You are here

ਪੰਜਾਬ

ਸਦਨ ’ਚ ਬੇਅਦਬੀ ਤੇ ਨਸ਼ਾ ਤਸਕਰੀ ਦੀ ਗੂੰਜ

ਚੰਡੀਗੜ੍ਹ, 13 ਫਰਵਰੀ ਪੰਜਾਬ ਵਿਧਾਨ ਸਭਾ ਵਿੱਚ ਅੱਜ ਰਾਜਪਾਲ ਦੇ ਭਾਸ਼ਨ ’ਤੇ ਪੇਸ਼ ਹੋਏ ਧੰਨਵਾਦ ਮਤੇ ਉਪਰ ਬਹਿਸ ਦੌਰਾਨ ਬੇਅਦਬੀ ਕਾਂਡ ਅਤੇ ਨਸ਼ਿਆਂ ਦੀ ਤਸਕਰੀ ਦੇ ਮੁੱਦੇ ਭਾਰੂ ਰਹੇ। ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਅਤੇ ਤਸਕਰੀ ਦੇ ਮਾਮਲੇ ’ਤੇ ਅਕਾਲੀ ਦਲ ਵੱਲ ਨਿਸ਼ਾਨਾ ਸੇਧਣ ਦਾ ਯਤਨ ਕੀਤਾ ਜਦੋਂ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੇ ਦੋਹਾਂ ਧਿਰਾਂ (ਅਕਾਲੀ-ਕਾਂਗਰਸੀ) ਨੂੰ ਹੀ ਕਟਹਿਰੇ ’ਚ ਖੜ੍ਹਾ ਕਰਨ ਦੇ ਯਤਨ ਕੀਤੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੇ ਕਾਂਗਰਸ ’ਤੇ ਕਿਸਾਨਾਂ ਦੀ ਸਾਰ ਨਾ ਲੈਣ ਅਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਏ।
ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਐਚ.ਐਸ. ਫੂਲਕਾ ਨੇ ਬੇਅਦਬੀ ਕਾਂਡ ਦੀ ਜਾਂਚ ਧੀਮੀ ਗਤੀ ਨਾਲ ਚੱਲਣ ਦੇ ਦੋਸ਼ ਲਾਉਂਦਿਆਂ ਸਰਕਾਰ ’ਤੇ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ’ਚ ਢਿੱਲ ਵਰਤਣ ਦੇ ਦੋਸ਼ ਲਾਏ। ‘ਆਪ’ ਵਿਧਾਇਕ ਨੇ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਲਈ ਜੇਕਰ ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਡੀਜੀਪੀ ਵੀ ਦੋਸ਼ੀ ਹਨ, ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੰਘੇ ਸਾਲ ਅਗਸਤ ਮਹੀਨੇ ਦੌਰਾਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ’ਤੇ ਆਧਾਰਿਤ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਹੋਈ ਬਹਿਸ ਦੌਰਾਨ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਤੇ ਜੋਸ਼ ਦਿਖਾਇਆ ਗਿਆ, ਉਸ ਮੁਤਾਬਕ ਕਾਰਵਾਈ ਨਹੀਂ ਹੋਈ।
ਸ੍ਰੀ ਫੂਲਕਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ 1986 ਵਿੱਚ ਨਕੋਦਰ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਗੋਲੀ ਕਾਂਡ ਦੀ ਪੜਤਾਲੀਆ ਰਿਪੋਰਟ ਸਦਨ ਵਿੱਚ ਮੁੜ ਪੇਸ਼ ਕਰਕੇ ਕਾਰਵਾਈ ਰਿਪੋਰਟ ਲਿਆਂਦੀ ਜਾਵੇ। ਸਦਨ ਵਿੱਚ ਅੱਜ ਇਹ ਤੱਥ ਵੀ ਸਾਹਮਣੇ ਆਏ ਕਿ ਨਕੋਦਰ ਗੋਲੀ ਕਾਂਡ ਦੀ ਪੜਤਾਲੀਆ ਰਿਪੋਰਟ ਸਦਨ ਵਿੱਚ ਉਸ ਸਮੇਂ ਪੇਸ਼ ਤਾਂ ਹੋਈ ਸੀ, ਪਰ ਕਾਰਵਾਈ ਰਿਪੋਰਟ ਪੇਸ਼ ਨਹੀਂ ਹੋਈ। ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਸੇਧਦਿਆਂ ਅਬੋਹਰ ਖੇਤਰ ਵਿੱਚ ਪੁਲੀਸ ਵੱਲੋਂ ਸਿਆਸੀ ਸ਼ਹਿ ’ਤੇ ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਤੇ ਲੋਕ ਥਾਣੇ ਜਾਣ ਤੋਂ ਭੈਅ ਖਾਂਦੇ ਹਨ।
ਡਾ. ਰਾਜ ਕੁਮਾਰ ਵੇਰਕਾ ਨੇ ਬੇਅਦਬੀ ਮਾਮਲੇ ’ਤੇ ਜਿੱਥੇ ਕੈਪਟਨ ਸਰਕਾਰ ਦੀ ਪਿੱਠ ਥਾਪੜੀ, ਉਥੇ ਅਕਾਲੀਆਂ ਵੱਲ ਨਿਸ਼ਾਨਾ ਸੇਧਿਆ। ਵਿਧਾਇਕ ਨੇ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਗੈਂਗਸਟਰਾਂ ਦਾ ਪ੍ਰਭਾਵ ਖ਼ਤਮ ਕਰਨ ਦੇ ਦਾਅਵੇ ਕੀਤੇ ਤੇ ਇਨ੍ਹਾਂ ਦੋਹਾਂ ਅਲਾਮਤਾਂ ਲਈ ਅਕਾਲੀਆਂ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਅਕਾਲੀਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਕਿਹੜੇ ਗੁਨਾਹਾਂ ਦੀ ਮੁਆਫ਼ੀ ਮੰਗੀ ਸੀ। ਉਨ੍ਹਾਂ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਨਵਜੋਤ ਸਿੱਧੂ ਦੀ ਪ੍ਰਸੰਸਾ ਕੀਤੀ। ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਸਮੇਂ ਹਾਕਮ ਪਾਰਟੀ ਦੇ ਆਗੂ ਤਸਕਰਾਂ ਨੂੰ ਪਨਾਹ ਤੇ ਸਰਪ੍ਰਸਤੀ ਦਿੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਰ ਤਰ੍ਹਾਂ ਦੇ ਅਪਰਾਧੀਆਂ ਨੂੰ ਹਾਕਮਾਂ ਵੱਲੋਂ ਸ਼ਹਿ ਦਿੱਤੀ ਜਾਂਦੀ ਸੀ ਤੇ ਕੈਪਟਨ ਸਰਕਾਰ ਨੇ ਸਭ ਕਾਬੂ ਹੇਠ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਲੀਹ ਤੋਂ ਲਹੀ ਪਈ ਹੈ ਤੇ ਗਰੀਬਾਂ ਦੀ ਥਾਣਿਆਂ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਤੋਂ ਸਰਕਾਰ ਨੇ ਮੂੰਹ ਫੇਰ ਲਿਆ ਹੈ ਤੇ ਖੁਦਕੁਸ਼ੀਆਂ ਵਧ ਰਹੀਆਂ ਹਨ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਰਾਜਪਾਲ ਵੱਲੋਂ ਅੰਗਰੇਜ਼ੀ ਵਿੱਚ ਭਾਸ਼ਨ ਦਿੱਤੇ ਜਾਣ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਤੇ ਲੋਕ ਮਸਲਿਆਂ ’ਤੇ ਸਰਕਾਰ ਦਾ ਧਿਆਨ ਖਿੱਚਿਆ। ਰਾਜਪਾਲ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਅਮਨ ਅਰੋੜਾ, ਹਰਪ੍ਰਤਾਪ ਸਿੰਘ ਅਜਨਾਲਾ, ਪਵਨ ਕੁਮਾਰ ਟੀਨੂੰ, ਹਰਦਿਆਲ ਸਿੰਘ ਕੰਬੋਜ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ। ਬਹਿਸ ਦੌਰਾਨ ਕਾਂਗਰਸੀ ਵਿਧਾਇਕਾਂ ਦੀਆਂ ਅਕਾਲੀ ਦਲ ਅਤੇ ‘ਆਪ’ ਵਿਧਾਇਕਾਂ ਨਾਲ ਕਈ ਵਾਰੀ ਤਿੱਖੀਆਂ ਝੜਪਾਂ ਵੀ ਹੋਈਆਂ।

ਬਹਿਸ ਮੌਕੇ ਕੈਪਟਨ ਦੀ ਗ਼ੈਰਹਾਜ਼ਰੀ ਰੜਕੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਦੌਰਾਨ ਗੈਰਹਾਜ਼ਰ ਦੇਖੇ ਗਏ। ਮੁੱਖ ਮੰਤਰੀ ਵੱਲੋਂ ਹੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਸ਼ੁੱਕਰਵਾਰ ਨੂੰ ਬਹਿਸ ਨੂੰ ਸਮੇਟਣ ਮੌਕੇ ਦਿੱਤੇ ਜਾਣੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅੱਜ ਸਦਨ ’ਚੋਂ ਗੈਰਹਾਜ਼ਰ ਰਹੇ।

ਬਲਾਤਕਾਰੀਆਂ ਨੂੰ ਸਜ਼ਾਵਾਂ ਲਈ ਫਾਸਟ ਟਰੈਕ ਅਦਾਲਤਾਂ ਬਣਾਵਾਂਗੇ: ਕੈਪਟਨ

ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ ਬਲਾਤਕਾਰੀਆਂ ਨੂੰ ਤੁਰੰਤ ਸਜ਼ਾਵਾਂ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਦੇ ਗਠਨ ਲਈ ਉਹ ਖ਼ੁਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮਿਲਣਗੇ। ਇਸ ਦੌਰਾਨ ‘ਆਪ’ ਤੇ ਅਕਾਲੀ ਦਲ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ’ਚੋਂ ਵਾਕਆਊਟ ਕੀਤਾ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਵਾਪਰੀ ਸਮੂਹਿਕ ਬਲਾਤਕਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਸੂਬੇ ਦੀ ਅਮਨ ਤੇ ਕਾਨੂੰਨੀ ਦੀ ਸਥਿਤੀ ਬੜੀ ਨਾਜ਼ੁਕ ਹੈ ਅਤੇ ਸਰਕਾਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨਣ ਤੋਂ ਮੁੱਕਰ ਗਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਨੇ ਪਟਿਆਲਾ ਵਿਚ ਅਧਿਆਪਕਾਂ ਉਪਰ ਹੋਏ ਲਾਠੀਚਾਰਜ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ ਸਰਕਾਰ ਪੁਲੀਸ ਰਾਹੀਂ ਆਪਣੇ ਹੱਕ ਮੰਗਦੇ ਲੋਕਾਂ ਉਪਰ ਲਾਠੀਆਂ ਵਰ੍ਹਾ ਰਹੀ ਹੈ। ਇਨ੍ਹਾਂ ਮੁੱਦਿਆਂ ਦੇ ਰੋਸ ਵਜੋਂ ‘ਆਪ’ ਅਤੇ ਅਕਾਲੀ ਵਿਧਾਇਕਾਂ ਨੇ ਵੱਖੋ-ਵੱਖਰੇ ਤੌਰ ’ਤੇ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਖਲਅੰਦਾਜ਼ੀ ਕਰਦਿਆਂ ਕਿਹਾ ਕਿ ਉਹ ਉਚੇਰੇ ਤੌਰ ’ਤੇ ਚੀਫ ਜਸਟਿਸ ਨੂੰ ਮਿਲ ਕੇ ਬਲਾਤਕਾਰੀਆਂ ਨੂੰ ਤੁਰੰਤ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਸੂਬੇ ਵਿਚ ਫਾਸਟ ਟਰੈਕ ਅਦਾਲਤਾਂ ਬਣਾਉਣ ਦਾ ਮੁੱਦਾ ਉਠਾਉਣਗੇ। ਉਨ੍ਹਾਂ ਸਦਨ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ 6 ਮੁਲਜ਼ਮਾਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਵਾਂਗ ਸੰਘਰਸ਼ਸ਼ੀਲ ਲੋਕਾਂ ਨੂੰ ਕੁੱਟਣ ਦੇ ਰਾਹ ਪੈ ਗਈ ਹੈ ਜਦਕਿ ਦੂਸਰੇ ਪਾਸੇ ਜਬਰਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਕਈ ਰੁਝੇਵੇਂ ਹਨ, ਇਸ ਲਈ ਉਨ੍ਹਾਂ ਨੂੰ ਗ੍ਰਹਿ ਵਿਭਾਗ ਦਾ ਚਾਰਜ ਕਿਸੇ ਹੋਰ ਮੰਤਰੀ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਬੇਕਾਬੂ ਹੋਈ ਸਥਿਤੀ ਠੀਕ ਹੋ ਸਕੇ।
ਮੁੱਖ ਮੰਤਰੀ ਨੇ ਸ੍ਰੀ ਬੈਂਸ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ ਅਤੇ ਉਹ ਇਸ ਮੁੱਦੇ ਉਪਰ ਵਿਧਾਨ ਸਭਾ ਵਿੱਚ ਬਹਿਸ ਲਈ ਵੀ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚੋਂ ਗੈਂਗਸਟਰਾਂ ਦੇ ਖੌਫ ਨੂੰ ਖ਼ਤਮ ਕਰਨ ਸਮੇਤ ਹੋਰ ਕਈ ਵੱਡੇ ਅਪਰਾਧਾਂ ਨੂੰ ਹੱਲ ਕੀਤਾ ਜਾ ਚੁੱਕਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੁਲਾਜ਼ਮਾਂ ਦਾ ਡੀਏ ਜਾਰੀ ਕਰਨ, ਤਨਖਾਹ ਕਮਿਸ਼ਨ, ਠੇਕਾ ਮੁਲਾਜ਼ਮ ਰੈਗੂਲਰ ਕਰਨ, ਅਧਿਆਪਕਾਂ ਉਪਰ ਹੋਏ ਤਸ਼ੱਦਦ ਅਤੇ ਸਮੂਹਿਕ ਬਲਾਤਕਾਰ ਦੇ ਮੁੱਦਿਆਂ ਉਪਰ ਸਰਕਾਰ ਨੂੰ ਘੇਰਿਆ। ਉਹ ਮੁਲਾਜ਼ਮਾਂ ਦੇ ਮੁੱਦੇ ਉਪਰ ਗੱਲ ਕਰਨੀ ਚਾਹੁੰਦੇ ਸਨ, ਪਰ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਆਪਣੇ ਵਿਧਾਇਕਾਂ ਨਾਲ ਵਾਕਆਊਟ ਕੀਤਾ। ਇਸ ਮੌਕੇ ਐਚਐਸ ਫੂਲਕਾ ਨੇ ਵਾਕਆਊਟ ਕੀਤਾ, ਪਰ ਬਾਗ਼ੀ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਆਪਣੇ ਬੈਂਚਾਂ ’ਤੇ ਹੀ ਬੈਠੇ ਰਹੇ। ਸ੍ਰੀ ਫੂਲਕਾ ਨੇ ਕਿਹਾ ਕਿ ਬਲਾਤਕਾਰ ਦੇ ਮਾਮਲਿਆਂ ਵਿਚ ਪੁੂਰੀ ਸਖਤੀ ਵਰਤੀ ਜਾਵੇ ਅਤੇ ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਜਦੋਂ ਸਪੀਕਰ ਕੋਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਤਾਂ ‘ਆਪ’ ਵਿਧਾਇਕਾਂ ਤੇ ਬੈਂਸ ਭਰਾਵਾਂ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਦੌਰਾਨ ਵੀ ਇਸੇ ਤਰ੍ਹਾਂ ਦੇ ਸੀਮਤ ਸੈਸ਼ਨ ਬੁਲਾਏ ਜਾਂਦੇ ਸਨ। ਇਸ ’ਤੇ ਸ੍ਰੀ ਢੀਂਡਸਾ ਨੇ ਦੋਸ਼ ਲਾਇਆ ਕਿ ‘ਆਪ’ ਇਸ ਮੁੱਦੇ ਉਪਰ ਕਾਂਗਰਸ ਨਾਲ ਰਲ ਗਈ ਹੈ ਅਤੇ ਇਸੇ ਕਾਰਨ ਹੀ ਇਹ ਮੁੱਖ ਵਿਰੋਧੀ ਪਾਰਟੀ ਸੈਸ਼ਨ ਵਧਾਉਣ ਦੀ ਗੱਲ ਨਹੀਂ ਕਰ ਰਹੀ।

ਤਿੰਨ ਸਿੱਖ ਨੌਜਵਾਨਾਂ ਨੂੰ ਸਰਕਾਰ ਵਿਰੁੱਧ ਜੰਗ ਛੇੜਨ ਦੇ ਦੋਸ਼ ਹੇਠ ਉਮਰ ਕੈਦ

ਜਲੰਧਰ, 8 ਫਰਵਰੀ -(ਜਨ ਸ਼ਕਤੀ ਨਿਉਜ)- ਤਿੰਨ ਸਿੱਖ ਨੌਜਵਾਨਾਂ ਨੂੰ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਵਾਂ ਸ਼ਹਿਰ ਦੇ ਵਕੀਲਾਂ ਨੇ ਦੱਸਿਆ ਕਿ ਇਸ ਫੈਸਲੇ ਅਨੁਸਾਰ ਦੋਸ਼ੀਆਂ ਕੋਲੋਂ ਕੋਈ ਹਥਿਆਰ ਨਹੀਂ ਸਗੋਂ ਕੁਝ ਕਿਤਾਬਾਂ ਤੇ ਸਾਹਿਤ ਬਰਾਮਦ ਕੀਤਾ ਗਿਆ ਸੀ। ਇਸ ਕੇਸ ਵਿੱਚ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿਚ ਅਰਵਿੰਦਰ ਸਿੰਘ (29) ਵਾਸੀ ਨਵਾਂ ਸ਼ਹਿਰ, ਸੁਰਿੰਦਰਜੀਤ ਸਿੰਘ (27) ਗੁਰਦਾਸਪੁਰ ਅਤੇ ਰਣਜੀਤ ਸਿੰਘ (29) ਕੈਥਲ ਸ਼ਾਮਿਲ ਹਨ। ਨਵਾਂ ਸ਼ਹਿਰ ਦੇ ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਨੇ 31 ਜਨਵਰੀ ਨੂੰ ਇਨ੍ਹਾਂ ਨੌਜਵਾਨਾਂ ਨੂੰ ਦੋਸ਼ੀ ਠਹਿਰਾਇਆ ਸੀ ਤੇ 5 ਫਰਵਰੀ 2019 ਨੂੰ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 121 ਦੇ ਆਧਾਰ ’ਤੇ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸੇ ਤਰ੍ਹਾਂ ਧਾਰਾ 121ਏ ਤਹਿਤ ਸਾਜਿਸ਼ ਰਚਣ ਦੇ ਦੋਸ਼ ਹੇਠ 10 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਕਿਤਾਬਾਂ ਅਤੇ ਹੋਰ ਸਾਹਿਤ ਮਿਲਣ ’ਤੇ ਤਿੰਨੋ ਦੋਸ਼ੀਆਂ ਦਾ ਇੱਕੋਂ ਮਕਸਦ ਪਤਾ ਲੱਗਿਆ ਹੈ ਕਿ ਉਹ ਵਿਸਾਖੀ ਵਾਲੇ ਦਿਨ ਖਾਲਿਸਤਾਨ ਬਣਾਉਣਾ ਚਾਹੁੰਦੇ ਸਨ। ਉਹ ਇੱਕ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਭਾਰਤ ਸਰਕਾਰ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ਮੁੰਡਿਆਂ ਵਿੱਚੋਂ ਇੱਕ ਦੇ ਵਕੀਲ ਨੇ ਸਰਬਜੀਤ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਤੱਕ ਕਿਸੇ ਨੂੰ ਵੀ ਸਾਹਿਤ ਦੇ ਆਧਾਰ ’ਤੇ ਏਨੀ ਸਖ਼ਤ ਸਜ਼ਾ ਨਹੀਂ ਸੁਣਾਈ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਜਿਹੜਾ ਸਾਹਿਤ ਇਨ੍ਹਾਂ ਕੋਲੋਂ ਬਰਾਮਦ ਹੋਇਆ ਸੀ, ਉਹ ਪਾਬੰਦੀਸ਼ੁਦਾ ਸੀ ਜਾਂ ਨਹੀਂ। ਐਡਵੋਕੇਟ ਸਰਬਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁੰਡਿਆਂ ਕੋਲੋ ਇੱਕ ਫਲੈਕਸ ਵੀ ਬਰਾਮਦ ਕੀਤੀ ਸੀ ਜਿਸ ’ਤੇ 1978 ਵਿੱਚ ਮਾਰੇ ਗਏ ਸਿੱਖਾਂ ਦੀਆਂ ਤਸਵੀਰਾਂ ਸਨ ਪਰ ਇਹ ਫਲੈਕਸ ਕਿਸੇ ਵੀ ਜਨਤਕ ਥਾਂ ’ਤੇ ਨਹੀਂ ਸੀ ਲਗਾਈ ਗਈ। ਉਹ ਸਾਹਿਤ ਵੀ ਬਰਾਮਦ ਹੋਇਆ ਜਿਹੜਾ ਗੁਰਬਾਣੀ ਆਧਾਰਤ ਹੈ। ਤਿੰਨੋਂ ਮੁੰਡਿਆਂ ’ਤੇ ਇਹ ਦੋਸ਼ ਵੀ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸੇ ਆਏ ਸਨ। ਇਸ ਰਕਮ ਅਨੁਸਾਰ ਇੱਕ ਜਣੇ ਨੂੰ 35 ਹਜ਼ਾਰ, ਦੂਜੇ ਨੂੰ 40 ਹਜ਼ਾਰ ਤੇ ਤੀਜੇ ਨੂੰ 38 ਹਜ਼ਾਰ ਰੁਪਏ ਆਏ ਸਨ। ਉਨ੍ਹਾਂ ਸਵਾਲ ਕੀਤਾ ਕਿ ਕੀ ਏਨੀ ਕੁ ਰਕਮ ਨਾਲ ਕਿਸੇ ਦੇਸ਼ ਵਿਰੁੱਧ ਜੰਗ ਛੇੜੀ ਜਾ ਸਕਦੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਹੋਰ ਸੀਨੀਅਰ ਵਕੀਲ ਨੇ ਕਿਹਾ ਕਿ ਇਹ ਪਹਿਲਾ ਕੇਸ ਹੈ ਜਿਸ ਵਿੱਚ ਕਿਸੇ ਕੋਲੋਂ ਸਾਹਿਤ ਮਿਲਣ ਦੇ ਆਧਾਰ ’ਤੇ ਸਜ਼ਾ ਸੁਣਾਈ ਗਈ ਹੈ ਅਤੇ ਉਨ੍ਹਾਂ ਕੋਲੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਵੀ ਦੋਸ਼ੀਆਂ ਨੂੰ 121 ਆਈਪੀਸੀ ਦੇ ਆਧਾਰ ’ਤੇ ਸਜ਼ਾ ਨਹੀਂ ਸੁਣਾਈ ਗਈ ਸੀ।
 

ਜਾਂਚ ਬਿਊਰੋ ਲਈ 4251 ਅਸਾਮੀਆਂ ਪ੍ਰਵਾਨ

ਚੰਡੀਗੜ੍ਹ, 8 ਫਰਵਰੀ-(ਜਨ ਸ਼ਕਤੀ ਨਿਉਜ)- ਜਾਬ ਵਜ਼ਾਰਤ ਨੇ ਫੌਜਦਾਰੀ ਨਿਆਂ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸੂਬੇ ਦੇ ਜਾਂਚ ਬਿਊਰੋ (ਬਿਊਰੋ ਆਫ ਇਨਵੈਸਟੀਗੇਸ਼ਨ) ਲਈ 4251 ਨਵੀਆਂ ਅਸਾਮੀਆਂ ਕਾਇਮ ਕਰਨ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਜਾਇਦਾਦ ਦੇ ਐਲਾਨ, ਮੁਲਾਜ਼ਮਾਂ ਨੂੰ ਛੇ ਫ਼ੀਸਦੀ ਡੀਏ, ਪੱਤਰਕਾਰਾਂ ਨੂੰ ਪੈਨਸ਼ਨ ਦੇਣ ਅਤੇ ਬਜਟ ਸੈਸ਼ਨ ’ਚ ਰਾਜਪਾਲ ਦੇ ਉਦਘਾਟਨੀ ਭਾਸ਼ਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਕਿ ਜਾਂਚ ਬਿਊਰੋ ਤਹਿਤ ਐਸਪੀ ਦੀਆਂ 28 ਅਸਾਮੀਆਂ, ਡੀਐਸਪੀ ਦੀਆਂ 108, ਇੰਸਪੈਕਟਰਾਂ ਦੀਆਂ 164, ਸਬ-ਇੰਸਪੈਕਟਰਾਂ ਦੀਆਂ 593, ਏਐਸਆਈ ਦੀਆਂ 1140, ਹੌਲਦਾਰਾਂ ਦੀਆਂ 1158 ਅਤੇ ਸਿਪਾਹੀਆਂ ਦੀਆਂ 373 ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰ੍ਹਾਂ ਮਨਿਸਟੀਰੀਅਲ ਕਾਡਰ ਦੀਆਂ 159, ਸਹਾਇਕ ਸਿਵਲੀਅਨ ਸਟਾਫ ਲਈ 798 ਅਸਾਮੀਆਂ ਸਿਰਜੀਆਂ ਜਾਣਗੀਆਂ ਪਰ ਇਸ ਦੇ ਇਵਜ਼ ਵਿੱਚ ਜ਼ਿਲ੍ਹਿਆਂ ਦੇ ਨਾਲ-ਨਾਲ ਹੈੱਡਕੁਆਰਟਰ ’ਤੇ ਪੁਲੀਸ ਮੁਲਾਜ਼ਮਾਂ ਦੀਆਂ ਬਰਾਬਰ ਗਿਣਤੀ ਵਿੱਚ ਅਸਾਮੀਆਂ ਖ਼ਤਮ ਕੀਤੀਆਂ ਜਾਣਗੀਆਂ। ਜਾਂਚ ਬਿਊਰੋ ਘਿਨਾਉਣੇ ਅਤੇ ਗੰਭੀਰ ਅਪਰਾਧਿਕ ਮਾਮਲਿਆਂ ਨੂੰ ਪੇਸ਼ੇਵਰ, ਵਿਗਿਆਨਕ ਅਤੇ ਸਮਾਂਬੱਧ ਢੰਗ ਨਾਲ ਸੁਲਝਾਉਣ ’ਤੇ ਕੇਂਦਰਿਤ ਹੋਵੇਗਾ ਤਾਂ ਜੋ ਸਜ਼ਾ ਦਿਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜੁਲਾਈ, 2014 ਵਿੱਚ ਪੁਲੀਸ ਜਾਂਚ ਅਤੇ ਅਮਨ-ਕਾਨੂੰਨ ਦੇ ਕੰਮਕਾਜ ਨੂੰ ਅੱਡੋ-ਅੱਡ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਪੁਲੀਸ ਮੁਲਾਜ਼ਮਾਂ ਦਾ ਬੋਝ ਘਟਾਉਣ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਲਿਆਂਦੀ ਜਾ ਸਕੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਉਠਾਇਆ ਸੀ।
ਵਜ਼ਾਰਤ ਨੇ ‘ਦਿ ਪੰਜਾਬ ਵਨ-ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ ਵਾਇਓਲੇਸ਼ਨ ਆਫ ਦਿ ਬਿਲਡਿੰਗ ਬਿੱਲ-2019’ ਨੂੰ ਕਾਨੂੰਨੀ ਰੂਪ ਦੇਣ ਲਈ ਵਿਧਾਨ ਸਭਾ ਦੇ ਆਉਂਦੇ ਇਜਲਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਜ਼ਾਰਤ ਨੇ 30 ਜੂਨ, 2018 ਤੱਕ ਮਿਉਂਸਿਪਲ ਖੇਤਰਾਂ ਵਿੱਚ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਬਣੀਆਂ ਸਾਰੀਆਂ ਇਮਾਰਤਾਂ ਬਾਰੇ ਇਸ ਸਾਲ 2 ਜਨਵਰੀ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਸ ਬਿੱਲ ਦਾ ਖਰੜਾ ਤਿਆਰ ਕੀਤਾ ਹੈ ਜਿਸ ਨੂੰ ਬਜਟ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਅੰਮ੍ਰਿਤਸਰ ਵਾਲਡ ਸਿਟੀ (ਰੈਕੋਗਨੀਸ਼ਨ ਆਫ ਯੂਸੇਜ਼) ਐਕਟ-2016 ਦੀ ਧਾਰਾ 3 (1), 3 (2) ਅਤੇ 5 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਦਾ ਉਦੇਸ਼ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਗਲਿਆਰੇ ਵਿੱਚ ਅਣਅਧਿਕਾਰਤ ਤੌਰ ’ਤੇ ਬਣੀਆਂ ਵਪਾਰਕ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਯਕਮੁਸ਼ਤ ਮੌਕਾ ਮੁਹੱਈਆ ਕਰਵਾਉਣਾ ਹੈ। ਇਹ ਸੋਧ ਪਹਿਲੀ ਮਾਰਚ, 2019 ਨੂੰ ਅਮਲ ਵਿੱਚ ਆਵੇਗੀ ਜਿਸ ਲਈ ਬਿਨੈਕਾਰ ਨੂੰ ਯਕਮੁਸ਼ਤ ਨਿਪਟਾਰੇ ਲਈ ਅੰਮ੍ਰਿਤਸਰ ਦੀ ਵਾਲਡ ਸਿਟੀ ਅੰਦਰ ਕੀਤੀਆਂ ਉਲੰਘਣਾਵਾਂ ਦੇ ਵੇਰਵੇ ਦੇਣੇ ਹੋਣਗੇ।
ਵਜ਼ਾਰਤ ਨੇ ਹਰੇਕ ਸਾਲ ਜਨਵਰੀ ਮਹੀਨੇ ਵਿੱਚ ਵਿਧਾਇਕਾਂ ਵੱਲੋਂ ਆਪਣੀ ਅਚੱਲ ਜਾਇਦਾਦ ਦਾ ਐਲਾਨ ਕਰਨ ਨੂੰ ਲਾਜ਼ਮੀ ਬਣਾਉਣ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਉਦੇਸ਼ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਇੱਛਾ ਮੁਤਾਬਕ ਮੰਤਰੀ ਮੰਡਲ ਨੇ ‘ਦਿ ਪੰਜਾਬ ਲੈਜਿਸਲੇਟਿਵ ਅਸੈਂਬਲੀ (ਸੈਲਰੀਜ਼ ਐਂਡ ਅਲਾਊਂਸ ਆਫ ਮੈਂਬਰਜ਼) ਐਕਟ-1942 ਵਿੱਚ ਧਾਰਾ 3-ਏਏਏ ’ਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਸਤਾਵ ਨੂੰ ਬਿੱਲ ਦੇ ਖਰੜੇ ਦਾ ਰੂਪ ਦੇਣ ਲਈ ਕਾਨੂੰਨੀ ਮਸ਼ੀਰ ਕੋਲ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਜ਼ਾਰਤ ਨੇ 18 ਮਾਰਚ, 2017 ਨੂੰ ਫ਼ੈਸਲਾ ਲਿਆ ਸੀ ਕਿ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਹਰੇਕ ਸਾਲ ਜਨਵਰੀ ਵਿੱਚ ਆਪਣੀ ਅਚੱਲ ਜਾਇਦਾਦ ਦਾ ਐਲਾਨ ਕਰਨਗੇ। ਇਸ ਦਾ ਐਲਾਨ ਪਹਿਲੀ ਜੁਲਾਈ, 2017 ਤੱਕ ਕੀਤਾ ਜਾਣਾ ਚਾਹੀਦਾ ਸੀ ਜੋ ਨਹੀਂ ਕੀਤਾ ਗਿਆ। ਇਸ ਦੇ ਨਾਲ ਵਜ਼ਾਰਤ ਨੇ 12 ਫਰਵਰੀ ਨੂੰ ਸ਼ੁਰੂ ਹੋ ਰਹੇ 15ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਇਜਲਾਸ ਲਈ ਰਾਜਪਾਲ ਦੇ ਭਾਸ਼ਣ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ ਤੇ ਇਸ ਨੂੰ ਅੰਤਮ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ।
 

