You are here

ਪੰਜਾਬ

ਕੰਗਨਾ ਰਣੌਤ ਲੱਗੇ ਥੱਪੜ ਦੀ ਗੂੰਜ ਭਾਰਤ ਤੋਂ ਇਲਾਵਾ ਪੂਰੀ ਦੁਨੀਆਂ 'ਚ ਗੂੰਜੀ : ਪ੍ਰਧਾਨ ਮੋਰਕਰੀਮਾਂ 

ਮੁੱਲਾਂਪੁਰ ਦਾਖਾ 8 ਜੂਨ (ਸਤਵਿੰਦਰ  ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਕੰਗਨਾ ਰਣੌਤ ਦੇ ਪੰਜਾਬ ਦੀ ਸ਼ੇਰਨੀ ਧੀ ਕੁਲਵਿੰਦਰ ਕੌਰ ਵੱਲੋਂ ਜੜਿਆ ਥੱਪੜ ਦਾ ਕੀਤਾ ਸਵਾਗਤ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਨੇ ਆਖਿਆ ਕਿ ਭਾਵੇਂ ਸਿੱਖ ਕੌਮ ਕਦੇ ਵੀ ਕਿਸੇ ਤੇ ਪਹਿਲ ਨਹੀਂ ਕਰਦੀ, ਪਰ ਜਦੋਂ ਸਿੱਖਾਂ ਦੇ ਨਾਲ ਕੋਈ ਵੈਰ ਕਮਾਵੇ ਤਾਂ ਸਿੱਖ ਕੌਮ ਵੀ ਸਦੀਆਂ ਤੱਕ ਨਹੀਂ ਭੁੱਲਦੀ। ਇਸ ਲਈ ਕੰਗਣਾ ਨਣੌਤ ਮੂੰਹ ਤੇ ਵੱਜਿਆ ਥੱਪੜ ਉਹ ਦਰਦ ਹੈ ਜੋ ਕਦੇ ਇਹ ਨੇ ਤਿੰਨ ਬਿੱਲ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਦਿੱਲੀ ਧਰਨੇ ਤੇ ਸਾਡੀਆਂ ਮਾਵਾਂ ਨੂੰ ਕੂੜ ਪ੍ਰਚਾਰ ਕਰਕੇ ਤਾਨਾ ਮਾਰਿਆ ਸੀ ਅਤੇ ਸਾਡੇ ਲੰਮੇ ਸਮੇਂ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਲੜਨ ਵਾਲੀਆਂ ਸਾਡੀਆਂ ਬਜ਼ੁਰਗ ਮੈਂ ਮਤਾਵਾਂ ਨੂੰ ਇਸ ਵੱਲੋਂ ਸੌ ਸੌ ਰੁਪਏ ਦਿਹਾੜੀ ਤੇ ਆਉਣ ਵਾਲੀਆਂ ਦੱਸ ਕੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਪਰ ਇਹ ਥੱਪੜ ਇਸ ਦੇ ਬਹੁਤ ਟਾਈਮ ਪਹਿਲਾਂ ਪੈ ਜਾਣਾ ਚਾਹੀਦਾ ਸੀ। ਪਰ ਹੁਣ ਕੰਗਨਾ ਰਣੌਤ ਲੱਗੇ ਥੱਪੜ ਦੀ ਗੂੰਜ ਭਾਰਤ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਗੂੰਜੀ। ਜਦਕਿ ਥੱਪੜ ਸਥਾਨ ਏਅਰਪੋਰਟ ਤੇ ਵੀ ਕੰਗਨਾ ਨਣੌਤ ਦੇ ਸਹਿਯੋਗੀ ਨੇ ਇੱਕ ਔਰਤ ਨੂੰ ਥੱਪੜ ਮਾਰ ਕੇ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਕੁਲਵਿੰਦਰ ਕੌਰ ਪੰਜਾਬ ਦੀ ਧੀ ਦਾ ਖੂਨ ਨੇ ਉਬਾਲਾ ਖਾਦਾ। ਉਹਨਾਂ ਨੇ ਅੱਗੇ ਆਖਿਆ ਕਿ ਅਸੀਂ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਜਦੋਂ ਵੀ ਧੀ ਜਾਂ ਪਰਿਵਾਰ ਨੂੰ ਸਾਡੀ ਲੋੜ ਪਵੇਗੀ ਤਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਸਭ ਤੋਂ ਅੱਗੇ ਖੜੀ ਦਿਖਾਈ ਦੇਵੇਗੀ। ਜਿਵੇਂ ਹਿੰਦੂਤਵੀ ਲੋਕ ਕੰਗਣਾ ਨੂੰ ਫੂਕ ਸੁਕਾਉਣ ਲਈ ਹਮੇਸ਼ਾ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਹਨ । ਉੱਥੇ ਹੀ ਸਾਡੀ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਧੀ ਦੇ ਹੱਕ ਲਈ "ਹਾਅ ਦਾ ਨਾਅਰਾ" ਜਰੂਰ ਮਾਰੋ ਤਾਂ ਜੋ ਸਾਡੀ ਧੀ ਦੇ ਹੌਸਲੇ ਬੁਲੰਦ ਰਹਿਣ। ਆਖਰ ਵਿੱਚ ਉਹਨਾਂ ਨੇ ਆਖਿਆ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਬਣਦਾ ਹੈ। ਜਦਕਿ ਅਸੀਂ ਅਲੱਗ ਅਲੱਗ ਆਪਣੇ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰਾਂ ਵੀ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਤੋੜ ਕੇ ਰੱਖਣਾ ਚਾਹੁੰਦੀਆਂ ਹਨ ਤਾਂ ਜੋ ਅਸੀਂ ਕਦੇ ਵੀ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕੀਏ। ਪਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਅਸੀਂ ਸਿੱਖ ਕੌਮ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਅਤੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਹਿੰਦੂਤਵੀ ਲੋਕਾਂ ਦਾ ਡਟ ਕੇ ਮੁਕਾਬਲਾ ਕਰ ਸਕੀਏ। ਇਸ ਸਮੇਂ ਅਮਰਜੀਤ ਸਿੰਘ ਸਿੱਧਵਾਂ ਖੁਰਦ, ਕੁਲਵੰਤ ਸਿੰਘ ਸਿੱਧਵਾਂ ਖੁਰਦ, ਬਲਰਾਜ ਸਿੰਘ ਸਿੱਧਵਾ ਖੁਰਦ, ਗੁਰਪ੍ਰੀਤ ਸਿੰਘ ਸਿੱਧਵਾਂ ਖੁਰਦ, ਜਤਿੰਦਰ ਸਿੰਘ ਭੋਲਾ ਮਾਨ, ਬਲਦੇਵ ਸਿੰਘ ਸਰਾਭਾ, ਰਵਿੰਦਰ ਸਿੰਘ ਸਿੱਧਵਾਂ ਖੁਰਦ, ਬਲਵਿੰਦਰ ਸਿੰਘ ਕੋਠੇ ਹਾਂਸ, ਮੁਖਤਿਆਰ ਸਿੰਘ ਗੁੜੇ, ਹਰੀ ਸਿੰਘ ਗੁੜੇ ਆਦਿ ਹਾਜ਼ਰ ਸਨ।

ਮਾਲਵੇ ਦੇ ਇਕੌਲਤੇ ਵਿਧਾਇਕ ਇਆਲੀ ਨੇ ਕੀਤਾ ਅਕਾਲੀ ਦਲ ਤੋਂ ਕਿਨਾਰਾ

ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਰਹਾਂਗਾ ਦੂਰ - ਇਆਲੀ
ਮੁੱਲਾਂਪੁਰ ਦਾਖਾ, 08 ਜੂਨ (ਸਤਵਿੰਦਰ ਸਿੰਘ ਗਿੱਲ) ਲੋਕ ਸਭਾ ਚੋਣਾਂ ਤੋਂ ਪੰਜਾਬ ਵਿੱਚ ਜਿਲ੍ਹੇ ਪੱਧਰ ਤੇ ਰੈਲੀਆਂ ਕਰਨ ਉਪਰੰਤ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਚਾਓ ਪੰਜਾਬ ਯਾਤਰਾ ਕੱਢੀਆਂ ਸਨ। ਜਿਨ੍ਹਾਂ ਦਾ ਅਸਰ ਪਾਰਲੀਮੈਂਟ ਚੋਣਾਂ ਦੇਖਣ ਨੂੰ ਨਹੀਂ ਮਿਲਿਆ। ਜੇਕਰ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਪੰਥ ਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ’ਚ ਵੱਡੇ ਪੱਧਰ ’ਤੇ ਸਿਧਾਂਤਕ ਗਿਰਾਵਟ ਆਈ ਹੈ। ਜਿਸ ਕਾਰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਮੌਜ਼ੂਦਾਂ  ਲੋਕ ਸਭਾ ਚੋਣਾਂ ਵਿਚ ਜਿਆਦਾਤਰ ਹਲਕਿਆਂ ਅੰਦਰ ਉਮੀਦਵਾਰਾਂ ਨੂੰ ਜਮਾਨਤਾਂ ਜ਼ਬਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਪਾਰਟੀ ਵਿੱਚ ਆਈ ਵੱਡੀ ਗਿਰਾਵਟ ਨੂੰ ਦੇਖਦਿਆ ਮਾਲਵੇ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਜਿਨ੍ਹਾਂ ਸਮਾਂ ਪਾਰਟੀ ਅੰਦਰ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਰਹਿਣਗੇ। ਉਕਤ ਫੈਸਲਾ ਉਨ੍ਹਾਂ ਸ਼ੋਸਲ ਮੀਡੀਆ ਉੱਪਰ ਜਾ ਕੇ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਲਿਖਿਆ ਹੈ। ਜਿਸ ਨਾਲ ਸ਼ਰੋਮਣੀ ਅਕਾਲੀ ਦਲ ਅੰਦਰ ਖਲਬਲੀ ਮੱਚ ਗਈ ਤੇ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਇੱਕ ਦੂਜੇ ਤੋਂ ਕਨਸੋਆਂ ਲੈਂਦੇ ਰਹੇ ਕਿ ਹੁਣ ਕੀ ਬਣੂੰਗਾ ਅਕਾਲੀ ਦਲ ਦਾ।
       ਉੱਧਰ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਸੂਬੇ ਅੰਦਰ ਲਗਾਤਾਰ 10 ਸਾਲ ਦੇ ਰਾਜ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਲਗਾਤਾਰ ਗਲਤ ਫੈਸਲੇ ਲੈਂਦੀ ਰਹੀ ਹੈ। ਵਿਧਾਇਕ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੇ ਮਜਬੂਤ ਪੱਖ ਪੰਥ ਤੇ ਕਿਸਾਨੀ ਰਹੇ ਹਨ ਤੇ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਖਿਲਾਫ ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ। ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ’ਤੇ ਸਹੀ ਸਮੇਂ ’ਤੇ ਫੈਸਲਾ ਨਹੀਂ ਲੈ ਸਕੀ। 
          ਵਿਧਾਇਕ ਇਆਲੀ ਨੇ ਕਿਹਾ ਕਿ ਪਾਰਟੀ ਅੰਦਰ ਆਏ ਇਸ ਨਿਘਾਰ ਦਾ ਮੰਥਨ ਕਰਨ ਲਈ 2022 ਵਿਚ ਬਣਾਈ ਝੂੰਦਾਂ ਕਮੇਟੀ ਵਲੋਂ ਤਿਆਰ ਕੀਤੀ ਰਿਪੋਰਟ ਲਾਗੂ ਨਾ ਹੋਣ ਸਬੰਧੀ ਪਾਰਟੀ ਪ੍ਰਧਾਨ ਨਾਲ ਕਈ ਵਾਰ ਮਿਲ ਕੇ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਨ, ਪ੍ਰੰਤੂ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਬਰਨਾਲਾ) ਦੀ ਜ਼ਿਲਾ ਪੱਧਰੀ ਮੀਟਿੰਗ ਹੋਈ.....  ‌

