You are here

ਪੰਜਾਬ

ਸਵੀਪ ਟੀਮ ਵੱਲੋਂ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ 

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਬਠਿੰਡਾ ਸਰਦਾਰ ਜਸਪ੍ਰੀਤ ਸਿੰਘ ਆਈ ਏ ਐਸ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਚੋਣ ਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸਰਦਾਰ ਹਰਜਿੰਦਰ ਸਿੰਘ ਜੱਸਲ ਜੀ ਅਧੀਨ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦੇ ਅਨੁਸਾਰ ਮਿਤੀ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਨੌਜਵਾਨ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੂੰ ਲੋਕਤੰਤਰ ਵਿੱਚ ਮਿਲੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ। ਉਹਨਾਂ ਨੂੰ ਵੋਟਾਂ ਬਣਾਉਣ ਉਹਨਾਂ ਵਿੱਚ ਸੋਧ ਕਰਵਾਉਣ ਅਤੇ ਵੋਟ ਕਟਵਾਉਣ ਸਬੰਧੀ ਸਾਰੇ ਪ੍ਰੋਸੀਜਰ ਬਾਰੇ ਜਾਣੂ ਕਰਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਬਿਜਨਸ ਸਟਡੀਜ਼ ਵਿਭਾਗ ਦੇ ਮੁਖੀ ਸ਼੍ਰੀ ਆਨੰਦ ਬਾਂਸਲ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਵਿੱਚ ਅਸਿਸਟੈਂਟ ਨੋਡਲ ਅਫਸਰ ਸਵੀਪ ਜਿਲ੍ਹਾ ਬਠਿੰਡਾ ਸ਼੍ਰੀ ਸੁਰੇਸ਼ ਗੌੜ ਅਤੇ ਸਵੀਪ ਨੋਡਲ ਅਫਸਰ ਤਲਵੰਡੀ ਸਾਬੋ ਸ਼੍ਰੀ ਚੰਦਰ ਸ਼ੇਖਰ ਨੇ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਚੋਣ ਕਮਿਸ਼ਨ ਵਲੋਂ ਭੇਜੀ ਗਈ ਈ.ਵੀ.ਐਮ ਵੀਵੀਪੈਟ ਡੈਮ ਵੈਨ ਰਾਹੀਂ ਵੋਟਿੰਗ ਪ੍ਰੋਸੈਸ ਦੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਵਿੱਚ ਸਵੀਪ ਟੀਮ ਦੇ ਮੈਂਬਰਾਂ ਖੁਸ਼ਦੀਪ ਸਿੰਘ, ਵਿਸ਼ਵਦੀਪ ਸਿੰਘ ਅਤੇ ਰਣਜੀਤ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।

ਪ੍ਰਿੰਸੀਪਲ ਇੰਦਰਜੀਤ ਕੌਰ ਮੈਂਬਰ ਆਫ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇਨਡਰਸਟਰੀਅਲ ਟ੍ਰੇਨਿੰਗ ਨਿਯੁਕਤ 

ਪਾਰਟੀ ਹਾਈ ਕਮਾਂਡ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ - ਮੈਡਮ ਇੰਦਰਜੀਤ ਕੌਰ 

ਲੁਧਿਆਣਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ) ਆਮ ਆਦਮੀ ਪਾਰਟੀ ਵੱਲੋਂ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੂੰ ਉਹਨਾਂ ਵੱਲੋਂ ਪਾਰਟੀ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਹਿਲਾਂ ਮਹਿਲਾ ਵਿੰਗ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੁਣ ਮੈਂਬਰ ਆਫ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇਨਡਰਸਟਰੀਅਲ ਟ੍ਰੇਨਿੰਗ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ  ਗਈ ਹੈ, ਉਹ ਉਸ ਨੂੰ ਪੂਰੀ ਜਿੰਮੇਵਾਰੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ । ਇਸ ਮੌਕੇ ਤੇ ਪਾਰਟੀ ਵੱਲੋਂ ਲਗਾਤਾਰ ਦੋ ਜਿੰਮੇਵਾਰੀਆਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਬਹੁਤ ਹੀ ਵਡਮੁੱਲਾ ਤੋਹਫਾ ਹੈ ਜੋ ਮੈਨੂੰ ਮਿਲਿਆ ਹੈ । ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਕੋਲ ਹਰ ਪਾਰਟੀ ਵਰਕਰ ਦਾ ਡਾਟਾ ਹੁੰਦਾ ਹੈ ਜਿਸ ਦੇ ਆਧਾਰ ਤੇ ਪਾਰਟੀ ਵੱਲੋਂ ਇਹ ਮਾਨ ਸਨਮਾਨ ਬਖਸ਼ਿਆ ਜਾਂਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰ ਵਰਕਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਹਰ ਵਰਕਰ ਨੂੰ ਉਸ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ । ਇਸ ਮੌਕੇ ਤੇ ਉਨਾਂ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ ।

ਪੰਥਕ ਸਿਧਾਂਤਾ ’ਤੇ ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੀ ਪਲੇਠੀ ਮੀਟਿੰਗ ਮੁੱਲਾਂਪੁਰ ਦਾਖਾ ਵਿਖੇ ਹੋਈ

ਮੀਟਿੰਗ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਮੁੱਲਾਂਪੁਰ ਦਾਖਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ)
 ਸਥਾਨਕ ਕਸਬੇ ਦੇ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਚਾਰ ਪਾਰਟੀਆਂ ਵੱਲੋਂ ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਵਰਕਰਾਂ ਦੀ ਪਲੇਠੀ ਮੀਟਿੰਗ ਹੋਈ। ਜਿਸਦੀ ਅਗਵਾਈ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਹ, ਤਰੁਣ ਕੁਮਾਰ ਜੈਨ ਚੁੱਘ ਅਤੇ ਬਲਵਿੰਦਰ ਸਿੰਘ ਨੇ ਕੀਤੀ। ਇਸ ਮੀਟਿੰਗ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸਾ ਦੇਣਗੇ। ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਦੇ ਅਨੁਸਾਰ ਕੇਸਰੀ ਝੰਡੇ ਅਧੀਨ ਰਵਾਇਤੀ ਆਗੂਆਂ ਤੋਂ ਬਿਨਾਂ ਦਲਿਤਾਂ, ਕਿਰਤੀਆਂ, ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਸਪੰਰਕ ਕਰਕੇ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ। 
            ਉਕਤ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਉਹ ਅਜਾਦੀ ਵੇਲੇ ਕੌਮੀ ਆਗੂਆਂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਅਨੰਦਪੁਰ ਮਤੇ ਲਈ ਸ਼ਾਤਮਈ ਸੰਵਿਧਾਨਕ ਦੋਹਾਂ ਤਰ੍ਹਾਂ ਨਾਲ ਗੱਲਬਾਤ ਅਤੇ ਸੰਘਰਸ਼ ਦਾ ਰਸਤਾ ਅਪਨਾਉਣਗੇ। ਦੇਸ ਦੀ ਫੈਡਰਲਇਜਮ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਰਾਜਸੀ ਧਿਰਾਂ ਨਾਲ ਸੰਪਰਕ ਵਧਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਥ ਪੰਜਾਬ ਤੋਂ ਤਾਕਤ ਲੈ ਕੇ ਪੰਥ ਪੰਜਾਬ ਨਾਲ ਹੀ ਗਦਾਰੀ ਕੀਤੀ। ਉਨ੍ਹਾਂ ਕਿਹਾ ਕਿ ਧਰਮ ਯੁੱਧ ਜਿੱਤਿਆ ਨਹੀ ਗਿਆ, ਹਾਰਿਆ ਭੀ ਨਹੀ ਗਿਆ ਅਤੇ ਛੱਡਿਆ ਭੀ ਨਹੀ। ਭਾਈ ਗੁਰਦੀਪ ਸਿੰਘ ਨੇ ਕਿਹਾ ਸੰਨ 1978 ਤੋਂ ਸ਼ਹੀਦ ਹੋਏ ਹਜਾਰਾਂ ਸਿੱਖਾਂ ਦੇ ਖੂਨ ਨੂੰ ਹਾਜਰ ਮੰਨ ਕੇ ਕਿਹਾ ਕਿ ਜੇਕਰ ਸਾਡੇ ਉਦੇਸਾਂ ਲਈ ਸਿਰ ਭੀ ਲੱਗ ਜਾਵੇ ਤਾਂ ਇਹ ਸੌਦਾ ਸਸਤਾ ਹੋਵੇਗਾ। ਮੀਟਿੰਗ ਵਿੱਚ ਮਤਿਆਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਜਲੀ ਦੇ ਕੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। 
           ਮੀਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮਤੇ ਵਿੱਚ ਵਪਾਰੀਆਂ ਵੱਲੋਂ ਮਿਤੀ । ਮਾਰਚ ਨੂੰ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਪਾਕਿਸਤਾਨ ਨਾਲ ਵਪਾਰਕ ਲਾਂਘਾ ਖੋਲਣ, ਸ੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦਾ ਭਾਰਤ ਨਾਲ ਵਟਾਂਦਰਾਂ ਅਤੇ ਪਾਕਿਸਤਾਨ ਵਿੱਚ ਸਾਰੇ ਗੁਰਧਾਮਾਂ ਅਤੇ ਮੰਦਿਰਾਂ ਦੇ ਅਧਾਰ ਕਾਰਡ ਤੇ 15 ਦਿਨਾਂ ਲਈ ਖੁੱਲੇ ਦਰਸ਼ਨਾਂ ਦੀ ਮੰਗ ਕੀਤੀ। ਇੱਕ ਮਤੇ ਵਿੱਚ ਪੰਜਾਬ, ਪੰਥ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਧੱਕੇ, ਜੁਲਮ ਅਤੇ ਕਤਲੇਆਮ ਬਾਰੇ ਯੂ.ਐਨ.ਓ. ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ।
               ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਨੂੰ ਤੇਜ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਦਵਿੰਦਰਪਾਲ ਸਿੰਘ ਭੁੱਲਰ, ਫਾਂਸੀ ਦੀ ਸਜਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ ਕਰਾਉਣੀ, ਡਿਬਰੂਗੜ੍ਹ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀਆਂ ਦੀ ਰਿਹਾਈ ਲਈ ਮਤੇ ਪਾਸ ਕੀਤੇ। 
          ਇਸ ਮੌਕੇ ਰਣਜੀਤ ਸਿੰਘ ਕੁੱਕੀ, ਸਤਨਾਮ ਸਿੰਘ ਮਨਾਵਾਂ, ਬੱਗਾ ਸਿੰਘ ਮਨਰੇਗਾ ਫਰੰਟ, ਮਿੰਟੂ ਸਰਪੰਚ ਰਣਸੀਂਹ ਕਲਾਂ, ਹਰਕੀਰਤ ਸਿੰਘ ਰਾਏ, ਸਵਰਨ ਸਿੰਘ ਫਾਜਿਲਕਾ, ਸੁਖਰਾਜ ਸਿੰਘ ਬਰਾੜ ਅਸੂਲ ਮੰਚ ਆਦਿ ਹਾਜਰ ਸਨ।

ਬਸਪਾ ਦੇ ਸੂਬਾਈ ਪ੍ਰਧਾਨ ਗੜੀ ਨੇ ਕੀ ਕਿਹਾ - ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਪੁਜਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਗਠਜੋੜ ਉਭਰਨ ਦੇ ਹਾਲਤ ਬਦਲੇ, ਜਿੱਥੇ ਪ੍ਰਧਾਨ ਗੜੀ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਗਰੀਬ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਭੈਣ ਮਾਇਆਵਤੀ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਹੀ ਦੇਸ ਦੇ ਗਰੀਬ, ਕਿਰਤੀ, ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਜਿੱਥੇ ਵੀ ਕਦੇ ਕੋਈ ਵੀ ਪੰਥਕ ਇਕੱਠ ਹੁੰਦਾ ਹੈ ਤਾਂ ਉਹ ਜਰੂਰ ਪੁੱਜਦੇ ਹਨ।

ਲੁਧਿਆਣਾ (ਦਿਹਾਤੀ) ਪੁਲਿਸ ਇਕ ਵਾਰ ਫਿਰ ਸੁਰਖੀਆਂ ਵਿੱਚ..

ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ  30 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ 

ਜਗਰਾਓਂ 26 ਫਰਵਰੀ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ ) ਨਵਨੀਤ ਸਿੰਘ ਬੈਂਸ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰੋਦਸ਼ਾਂ ਅਨੁਸਾਰ ਸਮਾਜ ਦੇ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ  ਪਰਮਿੰਦਰ ਸਿੰਘ ਹੀਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਲੁਧਿਆਣਾ (ਦਿਹਾਤੀ) ਅਤੇ  ਸੰਦੀਪ ਕੁਮਾਰ ਵਡੇਰਾ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਅਧੀਨ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ (ਦਿਹਾਤੀ) ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਦੇ 02 ਮੈਬਰਾ ਪਾਸੋਂ 30 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਬ੍ਰਾਮਦ ਕਰਕੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ  ਨਵਨੀਤ ਸਿੰਘ ਬੈਂਸ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਇੰਸਪੈਕਟਰ ਕਿੱਕਰ ਸਿੰਘ ਨੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਨੂੰ ਚੈੱਕ ਕਰਨ ਲਈ  ਚੌਕ ਗਾਲਿਬ ਕਲ੍ਹਾ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਦਿੱਤੀ ਕਿ 1) ਗੁਰਜਿੰਦਰ ਸਿੰਘ ਉਰਫ ਮੋਟੂ ਪੁੱਤਰ ਜੀਤ ਸਿੰਘ 2) ਗੁਰਦਾਸ ਸਿੰਘ ਪੁੱਤਰ ਫੁੰਮਣ ਸਿੰਘ 3) ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਟਹਿਲ ਸਿੰਘ ਵਾਸੀਆਨ ਦੋਲੇਵਾਲ ਜਿਲ੍ਹਾ ਮੋਗਾ 4) ਸ਼ੰਕਰ ਲਾਲ ਪੁੱਤਰ ਰਾਮ ਲਾਲ ਮੀਨਾ ਉਰਫ ਲਾਲੂ ਰਾਮ ਮੀਨਾ ਵਾਸੀ ਪੋਹਪੁਰਾ ਅਤੇ ਰਤਨ ਲਾਲ ਧਾਕੜ ਪੁੱਤਰ ਗਿਲਾ ਲਾਲ ਧਾਕੜ ਵਾਸੀ ਲਕਸ਼ਮੀਪੁਰਾ,ਕੋਰਪੁਰਾ ਥਾਣਾ ਪਾਰਸੋਲੀ ਜਿਲ੍ਹਾ ਚਿਤੋੜਗੜ੍ਹ ਸਟੇਟ ਰਾਜਸਥਾਨ ਆਪਸ ਵਿੱਚ ਮਿਲ ਕੇ ਭੁੱਕੀ ਚੂਰਾ ਪੋਸਤ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੁਧਿਆਣਾ ਅਤੇ ਮੋਗਾ ਦੇ ਏਰੀਆ ਵਿੱਚ ਵੇਚਦੇ ਹਨ। ਜੋ ਅੱਜ ਵੀ ਭੁੱਕੀ ਚੂਰਾ ਪੋਸਤ ਟਰੱਕ ਨੰਬਰੀ RI-11-GA-5566 ਲੋਡ ਕਰਕੇ ਲੁਧਿਆਣਾ ਤੋਂ ਜਗਰਾਉਂ ਹੁੰਦੇ ਹੋਏ ਮੇਨ ਜੀ ਟੀ ਰੋਡ ਰਾਹੀਂ ਮੋਗਾ ਸਾਈਡ ਨੂੰ ਜਾ ਰਹੇ ਹਨ। ਜਿਸ ਤੇ ਉਕਤ ਇਤਲਾਹ ਅਨੁਸਾਰ ਮੁਕੱਦਮਾ ਨੰਬਰ 28 ਮਿਤੀ 24.02.2024 ਅ/ਧ 15,25-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਜਗਰਾਉਂ ਦਰਜ ਕਰਕੇ ਮੇਨ ਜੀ.ਟੀ ਗੁਰੂਸਰ ਗੇਟ ਬਾਹੱਦ ਗੁਰੂਸਰ ਕਾਉਂਕੇ ਨਾਕਾਬੰਦੀ ਕਰਕੇ ਸ਼ੰਕਰ ਲਾਲ ਪੁੱਤਰ ਰਾਮ ਲਾਲ ਮੀਨਾ ਉਰਫ ਲਾਲੂ ਰਾਮ ਮੀਨਾ ਵਾਸੀ ਪੋਹਪੁਰਾ ਅਤੇ ਰਤਨ ਲਾਲ ਧਾਕੜ ਪੁੱਤਰ ਗਿਸਾ ਲਾਲ ਧਾਕੜ ਵਾਸੀ ਲਕਸ਼ਮੀਪੁਰਾ,ਕੇਰਪੁਰਾ ਥਾਣਾ ਪਾਰਸੋਲੀ ਜਿਲ੍ਹਾ ਚਿਤੋੜਗੜ੍ਹ ਸਟੇਟ ਰਾਜਸਥਾਨ ਨੂੰ ਸਮੇਤ ਉਕਤ ਨੰਬਰੀ ਟਰੱਕ ਦੇ ਕਾਬੂ ਕੀਤਾ ਗਿਆ। ਟਰੱਕ ਦੀ ਤਲਾਸੀ ਕਰਨ ਤੇ ਵਿੱਚੋਂ 150 ਗੱਟੂ  ਚੂਰਾ ਪੋਸਤ ਹਰੇਕ ਗੱਟੂ ਵਜਨੀ 20/20 ਕਿਲੋਗ੍ਰਾਮ (  ਕੁੱਲ 30 ਕੁਇੰਟਲ) ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ (14 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿੰਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕਦਮਾ ਦੀ ਤਫਤੀਸ ਜਾਰੀ ਹੈ, ਬਾਕੀ ਦੋਸੀਆਨ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੋਹਗੜ੍ਹ  ਵਿਖੇ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ    

                                   ਮਹਿਲ ਕਲਾਂ   25 ਫਰਵਰੀ (ਗੁਰਸੇਵਕ ਸੋਹੀ)    :  ਪਿੰਡ ਲੋਹਗੜ੍ਹ  ਗੁਰਦੁਆਰਾ ਗੁਰੂ ਰਵਿਦਾਸ ਜੀ  ਸਾਹਿਬ ਵਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ  ਹੇਠ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਸਸੋਭਿਤ ਸਨ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ  ਸਾਹਿਬ ਤੋਂ ਸ਼ੁਰੂ ਹੋ ਕੇ, ਪੂਰੇ ਨਗਰ  ਦੀ ਪਰਿਕਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਗੁਰੂ ਰਵਿਦਾਸ ਜੀ  ਸਾਹਿਬ ਆ ਕੇ ਸਮਾਪਤ ਹੋਇਆ। ਇਸ ਦੌਰਾਨ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੇ ਸਰੋਪੇ ਪਾ ਕੇ ਭਰਮਾ ਸਵਾਗਤ ਕੀਤਾ ਗਿਆ। ਸੰਗਤਾਂ ਲਈ  ਲੰਗਰ ਲਗਾਇਆ ਗਿਆ। ਨਗਰ ਕੀਰਤਨ ਨਾਲ ਸੰਗਤਾਂ ਦਾ ਵਿਸ਼ਾਲ ਕਾਫਲਾ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ। ਨਗਰ ਕੀਰਤਨ 'ਚ     ਲਖਵੀਰ ਸਿੰਘ  ਤਖਤੂਪੁਰੇ ਵਾਲਾ  , ਨਾਥ ਸਿੰਘ ਰਾਹੀ ਕਵੀਸਰੀ ਜਥਾ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜ ਕੇ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਭਾਈ ਧਰਮਪਾਲ ਸਿੰਘ  ਨੇ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਬੇਨਤੀ ਕੀਤੀ। ਇਸ ਮੌਕੇ ਸੰਗਤਾਂ ਦੇ ਸਵਾਗਤ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ।  ਇਸ ਮੌਕੇ  ਪ੍ਰਧਾਨ ਹਰਬੰਸ ਸਿੰਘ, ਸੇਵਾਦਾਰ ਮਹਿੰਦਰ ਸਿੰਘ, ਮੰਹਤ ਚਮਕੌਰ ਸਿੰਘ, ਬਾਬਾ ਨਛੱਤਰ ਸਿੰਘ,  ਬਲਜੀਤ ਸਿੰਘ ਬਿੱਲੂ, ਭੋਲਾ ਸਿੰਘ ਚੁੰਬਰ , ਅਮਰਜੀਤ ਸਿੰਘ ਹੈਪੀ,  ਜਸਪਾਲ ਸਿੰਘ ਪਾਲੀ ਡਾ ਅੰਮ੍ਰਿਤ ਸਿੰਘ ਦੇਹੜ੍ਹ  , ਦਲਵੀਰ  ਸਿੰਘ,  ਪ੍ਰਦੀਪ ਲੋਹਗੜ੍ਹ   ,  ਡਾ ਬਲਦੇਵ ਸਿੰਘ ,ਸੁਖਚੈਨ ਸਿੰਘ   ਦੇਹੜ੍ਹ ,ਫੌਜੀ ਭੋਲਾ ਸਿੰਘ , ਡਾ  ਜੱਸਾ ਸਿੰਘ , ਬੱਗਾ ਸਿੰਘ ਧੇਨਸਰ , ਬਿੱਕਰ  ਸਿੰਘ ਧੇਨਸਰ  , ਗੁਰਮੀਤ ਸਿੰਘ  , ਏਕਮ ਸਿੰਘ, ਬਿੱਟੂ ਸਿੰਘ ਹਰਦਾਸਪੁਰਾ  ,  ਸੰਗਤ ਸ਼ਾਮਿਲ ਸੀ।

ਥਾਣਾ ਸਹਿਣਾ ਨੇ 250 ਪੇਟੀਆਂ ਸਰਾਬ ਸਮੇਤ ਇੱਕ ਕਾਬੂ ਕੀਤਾ

ਸਹਿਣਾ/ ਭਦੌੜ 25 ਫਰਵਰੀ(ਗੁਰਸੇਵਕ ਸਿੰਘ ਸੋਹੀ) -ਸ੍ਰੀ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਡੀ ਐਸ ਪੀ ਮਾਨਵਜੀਤ ਸਿੰਘ ਸਿੱਧੂ ਉੱਪ ਕਪਤਾਨ ਪੁਲਿਸ ਸਬ ਤਪਾ ਅਤੇ ਮੁੱਖ ਅਫ਼ਸਰ ਥਾਣੇਦਾਰ ਜਸਪਾਲ ਚੰਦ ਥਾਣਾ ਸਹਿਣਾ ਨੇ ਆਪ ਤੱਕ ਨਿਊਜ ਚੈਨਲ ਦੀ ਟੀਮ ਨਾਲ ਜਾਣਕਾਰੀ ਦਿੰਦੇ ਹੋਇਆ ਦੱਸਿਆ ਹੈ ਕਿ ਸਮੱਗਲਰਾ  ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਮੁੱਕਦਮਾ ਨੰਬਰ ਅੱਠ ਅ/ਧ 61/1/14 ਥਾਣਾ ਸਹਿਣਾ ਬਰ ਖਿਲਾਫ਼ ਸੱਤਾ ਰਾਮ ਪੁੱਤਰ ਧਰਮਾ ਰਾਮ ਵਾਸੀ ਨੋਕ, ਥਾਣਾ ਸਦਰ ਬਾੜਮੇਰ ਜਿਲ੍ਹਾ ਬਾੜਮੇਰ ਰਾਜਸਥਾਨ ਦੇ ਬਲਜੀਤ ਸਿੰਘ 586/ਬਰ ਥਾਣਾ ਸਹਿਣਾ ਨੇ ਮੁਖਬਰੀ ਦੇ ਆਧਾਰ ਤੇ ਦਰਜ ਰਜਿਸਟਰ ਕਰਵਾਇਆ। ਥਾਣਾ ਸਹਿਣਾ ਪੁਲਿਸ ਪਾਰਟੀ ਨੇ ਟੂਲ ਪਲਾਜ਼ਾ ਤੋਂ 100 ਮੀਟਰ ਪਿੱਛੇ ਨਾਕਾ ਲਗਾਇਆ ਹੋਇਆ ਸੀ ਤਾ ਕੰਨਟੇਨਰ ਉਕਤ ਜੋ ਮੋਗਾ ਸਾਇਡ ਤੋ ਆ ਰਿਹਾ ਸੀ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਅੰਗਰੇਜ਼ੀ ਸਰਾਬ ਦੇ ਪਾਊਏ ਤੇ ਬੋਤਲਾਂ ਅਤੇ ਬੀਅਰ ਕੈਨ ਸੀਲ ਬੰਦ ਦੇ ਡੱਬੇ 672 ਪਾਊਦੇ ਅੰਗਰੇਜ਼ੀ ਸਰਾਬ ਮਾਰਕਾ ਆਲ ਸੀਜ਼ਨ, 120 ਬੋਤਲਾਂ ਅੰਗਰੇਜ਼ੀ ਸਰਾਬ ਮਾਰਕਾ ਰੋਇਲ , 84 ਬੋਤਲਾਂ, 2260 ਬੀਅਰ ਕੈਨ ਬਰਾਮਦ ਕਰਵਾ ਕੇ ਗਿਰਫ਼ਤਾਰ ਕੀਤਾ, ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਿਸ ਵਿੱਚ ਸੜਕ ਸੁਰਖਿਆ ਫੋਰਸ ਦੇ ਕਰਮਚਾਰੀਆਂ ਅਜੈ ਕਾਗੜਾ, ਅਜੀਤ ਸਿੰਘ, ਗੁਰਸਿਮਰਨ ਸਿੰਘ  ਵਿਸੇਸ ਯੋਗਦਾਨ ਰਿਹਾ ਅਤੇ ਇਸ ਮੌਕੇ ਤੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਪੰਮਾ , ਹੌਲਦਾਰ ਰਾਜਵਿੰਦਰ ਸਿੰਘ ਮਲਕੀਤ ਸਿੰਘ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ , ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵੱਲੋਂ ਸੀਨੀਅਰ ਕ੍ਰਿਕਟ ਕਲੱਬ ਦੇ ਮੈਂਬਰਾਂ ਨੂੰ ਅਨੰਦ ਕਾਰਜ ਸਮਾਗਮ ਵਿੱਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ਬੱਡੂਵਾਲੀਆ

ਧਰਮਕੋਟ,(. ਹਰਜਿੰਦਰ ਸਿੰਘ ੍ਬੱਡੂਵਾਲੀਆ ਜਸਵਿੰਦਰ ਸਿੰਘ ਰੱਖਰਾ )
ਪਿਛਲੇ ਦਿਨੀਂ  ਗੁਰਦਆਰਾ  ਬੀਬੀ ਕਾਹਨ  ਕੌਰ ਵਿਖੇ  ਸਮਹਿਕ  ਆਨੰਦ  ਕਾਰਜ ਸਮਾਗ਼ਮ  ਕਾਰਵਾਇਆ ਗਿਆ ਜਿਸ ਸਹਿਜਤਾ ਨਾਲ ਇਹ ਸਮਾਗਮ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ ਉਸ ਲਈ  ਸਾਰੇ ਖਾਲਸਾ ਸੇਵਾ ਸੋਸਾਇਟੀ ਦੇ ਸਾਰੇ  ਮੈਂਬਰ  ਵਧਾਈ   ਦੇ ਪਾਤਰ ਹਨ ਜ੍ਹਿਨਾਂ ਨੇ ਦਿਨ ਰਾਤ ਦੀ ਮੇਹਨਤ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਇਸ ਮੌਕੇ ਮੋਗਾ ਸ਼ਹਿਰ ਦੇ ਪੁਰਾਣੇ ਖਿਡਾਰੀਆਂ ਵਲੋਂ ਬਣਾਇਆ ਗਿਆ ਸੀਨੀਅਰ ਕ੍ਰਿਕਟ ਕਲੱਬ ਦੇ ਮੈਂਬਰ ਵੀ ਆਪਣੀ ਹਾਜਰੀ ਲਵਾਉਣ ਪਹੂੰਚੇ  ਸੋਸਾਇਟੀ  ਵਲੋਂ ਕਲੱਬ ਵਲੋਂ ਦਿਤੇ ਸਹਿਯੋਗ ਲਈ  ਕਲੱਬ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਆਰ ਕੇ ਜਿੰਦਲ ਸ਼੍ਰੀ ਵਿਨੈ ਗੁਪਤਾ ਪ੍ਰਵੀਨ ਗਰਗ  ਡਾਕਟਰ ਸ਼ਮਸ਼ੇਰ ਸਿੱਧੂ ਨੋਨੀ ਧੀਰ ਈਸ਼ਵਰ ਖੱਤਰੀ ਅਵਤਾਰ ਸਿੰਘ ਗੁਰਮੀਤ ਸਿੰਘ ਡਾਕਟਰ ਬਰਾੜ ਲਖਵੀਰ ਸਿੰਘ ਰਿੰਕੂ ਸ਼ਿਵ ਅਹੂਜਾ ਡਾਕਟਰ ਗੁਰਪ੍ਰੀਤ ਸਿੰਘ ਹਰਵਿੰਦਰ ,ਐਡਵੋਕੇਟ ਅਮਿਤ ਮਿੱਤਲ ਸੁਰਿੰਦਰ ਗਰਗ ਮਨੋਜ ਮੁਨੀਸ਼ ਹਰਸ਼ ਆਦਿ  ਹਾਜ਼ਿਰ ਸਨ
ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਸਾਂਝੇ ਫੋਰਮ ਦੀ ਜੱਥੇਬੰਦੀ - ਦਸਮੇਸ਼ ਯੂਨੀਅਨ ਵੱਲੋਂ ਨਵੇਂ ਦਿੱਲੀ ਮੋਰਚੇ ਲਈ ਜੁਝਾਰੂ ਕਾਫਲੇ ਹੋ ਰਹੇ ਰਵਾਨਾ

    ਮੁੱਲਾਂਪੁਰ ਦਾਖਾ 25 ਫਰਵਰੀ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਬੁਢੇਲ ਚੌਂਕ ਨੇੜੇ, ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵੇਂ ਦਿੱਲੀ ਮੋਰਚੇ ਅਤੇ ਚੌਂਕੀਮਾਨ ਟੋਲ ਮੋਰਚਾ ਤੇ ਲੰਗਰ ਬਾਰੇ ਵੱਖ-ਵੱਖ ਪਹਿਲੂਆਂ 'ਤੇ ਗੰਭੀਰ, ਡੂੰਘਾ ਤੇ ਭਰਵਾਂ ਵਿਚਾਰ- ਵਟਾਂਦਰੇ ਵਟਾਂਦਰੇ ਦੌਰਾਨ ਜੱਥੇਬੰਦੀ ਦੇ ਆਗੂਆਂ -ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ ਮਾਨ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ।
 ਪਹਿਲ- ਪ੍ਰਿਥਮੇੰ ਨਵੇਂ ਦਿੱਲੀ ਮੋਰਚੇ ਦੇ ਨੌਜਵਾਨ ਸ਼ਹੀਦ- ਸ਼ੁਭਕਰਮਨ ਸਿੰਘ ਬੱਲੋ (ਬਠਿੰਡਾ) ਸਮੇਤ ਸਮੂਹ ਤਿੰਨਾਂ ਸ਼ਹੀਦਾਂ ਨੂੰ 2 ਮਿੰਟ ਖੜੇ ਹੋ ਕੇ ਤੇ ਮੌਨ ਧਾਰ ਕੇ ਨਿੱਘੀ ਤੇ ਭਾਵ -ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ
  ਗਈ।
 ਜੱਥੇਬੰਦੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ 12 ਫਰਵਰੀ ਤੋਂ ਲਗਾਤਾਰ ਲੜੀਵਾਰ ਪੱਕੇ ਤੇ ਰੋਜ਼ਾਨਾ ਨਵੇਂ ਦਿਲੀ ਮੋਰਚੇ ਦੇ ਸ਼ੰਭੂ ਬਾਰਡਰ 'ਤੇ ਜਾ ਰਹੇ ਪੱਕੇ ਤੇ ਰੋਜ਼ਾਨਾ ਕਾਫਲਿਆਂ ਉਪਰ ਪੂਰਨ ਖੁਸ਼ੀ ਤੇ ਭਰਪੂਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ, ਨਵੇਂ ਕਾਫਲੇ ਭੇਜਣ ਲਈ ਪਿੰਡ- ਇਕਾਈਆਂ ਵਾਰ ਬਕਾਇਦਾ ਡਿਊਟੀਆਂ ਜੜੀਆਂ ਗਈਆਂ।
     ਦੂਜੇ ਮਤੇ ਰਾਹੀਂ ਜੱਥੇਬੰਦੀ ਦੇ ਇਕਾਈਆਂ ਵਾਲੇ ਪਿੰਡਾਂ ਸਵੱਦੀ ਕਲਾਂ ਤੇ ਵਿਰਕ ਤੋਂ ਇਲਾਵਾ ਇਤਿਹਾਸਿਕ ਪਿੰਡ ਮੁੱਲਾਂਪੁਰ ਸਮੇਤ ਵੱਖ-ਵੱਖ ਪਿੰਡਾਂ ਤੋਂ ਰੋਜ਼ਾਨਾ ਜਾ ਰਹੇ ਨੌਜਵਾਨਾਂ ਦੇ ਜੱਥਿਆਂ ਦਾ ਭਾਰੀ ਧੰਨਵਾਦ ਕੀਤਾ ਗਿਆ ਹੈ।
    ਤੀਜੇ ਮਤੇ ਰਾਹੀਂ 20-21-22 ਫਰਵਰੀ ਨੂੰ ਲਗਾਤਾਰ 3 ਦਿਨ 200 ਕਿਸਾਨ- ਮਜ਼ਦੂਰ ਜੱਥੇਬੰਦੀਆਂ ਵਾਲੇ ਸਾਂਝੇ ਫੋਰਮ ਦੀ ਬਰਾਂਚ- ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵੱਲੋਂ  ਹੋਰ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਸਹਿਯੋਗ ਨਾਲ ਕੇਂਦਰ ਦੀ ਅਤੇ ਹਰਿਆਣਾ ਦੀ ਜਾਲਮ ਮੋਦੀ ਤੇ ਖੱਟਰ ਹਕੂਮਤ ਵੱਲੋਂ 500 ਦੇ ਕਰੀਬ ਬੇਕਸੂਰ ਤੇ ਬੇਹਥਿਆਰੇ ਕਿਸਾਨਾਂ- ਮਜ਼ਦੂਰਾਂ ਨੂੰ ਫੱਟੜ ਕਰਨ ਅਤੇ  ਨੌਜਵਾਨ ਸ਼ੁਭਕਰਮਨਦੀਪ ਸਿੰਘ ਦੇ ਸਿਰ 'ਚ ਸਿੱਧੀ ਗੋਲੀ ਮਾਰ ਕੇ ਕਤਲ ਕਰਨ ਵਿਰੁੱਧ ਟੋਲ ਮੁਕਤ ਰੱਖਣ ਅਤੇ ਵਿਸ਼ਾਲ ਰੋਹ ਭਰਪੂਰ ਧਰਨੇ ਲਾਉਣ  ਅਤੇ ਦਿੱਲੀ ਮੋਰਚੇ ਦੇ ਕਾਫਲਿਆਂ ਤੇ ਮੁਸਾਫਰਾਂ ਲਈ  ਜੱਥੇਬੰਦੀ ਵੱਲੋਂ  ਰੋਜਾਨਾ ਲੰਗਰ ਚਲਾਉਣ ਦਾ ਸਵਾਗਤ ਕੀਤਾ ਗਿਆ ਹੈ।
     ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸ. ਸਵੱਦੀ, ਬਲਜਿੰਦਰ ਸ. ਸਵੱਦੀ, ਗੁਰਚਰਨ ਸਿੰਘ ਸ. ਤਲਵੰਡੀ, ਅਵਤਾਰ ਸ.ਤਾਰ, ਬੂਟਾ ਸ.ਬਰਸਾਲ, ਰਾਜਵਿੰਦਰ ਸ. ਬਰਸਾਲ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਗੁਰਦੀਪ ਸ. ਮੁੰਡਿਆਣੀ, ਜਸਪਾਲ ਸ. ਮੰਡਿਆਣੀ ,ਗੁਰਮੀਤ ਸਿੰਘ ਬਿਰਕ ,ਹਰੀ ਸਿੰਘ ਚਚਰਾੜੀ ,ਸਰਵਿੰਦਰ ਸ. ਸੁਧਾਰ  ਉਚੇਚੇ ਤੌਰ ਤੇ ਹਾਜ਼ਰ ਸਨ।

ਗੁਰਸ਼ਰਨ ਕਲਾ ਭਵਨ ਵਿਖੇ ਗੁਰਮੀਤ ਬਾਵਾ ਦਾ ਲਿਖਿਆ ਨਾਟਕ ‘ਵੈਂਸੇਂਜ’ ਪਰਵਾਸ ਥੀਏਟਰ ਗਰੁੱਪ ਬਰਨਾਲਾ ਵੱਲੋਂ ਖੇਡਿਆ

ਮੁੱਲਾਂਪੁਰ ਦਾਖਾ 25 ਫਰਵਰੀ (ਸਤਵਿੰਦਰ ਸਿੰਘ ਗਿੱਲ)  ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਦਾ ਸਮਾਗਮ ‘ਮਾਤਾ ਭਾਸ਼ਾ ਦਿਵਸ’ ਨੂੰ ਸਮਰਪਿਤ  ਕਰਵਾਇਆ ਜਿਸਦਾ ਉਦਘਾਟਨ ਰਿਟਾਇਰ ਆਈ.ਏ.ਐਸ.ਹਰਚਰਨ ਸਿੰਘ ਸੰਧੂ ਸਾਹਿਤਕਾਰ, ਸਾਬਕਾ ਅਧਿਆਪਕ ਆਗੂ ਹਰਦਿਆਲ ਸਿੰਘ ਜੌਹਲ, ਜਰਨੈਲ ਸਿੰਘ ਤੱਗੜ ਕੈਲਗਰੀ, ਅਵਤਾਰ ਕੌਰ ਕੈਲਗਰੀ, ਪਵਨ ਕੁਮਾਰ, ਮਾਸਟਰ ਗੁਰਜੀਤ ਸਿੰਘ, ਵਿਜੈ ਕੁਮਾਰ ਮੋਗਾ, ਅਮਰੀਕ ਤਲਵੰਡੀ ਅਤੇ ਹਰਕੇਸ਼ ਚੌਧਰੀ, ਅੰਜੂ ਚੌਧਰੀ, ਨੀਰਜਾ ਨੇ ਮੋਮਬੱਤੀਆਂ ਬਾਲ ਕੇ ਕੀਤਾ। 
        ਇਸ ਮੌਕੇ ਹਰਚਰਨ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ ਲੋਕ ਕਲਾ ਮੰਚ ਦੇ ਯਤਨਾਂ ਦੀ ਪ੍ਰਸ਼ੰਸਾਂ ਕੀਤੀ, ਗੁਰਦਿਆਲ ਸਿੰਘ ਜੌਹਲ ਨੇ ਗੁਰਸ਼ਰਨ ਭਾਅ ਜੀ ਦੀ ਘਾਲਣਾ ਨੂੰ ਯਾਦ ਕੀਤਾ। ਜਰਨੈਲ ਤੱਗੜ ਨੇ  ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਪੰਜਾਬੀ ਮਾਂ ਬੋਲੀ ਬਚਾਉਣ ਦਾ ਸਵਾਲ ਸਾਡੇ ਸਾਹਮਣੇ ਖੜਾ ਹੈ। ਇਸ ਉਪਰੰਤ ਦਿਲਪ੍ਰੀਤ ਚੋਹਾਨ ਅਤੇ ਗੁਰਮੀਤ ਬਾਵਾ ਦੁਆਰਾ ਲਿਖਿਤ ਨਾਟਕ ‘ਵੈਂਸੇਂਜ’ ਪਰਵਾਸ ਥੀਏਟਰ ਗਰੁੱਪ ਬਰਨਾਲਾ ਨੇ ਪੇਸ਼ ਕੀਤਾ। ਨਾਟਕ ਰਾਹੀਂ ਪੇਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਪੈਸੇ ਦੀ ਚਕਾਚੌਂਧ ਮਨੁੱਖ ਨੂੰ ਸਹੀ ਗਲਤ ਵਿਚਾਲੇ ਫ਼ਰਕ ਕਰਨ ਦੀ ਹੋਸ਼ ਭੁਲਾ ਦਿੰਦੀ ਹੈ। ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ। ਇਸ ਮੌਕੇ ਤੇ ਸ਼ੇਰ ਜੰਗ ਜਾਂਗਲੀ ਯਾਦਗਾਰੀ ਫਾਉਂਡੇਸ਼ਨ ਵੱਲੋਂ ਵਿਜੈ ਮਿੱਤਲ ਮੋਗਾ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਦਸ ਕੁਰਸੀਆਂ ਲਗਵਾਉਣ ਦਾ ਜਿੰਮਾ ਲਿਆ। ‘ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ’ ਪੁਸਤਕ ਵੀ ਰਲੀਜ਼ ਕੀਤੀ ਗਈ। ਇਸ ਮੌਕੇ ਤੇ ਮਾ. ਗੁਰਜੀਤ ਸਿੰਘ, ਜਸਵੀਰ ਕੌਰ ਅਤੇ ਹਰਮਨਦੀਪ ਸਿੰਘ ਨੇ ਮੰਚ ਦੀ ਪੈਂਤੀ ਹਜਾਰ ਰੁਪਏ ਨਾਲ ਸਹਾਇਤਾ ਕੀਤੀ। ਪਰਵਾਜ ਥੀਏਟਰ ਗਰੁੱਪ, ਪਵਨ ਸੀਮਾ, ਮਾਸਟਰ ਗੁਰਜੀਤ ਸਿੰਘ, ਜਰਨੈਲ ਤੱਗੜ, ਗੁਰਦਿਆਲ ਸਿੰਘ, ਹਰਚਰਨ ਸੰਧੂ ਆਦਿ ਦਾ ਸਨਮਾਨ ਲੋਕ ਕਲਾ ਮੰਚ ਦੇ ਨਿਰਦੇਸ਼ਕ ਹਰਕੇਸ਼ ਚੌਧਰੀ , ਕਮਲਜੀਤ ਮੋਹੀ, ਦੀਪਕ ਰਾਏ, ਅਨਿਲ ਸੇਠੀ, ਭਾਗ ਸਿੰਘ, ਗੁਰਿੰਦਰ ਗੁਰੀ,ਬਲਜੀਤ ਕੌਰ,ਨੈਨਾ ਸ਼ਰਮਾਂ, ਕਰਨਵੀਰ ਸਿੰਘ, ਅਭਿਨੈ ਬਾਂਸਲ, ਜਰਨੈਲ ਸਿੰਘ ਮੈਂਬਰ, ਬਾਬਾ ਤੇਜਾ ਸਿੰਘ, ਪਰਗਟ ਸਿੰਘ, ਸੁਖਦੀਪ ਸਿੰਘ ਵੱਲੋਂ ਕੀਤਾ ਗਿਆ।

