"ਆਓ ਅਵਾਰਾ ਕੁੱਤਿਆਂ ਦੀ ਦਾਸਤਾਨ ਜਾਣੀਏਂ ਕਿ ਓਹ ਆਦਮਖੋਰ ਕਿਉਂ ਬਣੇਂ?"
ਕਾਫੀ ਸਾਰੇ ਅਖਬਾਰਾਂ ਮੀਡੀਆ ਨੇ ਅਵਾਰਾ ਕੁੱਤਿਆਂ ਵੱਲੋਂ ਕੀਤੀ ਜਾਂਦੀ ਤਬਾਹੀ ਅਤੇ ਕੀਮਤੀ ਜਾਨਾਂ ਲੈਣ ਬਾਰੇ ਲਿਖਿਆ ਹੈ ਹੁਣ ਤਾਂ ਅਦਾਲਤਾਂ ਵੱਲੋਂ ਵੀ ਇਹ ਕਿਹਾ ਜਾਣ ਲੱਗਾ ਹੈ ਕਿ ਅਵਾਰਾ ਕੁੱਤਿਆਂ ਦੀ ਫੜੋ ਫੜਾਈ ਕਰੋ ਜੋ ਕਿ ਬਹੁਤ ਹੀ ਗੰਭੀਰ ਮਸਲਾ ਹੈ ਹਰ ਇੱਕ ਲੇਖਕ ਆਲੋਚਕ ਨੇ ਆਪੋ ਆਪਣੇ ਵਿਚਾਰ ਜਨਤਾ ਦੇ ਸਨਮੁਖ ਰੱਖੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਾਮਲਾ ਅਤਿਅੰਤ ਗੰਭੀਰ ਹੈ। ਜਦੋਂ ਕੋਈ ਵੀਡੀਓ ਫੇਸਬੁੱਕ ਜਾਂ ਯੂ ਟਿਊਬ ਤੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਿੰਨਾ ਕਹਿਰ ਕਮਾਉਂਦੇ ਨੇ ਇਹ ਅਵਾਰਾ ਕੁੱਤੇ। ਉਂਝ ਵੇਖਿਆ ਜਾਵੇ ਤਾਂ ਪਾਲਤੂ ਵੀ ਕਈ ਪਿੱਟ ਬੂਲ ਵਰਗੀ ਨਸਲ ਵੀ ਘੱਟ ਨਹੀਂ ਕਰਦੀ। ਬਹੁਤ ਸਾਰੀ ਜਨਤਾ ਨੇ ਪੜ੍ਹ ਕੇ ਆਪੋ ਆਪਣੇ ਵਿਚਾਰ ਵੀ ਪ੍ਰੈਸ ਰਾਹੀਂ ਲੋਕਾਂ ਦੇ ਵਿਚਾਰਨ ਗੋਚਰ ਲਿਖੇ ਹਨ। ਇਹਨਾਂ ਅਵਾਰਾ ਕੁੱਤਿਆਂ ਦੇ ਖੌਫ ਨਾਲ ਹਨੇਰੇ ਸਵੇਰੇ ਲੋਕ ਘਰਾਂ ਤੋਂ ਬਾਹਰ ਵੀ ਘੱਟ ਨਿਕਲਦੇ ਹਨ। ਜੋ ਅਵਾਰਾ ਕੁੱਤੇ ਗਰੁੱਪਾਂ ਵਿੱਚ ਘੁੰਮਦੇ ਹਨ ਅਤੇ ਖੂੰਖਾਰ ਹੁੰਦੇ ਹਨ ਜਦੋਂ ਕੋਈ ਪਸ਼ੂ ਜਾਂ ਪ੍ਰਾਣੀ ਇਹਨਾਂ ਦੇ ਚੁੰਗਲ ਵਿੱਚ ਫਸ ਜਾਵੇ ਤਾਂ ਉਸਦਾ ਜੀਵਤ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਕੁੱਤੇ ਅੱਜ ਕੱਲ ਇੰਨੇ ਖੂੰਖਾਰ ਕਿਉਂ ਹੋ ਗਏ ਹਨ ਇਹ ਵਿਚਾਰਨਯੋਗ ਵਿਸ਼ਾ ਹੈ ਪਰ ਇਸ ਸਬੰਧੀ ਕੁੱਤਿਆਂ ਦੇ ਵਿਚਾਰ ਜਾਨਣਾ ਵੀ ਜਰੂਰੀ ਸੀ ਸੋ ਮਨੁੱਖ ਅਤੇ ਕੁੱਤਿਆਂ ਦੇ ਪ੍ਰਸਪਰ ਸਬੰਧਾਂ ਬਾਰੇ ਕੁਝ ਇਤਿਹਾਸਿਕ ਹਵਾਲਿਆਂ ਨਾਲ ਇਹ ਲਿਖਣ ਦਾ ਉਪਰਾਲਾ ਕਰ ਰਹੇ ਹਾਂ
ਸੋ ਇਹ ਕੁੱਤਿਆਂ ਦੇ ਜੁਬਾਨੀ ਹੈ ਜੀ - ਤੁਹਾਡੇ ਵੱਡ ਵਡੇਰਿਆਂ ਨੇ ਤਾਂ ਸਾਨੂੰ ਦਰਵੇਸ਼ ਦਾ ਰੁਤਬਾ ਦਿੱਤਾ ਸੀ। ਦਰਵੇਸ਼ ਜਾਨੀ ਕਿ ਦਰਾਂ ਤੇ ਵਾਸ ਕਰਨ ਵਾਲੇ। ਅਸੀਂ ਤੁਹਾਡੇ ਦਰਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਦੇ ਸਾਂ। ਪੁਰਾਣੇ ਸਮੇਂ ਦੇ ਵਿੱਚ ਸਾਡੇ ਵਿੱਚੋਂ ਚੰਗੀ ਡੀਲ ਡੋਲ ਵਾਲੇ ਅਤੇ ਦਲੇਰ ਕੁੱਤਿਆਂ ਨੂੰ ਤੁਹਾਡੇ ਵੱਡ ਵਡੇਰੇ ਪਾਲਤੂ ਰੱਖ ਲੈਂਦੇ ਸਨ ਉਹ ਘਰਾਂ ਲਈ ਰਾਖੀ ਅਤੇ ਮਾਲਕਾਂ ਲਈ ਸ਼ਿਕਾਰ ਵੀ ਕਰਕੇ ਲਿਆਉਂਦੇ ਸਨ। ਪੂਰੀ ਵਫਾਦਾਰੀ ਨਾਲ ਆਪਣੇ ਮਾਲਕ ਦੀ ਰਾਖੀ ਅਤੇ ਸੇਵਾ ਵੀ ਕਰਦੇ ਸਨ। ਘਰਾਂ ਦੀਆਂ ਗਾਵਾਂ ਮੱਜਾਂ ਭੇਡਾਂ ਬੱਕਰੀਆਂ ਇੱਥੋਂ ਤੱਕ ਕਿ ਮੁਰਗੀਆਂ ਕਬੂਤਰਾਂ ਤੇ ਹੋਰ ਪਾਲਤੂ ਜਾਨਵਰਾਂ ਦੀ ਰਾਖੀ ਕਰਨਾ ਸਾਡੀ ਹੀ ਜਿੰਮੇਵਾਰੀ ਹੁੰਦੀ ਸੀ। ਜੰਗਲਾਂ ਵਿੱਚ ਪਸ਼ੂ ਚਾਰਨ ਵਾਲੇ ਚਰਵਾਹੇ ਵੀ ਹਿਫਾਜ਼ਤ ਵਾਸਤੇ ਸਾਨੂੰ ਨਾਲ ਹੀ ਰੱਖਦੇ ਸਨ ਜੇਕਰ ਕੋਈ ਭੇਡ ਬੱਕਰੀ ਜੰਗਲ ਵਿੱਚ ਗੁਆਚ ਵੀ ਜਾਂਦੀ ਸੀ ਤਾਂ ਮਿੰਟਾਂ ਵਿੱਚ ਅਸੀਂ ਉਸਨੂੰ ਲੱਭ ਲੈਂਦੇ ਸਾਂ। ਸਾਰੇ ਹੀ ਪਾਲਤੂ ਜਾਨਵਰਾਂ ਨਾਲੋਂ ਸਾਡੀ ਵਫਾਦਾਰੀ ਵੱਧ ਮੰਨੀ ਜਾਂਦੀ ਸੀ ਜੋ ਅੱਜ ਵੀ ਜਿਉਂ ਦੀ ਤਿਉਂ ਹੈ।