          ਕੁਲਵਿੰਦਰ ਕੌਰ ਨੇ ਕੰਗਨਾ ਰਨੌਤ ਦੇ ਥੱਪੜ ਮਾਰ ਕੇ ਠੀਕ ਕੀਤਾ ..... ਨਿਰਭੈ ਛੀਨੀਵਾਲ                 ਬਰਨਾਲਾ /ਮਹਿਲ ਕਲਾਂ 8 ਜੂਨ (ਗੁਰਸੇਵਕ ਸੋਹੀ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਬਰਨਾਲਾ )ਦੀ ਜਿਲਾ ਪੱਧਰੀ ਮੀਟਿੰਗ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਹਲਕਾ ਇੰਚਾਰਜ (ਭਦੌੜ) ਗੋਰਾ ਸਿੰਘ ਢਿਲਵਾਂ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਹਨਾਂ ਕਿਹਾ ਹੈ ਕਿ ਮੋਹਾਲੀ ਏਅਰਪੋਰਟ ਤੇ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਕੰਗਣਾ ਰਨੌਤ ਦੇ ਥੱਪੜ ਮਾਰਿਆ ਹੈ ਉਹ ਠੀਕ ਹੀ ਮਾਰਿਆ ਹੈ ਕਿਉਂ ਕੇ ਕੰਗਣਾ ਰਨੌਤ ਨੇ ਉਸ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਿਹਾ ਹੈ। ਜਦੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅਤੇ ਮਜ਼ਦੂਰ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਸੰਘਰਸ਼ ਲੜ ਰਹੇ ਸਨ ਉਸ ਵੇਲੇ ਵੀ ਇਸ ਨੇ ਘਟੀਆ ਸਬਦ ਕਿਸਾਨਾਂ ਨੂੰ ਬੋਲੇ ਕਿਸਾਨਾਂ ਨੂੰ ਗੰਦੇ ਕੀੜੇ ਅਤੇ ਦਿਹਾੜੀਦਾਰ ਕਿਸਾਨ ਅੱਤਵਾਦੀ ਕਿਹਾ ਹੈ। ਇਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਗਲਤ ਬੋਲੇ ਸਬਦ ਕਦੋਂ ਵੀ ਭਟਕ ਸਕਦੇ ਹਨ। ਜਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਰਨਲ ਅਡਵਾਇਰ ਨੂੰ ਮਾਰਿਆ ਉਸ ਦੇ ਵੀ 21 ਸਾਲ ਦਿਲ ਦੇ ਵਿੱਚ ਅੱਗ ਬਲਦੀ ਰਹੀ ਉਸ ਤਰ੍ਹਾਂ ਹੀ ਕੁਲਵਿੰਦਰ ਕੌਰ ਨੇ ਬਦਲੇ ਦੀ ਅੱਗ ਦਿਲ ਵਿੱਚ ਰੱਖ ਕੇ ਭੜਾਸ ਕੱਢੀ ਹੈ । ਕੰਗਨਾ ਰਨੌਤ ਆਪਣੀ ਗੰਦੀ ਬੋਲੀ ਦਾ ਸੁਧਾਰ ਕਰੇ। ਇਸ ਮੌਕੇ ਉਹਨਾਂ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਮੇਸ਼ਾ ਹੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜੀ ਹੈ। ਇਸ ਮੌਕੇ ਨਗਿੰਦਰ ਸਿੰਘ ,ਸਰਪੰਚ ਭੁਪਿੰਦਰ ਕੁਮਾਰ , ਹਰਦੇਵ ਸਿੰਘ ਕਾਕਾ, ਬਲਾਕ ਪ੍ਰਧਾਨ ਰਾਮ ਸਿੰਘ ਢਿੱਲਵਾਂ ,ਸਾਧੂ ਸਿੰਘ, ਕਰਤਾਰ ਸਿੰਘ, ਰਾਜਾ ਸਿੰਘ ,ਸੁਰਜੀਤ ਸਿੰਘ, ਜਗਰੂਪ ਸਿੰਘ ਸੀਨੀਵਾਲ, ਗੁਰਸੇਵਕ ਸਿੰਘ ਬਰਨਾਲਾ ਆਦਿ ਹਾਜ਼ਰ ਸਨ।

ਸਿਵਲ ਸਰਜਨ ਲੁਧਿਆਣਾ ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਸਟਾਫ ਦੇ ਕੰਮ ਦਾ ਰੀਵਿਉ ਕਰਨ ਲਈ ਮੀਟਿੰਗ ਕੀਤੀ ਗਈ,ਦਿੱਤੇ ਟੀਚਿਆ ਨੂੰ ਪੂਰਾ ਕਰਨ ਦੀ ਕੀਤੀ ਹਦਾਇਤ

ਜਗਰਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ ) ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ  ਵੱਲੋਂ  ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਵਿਖੇ ਸਮੂਹ ਸਟਾਫ ਦੀ ਮੀਟਿੰਗ ਕਰਕੇ ਸੈਟਰ ਵਾਈਜ  ਸੀ.ਐਚ.ਓ, ਏ.ਐਨ.ਐਮ, ਮਪਹਵ (ਮੇਲ) ਅਤੇ ਆਸ਼ਾ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਜਿਹੜੇ ਸੈਟਰਾ ਦਾ ਕੰਮ ਮਿੱਥੇ ਟਾਰਗਟ ਨਾਲੋਂ ਘੱਟ ਸੀ ਉਨ੍ਹਾਂ ਨੂੰ ਸਮਾਬੱਧ ਤਰੀਕੇ ਨਾਲ ਟਾਰਗਟ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੇ  ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਬਚਨਬੱਧ ਹੈ। ਇਸ ਲਈ ਜਰੂਰੀ ਹੈ ਕਿ ਹਰ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ  ਨਿਭਾਵੇ ਅਤੇ ਕੰਮ ਕਰਨ ਵਿੱਚ ਕੋਈ ਵੀ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧੀ  ਐਸ.ਐਮ.ਓ ਸਿੱਧਵਾਂਬੇਟ ਜਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ  ਸੀ.ਐਚ.ਸੀ ਸਿੱਧਵਾਂਬੇਟ ਦੇ ਕਈ ਪਿੰਡ ਦੀ ਸੈਕਸ ਰੈਸੋਂ  ਕਾਫੀ ਘੱਟ ਹੈ । ਇਸ ਲਈ  ਸਬੰਧਿਤ ਸਟਾਫ ਨੂੰ ਸੈਕਸ ਰੈਸੋਂ ਵਧਾਉਣ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਇਸਤੋਂ ਇਲਾਵਾ ਹਾਈ ਰਿਸਕ ਪਰੇਗਨੇਸ਼ੀ ਫੋਲੋਅਪ, ਹਾਈਪੈਰਟਸ਼ਨ ਮਰੀਜਾ ਦਾ ਫੋਲੋਅਫ ,ਐਮ.ਡੀ.ਆਰ, ਆਈ.ਡੀ.ਆਰ ਆਦਿ ਵਿਸ਼ਿਆ ਤੇ ਵੀ ਧਿਆਨ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕੇ ਜੇਕਰ ਕਿਸੇ ਕਰਮਚਾਰੀ ਨੂੰ ਡਿਊਟੀ ਨਾਲ ਸਬੰਧਿਤ ਕੋਈ ਦਿੱਕਤ ਹੈ ਤੇ ਉਹ ਉਨ੍ਹਾਂ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਵੱਲੋਂ ਕਰਮਚਾਰੀਆ ਦੀਆ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਸਮੇਂ ਸੀਨੀਅਰ ਮੈੇਡੀਕਲ ਅਫਸਰ ਡਾ ਅਮਰਜੀਤ ਕੌਰ ਜੀ ਵੱਲੋਂ  ਭਰੋਸਾ ਦਿਵਾਇਆ ਗਿਆ ਕਿ ਸਿਵਲ ਸਰਜਨ ਵੱਲੋਂ ਕੀਤੀਆ ਹਦਾਇਤਾ ਤੇ ਅਮਲ ਕਰਦਿਆ  ਜਿਥੇ ਕੰਮ ਵਿੱਚ  ਕੋਈ ਕਮੀ ਪੇਸ਼ੀ ਹੈ ਉਸਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਿਵਲ ਸਰਜਨ ਸਾਹਿਬ ਦਾ ਸੀ.ਐਚ.ਸੀ ਸਿੱਧਵਾਂਬੇਟ ਵਿਖੇ ਪਹੁੰਚ ਕੇ ਰੀਵਿਉ ਮੀਟਿੰਗ ਕਰਨ ਲਈ ਧੰਨਵਾਦ ਵੀ ਕੀਤਾ । ਇਸ ਸਮੇਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਅਮਰਜੀਤ ਕੌਰ , ਰਜਿੰਦਰ ਸਿੰਘ ਜਿਲ੍ਹਾ ਡਿਪਟੀ ਸੂਚਨਾ ਅਤੇ ਸਿੱਖਿਆ ਅਫਸਰ, ਸੰਜੀਵ ਭਾਰਗਵ ਸੁਪਰਡੈਂਟ ਪੰਕਜ, ਡਾ ਅੰਕਿਤਾ ਪਲਿਆਲ, ਡਾ ਸਰਵਪ੍ਰੀਤ ਸਿੰਘ ਮੱਲ੍ਹੀ, ਸਤਵਿੰਦਰ ਸਿੰਘ ਸੀਨੀਅਰ ਸਹਾਇਕ,ਹਰਪਾਲ ਕੌਰ ਨਰਸਿੰਗ ਅਫ਼ਸਰ , ਗੁਰਮੇਲ ਸਿੰਘ ਹੈਲਥ ਇੰਸਪੈਕਟਰ ਮਨਦੀਪ ਸਿੰਘ , ਸੁਖਵਿੰਦਰ ਸਿੰਘ ਅਕਾਊਟੈਂਟ,ਬਲਦੇਵ ਸਿੰਘ ਆਦਿ ਵੀ ਹਾਜਰ ਸਨ।

ਸੈਨਿਟਰੀ ਇੰਸਪੈਕਟਰ ਨੇ ਸੀਵਰੇਜਮੈਨ ਟੀ ਸ਼ਰਟਾ ਨਾਲ ਕੀਤੇ ਸਨਮਾਨਿਤ

ਜਗਰਾਉ 8 ਜੂਨ (ਅਮਿਤ ਖੰਨਾ). ਜਗਰਾਓਂ ਸ਼ਹਿਰ ਨੁੰ ਸਾਫ ਸੁਥਰਾ ਰੱਖਣ ਚ ਐਹਿਮ ਰੋਲ ਅਦਾ ਕਰਨ ਵਾਲੇ ਮੇਹਨਤੀ ਸੀਵਰੇਜ ਕਰਮਚਾਰੀਆਂ ਨੁੰ ਨਗਰ ਕੌਂਸਿਲ ਕੰਗਰਾਓਂ ਦੇ ਸੈਨਿਟਰੀ ਇੰਸਪੈਕਟਰ ਸ਼ਿਆਮ ਲਾਲ ਭੱਟ ਅਤੇ ਸਵੱਛ ਭਾਰਤ ਅਭਿਆਨ ਜਗਰਾਉਂ ਦੇ ਬ੍ਰਾਂਡ ਅੰਬੇਸਡਰ ਕੈਪਟਨ ਨਰੇਸ਼ ਵਰਮਾ ਨੇ ਟੀ ਸ਼ਰਟ ਦੇ ਕੇ ਸਨਮਾਨਿਤ ਕੀਤਾ.ਇਸ ਮੌਕੇ ਉਹਨਾਂ ਨਾਲ ਜਤਿੰਦਰ ਬਾਂਸਲ ਅਤੇ ਕੇਵਲ ਮਲਹੋਤਰਾ ਭੀ ਸਨ.ਇਸ ਮੌਕੇ ਵਰਕਰਾਂ ਲਈ ਆਫ਼ਿਸ ਦਾ ਭੀ ਨਿਰਮਾਣ ਕੀਤਾ ਗਿਆ. ਇਸ ਮੌਕੇ ਸਾਰੇ ਮੁਲਾਜਿਮ ਖੁਸ਼ ਸਨ ਅਤੇ ਪਵਨ ਕੁਮਾਰ ਦੇ ਨਾਲ ਐਸ ਆਈ ਸ਼ਾਮ ਲਾਲ ਭੱਟ ਅਤੇ ਕੈਪਟਨ ਨਰੇਸ਼ ਵਰਮਾ ਦਾ ਧੰਨਵਾਦ ਕੀਤਾ. ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਸਾਨੂੰ ਹੋਰ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ.

ਕਰ ਭਲਾ ਹੋ ਭਲਾ ਸੋਸਾਇਟੀ ਵੱਲੋਂ ਠੰਡੇ ਮਿੱਠੇ ਜਲ ਦੀ ਵਿਸ਼ਾਲ ਸ਼ਬੀਲ ਲਗਾਈ

ਜਗਰਾਉ 8 ਜੂਨ (ਅਮਿਤ ਖੰਨਾ)ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ  ਠੰਡੇ ਮਿੱਠੇ ਜਲ ਦੀ ਵਿਸ਼ਾਲ ਛਬੀਲ ਲਗਾਈ ਗਈ ਗਰਮੀ ਦੇ ਮੌਸਮ ਤੋਂ ਰਾਹਤ ਦੇਣ ਲਈ ਆਣ ਜਾਣ ਵਾਲੇ ਲੋਕਾਂ ਨੇ ਛਬੀਲ ਦਾ ਪੂਰਾ ਲਾਭ ਲਿਆ ਤੇ ਗਰਮੀ ਤੋਂ ਰਾਹਤ ਭੀ ਪਾਈ ਕਰ ਭਲਾ ਹੋ ਭਲਾ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਜੈਨ(ਕਾਕਾ) ਨੇ ਕਿਹਾ ਸੋਸਾਇਟੀ ਦੇ ਸਾਰੇ ਹੀ ਮੈਂਬਰ ਸਮੇਂ ਸਮੇਂ ਸਿਰ ਜਰੂਰਤ ਪਰਿਵਾਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ   ਸੇਵਾ ਲੋਕਾਂ ਦੇ ਦਿੱਤੇ ਗਏ ਸਹਿਯੋਗ ਦੇ ਨਾਲ ਹੀ ਕੀਤੀ ਜਾਂਦੀ ਹੈ ਸੋਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਸਾਰੇ ਮੈਂਬਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ  ਇਸ ਮੌਕੇ ਚੇਅਰਮੈਨ ਅਮਿਤ ਅਰੋੜਾ. ਪ੍ਰਧਾਨ ਰਜਿੰਦਰ ਜੈਨ (ਕਾਕਾ) ਸੈਕਟਰੀ ਨਨੇਸ਼ ਗਾਂਧੀ. ਕੈਸ਼ੀਅਰ ਨੀਰਜ ਕਟਾਰੀਆ. ਵਿਸ਼ਾਲ ਸ਼ਰਮਾ. ਸ਼ਿਵਾਂਸ ਨਾਗੀ. ਭੁਪਿੰਦਰ ਸਿੰਘ ਮੁਰਲੀ. ਕੈਪਟਨ ਨਰੇਸ਼ ਵਰਮਾ. ਮੋਹਿਤ ਜੈਨ. ਨਵਦੀਪ ਕੌਰ. ਨੇ ਹਾਜਰੀ ਦਿੱਤੀ