ਭਗਤ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਭਵਨ ਰਕਬਾ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ

ਮੁੱਲਾਂਪੁਰ ਦਾਖਾ, 25 ਫਰਵਰੀ  (ਸਤਵਿੰਦਰ ਸਿੰਘ ਗਿੱਲ) ਕ੍ਰਾਂਤੀਕਾਰੀ ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਪ੍ਰਿੰਸੀਪਲ ਰਾਮ ਸਿੰਘ, ਹਰਵੀਨ ਸਿੰਘ, ਗੁਰਦੀਪ ਸਿੰਘ ਬੁੱਟਰ, ਜਸਪਾਲ ਸਿੰਘ, ਹਰਿੰਦਰ ਸਿੰਘ ਰਕਬਾ, ਮਾਸਟਰ ਗੁਰਚਰਨ ਸਿੰਘ ਰਕਬਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਪ੍ਰਵਾਸੀ ਪੰਜਾਬੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਸੱਚੀ ਕਿਰਤ ਕਰਕੇ ਗੁਰੂਆਂ ਦੇ ਆਸ਼ੇ ਅਨੁਸਾਰ ਜ਼ਿੰਦਗੀ ਬਸ਼ਰ ਕਰ ਰਹੇ ਹਨ। ਇਸ ਸਮੇਂ ਜਸਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਆਸਟ੍ਰੇਲੀਆ ਦਾ ਕਨਵੀਨਰ ਅਤੇ ਗੁਰਮੀਤ ਸਿੰਘ ਬੁੱਟਰ ਨੂੰ ਅਮਰੀਕਾ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
         ਬਾਵਾ ਨੇ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਦਾ ਜਨਮ 1377 ਈ. ਵਿੱਚ ਬਨਾਰਸ ਵਿਖੇ ਹੋਇਆ। ਆਪ ਜੀ ਦੇ ਗੁਰੂ ਭਗਤ ਸੁਆਮੀ ਰਾਮਾ ਨੰਦ ਜੀ ਸਨ। ਆਪ ਜੀ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ ਜਿਨ੍ਹਾਂ ਵਿੱਚ ਪ੍ਰਭੂ ਨਾਲ ਪਿਆਰ, ਉਹਨਾਂ ਨਾਲ ਅਤੁੱਟ ਸਾਂਝ, ਉਹਨਾਂ ’ਤੇ ਅਥਾਹ ਮਾਣ ਅਤੇ ਭਰੋਸੇ ਦੇ ਵੰਨ ਸੁਵੰਨੇ ਦਰਸ਼ਨ ਹੁੰਦੇ ਹਨ। ਇਸ ਸਮੇਂ ਬਾਵਾ ਨੇ ਦੱਸਿਆ ਕਿ ‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਰਕਬਾ ਵਿਖੇ ਭਗਤ ਗੁਰੂ ਰਵਿਦਾਸ ਜੀ ਦਾ ਚਿੱਤਰ ਅਤੇ ਗੁਰਬਾਣੀ ਦੇ ਸ਼ਬਦ ਸੁਸ਼ੋਭਿਤ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਪੂਰੇ ਭਾਰਤ ਨੂੰ ਇੱਕ ਲੜੀ ਵਿੱਚ ਪਰੋਇਆ ਹੈ। ਸਰਬ ਸਾਂਝੀ ਗੁਰਬਾਣੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

ਸ਼ਰੋਮਣੀ ਭਗਤ ਸ਼੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ’ਤੇ ਸਮਾਗਮ ਕਰਵਾਏ

ਮੁੱਲਾਂਪੁਰ ਦਾਖਾ 25 ਫਰਵਰੀ  ( ਸਤਵਿੰਦਰ ਸਿੰਘ ਗਿੱਲ)   ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀ ਖੁਸੀ ਨੂੰ ਮੁਖ ਰੱਖਦਿਆ ਅੱਜ ਸਥਾਨਕ ਕਸਬੇ ਦੇ ਗੁਰਦੁਆਰਾ ਅਜੀਤਸਰ ਵਿਖੇ ਖੁੱਲ੍ਹੇ ਦੀਵਾਨ ਲੱਗੇ ਜਿੱਥੇ ਰਾਗੀ, ਢਾਡੀ, ਕਵੀਸ਼ਰੀ ਜੱਥਿਆ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਕੀਤਾ।   
             ਭਾਈ ਜਸਵਿੰਦਰ ਸਿੰਘ ਮੁੱਲਾਪੁਰ ਵਾਲੇ ਦੇ ਰਾਗੀ ਜੱਥੇ ਨੇ ‘‘ਐਸੀ ਲਾਲ ਤੁਝ ਬਿਨ ਕੌਣ ਕਰੇ, ਬਹੁਤ ਜਨਮ ਬਿਛੁਰੇ ਥੇ ਮਾਧਉ, ਇਹਿ ਜਨਮ ਤੁਮਾਰ੍ਹੇ ਲੇਖੇ’’ ਆਦਿ ਸ਼ਬਦਾਂ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਆਪਣੀ ਮਧੁਰ ਅਵਾਜ਼ ਨਾਲ ਕੀਲੀ ਰੱਖਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨਾਂ ਦਾ ਜੀਵਨ ਕਠਿਨਾਈਆਂ ਭਰਿਆ ਸੀ ਪਰ ਉਨ੍ਹਾਂ ਦੀ ਟੇਕ ਉਸ ਪਰਮ ਪਿਤਾ ਪ੍ਰਮਾਤਮਾ ਤੇ ਟਿਕੀ ਹੋਈ ਸੀ, ਉਨ੍ਹਾਂ  ਦੀ ਪ੍ਰਭੂ ਨਾਲ ਬਿਰਤੀ 9 ਸਾਲ ਦੀ ਉਮਰ ਵਿੱਚ ਲੱਗ ਗਈ ਸੀ ਤੇ ਉਹ ਮਾਮੂਲੀ ਜਿਹੀ ਭੇਟਾ ਤੇ ਲੋਕਾਂ ਦੇ ਜੋੜੇ ਗੰਢਣ ਲੱਗੇ। ਕੀਰਤਨ ਦਾ ਸਾਥ ਉਨ੍ਹਾਂ ਦੇ ਸਾਥੀ ਭਾਈ  ਬਲਜੀਤ ਸਿੰਘ ਕਾਕੜਾ ਅਰਮਾਨ ਸਿੰਘ ਜਾਂਗਪੁਰ ਵਾਲਿਆਂ ਨੇ ਦਿੱਤਾ।
        ਇਸ ਮੌਕੇ ਗੁ ਅਜੀਤਸਰ ਸਾਹਿਬ ਮੁਲਾਪੁਰ ਪ੍ਰਧਾਨ ਅਵਤਾਰ ਸਿੰਘ ਰਾਜੋਆਣਾ, ਜੋਰਾ ਸਿੰਘ ਭਨੋਹੜ ਦਲਜੀਤ ਸਿੰਘ ਪਿ੍ਰਤਪਾਲ ਸਿੰਘ, ਰਵਿੰਦਰ ਸਿੰਘ ਰਵੀ,  ਜਸਵੀਰ ਸਿੰਘ,  ਚਰਨਜੀਤ ਸਿੰਘ ਬੀਰਮੀ ਨਿਰੰਜਨ ਸਿੰਘ ਭਨੋਹੜ ਆਦਿ ਹਾਜਰ ਸਨ।

ਟਰੱਕ ਯੂਨੀਅਨ ਤਲਵੰਡੀ ਸਾਬੋ ਨੇ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ‘ਸ੍ਰੀ ਦਮਦਮਾ ਸਾਹਿਬ ਟਰੱਕ ਓਪਰੇਟਰ ਯੂਨੀਅਨ’ ਤਲਵੰਡੀ ਸਾਬੋ ਦੇ ਸਮੂੰਹ ਓਪਰੇਟਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਗਮ ਯੂਨੀਅਨ ਦੇ ਦਫਤਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬੁੰਗਾ ਮਸਤੂਆਣਾ ਦੇ ਗੁਰਦੁਆਰਾ ਮੰਜੀ ਸਾਹਿਬ (ਪਾ:9ਵੀਂ) ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਥਾ ਵੀਚਾਰ ਰਾਹੀਂ ਸਮੂੰਹ ਟਰੱਕ ਓਪਰੇਟਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਟਰੱਕ ਓਪਰੇਟਰ ਜਿੰਨਾਂ ਨੇ ਸੜਕਾਂ ਤੇ ਦੂਰ ਦੁਰਾਡੇ ਟਰੱਕ ਚਲਾਉਦਿਆਂ ਜ਼ਿੰਦਗੀ ਦਾ ਜਿਆਦਾ ਸਮਾਂ ਲੰਘਾਉਣ ਹੁੰਦਾ ਹੈ ਉਨਾਂ ਲਈ ਨਾਮ ਸਿਮਰਨ ਅਤਿ ਜ਼ਰੂਰੀ ਹੈ।ਅਰਦਾਸ ਉਪਰੰਤ ਟਰੱਕ ਯੁੂਨੀਅਨ ਪ੍ਰਧਾਨ ਅਵਤਾਰ ਸਿੰਘ ਤਾਰ ਭਾਊ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਟਰੱਕ ਓਪਰੇਟਰ ਅੱਗੇ ਵੀ ਧਾਰਮਿਕ ਸਮਾਗਮ ਕਰਵਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਰਹਿਣਗੇ ਜਦੋਂਕਿ ਇਸ ਮੌਕੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੈਨੂੰਆਣਾ ਨੇ ਧਾਰਮਿਕ ਸਮਾਗਮ 'ਚ ਸਹਿਯੋਗ ਦੇ ਵਾਲੀਆਂ ਸਮੁੱਚੀਆਂ ਸਖਸ਼ੀਅਤਾਂ ਅਤੇ ਵਿਸ਼ੇਸ ਤੌਰ 'ਤੇ ਸਮੁੂੰਹ ਟਰੱਕ ਓਪਰੇਟਰਾਂ ਦਾ ਧੰਨਵਾਦ ਕੀਤਾ।ਧਾਰਮਿਕ ਸਮਾਗਮ 'ਚ ਵਿਸ਼ੇਸ ਤੌਰ 'ਤੇ ਡੀ.ਐੱਸ.ਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ, ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਉਨਾਂ ਦੇ ਭਰਾ ਐਡਵੋਕੇਟ ਉਦੈਵੀਰ ਸਿੰਘ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਟੀਮ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸ਼੍ਰੋਮਣੀ ਅਕਾਲੀ ਦਲ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ, ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਲਾਭ ਸਿੰਘ ਜੱਜਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੀ. ‘ਆਪ’ ਆਗੂ ਰੇਸ਼ਮ ਸਿੰਘ ਜ਼ੈਲਦਾਰ ਪ੍ਰਧਾਨ ਕੋ.ਸੁਸਾਇਟੀ ਜਗਾ, ਗੁਰਤੇਜ ਸਿੰਘ ਜੋਗੇਵਾਲਾ, ਤਰਸੇਮ ਸਿੰਗਲਾ, ਹਰਜੀਤ ਸਰਾਂ, ਸੁਖਦੇਵ ਸਿੰਘ ਫਾਰਮਾਸਿਸਟ, ਗੁਰਦੀਪ ਮਾਨ ਜਗਾ ਤੋਂ ਇਲਾਵਾ ਗੁਰਜੰਟ ਸਿੰਘ ਸਰਾਂ, ਹਰਵਿੰਦਰ ਸਿੰਘ, ਬਲਦੇਵ ਸਿੰਘ, ਰਛਪਾਲ ਸਿੰਘ, ਮਹਾਸ਼ਾ ਸੇਠ, ਜਸਵੀਰ ਸੰਧੂ, ਕੁਲਦੀਪ ਦੰਦੀਵਾਲ ਕਲਾਲਵਾਲਾ ਆਦਿ ਮੌਜੂਦ ਰਹੇ।

