸਕਦੇ ਹਨ l

*ਇਥੇ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ l ਕਿਸੇ ਛੋਟੇ ਵੱਡੇ ਕਿੱਤੇ ਦੇ ਹਿਸਾਬ ਨਾਲ ਇਨਸਾਨ ਦੀ ਕਦਰ ਨਹੀਂ ਪੈਂਦੀ l

*ਨਿਊਜ਼ੀਲੈਂਡ ਵਿੱਚ ਜਿਆਦਾ ਲੋਕ ਰੱਬ ਅਤੇ ਕਿਸਮਤ ਨੂੰ ਨਹੀਂ ਮੰਨਦੇ ਭਾਵ ਇਹ ਮੁਲਕ ਨਾਸਤਿਕਾਂ ਦਾ ਮੁਲਕ ਅਖਵਾਉਂਦਾ ਹੈ l

*ਨਿਊਜ਼ੀਲੈਂਡ ਵਿੱਚ ਇਨਸਾਨਾਂ ਨਾਲੋਂ ਭੇਡਾਂ ਵੱਧ ਗਿਣਤੀ ਵਿੱਚ ਹੋਣ ਦੇ ਬਾਵਯੂਦ ਭੇਡ ਚਾਲ (ਲਾਈਲੱਗਤਾ) ਬਹੁਤ ਘੱਟ ਹੈ l

*ਕਿਸਮਤ ਤੇ ਯਕੀਨ ਰੱਖਣ ਵਾਲੇ ਇਥੇ ਕਾਮਯਾਬ ਨਹੀਂ ਹੁੰਦੇ ਪਰ ਕਿਰਤ ਵਿੱਚ ਯਕੀਨ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਕਾਮਯਾਬ ਹੁੰਦੇ ਹਨ l 

*ਨਿਊਜ਼ੀਲੈਂਡ ਵਿੱਚ ਬਹੁਤ ਲੋਕ ਆਪਣੇ ਮਸਲੇ ਹੱਲ ਕਰਨ ਵੇਲੇ ਕੀ, ਕਿਉਂ, ਕਿੱਦਾਂ ਅਤੇ ਕਿਵੇਂ ਦੇ ਅਧਾਰ ਤੇ ਸੋਚਦੇ ਹਨ?

*ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਹੱਥ ਜੋੜਨ ਅਤੇ ਮੱਥੇ ਟੇਕਣ ਦੀ ਬਜਾਏ ਸਿਰ ਉੱਚਾ ਚੁੱਕ ਕੇ ਅਤੇ ਹੱਥ ਕਿਰਤ ਵੱਲ ਲਗਾ ਕੇ ਮਾਣ ਨਾਲ ਜਿਉਣਾ ਪਸੰਦ ਕਰਦੀ ਹੈ l

*ਕੰਮਾਂ ਕਾਰਾਂ ਤੇ ਚੋਰੀ ਕਰਨ ਵਾਲੇ ਨੂੰ ਤਕਰੀਬਨ ਇੱਕੋ ਗਲਤੀ ਵੇਲੇ ਕੱਢ ਦਿੱਤਾ ਜਾਂਦਾ ਹੈ l

*ਕਾਰ ਇੰਡੀਆ ਵਾਂਗ ਚਲਾਉਣ ਦੀ ਇਜਾਜਤ ਨਹੀਂ ਹੈ l ਇੰਡੀਆ ਵਿੱਚ ਕਾਰ ਚਲਾਉਣ ਦੇ ਜੇ ਤੁਸੀਂ ਬਹੁਤ ਮਾਹਰ ਹੋ ਤਾਂ ਵੀ ਤੁਸੀਂ ਇਥੇ ਦੇ ਗੱਡੀ ਚਲਾਉਣ ਦੇ ਨਿਯਮਾਂ ਨੂੰ ਪਹਿਲਾਂ ਸਮਝ ਲਵੋ l

*ਜੇਕਰ ਇੰਡੀਆ ਤੋਂ ਕੋਈ ਕਾਗਜ਼ ਪੰਜਾਬੀ ਜਾਂ ਹਿੰਦੀ ਵਿੱਚ ਬਣਿਆ ਹੋਇਆ ਹੈ ਤਾਂ ਉਸ ਨੂੰ ਅੰਗਰੇਜ਼ੀ ਵਿੱਚ ਕਰਵਾ ਕੇ ਲਿਆਂਦਾ ਜਾਵੇ ਤਾਂ ਠੀਕ ਰਹਿੰਦਾ ਹੈ l

*ਨਿਊਜ਼ੀਲੈਂਡ ਮਾਓਰੀ ਲੋਕਾਂ ਦਾ ਦੇਸ਼ ਹੈ l ਇਥੇ ਵੱਡੀ ਗਿਣਤੀ ਲੋਕ ਅੰਗਰੇਜ਼ੀ ਬੋਲਦੇ ਹਨ ਅਤੇ ਕੁੱਝ ਇਥੋਂ ਦੇ ਵਸਨੀਕ ਆਪਣੀ ਮਾਓਰੀ ਭਾਸ਼ਾ ਵੀ ਬੋਲਦੇ ਹਨ l

*ਨਿਊਜ਼ੀਲੈਂਡ ਚਾਰੇ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ l

*ਕਈ ਸਮੁੰਦਰੀ ਕੰਢਿਆਂ ਤੇ ਅਚਾਨਕ ਲਹਿਰਾਂ ਦੀ ਉਚਾਈ ਵਧ ਜਾਂਦੀ ਹੈ ਜੋ ਖਤਰਨਾਕ ਸਾਬਤ ਹੁੰਦੀ ਹੈ l ਇਸ ਕਰਕੇ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣਾ ਹੀ ਚੰਗਾ ਹੈ l ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਭਾਰਤੀਆਂ ਦੀਆਂ ਮੌਤਾਂ ਸਮੁੰਦਰਾਂ ਵਿੱਚ ਡੁੱਬ ਕੇ ਹੋਈਆਂ ਹਨ l

*ਨਿਊਜ਼ੀਲੈਂਡ ਵਿੱਚ ਔਰਤ ਜਾਂ ਬੱਚੇ ਦੇ ਤੁਸੀਂ ਥੱਪੜ੍ਹ ਨਹੀਂ ਮਾਰ ਸਕਦੇ l

*ਨਿਊਜ਼ੀਲੈਂਡ ਵਿੱਚ ਸਾਲ ਵਿੱਚ ਦੋ ਵਾਰ ਸਮਾਂ ਬਦਲਦਾ ਹੈ l ਘੜੀਆਂ ਦੋ ਵਾਰ ਇੱਕ ਘੰਟਾ ਅੱਗੇ ਪਿੱਛੇ ਕੀਤੀਆਂ ਜਾਂਦੀਆਂ ਹਨ l

*ਨਿਊਜ਼ੀਲੈਂਡ ਵਿੱਚ ਦੇਰ ਰਾਤ ਵੇਲੇ ਉੱਚੀ ਆਵਾਜ਼ ਵਿੱਚ ਸਪੀਕਰ ਲਗਾਉਣਾ ਮਨ੍ਹਾ ਹੈ l

*ਨਿਊਜ਼ੀਲੈਂਡ ਵਿੱਚ ਹਰਿਆਈ ਅਤੇ ਪਾਣੀ ਸਾਂਭ ਕੇ ਰੱਖਿਆ ਗਿਆ ਹੈ l ਸਮੇਂ ਸਮੇਂ ਪਾਣੀ ਵਰਤਣ ਤੇ ਪਬੰਦੀਆਂ ਵੀ ਲੱਗ ਜਾਂਦੀਆਂ ਹਨ l

*ਇਥੇ ਟੂਣੇ ਕਰਨੇ ਅਤੇ ਟੂਣਿਆਂ ਦਾ ਸਮਾਨ ਪਾਣੀ ਵਿੱਚ ਜਾਂ ਕਿਤੇ ਵੀ ਸੁੱਟਣਾ ਮਨ੍ਹਾ ਹੈ l 

*ਨਿਊਜ਼ੀਲੈਂਡ ਵਿੱਚ ਰਿਵਾਜ਼ ਹੈ ਕਿ ਜਿਹੜਾ ਵੀ ਵਿਅਕਤੀ ਸਿੰਕ ਜਾਂ ਟਾਇਲਟ ਵਰਤੇ ਉਹ ਉਸ ਨੂੰ ਸਾਫ ਕਰਕੇ ਹੀ ਬਾਹਰ ਨਿਕਲੇ l ਇਥੇ ਵੱਖਰੇ ਸਫਾਈ ਵਾਲੇ ਕਾਮੇ ਘਰਾਂ ਵਿੱਚ ਕੰਮ ਕਰਨ ਨੂੰ ਨਹੀਂ ਰੱਖੇ ਹੁੰਦੇ l

*ਨਿਊਜ਼ੀਲੈਂਡ ਵਿੱਚ ਕਿਸੇ ਦੇ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਜੁੱਤੀ ਬਾਹਰ ਖੋਲ੍ਹਣੀ ਪੈਂਦੀ ਹੈ l 

*ਨਿਊਜ਼ੀਲੈਂਡ ਵਿੱਚ ਸੋਹਣੇ ਕੱਪੜਿਆਂ ਦੀ ਕਦਰ ਨਹੀਂ ਹੈ ਪਰ ਸੋਹਣੇ ਵਿਚਾਰਾਂ ਦੀ ਕਦਰ ਹੈ l

*ਨਿਊਜ਼ੀਲੈਂਡ ਵਿੱਚ ਬਹੁਤ ਥੋੜ੍ਹੇ ਪੈਸਿਆਂ ਵਿੱਚ ਛੋਟੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਵੱਡੇ ਬਣਾਇਆ ਜਾ ਸਕਦਾ ਹੈ l

*ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜੇ ਫੜੇ ਜਾਓ ਤਾਂ  ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ l ਦਾਰੂ ਪੀ ਕੇ ਜਦੋਂ ਇੱਕ ਦੂਜੇ ਦੇ ਭਰਾ ਬਣਨਾ ਹੋਵੇ ਤਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ l

*ਇਥੇ ਸ਼ਰਾਬ ਸਸਤੀ ਹੈ ਅਤੇ ਦਿਹਾੜੀਦਾਰ ਵੀ ਪੀ ਸਕਦਾ ਹੈ ਪਰ ਬੇਹਿਸਾਬੀ ਸ਼ਰਾਬ ਸਿਹਤ ਖਰਾਬ ਕਰਦੀ ਹੈ ਅਤੇ ਪਰਿਵਾਰਿਕ ਝਗੜੇ ਪੈਦਾ ਕਰਦੀ ਹੈ l

*ਨਿਊਜ਼ੀਲੈਂਡ ਵਿੱਚ ਪੜ੍ਹਨ ਵਾਸਤੇ ਉਮਰ ਦੀ ਕੋਈ ਸੀਮਾ ਨਹੀਂ ਹੈ l

*ਨਿਊਜ਼ੀਲੈਂਡ ਵਿੱਚ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ l ਇਸ ਕਰਕੇ ਚੰਗੀ ਗੱਲ ਹੈ ਕਿ ਸਿੱਖਿਆ ਜਾਵੇ ਕਿ ਕੁਦਰਤੀ ਆਫ਼ਤਾਂ ਵੇਲੇ ਕੀ ਕਰਨਾ ਚਾਹੀਦਾ ਹੈ?

*ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿੱਚ 3 ਬੈੱਡਰੂਮ ਘਰ ਦਾ ਕਿਰਾਇਆ $700 ਪ੍ਰਤੀ ਹਫਤਾ ਦੇ ਕਰੀਬ ਹੈ l ਸੈਂਟਰਲ ਔਕਲੈਂਡ ਵਿੱਚ ਕਿਰਾਇਆ ਇਸ ਤੋਂ ਵੀ ਵੱਧ ਹੈ l ਜੇਕਰ ਕਿਸੇ ਪਰਿਵਾਰ ਨਾਲ ਰਹਿਣਾ ਹੋਵੇ ਤਾਂ ਖਾਣ ਪੀਣ ਤੋਂ ਇਲਾਵਾ $250 ਡਾਲਰ ਪ੍ਰਤੀ ਹਫ਼ਤੇ ਦੇ ਕਰੀਬ ਖਰਚਾ ਪੈਂਦਾ ਹੈ l

*ਜੇਕਰ ਕਿਸੇ ਦੀ ਕਾਰ ਵਿੱਚ ਕੰਮ ਤੇ ਜਾਣਾ ਹੋਵੇ ਤਾਂ $12 ਦੇ ਕਰੀਬ ਰੋਜ਼ਾਨਾ ਖਰਚਾ ਦੇਣਾ ਪੈਂਦਾ ਹੈ l

*ਨਿਊਜ਼ੀਲੈਂਡ ਵਿੱਚ ਐਂਬੂਲੈਂਸ, ਫਾਇਰ ਬਰੀਗੇਡ ਅਤੇ ਪੁਲਿਸ ਬੁਲਾਉਣ ਲਈ 111 ਨੰਬਰ ਡਾਇਲ ਕਰਨਾ ਪੈਂਦਾ ਹੈ l

*ਸੜਕ ਤੇ ਕਾਰ ਚਲਾਉਂਦੇ ਸਮੇਂ ਐਂਬੂਲੇੰਸ, ਫਾਇਰ ਬਰੀਗੇਡ ਅਤੇ ਪੁਲਿਸ ਨੂੰ ਅੱਗੇ ਜਾਣ ਲਈ ਰਾਹ ਦੇਣਾ ਪੈਂਦਾ ਹੈ l 

*ਕਿਸੇ ਵੀ ਐਮਰਜੇਂਸੀ ਵਿੱਚ ਜਾਂ ਮੌਸਮ ਆਦਿ ਦੀ ਖਰਾਬੀ ਦੌਰਾਨ ਮੋਬਾਈਲ ਫੋਨਾਂ ਤੇ ਸਬੰਧਤ ਮਹਿਕਮੇ ਵਲੋਂ ਮੈਸੇਜ (ਸੁਨੇਹਾ) ਆ ਜਾਂਦਾ ਹੈ l

*ਕਈ ਸ਼ਹਿਰਾਂ ਵਿੱਚ ਘੁੱਗੂ ਕਦੇ ਕਦੇ ਵੱਜਦਾ ਸੁਣਾਈ ਦਿੰਦਾ ਹੈ l ਜਦੋਂ ਕੋਈ ਐਮਰਜੇਂਸੀ ਕਾਲ ਕਰਦਾ ਹੈ ਤਾਂ ਇਹ ਉਸ ਵੇਲੇ ਹੁੰਦਾ ਹੈ l 

*ਨਿਊਜ਼ੀਲੈਂਡ ਵਿੱਚ ਜਿਆਦਾ ਲੋਕ ਰੇਡੀਓ ਸੁਣਦੇ ਹਨ l

*ਯਾਦ ਰੱਖਣਾ ਤੁਸੀਂ ਦੂਜੇ ਕਲਚਰ ਵਿੱਚ ਰਹਿਣ ਆ ਰਹੇ ਹੋ l ਜੋ ਤੁਹਾਡੇ ਮੁਤਾਬਕ ਚੰਗਾ ਹੈ ਉਹ ਉਨ੍ਹਾਂ ਲਈ ਜ਼ਰੂਰੀ ਨਹੀਂ ਚੰਗਾ ਹੋਵੇ l ਉਹ ਤੁਹਾਡੇ ਕਲਚਰ ਦੀ ਕਦਰ ਕਰਦੇ ਹਨ ਤੇ ਤੁਹਾਡਾ ਫਰਜ਼ ਉਨ੍ਹਾਂ ਦੇ ਕਲਚਰ ਦੀ ਕਦਰ ਕਰਨਾ ਹੈ l ਉਨ੍ਹਾਂ ਦਾ ਮਖੌਲ ਉਡਾਉਣਾ ਨਹੀਂ l 

*ਤੁਹਾਡੇ ਵਾਸਤੇ ਰੱਬ ਨੂੰ ਮੰਨਣਾ ਮਹਾਨ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਨ੍ਹਾਂ ਲਈ ਵੀ ਹੋਵੇ l

*ਨਿਊਜ਼ੀਲੈਂਡ ਵਿੱਚ ਕੋਈ ਵੀ ਤੁਹਾਡਾ ਪਾਸਪੋਰਟ ਜ਼ਬਰਦਸਤੀ ਆਪਣੇ ਕੋਲ ਨਹੀਂ ਰੱਖ ਸਕਦਾ l

*ਨਿਊਜ਼ੀਲੈਂਡ ਵਿੱਚ ਕਿਸੇ ਕੰਮ ਤੇ ਔਰਤ ਅਤੇ ਮਰਦ ਨਾਲ ਫਰਕ ਨਹੀਂ ਕੀਤਾ ਜਾ ਸਕਦਾ l

*ਕਾਰੋਬਾਰ ਦੇ ਮਾਲਕ ਦਾ ਫਰਜ਼ ਹੈ ਕਿ ਆਪਣੇ ਕਾਮੇ ਵਾਸਤੇ ਸੇਫ ਐਂਡ ਹੈਲਥੀ ਇਨਵਾਇਰਮੈਂਟ (ਸੁਰੱਖਿਅਤ ਅਤੇ ਸਿਹਤਮੰਦ ਮਹੌਲ) ਦੇਣਾ l ਜੇਕਰ ਕੋਈ ਗਾਹਕ ਕਾਰੋਬਾਰ ਤੇ ਤੁਹਾਡੇ ਕਰਮਚਾਰੀ ਨਾਲ ਮਾੜਾ ਵਰਤਾਓ ਕਰਦਾ ਹੈ ਤਾਂ ਇਹ ਮਾਲਕ ਦਾ ਫਰਜ਼ ਹੈ ਕਿ ਉਹ ਆਪਣੇ ਕਾਮੇ ਦੇ ਹੱਕ ਵਿੱਚ ਖੜ੍ਹੇ l ਜੇ ਮਾਲਕ ਇਸ ਤਰਾਂ ਨਹੀਂ ਕਰਦਾ ਤਾਂ ਮਾਲਕ ਇਸ ਮਹੌਲ ਪ੍ਰਤੀ ਵੱਧ ਦੋਸ਼ੀ ਹੈ l

*ਨਿਊਜ਼ੀਲੈਂਡ ਵਿੱਚ ਤੁਹਾਡਾ ਬੁਢਾਪਾ ਚੰਗਾ ਜਾਂ ਮਾੜਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜਵਾਨੀ ਵੇਲੇ ਆਪਣੇ ਬੁਢਾਪੇ ਬਾਰੇ ਕਿੰਨਾ ਸੋਚਿਆ?

*ਨਿਊਜ਼ੀਲੈਂਡ ਵਿੱਚ ਤਕਰੀਬਨ ਸਾਰੇ ਕਿੱਤਿਆਂ ਵਿੱਚ ਤਨਖਾਹ ਹਰ ਹਫ਼ਤੇ ਮਿਲਦੀ ਹੈ l 

*ਨਿਊਜ਼ੀਲੈਂਡ ਵਿੱਚ ਹਰ ਇੱਕ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਦੇ ਹਨ l

* ਪੱਕੇ ਵਿਅਕਤੀਆਂ ਨੂੰ ਇਥੇ ਆਰਥਿਕਤਾ ਦੇ ਹਿਸਾਬ ਨਾਲ ਸਰਕਾਰ ਵਲੋਂ ਮੱਦਦ ਮਿਲਦੀ ਹੈ l

 

- ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

  ਜੱਦੀ ਪਿੰਡ ਖੁਰਦਪੁਰ (ਜਲੰਧਰ)

  006421392147

 ਮਜਬੂਰੀ   ( ਮਿੰਨੀ ਕਹਾਣੀ ) ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

 

                       ਇੱਕ ਬਾਬਾ ਮੰਡੀ ਦੇ ਬਾਹਰ ਸੜਕ ਕਿਨਾਰੇ, ਤਾਜੀਆਂ ਭਿੰਡੀਆਂ ਦੀਆਂ ਪੰਡਾਂ ਰੱਖੀ ਬੈਠਾ ਸੀ। ਇੱਕ ਪੰਡ ਉਸਨੇ ਸਾਹਮਣੇ ਖੋਲ੍ਹ ਰੱਖੀ ਸੀ। ਤਾਂ ਜੋ ਆਉਂਦੇ-ਜਾਂਦੇ ਲੋਕ ਭਿੰਡੀਆ ਦੇਖਕੇ , ਖਰੀਦ ਸਕਣ। ਬਾਬੇ ਦਾ ਕੁੜਤਾ ਪਸੀਨੇ ਨਾਲ ਭਿੱਜ ਕੇ ਸਰੀਰ ਦੇ ਨਾਲ ਚਿੰਬੜਿਆ ਪਿਆ ਸੀ ਅਤੇ ਉਹ ਸਿਰ ਹੇਠਾ ਕਰਕੇ ਬੈਠਾ ਸੀ।

                            ਰਾਮ ਦੂਰ ਖੜ੍ਹਾ ਬਾਬੇ ਨੂੰ ਦੇਖ ਰਿਹਾ ਸੀ ਅਤੇ ਬਾਬੇ ਦੇ ਕੋਲ ਚਲਾ ਗਿਆ।

                                ਰਾਮ ਨੇ ਪੁੱਛਿਆ, " ਬਾਬਾ ਜੀ ਤੁਸੀ ਐਨੀ ਗਰਮੀ ਵਿੱਚ ਇੱਥੇ ਸੜਕ ਤੇ ਕਿਉਂ ਬੈਠੇ ਹੋ ਇਸ ਉਮਰ ਵਿੱਚ "

                                  ਬਾਬਾ ਬੋਲਿਆ, " ਪੁੱਤ ਮੈਂ ਸ਼ੌਕ ਨਾਲ ਨਹੀਂ ਬੈਠਾ ਇੱਥੇ,ਬੱਸ ਮਜਬੂਰੀ ਕਾਰਨ ਬੈਠਾ। ਇੱਕ ਹੀ ਪੁੱਤਰ ਸੀ ਮੇਰਾ, ਉਹ ਵਿਦੇਸ਼ ਜਾ ਕੇ ਵਿਦੇਸ਼ੀ ਹੋ ਗਿਆ। ਮੁੜ ਵਾਪਿਸ ਨਹੀਂ ਆਇਆ। ਹੁਣ ਢਿੱਡ ਭਰਨ ਲਈ ਆਪ ਹੀ ਮਰਨਾ ਪੈਂਦਾ "                     

                         ਬਾਬੇ ਦੀ ਗੱਲ ਸੁਣ ਰਾਮ ਦੀਆ ਅੱਖਾਂ ਭਰ ਆਈਆ,ਉਸ ਨੂੰ ਦੇਸ਼ ਅੱਜ ਵੀ ਵਿਦੇਸ਼ਾ ਦੇ ਗੁਲਾਮ ਲੱਗ ਰਿਹਾ ਸੀ।    

 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

           9914481924

 "ਮਨੁੱਖਤਾ ਦੀ ਸੇਵਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਪਿੰਗਲਵਾੜਾ " ✍️ ਕੁਲਦੀਪ ਸਿੰਘ ਸਾਹਿਲ

ਛੋਟੇ ਹੁੰਦਿਆਂ ਅਸੀਂ ਇੱਕ ਮਾਨਵਤਾ ਦੀ ਸੇਵਾ ਕਰਨ ਵਾਲੇ ਭੱਦਰ ਪੁਰਸ਼ ਦੀ ਕਹਾਣੀ ਪੜਦੇ ਹੁੰਦੇ ਸੀ ਕਿ ਸੁਪਨੇ ਚ ਉਸਨੂੰ ਨੂੰ ਕੋਈ ਮਹਾਤਮਾ ਨਜ਼ਰ ਆਉਂਦਾ ਹੈ ਜੋ ਬਹੀ ਵਿੱਚ ਕੁੱਝ ਲਿਖ ਰਿਹਾ ਸੀ ਉਸ ਵਿਅਕਤੀ ਨੇ ਮਹਾਤਮਾ ਨੂੰ ਪੁਛਿਆ ਕਿ ਤੁਸੀਂ ਕੀ ਲਿਖ ਰਹੇ ਹੋ ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜੋ ਰੱਬ ਦੀ ਪੂਜਾ ਕਰਦੇ ਹਨ ਅਤੇ ਰੱਬ ਨੂੰ ਪਿਆਰ ਕਰਦੇ ਹਨ ਪਰ ਅਫਸੋਸ ਕਿ ਤੁਹਾਡਾ ਇਸ ਲਿਸਟ ਵਿੱਚ ਨਾ ਨਹੀਂ ਹੈ। ਦੂਜੀ ਰਾਤ ਫਿਰ ਇਸੇ ਤਰ੍ਹਾਂ ਹੁੰਦਾ ਹੈ ਉਹ ਵਿਆਕਤੀ ਫਿਰ ਮਹਾਤਮਾ ਨੂੰ ਪੁਛਦਾ ਹੈ ਕਿ ਅੱਜ ਤੁਸੀਂ ਕਿਹਨਾ ਲੋਕਾਂ ਦੀ ਲਿਸਟ ਬਣਾ ਰਹੇ ਹੋ ਤਾਂ ਮਹਾਤਮਾ ਜਵਾਬ ਦਿੰਦਾ ਹੈ ਕਿ ਅੱਜ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ ਇਹ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਸੇਵਾ ਕਰਨ ਵਾਲੇ ਹਨ ਲੋਕ ਵੀ ਇਨਾ ਨੂੰ ਪਿਆਰ ਕਰਦੇ ਹਨ ਇਸ ਲਿਸਟ ਵਿੱਚ ਤੁਹਾਡਾ ਨਾਂ ਸਭ ਤੋਂ ਪਹਿਲੇ ਨੰਬਰ ਤੇ ਹੈ। ਇਸ ਕਹਾਣੀ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਰੱਬ ਦੀ ਖੋਜ ਵਿੱਚ ਜੰਗਲਾਂ ਅਤੇ ਥਾਂ ਥਾਂ ਭੜਕਣਾ ਵਿਅਰਥ ਹੈ ਰੱਬ ਮਨੁੱਖਤਾ ਅਤੇ ਕੁਦਰਤ ਦੇ ਵਿੱਚ ਹੀ ਵਸਦਾ ਹੈ ਇਸ ਗੱਲ ਨੂੰ 20ਵੀਂ ਸਦੀ ਵਿੱਚ ਮਾਨਵਤਾ ਦੇ ਭਲੇ ਹਿੱਤ,  ਬੇਸਹਾਰਿਆਂ ਦੇ ਸਹਾਰਾ ਬਣਕੇ ਮਨੱਖਤਾ ਦੀ ਸੇਵਾ ਕਰਨ ਵਾਲੇ ਮਸੀਹਾ ਭਗਤ ਪੂਰਨ ਸਿੰਘ  ਪਿੰਗਲਵਾੜਾ ਜੀ ਨੇ ਸਿਧ ਕਰਕੇ ਦੁਨੀਆ ਭਰ ਵਿੱਚ ਇੱਕ ਮਿਸਾਲ ਪੈਦਾ ਕੀਤੀ ਉਨ੍ਹਾਂ ਦਾ ਜਨਮ 4 ਜੂਨ 1904 ਵਿੱਚ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼੍ਰੀ. ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਂਕ ਸੀ। ਘਰ 'ਚ ਗਰੀਬੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰ ਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨ੍ਹਾਂ ਤਨਖਾਹ ਤੋਂ ਸੇਵਾ ਕਰਨ ਲੱਗੇ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ 'ਰਾਮ ਜੀ ਦਾਸ' ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ 'ਪੂਰਨ ਸਿੰਘ' ਬਣਾ ਦਿੱਤਾ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪਾਹਜ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓੜ੍ਹੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ''ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।'' ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂ ਪਿਆਰਾ ਸਿੰਘ ਹੋ ਗਿਆ।ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਅਪਾਹਜ ਬੱਚੇ ਨੂੰ 18 ਅਗਸਤ 1947 ਈ: ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ। ਉਸ ਕੈਂਪ ਵਿੱਚ ਹਜ਼ਾਰਾਂ ਮਰਦ, ਔਰਤਾਂ ਬੱਚੇ ਸਨ। ਅਪਾਹਜਾਂ ਦੀ ਸੇਵਾ-ਸੰਭਾਲ, ਕੱਪੜੇ ਧੋਣ ਅਤੇ ਉਨਾਂ ਲਈ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਤੇ ਸਭ ਨੂੰ ਵਰਤਾਉਂਦੇ। ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਵੀ ਪਾਉਂਦੇ ਸਨ। ਇਕੱਲੇ ਭਗਤ ਪੂਰਨ ਸਿੰਘ ਨੇ ਇਹ ਸੇਵਾ ਨਿਭਾਈ।1949 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਅਤੇ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ, ਜਿੱਥੇ ਮਾਨਸਿਕ ਅਤੇ ਲਵਾਰਿਸ ਰੋਗੀਆਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗ ਪਈ। ਇਹ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿੱਚ ਸ਼ੁਰੂ ਕੀਤਾ, ਅੱਜ 1700 ਤੋਂ ਵੱਧ ਮਰੀਜ਼ ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ। 
ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਹ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਭਾਵੇਂ ਬਹੁਤ ਮੁਸ਼ਕਲਾਂ ਆਈਆਂ ਪਰ ਉਹ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪਿੰਗਲਵਾੜੇ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ ਆਦਿ ਵਿਖੇ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸੰਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿਖੇ ਸਥਾਪਿਤ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਜੀ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿਖੇ 'ਭਗਤ ਪੂਰਨ ਸਿੰਘ ਸਮਾਰਕ' ਦਾ ਨਿਰਮਾਣ ਹੋ ਚੁੱਕਾ ਹੈ।ਪਿੰਗਲਵਾੜਾ (ਅੰਮ੍ਰਿਤਸਰ) ਦੇ ਨਜ਼ਦੀਕ 'ਭਗਤ ਪੂਰਨ ਸਿੰਘ ਯਾਦਗਾਰੀ ਗੇਟ' ਉਸਾਰਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 'ਭਗਤ ਪੂਰਨ ਸਿੰਘ ਚੇਅਰ' ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਹੈ।ਭਗਤ ਪੂਰਨ ਸਿੰਘ ਨੇ ਬੇਸਹਾਰੇ ਅਤੇ ਅਪਾਹਜਾਂ ਤੇ ਕੋਹੜ ਰੋਗੀਆਂ ਦੀ ਭਲਾਈ ਲਈ ਜੋ ਉੱਦਮ ਕੀਤਾ ਉਹ ਮਦਰ ਟੈਰੇਸਾ ਦੇ ਭਲਾਈ ਦੇ ਕੰਮਾਂ ਤੋਂ ਘੱਟ ਨਹੀਂ ਹੈ। ਭਗਤ ਪੂਰਨ ਸਿੰਘ ਨੂੰ 1981 'ਚ ਪਦਮਸ਼੍ਰੀ ਐਵਾਰਡ, 1990 'ਚ ਹਾਰਮਨੀ ਐਵਾਰਡ, 1991 'ਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਵੀ ਮਨੁੱਖਤਾ ਨਾਲ ਨਫ਼ਰਤ ਛੱਡ ਕੇ ਪਿਆਰ ਅਤੇ ਸੇਵਾ ਕਰਨ ਦੇ ਰਸਤੇ ਤੇ ਚੱਲਣ ਦੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੀਏ।