ਪੁਰਾਣੇ ਸਮਿਆਂ ਦੇ ਵਿੱਚ ਜੋ ਕੁੱਤੇ ਪਾਲਤੂ ਨਹੀਂ ਵੀ ਹੁੰਦੇ ਸਨ ਅਵਾਰਾ ਗਲੀਆਂ ਵਿੱਚ ਘੁੰਮਦੇ ਰਹਿੰਦੇ ਸਨ ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ ਸੀ ਉਹ ਪਿੰਡ ਕਸਬੇ ਜਾਂ ਮੁਹੱਲੇ ਦੇ ਸਾਂਝੇ ਸੇਵਾਦਾਰ ਹੁੰਦੇ ਸਨ। ਉਹਨਾਂ ਦਾ ਪੇਟ ਪਾਲਣ ਕਿਸੇ ਇੱਕ ਘਰੋਂ ਨਹੀਂ ਸਗੋਂ ਸਾਰੇ ਮਹੱਲੇ ਵਿੱਚੋ ਹੁੰਦਾ ਸੀ। ਉਹਨਾਂ ਸਮਿਆਂ ਵਿੱਚ ਖੁੱਲੇ ਵੇਹੜੇ ਤੇ ਗੇਟਾਂ ਦਾ ਰਿਵਾਜ਼ ਕਾਫੀ ਘੱਟ ਸੀ ਸਗੋਂ ਕਈਆਂ ਘਰਾਂ ਦੇ ਤਾਂ ਗੇਟ ਹੁੰਦੇ ਈ ਨਹੀਂ ਸਨ। ਜੋ ਸੀ ਓਨਾਂ ਨੂੰ ਲੋਕ ਰਾਤ ਨੂੰ ਘੱਟ ਹੀ ਬੰਦ ਕਰਦੇ ਸਨ। ਲੋਕੀਂ ਖੁੱਲੇ ਵੇਹੜਿਆਂ ਵਿੱਚ ਮੰਜਿਆਂ ਤੇ ਬੈਠ ਕੇ ਰੋਟੀਆਂ ਖਾਂਦੇ ਸਨ ਵੇਹੜਿਆਂ ਵਿੱਚ ਬਿਨਾਂ ਛੱਤਾਂ ਤੋਂ ਚੌਂਕੇ ਚੁੱਲੇ ਹੁੰਦੇ ਸਨ। ਜਿੱਥੇ ਘਰਾਂ ਦੀਆਂ ਬੀਬੀਆਂ ਲੰਗਰ ਤਿਆਰ ਕਰਦੀਆਂ ਸਨ। ਅਸੀਂ ਬਿਨਾਂ ਝਿਜਕ ਤੋਂ ਕਿਸੇ ਵੀ ਘਰ ਵਿੱਚ ਵੜ ਕੇ ਮਾਲਕ ਤੋਂ ਥੋੜੀ ਵਿੱਥ ਤੇ ਬੈਠ ਜਾਂਦੇ ਸਾਂ। ਘਰ ਦੇ ਜੀਅ ਰੋਟੀਆਂ ਖਾ ਰਹੇ ਹੁੰਦੇ ਤੇ ਅਸੀਂ ਚੁੱਪ ਕਰਕੇ ਬੈਠੇ ਹੁੰਦੇ ਸਾਂ ਉਹ ਰੋਟੀ ਖਾਣ ਤੋਂ ਬਾਅਦ ਇੱਕ ਇੱਕ ਬੁਰਕੀ ਸਾਨੂੰ ਪਾ ਦਿੰਦੇ ਅਸੀਂ ਆਰਾਮ ਨਾਲ ਖਾ ਲੈਂਦੇ ਤੇ ਦੂਸਰੇ ਘਰੇ ਚਲੇ ਜਾਂਦੇ ਸਾਂ । ਜੇਕਰ ਕਿਸੇ ਘਰਦੇ ਬੱਚੇ ਸੋਟੀ ਫੜ ਕੇ ਸਾਨੂੰ ਮਾਰਨ ਲਈ ਆਉਂਦੇ ਤਾਂ ਅਗੋਂ ਘਰ ਦੇ ਵਡੇਰੀ ਉਮਰ ਦੇ ਬਜ਼ੁਰਗ ਕਹਿੰਦੇ ਸਨ ਕਿ ਨਾ ਮਾਰੋ ਯਾਰ ਇਹ ਦਰਵੇਸ਼ ਨੇ ਇਹਨਾਂ ਦੇ ਕਿਹੜੇ ਹੱਲ ਵਗਦੇ ਨੇ ਬੁਰਕੀ ਪਾਉਗੇ ਤਾਂ ਚਲੇ ਜਾਣਗੇ। ਕਈ ਘਰਾਂ ਤੋਂ ਬੁਰਕੀ ਬੁਰਕੀ ਖਾ ਕੇ ਸਾਡਾ ਗੁਜ਼ਾਰਾ ਹੋ ਜਾਇਆ ਕਰਦਾ ਸੀ। ਅਤੇ ਅਸੀਂ ਮਜੇ ਨਾਲ ਜਿੱਥੇ ਵੀ ਜੀ ਕਰਦਾ ਆਰਾਮ ਕਰ ਲੈਂਦੇ ਸੀ ਪਰ ਅੱਜ ਕੱਲ ਤਾਂ ਪਿੰਡਾਂ ਵਿੱਚ ਵੀ ਕੋਠੀਆਂ ਬਣ ਗਈਆਂ ਹਨ ਲੋਕ ਬੰਦ ਕਮਰਿਆਂ ਵਿੱਚ ਮੇਜ ਕੁਰਸੀਆਂ ਤੇ ਬੈਠ ਕੇ ਰੋਟੀਆਂ ਖਾਂਦੇ ਹਨ ਅਤੇ ਘਰਾਂ ਦੇ ਵੱਡੇ ਮੇਨ ਗੇਟ ਹਰ ਸਮੇਂ ਬੰਦ ਰੱਖਦੇ ਹਨ। ਸਾਨੂੰ ਟੁੱਕ ਪਾਉਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੈ। ਪੁਰਾਤਨ ਸਮੇਂ ਵਿੱਚ ਜਦੋਂ ਪਿੰਡਾਂ ਦੀਆਂ ਸਵਾਣੀਆਂ ਭੱਤਾ ਲੈ ਕੇ ਖੇਤਾਂ ਨੂੰ ਜਾਂਦੀਆਂ ਤਾਂ ਅਸੀਂ ਚੁੱਪ ਚਾਪ ਉਹਨਾਂ ਦੇ ਮਗਰ ਤੁਰੇ ਜਾਂਦੇ ਸਾਰੇ ਹੀ ਮਰਦ ਰੋਟੀ ਖਾਣ ਤੋਂ ਬਾਅਦ ਸਾਨੂੰ ਵੀ ਇੱਕ ਇੱਕ ਬੁਰਕੀ ਪਾ ਦਿੰਦੇ ਸਨ ਅਸੀਂ ਉਹ ਖਾ ਕੇ ਗੁਜ਼ਾਰਾ ਕਰ ਲੈਂਦੇ ਸਾਂ ਕਦੇ ਕਦੇ ਇੱਕ ਪੂਰੀ ਰੋਟੀ ਵੀ ਸਾਡੇ ਹਿੱਸੇ ਆ ਜਾਂਦੀ ਸੀ।
ਪਿੰਡਾਂ ਵਿੱਚ ਉਹਨਾਂ ਸਮਿਆਂ ਦੇ ਵਿੱਚ ਘਲਾੜੀਆਂ ਤੇ ਗੁੜ ਬਣਾਉਣ ਦਾ ਰਿਵਾਜ ਸੀ ਬਹੁਤ ਘੱਟ ਗੰਨਾ ਮਿੱਲਾਂ ਵਿੱਚ ਲੋਕ ਭੇਜਦੇ ਸਨ। ਜਿਆਦਾ ਲੋਕ ਗੁੜ ਬਣਾਉਣ ਨੂੰ ਹੀ ਤਰਜੀਹ ਦਿੰਦੇ ਸਨ ਉਬਲਦੇ ਰਸ ਵਿੱਚੋਂ ਜੋ ਮੈਲ ਉਹ ਬਾਹਰ ਸੁੱਟਦੇ ਸਨ ਕਦੇ ਕਦੇ ਉਹ ਖਾ ਕੇ ਵੀ ਅਸੀਂ ਗੁਜ਼ਾਰਾ ਕਰ ਲੈਂਦੇ ਸਾਂ। ਪਰ ਕਦੇ ਕਦੇ ਭੁੱਖੇ ਰਹਿ ਕੇ ਵੀ ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਪੈਂਦਾ ਸੀ। ਪਰ ਐਸਾ ਸਮਾਂ ਬਹੁਤ ਘੱਟ ਹੀ ਆਉਂਦਾ ਹੁੰਦਾ ਸੀ। ਸਾਡੇ ਵਿੱਚੋਂ ਬਹੁਤ ਘੱਟ ਕੁੱਤੇ ਐਸੇ ਸਨ ਜੋ ਮਾਸਾਹਾਰੀ ਬਿਰਤੀ ਦੇ ਸਨ ਤੇ ਜੋ ਹੁੰਦੇ ਸਨ ਉਹ ਅਕਸਰ ਹੱਡਾ ਰੋੜੀ ਵਿੱਚ ਮਾਸ ਖਾਣ ਲਈ ਪਹੁੰਚ ਜਾਂਦੇ ਸਨ। ਆਮ ਤੌਰ ਤੇ ਮਰੇ ਹੋਏ ਕਿਸੇ ਵੀ ਪਸ਼ੂ ਦਾ ਮਾਸ ਗਿਰਜਾਂ ਦੁਆਰਾ ਹੀ ਖਾਧਾ ਜਾਂਦਾ ਸੀ। ਜੋ ਕਿ ਅੱਜ ਕੱਲ ਪੰਜਾਬ ਵਿੱਚੋਂ ਅਲੋਪ ਹੋ ਚੁੱਕੀਆਂ ਹਨ ਅੱਜਕੱਲ ਪਾਲਤੂ ਪਸ਼ੂਆਂ ਨੂੰ ਦੁੱਧ ਵਾਲੇ ਟੀਕੇ ਲਾ ਕੇ ਉਹਨਾਂ ਦਾ ਮਾਸ ਹੀ ਗਿਰਜਾ ਦੇ ਖਾਣ ਯੋਗ ਨਹੀਂ ਛੱਡਿਆ। ਸ਼ਾਇਦ ਇਸੇ ਕਰਕੇ ਹੀ ਗਿਰਝਾਂ ਪੰਜਾਬ ਵਿੱਚੋਂ ਅਲੋਪ ਹੋ ਗਈਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਅਤੇ ਸਾਡੀ ਦੁਰਦਸ਼ਾ ਹੁੰਦੀ ਵੇਖ ਸਾਡੇ ਹੋਰ ਸਾਥੀ ਵੀ ਹੱਡਾ ਰੋੜੀ ਨੂੰ ਹੋ ਤੁਰੇ ਕਿਉਂਕਿ ਤੁਸੀਂ ਸਾਨੂੰ ਬੁਰਕੀ ਪਾਉਣੀ ਤਾਂ ਛੱਡ ਹੀ ਦਿੱਤੀ ਹੈ। ਹੁਣ ਤੁਸੀਂ ਨਾ ਤਾਂ ਘਰਾਂ ਦੇ ਵਿਹੜਿਆਂ ਵਿੱਚ ਬੈਠ ਕੇ ਰੋਟੀ ਖਾਂਦੇ ਹੋ ਤੇ ਨਾ ਹੀ ਬੀਬੀਆਂ ਤੁਹਾਡੇ ਲਈ ਭੱਤਾ ਲੈ ਕੇ ਖੇਤਾਂ ਨੂੰ ਜਾਂਦੀਆਂ ਹਨ। ਅੱਜ ਕੱਲ ਤੁਸੀਂ ਸਾਨੂੰ ਦਰਵੇਸ਼ ਵੀ ਨਹੀਂ ਸਮਝਦੇ ਕੇਵਲ ਅਵਾਰਾ ਕੁੱਤੇ ਹੀ ਸਮਝਦੇ ਹੋ। ਸਾਡੇ ਭਾਈਚਾਰੇ ਵਿੱਚੋਂ ਵਿਦੇਸ਼ੀ ਨਸਲਾਂ ਦੇ ਕੁੱਤੇ ਜਿਹਨਾਂ ਨੂੰ ਤੁਸੀਂ ਪਾਲਤੂ ਰੱਖਦੇ ਹੋ ਉਹਨਾਂ ਨੂੰ ਤੁਸੀਂ ਵਧੀਆ ਖੁਰਾਕ ਦੁੱਧ ਬਿਸਕੁਟ ਅੰਡਾ ਮੀਟ ਮਾਸ ਮੁਰਗਾ ਮੱਛੀ ਅਤੇ ਹੋਰ ਕਈ ਤਰ੍ਹਾਂ ਦੇ ਸਪੈਸ਼ਲ ਖਾਣੇ ਪਰੋਸਦੇ ਹੋ। ਘਰਾਂ ਵਿੱਚ ਉਹਨਾਂ ਦੇ ਸੌਣ ਦਾ ਉਚੇਚਾ ਪ੍ਰਬੰਧ ਕਰਦੇ ਹੋ ਕਈ ਵਾਰ ਤਾਂ ਉਹ ਤੁਹਾਡੇ ਬਿਸਤਰੇ ਵਿੱਚ ਵੀ ਸੋ ਜਾਂਦੇ ਹਨ ਜਿਸ ਤੇ ਤੁਸੀਂ ਕਦੇ ਵੀ ਇਤਰਾਜ਼ ਨਹੀਂ ਕਰਦੇ। ਤੁਸੀਂ ਉਹਨਾਂ ਲਈ ਤਰ੍ਹਾਂ ਤਰ੍ਹਾਂ ਦੇ ਕੱਪੜੇ ਖਰੀਦਦੇ ਹੋ ਕਾਰਾਂ ਵਿੱਚ ਘੁਮਾਉਂਦੇ ਹੋ ਜਦੋਂ ਕਿ ਆਮ ਕੁੱਤਿਆਂ ਲਈ ਤੁਹਾਡੇ ਕੋਲ ਰੋਟੀ ਦੀ ਇੱਕ ਬੁਰਕੀ ਵੀ ਨਹੀਂ ਹੈ। ਤੁਸੀਂ ਆਪਣੇ ਤੇ ਆਪਣਿਆਂ ਦੇ ਵਿਆਹ ਸ਼ਾਦੀਆਂ ਤੇ ਕਿੰਨਾ ਅੰਨ ਬਰਬਾਦ ਕਰਦੇ ਹੋ ਗੁਦਾਮਾਂ ਵਿੱਚ ਕਿੰਨਾ ਅੰਨ ਸੰਭਾਲਣ ਖੁਣੋਂ ਬਰਬਾਦ ਹੋ ਜਾਂਦਾ ਹੈ ਪਰ ਦਰਵੇਸ਼ਾਂ ਨੂੰ ਦੇਣ ਲਈ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਅਸਲ ਵਿੱਚ ਮਨੁੱਖ ਜਾਤੀ ਵਿਤਕਰਿਆਂ ਨਾਲ ਭਰੀ ਪਈ ਹੈ ਤੁਸੀਂ ਆਦਮੀ ਆਦਮੀ ਵਿੱਚ ਕਿੰਨਾ ਫਰਕ ਪਾਈ ਬੈਠੇ ਹੋ। ਬਹੁਤ ਲੋਕਾਂ ਨੇ ਦੌਲਤ ਨੂੰ ਆਪਣੇ ਕਬਜੇ ਵਿੱਚ ਕੀਤਾ ਹੋਇਆ ਹੈ ਅਤੇ ਆਮ ਇਨਸਾਨ ਭੁੱਖਾ ਮਰ ਰਿਹਾ ਤੁਹਾਡੇ ਕੋਲ ਅਨਾਜ ਦੀ ਕੋਈ ਕਮੀ ਨਹੀਂ ਹੈ ਪਰ ਤੁਸੀਂ ਆਮ ਮਨੁੱਖ ਨੂੰ ਪੇਟ ਭਰਨ ਲਈ ਅਨਾਜ ਨਹੀਂ ਦਿੰਦੇ ਸਗੋਂ ਉਸਨੂੰ ਬਰਬਾਦ ਕਰ ਰਹੇ ਹੋ। ਇਸ ਕਾਣੀ ਵੰਡ ਕਰਕੇ ਅਤੇ ਕੁਝ ਹੋਰ ਵਧੀਕੀਆਂ ਕਰਕੇ ਕਈ ਨੌਜਵਾਨ ਹਥਿਆਰ ਚੁੱਕ ਲੈਂਦੇ ਹਨ ਫਿਰ ਤੁਸੀਂ ਉਹਨਾਂ ਦੇ ਕੀਤੇ ਕਾਰਨਾਮਿਆਂ ਨੂੰ ਦਬਾਉਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਦੀ ਵਰਤਦੇ ਹੋ ਇਸ ਕਰਕੇ ਉਹਨਾਂ ਨੂੰ ਦੇਖੋ ਦੇਖਾ ਦੇਖੀ ਸਾਡੇ ਵੀ ਕਈ ਸਾਥੀ ਤੁਹਾਡੇ ਮਾਲ ਡੰਗਰ ਬੱਚਿਆਂ ਤੇ ਬਜ਼ੁਰਗਾਂ ਤੇ ਹਮਲਾ ਕਰ ਦਿੰਦੇ ਹਨ। ਅਸੀਂ ਸਾਰੀ ਜਾਤੀ ਇਸ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਮਨੁੱਖਤਾ ਨੂੰ ਇੱਕ ਬੇਨਤੀ ਜਰੂਰ ਕਰਦੇ ਹਾਂ ਕਿ ਤੁਹਾਡੇ ਬਜ਼ੁਰਗਾਂ ਨੇ ਜੋ ਸਾਨੂੰ ਦਰਵੇਸ਼ ਦਾ ਰੁਤਬਾ ਦਿੱਤਾ ਸੀ ਉਹ ਸੋਚ ਸਮਝ ਕੇ ਹੀ ਦਿੱਤਾ ਹੋਵੇਗਾ। ਅਸੀਂ ਅੱਜ ਵੀ ਤੁਹਾਡੇ ਉਨੇ ਹੀ ਵਫਾਦਾਰ ਹਾਂ ਜਿਨੇ ਪਹਿਲਾਂ ਹੋਇਆ ਕਰਦੇ ਸਾਂ। ਲੋੜ ਸਿਰਫ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਬਦਲਣ ਦੀ ਹੈ। ਤੁਸੀਂ ਆਪਣੇ ਪੁਰਖਿਆਂ ਵਾਂਗੂ ਅੱਜ ਵੀ ਸਾਨੂੰ ਜੇਕਰ ਇੱਕ ਇੱਕ ਬੁਰਕੀ ਰੋਟੀ ਦੀ ਪਾਵੋਂ ਤਾਂ ਅਸੀਂ ਤੁਹਾਡੀ ਮਨੁੱਖਤਾ ਜਾਤੀ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਤਨੋ ਮਨੋ ਰਾਖੀ ਹੀ ਨਹੀਂ ਕਰਾਂਗੇ ਬਲਕਿ ਪੂਛ ਹਿਲਾ ਕੇ ਤੁਹਾਡੇ ਪੈਰ ਚੁੰਮਾਂਗੇ ਅਤੇ ਤੁਹਾਡਾ ਧੰਨਵਾਦ ਕਰਾਂਗੇ। ਅਸੀਂ ਆਪਣੇ ਸਾਰੇ ਹੀ ਸਾਥੀਆਂ ਨੂੰ ਫਿਰ ਤੋਂ ਸਾਕਾਹਾਰੀ ਬਣਾ ਕੇ ਫਿਰ ਤੋਂ ਆਪਣੀ ਵਚਨਬੱਧਤਾ ਦੁਹਰਾਵਾਂਗੇ ਅਤੇ ਕਦੇ ਵੀ ਮਨੁੱਖਤਾ ਅਤੇ ਉਸ ਨਾਲ ਸੰਬੰਧਿਤ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ।
