(ਫੋਟੋ; ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' )
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ।।
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ।।
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ।।
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ।।
ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ।।
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ।।
ਜੋ ਹਰਿ ਕੰਤ ਮਿਲਾਈਆ ਸੇ ਵਿਛੁੜਿ ਕਤਹਿ ਨ ਜਾਇ।।
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ।।
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ।।੮।।
---------------------------------------------------------------
ਸਰਬ ਜਗਤ ਉਧਾਰ ਕਰਤਾ ਬ੍ਰਹਮ-ਗਿਆਨ ਦੇ ਸਾਗਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਰਹ ਮਾਹਾ ਬਾਣੀ ਦੀ ਇਸ ਪਉੜੀ ਅੰਦਰ ਅੱਸੂ ਦੇ ਮਹੀਨੇ ਦੀ ਠੰਢੀ-ਮਿੱਠੀ ਰੁੱਤ ਵਿੱਚ ਸੰਤ, ਸਤਿਗੁਰੂ ਦਾ ਉਪਦੇਸ਼ ਲੈ ਕੇ ਮਨੁੱਖ ਨੂੰ ਗੋਬਿੰਦ ਦੀ ਪ੍ਰਾਪਤੀ ਕਰਨ ਵਾਲਾ ਅਨੰਦਮਈ ਜੀਵਨ ਪ੍ਰਾਪਤ ਕਰਨ ਦੀ ਜਾਚ ਦੱਸੀ ਹੈ ।
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ।।
ਪਦ ਅਰਥ : ਅਸੁਨਿ --ਅੱਸੂ ਦੇ ਮਹੀਨੇ ਵਿੱਚ, ਆਸ਼ਾਵਾਂ ਭਰੇ ਜੀਵਨ ਵਿੱਚ, ਉਮਾਹੜਾ --ਉਛਾਲਾ, ਕਿਉ--ਕਿਸ ਤਰੀਕੇ, ਜਾਇ--ਜਾ ਕੇ ।
ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਗਿਆਸੂ ਰੂਪ ਇਸਤਰੀ ਦੁਆਰਾ ਉਪਦੇਸ਼ ਦਿੰਦੇ ਹਨ ਕਿ ਅੱਸੂ ਦੀ ਠੰਢੀ-ਮਿੱਠੀ ਰੁੱਤ ਭਾਵ ਆਸ਼ਾਵਾਂ ਭਰੇ ਜੀਵਨ ਵਿੱਚ ਸਤਿਸੰਗਤ ਦੀ ਠੰਡੀ-ਮਿੱਠੀ ਹਵਾ, ਪ੍ਰਭੂ ਦੀ ਸਿਫ਼ਤ-ਸਲਾਹ ਸੁਣਨ ਤੋਂ ਮੇਰੇ ਹਿਰਦੇ ਅੰਦਰ ਪ੍ਰਭੂ ਪ੍ਰੇਮ ਦਾ ਉਛਾਲਾ ਆਇਆ ਹੈ ਕਿ ਸੱਚੇ ਪ੍ਰਭੂ ਨੂੰ ਕਿਵੇਂ ਜਾ ਕੇ ਮਿਲਾਂ ।
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ
ਮਾਇ।।
ਪਦ ਅਰਥ : ਮਨਿ-- ਮਨ ਵਿੱਚ, ਤਨਿ--ਸਰੀਰ ਵਿੱਚ, ਘਣੀ-ਬਹੁਤੀ, ਆਣਿ --ਲਿਆ ਕੇ ।
ਅਰਥ : ਮੇਰੇ ਮਨ ਵਿੱਚ ਤੇ ਮੇਰੇ ਸਰੀਰ ਦੇ ਅੰਗ-ਅੰਗ ਵਿੱਚ ਪ੍ਰਭੂ ਦਰਸ਼ਨ ਦੀ ਬਹੁਤ ਹੀ ਪਿਆਸ ਲੱਗੀ ਹੋਈ ਹੈ ਭਾਵ ਪ੍ਰਭੂ ਦੇ ਮਿਲਣ ਦੀ ਤੀਬਰ ਇੱਛਾ ਹੈ ਤੇ ਮੈਂ ਇਸ ਢੂੰਡ ਵਿੱਚ ਹਾਂ ਕਿ ਪ੍ਰਭੂ ਦੇ ਮਿਲਾਪ ਵਿੱਚ ਕੋਈ ਮੇਰੀ ਸਹਾਇਤਾ ਕਰੇ ।
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ।।
ਪਦ ਅਰਥ : ਸਹਾਈ--ਸਹਾਇਤਾ, ਪ੍ਰੇਮ ਕੇ -- ਪ੍ਰਭੂ ਦੇ ਪਿਆਰ ਵਿੱਚ, ਪਾਇ-- ਚਰਨੀਂ
ਅਰਥ : ਇਸ ਢੂੰਡ ਵਿੱਚ ਮੈਨੂੰ ਪਤਾ ਲੱਗਿਆ ਹੈ ਕਿ ਮਹਾਤਮਾ ਪੁਰਸ਼ ਇਸ ਪ੍ਰੇਮ ਮਾਰਗ ਭਾਵ ਪਰਮਾਤਮਾ ਦੇ ਮਿਲਾਪ ਵਿੱਚ ਸਹਾਇਤਾ ਕਰਨ ਲਈ ਸਮਰੱਥ ਹਨ, ਇਸ ਕਾਰਨ ਮੈਂ ਨਿਮਰਤਾ ਸਹਿਤ ਉਹਨਾਂ ਸੰਤ ਜਨਾਂ ਦੇ ਚਰਨੀਂ ਲੱਗਦੀ ਹਾਂ ।
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ।।
ਪਦ ਅਰਥ : ਜਾਇ-- ਥਾਂ, ਜਗ੍ਹਾ ।
ਅਰਥ : ਇਹ ਸੰਤਾਂ ਦੀ ਸ਼ਰਨ ਪ੍ਰਾਪਤ ਕਰਨ ਦਾ ਉਪਰਾਲਾ ਤੇ ਪ੍ਰਭੂ ਨੂੰ ਮਿਲਣ ਦੀ ਤਾਂਘ ਇਸ ਲਈ ਕਰਦੀ ਹਾਂ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਵੀ ਆਤਮਿਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਪ੍ਰਭੂ ਤੋਂ ਬਿਨਾਂ ਹੋਰ ਕੋਈ ਜਗ੍ਹਾ ਸੁੱਖ ਦੇਣਹਾਰੀ ਨਹੀਂ ਹੈ ।
ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ।।
ਪਦ ਅਰਥ : ਚਾਖਿਆ--ਮਾਣਿਆ, ਤ੍ਰਿਪਤਿ-- ਰੱਜ ਗਏ, ਆਘਾਇ -- ਬਹੁਤੇ ਰੱਜ ਗਏ।
ਅਰਥ : ਹੇ ਭਾਈ ! ਇਹ ਗੱਲ ਪ੍ਰਤੱਖ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੂੰ ਆਤਮਿਕ ਸੋਝੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੂੰ ਐਸੀ ਤ੍ਰਿਪਤੀ ਆਈ ਹੈ ਕਿ ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਲੱਗਦੀ ਹੀ ਨਹੀਂ।
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ।।
ਪਦ ਅਰਥ : ਆਪੁ ਤਿਆਗਿ -- ਹੰਕਾਰ ਰਹਿਤ ਹੋ ਕੇ, ਲੜਿ-- ਪੱਲਾ, ਆਸਰਾ ।
ਅਰਥ : ਉਹ ਜਿਗਿਆਸੂ ਹਉਂਮੈਂ ਹੰਕਾਰ ਨੂੰ ਛੱਡ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ ਜੀ ! ਸਾਨੂੰ ਆਪਣੇ ਚਰਨਾਂ ਦਾ ਹੀ ਆਸਰਾ ਬਖ਼ਸ਼ੋ।
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ।।
ਪਦ ਅਰਥ : ਹਰਿ ਕੰਤਿ --ਪ੍ਰਭੂ ਪਤੀ, ਮਿਲਾਈਆ -- ਮੇਲੀਆਂ ਹਨ, ਕਤਹਿ-- ਕਦੇ ਵੀ।
ਅਰਥ : ਜਿਨ੍ਹਾਂ ਵਡਭਾਗੀ ਜੀਵ ਇਸਤਰੀਆਂ ਨੂੰ ਉਸ ਪ੍ਰਭੂ ਪਤੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹਨਾਂ ਨੂੰ ਫਿਰ ਪ੍ਰਭੂ ਦੇ ਮਿਲਾਪ ਤੋਂ ਵਿਛੋੜਾ ਹੁੰਦਾ ਹੀ ਨਹੀਂ ।
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ।।