ਕੁਲਦੀਪ ਸਿੰਘ ਸਾਹਿਲ
9417990040

 

ਕਹਾਣੀ "ਮੈਂ ਔਤ ਨਹੀਂ ਮਰਨਾ ! " ✍ ਜਸਪਾਲ ਜੱਸੀ

ਸੁਖਪਾਲ ਨੇ ਆਪਣੇ ਮਿੱਤਰ ਬਿਕਰਮ ਨੂੰ ਬਹੁਤ ਦਿਨਾਂ ਬਾਅਦ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਬਿਕਰਮ ਨੇ ਉਸ ਨੂੰ ਅੱਜ ਨਹੀਂ, ਕਹਿ ਕੇ ਅਗਲੇ ਦਿਨ ਮਿਲਣ ਵਾਸਤੇ ਕਿਹਾ।ਪਾਲ ਦਾ ਫ਼ੋਨ 'ਤੇ ਹੀ ਰੁਆਸੀ ਜਿਹੀ ਆਵਾਜ਼ 'ਚ, ਸ਼ਿਕਵੇ ਨਾਲ ਅੱਗੋਂ ਸਵਾਲ ਸੀ, ਕੱਲ੍ਹ ਤਾਂ ਸਮਾਂ ਦੇ ਦੇਵੇਂ ਗਾ ? ਬਿਕਰਮ ਨੇ ਉਸਨੂੰ "ਹਾਂ" ਆਖਿਆ ਤੇ ਆਪਣੇ ਘਰ ਦਾ ਜਾਂ ਰੋਜ਼ ਗਾਰਡਨ ਆਉਣ ਦਾ ਸਮਾਂ ਨਿਸ਼ਚਿਤ ਕਰਨ ਨੂੰ ਕਿਹਾ। ਉਸਨੇ ਕਿਹਾ,"ਮੈਂ ਘਰ ਨਹੀਂ ਆਉਣਾ, ਮੈ ਕੱਲ੍ਹ ਪੰਜ ਵਜੇ ਰੋਜ਼ ਗਾਰਡਨ ਹੀ ਮਿਲਦਾ ਹਾਂ।"

ਬਿਕਰਮ ਨੇ ਫਿਰ ਇੱਕ ਵਾਰ ਉਸਨੂੰ ਕਿਹਾ," ਜੇ ਕੋਈ ਐਮਰਜੈਂਸੀ ਹੈ ਤਾਂ ਅੱਜ ਰਾਤ ਨੂੰ ਹੀ ਮਿਲ ਲੈਂਦੇ ਹਾਂ, ਘਰ ਹੀ ਆ ਜਾ" ਓਸ ਦਾ ਉੱਤਰ ਸੀ," ਨਹੀਂ ! ਕੱਲ੍ਹ ਸ਼ਾਮ 5 ਵਜੇ, ਤੇ ਫ਼ੋਨ ਬੰਦ ਕਰ ਦਿੱਤਾ।

ਬਿਕਰਮ ਸਾਰੀ ਰਾਤ ਸੋਚਦਾ ਰਿਹਾ, ਐਡਾ ਕੀ‌‌ ਜ਼ਰੂਰੀ ਕੰਮ ਹੋ ਸਕਦਾ ਹੈ ! ਜੋ ਫ਼ੋਨ 'ਤੇ ਨਹੀਂ ਦੱਸਿਆ ਜਾ ਸਕਦਾ । ਸੋਚਦਿਆਂ ਸੋਚਦਿਆਂ ਪਤਾ ਨਹੀਂ ਕਦੋਂ ਉਸ ਦੀ ਅੱਖ਼ ਲੱਗ ਗਈ। ਅਗਲਾ ਦਿਨ ਵੀ ਉਸਦਾ ਸਾਰਾ, ਬੇਚੈਨੀ 'ਚ ਹੀ ਨਿਕਲਿਆ, ਪਰ ਉਸ ਨੂੰ ਪਾਲ ਦੇ ਦਿਨ ਦਾ ਪਤਾ ਨਹੀਂ, ਦਿਨ ਕਿਵੇਂ ਲੰਘਿਆ ਹੋਣੈਂ।

ਅੱਜ ਪੰਜ ਵੀ ਵੱਜਣ 'ਚ ਨਹੀਂ ਆ ਰਹੇ ਬਿਕਰਮ ਸੋਚ ਰਿਹਾ ਸੀ,ਅੱਗੇ ਹਮੇਸ਼ਾਂ ਸਮਾਂ ਦੋੜਦਾ ਲਗਦਾ ਪਰ ਅੱਜ ਜਿਵੇਂ ਵਕਤ ਰੁਕ ਗਿਆ ਹੁੰਦਾ ਹੈ। ਉਸ ਦੀ ਪਤਨੀ ਨੇ ਦੁਪਹਿਰ ਦੇ ਖਾਣੇ ਸਮੇਂ ਪੁੱਛਿਆ," ਕੀ ਗੱਲ ਅੱਜ ਰੋਟੀ ਵੀ ਚੱਜ ਨਾਲ ਨਹੀਂ ਖਾਧੀ, ਕੋਈ ਗੱਲ ਹੈ ?

ਉਸ ਨੇ ਉਸ ਨੂੰ ਟਾਲ ਦਿੱਤਾ। ਮੋਬਾਇਲ ਫ਼ੋਨ ਦੀ ਘੜੀ ਵੱਲ ਦੇਖਿਆ, ਦੁਪਹਿਰ ਦੇ ਸਾਢੇ ਚਾਰ ਵੱਜ ਚੁੱਕੇ ਸਨ। ਉਸ ਨੇ ਪੈਂਟ ਸ਼ਰਟ ਪਾਈ ਤੇ ਪਤਨੀ ਨੂੰ ਜ਼ਰੂਰੀ ਕੰਮ ਕਹਿ ਕੇ ਐਕਟਿਵਾ ਸਟਾਰਟ ਕੀਤੀ ਤੇ ਰੋਜ਼ ਗਾਰਡਨ ਚਾਰ,ਪੰਜ ਮਿੰਟਾਂ ਵਿਚ ਹੀ ਪਹੁੰਚ ਗਿਆ।

ਟਾਈਮ ਅਜੇ 4 .35 ਹੋਏ ਸਨ। ਉਸ ਨੇ ਮੋਬਾਈਲ ਘੜੀ ਵੱਲ ਵੇਖ ਕੇ ਮੋਬਾਇਲ, ਫ਼ਿਰ ਜੇਬ ਵਿਚ ਪਾ ਲਿਆ।

ਪਾਲ ਅਜੇ ਵੀ ਨਹੀਂ ਆਇਆ ਸੀ। ਉਸ ਨੇ ਵਕਤ ਲੰਘਾਉਣ ਲਈ ਦਰੱਖ਼ਤਾਂ ਵੱਲ ਦੇਖਿਆ, ਪੰਛੀ ਵੀ ਧੁੱਪ ਦੇ ਡਰੋਂ ਦਰੱਖਤਾਂ ਦੇ ਪੱਤਿਆਂ ਦੀ ਛਾਂ 'ਚ ਸੁੰਗੜੇ ਬੈਠੇ ਸਨ। ਕੋਈ ਟਾਵਾਂ-ਟਾਵਾਂ ਪੰਛੀ ਬੋਲ ਰਿਹਾ ਸੀ।

ਥੋੜ੍ਹਾ ਦੂਰ ਨਜ਼ਰ ਦੁੜਾਈ ਕੁਝ ਆਸ਼ਕ ਕਿਸਮ ਦੇ ਮੁੰਡੇ ਕੁੜੀਆਂ, ਧੁੱਪ ਵਿਚ ਮਟਰ-ਗਸ਼ਤੀ ਕਰਦੇ ਨਜ਼ਰ ਆਏ। ਬਿਕਰਮ ਰੋਜ਼ ਗਾਰਡਨ ਦਾ ਗੇੜਾ ਲਾਉਂਦਾ ਹੋਇਆ, ਕੰਟੀਨ ਵੱਲ ਚਲਾ ਗਿਆ ਜਿਹੜੀ ਕਾਫ਼ੀ ਸਮੇਂ ਤੋਂ ਬੰਦ ਪਈ ਸੀ। ਮੋਬਾਈਲ ਇੱਕ ਵਾਰ ਫ਼ੇਰ ਜੇਬ ਚੋਂ ਕੱਢਿਆ, 4.50 ਹੋਏ ਸਨ।10 ਮਿੰਟ ਇੰਤਜ਼ਾਰ ਮਤਲਬ ਦਸ ਸਾਲ।

ਦੂਰ ਬੈਠਾ ਇੱਕ ਪ੍ਰੇਮੀ ਜੋੜਾ ਬਿਕਰਮ ਨੂੰ ਧੁੱਪ ਵਿਚ ਘੁੰਮਦੇ ਨੂੰ ਦੇਖ ਰਿਹਾ ਸੀ। ਉਸ ਨੂੰ ਆਪਣੀ ਪਿੱਠ ਪਿੱਛੇ ਕੋਈ ਕਦਮ ਚਾਲ ਸੁਣਾਈ ਦਿੱਤੀ।

ਇਹ ਕੋਈ ਵੀਹ ਕੁ ਸਾਲਾਂ ਦਾ ਲੜਕਾ ਸੀ । ਉਸ ਨੇ ਆਉਂਦਿਆਂ ਹੀ ਬਿਕਰਮ ਦੇ ਪੈਰੀਂ ਹੱਥ ਲਾਏ।

ਸਰ ! ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ !

ਮੈਂ ਤੁਹਾਡਾ ਪੁਰਾਣਾ ਵਿਦਿਆਰਥੀ "ਮਾਣਕ" ਹਾਂ। ਬਿਕਰਮ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਇੱਕ ਦੋ ਮਿੰਟ ਗੱਲਾਂ ਕਰ ਕੇ ਚਲਾ ਗਿਆ।

ਫ਼ੋਨ ਦੀ ਘੰਟੀ ਵੱਜੀ,

ਨੰਬਰ ਦੇਖਿਆ, "ਪਾਲ" ਦਾ ਸੀ।

"ਹਾਂ ਪਾਲ !" 