ਇਹ ਜੋ ਰੋਟੀ ਹੈ ਇਹ ਉਸ ਵਾਹਿਗੁਰੂ ਪਾਸੋਂ ਸਾਡੇ ਹਿੱਸੇ ਆਈ ਸੀ ਇਸਦਾ ਇਤਿਹਾਸ ਗਵਾਹ ਹੈ ਕਿ ਅਸੀਂ ਹੀ ਕਿਹਾ ਸੀ ਕਿ ਇਹ ਰੋਟੀ ਮਨੁੱਖ ਦੇ ਹਿੱਸੇ ਆਉਣੀ ਚਾਹੀਦੀ ਹੈ ਸਾਡਾ ਕੀ ਆ ਅਸੀਂ ਗਲੀ ਗਲੀ ਘੁੰਮ ਕੇ ਜਾਂ ਘਰ ਘਰ ਘੁੰਮ ਕੇ ਰੋਟੀ ਦੀ ਬੁਰਕੀ ਮੰਗ ਕੇ ਖਾ ਲਵਾਂਗੇ ਪਰ ਇਨਸਾਨ ਜਿਸਨੇ ਆਪਣੇ ਬਾਲ ਬੱਚੇ ਪਾਲਣੇ ਆਂ ਜਿਸਨੇ ਦੁਨੀਆਦਾਰੀ ਦੇ ਵਿੱਚ ਵਿਚਰਨਾ ਇਸ ਨੂੰ ਅੰਨ ਤੋਂ ਬਿਨਾਂ ਨਹੀਂ ਸਰਨਾ ਇਸ ਕਰਕੇ ਇਹ ਅੰਨ ਤੁਹਾਨੂੰ ਵਾਹਿਗੁਰੂ ਪਾਸੋਂ ਜੋ ਮਿਲਿਆ ਸੀ ਇਹ ਸਾਡੀ ਹੀ ਦੇਣ ਹੈ ਇਹ ਸਾਡੇ ਹਿੱਸੇ ਹੀ ਆਇਆ ਸੀ। ਤੁਸੀਂ ਇਸ ਗੱਲ ਤੇ ਜਰੂਰ ਗੌਰ ਕਰੋ ਸਾਨੂੰ ਦਰਵੇਸ਼ ਸਮਝੋ ਔਰ ਸਾਨੂੰ ਆਪਣੇ ਵਫਾਦਾਰ ਸਮਝ ਕੇ ਸਾਨੂੰ ਰੋਟੀ ਦਿਓ ਅਸੀਂ ਬਿਲਕੁਲ ਵੀ ਕਿਸੇ ਬੱਚੇ ਨੂੰ ਕਿਸੇ ਜਾਨਵਰ ਨੂੰ ਕਦੇ ਵੀ ਨੁਕਸਾਨ ਨਹੀਂ ਪਚਾਂਵਾਂਗੇ।
ਸੋ ਸਤਿਕਾਰਤ ਦੋਸਤੋ ਅਗਰ ਆਪਾਂ ਉੱਪਰ ਲਿਖੀਆਂ ਗੱਲਾਂ ਤੇ ਗੌਰ ਕਰੀਏ ਤਾਂ ਇਨ੍ਹਾਂ ਖੂੰਖਾਰ ਅਵਾਰਾ ਕੁੱਤਿਆਂ ਦਾ ਖੌਫ ਜੇਕਰ ਖਤਮ ਨਹੀਂ ਹੋਵੇਗਾ ਤਾਂ ਘਟ ਜਰੂਰ ਜਾਵੇਗਾ। ਇਹ ਬਿਲਕੁਲ ਅਸਲੀਅਤ ਹੈ। ਸੋ ਆਓ ਆਪਾਂ ਇਨ੍ਹਾਂ ਦਰਵੇਸ਼ਾਂ ਲਈ ਸੋਚੀਏ ਤਾਂ ਇਹ ਵੀ ਆਪਣੀ ਆਦਤ ਜਰੂਰ ਬਦਲਣਗੇ। ਤੁਹਾਡੀ ਇਸ ਵਿਸ਼ੇ ਤੇ ਕੀ ਰਾਇ ਹੈ? ਓਨਾਂ ਵਿਚਾਰਾਂ ਦੀ ਉਡੀਕ ਰਹੇਗੀ।
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