ਪੰਜਾਬ ਦੇ 13 ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ’ਚ ਚੁੱਕਣ ਸਹੁੰ-ਦੀਪਕ ਸ਼ਰਮਾ ਚਨਾਰਥਲ

ਪੰਜਾਬ ਸਮੇਤ ਚੰਡੀਗੜ੍ਹ ਦੇ ਮੈਂਬਰਾਂ ਨੂੰ ਪੱਤਰ ਲਿਖਿਆ 

ਚੰਡੀਗੜ੍ਹ, 08 ਜੂਨ (ਬਲਬੀਰ ਸਿੰਘ ਬੱਬੀ )
ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਮਾਂ ਬੋਲੀ ’ਚ ਸਹੁੰ ਚੁੱਕਣ ਦੀ ਬੇਨਤੀ ਕੀਤੀ ਗਈ ਹੈ। ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਹੀ ਸਹੁੰ ਚੁੱਕਣ। ਮਾਂ ਬੋਲੀ ਪੰਜਾਬੀ ਦੇ ਹੱਕ-ਹਕੂਕ ਲਈ ਹਮੇਸ਼ਾ ਅਵਾਜ਼ ਚੁੱਕਣ ਵਾਲੇ ਪੰਜਾਬ ਚਿੰਤਕ ਵਜੋਂ ਜਾਣੇ ਜਾਂਦੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਇਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ।    
      ਪੰਜਾਬ ਦੇ ਵੱਖੋ-ਵੱਖ ਪਾਰਟੀਆਂ ਨਾਲ ਸਬੰਧਤ ਅਤੇ ਅਜ਼ਾਦ ਉਮੀਦਵਾਰ ਵਜੋਂ ਚੁਣੇ ਗਏ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖਦਿਆਂ ਦੀਪਕ ਚਨਾਰਥਲ ਨੇ ਬੇਨਤੀ ਕੀਤੀ ਕਿ ‘‘ਮਾਣਯੋਗ ਸੰਸਦ ਮੈਂਬਰ ਜੀ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕੋ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿੱਪੀ ਵਾਲੇ ਬੋਲ ਜਦੋਂ ਸੰਸਦ ਵਿਚ ਤੁਹਾਡੇ ਮੁੱਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਵੇਗਾ।’’
     ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿਚ ਗੁਰਮੀਤ ਸਿੰਘ ਮੀਤ ਹੇਅਰ,  ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ, ਅੰਮਿ੍ਰਤਪਾਲ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਮਾਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ ਅਤੇ ਸਰਬਜੀਤ ਸਿੰਘ ਖਾਲਸਾ ਸਮੇਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਜਿੱਥੇ ਇਹ ਖਤ ਭੇਜਿਆ ਗਿਆ ਹੈ, ਉਥੇ ਹੀ ਈਮੇਲ ਅਤੇ ਵਟਐਪ ਰਾਹੀਂ ਵੀ ਇਨ੍ਹਾਂ 14 ਨੁਮਾਇੰਦਿਆਂ ਤੱਕ ਇਹ ਚਿੱਠੀ ਪਹੁੰਚਦੀ ਕੀਤੀ ਜਾ ਰਹੀ ਹੈ। ਦੀਪਕ ਚਨਾਰਥਲ ਨੇ ਆਸ ਪ੍ਰਗਟਾਈ ਕਿ ਮੈਨੂੰ ਉਮੀਦ ਹੈ ਕਿ ਇਹ 14 ਦੇ 14 ਸੰਸਦ ਮੈਂਬਰ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਸਹੁੰ ਚੁੱਕਣਗੇ ਅਤੇ ਆਪੋ-ਆਪਣੀਆਂ ਪਾਰਟੀਆਂ ਦੀ ਬਜਾਏ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਮੀਡੀਆ ਰਾਹੀਂ ਵੀ ਉਕਤ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸੰਸਦ ਵਿਚ ਆਪਣੀ ਬੋਲੀ ਦਾ ਮਾਣ ਵਧਾਉਂਦਿਆਂ ਹੋਇਆਂ ਸਹੁੰ ਵੀ ਪੰਜਾਬੀ ਵਿਚ ਚੁੱਕਣ ਅਤੇ ਮੁੱਦੇ ਚੁੱਕਣ ਲੱਗਿਆਂ ਵੀ ਆਪਣੀ ਮਾਂ ਬੋਲੀ ਨੂੰ ਪਹਿਲ ਦੇਣ।

ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਦਾ ਚੋਣ ਇਜਲਾਸ ਹੋਇਆ ਸੰਪੰਨ 

ਡੀ ਟੀ ਐੱਫ ਦੇ ਚੋਣ ਇਜਲਾਸ ਵਿੱਚ ਜਗਪਾਲ ਬੰਗੀ  ਜ਼ਿਲ੍ਹਾ ਪ੍ਰਧਾਨ ਅਤੇ ਗੁਰਮੇਲ ਸਿੰਘ ਮਲਕਾਣਾ  ਸਕੱਤਰ ਚੁਣੇ ਗਏ 
 
ਬਠਿੰਡਾ 08 ਜੂਨ (ਰਮੇਸ਼ਵਰ ਸਿੰਘ)

ਡੈਮੋਕਰੇਟਿਕ ਟੀਚਰਜ਼ ਫਰੰਟ ਦਾ ਜ਼ਿਲ੍ਹਾ ਚੋਣ ਇਜਲਾਸ ਸਥਾਨਕ ਟੀਚਰਜ ਹੋਮ  ਵਿਖੇ ਹੋਇਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟਾਂ/ਅਧਿਆਪਕਾਂ ਨੇ ਹਿੱਸਾ ਲਿਆ। ਇਹ ਇਜਲਾਸ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲਾ ਮੁਕਤਸਰ ਦੇ ਪ੍ਰਧਾਨ ਪਵਨ ਕੁਮਾਰ ਦੀ  ਅਗਵਾਈ ਅਤੇ ਦੇਖ-ਰੇਖ ਹੇਠ ਹੋਇਆ। ਇਜਲਾਸ ਦੀ ਸ਼ੁਰੂਆਤ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ  ਦੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਡੀ ਟੀ ਐੱਫ ਆਗੂ ਬੇਅੰਤ ਸਿੰਘ ਫੂਲੇਵਾਲਾ  ਨੇ ਡੀ ਟੀ ਐੱਫ ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਸੰਘਰਸ਼ਾਂ ਰਾਹੀਂ ਪਾਏ ਯੋਗਦਾਨ ਅਤੇ ਜੱਥੇਬੰਦੀ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੜ੍ਹੀ, - ਜਿਸ ਉੱਤੇ ਹਾਜ਼ਰ ਅਧਿਆਪਕਾਂ ਵੱਲੋਂ ਤਸੱਲੀ ਪ੍ਰਗਟਾਈ ਗਈ। ਚੋਣ ਅਬਜ਼ਰਵਰ ਵਿਕਰਮਦੇਵ ਸਿੰਘ ਦੀ ਦੇਖ-ਰੇਖ ਹੇਠ ਨਵੀਂ ਚੋਣ ਕਮੇਟੀ ਦਾ ਪੈਨਲ ਪਵਨ ਕੁਮਾਰ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ/ਅਧਿਆਪਕਾਂ ਵੱਲੋਂ ਆਪਣੀ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਪੈਨਲ ਵਿੱਚ ਜਗਪਾਲ ਬੰਗੀ ਨੂੰ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਮਲਕਾਣਾ ਨੂੰ ਜਨਰਲ ਸਕੱਤਰ, ਦਵਿੰਦਰ ਡਿੱਖ ਵਿੱਤ ਸਕੱਤਰ ਹਰਜਿੰਦਰ ਸੇਮਾ ਅਤੇ ਨਰਿੰਦਰ ਬੱਲੂਆਣਾ  ਨੂੰ ਮੀਤ ਪ੍ਰਧਾਨ, ਅਮਰਦੀਪ ਸਿੰਘ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਸਹਾਇਕ ਵਿੱਤ ਸਕੱਤਰ ਜਤਿੰਦਰ ਸ਼ਰਮਾ ਨੂੰ ਪ੍ਰੈਸ ਸਕੱਤਰ, ਸੁਨੀਲ ਕੁਮਾਰ ਨੂੰ ਮੀਡੀਆ ਕੋਆਰਡੀਨੇਟਰ, ਬੇਅੰਤ ਸਿੰਘ ਫੂਲੇਵਾਲਾ, ਬੂਟਾ ਸਿੰਘ ਰੋਮਾਣਾ, ਅਵਤਾਰ ਸਿੰਘ ਮਲੂਕਾ, ਕੁਲਦੀਪ ਕੁਮਾਰ ਤਲਵੰਡੀ ਸਾਬੋ, ਗੁਰਪਾਲ ਸਿੰਘ ਜਗਾਰਾਮ, ਤੀਰਥ ਮੋਹਨ ਸਿੰਘ ਮਲਕਾਣਾ ਸੁਖਮੰਦਰ ਸਿੰਘ ਝੁੰਬਾ ਅੰਮ੍ਰਿਤਪਾਲ ਸਿੰਘ ਮਾਨ ਨਛੱਤਰ ਸਿੰਘ ਜੇਠੂਕੇ,ਨਿਰਮਲ ਸਿੰਘ ,ਪਰਮਜੀਤ ਕੌਰ, ਹਰਸ਼ਰਨ ਕੌਰ,ਸਿਮਰਜੀਤ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।

ਇਸ ਮੌਕੇ ਹਾਜ਼ਰ ਡੈਲੀਗੇਟ/ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਰਕਾਰਾਂ ਅਧਿਆਪਕਾਂ ਨੂੰ ਪਹਿਲਾਂ ਤੋਂ ਮਿਲੇ ਹੋਏ ਲਾਭਾਂ ਨੂੰ ਖੋਹਣ ਤੇ ਤੁਲੀਆਂ ਹੋਈਆਂ ਹਨ, ਇੰਨ੍ਹਾਂ ਲਾਭਾਂ ਨੂੰ ਬਚਾਉਣ ਅਤੇ ਖੋਹੇ ਜਾ ਚੁੱਕੇ ਲਾਭਾਂ ਨੂੰ ਮੁੜ ਪ੍ਰਾਪਤ ਕਰਨ ਲਈ ਅਧਿਆਪਕਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿੱਚ ਨਿਤਰਨਾ ਹੀ ਪੈਣਾ ਹੈ, ਇਨ੍ਹਾਂ ਸੰਘਰਸ਼ਾਂ ਵਿੱਚ ਔਰਤ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਨਵੀਂ ਸਿੱਖਿਆ ਨੀਤੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ ਦੀ ਮੰਗ ਕੀਤੀ ਗਈ |

ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮਾਸਟਰ ਕੇਡਰ ਯੂਨੀਅਨ ਦੇ ਪ੍ਰਿਤਪਾਲ ਸਿੰਘ ਕੰਪਿਊਟਰ ਯੂਨੀਅਨ ਦੇ ਜੋਨੀ ਸਿੰਗਲਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਪੰਜਾਬ ਸਟੂਡੈਂਟ ਯੂਨੀਅਨ ਦੇ ਰਜਿੰਦਰ ਸਿੰਘ, ਪੈਨਸ਼ਨਰ ਜੇ ਯੂਨੀਅਨ ਦੇ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ  ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਨੇ ਆਪਣੀਆਂ-ਆਪਣੀਆਂ ਜਥੇਬੰਦੀਆਂ ਵੱਲੋਂ ਭਰਾਤਰੀ ਸੰਦੇਸ਼ ਪੜ੍ਹੇ ਅਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਡੀ.ਟੀ.ਐੱਫ. ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਨਵੀਂ ਟੀਮ ਅਧਿਆਪਕਾਂ ਦੀਆਂ ਇੱਛਾਵਾਂ 'ਤੇ ਖਰਾ ਉਤਰੇਗੀ ਅਤੇ ਅਧਿਆਪਕ ਲਹਿਰ ਨੂੰ ਨਵੇਂ ਸਿੱਖਰਾਂ ਤੱਕ ਲੈ ਕੇ ਜਾਵੇਗੀ।