ਉਸ ਦਾ ਅੱਗੋਂ ਸਵਾਲ ਸੀ,"

"ਕਿੱਥੇ ਖੜ੍ਹੇ ਹੋ ?

ਆ ਵੀ ਗਏ ਜਾਂ ਨਹੀਂ ?"

"ਤੂੰ ਕੰਟੀਨ ਵੱਲ ਆ ਜਾ, ਮੈਂ ਓਧਰ ਹੀ ਖੜ੍ਹਾ,ਤੇਰੀ ਇੰਤਜ਼ਾਰ ਕਰ ਰਿਹਾ ਹਾਂ।"ਬਿਕਰਮ ਨੇ ਫ਼ੋਨ 'ਤੇ ਹੀ ਪਾਲ ਨੂੰ ਕਿਹਾ।

ਪਾਲ ਇੱਕ,ਦੋ ਮਿੰਟਾਂ 'ਚ ਹੀ ਕੰਟੀਨ ਵੱਲ ਆ ਗਿਆ।

ਉਹ ਥੱਕਿਆ,ਟੁੱਟਿਆ,ਚਿਹਰੇ ਤੋਂ ਨਿਰਾਸ਼ ਲੱਗ ਰਿਹਾ ਸੀ। ਭਾਵੇਂ ਬਿਕਰਮ ਉਸ ਨੂੰ ਗਰਮ ਜੋਸ਼ੀ ਨਾਲ ਮਿਲਿਆ ਪਰ ਪਾਲ ਦੀ ਗਲਵੱਕੜੀ ਵਿਚ ਕੋਈ ਜੋਸ਼ ਨਹੀਂ ਸੀ।

ਉਹ ਦੋਵੇਂ ਦਰੱਖ਼ਤ ਥੱਲੇ, ਇੱਕ ਬੈਂਚ 'ਤੇ ਬੈਠ ਗਏ।

"ਬਿਕਰਮ ਯਾਰ ! ਮੈਂ ਤੈਨੂੰ ਦੁਪਹਿਰ ਵੇਲੇ ਤਕਲੀਫ਼ ਦਿੱਤੀ।

ਮੈਂ ਕੁਝ ਦਿਨਾਂ ਤੋਂ ਸੌਂ ਨਹੀਂ ਸਕਿਆ।" ਪਾਲ ਨੇ ਕਿਹਾ।

ਬਿਕਰਮ ਨੇ ਉਸ ਨੂੰ ਪੁੱਛਿਆ,"  ਇਹੋ ਜਿਹੀ ਕਿਹੜੀ ਗੱਲ ਹੋ ਗਈ ?

ਕੋਈ ਪੈਸੇ-ਟਕੇ ਦੀ ਜ਼ਰੂਰਤ ਹੈ, ਜਾਂ ਕੋਈ ਤੰਗ ਕਰਦੈ ?

"ਨਹੀਂ ਯਾਰ ! ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਤੇਰੇ ਸਾਹਮਣੇ ਹੀ ਰਿਟਾਇਰ ਹੋਏ ਹਾਂ, ਤੇਰੀ ਭਰਜਾਈ ਤੇ ਮੈਨੂੰ ਸਰਕਾਰ ਨੇ ਰਿਟਾਇਰਮੈਂਟ 'ਤੇ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੈ।

ਪਰ ਉਹ ਸਾਡੇ ਕਿਸੇ ਕੰਮ ਦਾ ਨਹੀਂ ।"

ਬਿਕਰਮ ਨੇ ਪੁੱਛਿਆ ਕੀ ਕੰਮ ਦਾ ਨਹੀਂ ?"

ਕਹਿੰਦਾ," ਪੈਸਾ।"

ਬਿਕਰਮ ਦੀ ਹੈਰਾਨੀ ਹੋਰ ਵਧ ਗਈ।

"ਤੇਰਾ ਪੁੱਤਰ ਤੇ ਨੂੰਹ ਤਾਂ ਠੀਕ ਹਨ?" ਉਸ ਨੇ ਪੁੱਛਿਆ।

"ਉਹ ਤਾਂ ਠੀਕ ਹਨ,ਕਈ ਦਿਨਾਂ ਦੇ ਮਿਲਣ ਆਏ ਹੋਏ ਸੀ। ਪਿਛਲੇ ਹਫ਼ਤੇ ਵਾਪਸ ਚਲੇ ਗਏ ਹਨ। ਜੋ ਗੱਲ ਉਹ ਕਹਿ ਕੇ ਗਏ ਹਨ, ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।"

ਬਿਕਰਮ ਨੇ ਫ਼ਿਰ ਪੁੱਛਿਆ," ਕੋਈ ਲੜਾਈ ਝਗੜਾ ਹੋਇਆ?"

"ਨਹੀਂ ਯਾਰ! "

"ਫ਼ੇਰ ਨਿਰਾਸ਼ਾ ਤੇ ਉਦਾਸੀ ਦਾ ਕਾਰਨ?"

ਉਹ ਦੋਵੇਂ ਜਣੇ ਕਹਿੰਦੇ," ਅਸੀਂ ਕੋਈ ਬੱਚਾ ਪੈਦਾ ਨਹੀਂ ਕਰਨਾ। ਅਸੀਂ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕਦੇ।"

ਫ਼ਿਰ ਤੂੰ ਕੀ ਕਿਹਾ ?

ਮੈਂ ਕਿਹਾ," ਤੁਹਾਡੇ ਵਿਆਹ ਨੂੰ ਸੱਤ ਸਾਲ ਹੋ ਗਏ। ਹੁਣ ਤੱਕ ਸਾਨੂੰ ਦਾਦਾ,ਦਾਦੀ ਬਣ ਜਾਣਾ ਚਾਹੀਦਾ ਸੀ। ਉਹਨਾਂ ਨੇ ਜਦੋਂ ਤੋੜ ਕੇ ਜਵਾਬ ਦਿੱਤਾ ਕਿ ਅਸੀਂ ਬੱਚਾ ਪੈਦਾ ਨਹੀਂ ਕਰਨਾ। ਮੈਨੂੰ ਆਪਣੀ ਜ਼ਿੰਦਗੀ ਦੇ ਸੁਪਨੇ ਅਧੂਰੇ ਰਹਿੰਦੇ ਜਾਪੇ।

ਮੈਂ ਉਹਨਾਂ ਨੂੰ ਪੁੱਛਿਆ," ਬੱਚਾ ਪੈਦਾ ਨਾ ਕਰਨ ਦਾ ਕਾਰਨ।

ਜੇ ਨਹੀਂ ਹੁੰਦਾ ਤਾਂ, ਅੱਜ ਕੱਲ੍ਹ ਇਲਾਜ਼ ਸੰਭਵ ਹੈ। 

ਪਰ ਉਹਨਾਂ ਨੇ ਕਿਹਾ," ਅਸੀਂ ਬੱਚਾ ਨਹੀਂ ਪਾਲ ਸਕਦੇ, ਸਾਡੇ ਕੋਲ ਨੌਕਰੀ ਸਮੇਂ 'ਚ ਵਕਤ ਨਹੀਂ। ਮੈਂ ਉਹਨਾਂ ਨੂੰ ਕਿਹਾ," ਜੰਮਣਾ ਤੁਹਾਡਾ ਫ਼ਰਜ਼ ਹੈ ਤੇ ਪਾਲਣਾ ਸਾਡਾ, ਪਰ ਉਹਨਾਂ ਨੇ ਸਾਡੇ ਦੋਵਾਂ ਜੀਆਂ ਦੀ ਗੱਲ ਵੱਲ ਕੋਈ ਤਵੱਜੋਂ ਨਹੀਂ ਦਿੱਤੀ।

ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।

ਬਿਕਰਮ-ਯਾਰ ! 

" ਮੈਂ ਆਪਣੇ ਬੱਚਿਆਂ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਮੇਰੇ ਪੁੱਤਰ ਤੋਂ ਬਾਅਦ ਮੇਰਾ ਵੰਸ਼ ਖ਼ਤਮ ਹੋ ਜਾਵੇਗਾ। ਮੇਰਾ ਪੁੱਤਰ ਔਤ ਕਹਾਵੇਗਾ। ਮੇਰਾ ਇਸ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ।‌‌ ਮੇਰੇ ਨਾਮ ਨਾਲ ਅੱਗੇ ਵਧ ਰਹੀ ਮੇਰੀ ਕੁਲ ਖ਼ਤਮ ਹੋ ਜਾਵੇਗੀ।

ਮੈਂ ਭਾਵੇਂ ਔਤ ਨਾ ਮਰਾ ਪਰ ਮੇਰਾ ਪੁੱਤਰ ਔਤ ਕਹਾਵੇਗਾ।

ਹੁਣ ਤੂੰ ਹੀ ਕੋਈ ਹੱਲ ਦੱਸ !

ਮੈਂ ਪਾਲ ਦੀਆਂ ਗੱਲਾਂ ਸੁਣ ਕੇ ਆਪ ਹੈਰਾਨ ਪ੍ਰੇਸ਼ਾਨ ਹੋ ਗਿਆ। ਮੈਂ ਇਸ ਦਾ ਹੱਲ ਕੀ ਦੱਸ ਸਕਦਾ ਹਾਂ। ਜਾਂ ਤਾਂ ਤੂੰ ਉਹਨਾਂ ਦੇ ਹੁੰਦੇ ਮੈਨੂੰ ਬੁਲਾ ਲੈਂਦਾ, ਮੈਂ ਤੇ ਤੇਰੀ ਭਰਜਾਈ ਆ ਕੇ ਉਹਨਾਂ ਦੋਵਾਂ ਨੂੰ ਸਮਝਾ ਦਿੰਦੇ।

ਪਰ ਹੁਣ ਤਾਂ ਤੂੰ ਕਹਿ ਰਿਹੈਂ ,ਉਹ ਚਲੇ ਗਏ।

ਨਹੀਂ ਯਾਰ ! ਤੂੰ ਲੇਖਕ ਹੈਂ, ਸਭ ਦੀਆਂ ਸਮੱਸਿਆਵਾਂ ਲਿਖਦੈਂ ਤੇ ਉਹਨਾਂ ਦੇ ਹੱਲ ਵੀ ਦੱਸਦੈਂ। ਤੇਰੇ ਕੋਲ ਆਸ ਦੀ ਕਿਰਨ ਲੈ ਕੇ ਆਇਆ ਹਾਂ, ਤੂੰ ਹੀ ਇਸ ਦਾ ਹੱਲ ਕਰ ਸਕਦੈਂ।

ਬਸ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ,

" ਮੈਂ ਇਸ ਦੁਨੀਆਂ ਤੋਂ ਆਪਣੇ ਬੱਚੇ ਦੇ ਬੱਚੇ ਲਈ, ਔਤ ਨਹੀਂ ਜਾਣਾ ਚਾਹੁੰਦਾ!" 

ਬਿਕਰਮ ਦਾ ਧਿਆਨ ਇੱਕ-ਦਮ ਆਪਣੇ ਪੁੱਤਰ ਅਤੇ ਆਪਣੀ ਨੂੰਹ ਵੱਲ ਗਿਆ।

ਜਿਹੜੇ ਪੰਜਾਬ ਤੋਂ ਬਾਹਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਦੇ ਸੀ। ਜਿਨ੍ਹਾਂ ਦੀ ਸ਼ਾਦੀ ਹੋਏ ਨੂੰ ਵੀ ਸੱਤ ਸਾਲ ਹੋ ਚੁੱਕੇ ਸਨ ਪਰ ਜਾਣ ਬੁੱਝ ਕੇ ਬੱਚਾ ਪੈਦਾ ਨਹੀਂ ਕਰ ਰਹੇ ਸਨ। ਬਿਕਰਮ ਤੇ ਉਸਦੀ ਪਤਨੀ ਦੇ ਵਾਰ-ਵਾਰ ਸਮਝਾਉਣ 'ਤੇ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਸੀ। ਜੇ ਬਿਕਰਮ ਤੇ ਉਸ ਦੀ ਪਤਨੀ ਬੱਚੇ ਨਾਲ ਸਬੰਧਤ ਕੋਈ ਗੱਲ ਕਰਦੇ ਤਾਂ ਉਹ ਇਹ ਕਹਿ ਕੇ ਟਾਲ ਦੇਂਦੇ ਅਜੇ ਸਾਨੂੰ ਬੱਚੇ ਦੀ ਜ਼ਰੂਰਤ ਨਹੀਂ ਜਦੋਂ ਲੋੜ ਮਹਿਸੂਸ ਹੋਈ ਪੈਦਾ ਕਰ ਲਵਾਂਗੇ। ਬਿਕਰਮ ਤੇ ਉਸ ਦੀ ਪਤਨੀ ਹਾਰ ਕੇ ਰਹਿ ਜਾਂਦੇ।

ਪਰ ਅੱਜ ਜਦੋਂ ਪਾਲ ਨੇ ਕਿਹਾ," ਯਾਰ ਬਿਕਰਮ! ਮੈਂ ਆਪਣੇ ਪੁੱਤਰ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਬਿਕਰਮ ਦਾ ਵੀ ਇੱਕ ਵਾਰ ਤਾਂ ਅੰਦਰ ਵਲੂੰਧਰਿਆ ਗਿਆ।

ਵੰਸ਼, ਕੁਲ,ਔਤ ਵਰਗੇ ਸ਼ਬਦ ਉਸਨੂੰ ਵੀ ਯਾਦ ਆਏ ਪਰ ਇੱਕ ਦਮ ਉਸ ਦਾ ਖ਼ਿਆਲ, ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਸਾਹਿਬਜ਼ਾਦਿਆਂ ਤੇ ਭਗਤ ਸਿੰਘ ਹੋਰਾਂ ਵੱਲ ਚਲਾ ਗਿਆ।

 ਉਹਨਾਂ ਦੀ ਵੀ ਤਾਂ ਅੱਗੋਂ ਵੰਸ਼, ਕੁਲ, ਨਹੀਂ ਚੱਲੀ‌ !