ਮੁਹੰਮਦ ਮੁਸਤਫ਼ਾ ਯੂ ਪੀ ਐਸ ਸੀ ਦੇ ਫ਼ੈਸਲੇ ਨੂੰ ਚੁਣੌਤੀ ਦੇਣਗੇ

ਚੰਡੀਗੜ੍ਹ, 8 ਫਰਵਰੀ-(ਜਨ ਸ਼ਕਤੀ ਨਿਉਜ)- ਯੂਪੀਐਸਸੀ ਨੇ 1985 ਬੈਚ ਦੇ ਆਈਪੀਐਸ ਅਧਿਕਾਰੀ ਤੇ ਐਸਟੀਐਫ ਮੁਖੀ ਮੁਹੰਮਦ ਮੁਸਤਫ਼ਾ ਅਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੌਪਾਧਿਆਏ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸ੍ਰੀ ਮੁਸਤਫ਼ਾ ਨੇ ਕਮਿਸ਼ਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਪੁਲੀਸ ਵਿੱਚ ਇਸ ਸਮੇਂ ਤਿੰਨ ਆਈਪੀਐਸ ਅਧਿਕਾਰੀ ਸ੍ਰੀ ਗੁਪਤਾ ਤੋਂ ਸੀਨੀਅਰ ਹਨ। ਤਾਜ਼ਾ ਨਿਯੁਕਤੀ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਨਜ਼ਰਅੰਦਾਜ਼ ਹੋਣ ਕਰਕੇ ਧੜੇਬੰਦੀ ਵਧਣ ਦੇ ਵੀ ਆਸਾਰ ਮੰਨੇ ਜਾ ਰਹੇ ਹਨ।

ਦਿਨਕਰ ਗੁਪਤਾ ਪੰਜਾਬ ਪੁਲੀਸ ਦੇ ਨਵੇਂ ਮੁਖੀ ਬਣੇ

ਸੁਰੇਸ਼ ਅਰੋੜਾ ਸੇਵਾਮੁਕਤ ਹੋਏ

ਚੰਡੀਗੜ੍ਹ, 8 ਫਰਵਰੀ-(ਜਨ ਸ਼ਕਤੀ ਨਿਉਜ)- ਪੰਜਾਬ ਸਰਕਾਰ ਨੇ ਅੱਜ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਅੱਜ ਬਾਅਦ ਦੁਪਹਿਰ ਉਨ੍ਹਾਂ ਅਹੁਦੇ ਦਾ ਚਾਰਜ ਵੀ ਸੰਭਾਲ ਲਿਆ ਹੈ ਤੇ ਚੋਣਵੇਂ ਪੁਲੀਸ ਅਧਿਕਾਰੀਆਂ ਨਾਲ ਰਸਮੀ ਮੀਟਿੰਗ ਵੀ ਕੀਤੀ। ਸ੍ਰੀ ਗੁਪਤਾ ਇਸ ਤੋਂ ਪਹਿਲਾਂ ਸੂਬੇ ਦੇ ਡੀਜੀਪੀ (ਇੰਟੈਲੀਜੈਂਸ) ਦੇ ਅਹੁਦੇ ’ਤੇ ਤਾਇਨਾਤ ਸਨ। ਉਹ ਕੇਂਦਰੀ ਖੁਫ਼ੀਆ ਏਜੰਸੀ (ਆਈਬੀ) ਵਿੱਚ ਵੀ ਤਕਰੀਬਨ 8 ਸਾਲ ਤਾਇਨਾਤ ਰਹੇ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸ੍ਰੀ ਗੁਪਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਸੰਦੀਦਾ ਪੁਲੀਸ ਅਫ਼ਸਰਾਂ ’ਚੋਂ ਮੰਨਿਆ ਜਾਂਦਾ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਸੂਬੇ ਦੇ ਡੀਜੀਪੀ ਦੀ ਨਿਯੁਕਤੀ ਲਈ 1984 ਤੋਂ ਲੈ ਕੇ 1988 ਬੈਚ ਤੱਕ ਦੇ 12 ਪੁਲੀਸ ਅਧਿਕਾਰੀਆਂ ਵਿੱਚੋਂ 1987 ਬੈਚ ਨਾਲ ਸਬੰਧਤ ਤਿੰਨ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੀ ਚੋਣ ਕੀਤੀ ਸੀ। ਯੂਪੀਐਸਸੀ ਦਾ ਇਹ ਪੈਨਲ ਲੰਘੀ ਰਾਤ ਹੀ ਰਾਜ ਸਰਕਾਰ ਨੂੰ ਹਾਸਲ ਹੋਇਆ ਸੀ ਤੇ ਅੱਜ ਦੁਪਹਿਰ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਪਤਾ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਧੜੇਬੰਦੀ ਦਾ ਸ਼ਿਕਾਰ ਪੰਜਾਬ ਪੁਲੀਸ ਵਿੱਚ ਅਨੁਸ਼ਾਸਨ ਲਿਆਉਣਾ ਨਵੇਂ ਡੀਜੀਪੀ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਸਮਗਲਿੰਗ ਕਾਰਨ ਵੀ ਪੁਲੀਸ ਅਕਸਰ ਸੁਰਖ਼ੀਆਂ ਵਿੱਚ ਰਹਿੰਦੀ ਹੈ। ਇਨ੍ਹਾਂ ਗੰਭੀਰ ਮਸਲਿਆਂ ਨਾਲ ਨਜਿੱਠਣਾ ਵੀ ਦਿਨਕਰ ਗੁਪਤਾ ਲਈ ਵੰਗਾਰ ਤੋਂ ਘੱਟ ਨਹੀਂ ਹੈ। ਮੁਹੰਮਦ ਮੁਸਤਫ਼ਾ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਰਾਜ ਸਰਕਾਰ ਵੱਲੋਂ ਯੂਪੀਐਸਸੀ ਦੀ ਮੀਟਿੰਗ ਦੌਰਾਨ ਰੁਖ਼ ਅਖਤਿਆਰ ਕੀਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੇ ਡੀਜੀਪੀ ਦੀ ਨਿਯੁਕਤੀ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਪੁਲੀਸ ਵਿਚਲੀ ਧੜੇਬੰਦੀ ਕੈਪਟਨ ਸਰਕਾਰ ਲਈ ਚੁਣੌਤੀ ਹੈ। ਇਹੋ ਕਾਰਨ ਹੈ ਕਿ ਯੂਪੀਐਸਸੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਸੋਮਵਾਰ ਨੂੰ ਹੀ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਸੀਨੀਅਰ ‘ਜ਼ਿੰਮੇਵਾਰ ਅਹੁਦੇਦਾਰ’ ਵੱਲੋਂ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ’ਤੇ ਅਧਾਰਿਤ ਆਈਪੀਐਸ ਅਧਿਕਾਰੀਆਂ ਦਾ ਪੈਨਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਦੋਂ ਕਿ ਕਮਿਸ਼ਨ ਵੱਲੋਂ ਭੇਜੇ ਪੈਨਲ ਸਬੰਧੀ ਅਸਲ ਤਸਵੀਰ ਹੋਰ ਹੀ ਸਾਹਮਣੇ ਆਈ। ਰਾਜ ਸਰਕਾਰ ਵੱਲੋਂ ਯੂਪੀਐਸਸੀ ਦੇ ਪੈਨਲ ਸਬੰਧੀ ਖੁਦ ਹੀ ਭੰਬਲਭੂਸਾ ਪੈਦਾ ਕਰਨ ਦਾ ਮਾਮਲਾ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੁਰੇਸ਼ ਅਰੋੜਾ ਸੇਵਾਮੁਕਤ ਹੋਏ