ਇਜਲਾਸ ਦੇ ਅੰਤ ਵਿੱਚ ਡੀਟੀਐਫ ਦੇ ਪਿਛਲੇ ਸਮੇਂ ਵਿੱਚ ਜੁਝਾਰੂ ਸਾਥੀ ਰਹੇ ਦਰਸ਼ਨ ਸਿੰਘ ਮੌੜ,ਮਨੋਹਰ ਦਾਸ, ਰਣਜੀਤ ਸਿੰਘ ਬਰਾੜ, ਜਗਦੇਵ ਸਿੰਘ ਜੱਗਾ, ਜਗਨੰਦਨ  ਸਿੰਘ ਗਿੱਲ, ਰਾਜੇਸ਼ ਮੋਂਗਾ, ਸਿਕੰਦਰ ਧਾਲੀਵਾਲ, ਅੰਗਰੇਜ਼ ਸਿੰਘ ਮੌੜ, ਬਲਦੇਵ ਸਿੰਘ ਤੰਗਰਾਲੀ ਨੂੰ ਸਨਮਾਨਿਤ ਕੀਤਾ ਗਿਆ |ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਨੇ ਆਪਣੀ ਨਵੀਂ ਕਮੇਟੀ ਸਾਹਮਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਇਜਲਾਸ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।

ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘ ਦੀ ਯਾਦ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ

-ਜੋਧਾਂ / ਸਰਾਭਾ 8 ਜੂਨ ( ਦਲਜੀਤ ਸਿੰਘ ਰੰਧਾਵਾ) ਖ਼ਾਲਸਾ ਐਜੂਕੇਸ਼ਨ ਸੁਸਾਇਟੀ ਪਿੰਡ ਨਾਰੰਗਵਾਲ ਕਲਾਂ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਵਿਸੇਸ ਸਹਿਯੋਗ ਨਾਲ ਦਸਤਾਰ ਤੇ ਦੁਮਾਲਾ ਮੁਕਾਬਲਾ ਕਰਵਾਇਆ। ਗਤਕਾ ਮੁਕਾਬਲੇ ਦੌਰਾਨ ਸਭ ਤੋ ਪਹਿਲਾ ਗੁਰੁ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਮੁਕਾਬਲੇ ਦੌਰਾਨ ਇਲਾਕੇ ਭਰ ਚੋ ਸੈਂਕੜੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਅਤੇ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਕਿਰਨਦੀਪ ਕੌਰ ਖਾਲਸਾ ਵਲੋਂ ਜੇਤੂ ਬੱਚਿਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਤੇ ਗੱਤਕਾ ਸ਼ਾਸਤਰਾਂ ਨਾਲ ਸਨਮਾਨਿਤ ਕੀਤਾ ਗਿਆ, ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ, ਪ੍ਰਸੰਸਾ ਪੱਤਰ, ਪਿੰਨ ਤੇ ਕਾਪੀਆਂ ਅਤੇ ਹੋਰ ਸਮਗਰੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ,ਇੰਦਰਪਾਲ ਸਿੰਘ, ਜਗਜੀਤ ਸਿੰਘ ਜੱਗੂ, ਸੁਮਨਦੀਪ ਸਿੰਘ, ਸੰਦੀਪ ਸਿੰਘ ਖਾਲਸਾ, ਬਾਬਾ ਨਿੱਕਾ ਸਿੰਘ ਆਦਿ ਹਾਜਰ ਸਨ ।

ਦਿੱਲੀ ਮੋਰਚਾ-2 ਨੂੰ ਹੋਰ ਵਿਸ਼ਾਲ ਕਰਨ ਲਈ 10 ਨੂੰ ਚੌਂਕੀਮਾਨ ਟੋਲ ਤੋਂ ਹੋਵੇਗਾ ਨਵਾਂ ਕਾਫਲਾ ਰਵਾਨਾ

ਜੋਧਾਂ / ਸਰਾਭਾ 8 ਜੂਨ ( ਦਲਜੀਤ ਸਿੰਘ ਰੰਧਾਵਾ ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਰਜਿ: ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ  ਕਾਰਜਕਾਰੀ ਕਮੇਟੀ ਦੇ  ਫੈਸਲੇ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਧਾਨ ਸ. ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਵੱਡੀ ਮੀਟਿੰਗ ਚੌਂਕੀਮਾਨ ਟੋਲ ਮੋਰਚੇ ਦੇ ਲੰਗਰ ਸਥਾਨ ਵਿਖੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ ਤੇ ਮਜ਼ਦੂਰ ਵੀਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। 
       ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ  ਦੇ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕਰਦੇ ਹੋਏ ਵਰਨਣ  ਕੀਤਾ ਕਿ ਦੇਸ ਅੰਦਰ ਬਦਲੀਆਂ ਹੋਈਆਂ ਰਾਜਸੀ ਪਰਸਥਿਤੀਆਂ ਅੰਦਰ ਦਿੱਲੀ ਮੋਰਚਾ -2 ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਨਵੇਂ ਪ੍ਰੋਗਰਾਮ ਮੁਤਾਬਕ; 2 ਜੂਨ ਤੋਂ ਸ਼ੰਭੂ ਬਾਰਡਰ ਸਮੇਤ ਚਾਰੇ ਬਾਰਡਰਾਂ( ਸ਼ੰਭੂ, ਖਨੌਰੀ,   ਡੱਬਵਾਲੀ ਤੇ ਰਤਨਪੁਰਾ) ਉਪਰ ਆਏ ਦਿਨ ਕਿਸਾਨ- ਮਜ਼ਦੂਰ ਨੌਜਵਾਨ ਵੀਰਾਂ ਤੇ ਬੀਬੀਆਂ ਦੇ ਠਾਠਾਂ ਮਾਰਦੇ ਇਕੱਠ  ਹੋਰ ਵਿਸ਼ਾਲ ਤੋਂ ਵਿਸ਼ਾਲ ਹੁੰਦੇ ਜਾ ਰਹੇ ਹਨ। ਸਿੱਟੇ ਵਜੋਂ ਕੇਂਦਰ 'ਚ ਬਣਨ ਵਾਲੀ ਨਵੀਂ ਹਕੂਮਤ ਨੂੰ ਹਰ ਹਾਲਤ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਤੇ ਦੇਸ਼ ਭਰ ਦੇ ਕਿਸਾਨਾਂ ਦੇ 13 ਲੱਖ ਕਰੋੜ ਰੁ: ਦਾ ਖਾਤਮਾ ਕਰਨ ਸਮੇਤ ਸਮੁੱਚੇ 12 ਨਕਾਤੀ ਮੰਗ ਪੱਤਰ ਨੂੰ ਪ੍ਰਵਾਨ ਕਰਕੇ, ਬਣਦੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨੇ ਪੈਣਗੇ ਤੇ ਦਿੱਲੀ ਮੋਰਚਾ -2 ਲਾਜ਼ਮੀ ਤੌਰ 'ਤੇ ਜਿੱਤ ਦੀ ਸ਼ਾਨਾਂਮੱਤੀ ਮੰਜ਼ਿਲ 'ਤੇ ਪਹੁੰਚ ਕੇ ਰਹੇਗਾ। ਇਸ ਤੋਂ ਇਲਾਵਾ ਆਗੂਆਂ ਨੇ ਐਲਾਨ ਕੀਤਾ ਕਿ 10 ਜੂਨ ਦਿਨ ਸੋਮਵਾਰ ਨੂੰ ਠੀਕ 8 ਵਜੇ ਹਫਤਾਵਾਰੀ ਕਾਫਲਾ ਚੌਂਕੀਮਾਨ ਟੋਲ ਤੋਂ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ। 
     ਅੰਤ 'ਚ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਅੱਜ ਦੀ ਇਕੱਤਰਤਾ ਨੇ ਕਿਸਾਨਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਅੱਤਵਾਦੀ ਗਰਦਾਨਣ ਵਾਲੀ ਅਤੇ ਪੰਜਾਬ 'ਚ ਅੱਤਵਾਦ ਦੇ ਵਧਣ ਵਾਲੀ ਮਨਘੜ, ਝੂਠੀ ਤੇ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਸ਼ਬਦਾਵਲੀ ਵਰਤਣ ਵਾਲੀ ਕੰਗਣਾ ਰਨੌਤ ਉੱਪਰ ਦੇਸ਼ ਧਰੋਹੀ ਅਤੇ ਪੰਜਾਬ ਬਨਾਮ ਦੇਸ਼ ਵਿਚਕਾਰ ਨਫਰਤੀ ਭਾਵਨਾਵਾਂ ਭੜਕਾਉਣ ਵਾਲੀਆਂ ਕਨੂੰਨੀ ਧਰਾਵਾਂ ਅਧੀਨ ਬਣਦਾ ਪੁਲਿਸ ਕੇਸ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ। ਦੂਜੇ ਪਾਸੇ ਕਿਸਾਨ ਪੱਖੀ ਤੇ ਪੰਜਾਬ ਪੱਖੀ ਅਣਖ ਤੇ ਗੈਰਤ ਦੀ ਰਾਖੀ ਲਈ ਅੱਗੇ ਆਈ ਸੀ.ਆਈ. ਐਸ. ਐਫ. ਮਹਿਲਾ ਕਰਮਚਾਰੀ ਬੀਬੀ ਕੁਲਵਿੰਦਰ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਉਸਦੇ ਸਿਰ ਮੜ੍ਹੇ ਕਥਿਤ ਨਜਾਇਜ਼ ਪੁਲਿਸ ਕੇਸ ਨੂੰ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ। 
   ਅੱਜ ਦੀ ਵੱਡੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ , ਜਸਵੰਤ ਸਿੰਘ ਮਾਨ, ਜਗਦੇਵ ਸਿੰਘ ਗੁੜੇ, ਹਰਪਾਲ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਗੁਰਚਰਨ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ,ਕੁਲਦੀਪ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਮਨਜੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਮੋਹਾਲੀ ਵਿੱਚ ਹੋਏ ਲੜਕੀ ਦੇ ਕਤਲ ਦਾ ਕਾਤਲ ਸਮਰਾਲਾ ਨੇੜੇ ਪਿੰਡ ਖੀਰਨੀਆਂ ਦਾ 

 

ਸਮਰਾਲਾ, 08 ਜੂਨ (ਬਲਬੀਰ ਸਿੰਘ ਬੱਬੀ )