ਕੀ ਲੋਕ ਉਹਨਾਂ ਨੂੰ ਯਾਦ ਨਹੀਂ ਕਰਦੇ ?

ਸੁਖਪਾਲ ਨੇ ਬਿਕਰਮ ਨੂੰ ਸੋਚਦਿਆਂ ਦੇਖਿਆ, ਉਸ ਨੂੰ ਲੱਗ ਰਿਹਾ ਸੀ ਕਿ ਬਿਕਰਮ ਉਸ ਦੀ ਮੁਸੀਬਤ ਦਾ ਕੋਈ ਹੱਲ ਲੱਭ ਰਿਹਾ ਹੈ।

ਕੀ ਸੋਚ ਰਿਹੈਂ ਯਾਰ ! 

ਕੀ ਮਿਲਿਆ

ਮੇਰੀ ਸਮੱਸਿਆ ਦਾ ਕੋਈ ਹੱਲ !

"ਦੇਖ ਪਾਲ ਸਿਆਂ ! ਇਹ ਗੱਲ ਅਸੀਂ ਆਪਣੇ ਮਨ 'ਚ ਬਿਠਾਈ ਹੋਈ ਹੈ। ਕੁਲ,ਵੰਸ਼ ਔਤ ਵਰਗੀਆਂ ਗੱਲਾਂ ਕੁਝ ਨਹੀਂ ਹੁੰਦੀਆਂ। ਤੂੰ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਸੁਣਿਐਂ ਨਾ ? ਉਹ ਸਾਰੇ ਦੇਸ਼, ਕੌਮ ਲਈ ਸ਼ਹੀਦ ਹੋ ਗਏ ਸੀ, ਉਹਨਾਂ ਦੇ ਅੱਗੋਂ ਵੰਸ਼ ਦਾ ਨਾਮ ਸੁਣਿਐਂ ? ਨਹੀਂਂ ਨਾ।

ਤੂੰ ਭਗਤ ਸਿੰਘ ਦਾ ਨਾਮ ਸੁਣਿਐਂ ?

"ਸੁਣਿਐਂ ।"

ਤੈਨੂੰ ਪਤਾ ਹੈ ਕਿ ਭਗਤ ਸਿੰਘ ਨੇ ਤਾਂ ਮੰਗਨੀ ਕਰਵਾ ਕੇ ਅਜੇ ਵਿਆਹ ਵੀ ਨਹੀਂ ਸੀ ਕਰਵਾਇਆ। ਉਹ ਵੀ ਦੇਸ਼ ਲਈ ਸ਼ਹੀਦ ਹੋ ਗਿਆ। 

ਚੰਗੇ ਲੋਕਾਂ ਨੂੰ ਵੰਸ਼,ਕੁਲ ਜਿਹੇ ਸ਼ਬਦਾਂ ਦੀ ਕੋਈ ਲੋੜ ਨਹੀਂ।

ਤੂੰ ਦੱਸ ! ਇਹਨਾਂ ਚੱਕਰਾਂ ਵਿਚ ਕਿਉ ਪਿਆ ਹੈ ? ਬਸ ਤੂੰ ਦੁਨੀਆਂ 'ਤੇ ਕੋਈ ਅਜਿਹਾ ਕੰਮ ਕਰ ਕੇ ਜਾਹ,ਤਾਂ ਜੋ ਤੈਨੂੰ ਦੁਨੀਆਂ ਯੁਗਾਂ ਯੁਗਾਂਤਰਾਂ ਤੱਕ ਯਾਦ ਰੱਖੇ। 

"ਫ਼ੇਰ ਮੈਂ ਕੀ ਕਰ ਸਕਦਾਂ ?"

ਤੂੰ ਤੇ ਭਰਜਾਈ ਅੱਜ ਤੋਂ ਹੀ ਲੋਕਾਂ ਦੀ ਸੇਵਾ ਵਿਚ ਜੁਟ ਜਾਓ। ਆਪਣੇ ਸਾਰੇ ਪੈਸੇ ਦਾ ਟਰੱਸਟ ਬਣਾ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ, ਗਰੀਬ ਬੱਚੀਆਂ ਦੀ ਸ਼ਾਦੀ ਤੇ ਬਜ਼ੁਰਗ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਜਾਓ। ਜਿੰਨੀ ਦੇਰ ਦੁਨੀਆਂ ਰਹੇਗੀ ਓਨੀ ਦੇਰ ਤੁਹਾਡਾ ਨਾਮ ਚਲਦਾ ਰਹੇਗਾ। ਪਾਲ ਦੇ ਜਿਵੇਂ ਗੱਲ ਟਿਕਾਣੇ 'ਤੇ ਲੱਗ ਗਈ ਸੀ। ਉਸ ਦੀਆਂ ਅੱਖਾਂ ਵਿਚ ਇੱਕ ਨਵੀਂ ਕਿਸਮ ਦੀ ਆਸ਼ਾ ਦੀ ਕਿਰਨ ਦਿਖਾਈ ਦੇ ਰਹੀ ਸੀ। ਉਸਦੇ ਚੇਹਰੇ 'ਤੇ ਮੁੜ ਕੇ ਰੌਣਕ ਪਰਤ ਆਈ ਸੀ। ਉਸ ਨੇ ਬਿਕਰਮ ਦਾ ਹੱਥ ਚੁੰਮਿਆ ਤੇ ਉਸ ਦੇ ਹੱਥ ਨੂੰ ਹੱਥ ਵਿਚ ਫੜ ਕੇ ਰੋਜ਼ ਗਾਰਡਨ ਤੋਂ ਬਾਹਰ ਆ ਗਿਆ। ਹੁਣ ਉਸ ਦੀ ਚਾਲ ਦੇਖਣ ਵਾਲੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਦੁਨੀਆਂ ਤੋਂ ਔਤ ਨਹੀਂ ਜਾਵਾਂਗਾ।

(ਜਸਪਾਲ ਜੱਸੀ)

ਭ੍ਰਿਸ਼ਟਾਚਾਰ ਦੀ ਮਾਰ ✍️ ਮਨਜੀਤ ਕੌਰ ਧੀਮਾਨ

ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਦੇਸ਼ ਦਾ ਸੱਭ ਤੋਂ ਵੱਡਾ, ਸਸਤਾ ਤੇ ਭਰੋਸੇਯੋਗ ਹਸਪਤਾਲ਼ ਕਿਹੜਾ ਹੈ ਤਾਂ ਜਵਾਬ ਮਿਲ਼ੇਗਾ ਪੀ.ਜੀ.ਆਈ.ਚੰਡੀਗੜ੍ਹ।ਵਾਕਿਆ ਹੀ ਬਹੁਤ ਵੱਡਾ, ਨਵੀਆਂ ਤਕਨੀਕਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ਼ ਭਰਪੂਰ ਹੈ ਇਹ ਹਸਪਤਾਲ਼।ਇੱਥੇ ਹਰ ਤਰ੍ਹਾਂ ਦੀ ਬੀਮਾਰੀ ਲਈ ਅਲੱਗ-ਅਲੱਗ ਹਸਪਤਾਲ਼ ਹਨ।ਇਥੇ ਹਰ ਬੀਮਾਰੀ ਦਾ ਇਲਾਜ਼ ਸੰਭਵ ਹੈ।ਦੂਜੀ ਗੱਲ ਹੈ ਡਾਕਟਰਾਂ ਦੀ ਮਿਹਨਤ ਤੇ ਲਗਨ ਕਿ ਵਾਹ ਲਗਦਿਆਂ ਕਿਸੇ ਨੂੰ ਮਰਨ ਨਹੀਂ ਦਿੰਦੇ।

                  ਹੁਣ ਗੱਲ ਇਹ ਹੈ ਕਿ ਦੁਨੀਆਂ ਭਰ ਤੋਂ ਲੋਕ ਇਸ ਹਸਪਤਾਲ਼ ਵਿੱਚ ਆ ਕੇ ਇਲਾਜ਼ ਕਰਵਾਉਂਦੇ ਹਨ।ਪਰ ਏਥੇ ਜਾ ਕੇ ਹੋਣ ਵਾਲੀ ਖੇਚਲ਼ ਤੇ ਖੱਜਲ ਖੁਆਰੀ ਕਰਕੇ ਬਹੁਤ ਸਾਰੇ ਲੋਕ ਇਸ ਤੋਂ ਕੰਨੀਂ ਕਤਰਾਉਂਦੇ ਹਨ। ਕਈ ਵਾਰੀ ਲੋਕ ਧੱਕੇ ਖਾ ਖਾ ਕੇ ਇੰਨਾ ਥੱਕ ਜਾਂਦੇ ਹਨ ਕਿ ਇਲਾਜ਼ ਪੂਰਾ ਹੀ ਨਹੀਂ ਕਰਵਾਉਂਦੇ।

                     ਵੈਸੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਹਨਾਂ ਕਰਕੇ ਆਮ ਲੋਕ ਅਤੇ ਡਾਕਟਰ ਜਾਂ ਸਟਾਫ਼ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਅੱਜਕਲ ਹਰ ਚੀਜ਼ ਅੱਪਡੇਟ ਹੁੰਦੀ ਹੈ ਤੇ ਕੀ ਪੀ.ਜੀ. ਆਈ. ਹਸਪਤਾਲ਼ ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ? ਬੇਸ਼ੱਕ ਹੁਣ ਫ਼ੋਨ ਤੇ ਮਿਲਣ ਦਾ ਸਮਾਂ ਮਿਲ਼ ਜਾਂਦਾ ਹੈ, ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਪਰ ਆਮ ਲੋਕਾਂ ਨੂੰ ਇਹਨਾਂ ਸਹੂਲਤਾਂ ਦਾ ਪਤਾ ਹੀ ਨਹੀਂ ਤੇ ਨਾ ਹੀ ਉਹਨਾਂ ਨੂੰ ਫ਼ੋਨ ਜਾਂ ਕੰਪਿਊਟਰ ਚਲਾਉਣਾ ਆਉਂਦਾ ਹੈ।

                     ਸੱਭ ਤੋਂ ਪਹਿਲਾਂ ਮੈਂ ਆਪਣਾ ਤਜ਼ੁਰਬਾ ਸਾਂਝਾ ਕਰਨਾ ਚਾਹਾਂਗੀ ਤੇ ਉਸ ਤੋਂ ਬਾਅਦ ਹੋਰ ਵੀ ਵਿਚਾਰ ਵਟਾਂਦਰਾ ਕਰਾਂਗੇ।

                     ਮੇਰੀ ਮੰਮੀ ਜੋ ਬੀਮਾਰ ਹਨ,2019 ਵਿੱਚ ਟੈਸਟ ਕਰਾਉਣ ਤੇ ਪਤਾ ਲਗਿਆ ਕਿ ਉਹਨਾਂ ਦੇ ਦਿਲ ਦਾ ਇੱਕ ਵਾਲਵ ਖ਼ਰਾਬ ਹੈ, ਉਸਦਾ ਅਪਰੇਸ਼ਨ ਹੋਵੇਗਾ। ਮੈਂ ਬਹੁਤ ਘਬਰਾ ਗਈ ਕਿਉਂਕਿ ਮੇਰੇ ਪੇਕਿਆਂ ਵਿੱਚ ਸਿਰਫ਼ ਮੰਮੀ ਡੈਡੀ ਹੀ ਹਨ, ਉਹਨਾਂ ਦੀ ਦੇਖਭਾਲ ਕਰਨ ਵਾਲ਼ਾ ਕੋਈ ਨਹੀਂ ਹੈ। ਮੇਰੇ ਦੋ ਭਰਾ,ਜੋ ਜਵਾਨ ਸਨ ਉਹ ਰੱਬ ਨੂੰ ਪਿਆਰੇ ਹੋ ਗਏ ਸਨ। ਹੁਣ ਸਿਰਫ਼ ਮੈਂ ਹੀ ਉਹਨਾਂ ਦੀ ਸੰਭਾਲ਼ ਕਰ ਰਹੀ ਹਾਂ।ਪਰ ਮੈਂ ਵੀ ਨੌਕਰੀਪੇਸ਼ਾ ਹਾਂ ਤੇ ਪ੍ਰਾਈਵੇਟ ਨੌਕਰੀ ਕਰਕੇ ਜ਼ਿਆਦਾ ਵਕਤ ਨਹੀਂ ਕੱਢ ਸਕਦੀ। ਇਸ ਤੋਂ ਇਲਾਵਾ ਆਪਣੇ ਸਹੁਰੇ ਘਰ ਆਪਣੇ ਦੂਜੇ ਪਰਿਵਾਰ ਦੀ ਵੀ ਜਿੰਮੇਵਾਰੀ ਹੈ।ਪਰ ਮਾਂ ਤਾਂ ਆਖ਼ਰ ਮਾਂ ਹੁੰਦੀ ਹੈ ਤੇ ਮੈਂ ਪਤੀ ਨਾਲ਼ ਸਲਾਹ ਕਰਕੇ ਫ਼ੈਸਲਾ ਕੀਤਾ ਕਿ ਮੈਂ ਆਪਣੀ ਮੰਮੀ ਦਾ ਇਲਾਜ਼ ਪੀ.ਜੀ.ਆਈ ਵਿਖੇ ਹੀ ਕਰਵਾਵਾਂਗੀ। ਇਹ ਸੋਚ ਕੇ ਮੈਂ ਇਲਾਜ਼ ਸ਼ੁਰੂ ਕਰਵਾ ਦਿੱਤਾ। ਬਹੁਤ ਧੱਕੇ ਖਾਧੇ, ਬਹੁਤ ਛੁੱਟੀਆਂ ਵੀ ਲਈਆਂ ਕਿਸੇ ਤਰ੍ਹਾਂ ਇਲਾਜ਼ ਚਲਦਾ ਰਿਹਾ ਪਰ ਮਾੜੀ ਕਿਸਮਤ ਨੂੰ ਇਲਾਜ਼ ਦੌਰਾਨ ਹੀ ਉਦੋਂ ਕਰੋਨਾ ਦਾ ਕਹਿਰ ਟੁੱਟ ਪਿਆ। ਖ਼ੈਰ ਦੋ ਸਾਲ ਘਰਾਂ ਵਿੱਚ ਹੀ ਕੈਦ ਹੋ ਗਏ। ਉਸ ਵੇਲ਼ੇ ਡਰਦਿਆਂ ਨੇ ਮਾਂ ਨੂੰ ਕਦੇ ਬਾਹਰ ਹੀ ਨਹੀਂ ਕੱਢਿਆ ਕਿ ਕਿਤੇ ਉਹਨਾਂ ਦੀ ਤਕਲੀਫ ਹੋਰ ਨਾ ਵੱਧ ਜਾਵੇ। ਜਦੋਂ ਉਹਨਾਂ ਦੇ ਦਰਦ ਹੁੰਦਾ ਤਾਂ ਗੋਲੀ ਖਵਾ ਦਿੰਦੇ ਸਾਂ।