1982 ਬੈਚ ਦੇ ਆਈਪੀਐਸ ਅਧਿਕਾਰੀ ਸੁਰੇਸ਼ ਅਰੋੜਾ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਤੇ ਗੋਲੀ ਕਾਂਡ ਕਰਕੇ ਵਿਵਾਦਾਂ ’ਚ ਘਿਰਨ ਤੋਂ ਬਾਅਦ ਅਕਤੂਬਰ 2015 ਵਿੱਚ ਸੁਮੇਧ ਸਿੰਘ ਸੈਣੀ ਦੀ ਥਾਂ ’ਤੇ ਡੀਜੀਪੀ ਨਿਯੁਕਤ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ 2017 ਵਿੱਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਵੀ ਸ੍ਰੀ ਅਰੋੜਾ ਨੂੰ ਇਸ ਅਹੁਦੇ ’ਤੇ ਕਾਇਮ ਰੱਖਿਆ ਗਿਆ। ਮੋਦੀ ਸਰਕਾਰ ਨੇ ਸਤੰਬਰ ’ਚ ਸੁਰੇਸ਼ ਅਰੋੜਾ ਦਾ ਸੇਵਾਕਾਲ 31 ਦਸੰਬਰ 2018 ਤੱਕ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਸੀ ਅਤੇ ਫਿਰ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਕਾਰਜਕਾਲ ’ਚ ਵਾਧਾ ਕਰ ਦਿੱਤਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ 30 ਸਤੰਬਰ 2019 ਤੱਕ ਉਨ੍ਹਾਂ ਦਾ ਸੇਵਾਕਾਲ ਵਧਾ ਦਿੱਤਾ ਸੀ ਪਰ ਸ੍ਰੀ ਅਰੋੜਾ ਨੇ ਕੈਪਟਨ ਸਰਕਾਰ ਨੂੰ ਸੇਵਾਮੁਕਤ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਤੱਕ ਹੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਰੱਖਿਆ ਜਾਵੇ।
 

ਸੇਵਾ ਮੁਕਤ ਹੋਣ 'ਤੇ ਮਾ:ਸਰਬਜੀਤ ਸਿੰਘ ਹੇਰਾਂ ਦਾ ਹੋਇਆ ਸਨਮਾਨ

ਦੂਜਿਆਂ ਨੂੰ ਚਾਨਣ ਵੰਡਣ ਵਾਲਾ ਇਨਸਾਨ ਮਹਾਨ ਹੁੰਦਾ ਹੈ : ਸਾਬਕਾ ਵਿਧਾਇਕ ਕਲੇਰ

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੇ ਧਾਰਨੀ ਮਾ: ਸਰਬਜੀਤ ਸਿੰਘ ਹੇਰਾਂ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ ਨਾਲ ਆਪਣੇ ਕਹੇ ਸ਼ਬਦਾਂ 'ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਮਾ: ਸਰਬਜੀਤ ਸਿੰਘ ਹੇਰਾਂ ਹਮੇਸ਼ਾ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰ੍ਰ: ਗੁਰਮੇਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਮਾ: ਸਰਬਜੀਤ ਸਿੰਘ ਹੇਰਾਂ ਦੇ ਸੇਵਾ ਮੁਕਤੀ ਮੌਕੇ ਹੋਏ ਸਮਾਗਮ ਦੌਰਾਨ ਬੋਲਦਿਆਂ ਕੀਤਾ। ਉਹਨਾਂ ਆਖਿਆ ਕਿ ਮਾ: ਸਰਬਜੀਤ ਸਿੰਘ ਹੇਰਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ ਪੈਂਤੀ ਵਰ••ੇ ਬਤੌਰ ਅਧਿਆਪਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤੇ ਹਨ ਅਤੇ  ਉਹਨਾਂ ਦੇ ਪਾਏ ਪੂਰਨਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।  ਸਕੂਲ ਦੇ ਸਮਾਗਮ ਤੋਂ ਬਾਅਦ ਮਾ: ਸਰਬਜੀਤ ਸਿੰਘ ਹੇਰਾਂ ਦੇ ਗ੍ਰਹਿ ਗਰੀਨ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਮੌਕੇ ਬੋਲਦੇ ਹੋਏ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੇ ਆਖਿਆ ਕਿ ਦੂਜਿਆਂ ਨੂੰ ਚਾਨਣ ਵੰਡਣ ਵਾਲਾ ਇਨਸਾਨ ਸਭ ਤੋਂ ਮਹਾਨ ਹੁੰਦਾ ਹੈ ਅਤੇ ਮਾ: ਸਰਬਜੀਤ ਸਿੰਘ ਹੇਰਾਂ ਨੇ ਸਿੱਖਿਆ ਦੇ ਖੇਤਰ ਵਿੱਚ ਲੰਮਾ ਸਮਾਂ ਯੋਗਦਾਨ ਪਾਉਣ ਦੇ ਨਾਲ ਨਾਲ ਸਾਹਿਤਕ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾਇਆ ਹੈ ਅਤੇ ਉਹਨਾਂ ਨੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਅਤੇ ਉੱਚਾ ਸਮਾਜਿਕ ਰੁਤਬਾ ਹਾਸਲ ਕੀਤਾ ਹੈ। ਮਾ: ਸਰਬਜੀਤ ਸਿੰਘ ਹੇਰਾਂ ਨੂੰ ਤੋਹਫ਼ੇ, ਟਰਾਫੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕ੍ਰਿਪਾਲ ਸਿੰਘ, ਰਾਮ ਕੁਮਾਰ, ਦੀਪਇੰਦਰਪਾਲ ਸਿੰਘ, ਪਿਸ਼ੌਰਾ ਸਿੰਘ, ਗੁਰਪ੍ਰੀਤ ਸਿੰਘ, ਤੀਰਥ ਸਿੰਘ, ਪ੍ਰਭਾਤ ਕਪੂਰ, ਰਜੀਵ ਸ਼ਰਮਾ, ਸਤਨਾਮ ਸਿੰਘ, ਅਮਰਜੀਤ ਸਿੰਘ ਚੀਮਾਂ, ਰਣਜੀਤ ਹਠੂਰ, ਮਲਕੀਤ ਸਿੰਘ, ਅਮਰਵੀਰ ਸਿੰਘ, ਰਾਜੀਵ ਦੂਆ, ਮੈਡਮ ਰਣਵੀਰ ਕੌਰ ਕਲੇਰ, ਸੋਨੀਆ ਧੀਰ, ਮਨਰਮਨ ਕੌਰ, ਨਿਰਮਲ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਹਰਸਿਮਰਤ ਕੌਰ, ਸਤਵਿੰਦਰ ਕੌਰ, ਜਤਿੰਦਰ ਸਿੰਘ, ਜਸਵੀਰ ਸਿੰਘ, ਪਵਨ ਕੁਮਾਰ, ਸੂਬੇਦਾਰ ਪਵਿੱਤਰ ਸਿੰਘ, ਹਰਵੀਰ ਸਿੰਘ ਢਿੱਲੋਂ, ਅਮਰਜੀਤ ਸਿੰਘ ਕਲਕੱਤੇ ਵਾਲੇ, ਠੇਕੇਦਾਰ ਮਨਿੰਦਰਪਾਲ ਸਿੰਘ ਬਾਲੀ, ਹਰਦੇਵ ਸਿੰਘ ਰਾਏ, ਅਨਮੋਲਦੀਪ ਸਿੰਘ ਚੀਮਾਂ, ਹੈਪੀ ਗਰੇਵਾਲ ਆਦਿ ਵੀ ਹਾਜ਼ਰ ਸਨ।