ਲੰਗਰ ਕਮੇਟੀ ਨੰਗਲਾ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫਤ ਚੈੱਕਅਪ ਕੈਂਪ ਲਗਾਇਆ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਲੰਗਰ ਕਮੇਟੀ ਨੰਗਲਾ ਅਤੇ ਪਿੰਡ ਦੇ ਸਹਿਯੋਗ ਨਾਲ ਪਿੰਡ ਵਿਖੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੀ ਟੀਮ ਪਹੁੰਚੀ ਜਿਨ੍ਹਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਦਵਾਈਆਂ ਅਤੇ ਐਨਕਾਂ ਵੀ ਮੁਫਤ  ਦਿੱਤੀਆਂ ਗਈਆਂ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਲੰਗਰ ਕਮੇਟੀ ਨੰਗਲਾ (ਜਿਹੜੇ ਕਿ ਏਮਜ ਹਸਪਤਾਲ ਵਿਖੇ ਲੰਗਰ ਲੈ ਕੇ ਜਾਂਦੇ ਹਨ) ਦੇ ਪ੍ਰਬੰਧਕ ਭਾਈ ਕਾਹਨ ਸਿੰਘ ਖਾਲਸਾ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਅਤੇ ਮਰੀਜ਼ਾਂ ਨੂੰ ਦਵਾਈਆਂ ਦੇਣ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰ ਚਰਨਜੀਤ ਸਿੰਘ ਮੱਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਜਿਨਾਂ ਨੇ ਲਗਭਗ 250 ਮਰੀਜ਼ਾਂ ਨੂੰ ਚੈੱਕ ਕੀਤਾ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਕੈਂਪ ਵਿੱਚ ਜਿਹੜੇ ਮਰੀਜ਼ ਆਪਰੇਸ਼ਨ ਕਰਾਉਣਾ ਚਾਹੁੰਦੇ ਹਨ ਉਨਾਂ ਦੀ ਲਿਸਟ ਬਣਾ ਲਈ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਮੱਲੀ ਹਸਪਤਾਲ ਵਿਖੇ ਆਪਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਲੰਗਰ ਕਮੇਟੀ ਨੰਗਲਾ ਦੇ ਪੂਰਨ ਸਹਿਯੋਗ ਦੇ ਨਾਲ ਸਾਡੀ ਟੀਮ ਵੱਲੋਂ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਜਿਨਾਂ ਬਜ਼ੁਰਗਾਂ ਮਰੀਜ਼ਾਂ ਨੂੰ ਆਪਰੇਸ਼ਨ ਦੀ ਜਰੂਰਤ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਆਪਰੇਸ਼ਨ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇੱਕ ਨਹੀਂ ਅਨੇਕਾਂ ਹੀ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਨਿਸ਼ਕਾਮ ਕੈਂਪ ਲਾਏ ਗਏ ਹਨ ਅਤੇ ਲਗਾਏ ਵੀ ਜਾਣਗੇ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਲੰਗਰ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਤਰਸੇਮ ਕੁਮਾਰ, ਐਡੋਵੇਕੇਟ ਜਗਦੀਪ ਸਿੰਘ, ਰਾਜੀਵ ਕੁਮਾਰ ਕਾਲੂ ਆਦਿ ਨੇ ਸੇਵਾ ਨਿਭਾਈ।

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ

ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ-ਸੰਤ ਅਮੀਰ ਸਿੰਘ ਜੀ
ਲੁਧਿਆਣਾ 25 ਫਰਵਰੀ (ਕਰਨੈਲ ਸਿੰਘ ਐੱਮ.ਏ. )-
ਸਿੱਖੀ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਕੌਮ ਦੀ ਅਜ਼ੀਮ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਨੇ ਜੁੜ੍ਹੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਅਜੋਕੇ ਹਾਲਾਤਾਂ ਦੀ ਪ੍ਰਸੰਗਿਕਤਾ ਚ "ਬੇਗਮ ਪੁਰਾ" ਦਾ ਮਹੱਤਵ ਵਿਸ਼ੇ ਨੂੰ ਕੇਂਦਰਿਤ ਕਰਦਿਆਂ ਸਮਝਾਇਆ ਕਿ ਜਦੋਂ ਸਾਧਕ ਦੀ ਉੱਚ ਆਤਮਕ ਅਵਸਥਾ ਉਸ ਅਲੌਕਿਕ ਸ਼ਕਤੀ ਅਕਾਲ ਪੁਰਖ "ਵਾਹਿਗੁਰੂ ਜੀ" ਨਾਲ ਇਕ ਸੁਰ ਹੋ ਜਾਵੇ ਤਾਂ ਉਹ ਹਰ ਪ੍ਰਕਾਰ ਦੇ ਲੌਕਿਕ/ਅਲੌਕਿਕ ਤੇ ਦੁਨਿਆਵੀ ਮਾਇਆ ਗ਼ਮਾਂ ਤੋਂ ਪੂਰਨ ਤੌਰ ਤੇ ਮੁਕਤ ਹੋ ਜਾਂਦਾ ਹੈ। ਬਾਬਾ ਜੀ ਨੇ ਬੇਗਮਪੁਰਾ ਦੇ ਅੱਖਰੀ ਅਰਥਾਂ ਨੂੰ ਸਮਝਾਉਂਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ। ਜਿੱਥੇ ਸ਼ਬਦ ਨੂੰ ਤੁਰੀਯਾ ਅਵਸਥਾ-ਗਿਆਨ ਦੀ ਅਵਸਥਾ ਨਾਲ ਜੋੜ ਕੇ ਗ਼ਮਾਂ ਦਾ ਅਭਾਵ ਹੋ ਜਾਂਦਾ ਹੈ।
ਬਾਬਾ ਜੀ ਨੇ ਭਗਤ ਰਵਿਦਾਸ ਜੀ ਜੀਵਨ ਕਾਲ  ਭਾਵ 14ਵੀਂ 15ਵੀਂ ਸਦੀ ਵੇਲੇ ਦੇ ਸੱਭਿਆਚਾਰਕ ਵਿਖਰੇਵਿਆਂ ਵਾਲੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਵੇਲੇ ਮਾਨਵੀ ਜੀਵਨ ਮੁੱਲਾਂ ਦਾ ਅਮੁੱਲੀ ਰੂਪ ਦਿਨੋਂ ਦਿਨ ਖਤਮ ਹੋ ਰਿਹਾ ਸੀ, ਦੂਜੇ ਪਾਸੇ ਕੱਟੜਵਾਦੀ ਮਾਰੂ ਭਾਵਨਾ ਤੇ ਰਾਜਸੀ ਸ਼ਕਤੀ ਦੀ ਦੁਰਵਰਤੋਂ ਹੋ ਰਹੀ ਸੀ,  ਹਰ ਪਲ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ, ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਸੀ, ਅਜਿਹੇ ਵਿੱਚ ਮਾਨਸਿਕ ਸੰਕਟ ਵੀ ਗੰਭੀਰ ਤੇ ਸੰਵੇਦਨਸ਼ੀਲ ਸੀ ਅਜਿਹੇ ਹਾਲਾਤਾਂ ਵਿੱਚੋਂ ਮਨੁੱਖੀ ਮਾਹੌਲ ਨੂੰ ਮਾਨਸਿਕ ਸੁਤੰਤਰਤਾ ਦਿਵਾਉਣਾ ਉਨ੍ਹਾ ਦਾ ਮੁੱਖ ਪ੍ਰਯੋਜਨ ਸੀ, ਜਿਸ ਦੀ ਪ੍ਰਾਪਤੀ ਲਈ ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਸ਼ਕਤੀ ਦਾ ਸਹਾਰਾ ਲਿਆ। ਸਮਾਗਮ ਦੌਰਾਨ ਟਕਸਾਲ ਦੇ ਹੋਣਹਾਰ ਸਿਖਿਆਰਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਦੇ  ਕੀਰਤਨ ਕੀਤੇ, ਗੁਰੂ ਕਾ ਲੰਗਰ ਅਤੁੱਟ ਵਰਤਿਆ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ* 

ਭਗਤ ਰਵਿਦਾਸ ਨੇ ਸਮੁੱਚੀ ਲੋਕਾਈ ਨੂੰ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ -ਭਾਈ ਇੰਦਰਪਾਲ ਸਿੰਘ 
ਲੁਧਿਆਣਾ, 25 ਫਰਵਰੀ (ਕਰਨੈਲ ਸਿੰਘ ਐੱਮ.ਏ. )  
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ  ਇੰਦਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਪ੍ਰਭੂ ਭਗਤੀ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਜਾਤ-ਪਾਤ, ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਉਠ ਕੇ ਆਪਸੀ ਇੱਕਜੁੱਟਤਾ ਅਤੇ ਏਕਤਾ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਦਿਖਾਵੇ ਦੀਆਂ ਰਸਮਾਂ ਰਿਵਾਜਾਂ ਨੂੰ ਛੱਡ ਕੇ ਮਨੁੱਖ ਨੂੰ ਸੱਚੇ ਦਿਲੋਂ ਪ੍ਰਭੂ ਸਿਮਰਨ ਕਰਨ ਦੀ ਤਾਕੀਦ ਕੀਤੀ। ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸ਼੍ਰੋਮਣੀ ਭਗਤ ਰਵਿਦਾਸ  ਜੀ ਦੇ ਪੂਰਨਿਆਂ ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਇੰਦਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਤੇ ਉਨ੍ਹਾਂ ਦੇ ਕੀਰਤਨੀ ਜੱਥੇ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ ।ਇਸ ਦੌਰਾਨ ਸ .ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ।
ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ, ਰਣਜੀਤ ਸਿੰਘ ਖਾਲਸਾ, ਜਤਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