ਅੱਜ ਸਵੇਰੇ ਸਵੇਰੇ ਹੀ ਤਕਰੀਬਨ 8 ਕੁ ਵਜੇ ਦੇ ਦਰਮਿਆਨ ਮੋਹਾਲੀ ਦੇ ਛੇ ਫੇਸ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਇਸ ਵੀਡੀਓ ਦੇ ਵਿੱਚ ਜੋ ਕੁਝ ਦਿਸ ਰਿਹਾ ਹੈ ਉਹ ਬਹੁਤ ਹੀ ਜ਼ਾਲਮਾਂਨਾਂ ਹੈ। ਵੀਡੀਓ ਅਨੁਸਾਰ ਇੱਕ ਨੌਜਵਾਨ ਲੜਕੀ ਦੇ ਉੱਪਰ ਇੱਕ ਲੜਕਾ ਜਿਸ ਨੇ ਮੂੰਹ ਸਿਰ ਬੰਨਿਆਂ ਹੋਇਆ ਹੈ ਕਿਰਪਾਨ ਦੇ ਨਾਲ ਲਗਾਤਾਰ ਲੜਕੀ ਉੱਤੇ ਵਾਰ ਕਰਦਾ ਹੈ। ਲੜਕੀ ਬਚਾਅ ਲਈ ਇਧਰ ਉਧਰ ਭੱਜਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਅਖੀਰ ਨੂੰ ਉਹ ਧਰਤੀ ਉੱਪਰ ਡਿੱਗ ਜਾਂਦੀ ਹੈ। ਬੇਖੌਫ ਹੋਇਆ ਕਾਤਲ ਧਰਤੀ ਉੱਪਰ ਪਈ ਉਸ ਲੜਕੀ ਦੇ ਉੱਪਰ ਲਗਾਤਾਰ ਵਾਰ ਕਰਦਾ ਹੈ ਉਸ ਨੂੰ ਮਾਰਨ ਤੋਂ ਬਾਅਦ ਉਹ ਪੈਦਲ ਹੀ ਤੁਰ ਕੇ ਬੜੇ ਆਰਾਮ ਦੇ ਨਾਲ ਉਥੋਂ ਨਿਕਲ ਜਾਂਦਾ ਹੈ। ਲੜਕੀ ਦਾ ਨਾਮ ਬਲਜਿੰਦਰ ਕੌਰ ਵਾਸੀ ਫਤਹਿਪੁਰ ਜੱਟਾਂ (ਮੋਰਿੰਡਾ) ਦੀ ਹੈ ਜੋ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਸੀ।
    ਜੋ ਕਤਲ ਦੀ ਵੀਡੀਓ ਹੈ ਉਸ ਵਿੱਚ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਜਦੋਂ ਉਹ ਲੜਕੀ ਉੱਪਰ ਹਮਲਾ ਕਰ ਰਿਹਾ ਹੈ ਤਾਂ ਉਥੋਂ ਕਾਰਾਂ ਜੀਪਾਂ ਮੋਟਰਸਾਈਕਲ ਸਕੂਟਰਾਂ ਵਾਲੇ ਜਾ ਰਹੇ ਹਨ ਪਰ ਕਿਸੇ ਨੇ ਵੀ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਕੋਈ ਹਿੰਮਤ ਕਰਦਾ ਤਾਂ ਸ਼ਾਇਦ ਇਸ ਲੜਕੀ ਦੀ ਜਾਨ ਬਚ ਜਾਂਦੀ। ਇਸ ਤੋਂ ਬਾਅਦ ਇਹ ਕਾਤਲ ਜਿੱਧਰ ਨੂੰ ਗਿਆ ਉਸ ਦੇ ਪਿੱਛੇ ਹੀ ਦੋ ਤਿੰਨ ਨੌਜਵਾਨ ਲੱਗ ਗਏ ਤੇ ਜਿਨਾਂ ਵਿੱਚੋਂ ਮਨਿੰਦਰ ਸਿੰਘ ਨਾਂ ਦੇ ਨੌਜਵਾਨ ਨੇ, ਇਸ ਨੂੰ ਘੇਰਨ ਦਾ ਯਤਨ ਕੀਤਾ। ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਇਸ ਨੂੰ ਫੜ ਲਿਆ ਤੇ ਫਿਰ ਪੁਲਿਸ ਵੀ ਪੁੱਜ ਜਾਂਦੀ ਹੈ ਜਦੋਂ ਪੁਲਿਸ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਪੁਲਿਸ ਉੱਪਰ ਵੀ ਹਮਲਾ ਕਰਦਾ ਹੈ ਇਸ ਸਾਰੇ ਘਟਨਾ ਕਰਮ ਦੇ ਵਿੱਚੋਂ ਬਹੁਤ ਗੱਲਾਂ ਨਿਕਲਦੀਆਂ ਹਨ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੜਕਾ ਜਿਸ ਦਾ ਨਾਮ ਸੁਖਚੈਨ ਸਿੰਘ ਹੈ ਜਿਸ ਦਾ ਪਿੰਡ ਖੀਰਨੀਆਂ (ਸਮਰਾਲਾ) ਹੈ। ਇਹ ਲੜਕਾ ਪੈਟਰੋਲ ਪੰਪ ਉਪਰ ਕੰਮ ਕਰਦਾ ਸੀ ਤੇ ਉਥੋਂ ਕੁਝ ਦਿਨ ਪਹਿਲਾਂ ਹੀ ਕੰਮ ਛੱਡਿਆ ਸੀ। ਗੱਲਬਾਤ ਇਹ ਸਾਹਮਣੇ ਆ ਰਹੀ ਹੈ ਕਿ ਇਹ ਲੜਕਾ ਉਸ ਲੜਕੀ ਦੇ ਨਾਲ ਵਿਆਹ ਕਰਾਉਣ ਲਈ ਉਸ ਉੱਤੇ ਦਬਾਅ ਪਾ ਰਿਹਾ ਸੀ ਤੇ ਉਸ ਲੜਕੀ ਨੇ ਵਿਆਹ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਨੇ ਅੱਜ ਏਡਾ ਵੱਡਾ ਕਾਰਾ ਕਰ ਦਿੱਤਾ ਤੇ ਇੱਕ ਨੌਜਵਾਨ ਲੜਕੀ ਅਣਆਈ ਮੌਤ ਮਾਰ ਦਿੱਤੀ।
    ਸਮਰਾਲਾ ਨਜ਼ਦੀਕ ਖੀਰਨੀਆ ਪਿੰਡ ਵਿੱਚ ਪੁੱਜੇ ਪੱਤਰਕਾਰਾਂ ਦੇ ਨਾਲ ਇਸ ਦੀ ਮਾਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੁਝ ਹੋਇਆ ਹੈ ਬਹੁਤ ਗਲਤ ਹੋਇਆ ਹੈ ਇਸ ਤਰ੍ਹਾਂ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ। ਲੜਕੇ ਦੀ ਮਾਂ ਨੇ ਕਿਹਾ ਹੈ ਕਿ ਇਹਨਾਂ ਦਾ ਦੋਵਾਂ ਦਾ ਪ੍ਰੇਮ ਪਿਆਰ ਚੱਲ ਰਿਹਾ ਸੀ ਲੜਕੀ ਸਾਡੇ ਘਰ ਵੀ ਆ ਚੁੱਕੀ ਹੈ।
   ਮੋਹਾਲੀ ਪੁਲਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰਾ ਕੁਝ ਹਾਲੇ ਜਾਂਚ ਪ੍ਰਕਿਰਿਆ ਵਿੱਚ ਹੈ ਸਾਰੀ ਗੱਲਬਾਤ ਸਾਹਮਣੇ ਰੱਖ ਦਿੱਤੀ ਜਾਵੇਗੀ ਇਸ ਸਾਰੇ ਘਟਨਾ ਕ੍ਰਮ ਦੇ ਉੱਪਰ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਨੇ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
    ਇੱਥੇ ਵਰਣਨ ਯੋਗ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਅਜੀਬ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦਾ ਪਤਾ ਤਾਂ ਲੱਗਦਾ ਹੀ ਹੈ ਨਾਲ ਹੀ ਪੁਲਿਸ ਕਿੰਨੀ ਕ ਮੁਸ਼ਤੈਦ ਹੈ ਇਹੋ ਜਿਹੀਆਂ ਬੇਨਿਯਮੀਆਂ ਵੀ ਸਾਹਮਣੇ ਆ ਰਹੀਆਂ ਹਨ। ਜਦੋਂ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਬੰਦਾ ਲੜਕੀ ਦਾ ਆਰਾਮ ਨਾਲ ਕਤਲ ਕਰਕੇ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ।

ਜੱਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਵੱਡਾ ਇਕੱਠ ਕਰਕੇ ਦਿੱਤਾ,ਇਕਬਾਲ ਸਿੰਘ ਝੂੰਦਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ।

ਬਰਨਾਲਾ /ਮਹਿਲ ਕਲਾਂ 19 ਮਈ (ਗੁਰਸੇਵਕ ਸੋਹੀ) ਲੋਕ ਸਭਾ ਦੀਆ ਚੋਣਾਂ ਦਾ ਪ੍ਰਚਾਰ  ਸਿਖ਼ਰਾਂ ਤੇ ਚੱਲ ਰਿਹਾ, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ ਇੱਕਬਾਲ ਸਿੰਘ ਝੂੰਦਾ ਦੀ ਚੋਣ ਮੁਹਿੰਮ ਨੂੰ ਓਸ ਸਮੇਂ ਵੱਡਾ ਬਲ ਮਿਲ਼ਿਆ ਜਦੋਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਸ੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਘਰ ਸ਼ਹਿਰ ਦੀਆ ਗੂਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜੱਥੇਬੰਦੀਆਂ ਨੇ ਦਾ ਵੱਡਾ ਇਕੱਠ ਕਰਕੇ ਸ ਇੱਕਬਾਲ ਸਿੰਘ ਝੂੰਦਾ ਚੋਣ ਮੁਹਿੰਮ ਨੂੰ ਬਲ ਦਿੱਤਾ।
ਇਸ ਇਕੱਠ ਨੂੰ ਸੰਬੋਧਨ ਹੁੰਦਿਆਂ ਸ ਇੱਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਤੁਸੀ ਸਾਰੇ ਪੜੇ ਲਿਖੇ ਤੇ ਚੰਗੇ ਪ੍ਰਬੰਧਕ ਬੈਠੇ ਹੋ, ਤੁਹਾਨੂੰ ਪਤਾ ਕਿ ਕਿਵੇਂ ਝੂਠ ਬੋਲ ਕੇ ਆਮ ਆਦਮੀ ਤੋ ਖਾਸ ਆਦਮੀਂ ਬਣੇ ਆਗੂਆਂ ਨੇ ਸਰਕਾਰ ਬਣਾਈ ਤੇ ਲੋਕਾਂ ਨੂੰ ਕਿਵੇਂ ਦੋ ਸਾਲਾਂ ਲੁੱਟਿਆ ਕੁਟੀਆ ਤੇ ਠੱਗਿਆ, ਅੱਜ ਹਰ ਵਰਗ ਇਹਨਾ ਤੋਂ ਦੁਖੀ ਆ, ਦੂਸਰੀ ਕਾਗਰਸ ਪਾਰਟੀ ਜਿਸ ਨੂੰ ਧਰਮ ਦੇ ਲੋਕ ਕਦੀ ਭੁੱਲ ਨੀ ਸਕਦੇ, ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਇਸ ਮਹੀਨੇ ਵਿੱਚ ਕਿਵੇ ਸਾਡੀ ਕੌਮ ਤੇ ਤਸ਼ੱਦਦ ਕੀਤਾ, ਸਾਡੇ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ, ਲੇਕਿਨ ਇਹ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਕਿਵੇ ਪੰਜ਼ਾਬ ਦੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ, ਇਹ ਦੋਵੇਂ ਪਾਰਟੀਆਂ ਦਾ ਪੰਜਾਬ ਤੋਂ ਬਾਹਰ ਗੱਠਜੋੜ ਹੈ,ਹਰਿਆਣਾ, ਗੁਜਰਾਤ, ਦਿੱਲੀ ਅਤੇ ਹੌਰ ਸਟੇਂਟਾ ਵਿੱਚ ਇਕੱਠੇ ਚੋਣ ਲੜ੍ਹ ਰਹੇ ਹਨ। ਪਰ ਇਹ ਪੰਜ਼ਾਬ ਵਿੱਚ ਡਰਾਮੇ ਕਰ ਰਹੇ ਹਨ ਤੁਸੀ ਸੰਗਤ ਨੇ ਇਹਨਾ ਦੇ ਅਸਲੀ ਚੇਹਰਿਆਂ ਨੂੰ ਪਛਾਨਣਾ ਹੈ। ਸ੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਰਾਜਸੀ ਜਮਾਤ ਹੈ। ਹਮੇਸਾ ਹੀ ਪੰਜਾਬ ਦੀ ਬੇਹਤਰੀ ਲਈ ਕੰਮ ਕਰਦੀ ਆ ਰਹੀ ਹੈ ਆਓ ਅਸੀ ਆਪਣੀ ਪੰਥਕ ਜੱਥੇਬੰਦੀ ਨੂੰ ਤਕੜੇ ਕਰੀਏ, ਆਉਣ ਵਾਲੀ 1 ਜੂਨ ਨੂੰ ਆਪਨੀ ਵੋਟ ਤੱਕੜੀ ਨੂੰ ਪਾਉ। ਮੈ ਤੂਹਾਨੂੰ ਵਿਸਵਾਸ ਦਵਾਉਂਦਾ ਹਾ ਕਿ ਤੁਹਾਡੀ ਆਵਾਜ਼ ਬਣਕੇ ਲੋਕ ਸਭਾ ਵਿੱਚ ਕੰਮ ਕਰਾਂਗਾ।
ਇਸ ਸਮੇਂ ਵੱਖ ਵੱਖ ਗੂਰਦੁਆਰਾ ਕਮੇਟੀਆਂ ਤੇ ਜਥੇਬੰਦੀਆ ਵੱਲੋਂ ਝੂੰਦਾ ਸਾਹਿਬ ਦਾ ਸਨਮਾਨ ਕੀਤਾ ਗਿਆ।
ਇਸ ਸਮੇ ਅਧਿਆਪਕ ਦਲ ਦੇ ਪ੍ਰਧਾਨ ਮਾਸਟਰ ਬਲਦੇਵ ਸਿੰਘ, ਮਾਸਟਰ ਸੁਖਵਿੰਦਰ ਸਿੰਘ ਰੰਗੀਆ, ਮਾਸਟਰ ਜਗਮੇਲ ਸਿੰਘ ਸਮੂਹ ਦਲ ਵੱਲੋਂ ਝੂੰਦਾ ਜੀ ਦਾ ਸਨਮਾਨ ਕੀਤਾ ਗਿਆ। ਜੱਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਨੇ ਸਮੁੱਚੀ ਲੀਡਰਸ਼ਿਪ ਅਤੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ।
ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਸਟੇਜ ਦੀ ਸੇਵਾ ਨਿਭਾਈ।
ਇਸ ਸਮੇਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਨਗਰ ਕੌਂਸਲਰ ਸ੍ਰੀ ਸੰਜੀਵ ਸੌਰੀ, ਜੱਥੇਦਾਰ ਜਰਨੈਲ ਸਿੰਘ ਭੋਤਨਾ, ਬਾਬਾ ਵਾਹਿਗੁਰੂ ਪਾਲ ਸਿੰਘ ਧਨੌਲਾ,ਬੀਬੀ ਅਜੈਬ ਕੌਰ ਭੋਤਨਾ,  ਸ ਦਰਸਨ ਸਿੰਘ ਕਲੇਰ,ਟਿੰਕੂ ਖਾਨ, ਐੱਸ ਪੀ ਪਰਮਿੰਦਰ ਸਿੰਘ ਮਾਨ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਇਸਤਰੀ ਅਕਾਲੀ ਦਲ ਮਨਜੀਤ ਸਿੰਘ ਸਾਗਰ, ਸ ਚਰਨਜੀਤ ਸਿੰਘ ਖਟੜਾ ਪ੍ਰਧਾਨ ਗੂਰਦੁਆਰਾ ਪਰਗਟਸਰ ਸਾਹਿਬ, ਬਾਬਾ ਕਰਮ ਸਿੰਘ ਜੀ ਗੂਰਦੁਆਰਾ ਨਾਨਕਸਰ, ਸ ਰਜਿੰਦਰ ਸਿੰਘ ਪ੍ਰਧਾਨ ਗੂਰਦੁਆਰਾ ਪੁਲੀਸ ਲਾਈਨ, ਸ ਤੇਜਾ ਸਿੰਘ ਪ੍ਰਧਾਨ ਗੂਰਦੁਆਰਾ ਰਾਮਗੜੀਆ, ਕੇਵਲ ਸਿੰਘ ਵੀਨਸ, ਗੁਰਦਆਰਾ ਨਾਮਦੇਵ ਜੀ, ਪ੍ਰਧਾਨ ਨਾਜਰ ਸਿੰਘ ਗੂਰਦੁਆਰਾ ਮੰਜੀ ਸਾਹਿਬ,ਸ ਮਨਜੀਤ ਸਿੰਘ ਪ੍ਰਧਾਨ ਗੁਰਦੂਆਰਾ ਹਰੀ ਨਗਰ, ਸ ਬਹਾਦਰ ਸਿੰਘ ਪ੍ਰਧਾਨ ਗੂਰਦੁਆਰਾ ਪਾਤਿਸਾਹੀ ਨੌਵੀਂ ਸੇਖਾ, ਸ ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸੰਘੇੜਾ, ਪਰਮਜੀਤ ਸਿੰਘ ਇੰਚਾਰਜ ਬਾਬਾ ਦੀਪ ਸਿੰਘ ਗੁਰਮਤਿ ਸੰਗੀਤ ਵਿਦਿਆਲਾ ਬਰਨਾਲ਼ਾ,ਬਾਬਾ ਸੁਖਵਿੰਦਰ ਸਿੰਘ ਸਹਿਜੜਾ, ਬਾਬਾ ਦਾਰਾ ਸਿੰਘ ਜੀ , ਭਾਈ ਕੁਲਵੰਤ ਸਿੰਘ ਰਾਜੀ ਨਾਮ ਸਿਮਰਨ ਸੇਵਾ ਸੁਸਾਇਟੀ, ਚਰਨਜੀਤ ਸਿੰਘ ਭਾਰੀ ਆਜਾਦ ਸੇਵਾ ਦਲ, ਗੁਰਜੰਟ ਸਿੰਘ ਸੋਨਾ ਪ੍ਧਾਨ ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ , ਕੌਰ ਸਿੰਘ ਜੀ ਉਪਲੀ ਬਾਬਾ ਨਾਮਦੇਵ ਸੇਵਾ ਸੁਸਾਇਟੀ, ਬਾਬਾ ਰਣਜੀਤ ਸਿੰਘ, ਪ੍ਰਫੈਸਰ ਗੁਰਪਾਲ ਸਿੰਘ ਰੂੜੇਕੇ, ਬਾਬਾ ਰਾਜ ਸਿੰਘ,ਗਿਆਨੀ ਸਤਪਾਲ ਸਿੰਘ, ਭਾਈ ਬਲਦੇਵ ਸਿੰਘ ਲੌਂਗੋਵਾਲ, ਨਾਹਰ ਸਿੰਘ ਧਾਲੀਵਾਲ,
ਮੈਨੇਜਰ ਨਿਰਮਲ ਸਿੰਘ ਰਾਜੀਆ ਹੰਡਿਆਇਆ, ਮੈਨੇਜਰ ਅਵਤਾਰ ਸਿੰਘ ਕੱਟੂ, ਮੈਨੇਜਰ ਬਹਾਦਰ ਸਿੰਘ, ਮੈਨੇਜਰ ਜੀਤ ਸਿੰਘ ਸੇਖਾ, ਮੈਨੇਜਰ ਹਰਜੀਤ ਸਿੰਘ ਭੱਠਲ,ਕੁਲਵਿੰਦਰ ਸਿੰਘ ਚੀਫ, ਕੁਲਵਿੰਦਰ ਸਿੰਘ ਕਾਲਾ, ਅਰਜਨ ਸਿੰਘ ਬਿੱਟੂ ਆਤਮਾ ਸਿ ਵਾਇਆ ਗੁਰਮੀਤ ਸਿੰਘ ਠਾਣੇਦਾਰ   ਮੈਨੇਜਰ ਅਮਨਦੀਪ ਸਿੰਘ, ਨੱਥਾ ਸਿੰਘ, ਬੇਅੰਤ ਸਿੰਘ ਧਾਲੀਵਾਲ, ਤੇਜਿੰਦਰ ਸਿੰਘ ਅਕਾਊਂਟੈਂਟ, ਅਮਰਜੀਤ ਸਿੰਘ ਕੁੱਬੇ, ਹਰਵਿੰਦਰ ਸਿੰਘ ਹੈਪੀ, ਜਰਨੈਲ ਸਿੰਘ ਰਾਗੀ, ਟੋਨੀ ਜੀ, ਪਰਮਜੀਤ ਸਿੰਘ ਗਿਆਨੀ,ਬਾਬਾ ਕੁਲਵੰਤ ਸਿੰਘ ਪੱਖੋਕੇ ਕਲਾ, ਹਰਮੇਲ ਸਿੰਘ ਕਰਮਗੜ੍ਹ,  ਭਾਗ ਸਿੰਘ, ਤੇਜਿੰਦਰ ਪਾਲ ਕੋਰ ਸੰਗਰੂਰ, ਹਰਮੀਤ ਕੋਰ ,ਬੇਅੰਤ ਕੋਰ ਆਦਿ ਸਮੂਹ ਸੰਗਤਾਂ ਹਾਜਰ ਸਨ।