ਅਕਾਲੀ ਦਲ ਵੱਲੋਂ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਜਾਰੀ

ਚੰਡੀਗੜ੍ਹ, 6 ਫਰਵਰੀ (ਮਨਜਿੰਦਰ ਸਿੰਘ ਗਿੱਲ ) ਸ਼੍ਰੋਮਣੀ ਅਕਾਲੀ ਦਲ ਨੇ ਅੱਜ 40 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਭਾਈ ਮਨਜੀਤ ਸਿੰਘ ਤੇ ਜਗਜੀਤ ਸਿੰਘ ਲੋਪੋ ਨੂੰ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਪਾਰਟੀ ਦੇ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੀਏਸੀ ਦੇ ਮੈਬਰਾਂ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਤਵੰਤ ਕੌਰ ਸੰਧੂ, ਮਹਿੰਦਰ ਕੌਰ ਜੋਸ਼, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ, ਰਣਧੀਰ ਸਿੰਘ ਚੀਮਾ, ਅਮਰਜੀਤ ਕੌਰ ਪਟਿਆਲਾ, ਦੇਸ ਰਾਜ ਧੁੱਗਾ, ਸੰਤ ਬਲਬੀਰ ਸਿੰਘ ਘੁੰਨਸ, ਫਾਤਿਮਾ ਨਿਸਾਰ ਖਾਤੂਨ, ਲਖਬੀਰ ਸਿੰਘ ਲੋਧੀਨੰਗਲ, ਅਜਾਇਬ ਸਿੰਘ ਮੁਖਮੈਲਪੁਰ, ਭਾਗ ਸਿੰਘ ਮੱਲ੍ਹਾ, ਸੁਰਜੀਤ ਸਿੰਘ ਕੋਹਲੀ, ਦੀਦਾਰ ਸਿੰਘ ਭੱਟੀ, ਅਜੀਤ ਸਿੰਘ ਸ਼ਾਂਤ, ਈਸ਼ਰ ਸਿੰਘ ਮਿਹਰਬਾਨ, ਰਵਿੰਦਰ ਸਿੰਘ ਬੱਬਲ, ਰਾਜਮੋਹਿੰਦਰ ਸਿੰਘ ਮਜੀਠੀਆ, ਮੋਹਿੰਦਰ ਸਿੰਘ ਰੋਮਾਣਾ, ਸੰਤਾ ਸਿੰਘ ਉਮੈਦਪੁਰ, ਬ੍ਰਿਗੇਡੀਅਰ ਭੁਪਿੰਦਰ ਸਿੰਘ ਲਾਲੀ ਕੰਗ, ਸੁਰਜੀਤ ਸਿੰਘ ਕੰਗ ਰਾਜਸਥਾਨ, ਕਿਰਨਬੀਰ ਸਿੰਘ ਕੰਗ, ਗੁਰਦੇਵ ਕੌਰ ਸੰਘਾ, ਕਰਨਲ ਸੀਡੀ ਸਿੰਘ ਕੰਬੋਜ, ਸਰੂਪ ਸਿੰਘ ਸਹਿਗਲ, ਅਲਵਿੰਦਰਪਾਲ ਸਿੰਘ ਪੱਖੋਕੇ, ਵਰਦੇਵ ਸਿੰਘ ਮਾਨ, ਬਰਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਡਿੰਪੀ ਢਿੱਲੋਂ, ਅਜੀਤ ਸਿੰਘ ਲੁਧਿਆਣਾ, ਨਾਇਬ ਸਿੰਘ ਕੋਹਾੜ ਤੇ ਬਲਬੀਰ ਸਿੰਘ ਬਾਠ ਸ਼ਾਮਲ ਹਨ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਜਲਦੀ ਹੀ ਮੀਤ ਪ੍ਰਧਾਨਾਂ, ਪ੍ਰਬੰਧਕੀ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਯੂੁਥ ਵਿੰਗ ਦੀ ਪੰਜਵੀਂ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਰਵੀਪ੍ਰੀਤ ਸਿੰਘ ਸਿੱਧੂ ਮੈਂਬਰ ਕੋਰ ਕਮੇਟੀ ਨੂੰ ਯੂਥ ਵਿੰਗ ਦਾ ਖ਼ਜ਼ਾਨਚੀ ਅਤੇ ਪਰਮਿੰਦਰ ਸਿੰਘ ਬੋਹਾਰਾ ਨੂੰ ਯੂਥ ਵਿੰਗ ਦਾ ਦਫ਼ਤਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਵਿੱਚ ਜੋਧ ਸਿੰਘ ਸਮਰਾ ਅਜਨਾਲਾ, ਅਰਵਿੰਦਰ ਸਿੰਘ ਰਾਜੂ, ਰਜਿੰਦਰ ਸਿੰਘ ਵਿਰਕ, ਹਰਪ੍ਰੀਤ ਸਿੰਘ ਪ੍ਰੀਤ ਨਾਭਾ, ਹਰਪ੍ਰੀਤ ਸਿੰਘ, ਸ਼ਰਨਜੀਤ ਸਿੰਘ ਚਨਾਰਥਲ, ਕੰਵਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਭੱਟੀ, ਅਯੂਬ ਖਾਨ, ਅਰਵਿੰਦਰ ਸਿੰਘ ਰਿੰਕੂ, ਸਿਮਰਪ੍ਰਤਾਪ ਸਿੰਘ ਬਰਨਾਲਾ, ਹਿਤੇਸ਼ ਜਾਡਲਾ ਆਦਿ ਦੇ ਨਾਂ ਸ਼ਾਮਲ ਹਨ। ਮਜੀਠੀਆ ਨੇ ਦੱਸਿਆ ਕਿ ਰਣਜੀਤ ਸਿੰਘ ਖੁਰਾਣਾ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਗੁਰਿੰਦਰ ਸਿੰਘ ਗੋਲਡੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਕੁਲਜੀਤ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰੀ (ਸ਼ਹਿਰੀ), ਇਕਬਾਲ ਸਿੰਘ ਰਾਏ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ (ਦਿਹਾਤੀ) ਅਤੇ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰਧਾਨ (ਪੁਲੀਸ ਜ਼ਿਲ੍ਹਾ ਜਗਰਾਉਂ) ਜਿਸ ਵਿੱਚ ਹਲਕੇ (ਜਗਰਾਉਂ, ਗਿੱਲ, ਰਾਏਕੋਟ ਅਤੇ ਦਾਖਾ) ਸ਼ਾਮਲ ਹਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਛੱਤ ’ਤੇ ਚੜ੍ਹੀਆਂ ਨਰਸਾਂ

ਸੇਵਾਵਾਂ ਪੱਕੀਆਂ ਕਰਵਾਉਣ ਲਈ ਛੱਤ ’ਤੇ ਚੜ੍ਹੀਆਂ ਨਰਸਾਂ

ਪਟਿਆਲਾ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  ) ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਤਹਿਤ ਸਰਕਾਰੀ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਸਣੇ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਕੰਟਰੈਕਟ ਆਧਾਰਿਤ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਉਧਰ, ਨਰਸਿਜ਼ ਅਤੇ ਐਨਸਿਲਰੀ ਸਟਾਫ ਦੇ ਛੇ ਮੈਂਬਰ ਅੱਜ ਸਵੇਰੇ ਹੀ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਇਮਾਰਤ ਦੇ ਸਿਖ਼ਰ ’ਤੇ ਜਾ ਬੈਠੀਆਂ। ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਧਰਨਾ ਮਾਰਿਆ ਹੋਇਆ ਹੈ।
ਛੱਤ ’ਤੇ ਚੜ੍ਹਨ ਵਾਲੀਆਂ ਮਹਿਲਾ ਮੁਲਾਜ਼ਮਾਂ ਵਿੱਚ ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ ਦੀ ਚੇਅਰਪ੍ਰਸਨ ਸੰਦੀਪ ਕੌਰ ਬਰਨਾਲ਼ਾ ਸਣੇ ਰੁਪਿੰਦਰ ਕੌਰ ਬੁਢਲਾਡਾ, ਮਨਪ੍ਰੀਤ ਕੌਰ ਸਿੱਧੂ, ਬਲਜੀਤ ਕੌਰ ਖ਼ਾਲਸਾ, ਗੁਰਮੀਤ ਕੌਰ ਰਾਏਕੋਟ ਤੇ ਗੁਰਪ੍ਰੀਤ ਕੌਰ ਜਸਧੌਰ ਸ਼ਾਮਲ ਹਨ। ਉਹ ਅੱਜ ਸਵੱਖਤੇ ਹੀ ਇੱਥੇ ਆ ਚੜ੍ਹੀਆਂ। ਭਾਵੇਂ ਕਿ ਛੱਤ ਤੱਕ ਉਹ ਪੱਕੀਆਂ ਪੌੜੀਆਂ ਰਾਹੀਂ ਪੁੱਜੀਆਂ, ਪਰ ਇਸ ਇਮਾਰਤ ਦੇ ਸਿਖ਼ਰ ਤੱਕ ਪੁੱਜਣ ਲਈ ਉਨ੍ਹਾਂ ਨੇ ਲੱਕੜ ਦੀ ਪੌੜੀ ਦਾ ਇਸਤੇਮਾਲ ਕੀਤਾ ਤੇ ਬਾਅਦ ਵਿਚ ਪੌੜੀ ਉਤਾਂਹ ਖਿੱਚ ਲਈ। ਇਸ ਉਪਰੰਤ ਐਸੋਸੀਏਸ਼ਨ ਦੀਆਂ ਬਾਕੀ ਮੈਂਬਰ ਇਮਾਰਤ ਦੇ ਹੇਠਾਂ ਧਰਨਾ ਮਾਰ ਕੇ ਬੈਠ ਗਈਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਹੇਠਾਂ ਉੱਤਰਨ ਲਈ ਕਿਹਾ ਪਰ ਉਨ੍ਹਾਂ ਨੇ ਮੰਗ ਪੂਰੀ ਹੋਣ ਤਕ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਦਫ਼ਤਰ ਸਾਹਮਣੇ ਦਿਨ ਭਰ ਚੱਲੇ ਧਰਨੇ ਦੌਰਾਨ ਐਸੋਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ 2009 ਵਿਚ ਉਨ੍ਹਾਂ ਦੀ ਭਰਤੀ ਸਾਰੀਆਂ ਲੋੜੀਂਦੀਆਂ ਸ਼ਰਤਾਂ ਨਾਲ਼ ਹੋਈ ਸੀ, ਪਰ ਵਾਰ ਵਾਰ ਵਾਅਦੇ ਕਰਕੇ ਵੀ ਸਰਕਾਰ ਉਨ੍ਹਾਂ ਨੂੰ ਰੈਗੂਲਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ ਵੱਲੋਂ ਸਾਰੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਸਟਾਫ ਨੇ ਪੰਜ ਫਰਵਰੀ ਨੂੰ ਹੜਤਾਲ਼ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਧਰਨਾ ਮਾਰਿਆ ਸੀ, ਜੋ ਦੇਰ ਸ਼ਾਮੀ 7 ਫਰਵਰੀ ਲਈ ਸਿਹਤ ਮੰਤਰੀ ਨਾਲ਼ ਮੀਟਿੰਗ ਮੁਕੱਰਰ ਹੋਣ ਉਪਰੰਤ ਚੁੱਕਿਆ ਗਿਆ ਸੀ ਪਰ ਹੜਤਾਲ਼ ਅੱਜ ਦੂਜੇ ਦਿਨ ਵੀ ਜਾਰੀ ਰਹੀ।
ਜ਼ਿਕਰਯੋਗ ਹੈ ਕਿ ਇਸੇ ਮੰਗ ਤਹਿਤ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਦੋ ਸਾਲ ਪਹਿਲਾਂ ਭਾਖੜਾ ਨਹਿਰ ਵਿਚ ਛਾਲ਼ ਮਾਰ ਦਿੱਤੀ ਸੀ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਉਹ ਭਲ਼ਕੇ ਮੀਟਿੰਗ ਵਿਚ ਤਾਂ ਸ਼ਾਮਲ ਹੋਣਗੀਆਂ, ਪਰ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਹੋਰ ਤਿੱਖਾ ਪ੍ਰੋਗਰਾਮ ਉਲੀਕਿਆ ਜਾਵੇਗਾ। ਦੇਰ ਰਾਤ ਤੱਕ ਵੀ ਛੇ ਜਣੀਆਂ ਛੱਤ ’ਤੇ ਹੀ ਮੌਜੂਦ ਸਨ। ਧਰਨੇ ਨੂੰ ਮੁਲਾਜ਼ਮ ਆਗੂ ਕਾਕਾ ਸਿੰਘ ਪਹਾੜੀਪੁਰ, ਬਿਕਰਮਜੀਤ ਸਿੰਘ ਤੇ ਮੇਹਰ ਚੰਦ ਆਦਿ ਨੇ ਵੀ ਸੰਬੋਧਨ ਕੀਤਾ।
 