26 ਫ਼ਰਵਰੀ ਨੂੰ ਯੱਗ-ਸਮਾਗਮ ’ਤੇ ਵਿਸ਼ੇਸ਼ 

ਸੇਵਾ ਤੇ ਸਿਮਰਨ ਦੇ ਪੁੰਜ ਸਨ: ਮਹੰਤ ਜਵਾਹਰ ਸਿੰਘ, ਮਹੰਤ ਮੋਤੀ ਰਾਮ ਸਿੰਘ, ਮਹੰਤ ਰਣਜੀਤ ਸਿੰਘ ‘ਸੇਵਾਪੰਥੀ’
        ‘ਸੇਵਕ ਕਉ ਸੇਵਾ ਬਨਿ ਆਈ’॥ ਗੁਰਵਾਕ ਅਨੁਸਾਰ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਲੋਕਾਈ ਦੀ ਭਲਾਈ ਅਤੇ ਸੇਵਾ-ਸੰਭਾਲ ਦੇ ਅਨੂਠੇ ਕਾਰਜ ਵਿੱਚ ਲੀਨ ਭਾਈ ਕਨੱਈਆ ਰਾਮ ਜੀ ਨੇ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਖ਼ਸ਼ਿਸ਼ ਸਦਕਾ ਸੇਵਾ, ਸਿਮਰਨ ਤੇ ਵਿੱਦਿਆ ਦੇ ਮਹਾਨ ਕੇਂਦਰ ਉਸਾਰ ਕੇ ‘ਸੇਵਾਪੰਥੀ’ ਸੰਪਰਦਾਇ ਦੀ ਸਥਾਪਨਾ ਕੀਤੀ। ਸੇਵਾਪੰਥੀ ਸਾਧੂਆਂ ਨੇ ਆਪਣੇ ਹੱਥੀਂ ਵਾਣ ਵੱਟ ਕੇ, ਮੁੰਜ ਕੁੱਟ ਕੇ, ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਕੇ ਥਾਂ-ਥਾਂ ਖੂਹ, ਟੋਭੇ, ਬਾਉਲੀਆਂ, ਮੰਦਰ, ਮਸਜਿਦ, ਗੁਰਦੁਆਰੇ ਬਣਾਏ। ਸੇਵਾਪੰਥੀ ਸਾਧੂਆਂ ਵਿੱਚ ਅਨੇਕਾਂ ਸੇਵਾ ਦੇ ਪੁੰਜ ਤੇ ਪਰ-ਉਪਕਾਰੀ ਸੰਤ ਹੋਏ ਹਨ, ਉਹਨਾਂ ਵਿੱਚੋਂ ਹੀ ਮਹੰਤ ਜਵਾਹਰ ਸਿੰਘ ਜੀ ਖੂੰਡੇ ਵਾਲੇ, ਮਹੰਤ ਮੋਤੀ ਰਾਮ ਸਿੰਘ ਜੀ, ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ ਹੋਏ ਹਨ।
      ਗੁਰਦੁਆਰਾ ਮੋਹਨਪੁਰ (ਮੁਜ਼ੱਫਰਗੜ੍ਹ) ਪਾਕਿਸਤਾਨ ਤੇ ਹੁਣ ਗੁਰਦੁਆਰਾ ਡੇਰਾ ਮੋਹਨਪੁਰ, 7956, ਗਲੀ ਨੰਬਰ 6, ਆਰਾਕਸ਼ਾਂ ਰੋਡ, ਪਹਾੜਗੰਜ ਨਵੀਂ ਦਿੱਲੀ-55 ਦੇ ਮੁਖੀ ਸੇਵਾਦਾਰਾਂ ਦੀ ਬੰਸਾਵਲੀ ਮੁਕਟਮਣੀ, ਬ੍ਰਹਮ-ਗਿਆਨੀ ਭਾਈ ਕਨੱਈਆ ਰਾਮ ਜੀ ਤੋਂ ਆਰੰਭ ਹੁੰਦੀ ਹੈ, ਉਹਨਾਂ ਦੇ ਮੁੱਖ ਪਥ-ਪ੍ਰਦਰਸ਼ਕਾਂ ਦੀ ਲੜੀ ਵਿੱਚ ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਸੰਤੋਖਾ ਜੀ, ਭਾਈ ਅਮੀਰ ਸਿੰਘ ਜੀ, ਭਾਈ ਕਿਸ਼ਨ ਚੰਦ ਜੀ, ਮਹੰਤ ਜਵਾਹਰ ਸਿੰਘ ਜੀ, ਮਹੰਤ ਮੋਤੀ ਰਾਮ ਸਿੰਘ ਜੀ, ਮਹੰਤ ਰਣਜੀਤ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਤੱਕ ਪੁੱਜਦੀ ਹੈ।
 ਮਹੰਤ ਜਵਾਹਰ ਸਿੰਘ ਜੀ:- ਮਹੰਤ ਜਵਾਹਰ ਸਿੰਘ ਜੀ ਦਾ ਜਨਮ 1855 ਈ: ਸੰਮਤ 1912 ਬਿਕਰਮੀ ਨੂੰ ਪਿਤਾ ਭਾਈ ਮੋਹਰ ਸਿੰਘ ਦੇ ਘਰ ਮਾਤਾ ਨਰੈਣ ਦੇਵੀ ਜੀ ਦੀ ਕੁੱਖੋਂ ਪਿੰਡ ਜਹਾਨੀਆਂ ਸ਼ਾਹ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਖੇ ਹੋਇਆ। ਬਾਲ ਅਵਸਥਾ ਵਿੱਚ ਹੀ ਬਾਬਾ ਹਰੀ ਸਿੰਘ ਜੀ ਦੀ ਨਜ਼ਰੀਂ ਪੈ ਗਏ। ਉੱਥੇ ਹੀ ਵਿੱਦਿਆ ਪ੍ਰਾਪਤ ਕੀਤੀ। ਬਾਬਾ ਹਰੀ ਸਿੰਘ ਜੀ ਨੇ ਆਪ ਨੂੰ ਲੰਗਰ ਦੀ ਸੇਵਾ, ਝਾੜੂ ਦੀ ਸੇਵਾ, ਆਏ-ਗਏ ਯਾਤਰੂਆਂ ਦੀ ਸੇਵਾ ਸੌਂਪੀ। ਬਾਬਾ ਜਵਾਹਰ ਸਿੰਘ ਜੀ ਨਿੱਤ-ਨੇਮ ਅਨੁਸਾਰ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨ ਉਪਰੰਤ ਗੁਰਬਾਣੀ ਦੇ ਨਿੱਤ-ਨੇਮ ਤੋਂ ਬਾਅਦ ਬਖ਼ਸ਼ੀ ਸੇਵਾ ਸ਼ੌਕ ਨਾਲ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਜਵਾਹਰ ਸਿੰਘ, ਬਾਬਾ ਹਰੀ ਸਿੰਘ ਜੀ ਦਾ ਹਰ ਬਚਨ ਸਿਰ ਮੱਥੇ ਮੰਨਦੇ ਸਨ। ਲਗਾਤਾਰ 25 ਸਾਲ ਬਾਬਾ ਹਰੀ ਸਿੰਘ ਜੀ ਦੀ ਬਾਬਾ ਜਵਾਹਰ ਸਿੰਘ ਜੀ ਨੇ ਸੇਵਾ ਕੀਤੀ। ਉਹਨਾਂ ਕੋਲ ਜੋ ਵੀ ਆਉਂਦਾ, ਉਹ ਉਸ ਨੂੰ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਹਿੰਦੇ। ਮਿੱਠਾ ਟਿਵਾਣਾ (ਪਾਕਿਸਤਾਨ) ਵਿਖੇ ਮਹੰਤ ਜਵਾਹਰ ਸਿੰਘ ਨੇ ‘ਗੁਰੂ ਨਾਨਕ ਹਾਈ ਸਕੂਲ’ ਖੋਲ੍ਹਿਆ।
ਮਹੰਤ ਜਵਾਹਰ ਸਿੰਘ ਜੀ ਉਹਨਾਂ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ, ਜਦੋਂ ਇਸ ਦਾ ਮੈਂਬਰ ਹੋਣਾ ਫਾਂਸੀ ਦੀ ਸਜ਼ਾ ਸੀ। ਮਹੰਤ ਜਵਾਹਰ ਸਿੰਘ ਜੀ ਕੁਝ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿੱਚ ਸੇਵਾ ਕਰਦੇ ਰਹੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ ਤੇ ਮਹੰਤ ਜਵਾਹਰ ਸਿੰਘ ਜੀ ਦਾ ਅਤੁੱਟ ਵਿਸ਼ਵਾਸ, ਸਿਦਕ ਤੇ ਭਰੋਸਾ ਸੀ।
                1947 ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਆਪ ਨੇ ਹੁਸ਼ਿਆਰਪੁਰ ਮਾਡਲ ਟਾਉੂਨ ਵਿੱਚ ਸੇਵਾ ਅਸਥਾਨ ਸਥਾਪਿਤ ਕੀਤਾ। ਮਹੰਤ ਜਵਾਹਰ ਸਿੰਘ ਜੀ ਨੇ ਹਜ਼ਾਰਾਂ ਹੀ ਸਹਿਜਧਾਰੀਆਂ ਨੂੰ ਪ੍ਰੇਰਨਾ ਦੇ ਕੇ ਸਿੱਖ ਬਣਾਇਆ ਤੇ ਅਨੇਕਾਂ ਹੀ ਸਹਿਜਧਾਰੀਆਂ ਤੇ ਹੋਰ ਕਈਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਸੇਵਾ ਅਸਥਾਨ ਡੇਰਾ ਹਰੀ ਭਗਤਪੁਰਾ ਵਿਖੇ ਆਏ-ਗਏ ਰਾਹਗੀਰ ਮੁਸਾਫ਼ਰਾਂ ਲਈ ਗੁਰੂ ਕਾ ਲੰਗਰ ਅਤੇ ਸੁੱਖ ਆਰਾਮ ਲਈ ਵਿਸ਼ਰਾਮ ਘਰ ਸਥਾਪਿਤ ਕੀਤੇ। ਆਪ ਜੀ ਨੇ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਹੱਥੀਂ ਇਸ਼ਨਾਨ ਕਰਾਉਣਾ, ਲੰਗਰ ਛਕਾਉਣ ਦੀ ਸੇਵਾ ਕੀਤੀ। ਸੇਵਾ ਤੇ ਸਿਮਰਨ ਦੇ ਪੁੰਜ ਮਹੰਤ ਜਵਾਹਰ ਸਿੰਘ ‘ਸੇਵਾਪੰਥੀ’ 15 ਫੱਗਣ ਸੰਮਤ 2015, 26 ਫ਼ਰਵਰੀ ਸੰਨ 1958 ਈ: ਦਿਨ ਬੁੱਧਵਾਰ ਨੂੰ 103 ਸਾਲ ਦੀ ਉਮਰ ਭੋਗ ਕੇ ਪ੍ਰਭੂ ਚਰਨਾਂ ਵਿੱਚ ਅਭੇਦ ਹੋ ਗਏ।  
 ਮਹੰਤ ਮੋਤੀ ਰਾਮ ਸਿੰਘ ਜੀ:- ਮਹੰਤ ਮੋਤੀ ਰਾਮ ਸਿੰਘ ਦਾ ਜਨਮ 1895 ਈ: ਸੰਮਤ 1952 ਬਿਕਰਮੀ ਨੂੰ ਨੂਰਪੁਰ ਥਲ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਇਹਨਾਂ ਦੀ ਇੱਕ ਭੈਣ ਸੀ। ਜਿਸ ਸਮੇਂ ਮਹੰਤ ਮੋਤੀ ਰਾਮ ਸਿੰਘ ਜੀ ਦੀ ਮਾਤਾ ਦਾ ਦਿਹਾਂਤ ਹੋਇਆ। ਉਸ ਸਮੇਂ ਮਹੰਤ ਜੀ ਦੀ ਉਮਰ 30 ਸਾਲ ਸੀ। ਮਹੰਤ ਜੀ ਜਾਤ ਦੇ ਨਾਗਪਾਲ ਸਨ। ਮਹੰਤ ਮੋਤੀ ਰਾਮ ਸਿੰਘ, ਮਹੰਤ ਆਸਾ ਸਿੰਘ ਜੀ ਦੇ ਗੁਰਭਾਈ ਤੇ ਮਹੰਤ ਗੁਲਾਬ ਸਿੰਘ ਜੀ ਦੇ ਚੇਲੇ ਸਨ। ਬਚਪਨ ਤੋਂ ਹੀ ਆਪ ਨੇਤਰਹੀਣ ਸਨ। ਮਹੰਤ ਗੁਲਾਬ ਸਿੰਘ ਜੀ ਨੇ ਇਹਨਾਂ (ਮੋਤੀ ਰਾਮ) ਦੀ ਬਾਂਹ ਸੰਤ ਅਮੀਰ ਸਿੰਘ ਜੀ ਨੂੰ ਫੜਾਈ ਤੇ ਕਿਹਾ ‘‘ਕਿ ਇਸ ਬੱਚੇ ਨੂੰ ਵਿੱਦਿਆ ਦੇਣੀ ਹੈ।’’ ਮਹੰਤ ਮੋਤੀ ਰਾਮ ਸਿੰਘ ਜੀ ਨੇ ਡੇਰਾ ਸੰਤ ਅਮੀਰ ਸਿੰਘ ਗਲੀ ਸੱਤੋਵਾਲੀ ਕਟੜਾ ਕਰਮ ਸਿੰਘ ਅੰਮ੍ਰਿਤਸਰ ਵਿਖੇ ਸੰਤ ਅਮੀਰ ਸਿੰਘ ਪਾਸੋਂ ਭਗਤ ਬਾਣੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਪੰਜ ਸਾਲ ਸੰਥਿਆ ਪ੍ਰਾਪਤ ਕੀਤੀ। ਮਹੰਤ ਜੀ ਨੂੰ ਜੋ ਵੀ ਸ਼ਬਦ ਇੱਕ ਵਾਰ ਯਾਦ ਕਰਵਾਇਆ ਜਾਂਦਾ, ਉਹ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦਾ ਸੀ। ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਸੀ। ਮਹੰਤ ਜੀ ਅੰਮ੍ਰਿਤ ਵੇਲੇ ਰਾਤ ਨੂੰ ਇੱਕ ਵਜੇ ਉੱਠ ਕੇ, ਇਸ਼ਨਾਨ ਕਰਕੇ ਨਿੱਤ-ਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਸਨ।
            ਪਾਕਿਸਤਾਨ ਬਣਨ ਤੋਂ ਬਾਅਦ ਲਟੁਕੜਾਂ ਡੇਰੇ ਦੀ ਜ਼ਮੀਨ ਬੱਸੀ ਉਮਰ ਖਾਂ ਹੁਸ਼ਿਆਰਪੁਰ ਅਲਾਟ ਹੋਈ। ਮਹੰਤ ਮੋਤੀ ਰਾਮ ਸਿੰਘ ਜੀ ਪਿੰਡ ਬੱਸੀ ਉਮਰ ਖਾਂ ਵੀ ਰਹਿੰਦੇ ਸਨ ਤੇ ਮਹੰਤ ਜਵਾਹਰ ਸਿੰਘ ਜੀ ਨਾਲ ਅਤਿ ਪ੍ਰੇਮ ਹੋਣ ਕਰਕੇ ਬਹੁਤਾ ਸਮਾਂ ਹੁਸ਼ਿਆਰਪੁਰ ਕਥਾ ਕਰਦੇ। ਆਪ ਜੀ ਦੀ ਕਥਾ ਬੜੀ ਪ੍ਰਭਾਵਸ਼ਾਲੀ ਸੀ। ਗੁਰਬਾਣੀ ਬਹੁਤ ਯਾਦ ਸੀ। ਇੱਥੋਂ ਤੱਕ ਕਿ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਯਾਦ ਸੀ। ਮਹੰਤ ਜਵਾਹਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮਹੰਤ ਮੋਤੀ ਰਾਮ ਸਿੰਘ ਬਹੁਤ ਸਮਾਂ ਮਹੰਤ ਰਣਜੀਤ ਸਿੰਘ ਜੀ ਕੋਲ ਰਹਿੰਦੇ। ਮਹੰਤ ਮੋਤੀ ਰਾਮ ਸਿੰਘ ਜੀ ਕਥਾ ਬਹੁਤ ਸੁੰਦਰ ਕਰਦੇ, ਮਹੰਤ ਜੀ ਜਦੋਂ ਕਥਾ ਕਰਦੇ ਸਨ ਤਾਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰਦੀਆਂ ਸਨ।
ਮਹੰਤ ਮੋਤੀ ਰਾਮ ਸਿੰਘ ਜੀ ਜਿਉੂਂਂਦੇ-ਜੀਅ ਹੀ ਆਪਣੇ ਚੇਲੇ ਸੰਤ ਰਾਮ ਸਿੰਘ ਨੂੰ ਆਪਣੀ ਥਾਂ ਥਾਪ (ਨਿਯੁਕਤ ਕਰ) ਗਏ ਸਨ। ਸੇਵਾ ਦੇ ਪੁੰਜ, ਗੁਰਬਾਣੀ ਦੇ ਰਸੀਏ, ਤਿਆਗੀ, ਵੈਰਾਗੀ, ਮਹੰਤ ਮੋਤੀ ਰਾਮ ਸਿੰਘ ਜੀ ‘ਸੇਵਾਪੰਥੀ’ ਡੇਰਾ (ਗੁਰਦੁਆਰਾ) ਮੋਹਨਪੁਰ ਆਰਾਕਸ਼ਾਂ ਰੋਡ, ਪਹਾੜਗੰਜ, ਨਵੀਂ ਦਿੱਲੀ ਵਿਖੇ 82 ਸਾਲ ਦੀ ਉਮਰ ਬਤੀਤ ਕਰਕੇ 2 ਫ਼ਰਵਰੀ 1977 ਈ: ਨੂੰ ਸੱਚ-ਖੰਡ ਜਾ ਬਿਰਾਜੇ।
 ਮਹੰਤ ਰਣਜੀਤ ਸਿੰਘ ਜੀ:- ਮਹੰਤ ਰਣਜੀਤ ਸਿੰਘ ਜੀ ਦਾ ਜਨਮ ਪਿੰਡ ਕਾਲੜੂਵਾਲ ਤਹਿਸੀਲ ਭੱਖਰ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਪਿਤਾ ਸ੍ਰ: ਹਿੰਮਤ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਸੰਨ 1917 ਈ: ਸੰਮਤ 1974 ਬਿਕਰਮੀ ਵਿੱਚ ਹੋਇਆ। ਮਹੰਤ ਰਣਜੀਤ ਸਿੰਘ ਬਚਪਨ  ਤੋਂ ਹੀ ਸਾਧੂ-ਸੁਭਾਅ ਦੇ ਸਨ। ਉਹਨਾਂ ਆਪਣੇ ਪਰਿਵਾਰ ਨਾਲ ਵੀ ਕਦੇ ਮੋਹ ਨਹੀਂ ਸੀ ਰੱਖਿਆ।
       ਮਹੰਤ ਰਣਜੀਤ ਸਿੰਘ ਮੰਡੀ ਸਿੱਲਾਂਵਾਲੀ ਵਿਖੇ ਮਜ਼ਦੂਰੀ ਕਰਦੇ ਸਨ। ਰੋਜ਼ਾਨਾ ਸਵੇਰੇ-ਸ਼ਾਮ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਣ ਤੇ ਸੇਵਾ ਕਰਨ ਲਈ ਜਾਂਦੇ ਸਨ। ਮਹੰਤ ਜਵਾਹਰ ਸਿੰਘ ਜੀ ਖੂੰਡੇ ਵਾਲੇ ਮੰਡੀ ਸਿੱਲਾਂਵਾਲੀ ਵਿਖੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਆਉਂਦੇ ਸਨ। ਮਹੰਤ ਜਵਾਹਰ ਸਿੰਘ ਜੀ ਜਦੋਂ ਕਥਾ ਕਰਦੇ ਸਨ ਤਾਂ ਰਣਜੀਤ ਸਿੰਘ ਇੱਕ ਮਨ ਇੱਕ ਚਿੱਤ ਹੋ ਕੇ ਕਥਾ ਸੁਣਦੇ ਸਨ। ਇਹਨਾਂ ਨੂੰ ਲਗਨ ਲੱਗ ਗਈ ਤੇ ਮਿੱਠੇ ਟਿਵਾਣੇ ਮਹੰਤ ਜਵਾਹਰ ਸਿੰਘ ਜੀ ਕੋਲ 17-18 ਸਾਲ ਦੀ ਉਮਰ ਵਿੱਚ ਚਲੇ ਗਏ। ਡੇਰੇ ਵਿੱਚ ਲੰਗਰ ਤਿਆਰ ਕਰਨ ਤੇ ਛਕਾਉਣ, ਜਲ ਛਕਾਉਣ ਤੇ ਸਫ਼ਾਈ ਕਰਨ ਦੀ ਸੇਵਾ ਕੁਝ ਸਮਾਂ ਕਰਦੇ ਰਹੇ। ਉਸ ਤੋਂ ਬਾਅਦ ਮਹੰਤ ਜਵਾਹਰ ਸਿੰਘ ਜੀ ਨੇ ਮੰਡੀ ਬਹਾਉਦੀਨ ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਕੋਲ ਭੇਜ ਦਿੱਤਾ। ਮਹੰਤ ਰਣਜੀਤ ਸਿੰਘ ਜੀ ਨੇ ਇੱਥੇ ਹੀ ਪੰਜ ਗ੍ਰੰਥੀ, ਭਗਤ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਤ ਨਿਸ਼ਚਲ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ।
             ਮਹੰਤ ਰਣਜੀਤ ਸਿੰਘ ਜੀ, ਮਹੰਤ ਜਵਾਹਰ ਸਿੰਘ ਜੀ ਦੇ ਚੇਲੇ ਸਨ। ਮਹੰਤ ਜਵਾਹਰ ਸਿੰਘ ਨੇ ਗੁਰਦੁਆਰਾ ਮੋਹਨਪੁਰ ਦੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ। ਦੋ ਸਾਲ ਦੇ ਅੰਦਰ-ਅੰਦਰ 10-12 ਆਲੀਸ਼ਾਨ ਕਮਰੇ, ਬਰਾਂਡਾ, ਵੱਡਾ ਹਾਲ ਕਮਰਾ ਬਣਾਇਆ। ਉਸ ਤੋਂ ਦੋ ਸਾਲ ਬਾਅਦ ਮਹੰਤ ਜਵਾਹਰ ਸਿੰਘ ਜੀ ਨੇ ਆਪਣੇ ਹੱਥੀਂ ਤਿਲਕ ਲਾ ਕੇ ਰਣਜੀਤ ਸਿੰਘ ਜੀ ਨੂੰ ‘‘ਮਹੰਤ’’ ਥਾਪਿਆ ਤੇ ਗੁਰਦੁਆਰੇ ਦੀ ਸੇਵਾ-ਸੰਭਾਲ ਪੱਕੇ ਤੌਰ ’ਤੇ ਸੌਂਪ ਦਿੱਤੀ।   ਗੁਰਦੁਆਰਾ ਮੋਹਨਪੁਰ ਦੀ 20 ਵਿੱਘੇ ਜ਼ਮੀਨ ਸੀ।
       ਦੇਸ਼ ਵੰਡ ਤੋਂ ਬਾਅਦ ਗੂੜਾ ਜ਼ਿਲ੍ਹਾ ਮਹਿੰਦਰਗੜ੍ਹ ਵਿਖੇ ਮਹੰਤ ਰਣਜੀਤ ਸਿੰਘ ਜੀ ਨੇ ਇੱਕ ਪਾਣੀ ਵਾਲੀ ਟੈਂਕੀ ਤਿਆਰ ਕਰਵਾਈ ਜਿਸ ਤੇ ਉਸ ਵੇਲੇ 11,000 ਰੁਪਏ ਖ਼ਰਚ ਆਏ ਸਨ। ਮਹੰਤ ਰਣਜੀਤ ਸਿੰਘ ਜੀ ਨੇ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਵੀ ਆਪਣੇ ਕਰ-ਕਮਲਾਂ ਦੁਆਰਾ ਕੀਤਾ। ਅੱਜ ਵੀ ਇਹ ਟੈਂਕੀ ਰੇਲਵੇ ਸਟੇਸ਼ਨ ਤੇ ਸਥਿਤ ਹੈ। ਇਸ ਟੈਂਕੀ ਦਾ ਪਾਣੀ ਸਕੂਲ ਤੇ ਸਟੇਸ਼ਨ ਦੋਨਾਂ ਨੂੰ ਜਾਂਦਾ ਹੈ। ਮਹੰਤ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਪੱਥਰ ਵੀ ਲੱਗਿਆ ਹੋਇਆ ਹੈ।
                      ਮਹੰਤ ਰਣਜੀਤ ਸਿੰਘ ਜੀ ਨੇ ਦਿੱਲੀ ਵਿਖੇ ਸਾਰੀਆਂ ਕਬਰਾਂ ਪੁੱਟ ਕੇ, ਸੰਗਤਾਂ ਨੂੰ ਪ੍ਰੇਰ ਕੇ ਤੇ ਆਪ ਹੱਥੀਂ ਸੇਵਾ ਕਰਕੇ ਗੁਰਦੁਆਰੇ ਦੀ ਇਮਾਰਤ ਤਿਆਰ ਕਰਵਾਈ। ਆਪ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਸਨ। ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਹੰਤ ਰਣਜੀਤ ਸਿੰਘ ਜੀ ਨੇ ਹਸਪਤਾਲ ਵਿੱਚ ਹੀ ਆਪਣੇ ਛੋਟੇ ਭਰਾ ਪ੍ਰੇਮ ਸਿੰਘ ਨੂੰ ਕਿਹਾ ਕਿ ਮੈਨੂੰ ਗੁਰਦੁਆਰਾ ਸਾਹਿਬ ਲੈ ਚੱਲੋ। ਗੁਰਦੁਆਰਾ ਡੇਰਾ ਮੋਹਨਪੁਰ, ਪਹਾੜਗੰਜ ਨਵੀਂ ਦਿੱਲੀ ਵਿਖੇ ਸੇਵਾ ਦੀ ਮੂਰਤ ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ 25 ਅਪ੍ਰੈਲ 1982 ਈ: ਨੂੰ ਦੁਪਹਿਰ 1 ਵਜੇ 65 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
            ਗੁਰਦੁਆਰਾ ਡੇਰਾ ਮੋਹਨਪੁਰ, 7956, ਆਰਾਕਸ਼ਾਂ ਰੋਡ, ਗਲੀ ਨੰਬਰ 6, ਪਹਾੜਗੰਜ, ਨਵੀਂ ਦਿੱਲੀ ਵਿਖੇ ਸ਼੍ਰੀਮਾਨ ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬ੍ਰਹਮ-ਗਿਆਨੀ ਮਹੰਤ ਜਵਾਹਰ ਸਿੰਘ ਜੀ ‘ਸੇਵਾਪੰਥੀ’ ਖੂੰਡੇ ਵਾਲਿਆਂ ਦਾ 66ਵਾਂ ਸਾਲਾਨਾ ਯੱਗ-ਸਮਾਗਮ, ਮਹੰਤ ਮੋਤੀ ਰਾਮ ਸਿੰਘ ਜੀ ‘ਸੇਵਾਪੰਥੀ’ ਦੀ 47ਵੀਂ ਬਰਸੀ, ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ ਦੀ 42ਵੀਂ ਬਰਸੀ ਅਤੇ ਬਾਬਾ ਸੇਵਾ ਰਾਮ ਜੀ ਦੀ ਬਰਸੀ ਸਾਰੀਆਂ ਇਕੱਠੀਆਂ ਹੀ  26 ਫ਼ਰਵਰੀ ਦਿਨ ਸੋਮਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈਆਂ ਜਾ ਰਹੀਆਂ ਹਨ।
          ਸਵੇਰੇ 9-30 ਵਜੇ ਅਖੰਡ-ਪਾਠਾਂ ਦੀ ਸਮਾਪਤੀ ਹੋਵੇਗੀ ਉਪਰੰਤ ਸ਼ਾਮ 4 ਵਜੇ ਤੱਕ ਦੀਵਾਨ ਸਜਣਗੇ। ਜਿਸ ਵਿੱਚ ਮਹੰਤ ਕਰਮਜੀਤ ਸਿੰਘ ਜੀ 'ਸੇਵਾਪੰਥੀ' ਯਮੁਨਾਨਗਰ, ਮਹੰਤ ਕਾਹਨ ਸਿੰਘ ਜੀ  'ਸੇਵਾਪੰਥੀ' ਗੋਨਿਆਣਾ ਮੰਡੀ, ਮਹੰਤ ਪ੍ਰਿਤਪਾਲ ਸਿੰਘ ਜੀ 'ਸੇਵਾਪੰਥੀ' ਹੁਸ਼ਿਆਰਪੁਰ, ਮਹੰਤ ਚਮਕੌਰ ਸਿੰਘ ਜੀ 'ਸੇਵਾਪੰਥੀ' ਪਟਿਆਲਾ, ਮਹੰਤ ਦਿਲਬਾਗ ਸਿੰਘ ਜੀ 'ਸੇਵਾਪੰਥੀ' ਰੋਹਤਕ, ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਬਾਬਾ ਅਵਤਾਰ ਸ਼ਾਹ ਸਿੰਘ ਜੀ,  ਸੰਤ ਰਣਜੀਤ ਸਿੰਘ ਜੀ 'ਸੇਵਾਪੰਥੀ' ਕਲਾਨੌਰ, ਭਾਈ ਮਹਿਤਾਬ ਸਿੰਘ ਜੀ ਅੰਮ੍ਰਿਤਸਰ, ਭਾਈ ਲਾਖਨ ਸਿੰਘ ਜੀ ਦਿੱਲੀ, ਭਾਈ ਗੁਰਮੀਤ ਸਿੰਘ ਜੀ ਸੰਤ, 'ਖ਼ਾਲਸਾ', ਭਾਈ ਗੁਰਮੇਲ ਸਿੰਘ ਜੀ ਦਿੱਲੀ, ਭਾਈ ਰਵਨੀਤ ਸਿੰਘ ਜੀ ਦਿੱਲੀ, ਭਾਈ  ਦਲੀਪ ਸਿੰਘ ਜੀ ਫਕੜ , ਭਾਈ ਕਮਲਜੀਤ ਸਿੰਘ ਜੀ ਕਮਲ ਯੂ.ਐਸ.ਏ.,ਬੀਬੀ ਪ੍ਰਭਲੀਨ ਕੌਰ ਜੀ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ, ਬਾਬਾ ਸਰਬਜੋਤ ਸਿੰਘ ਜੀ ਦਿੱਲੀ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਰੱਬ ਦਾ ਰੇਡੀਓ ਗੁਰਬਾਣੀ ਤੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।