ਆਨੰਦ ਲਾਲ ਨੂਰਪੁਰੀ ਨੂੰ ਯਾਦ ਕਰਦਿਆਂ

ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। 
ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ। 
ਨੰਦ ਲਾਲ ਦਾ ਜਨਮ 3 ਜੂਨ 1906 ਨੂੰ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆ ਵਿੱਚ ਪਹਿਚਾਣ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ।
1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:-
ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ।
ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ। 
ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:-
ਬੜਾ ਦੁਨੀਆ ਦਾ ਮੈਂ ਸਤਾਇਆ ਹੋਇਆ ਹਾਂ।
ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।
ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ,
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ।
1940 ਵਿੱਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ। 
ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿੱਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਮਿਲ਼ਦੀ ਹੈ ।
ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ 'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ 'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ।
ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ।
ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌। 
ਉਸ ਦਾ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ। 
ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ ।
ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ। 
ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ।
ਉਸ ਸਮੇਂ ਦੇ ਚਰਚਿਤ ਕਲਾਕਾਰ ( ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ) ਉਸ ਦੇ ਲਿਖੇ ਗੀਤਾਂ ਨੂੰ
ਗਾ ਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ,ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ। ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ,ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ। 
1. ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ-
2.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ ।
ਪੈਰ ਧੋ ਕੇ ਝਾਂਜਰਾਂ ਪੌਂਦੀ,ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ।
3.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ
4. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ
5.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ
ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-  
1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ,
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ
2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ,
ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ,
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ 
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ-ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ। 
ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ 
"ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।" 
ਨੰਦ ਲਾਲ ਨੂਰਪੁਰੀ ਦਾ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ।
ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।
ਸ਼ਾਹਕਾਰ ਲੋਕ ਗੀਤਾਂ ਦੇ ਹਾਣ ਦੇ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲ਼ੇ ਨੰਦ ਲਾਲ ਨੂਰਪੁਰੀ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਲਗਪਗ ਨਜ਼ਰਅੰਦਾਜ਼ ਕੀਤਾ। ਸਾਲ 2022 ਤੋਂ ਲੋਕ ਮੰਚ ਪੰਜਾਬ ਸੰਸਥਾ ਵੱਲੋਂ ਹਰ ਸਾਲ ਸਾਫ਼-ਸੁਥਰੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਲੱਖ ਦੇ ਨਗਦ ਇਨਾਮ ਦੇ ਨਾਲ਼ ਨੰਦ ਲਾਲ ਨੂਰਪੁਰੀ ਪੁਰਸਕਾਰ ਸ਼ੁਰੂ ਕੀਤਾ। 
ਲੋਕ ਮੰਚ ਪੰਜਾਬ ਸੰਸਥਾ ਵੱਲੋਂ ਸਾਲ 2022 ਦਾ ਪਹਿਲਾਂ ਨੰਦ ਲਾਲ ਨੂਰਪੁਰੀ ਪੁਰਸਕਾਰ ਉੱਘੇ ਪੰਜਾਬੀ ਕਵੀ ਤੇ ਗੀਤਕਾਰ ਗੁਰਭਜਨ ਸਿੰਘ ਗਿੱਲ ਨੂੰ ਦਿੱਤਾ ਗਿਆ। ਸਾਲ 2023 ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਉੱਘੇ ਗੀਤਕਾਰ ਅਤੇ ਗਾਇਕ ਪਾਲੀ ਦੇਤਵਾਲੀਆ ਨੂੰ ਦਿੱਤਾ ਗਿਆ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)

ਜਗਰਾਓ ‘ਚ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਲਈ ਕਿਸਾਨ ਹੋਏ ਪੱਬਾਂ ਭਾਰ

ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਜੋਧਾਂ ਦੀ ਲਲਤੋਂ ਵਿਖੇ ਹੋਈ ਮੀਟਿੰਗ 

ਜੋਧਾਂ / ਸਰਾਭਾ 12 ਮਈ (ਦਲਜੀਤ ਸਿੰਘ ਰੰਧਾਵਾ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਓ ‘ਚ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਦੀ ਤਿਆਰੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਜੋਧਾਂ ਦੀ ਮੀਟਿੰਗ ਪ੍ਰਧਾਨ ਜਗਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਪਿੰਡ ਲੱਲਤੋ ਖੁਰਦ ‘ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਦੇ ਸਕੱਤਰ ਡਾ. ਅਜੀਤ ਰਾਮ ਸ਼ਰਮਾ ਝਾਡੇ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ‘ਚ ਪੈਂਦੀ ਤਹਿਸੀਲ ਜਗਰਾਓ ਦੀ ਦਾਣਾ ਮੰਡੀ ਵਿੱਚ 21 ਮਈ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਂ ਪੰਚਾਇਤ ਭਾਰਤੀ ਜਨਤਾ ਪਾਰਟੀ ਦੇ ਰਾਜ ਭਾਗ ਨੂੰ ਕੇਂਦਰ ਵਿੱਚੋਂ ਖਤਮ ਕਰ ਦੇਵੇਗੀ। ਆਗੂਆਂ ਨੇ ਆਖਿਆ ਕਿ ਜ਼ਿਲ੍ਹੇ ਭਰ ਵਿੱਚ ਇਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਕਿਸਾਨਾਂ ਨੇ ਆਪਣੇ ਕੰਮਾ ਨੂੰ ਨਿਬੇੜਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਉਹ ਇਸ ਪੰਚਾਇਤ ਦਾ ਹਿੱਸਾ ਬਣ ਸਕਣ। ਉਹਨਾਂ ਕਿਹਾ ਕਿ ਜਿੱਥੇ ਕਿਸਾਨ ਇਸ ਮਹਾਂ ਪੰਚਾਇਤ ਦੀ ਤਿਆਰੀ ਲਈ ਪੱਬਾਂ ਭਾਰ ਹੋਏ ਹਨ, ਉੱਥੇ ਮਜ਼ਦੂਰਾਂ, ਆੜ੍ਹਤੀਆਂ, ਟਰੇਡ ਯੂਨੀਅਨਾਂ ਦੇ ਵਰਕਰਾਂ, ਮੁਲਾਜ਼ਮਾਂ, ਪੱਲੇਦਾਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਆਗੂਆਂ ਨੇ ਆਖਿਆ ਕਿ ਭਾਜਪਾ ਵੱਲੋ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਪਿੰਡਾਂ ਦੇ ਆਪਸੀ ਭਾਈਚਾਰੇ ਨੂੰ ਬਣਾਕੇ ਰੱਖਣ ਦੀ ਲੋੜ ਹੈ। ਆਗੂਆਂ ਦੇ ਦਾਅਵਾ ਕੀਤਾ ਕਿ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਸ ਮਹਾਂ ਪੰਚਾਇਤ ਦਾ ਹਿੱਸਾ ਬਣਨਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਅਮਰਜੀਤ ਸਿੰਘ ਸਹਿਜਾਦ, ਸੁਖਦੀਪ ਸਿੰਘ ਰਾਜੂ ਆੜ੍ਹਤੀਆਂ, ਗੁਰਚਰਨ ਸਿੰਘ, ਗੁਰਮੇਲ ਸਿੰਘ (ਦੋਵੇ ਲੱਲਤੋ ਕਲਾਂ), ਪਵਿੱਤਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, (ਸਾਰੇ ਲੱਲਤੋ ਖ਼ੁਰਦ) ਬਲਜਿੰਦਰ ਸਿੰਘ ਝਾਡੇ, ਕਿੱਕਰ ਸਿੰਘ, ਮਨਵੀਰ ਸਿੰਘ ਆਦਿ ਹਾਜ਼ਰ ਸਨ।

ਵਿਸਾਖੀ ਜੋੜ ਮੇਲੇ ਮੌਕੇ ਲੋੜੀਂਦੇ ਕਾਰਜ ਕਰਨ ਤੋਂ ਭੱਜ ਜਾਣਾ ਸਰਕਾਰ ਦੀ ਸ਼ਰਮਨਾਕ ਕਾਰਵਾਈ- ਸਾਬਕਾ ਵਿਧਾਇਕ ਸਿੱਧੂ।