ਪਦ ਅਰਥ : ਵਿਣੁ-- ਬਿਨਾਂ, ਸਰਣਾਇ--ਹਰੀ ਦੀ ਸ਼ਰਨ ਲੈ ਲਈ ।
ਅਰਥ : ਅਜਿਹਾ ਮਾਲਕ ਮੁੜ ਕੇ ਨਾ ਵਿੱਛੜਨ ਵਾਲੇ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ । ਇਸ ਲਈ ਮੈਂ ਤਾਂ ਉਸੇ ਹਰੀ ਦੀ ਸ਼ਰਨ ਹੀ ਗ੍ਰਹਿਣ ਕੀਤੀ ਹੈ ।
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ।।੮।।
ਪਦ ਅਰਥ : ਮਇਆ--ਮਿਹਰ, ਹਰਿ ਰਾਇ --ਪ੍ਰਭੂ ਪਾਤਸ਼ਾਹ।
ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਸੂ ਦੇ ਮਹੀਨੇ ਦੁਆਰਾ ਫ਼ਰਮਾਨ ਕਰਦੇ ਹਨ ਕਿ ਇਸ ਆਸ਼ਾਵਾਂ ਭਰੇ ਮਨੁੱਖੀ ਜੀਵਨ ਵਿੱਚ ਉਹ ਜੀਵ ਇਸਤਰੀਆਂ ਸੁਖੀ ਵੱਸਦੀਆਂ ਹਨ ਜਿਨ੍ਹਾਂ ਤੇ ਸੱਚੇ ਪਰਮੇਸ਼ਰ ਦੀ ਕਿਰਪਾ ਹੋਈ ਹੈ ।
ਭਾਵ ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੀਤ ਰਹੇ ਸਮੇਂ ਵੱਲ ਨਜ਼ਰ ਪਵਾ ਕੇ ਮਨੁੱਖ ਨੂੰ ਸੱਚ ਨਾਲ ਜੋੜਨ ਦੀ ਕਿਰਪਾ ਕਰਦੇ ਹਨ, ਇਸਤਰੀ ਤੇ ਪਤੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਿਵੇਂ ਭਾਦੋਂ ਦੀ ਗਰਮੀ ਤੋਂ ਦੁਖੀ ਹੋ ਕੇ ਇਸਤਰੀ ਪਤੀ ਸੇਵਾ ਤੋਂ ਮੁੱਖ ਮੋੜ ਲੈਂਦੀ ਹੈ ਤੇ ਆਪਣੇ ਸਰੀਰ ਤੇ ਪਦਾਰਥਾਂ ਨਾਲ ਮੋਹ ਪਾ ਲੈਂਦੀ ਹੈ ਤਾਂ ਮਾਲਕ ਉਸ ਨੂੰ ਦੂਰ ਕਰ ਦਿੰਦਾ ਹੈ। ਉਹ ਹੋਰ ਵੀ ਜ਼ਿਆਦਾ ਦੁਖੀ ਹੁੰਦੀ ਹੈ, ਅੱਸੂ ਦੀ ਠੰਢੀ ਮਿੱਠੀ ਰੁੱਤ ਆਉਣ 'ਤੇ ਉਸ ਦੇ ਮਨ ਵਿੱਚ ਆਪਣੇ ਪਤੀ ਲਈ ਤਾਂਘ ਪੈਦਾ ਹੁੰਦੀ ਹੈ ਤੇ ਵਿਚੋਲਿਆਂ ਦੀ ਸਹਾਇਤਾ ਨਾਲ ਮਾਲਕ ਦਾ ਮਿਲਾਪ ਹਾਸਲ ਕਰਕੇ ਸੁਖੀ ਹੁੰਦੀ ਹੈ । ਇਸ ਤਰ੍ਹਾਂ ਮਨੁੱਖ ਦਵੈਤ-ਭਾਵ ਵਿੱਚ ਪੈ ਕੇ ਸੱਚੇ ਪ੍ਰਭੂ ਮਾਲਕ ਨੂੰ ਵਿਸਾਰ ਦਿੰਦਾ ਹੈ, ਝੂਠੀ ਮਾਇਆ ਵਿੱਚ ਮੋਹ ਪਾ ਲੈਂਦਾ ਹੈ, ਕਾਮ ਆਦਿਕ ਵਿੱਚ ਦੁਖੀ ਹੁੰਦਾ ਰਹਿੰਦਾ ਹੈ । ਰੱਬ ਦੀ ਮਿਹਰ ਹੋਣ ਤੇ ਇਸ ਦੇ ਜੀਵਨ ਵਿੱਚ ਸਤਿਸੰਗ ਦੀ ਠੰਢੀ-ਮਿੱਠੀ ਹਵਾ ਪ੍ਰਾਪਤ ਕਰਨ ਦਾ ਸਮਾਂ ਆ ਜਾਂਦਾ ਹੈ । ਗੁਰਮਤਿ ਵਿੱਚ ਸੁਹਾਵਨਾ ਦਿਨ ਜਾਂ ਚੰਗੀ ਰੁੱਤ ਉਸ ਸਮੇਂ ਨੂੰ ਆਖਿਆ ਹੈ ਜਿਸ ਸਮੇਂ ਵਾਹਿਗੁਰੂ ਚਿੱਤ ਆਵੇ, ਸਤਿਗੁਰੂ ਦਾ ਫ਼ਰਮਾਨ ਹੈ: ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ।।
(ਗਉੜੀ ਕੀ ਵਾਰ, ਅੰਗ ੩੧੮)
ਅਨੁਸਾਰ ਸਤਿਸੰਗੀ ਮਨੁੱਖ ਜਦੋਂ ਪ੍ਰਭੂ ਦੀਆਂ ਠੰਡੀਆਂ- ਮਿੱਠੀਆਂ ਗੱਲਾਂ ਸੁਣਦਾ ਹੈ ਤਾਂ ਉਸ ਦੇ ਹਿਰਦੇ ਅੰਦਰ ਪ੍ਰਭੂ ਨੂੰ ਮਿਲਣ ਲਈ ਤਾਂਘ ਪੈਦਾ ਹੁੰਦੀ ਹੈ ਤੇ ਇਸ ਮਿਲਾਪ ਵਿੱਚ ਸਹਾਇਤਾ ਦੇਣ ਵਾਲੇ ਸੰਤ ਜਨ (ਸਤਿਗੁਰੂ) ਹਨ ਜੋ ਪ੍ਰਭੂ ਨਾਲ ਮਿਲੇ ਹੋਏ ਹਨ ।