ਸੰਸਾਰ ਵਪਾਰ ਸੰਸਥਾਂ ਦੀ ਆਬੂ ਧਾਬੀ ਮੀਟਿੰਗ ਦੇ ਵਿਰੋਧ ਟਰੈਕਟਰ ਖੜਣਗੇ ਮੁਖੱ ਸੜਕਾਂ ਤੇ --ਦੇਹੜਕਾ

ਜਗਰਾਓ, 25 ਫਰਵਰੀ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) 26 ਫਰਵਰੀ ਤੋਂ 29 ਫਰਵਰੀ ਤੱਕ ਆਬੂਧਾਬੀ ਵਿਖੇ ਹੋ ਰਹੀ ਸੰਸਾਰ ਵਪਾਰ ਸੰਸਥਾਂ ਦੀ ਮੀਟਿੰਗ ਦੇ ਵਿਰੋਧ ਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਸ਼ਟਰੀ ਰਾਜ ਮਾਰਗਾਂ ਤੇ ਕਿਸਾਨ ਟਰੈਕਟਰ ਖੜੇ ਕਰਕੇ ਸਾਮਰਾਜੀ ਕਾਰਪੋਰੇਟਾਂ ਵਲੋਂ ਡਬਲਯੂ ਟੀ ਓ ਰਾਹੀਂ ਕਿਸਾਨੀ ਅਤੇ ਆਮ ਲੋਕਾਂ ਦੀ ਲੁੱਟ ਤਿੱਖੀ ਕਰਨ ਲਈ ਬਣਾਈਆਂ ਜਾ ਰਹੀਆਂ ਸਬੀਲਾਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਅੱਜ ਇਥੇ ਬਲਾਕ ਜਗਰਾਂਓ ਦੀਆਂ ਸਾਰੀਆਂ ਇਕਾਈਆਂ ਦੀ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਇਸ ਮਕਸਦ ਦਾ ਐਲਾਨ ਕਰਦਿਆਂ ਉਨਾਂ ਕਿਹਾ ਕਿ ਭਲਕੇ 26 ਫਰਵਰੀ ਨੂੰ ਨਾਨਕਸਰ ਲਾਗੇ ਖੰਡ ਮਿੱਲ ਨੇੜੇ ਜੀ ਟੀ ਰੋਡ ਤੇ ਜਗਰਾਂਓ ਅਤੇ ਸਿਧਵਾਂਬੇਟ ਬਲਾਕ ਦੀਆਂ ਇਕਾਈਆਂ ਦੇ ਕਿਸਾਨ ਵੱਡੀ ਗਿਣਤੀ ਚ ਟਰੈਕਟਰ ਲੈ ਕੇ ਖੜਣਗੇ ਅਤੇ" ਡਬਲਯੂ ਟੀ ਓ ਚੋਂ ਭਾਰਤ ਵਾਪਸ ਆਵੇ" ਦੀ ਮੰਗ ਕਰਨਗੇ। ਉਨਾਂ ਦੱਸਿਆ ਕਿ ਮੀਟਿੰਗ ਵਿੱਚ ਸੰਸਾਰ ਵਪਾਰ ਸੰਸਥਾ ਦੀਆਂ ਸ਼ਰਤਾਂ ਕਿ ਕਿਸਾਨਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਖਤਮ ਕਰਨ,ਮੰਡੀਆਂ ਤਕ ਟੈਕਸ ਮੁਕਤ ਰਸਾਈ ਖਤਮ ਕਰਨ ਅਤੇ ਆਜਾਦ ਮੁਕਾਬਲੇਬਾਜੀ ਤੇਜ ਕਰਨ ਦਾ ਤਿੱਖਾ ਨੋਟਿਸ ਲਿਆ ਗਿਆ।। ਇਹ ਸਾਮਰਾਜੀ ਕਾਰਪੋਰੇਟਾਂ ਦੀ ਸਰਦਾਰੀ ਵਾਲੀ ਸੰਸਥਾਂ ਭਾਰਤ ਵਰਗੇ ਦੇਸ਼ਾਂ ਚ ਸਬਸਿਡੀਆਂ ਦੀ ਸੀਮਾ ਸਿਰਫ ਦਸ ਪ੍ਰਤੀਸ਼ਤ ਨਿਰਧਾਰਤ ਕਰਨਾ ਚਾਹੁੰਦੀਆਂ ਹਨ ਜਦੋਂ ਕਿ ਅਪਣੇ ਮੁਲਕ ਚ ਹਜਾਰਾਂ ਡਾਲਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਕੱਤਰ ਸਾਰੇ ਅਹੁਦੇਦਾਰਾਂ ਨੇ ਸਭ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੋਜਵਾਨ ਕਿਸਾਨ ਸ਼ੁਭਕਰਮਨ ਸਿੰਘ ਅਤੇ ਹੋਰ ਵਿਛੜੇ  ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ 
ਕੀਤੀ। 
ਇਸ ਸਮੇਂ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਹਰਿਆਣਾ ਦੇ ਡੱਬਵਾਲੀ ਬਾਰਡਰ ਤੇ ਚਲ ਰਹੇ ਧਰਨੇ ਚ ਸ਼ਾਮਿਲ ਹੋਣ ਲਈ ਪੰਜ ਮਾਰਚ ਨੂੰ ਵਡੀ ਗਿਣਤੀ ਚ ਕਿਸਾਨ ਸ਼ਾਮਿਲ ਹੋਣਗੇ।  ਮੀਟਿੰਗ ਚ ਮਨਦੀਪ ਸਿੰਘ ਧਾਲੀਵਾਲ ਮੀਤ ਪ੍ਰਧਾਨ, ਚਮਕੌਰ ਸਿੰਘ ਚਚਰਾੜੀ ਬਲਾਕ ਵਿਤ ਸਕੱਤਰ ਤੋਂ ਬਿਨਾਂ ਸਾਰੀਆਂ ਇਕਾਈਆਂ ਦੇ ਪ੍ਰਧਾਨ ਹਾਜਰ ਸਨ।