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ 'ਚ ਹਰ ਵਰ੍ਹੇ ਦੇਸ਼ ਵਿਦੇਸ਼ 'ਚੋਂ ਲੱਖਾਂ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਅਤੇ ਸਰਕਾਰ ਜੋੜ ਮੇਲੇ 'ਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਵੱਡੇ ਪੱਧਰ 'ਤੇ ਲੋੜੀਂਦੇ ਕਾਰਜ ਕਰਵਾਉਂਦੀ ਹੈ ਪਰ ‘ਬਦਲਾਅ’ ਦੇ ਨਾਅਰੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਸਰਕਾਰ ਇਸ ਵਾਰ ਜੋੜ ਮੇਲੇ ਮੌਕੇ ਤਲਵੰਡੀ ਸਾਬੋ 'ਚ ਕਰਵਾਏ ਜਾਣ ਵਾਲੇ ਲੋੜੀਂਦੇ ਕਾਰਜ ਕਰਨ ਤੋਂ ਹੀ ਭੱਜ ਗਈ ਜਾਪਦੀ ਹੈ ਜੋ ਸ਼ਰਮਨਾਕ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਸਰਕਾਰ ਭਾਂਵੇ ਕਿਸੇ ਦੀ ਹੋਵੇ, ਹਰ ਸਾਲ੍ਹ ਵਿਸਾਖੀ ਜੋੜ ਮੇਲੇ ਤੋਂ ਕਾਫੀ ਪਹਿਲਾਂ ਹੀ ਸਰਕਾਰ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਨਗਰ ਦਾ ਰੰਗ ਰੂਪ ਬਿਲਕੁਲ ਬਦਲ ਕੇ ਦੇਸ਼ ਵਿਦੇਸ਼ 'ਚੋਂ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨ ਚ ਲੱਗ ਜਾਂਦਾ ਹੈ ਪਰ ਇਸ ਵਾਰ ਲੱਗਦਾ ਹੈ ਕਿ ਵਿਸਾਖੀ ਜੋੜ ਮੇਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਗੰਭੀਰ ਹੀ ਨਹੀ ਜਿਸਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਦੋਂ ਜੋੜ ਮੇਲਾ ਆਰੰਭ ਹੋਣ ਹੀ ਵਾਲਾ ਹੈ ਤਾਂ ਅਜੇ ਤੱਕ ਨਗਰ ਤਲਵੰਡੀ ਸਾਬੋ ਦੀਆਂ ਸੜਕਾਂ ਦੀ ਮੁਰੰਮਤ ਤੱਕ ਨਹੀ ਕੀਤੀ ਗਈ। ਉਨਾਂ ਕਿਹਾ ਕਿ ਤਖਤ ਸਾਹਿਬ ਨੂੰ ਜਾਣ ਵਾਲੀਆਂ ਕਈ ਸੜਕਾਂ ਚ ਟੋਏ ਪਏ ਹੋਏ ਹਨ ਪਰ ਸਰਕਾਰ ਜਾਂ ਪ੍ਰਸ਼ਾਸਨ ਦਾ ਧਿਆਨ ਹੀ ਨਹੀ ਕਿ ਚਾਰ ਦਿਨਾ ਜੋੜ ਮੇਲੇ ਦੌਰਾਨ ਇੰਨਾਂ ਸੜਕਾਂ ਤੋਂ ਪੈਦਲ ਚੱਲਕੇ ਲੱਖਾਂ ਸੰਗਤਾਂ ਨੇ ਤਖਤ ਸਾਹਿਬ ਦੇ ਦਰਸ਼ਨ ਕਰਨ ਪੁੱਜਣਾ ਹੈ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀ ਦਫਤਰਾਂ ਚੋਂ ਨਿਕਲ ਕੇ ਸ਼ਰਧਾਲੂਆਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵੱਲ ਗੰਭੀਰਤਾ ਨਾਲ ਧਿਆਨ ਦੇਣ ਤਾਂ ਕਿ ਜੋੜ ਮੇਲੇ ਦੌਰਾਨ ਕਿਸੇ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਿਲ ਪੇਸ਼ ਨਾ ਆਵੇ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਰੁਖਸਾਨਾ ਖਾਨ “ਰਾਸ਼ਟਰੀ ਅਵਾਰਡ” ਨਾਲ ਸਨਮਾਨਿਤ

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ 37ਵੇਂ ਇੰਟਰ ਯੂਨੀਵਰਸਿਟੀ ਰਾਸ਼ਟਰੀ ਯੁਵਾ ਮੇਲੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਦੇ ਵਿਦਿਆਰਥੀਆਂ ਨੇ ਲਲਿਤ ਕਲਾਵਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਕਾਰਟੂਨਿੰਗ ਵਿੱਚ ਆਯੋਜਕਾਂ ਵੱਲੋਂ ਰੁਖਸਾਨਾ ਖਾਨ ਨੂੰ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਇੰਸਟਾਲੇਸ਼ਨ ਦੀ ਟੀਮ ਰਾਜਪਾਲ, ਲਵਪ੍ਰੀਤ ਸਿੰਘ, ਸਿਮਰਜੀਤ ਸਿੰਘ ਤੇ ਰੁਖਸਾਨਾ ਖਾਨ ਨੇ ਟੀਮ ਇਵੈਂਟ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਲਲਿਤ ਕਲਾਵਾਂ ਵਿੱਚ ਵਿਦਿਆਰਥੀਆਂ ਦਾ ਇਹ ਹੁਨਰ ਨਾਮ, ਸ਼ੋਹਰਤ ਦੇ ਨਾਲ-ਨਾਲ ਆਰਥਿਕ ਪੱਖੋਂ ਸਥਾਪਿਤ ਹੋਣ ਲਈ ਖੂਬਸੂਰਤ ਸਾਧਨ ਹੈ। ਉਨ੍ਹਾਂ ਉੱਭਰ ਰਹੇ ਕਲਾਕਾਰਾਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਵੀ ਭੇਂਟ ਕੀਤੀਆਂ। ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਸਿਰ ਬਨ੍ਹਿਆ। ਉਨ੍ਹਾਂ ਕਿਹਾ ਕਿ ਕਾਰਟੂਨਿੰਗ ਰਾਹੀਂ ਕਲਾਕਾਰ ਆਪਣੀਆਂ ਭਾਵਨਾਵਾਂ ਪ੍ਰਤੀਕਾਤਮਕ, ਵਿਅੰਗਾਤਮਕ ਅਤੇ ਸਿਰਜਣਾਤਮਕ ਤਰੀਕੇ ਨਾਲ ਵਿਅਕਤ ਕਰਦਾ ਹੈ। ਜਿਸ ਨੂੰ ਪਾਠਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੇ ਪ੍ਰਦਰਸ਼ਨ ਲਈ ‘ਵਰਸਿਟੀ ਵਿੱਚ ਸ਼ਾਨਦਾਰ ਆਰਟ ਗੈਲਰੀ ਵੀ ਖੋਲ੍ਹੀ ਗਈ ਹੈ। ਡਾ. ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਲਈ ਹਰ ਸਾਲ ਸ਼ਾਨਦਾਰ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਨੂੰ ਇਲਾਕਾ ਨਿਵਾਸੀਆਂ ਵੱਲੋਂ ਖੂਬ ਸਲਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਸ਼ਹਿਰ ਦੇ ਕਈ ਨਾਮੀ ਅਦਾਰਿਆਂ ਵੱਲੋਂ ਖਰੀਦਿਆ ਗਿਆ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਵਿਸਾਖੀ ਦਿਹਾੜੇ 'ਤੇ ਤਿੰਨ ਦਿਨ ਲਾਏਗੀ ਮੁਫ਼ਤ ਮੈਡੀਕਲ ਕੈਂਪ- ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ            

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਜਿਸਨੂੰ ਸਬੌਧਨ ਕਰਦੇ ਹੋਏ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਨੇ ਕਿਹਾ ਹੈ ਕਿ ਜ਼ਿਲ੍ਹੇ ਵੱਲੋ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਮਿਤੀ 12, 13 ਅਤੇ 14 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮੁਫ਼ਤ ਮੈਡੀਕਲ ਕੈਪ ਲਗਾਏਗੀ ਜਿਸ ਵਿਚ ਸਟੇਟ ਬਾਡੀ, ਬਠਿੰਡਾ ਜ਼ਿਲ੍ਹੇ ਦੀਆਂ ਦਸੇ ਬਲਾਕਾਂ ਆਪੋ ਆਪਣੀਆਂ ਸਹਿਯੋਗ ਦੇ ਕੇ ਬਾਹਰੋਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਸਿਹਤ ਸਹੂਲਤਾਂ  ਦੇਵੇਗੀ।  ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਅਪੀਲ ਕੀਤੀ ਕਿ ਜਿੱਥੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਉਥੇ ਆਪਣੇ ਗਹਿਣੇ, ਪੈਸੇ ਅਤੇ ਛੋਟੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੇਲੇ ਮੌਕੇ ਸਿਹਤ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੀ ਐਸੋਸੀਏਸਨ ਤਿੰਨੇ ਦਿਲ 24 ਘੰਟੇ ਸੰਗਤ ਦੀ ਸੇਵਾ ਹਾਜ਼ਰ ਹੋਵੇਗੀ। ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ  ਆਗੂ ਬੂਟਾ ਸਿੰਘ ਸਿਵੀਆਂ, ਬਲਾਕ ਗੋਨੇਆਣਾ ‌ਦੇ‌ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਨਥੇਹਾ, ਲਖਵਿੰਦਰ ਸਿੰਘ ਜੌਹਲ ਜ਼ਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਮੈਂਬਰਾਂ ਨੇ ਭਾਗ ‌ਲਿਆ। ਇਸ ਮੌਕੇ ਲਛਮਣ ਕੂਮਾਰ ਜਗਾ, ਕੈਸ਼ੀਅਰ ਬਿੱਕਰ ਸਿੰਘ ਧਿੰਗੜ, ਸੈਕਟਰੀ ਰੇਸ਼ਮ ਸਿੰਘ ਭਾਗੀਬਾਂਦਰ, ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ, ਰਾਮਾ ਸਰਪ੍ਰਸਤ ਰਾਜ ਕੁਮਾਰ ਬਾਂਸਲ, ਰਾਮਾ ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟਬਖਤੂ, ਅੰਤਰ ਸਿੰਘ ਮਾਨ ਵਾਲਾ, ਸਲਾਹਕਾਰ ਗੁਰਨਾਮ ਸਿੰਘ ਖੋਖਰ, ਮਿਠੂ ਖਾਨ ਲੇਲੇਵਾਲਾ, ਭੋਲਾ ਸਿੰਘ ਬਲਾਕ ਮੀਤ ਪ੍ਰਧਾਨ ਸ਼ੇਖਪੁਰਾ, ਸੁਖਚਰਨ ਸਿੰਘ, ਹਰਦੀਪ ਸਿੰਘ, ਬਸੰਤ ਸਿੰਘ, ਲੇਲੇਵਾਲਾ, ਕੌਰ ਸਿੰਘ ਭਾਗੀਬਾਂਦਰ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਸੁਖਲੱਧੀ, ਲਖਵਿੰਦਰ ਸਿੰਘ, ਜਰਨੈਲ ਸਿੰਘ ਕੌਰੇਆਣਾ, ਸੁਖਦੇਵ ਸਿੰਘ ਮਿਰਜ਼ੇਆਣਾ, ਨਿੰਦਰ ਸਿੰਘ, ਬਾਬੂ ਸਿੰਘ, ਗੁਰਲਾਲ ਸਿੰਘ ਗੁਰਵਿੰਦਰ ਸਿੰਘ ਬੰਗੀ, ਗਗੜ ਸਿੰਘ ਗਹਿਲੇਵਾਲਾ,  ਚਾਨਣ ਰਾਮ ਜਗਾ, ਅਨਿਲ ‌ਕੁਮਾਰ, ਗੂਰਪਰੀਤ ਸਿੰਘ, ਹਰਪ੍ਰੀਤ ਸਿੰਘ ਕੋਟ ਫੱਤਾ, ਵੈਦ ਰਾਜਾ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਜਗਪ੍ਰੀਤ ਸਿੰਘ ਲੇਲੇਵਾਲਾ, ਰਤਨਦੀਪ ਸਿੰਘ ਸ਼ੇਖਪੁਰਾ, ਜਗਸੀਰ ਸਿੰਘ ਸੀਂਗੋ, ਜਗਰੂਪ ਸਿੰਘ ਗੋਲੇਵਾਲਾ, ਨੇਕ ਸਿੰਘ ਨੰਗਲਾ, ਸੁਖਮੰਦਰ ਸਿੰਘ ਬੰਗੀ ਕਲਾਂ, ਪ੍ਰਿਤਪਾਲ ਸਿੰਘ ਬੰਗੇਹਰ, ਪਰਮਜੀਤ ਸਿੰਘ ਮਾਹੀਨੰਗਲ, ਜਸਵੰਤ ਸਿੰਘ ਨਸੀਬਪੁਰਾ, ਦਰਸ਼ਨ ਰਾਮ, ਜਸ਼ਨ ਕੁਮਾਰ ਸੰਦੀਪ ਸਿੰਘ ਰਾਮਾ ਮੰਡੀ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ ਸੇਰਗੜ, ਇਕਬਾਲ ਸਿੰਘ ਰਾਈਆ, ਅਮਰੀਕ ਸਿੰਘ ਨਵਾ ਪਿੰਡ, ਗੁਰਤੇਜ ਸਿੰਘ ਤਿਉਣਾ, ਜਗਸੀਰ ਸਿੰਘ ਸੀਂਗੋ ਆਦਿ ਹਾਜ਼ਰ ਹੋਏ।