                   ਉਸ ਤੋਂ ਬਾਅਦ ਇਲਾਜ਼ ਫ਼ੇਰ ਸ਼ੁਰੂ ਕਰਵਾਇਆ। ਪੈਸੇ ਦੀ ਪਰੇਸ਼ਾਨੀ ਤਾਂ ਹਰੇਕ ਨੂੰ ਹੋਈ ਤੇ ਸਾਨੂੰ ਵੀ ਹੋਣੀ ਹੀ ਸੀ। ਕਿਸੇ ਤਰ੍ਹਾਂ ਉਹਨਾਂ ਦਾ ਆਇਉਸ਼ਮਾਨ ਦਾ ਕਾਰਡ ਬਣ ਗਿਆ। ਚਲੋ ਦਿਲ ਨੂੰ ਤਸੱਲੀ ਹੋ ਗਈ ਕਿ ਹੁਣ ਮੈਂ ਆਪਣੀ ਮਾਂ ਦਾ ਇਲਾਜ਼ ਕਰਵਾ ਲਵਾਂਗੀ।ਡਾਕਟਰ ਸਾਹਿਬ ਨੇ ਵੀ ਖ਼ਰਚੇ ਦੇ ਪ੍ਰਬੰਧ ਬਾਰੇ ਪੁੱਛਿਆ। ਜਦੋਂ ਮੈਂ ਕਾਰਡ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਠੀਕ ਹੈ। ਇਸ ਕਾਰਡ ਤੋਂ ਇਲਾਜ਼ ਹੋ ਜਾਵੇਗਾ। ਬੱਸ ਕੁੱਝ ਟੈਸਟਾਂ ਦੇ ਪੈਸੇ ਲੱਗਣਗੇ। ਮੈਂ ਉਹ ਪੈਸੇ ਭਰ ਦਿੱਤੇ ਤੇ ਟੈਸਟ ਵੀ ਹੋ ਗਏ। ਉਸਤੋਂ ਬਾਅਦ ਅਪਰੇਸ਼ਨ ਦੀ ਤਾਰੀਕ ਦੇ ਦਿੱਤੀ ਗਈ ਅਤੇ ਵਿੱਚ ਵਿੱਚ ਆਉਂਦੇ ਰਹਿਣ ਲਈ ਕਿਹਾ ਗਿਆ ਕਿਉਂਕਿ ਤਾਰੀਕ ਕਾਫ਼ੀ ਲੰਬੀ ਮਿਲ਼ੀ ਸੀ। ਮੈਂ ਮੰਮੀ ਨੂੰ ਤਸੱਲੀ ਦਿੱਤੀ ਕਿ ਚਲੋ ਕੋਈ ਨਹੀਂ ਜਿੱਥੇ ਪਹਿਲਾਂ ਐਨਾ ਇੰਤਜ਼ਾਰ ਕੀਤਾ ਹੁਣ ਇੰਨਾ ਕੁ ਹੋਰ ਸਹੀ।

                ਮੈਨੂੰ ਪੂਰਾ ਯਕੀਨ ਵੀ ਸੀ ਕਿ ਏਥੇ ਤਾਂ ਰੱਬ ਵਰਗੇ ਡਾਕਟਰ ਹਨ। ਮੇਰੀ ਮਾਂ ਦਾ ਇਲਾਜ਼ ਬਹੁਤ ਹੀ ਵਧੀਆ ਹੋਵੇਗਾ।ਪਰ ਮੇਰੀਆਂ ਉਮੀਦਾਂ ਤੇ ਓਦੋਂ ਪਾਣੀ ਫ਼ਿਰ ਗਿਆ ਜਦੋਂ ਜਿਸ ਤਰੀਕ ਨੂੰ ਦਾਖ਼ਲ ਹੋਣਾ ਸੀ  ਉਹਨਾਂ ਨੂੰ ਦਾਖ਼ਲ ਨਹੀਂ ਕੀਤਾ ਗਿਆ। ਸਗੋਂ ਬੈੱਡ ਨਹੀਂ ਹੈ, ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਫ਼ਿਰ ਸ਼ੁਰੂ ਹੋਇਆ ਹੋਰ ਵੀ ਭੱਜਦੌੜ ਦਾ ਸਿਲਸਿਲਾ। ਕਈ ਵਾਰ ਗਏ, ਮਜਬੂਰੀਆਂ ਦੱਸੀਆਂ। ਪਰ ਮਿਲ਼ਿਆ ਕੀ....? ਬੱਸ ਤਰੀਕ ਤੇ ਤਰੀਕ। ਫ਼ਿਰ ਕਿਸੇ ਨੇ ਕਿਹਾ ਕਿ ਤੁਸੀਂ ਸਿਫਾਰਸ਼ ਪਵਾਓ ਤਾਂ ਗੱਲ ਬਣਨੀ ਹੈ। ਹੁਣ ਸਿਫਾਰਸ਼ ਕਿੱਥੋਂ ਲਿਆਵਾਂ! ਚਲੋ ਕਿਸੇ ਤਰ੍ਹਾਂ ਡੀਨ ਸਾਹਿਬ ਦੇ ਨਾਲ਼ ਤੇ ਡਾਕਟਰ ਸਾਹਿਬ ਨਾਲ਼ ਗੱਲਬਾਤ ਕਰਵਾਈ ਕਿਸੇ ਨੇ। ਪਰ ਨਤੀਜਾ ਕੋਈ ਵੀ ਨਹੀਂ ਨਿਕਲਿਆ। ਫ਼ਿਰ ਮੈਨੂੰ ਇੱਕ ਫ਼ੋਨ ਆਇਆ ਕਿ ਪੀ.ਜੀ.ਆਈ ਤਾਂ ਬੈਡ ਨਹੀਂ ਮਿਲ਼ ਰਿਹਾ ਕਿਉਂਕਿ ਤੁਸੀਂ ਕਾਰਡ ਤੋਂ ਇਲਾਜ਼ ਕਰਵਾਉਣਾ ਹੈ ਤੇ ਇਸ ਸਮੇਂ ਕਾਰਡ ਵਾਲਿਆਂ ਦਾ ਉਹ ਇਲਾਜ਼ ਨਹੀਂ ਕਰ ਰਹੇ। ਪਰ 34 ਸੈਕਟਰ ਵਿੱਚ ਇੱਕ ਹਸਪਤਾਲ਼ ਹੈ ਜਿੱਥੇ ਤੁਹਾਡਾ ਕਾਰਡ ਚੱਲ ਜਾਵੇਗਾ ਤੇ ਉੱਥੇ ਪੀ.ਜੀ.ਆਈ ਦੇ ਡਾਕਟਰ ਹੀ ਇਲਾਜ਼ ਕਰਨਗੇ ਤੇ ਕਾਰਡ ਵਿੱਚੋਂ ਸਾਢੇ ਚਾਰ ਲੱਖ ਰੁਪਏ (ਜੋ ਕਿ ਪੀ.ਜੀ.ਆਈ. 'ਚ ਡੇਢ ਲੱਖ ਦੱਸੇ ਗਏ ਸਨ) ਕੱਟ ਜਾਣਗੇ ਤੇ ਇਸ ਤੋਂ ਇਲਾਵਾ 70-80 ਹਜ਼ਾਰ ਰੁਪਏ ਨਗਦ ਲੱਗਣਗੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ।ਜਿਸ ਹਸਪਤਾਲ਼ 'ਚ ਲੋਕਾਂ ਨੂੰ ਰੱਬ ਦਿੱਖਦੇ ਹਨ ,ਉਸ ਦੀ ਆੜ੍ਹ ਵਿੱਚ ਐਡਾ ਵੱਡਾ ਭ੍ਰਿਸ਼ਟਾਚਾਰ ਵੀ ਚੱਲ ਰਿਹਾ ਹੈ। ਸੋਚ ਰਹੀ ਹਾਂ ਮੈਂ ਕਿੰਨਾ ਭਰੋਸਾ ਕਰਕੇ ਇੱਥੇ ਇਲਾਜ਼ ਸ਼ੁਰੂ ਕਰਵਾਇਆ ਸੀ। ਆਪਣੀ ਮਜ਼ਬੂਰੀ ਤੇ ਬੇਵਸੀ ਦੱਸਣ ਦੇ ਬਾਵਜੂਦ ਵੀ ਕਿਸੇ ਨੇ ਸਾਥ ਨਹੀਂ ਦਿੱਤਾ।

                ਹੁਣ ਗੱਲ ਕਰਦੇ ਹਾਂ,ਪੰਜਾਬ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ।

      ਹਰ ਜਗ੍ਹਾ ਬੱਸ ਇੱਕੋ ਮਾਰ,

     ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ।

      ਕਿੰਝ ਭਲਾ ਫ਼ਿਰ ਮੁੜੇਗੀ,

       ਜੀਵਨ ਦੀ ਰੁੱਸੀ ਬਹਾਰ। 

                      ਸੋ ਇਹ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਐਡੇ ਵੱਡੇ ਤੇ ਭਰੋਸੇਯੋਗ ਹਸਪਤਾਲ਼ ਦਾ ਇਹ ਹਾਲ ਹੈ। ਇਸ ਤੋਂ ਇਲਾਵਾ ਉੱਥੇ ਆਮ ਲੋਕ ਸਸਤਾ ਇਲਾਜ਼ ਕਰਵਾਉਣ ਲਈ ਜਾਂਦੇ ਹਨ ਪਰ ਉਹਨਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਵੈਸੇ ਜੇ ਸਾਡੇ ਦੇਸ਼ ਵਿੱਚ ਵੀ ਬਾਹਰਲੇ ਦੇਸ਼ਾਂ ਵਾਂਗ ਹਰ ਚੀਜ਼ ਦਾ ਕੋਈ ਸਿਸਟਮ ਬਣਾਇਆ ਜਾਵੇ ਤਾਂ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਇਸ ਨਾਲ਼ ਸਮਾਂ ਵੀ ਬੱਚ ਸਕਦਾ ਹੈ ਤੇ ਪੈਸੇ ਦੀ ਬੇਵਜ੍ਹਾ ਹੁੰਦੀ ਬਰਬਾਦੀ ਵੀ ਰੋਕੀ ਜਾ ਸਕਦੀ ਹੈ। ਨਿੱਜੀ ਹਸਪਤਾਲਾਂ ਵਿੱਚ ਐਡੀ ਭੀੜ ਨਹੀਂ ਹੁੰਦੀ ਪਰ ਸਰਕਾਰੀ ਹਸਪਤਾਲ਼ ਵਿੱਚ ਪੈਰ ਰੱਖਣਾ ਔਖਾ ਹੁੰਦਾ ਹੈ। ਮੰਨਿਆਂ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕ ਜ਼ਿਆਦਾ ਜਾਂਦੇ ਹਨ ਪਰ ਸਿਸਟਮ ਤਾਂ ਬਣਾਏ ਜਾ ਹੀ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਗ਼ਰੀਬ ਬੰਦੇ ਨੂੰ ਇਲਾਜ਼ ਲਈ ਠੋਕਰਾਂ ਹੀ ਖਾਣੀਆਂ ਪੈਣ। ਆਪਣਾ ਕੰਮ ਕਾਰ ਛੱਡ ਹਸਪਤਾਲਾਂ ਦੇ ਧੱਕੇ ਖਾਣੇ ਪੈਣ। ਅੱਜ ਸਾਡਾ ਦੇਸ਼ ਬਹੁਤ ਸਾਰੇ ਬੇਫਜੂਲ ਮੁੱਦਿਆਂ ਵਿੱਚ ਉਲਝਿਆ ਹੋਇਆ ਹੈ। ਸੁਧਾਰ ਵੱਲ ਕੋਈ ਵੱਧਣਾ ਹੀ ਨਹੀਂ ਚਾਹੁੰਦਾ। ਮੈਂ ਦਾਅਵਾ ਕਰਦੀ ਹਾਂ ਕਿ ਜੇ ਐਹੋ ਜਿਹੇ ਭ੍ਰਿਸਟਾਚਾਰ ਜੜ੍ਹ ਤੋਂ ਮੁੱਕ ਜਾਣ ਤਾਂ ਸਾਡਾ ਇਹ ਦੇਸ਼ ਤੇ ਸਾਡਾ ਪੰਜਾਬ ਮੁੜ ਗੁਲਾਬ ਦੇ ਫੁੱਲ ਵਾਂਗ ਖਿੜ ਜਾਣਗੇ।

                ਮੇਰਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਸਗੋਂ ਸੱਚਾਈ ਸਾਹਮਣੇ ਰੱਖਣੀ ਹੈ। ਅੱਗੇ ਸੱਭ ਦੇ ਆਪੋ ਆਪਣੇ ਵਿਚਾਰ ਤੇ ਆਪੋ ਆਪਣੀ ਸੋਚ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059

ਅਭੁੱਲ ਯਾਦ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

 ਦੋ ਸਾਲ ਪਹਿਲਾ ਮੇਰਾ ਜਨਮਦਿਨ ਸ਼ਨੀਵਾਰ ਦਾ ਸੀ। ਮੈਂ ਨਹਾਂ ਕੇ ਤਿਆਰ ਹੋ ਕੇ ਮੰਦਰ ਮੱਥਾ ਟੇਕਣ ਗਿਆ। ਪਰ ਜਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਮੈਂ ਬਾਜ਼ਾਰ ਵਿੱਚ ਚਲਾ ਗਿਆ। 

                   ਮੈਂ ਇਕ ਦੁਕਾਨ ਤੋ 100 ਪੀਸ ਬਰੈੱਡ ਕੇਕ ਲਏ ਅਤੇ  ਫਿਰ ਪਿੰਗਲਵਾੜੇ ਚਲਾ ਗਿਆ। ਮੈਂ ਦਫ਼ਤਰ ਉਥੇ ਮੌਜੂਦ ਆਧਿਕਾਰੀ ਨੂੰ ਬੇਨਤੀ ਕੀਤੀ ਕਿ ਅੱਜ ਮੇਰਾ ਜਨਮਦਿਨ ਹੈ ਅਤੇ ਮੈਂ ਪਿੰਗਲਵਾੜੇ ਵਿੱਚ ਰਹਿਣ ਵਾਲੇ ਹਰ ਰੱਬ ਦੇ ਬੰਦੇ ਲਈ ਕੇਕ ਲੈ ਕੇ ਆਇਆ ਹਾਂ, ਮੈਂ ਆਪਣੀ ਖੁਸ਼ੀ ਉਹਨਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।

                             ਆਧਿਕਾਰੀ ਬਹੁਤ ਖੁਸ਼ ਹੋਏ ਅਤੇ ਮੈਨੂੰ ਜਨਮਦਿਨ ਦੀਆ ਮੁਬਾਰਕਾਂ ਦਿੱਤੀਆ ਅਤੇ ਮੈਨੂੰ ਕਿਹਾ," ਤੁਸੀ ਆਪ ਹੀ ਸਾਰਿਆ ਨੂੰ ਕੇਕ ਵੰਡ ਦਿਉ "।

           ਫਿਰ ਮੈਂ ਸਾਰਿਆ ਨੂੰ ਕੇਕ ਵੰਡੇ ਅਤੇ ਉਹਨਾਂ ਨੂੰ ਖੁਸ਼ ਦੇਖਕੇ, ਮੈਨੂੰ ਜੋ ਖੁਸ਼ੀ ਮਿਲੀ ਉਹ ਬੜੀ ਅਭੁੱਲ ਸੀ।

 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

          9914482924

ਮਾਂ ਦਿਵਸ ਤੇ ਖ਼ਾਸ "ਸ਼ਹਿਦ ਨਾਲੋਂ ਮਿੱਠੀ, ਮਾਂ ਦੀ ਮਮਤਾ" ✍ ਬਲਦੇਵ ਸਿੰਘ ਬੇਦੀ

ਮਾਂ, ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਰੱਬ ਨੂੰ ਤਾਂ ਅਸੀਂ ਕਦੇ ਨਹੀਂ ਵੇਖਿਆ, ਪਰ ਮਾਂ ਜਨਮ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੈ। ਇਸ ਲਈ ਮਾਂ ਤਾਂ ਰੱਬ ਤੋਂ ਵੀ ਉੱਚੀ ਤੇ ਵੱਡੀ ਹੋਈ। ਹਰ ਪ੍ਰਾਣੀ ਦੀ ਇਕ ਹੀ ਜਨਮਦਾਤੀ ਹੁੰਦੀ ਹੈ ਤੇ ਉਹ ਸਿਰਫ਼ ਮਾਂ ਹੁੰਦੀ ਹੈ। ਜਿੱਥੇ ਮਾਂ ਹੁੰਦੀ ਹੈ ਉੱਥੇ ਮਮਤਾ ਵੀ ਹੁੰਦੀ ਹੈ। ਦੁਨਿਆ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਤੇ ਉੱਤਮ ਵਸਤੂ ਮਾਂ ਦੀ ਮਮਤਾ ਹੈ। ਜਿਸ ਦੀ ਕਦਰ ਕਰਨਾ ਹਰ ਇੱਕ ਮਨੁੱਖ ਦਾ ਫ਼ਰਜ਼ ਬਣਦਾ ਹੈ।

ਮਾਂ ਕੇਵਲ ਮਾਂ ਹੀ ਨਹੀਂ ਸਗੋਂ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ, ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ। ਮਾਂ ਵੱਲੋਂ ਦਿੱਤੀ ਗਈ ਸਹੀ ਸਿੱਖਿਆ ਬੱਚਿਆਂ ਨੂੰ ਚੰਗਾ ਨਾਗਰਿਕ ਬਣਨ `ਚ ਵੀ ਮਦਦ ਕਰਦੀ ਹੈ। ਮਾਂ ਆਪਣੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਤੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਲਾ ਦਿੰਦੀ ਹੈ ਅਤੇ ਉਸ ਦੇ ਆਪਣੇ ਸੁਪਨੇ ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਨ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ। 

ਬੱਚਾ ਪਹਿਲਾ ਸ਼ਬਦ ਵੀ ਮਾਂ ਹੀ ਬੋਲਦਾ ਹੈ। ਬੱਚੇ ਦੀ ਸ਼ਖਸ਼ੀਅਤ ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ ਤੇ ਉਸ ਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸ਼ੀਅਤ ’ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਪਰ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਚੋਰ ਬਣੇ ਅਤੇ ਨਾਹੀਂ ਕੋਈ ਮਾਂ ਆਪਣੇ ਚੋਰ ਪੁੱਤਰ ਨੂੰ ਕਦੇ ਵੀ ਚੋਰ ਮੰਨਣ ਲਈ ਤਿਆਰ ਹੋਵੇਗੀ ਕਿਉਂਕਿ ਉੱਥੇ ਉਸ ਦੀ ਮਮਤਾ ਭਾਰੀ ਪੈ ਜਾਂਦੀ ਹੈ। ਮਾਂ ਦਾ ਮਮਤਾ ਨਾਲ ਸਿੱਧਾ ਸਬੰਧ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਉੱਤਮ, ਪਵਿੱਤਰ ਅਤੇ ਰੱਬ ਦੀ ਨੇੜਤਾ ਦਾ ਸਬੂਤ ਹੁੰਦਾ ਹੈ। ਭਾਵ, ਰੱਬ ਦਾ ਦੂਜਾ ਨਾਂ ਹੀ ਮਾਂ ਹੈ। ਆਪਣੀ ਔਲਾਦ ਨੂੰ ਦੁਨੀਆ ਵਿਖਾਉਣ ਵਾਲੀ ਮਾਂ ਵਰਗੀ ਸ਼ਾਇਦ ਹੀ ਕੋਈ ਦੂਜੀ ਮਿਸਾਲ ਦੁਨੀਆਂ ਵਿੱਚ ਹੋਵੇ। ਸਾਰੇ ਰਿਸ਼ਤਿਆਂ ਵਿਚੋਂ ਇਕੋ ਇਕ ਅਨੋਖਾ ਤੇ ਵਿਲੱਖਣ ਰਿਸ਼ਤਾ ਮਾਂ ਦਾ ਹੀ ਹੁੰਦਾ ਹੈ, ਜੋ ਸਾਰੇ ਕਸ਼ਟ ਅਤੇ ਤਕਲੀਫਾਂ ਹੰਢਾ ਕੇ ਦੁਨੀਆ ਭਰ ਦੇ ਸੁੱਖ ਆਪਣੀ ਔਲਾਦ ਵਾਸਤੇ ਪੈਦਾ ਕਰਦਾ ਹੀ ਰਹਿੰਦਾ ਹੈ। ਮਾਂ ਆਪਣੀ ਔਲਾਦ ਦੀ ਹਰ ਰਮਜ਼ ਨੂੰ ਪਛਾਣਦੀ ਹੈ। ਤਾਂ ਹੀ ਕਹਿੰਦੇ ਹਨ, ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ। ਮਾਂ ਦੀ ਸਾਰੀ ਦੁਨੀਆਂ ਉਸ ਦੀ ਔਲਾਦ ਹੀ ਹੁੰਦੀ ਹੈ। ਮਾਂ ਦੇ ਦਿਲੋਂ ਆਪਣੀ ਔਲਾਦ ਲਈ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਹਨ। ਮਾਂ ਦੀ ਮਮਤਾ ਤਾਂ ਉਸ ਰੁੱਖ ਦੀ ਤਰ੍ਹਾਂ ਹੁੰਦੀ ਹੈ ਜੋ ਸਭ ਨੂੰ ਛਾਂ ਦਿੰਦਾ ਹੈ ਪਰ ਆਪ ਧੁੱਪਾਂ ਸਹਿੰਦਾ ਹੈ। ਮਾਂ ਦੀ ਮਮਤਾ ਹੀ ਔਲਾਦ ਨੂੰ ਜ਼ਿੰਦਗੀ ਦੀਆਂ ਧੁੱਪਾਂ ਅਤੇ ਝੱਖੜਾਂ ਤੋਂ ਬਚਾਉਂਦੀ ਹੈ। ਇਹ ਸੱਚ ਹੈ ਕਿ ਮਾਂ ਦੀ ਬੁੱਕਲ ਤੋਂ ਬਿਨਾਂ ਬੱਚਿਆਂ ਦਾ ਇੱਕ ਦਿਨ ਤਾਂ ਕੀ ਇੱਕ ਸਾਹ ਵੀ ਪੂਰਾ ਨਹੀਂ ਹੋ ਸਕਦਾ। ਮਾਂ ਰੱਬ ਦੀ ਦਿੱਤੀ ਉਹ ਅਣਮੁੱਲੀ ਦਾਤ ਹੈ ਜਿਸ ਦੀ ਤੁਲਨਾ ਹਮੇਸ਼ਾ ਕੁਦਰਤ ਨਾਲ ਹੁੰਦੀ ਹੈ। ਅਸਲ 'ਚ ਵੇਖਿਆ ਜਾਵੇ ਤਾਂ ਦੋਹਾਂ ਦੇ ਸੁਭਾਅ ਵੀ ਇੱਕੋ ਜਿਹੇ ਹੁੰਦੇ ਹਨ, ਦੋਵੇਂ ਦੇਣਾ ਜਾਣਦੇ ਹਨ ਲੈਣਾ ਨਹੀਂ। ਦੋਹਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਭਾਵੇਂ ਅੱਜ ਮਹੁੱਬਤ ਕਰਨ ਲਈ ਸਾਰਾ ਜ਼ਮਾਨਾ ਹੈ ਪਰ ਪਿਆਰ ਸ਼ਬਦ ਦੀ ਅਸਲੀ ਸ਼ੁਰੂਆਤ ਮਾਂ ਤੋਂ ਹੀ ਹੁੰਦੀ ਹੈ।  

ਸਾਡੇ ਲਈ ਹਰ ਦਿਨ ਮਾਂ ਦੀ ਹੀ ਦੇਣ ਹੈ,ਪਰ ਫਿਰ ਵੀ ਇੱਕ ਖਾਸ ਤਰ੍ਹਾਂ ਨਾਲ ਮਾਂ ਨੂੰ ਯਾਦ ਕਰਨ ਲਈ, ਮਾਂ ਵਲੋਂ ਦਿੱਤੀ ਗਈ ਸਾਨੂੰ ਅਣਮੋਲ ਜਿੰਦਗੀ 'ਚੋ ਸਾਲ ਦਾ ਇੱਕ ਦਿਨ ਪੂਰੀ ਤਰ੍ਹਾਂ ਸਮਰਪਤ ਕਰਨ ਲਈ ‘ਮਾਂ ਦਿਵਸ' ਬਣਾਇਆ ਗਿਆ, ਜੋਕਿ ਮਈ ਮਹੀਨੇ ਦੂਸਰੇ ਐਤਵਾਰ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਬੱਚਿਆਂ ਦਾ ਪੂਰਾ ਜੀਵਣ ਵੀ ਮਾਂ ਨੂੰ ਸਮਰਪਿਤ ਹੋ ਕੇ ਲੰਘ ਜਾਵੇ ਤਾਂ ਵੀ ਉਸਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। 

ਬਲਦੇਵ ਸਿੰਘ ਬੇਦੀ

ਜਲੰਧਰ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ

” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-

ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ

ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ 

ਤੈਥੋਂ ਪਲ ਵੀ ਦੂਰ ਨਾ ਜਾਵਾਂ।

ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —

ਮਾਂ ਦੇ ਲਈ ਸੱਭ ਨੂੰ ਛੱਡ ਦਿਓ... 

ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ

ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੂ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ

ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋਈ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

 

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,

ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।

ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,

ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।

ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,

ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

 

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ।

ਝਲੂਰ ਬਰਨਾਲਾ ।

ਮਾਂ ਦੀ ਮਮਤਾ ✍️ ਸੰਦੀਪ ਦਿਉੜਾ

                         ਇੱਕ ਦਿਨ ਮੈਂ, ਮੇਰੀ ਪਤਨੀ ਅਤੇ ਮੇਰਾ ਇੱਕ ਖਾਸ ਮਿੱਤਰ ਉਸੇ ਦੀ ਹੀ ਕਾਰ ਰਾਹੀਂ ਲੁਧਿਆਣੇ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ। 

     ਨਵੀਆਂ ਚੌੜੀਆਂ ਸੜਕਾਂ ਅਤੇ ਉੱਚੇ ਉੱਚੇ ਪੁੱਲਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਬਾਹਰਲੇ ਦੇਸ਼ ਵਿੱਚ ਹੋਈਏ। ਅਣਗਿਣਤ ਕਾਰਾਂ ਸੜਕ ਦੇ ਉੱਤੇ ਇੱਧਰੋ ਉਧਰੋ ਤੇ ਉਧਰੋ ਇੱਧਰੋ ਤੇਜ਼ ਰਫਤਾਰ ਵਿੱਚ ਭੱਜ ਰਹੀਆਂ ਸਨ। ਕਾਰਾਂ ਦੀ ਗਿਣਤੀ ਤੇ ਰਫਤਾਰ ਹੀ ਮੈਨੂੰ ਬਾਹਰਲੇ ਦੇਸ਼ ਦੀ ਤਰ੍ਹਾਂ ਕਹਿਣ ਲਈ ਮਜਬੂਰ ਕਰ ਰਹੀ ਹੈ। ਭਾਵੇਂ ਅਜੇ ਸੜਕਾਂ ਉੱਥੋ ਵਰਗੀਆਂ ਨਹੀਂ ਹਨ ਪਰ ਵਹੀਕਲਾਂ ਦੀ ਗਿਣਤੀ ਉਸੇ ਤਰ੍ਹਾਂ ਹੀ ਭਾਰਤ ਵਿੱਚ ਵੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। 

         ਅਚਾਨਕ ਮੇਰੀ ਨਜ਼ਰ ਥੋੜ੍ਹੀ ਦੂਰੀ ਤੇ ਖੱਬੇ ਪਾਸੇ ਪਈ। ਮੈਂ ਦੇਖਿਆ ਕਿ ਇੱਕ ਛੋਟਾ ਜਿਹਾ ਕਤੂਰਾ ਕਿਸੇ ਵਹੀਕਲ ਦੇ ਨਾਲ ਟੱਕਰ ਖਾਹ ਕੇ ਖੱਬ ਪਾਸੇ ਡਿੱਗਿਆ ਪਿਆ ਸੀ। ਸ਼ਾਇਦ ਕੁਝ ਦੇਰ ਪਹਿਲਾਂ ਹੀ ਉਸਨੂੰ ਇਹ ਟੱਕਰ ਲੱਗੀ ਹੋਣੀ ਹੈ। ਕਤੂਰਾ ਬਿਨਾਂ ਕਿਸੇ ਹਿੱਲਜੁੱਲ ਦੇ ਸੜਕ ਉੱਤੇ ਪਿਆ ਸੀ ਪਰ ਉਸਦੀ ਮਾਂ ਉਸਦੇ ਕੋਲ ਬਿਨਾਂ ਰੁਕੇ ਹੀ ਭੌਕੀ ਜਾ ਰਹੀ ਸੀ। ਜਿਵੇਂ ਆਪਣੇ ਬੱਚੇ ਨੂੰ ਸਮਝਾ ਰਹੀ ਹੋਵੇ ਕਿ ਚੱਲ ਬੱਚੇ ਸੜਕ ਉੱਤੇ ਬਹੁਤ ਭੀੜ ਹੈ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ। 

        ਉਸਦੇ ਦਿਲ ਡਰ ਤਾਂ ਸੜਕ ਉੱਤੇ ਸੱਚ ਹੋਇਆਂ ਪਿਆ ਸੀ। ਉਹ ਕਦੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ, ਕਿਤੇ ਮੂੰਹ ਨਾਲ ਖਿੱਚਣ ਦੀ ਅਤੇ ਕਦੇ ਉਸਦੇ ਆਸੇ ਪਾਸੇ ਚੱਕਰ ਕੱਟਣ ਲੱਗ ਜਾਂਦੀ ਤੇ ਫ਼ਿਰ ਭੌਕਣ ਲੱਗ ਜਾਂਦੀ। ਪਰ ਉਹ ਬੇਜਾਨ ਉਸੇ ਤਰ੍ਹਾਂ ਹੀ ਸੜਕ ਉੱਤੇ ਪਿਆ ਹੁੰਦਾ ਹੈ। 

               ਨੇੜਲੇ ਹੀ ਖੇਤਾਂ ਵਿੱਚ ਕੰਮ ਕਰ ਰਹੇ ਕੁਝ ਬੰਦਿਆਂ ਨੇ ਉਸਨੂੰ ਉੱਥੋ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ ਕਿਤੇ ਇਹ ਵੀ ਕਿਸੇ ਵਹੀਕਲ ਦੇ ਥੱਲ੍ਹੇ ਹੀ ਨਾ ਆ ਜਾਵੇ। ਪਰ ਇੱਕ ਉਹ ਸੀ ਜੋ ਜਾਣ ਦੀ ਥਾਂ ਤੇ ਉਹਨਾਂ ਉੱਤੇ ਵੀ ਭੌਕਣ ਲੱਗ ਪਈ। ਉਹਨਾਂ ਨੇ ਦੂਰੋਂ ਪੱਥਰ ਮਾਰਿਆਂ ਤਾਂ ਉਹ ਡਰਦੇ ਮਾਰੇ ਉੱਥੋਂ ਭੱਜ ਗਈ। ਹੁਣ ਉਹ ਪਿੱਛੇ ਮੁੜ ਮੁੜ ਕੇ ਹੀ ਦੇਖਦੀ ਜਾ ਰਹੀ ਸੀ। ਜਿਵੇਂ ਉਹਨਾਂ ਨੂੰ ਆਖ ਰਹੀ ਹੋਵੇ ਕਿ ਮੈਨੂੰ ਮੇਰੇ ਲਾਡਲੇ ਦਾ ਆਖਰੀ ਵਾਰ ਚਿਹਰਾ ਤਾਂ ਦੇਖ ਲੈਣ ਦਿਉ। ਉਸ ਦੇ ਦਿਲ ਦੀਆਂ ਭਾਵਨਾਵਾਂ ਨੂੰ ਕੋਈ ਵੀ ਨਹੀਂ ਸੀ ਸਮਝ ਪਾ ਰਿਹਾ। ਸੜਕ ਉੱਤੇ ਉਸੇ ਹੀ ਤਰ੍ਹਾਂ ਤੇਜ਼ੀ ਰਫਤਾਰ ਨਾਲ ਵਹੀਕਲ ਆ ਤੇ ਜਾ ਰਹੇ ਸਨ। ਉਸ ਦੀਆਂ ਭਾਵਨਾਵਾਂ ਜਾਂ ਮਾਂ ਦੀ ਮਮਤਾ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ ਜੋ ਅੱਜਕੱਲ੍ਹ ਤੇਜ਼ ਰਫਤਾਰ ਮਸ਼ੀਨੀ ਯੁੱਗ ਵਿੱਚ ਮਸ਼ੀਨ ਹੀ ਬਣ ਕੇ ਰਹਿ ਗਏ ਹਾਂ।

                        ਸੰਦੀਪ ਦਿਉੜਾ

                     8437556667

ਮਾਂ ਦਿਵਸ ਤੇ ਵਿਸ਼ੇਸ਼ ✍️ ਪੂਜਾ ਰਤੀਆ

ਦੁਨੀਆਂ ਭਰ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਲੜਕਾ ਅਤੇ ਲੜਕੀ ਲਈ ਮਾਂ ਦਾ ਮਹੱਤਵ ਬਰਾਬਰ ਹੁੰਦਾ ਹੈ। ਦੋਨਾਂ ਦੀ ਜ਼ਿੰਦਗੀ ਮਾਂ ਬਿਨਾਂ ਅਧੂਰੀ ਹੈ। ਇੱਕ ਮਾਂ ਹੋਣ ਦੇ ਨਾਤੇ ਔਰਤ ਹੋਰ ਵੀ ਕਈ ਰਿਸ਼ਤੇ ਨਿਭਾਉਂਦੀ ਹੈ ਜਿਵੇਂ - ਬੇਟੀ,ਨੂੰਹ,ਪਤਨੀ ਆਦਿ। ਪਰ ਕੀ ਸਿਰਫ਼ ਮਾਂ ਦਿਵਸ ਤੇ ਹੀ ਮਾਂ ਨਾਲ਼ ਫੋਟੋਆ, ਸ਼ਾਇਰੀ ਯਾਦ ਆਉਂਦੀ ਹੈ।ਅਗਲੇ ਦਿਨ ਹੀ ਮਾਂ ਪ੍ਰਤੀ ਜੋ ਸਾਡੇ ਫਰਜ਼ ਨੇ ਉਹ ਅਸੀਂ ਭੁੱਲ ਜਾਂਦੇ ਹਾਂ।ਇਸਦਾ ਮਤਲਬ ਤਾਂ ਮਾਂ ਦਾ ਸਿਰਫ਼ ਇਕ ਦਿਨ ਹੀ ਹੋਇਆ।
ਮੇਰੇ ਹਿਸਾਬ ਨਾਲ ਮਾਂ ਦਿਵਸ ਦਾ ਦਿਨ ਭਟਕੇ ਹੋਏ ਇਨਸਾਨਾਂ ਨੂੰ ਸਹੀ ਰਾਹ ਦੇਣਾ ਹੈ ਕਿ ਉਸਦੇ ਜੋ ਫਰਜ਼ ਹਨ ਨਿਭਾਵੇ।ਅਸੀਂ ਅੱਜ ਕੱਲ੍ਹ ਦੇਖਦੇ ਹਾਂ ਬਿਰਧ ਆਸ਼ਰਮ ਹਰ ਸ਼ਹਿਰ ਵਿੱਚ ਹਨ ਕੀ ਉੱਥੇ ਮਾਵਾਂ ਨਹੀਂ?ਜਦੋਂ ਅਸੀਂ ਆਪਣੇ ਮਾਂ - ਬਾਪ ਨੂੰ ਉੱਥੇ ਛੱਡ ਕੇ ਆਉਂਦੇ ਹਾਂ ਓਦੋਂ ਸਾਡੇ ਮਾਂ ਦਿਵਸ ਕਿੱਥੇ ਹੁੰਦੇ ਹਨ? 
ਇਹ ਮਾਂ ਦਿਵਸ ਤਾਂ ਮਨਾਇਆ ਜਾਂਦਾ ਹੈ ਕਿ ਜੋ ਮਾਂ ਆਪਣੀ ਸਾਰੀ ਜ਼ਿੰਦਗੀ ਆਪਣੇ ਘਰ ਅਤੇ ਬੱਚਿਆਂ ਨੂੰ ਸਮਰਪਿਤ ਕਰਦੀ ਹੈ ਕਦੇ ਉਸ ਲਈ ਵੀ ਦਿਨ ਹੋਏ ਕਿ ਜਿਸ ਦਿਨ ਉਹ ਆਪਣੀ ਜ਼ਿੰਦਗੀ ਦਾ ਅਹਿਮ ਪਲ ਮਨਾ ਸਕੇ। ਤੁਸੀਂ ਦੇਖਦੇ ਹੋਵੋਂਗੇ ਕਿ ਕਈ ਘਰਾਂ ਵਿੱਚ ਕੇਕ ਕੱਟ ਕੇ, ਸ਼ੂਟ ਦੇ ਕੇ ਜਾਂ ਜੋ ਚੀਜ਼ ਮਾਂ ਨੂੰ ਪਸੰਦ ਹੁੰਦੀ ਹੈ ਉਹ ਦੇ ਕੇ,ਮਾਂ ਸ਼ਰਮਾਉਂਦੀ ਵੀ ਹੈ ਅਤੇ ਅੰਦਰੋ ਅੰਦਰੀ ਖੁਸ਼ੀ ਮਾਰੇ ਭੁੱਬਾ ਵੀ ਉਛਾਲੇ ਮਾਰ ਰਹੀਆਂ ਹੁੰਦੀਆਂ ਹਨ।ਪਰ ਮਾਂ ਨੂੰ ਇਨ੍ਹਾਂ ਸਭ ਚੀਜਾਂ ਨਾਲੋਂ ਇੱਕ ਚੰਗਾ ਇਨਸਾਨ ਬਣ ਕੇ ਦਿਖਾਵੋ ਤਾਂ ਕੇ ਪੂਰੇ ਸਮਾਜ ਵਿੱਚ ਨਜ਼ਰਾ ਚੁੱਕ ਕੇ ਤੁਰ ਸਕੇ,ਨਾ ਕੇ ਨਸ਼ਿਆ ਜਾਂ ਸਮਾਜਿਕ ਬੁਰਾਈਆਂ ਨੂੰ ਅਪਣਾ ਕੇ ਉਨ੍ਹਾਂ ਦਾ ਸਿਰ ਝੁਕਾਓ।
ਫਿਰ ਹਰ ਦਿਨ ਹੀ ਉਸ ਲਈ ਅਤੇ  ਤੁਹਾਡੇ ਲਈ ਮਾਂ ਦਿਵਸ ਹੋਵੇਗਾ।
ਸਭ ਤੋਂ ਪਹਿਲਾ ਮੇਰੀ ਭਾਰਤ ਮਾਂ ਅਤੇ ਪੂਰੇ ਭਾਰਤ ਵਿੱਚ ਰਹਿ ਰਹੀਆਂ ਮਾਤਾਵਾਂ ਨੂੰ ਸ਼ੁਭਕਾਮਨਾਵਾਂ।
ਪੂਜਾ
ਸ਼ਹਿਰ - ਰਤੀਆ (ਹਰਿਆਣਾ)
9815591967