ਭਾਕਿਯੂ ਡਕੌਂਦਾ ਵੱਲੋਂ ਹਰਿਆਣਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਖੜ੍ਹੇ ਕਰਕੇ ਅੱਜ ਕੀਤਾ ਜਾਵੇਗਾ ਰੋਸ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਜਰਨਲ ਸਕੱਤਰ ਰਾਜਮਹਿੰਦਰ ਸਿੰਘ ਕੋਟਭਾਰਾ ਅਤੇ ਬਲਾਕ ਪ੍ਰੈੱਸ ਸਕੱਤਰ ਸੋਨੂੰ ਅਜ਼ਾਦ ਲਹਿਰੀ ਵੱਲੋਂ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼  ਦੌਰਾਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੁਲਿਸ ਬਲਾਂ ਦੀ ਸਹਾਇਤਾ ਨਾਲ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਹੱਦ 'ਤੇ ਰੋਕਣ ਉਪਰੰਤ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਅਣਮਨੁੱਖੀ ਤਸ਼ੱਦਦ ਅਤੇ ਇਸ ਤਸ਼ੱਦਦ ਦੌਰਾਨ ਪਿੰਡ ਬੱਲ੍ਹੋ ਜ਼ਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਜੋ ਦੋ ਭੈਣਾਂ, ਬਾਪ ਅਤੇ ਬਜ਼ੁਰਗ ਦਾਦੀ ਦਾ ਇਕਲੌਤਾ ਸਹਾਰਾ ਸੀ ਜੋ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਜਖਮੀ ਹੋਏ ਉਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਫਰਵਰੀ ਨੂੰ 12 ਵਜੇ ਤੋਂ 3 ਵਜੇ ਤੱਕ ਤਲਵੰਡੀ ਸਾਬੋ ਦੇ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਹਾਈਵੇਅ ਤੇ ਖੜ੍ਹੇ ਕਰਕੇ ਹਰਿਆਣਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾਵੇਗਾ।

ਭਾਕਿਯੂ ਏਕਤਾ-ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ਵਿੱਚ 47 ਥਾਂਵਾਂ 'ਤੇ ਮੋਦੀ ਅਮਿਤ ਸ਼ਾਹ ਖੱਟੜ ਅਨਿਲ ਵਿੱਜ ਦੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ 

ਚੰਡੀਗੜ੍ਹ 23 ਫਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ   ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 47 ਥਾਂਵਾਂ 'ਤੇ ਮੋਦੀ ਅਮਿਤ ਸ਼ਾਹ ਖੱਟੜ ਅਨਿਲ ਵਿੱਜ ਦੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ। ਧਰਨਿਆਂ ਵਿੱਚ ਇਨ੍ਹਾਂ ਰਾਜਸੀ ਆਗੂਆਂ ਨੂੰ ਖਨੌਰੀ ਬਾਡਰ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਬੱਲ੍ਹੋ ਪਿੰਡ ਦੇ 21 ਸਾਲਾ ਨੌਜਵਾਨ ਸ਼ੁਭਕਰਨ ਦੇ ਕਤਲ ਲਈ ਜ਼ਿਮੇਵਾਰ ਗਰਦਾਨਿਆਂ ਅਤੇ ਉਨ੍ਹਾਂ ਉਤੇ 302 ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਵੀ ਇਨ੍ਹਾਂ ਪੁਤਲਾ ਫੂਕ ਮੁਜ਼ਾਹਰਿਆਂ ਵਿੱਚ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਬੁਲਾਰਿਆਂ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ਼ ਗਹਿਰਾ ਅਫਸੋਸ ਸਾਂਝਾ ਕੀਤਾ ਗਿਆ ਅਤੇ ਸਮੂਹਕ ਕਿਸਾਨ ਹਿਤਾਂ ਲਈ ਕੁਰਬਾਨੀ ਦੀ ਜੈਜੈਕਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੁੱਖ ਮੰਗ ਤੋਂ ਇਲਾਵਾ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਸਮੇਤ ਸਾਰੀਆਂ ਭਖਦੀਆਂ ਕਿਸਾਨੀ ਮੰਗਾਂ ਖਾਤਰ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਅਗਲੇ ਪੜਾਅ 'ਤੇ 26 ਫਰਵਰੀ ਨੂੰ ਮੁੱਖ ਹਾਈਵੇਅ ਮਾਰਗਾਂ ਉੱਤੇ ਲਾਈਨਾਂ ਵਿੱਚ ਮੀਲਾਂ ਬੱਧੀ ਟਰੈਕਟਰ ਖੜ੍ਹੇ ਕਰਕੇ ਕੇ ਢੁਕਵੀਂਆਂ ਥਾਂਵਾਂ 'ਤੇ ਡਬਲਯੂ ਟੀ ਓ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ। ਉਸ ਤੋਂ ਅਗਲੇ ਪੜਾਅ 'ਤੇ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕਰਨ ਲਈ ਕਿਸਾਨ ਮਜ਼ਦੂਰ ਕਾਫ਼ਲੇ ਸੈਂਕੜੇ ਮੀਲਾਂ ਦੇ ਪੈਦਲ ਮਾਰਚ ਕਰਕੇ ਦਿੱਲੀ ਪਹੁੰਚਣਗੇ।


            ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਤੇ ਦਵਿੰਦਰ ਕੌਰ ਛਾਲਾ ਤੋਂ ਇਲਾਵਾ ਜ਼ਿਲ੍ਹਾ/ਬਲਾਕ ਪੱਧਰੇ ਅਤੇ ਸਥਾਨਕ ਆਗੂ ਵੀ ਸ਼ਾਮਲ ਸਨ।ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਊਕਤ ਫੈਸਲਿਆਂ ਬਾਰੇ ਧਰਨਾਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਮੌਜੂਦਾ ਸੰਘਰਸ਼ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ। ਇਸ ਮੰਗ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਦੀ ਪੈਰੋਕਾਰ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਬਾਹਰ ਆਵੇ। ਕਿਉਂਕਿ ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਸੰਘਰਸ਼ਾਂ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ ।

ਆਗੂਆਂ ਨੇ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇ ਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।

ਪਿੰਡ ਹੇਰਾਂ ਦੇ ਗੱਤਕੇ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੌਜਵਾਨ ਨੂੰ ਸ੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

17 ਸੂਬਿਆਂ ਵਿੱਚੋਂ ਗੋਲਡ ਮੈਡਲ ਜਿੱਤ ਕੇ ਗੁਰਸੇਵਕ ਸਿੰਘ ਨੇ ਸਿੱਖ ਕੌਮ ਦਾ ਮਾਣ ਵਧਾਇਆ:ਜੱਥੇਦਾਰ ਤਲਵੰਡੀ

ਮੁੱਲਾਂਪੁਰ ਦਾਖਾ 23 ਫਰਵਰੀ (ਸਤਵਿੰਦਰ ਸਿੰਘ ਗਿੱਲ) ਇਤਿਹਾਸਕ ਨਗਰ ਪਿੰਡ ਹੇਰਾਂ ਵਿਖੇ ਅੱਜ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਕਰਵਾਏ ਚੇਨਈ ਵਿੱਚ ਖੇਲ਼ੋ ਇੰਡੀਆ ਖੇਡਾਂ ਵਿੱਚ ਮਹੰਤ ਕ੍ਰਿਪਾਲਦਾਸ ਗੱਤਕਾ ਅਖਾੜਾ ਦੇ ਨੌਜਵਾਨ ਗੁਰਸੇਵਕ ਸਿੰਘ ਵੱਲੋਂ ਗੱਤਕੇ ਵਿੱਚ ਪਹਿਲਾ ਸਥਾਨ ਹਾਸ਼ਲ ਕਰਕੇ ਗੋਲਡ ਮੈਡਲ ਜਿੱਤਣ ਤੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ ਵੱਲੋਂ 40 ਹਜਾਰ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਹਨਾਂ ਕਿਹਾ ਕਿ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਏ ਜੋ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਬਹੁਤ ਵੱਡਾ ਉਪਰਾਲੇ ਕਰ ਰਹੀ ਹੈ,ਉੱਥੇ ਜਿਹੜੇ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਗੋਲਡ ਮੈਡਲ ਹਾਸ਼ਲ ਕਰਦੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਮਾਣਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ,ਜਿਸ ਦੇ ਤਹਿਤ ਅੱਜ ਪਿੰਡ ਹੇਰਾਂ ਦੇ ਮਹੰਤ ਕ੍ਰਿਪਾਲ ਦਾਸ ਗੱਤਕਾ ਅਖਾੜਾ ਦੇ ਨੌਜਵਾਨ ਗੁਰਸੇਵਕ ਸਿੰਂਘ ਨੂੰ 40 ਹਜਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ।ਉਹਨਾਂ ਕਿਹਾ 17 ਸੂਬਿਆਂ ਵਿੱਚ ਗੁਰਸੇਵਕ ਸਿੰਘ ਨੇ ਗੱਤਕੇ ਵਿੱਚ ਪਹਿਲਾ ਸਥਾਨ ਜਿੱਤ ਕੇ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉੱਥੇ ਪਿੰਡ ਹੇਰਾਂ ਦਾ ਵੀ ਮਾਣ ਵਧਾਇਆ।ਇਸ ਮੌਕੇ ਮੈਨੇਜਰ ਨਿਰਭੈ ਸਿੰਘ ਨੇ ਜਿੱਥੇ ਸੋ੍ਰਮਣੀ ਕਮੇਟੀ ਦਾ ਧੰਨਵਾਦ ਕੀਤਾ ਉੱਥੇ ਗੁਰਸੇਵਕ ਸਿੰਘ ਅਤੇ ਉਸ ਮਾਤਾ ਪਿਤਾ ਨੂੰ ਵਧਾਈ ਦਿੱਤੀ।ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ,ਮੈਨੇਜਰ ਨਿਰਭੈ ਸਿੰਘ ਚੀਮਨਾ,ਮੈਨੇਜਰ ਗੁਰਜੀਤ ਸਿੰਘ ਗੁਰੂਸਰ ਸੁਧਾਰ,ਕੰਨਗੋ ਬਿੱਕਰ ਸਿੰਘ ਕਾਉਂਕੇ,ਗੋਬਿੰਦ ਸਿੰਘ,ਰਾਜਵਿੰਦਰ ਸਿੰਘ,ਇੰ.ਮਲਕੀਤ ਸਿੰਘ,ਅਜੀਤਪਾਲ ਸਿੰਘ,ਧਰਮਪਾਲ ਸਿੰਘ,ਜਗਜੀਤ ਸਿੰਘ,ਕੇਵਲ ਸਿੰਘ,ਸਰਿੰਦਰਪਾਲ ਸਿੰਘ ਸਾਬਕਾ ਪੰਚ,ਹਰਜੀਤ ਸਿੰਘ,ਗੁਰਦਿੱਤ ਸਿੰਘ,ਇੰਦਰਜੀਤ ਸਿੰਘ,ਤੇਜਵੰਤ ਸਿੰਘ,ਹਰਜਿੰਦ ਸਿੰਘ,ਏਕਮ ਸਿੰਘ,ਮਨਪ੍ਰੀਤ ਸਿੰਘ,ਦਰਸ਼ਨ ਸਿੰਘ,ਕਰਨੈਲ ਸਿੰਘ ਲੋਪੋ,ਜਗਮੇਲ ਸਿੰਘ ਬੱਦੋਵਾਲ,ਸੁਖਦੇਵ ਸਿੰਘ,ਕੁਲਦੀਪ ਸਿੰਘ,ਨਿਰਮਲ ਸਿੰਘ ਸਮਾਓ,ਬੇਅੰਤ ਸਿੰਘ ਹਾਜ਼ਰ ਸਨ।