ਤਲਵੰਡੀ ਸਾਬੋ ਹਲਕੇ ਵਿੱਚ ਰਣਧੀਰ ਖੁੱਡੀਆਂ ਨੇ ਭਖਾਈ ਚੋਣ ਮੁਹਿਮ ਵੱਖ-ਵੱਖ ਪਿੰਡਾਂ ਚ ਕੀਤੀਆਂ ਨੁੱਕੜ ਮੀਟਿੰਗਾਂ

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਦੀ ਕਮਾਨ ਤਲਵੰਡੀ ਸਾਬੋ ਹਲਕੇ ਵਿੱਚ ਰਣਤੀਰ ਸਿੰਘ ਧੀਰਾ ਖੁੱਡੀਆਂ ਨੇ ਸੰਭਾਲ ਲਈ ਹੈ। ਉਨਾਂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਕਰੀਬ ਇੱਕ ਦਰਜਨ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਕਰਕੇ ਚੋਣ ਮੁਹਿੰਮ ਨੂੰ ਭਖਾਇਆ ਗਿਆ ਹੈ। ਪਿੰਡ ਚੱਠੇਵਾਲਾ ਵਿੱਚ ਲੋਕਾਂ ਜੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਧੀਰਾਂ ਖੁੱਡੀਆਂ ਨੇ ਆਖਿਆ ਕਿ ਉਹ ਇੱਕ ਵਾਰ ਆਮ ਆਦਮੀ ਪਾਰਟੀ ਅਤੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਸੇਵਾ ਦਾ ਮੌਕਾ ਦੇਣ ਉਹ ਮੈਂਬਰ ਪਾਰਲੀਮੈਂਟ ਬਣ ਕੇ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਖੁੱਡੀਆਂ ਪਰਿਵਾਰ ਦਾ ਅਕਸ਼ ਹਮੇਸ਼ਾ ਹੀ ਸਾਫ ਸੁਥਰਾ ਰਿਹਾ ਹੈ। ਜਥੇਦਾਰ ਗੁਰਮੀਤ ਸਿੰਘ ਖੁਡੀਆਂ ਦੇ ਪਿਤਾ ਮਰਹੂਮ ਮੈਂਬਰ ਪਾਰਲੀਮੈਂਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਵੀ ਸਿਆਸਤ ਨੂੰ ਪੈਸੇ ਇਕੱਠੇ ਕਰਨ ਦਾ ਸਾਧਨ ਨਹੀਂ ਬਣਾਇਆ ਸਗੋਂ ਲੋਕਾਂ ਦੀ ਸੇਵਾ ਵਿੱਚ ਆਪਣੀ ਸ਼ਹਾਦਤ ਦਿੱਤੀ। ਹੁਣ ਜਥੇਦਾਰ ਗੁਰਮੀਤ ਖੁੱਡੀਆਂ ਅਤੇ ਸਾਰਾ ਪਰਿਵਾਰ ਸਮਾਜ ਸੇਵਾ ਲਈ ਹੀ ਸਿਆਸਤ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਬਰ ਸੰਤੋਖ ਅਤੇ ਪਰਮਾਤਮਾ ਦਾ ਓਟ ਆਸਰਾ ਹੈ ਕਿ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਨੂੰ ਪਾਕਤ ਬਖਸ਼ੀ ਹੈ। ਧੀਰਾ ਖੁੱਡੀਆਂ ਨੇ ਕਿਹਾ ਕਿ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਵਿਰੋਧੀ ਪਾਰਟੀਆਂ ਨੂੰ ਪਛਾੜਦਿਆਂ ਜਥੇਦਾਰ ਖੁੱਡੀਆਂ ਦੇ ਹੱਕ ਵਿੱਚ ਫਤਵਾ ਦੇਣਗੇ। ਉਹਨਾਂ ਕਿਹਾ ਕਿ ਖੁੱਡੀਆਂ ਪਰਿਵਾਰ ਹਮੇਸ਼ਾ ਪਹਿਲਾ ਵਾਂਗ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਤਲਵੰਡੀ ਸਾਬੋ ਵਿਕਾਸ ਪੱਖੋਂ ਕਾਫੀ ਪਛੜ ਗਿਆ ਹੈ। ਇੱਥੇ ਸਿੱਖਾਂ ਦਾ ਤਖਤ ਸ੍ਰੀ ਦਮਦਮਾ ਸਾਹਿਬ ਹੋਣ ਕਾਰਨ ਇਹ ਸ਼ਹਿਰ ਦੁਨੀਆਂ ਦੇ ਨਕਸ਼ੇ 'ਤੇ ਉਭਰਿਆ ਹੈ ਪਰ ਜਿੰਨਾ ਵਿਕਾਸ ਤਲਵੰਡੀ ਸਾਬੂ ਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਚੱਠੇਵਾਲਾ, ਗੁਰਦੀਪ ਸਿੰਘ ਤੂਰ, ਗੁਰਜੰਟ ਸਿੰਘ ਪਿੰਡ ਪ੍ਰਧਾਨ ਚੱਠੇ ਵਾਲਾ, ਛਿੰਦਰਪਾਲ ਸਿੰਘ ਕਮੇਟੀ ਮੈਂਬਰ ਅਤੇ ਭੂਰਾ ਸਿੰਘ ਗੁਰੂਸਰ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।

ਸਿੱਧਵਾਂ ਬੇਟ ਪੁਲਿਸ ਨੇ 50 ਬੋਤਲਾਂ ਨਜਾਇਜ ਸਰਾਬ ਅਤੇ 35 ਹਜਾਰ 500 ਲੀਟਰ ਲਾਹਣ ਬਰਾਮਦ ਕਰਕੇ ਮੌਕੇ ਤੇ ਕੀਤਾ ਨਸਟ

 ਜਗਰਾਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਨਵਨੀਤ ਸਿੰਘ ਬੈਂਸ IPS ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸਾਂ ਅਤੇ ਸ. ਜਸਜਯੋਤ ਸਿੰਘ PPS ਉਪ ਕਪਤਾਨ ਪੁਲਿਸ ਜਗਰਾਉਂ ਦੀਆਂ ਹਦਾਇਤਾਂ ਅਨੁਸਾਰ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਪਾਰਟੀ ਵੱਲੋਂ ਖੋਲਿਆਂ ਵਾਲਾ ਪੁੱਲ, ਮਲਸੀਹਾਂ ਬਾਜਣ ਵਿਖੇ ਰੇਡ ਕਰਕੇ 35,500/ ਲੀਟਰ ਲਾਹਣ ਬ੍ਰਾਮਦ ਹੋਣ ਪਰ, ਉਕਤ ਲਾਹਣ ਮੌਕਾ ਪਰ ਨਸ਼ਟ ਕੀਤੀ ਗਈ ਅਤੇ ਸਬਰਾ ਬਾਈ ਪਤਨੀ ਲੇਟ ਮੱਖਣ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਖੋਲਿਆ ਵਾਲਾ ਪੁਲ ਮਲਸੀਹਾ ਬਾਜਣ ਦੇ ਘਰੋਂ 50 ਬੋਤਲਾਂ ਸਰਾਬ ਨਜੈਜ ਬ੍ਰਾਮਦ ਹੋਣ ਪਰ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ

ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਸਮਾਗਮ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮੱਰਪਿਤ ਕੀਤਾ ਗਿਆ

ਮੁੱਲਾਂਪੁਰ ਦਾਖਾ 31 ਮਾਰਚ ( ਸਤਵਿੰਦਰ  ਸਿੰਘ ਗਿੱਲ) ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਸਮਾਗਮ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ,ਸੁਖਦੇਵ ਨੂੰ ਸਮੱਰਪਿਤ ਕੀਤਾ ਗਿਆ।ਇਸ ਸਮਾਗਮ ਦੀ ਸੁਰੂਆਤ ਬੜੇ ਨਿਵੇਕਲੇ ਢੰਗ ਨਾਲ ਕੀਤੀ ਗਈ।ਗੁਰਸ਼ਰਨ ਕਲਾ ਭਵਨ ਵਿਖੇ ਸ਼ਹਾਦਤ ਦੀ ਦਾਸਤਾਨ ਝਾਕੀ ਬਣਾਈ ਗਈ ਸੀ।ਜਿੱਥੇ ਤੇਈ ਮਾਰਚ ਦੇ ਸ਼ਹੀਦਾਂ ਮਿਸ਼ਾਲ ਬਾਲਕੇ ਅਤੇ ਮੋਮਬੱਤੀਆਂ ਬਾਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ  ਕੀਤੀ ਗਈ।ਇਸ ਮੌਕੇ ਤੇ ਪੰਜਾਬ ਲੋਕ ਸਭਿਆਚਾਰ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਯਤਨਾਂਂ ਦੀ ਜਰੂਰਤ ਤੇ ਜੋਰ ਦਿੱਤਾ।ਇਸ ਮੌਕੇ ਤੇ ਉੱਘੇ ਕਵੀ ਪ੍ਰੋ਼. ਗੁਰਭਜਨ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਡਾ.ਗੁਲਜਾਰ ਪੰਧੇਰ ਨੇ ਲੋਕ ਕਲਾ ਮੰਚ ਦੇ ਯਤਨਾਂ ਦੀ ਭਰਪੂਰ ਪ੍ਰਸੰਸਾਂ ਕੀਤੀ।ਪ੍ਰੋ਼.ਮਨਜੀਤ ਸਿੰਘ ਛਾਬੜਾ ਨੇ ਵੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ।ਮਾ. ਉਜਾਗਰ ਸਿੰਘ,ਕੰਵਲਜੀਤ ਖੰਨਾ,ਕਸਤੂਰੀ ਲਾਲ, ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।ਇਸ ਉਪਰੰਤ ਸੁਚੇਤਕ ਰੰਗਮੰਚ ਮੋਹਾਲੀ ਵੱਲੋ ਸ਼ਬਦੀਸ਼ ਦਾ ਲਿਖਿਆ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਨ ਤੇ ਅਦਾਕਾਰੀ ਵਾਲਾ ਨਾਟਕ "ਗੁੰਮਸ਼ੁਦਾ ਔਰਤ" ਨਾਟਕ ਖੇਡਿਆ ਗਿਆ।ਨਾਟਕ ਵਿੱਚ ਔਰਤ ਦੀ ਦਸ਼ਾ ਨੂੰ ਬਿਆਨਦਾ ਨਾਟਕ ਪੇਸ਼ ਹੋਇਆ।ਅਨੀਤਾ ਰੰਗਮੰਚ ਦੀ ਮੱਝੀਂ ਹੋਈ ਅਦਾਕਾਰਾ ਹੈ।ਉਸ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ।ਇਸ ਮੌਕੇ ਤੇ ਪ੍ਰੋ. ਹਰਦੇਵ ਸਿੰਘ ਗਰੇਵਾਲ ਅਤੇ ਪ੍ਰੋ.ਰਣਜੀਤ ਕੌਰ ਗਰੇਵਾਲ ਨੂੰ ,ਪ੍ਰੋ.ਗੁਰਭਜਨ ਗਿੱਲ,ਡਾ.ਗੁਲਜਾਰ ਪੰਧੇਰ,ਅਤੇ ਸੁਚੇਤਕ ਰੰਗਮੰਚ ਦੀ ਟੀਮ ਨੂੰ  ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਹਰਕੇਸ਼ ਚੌਧਰੀ ਨੇ ਕੀਤਾ।ਇਸ ਮੌਕੇ ਤੇ ਰਿਸ਼ੀ ਵਿਕਟਰ,ਲੈਕ.ਇਕਬਾਲ ਸਿੰਘ,ਲੈਕ.ਪ੍ਰਗਟ ਸਿੰਘ,ਗੁਰਮੀਤ ਸਿੰਘ,ਪ੍ਰਦੀਪ ਲੋਟੇ,ਹਰਜੀਤ ਸਿੰਘ ਐਸ.ਡੀ.ਓ.ਪੱਤਰਕਾਰ ਸੰਤੋਖ ਗਿੱਲ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਮੈਡਮ ਗੁਰਜੀਤ ਕੌਰ ਮੈਡਮ ਗਗਨਜੀਤ ਕੌਰ ਹਾਜਰ ਸਨ।ਇਸ ਸਮਾਗਮ ਨੂੰ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਵਿੱਚ ਦੀਪਕ ਰਾਏ,ਕਮਲਜੀਤ ਮੋਹੀ,ਭਾਗ ਸਿੰਘ,ਜੁਝਾਰ ਸਿੰਘ,ਗੁਰਿੰਦਰ ਗੁਰੀ, ਮਾ. ਗੁਰਜੀਤ ਸਿੰਘ,ਬਲਜੀਤ ਕੌਰ,ਅਨਿਲ ਸੇਠੀ,ਅਭਿਨੈ ਬਾਂਸਲ,ਕਰਨਵੀਰ ਸਿੰਘ,ਨੀਰਜਾ ਬਾਂਸਲ,ਸੁਖਦੀਪ ਸਿੰਘ,ਅੰਜੂ ਚੌਧਰੀ ,ਪ੍ਰਿਤਪਾਲ ਸਿੰਘ ਅਤੇ ਹਰਕੇਸ਼ ਚੌਧਰੀ ਦਾ ਯੋਗਦਾਨ ਰਿਹਾ।