ਸੜਕਾਂ ’ਤੇ ਡੇਰੇ ਲਾਉਣਗੇ ਮੁਲਾਜ਼ਮ

ਚੰਡੀਗੜ੍ਹ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  ) ਪੰਜਾਬ ਵਿਧਾਨ ਸਭਾ ਦੇ 12 ਫਰਵਰੀ ਨੂੰ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਦਫ਼ਤਰੀ ਕੰਮ ਠੱਪ ਕਰ ਕੇ ਸੜਕਾਂ ’ਤੇ ਡੇਰੇ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਮਿੰਨੀ ਸਕੱਤਰੇਤ ਵਿਚ ਰੈਲੀ ਦੌਰਾਨ ਸਰਕਾਰ ਨੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਅਤੇ 8 ਫਰਵਰੀ ਨੂੰ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ।
ਸਰਕਾਰ ਵੱਲੋਂ ਬਜਟ ਸੈਸ਼ਨ ਅਤੇ ਲੋਕ ਸਭਾ ਚੋਣਾਂ ਤਕ ਛੁੱਟੀਆਂ ਬੰਦ ਕਰਨ ਦੇ ਜਾਰੀ ਹੁਕਮਾਂ ਤੋਂ ਬੇਪ੍ਰਵਾਹ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਨੇ ਅੱਜ ਮੁੜ ਮਿੰਨੀ ਸਕੱਤਰੇਤ ਅੱਗੇ ਧਰਨਾ ਦੇ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਐਕਸ਼ਨ ਕਮੇਟੀ ਦੇ ਪ੍ਰਧਾਨ ਐੱਨ ਪੀ ਸਿੰਘ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ 7 ਫਰਵਰੀ ਨੂੰ ਦੋਵਾਂ ਸਕੱਤਰੇਤਾਂ ਵਿਚ ਕਲਮ ਛੋੜ ਹੜਤਾਲ ਕਰ ਕੇ ਸਮੁੱਚਾ ਕੰਮ ਠੱਪ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲੇ ਸਕੱਤਰੇਤ ਪ੍ਰਸ਼ਾਸਨ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੂੰ ਤੁਰੰਤ ਇੱਥੋਂ ਨਾ ਬਦਲਿਆ ਗਿਆ ਤਾਂ ਮੁਲਾਜ਼ਮ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਕੱਤਰੇਤ ਦੀਆਂ ਸਾਰੀਆਂ ਸ਼ਾਖ਼ਾਵਾਂ ਦਾ ਕੰਮ ਠੱਪ ਕਰ ਦੇਣਗੇ। ਸਕੱਤਰੇਤ ਦੇ ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਸਰਕਾਰ ਨੇ ਹੰਗਾਮੀ ਹਾਲਤ ਵਿਚ ਸਕੱਤਰੇਤ ਦੇ ਮੁਲਾਜ਼ਮ ਆਗੂਆਂ ਐਨਪੀ ਸਿੰਘ, ਸੁਖਚੈਨ ਖਹਿਰਾ, ਮਲਕੀਤ ਸਿੰਘ ਔਜਲਾ, ਬਲਰਾਜ ਸਿੰਘ ਦਾਓਂ, ਮਹੇਸ਼ ਚੰਦਰ, ਭੁਪਿੰਦਰ ਸਿੰਘ ਤੇ ਜਸਪਾਲ ਸਿੰਘ ਨਾਲ ਗੱਲਬਾਤ ਦਾ ਦੌਰ ਚਲਾਇਆ। ਬਾਅਦ ਵਿਚ ਸ੍ਰੀ ਖਹਿਰਾ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 8 ਫਰਵਰੀ ਨੂੰ ਮੁਲਾਜ਼ਮ ਮੰਗਾਂ ਬਾਰੇ ਫ਼ੈਸਲੇ ਲਏ ਜਾਣਗੇ, ਜਿਸ ਕਾਰਨ ਐਕਸ਼ਨ ਕਮੇਟੀ ਨੇ 7 ਫਰਵਰੀ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਅਤੇ 8 ਫਰਵਰੀ ਨੂੰ ਸਰਕਾਰ ਦਾ ਰੁਖ਼ ਦੇਖਣ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸੇ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ।
ਯੂਨੀਅਨ ਦੇ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲੇ ਦਿਨ 12 ਫਰਵਰੀ ਨੂੰ ਪੰਜਾਬ ਭਰ ਵਿਚ ਬਾਜ਼ਾਰਾਂ ਅਤੇ ਸੜਕਾਂ ਉਪਰ ਵਾਹਨਾਂ ਰਾਹੀਂ ਰੋਸ ਮਾਰਚ ਕਰ ਕੇ ਕੈਪਟਨ ਸਰਕਾਰ ਦੇ ਝੂਠੇ ਅਤੇ ਫੋਕੇ ਵਾਅਦਿਆਂ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ 13 ਤੋਂ 15 ਫਰਵਰੀ ਤਕ ਸੂਬਾ ਭਰ ਵਿਚ ਕਲਮ ਛੋੜ ਹੜਤਾਲ ਕਰ ਕੇ ਸਰਕਾਰੀ ਮਸ਼ੀਨਰੀ ਜਾਮ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ 6 ਮੁਲਾਜ਼ਮ ਫੈਡਰੇਸ਼ਨਾਂ ਸਮੇਤ ਹੋਰ ਕਈ ਜਥੇਬੰਦੀਆਂ ਦੇ ਆਧਾਰਿਤ ਬਣੀ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਜਟ ਸੈਸ਼ਨ ਦੇ ਦੂਜੇ ਦਿਨ 13 ਫਰਵਰੀ ਨੂੰ ਸੂਬਾਈ ਹੱਲਾ ਬੋਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਵੱਲੋਂ ਮੁਹਾਲੀ ਵਿਚ ਕੀਤੀ ਜਾ ਰਹੀ ਇਸ ਰੈਲੀ ਦੌਰਾਨ ਕੈਪਟਨ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਘੇਰਨ ਦਾ ਐਲਾਨ ਵੀ ਕਰਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ 31 ਦਸੰਬਰ 2019 ਤਕ ਕਰਨ ਕਾਰਨ ਮੁਲਾਜ਼ਮ ਵਰਗ ਦੀ ਆਖ਼ਰੀ ਆਸ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਕੈਪਟਨ ਸਰਕਾਰ ਵੱਲੋਂ ਆਪਣੇ 22 ਮਹੀਨਿਆਂ ਦੇ ਰਾਜ ਭਾਗ ਦੌਰਾਨ ਡੀਏ ਦੀਆਂ 4 ਕਿਸ਼ਤਾਂ ਬਕਾਇਆ ਪਈਆਂ ਹੋਣ ਕਾਰਨ ਇਹ ਵਰਗ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੀਆਂ ‘ਊਣਤਾਈਆਂ’ ਖ਼ਿਲਾਫ਼ ਮੋਰਚਾ ਖੋਲ੍ਹਿਆ

ਫ਼ਤਿਹਗੜ੍ਹ ਸਾਹਿਬ, 6 ਫਰਵਰੀ (ਮਨਜਿੰਦਰ ਸਿੰਘ ਗਿੱਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਕੁੱਝ ਮੈਂਬਰਾਂ ਨੇ ਐਸਜੀਪੀਸੀ ਪ੍ਰਬੰਧਕਾਂ ਵਿਚ ਫੈਲੀਆਂ ਕਥਿਤ ਊਣਤਾਈਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਮੈਂਬਰ ਡੇਰਾ ਬਾਬਾ ਨਾਨਕ ਅਮਰੀਕ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਹੁਸੈਨਪੁਰ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਬਲਾਚੌਰ, ਜਸਵੰਤ ਸਿੰਘ ਪੁੜੈਣ ਕਮੇਟੀ ਮੈਂਬਰ ਹਲਕਾ ਸਿਧਵਾਂ ਬੇਟ, ਹਰਬੰਸ ਸਿੰਘ ਮਾਣਕੀ ਸਾਬਕਾ ਮੈਂਬਰ ਹਲਕਾ ਸਮਰਾਲਾ ਤੇ ਹਰਬੰਸ ਸਿੰਘ ਮੰਝਪੁਰ ਸਾਬਕਾ ਅੰਤਰਿੰਗ ਕਮੇਟੀ ਮੈਂਬਰ ਹੁਸ਼ਿਆਰਪੁਰ ਮੌਜੂਦ ਸਨ। ਭਾਈ ਰੰਧਾਵਾ ਨੇ ਕਿਹਾ ਕਿ ਐਸਜੀਪੀਸੀ ਵਿਚ ਕਥਿਤ ਊਣਤਾਈਆਂ ਕਾਰਨ ਸੰਗਤ ਹੁਣ ਗੁਰਦੁਆਰਿਆਂ ਵਿਚ ਦਸਵੰਧ ਦੇਣ ਤੋਂ ਕਤਰਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ 29 ਸਤੰਬਰ 2015 ਵਿਚ ਹੋਏ ਜਨਰਲ ਇਜਲਾਸ ਦੌਰਾਨ ਕੇਵਲ ਹੱਥ ਖੜ੍ਹੇ ਕਰਵਾ ਕੇ ਡੇਰਾ ਸਿਰਸਾ ਸਾਧ ਨੂੰ ਮੁਆਫ਼ੀ ਦਾ ਮਤਾ ਪਾਸ ਕਰਵਾਇਆ ਗਿਆ ਸੀ ਅਤੇ ਰੋਸ ਵਜੋਂ ਉਪਰੋਕਤ ਉਹ ਸਾਰੇ ਮੈਂਬਰ ਮੌਜੂਦ ਨਹੀਂ ਸਨ। ਜਦੋਂ ਸਿੱਖ ਸੰਗਤ ਨੇ ਰੋਸ ਪ੍ਰਗਟ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ। ਹੁਣ ਕਾਇਦੇ ਅਨੁਸਾਰ ਫਿਰ ਉਸੇ ਸਥਾਨ ਉਪਰ ਜਨਰਲ ਇਜਲਾਸ ਬੁਲਾ ਕੇ ਮੁਆਫ਼ੀ ਦੇਣ ਵਾਲੇ ਮੈਂਬਰਾਂ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ ਅਖੌਤੀ ਸਾਧ ਦੇ ਮਾਮਲੇ ਵਿਚ ਗੁਰਦੁਆਰਾ ਧਨਧਾਸ ਸਾਹਿਬ ਹਰਿਆਣਾ ਵਿਖੇ ਬਦਲੀ ਕਰਨ ਤੇ ਬਾਅਦ ’ਚ ਜਸਟਿਸ ਰਣਜੀਤ ਸਿੰਘ ਰਿਪੋਰਟ ਆਉਣ ’ਤੇ ਮੁੜ ਅਕਾਲ ਤਖ਼ਤ ਸਾਹਿਬ ਵਿਖੇ ਲਗਾਏ ਜਾਣ ਉੱਤੇ ਵੀ ਸਵਾਲ ਉਠਾਏ।
ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਿੱਖ ਹਿਤੈਸ਼ੀ ਹੋਣ ਦੀਆ ਗੱਲਾਂ ਕਰਦੇ ਹਨ, ਪਰ ਸਰਕਾਰ ਦੇ ਅੰਤ੍ਰਿਮ ਬਜਟ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸ੍ਰੀ ਮੋਦੀ ਵੱਲੋਂ ਪੰਜਾਬ ਲਈ ਕਿਸੇ ਪੈਕੇਜ ਦਾ ਐਲਾਨ ਨਾ ਕਰਨ ਕਾਰਨ ਸਿੱਖ ਜਗਤ ਵਿਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੀ ਜਾਂਚ ਨੂੰ ਮੁਕੰਮਲ ਕਰ ਕੇ ਮੁਲਜ਼ਮਾਂ ਨੂੰ ਖ਼ਾਲਸਾ ਪੰਥ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ।

ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਮਨਾਇ

ਰੋਮ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  ) ਇਟਲੀ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ (ਵਿਚੈਂਸਾ) ਅਤੇ ਹੋਰ ਨਾਲ ਲੱਗਦੇ ਗੁਰਦੁਆਰਿਆਂ ’ਚ ਹਫਤਾਵਾਰੀ ਸਮਾਗਮ ਤਹਿਤ ਮਾਤਾ ਭਾਨੀ ਜੀ ਦਾ ਜਨਮ ਦਿਹਾੜਾ ਅਤੇ ਹਰਿਮੰਦਰ ਸਾਹਿਬ ਦੇ ਸਥਾਪਨਾ ਦਿਵਸ ਮਨਾਏ ਗਏ। ਇਸ ਮੌਕੇ ਇਟਲੀ ਦੇ ਕਥਾਵਾਚਕ ਭਾਈ ਬਲਜਿੰਦਰ ਸਿੰਘ ਵੱਲੋਂ ਦੋ ਦਿਨ ਕਥਾ-ਕੀਰਤਨ ਕੀਤਾ ਗਿਆ। ਹਫ਼ਤਾਵਾਰੀ ਕੀਰਤਨ ਦਰਬਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਾਇਆ ਗਿਆ, ਜਿਸ ਦੌਰਾਨ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਸੰਗਤ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਦੌਰਾਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਕਥਾਵਾਚਕ ਭਾਈ ਬਲਜਿੰਦਰ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਦਸਵੀਂ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ

ਜਲੰਧਰ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  )ਇਥੋਂ ਦੇ ਕਾਲਜ ਵੱਲੋਂ ਚਲਾਏ ਜਾਂਦੇ ਸੰਸਕ੍ਰਿਤੀ ਸਕੂਲ ’ਚ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਅਧਿਆਪਕ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕਾ ਕੋਲੋਂ ਮਿਲੇ ਤਿੰਨ ਸਫ਼ਿਆਂ ਦੇ ਖੁਦਕੁਸ਼ੀ ਨੋਟ ਵਿੱਚ ਉਸ ਨੇ ਗਣਿਤ ਦੇ ਅਧਿਆਪਕ ਨਰੇਸ਼ ਕਪੂਰ ਉਪਰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ਜਦੋਂ ਲੜਕੀ ਦਾ ਪਿਤਾ ਸਵੇਰ ਦੀ ਸੈਰ ਕਰਕੇ ਘਰ ਵਾਪਸ ਆਇਆ। ਲੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਦੇਰ ਸ਼ਾਮ ਅਧਿਆਪਕ ਨਰੇਸ਼ ਕਪੂਰ ਖ਼ਿਲਾਫ਼ ਕੇਸ ਦਰਜ ਕਰਨ ਮ ਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਚਓ ਜੀਵਨ ਸਿੰਘ ਨੇ ਦੱਸਿਆ ਕਿ ਅਧਿਆਪਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੀੜਤਾ ਨੇ ਖੁਦਕੁਸ਼ੀ ਦਾ ਮੁੱਖ ਕਾਰਨ ਅਧਿਆਪਕ ਨਰੇਸ਼ ਕਪੂਰ ਵੱਲੋਂ ਉਸ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨਾ ਦੱਸਿਆ ਹੈ। ਨੋਟ ਵਿੱਚ ਇਹ ਵੀ ਲਿਖਿਆ ਹੈ ਕਿ ਜਦੋਂ ਉਹ ਘਰੋਂ ਲੜ ਕੇ ਵੀ ਆਉਂਦਾ ਸੀ ਤਾਂ ਵੀ ਆਪਣਾ ਗੁੱਸਾ ਉਸ ’ਤੇ ਕੱਢਦਾ ਸੀ। ਇਸ ਕਰਕੇ ਉਹ ਨਰੇਸ਼ ਕਪੂਰ ਨੂੰ ਨਫ਼ਰਤ ਕਰਦੀ ਸੀ। ਉਹ ਦੂਜੇ ਬੱਚਿਆਂ ਨੂੰ ਵੀ ਡਰਾਉਂਦਾ ਸੀ ਤੇ ਬੱਚਿਆਂ ਦੀ ਕੁੱਟਮਾਰ ਕਰਦਾ ਸੀ। ਇਸ ਡਰ ਵਿਚੋਂ ਨਿਕਲਣ ਦਾ ਹੋਰ ਕੋਈ ਰਾਹ ਨਾ ਦੇਖ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਨੋਟ ਦੇ ਅਖੀਰ ਵਿਚ ਪੈਨਸਿਲ ਨਾਲ ਉਸ ਨੇ ਰੋਣ ਵਰਗਾ ਇਕ ਚਿਹਰਾ ਵੀ ਬਣਾਇਆ ਹੋਇਆ ਸੀ ਤੇ ਨਾਲ ਹੀ ਅਲਵਿਦਾ ਲਿਖਿਆ ਹੋਇਆ ਸੀ।
ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਥੋਂ ਦੋ ਲਾਸ਼ਾਂ ਹੋਰ ਉਠਣਗੀਆਂ। ਇਕ ਉਸ ਦੀ ਤੇ ਦੂਜੀ ਉਹਦੀ ਪਤਨੀ ਦੀ। ਸਕੂਲ ਦੀ ਪ੍ਰਿੰਸੀਪਲ ਰਚਨਾ ਮੌਂਗਾ ਨੇ ਕਿਹਾ ਕਿ ਖੁਦਕੁਸ਼ੀ ਦਾ ਕਾਰਨ ਪ੍ਰੀਖਿਆ ਦਾ ਤਣਾਅ ਵੀ ਹੋ ਸਕਦਾ ਹੈ।
 

ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਖਹਿਬੜੇ ਕਾਰ ਸਵਾਰ

ਚੰਡੀਗੜ੍ਹ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਦੋ ਕਾਰਾਂ ਵਿੱਚ ਸਵਾਰ ਕੁਝ ਵਿਅਕਤੀਆਂ ਵੱਲੋਂ ਅੱਜ ਸਵੇਰੇ ਹਾਈਵੇਅ ’ਤੇ ਉਨ੍ਹਾਂ ਦਾ ਕਥਿਤ ਪਿੱਛਾ ਕਰਨ ਤੇ ਕਾਰ ਨੂੰ ਕਈ ਵਾਰ ਟੱਕਰ ਮਾਰਨ ਦਾ ਦਾਅਵਾ ਕੀਤਾ ਹੈ। ਗੁਲਾਟੀ ਨੇ ਕਿਹਾ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹ ਆਪਣੇ ਪੁੱਤ ਨਾਲ ਦਿੱਲੀ ਤੋਂ ਚੰਡੀਗੜ੍ਹ ਵੱਲ ਨੂੰ ਸਫ਼ਰ ਕਰ ਰਹੀ ਸੀ। ਕਾਰ ਉਨ੍ਹਾਂ ਦਾ ਪੁੱਤ ਚਲਾ ਰਿਹਾ ਸੀ ਜਦੋਂਕਿ ਪੁਲੀਸ ਦਾ ਐਸਕਾਰਟ ਵਾਹਨ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ‘ਰੋਡ ਰੇਜ’ (ਵਾਹਨ ਇਕ ਦੂਜੇ ਤੋਂ ਅੱਗੇ ਲੰਘਾਉਣ) ਦਾ ਲਗਦਾ ਹੈ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪੁੱਤਰ ਨਾਲ ਆਪਣੀ ਟੋਯੋਟਾ ਫਾਰਚੂਨਰ ਗੱਡੀ ’ਤੇ ਦਿੱਲੀ ਤੋਂ ਚੰਡੀਗੜ੍ਹ ਲਈ ਨਿਕਲੀ ਸੀ। ਉਨ੍ਹਾਂ ਦਾ ਐਸਕਾਰਟ ਵਾਹਨ ਗੱਡੀ ਤੋਂ ਥੋੜ੍ਹਾ ਅੱਗੇ ਚੱਲ ਰਿਹਾ ਸੀ। ਇਸ ਦੌਰਾਨ ਸੋਨੀਪਤ ਤੇ ਪਾਣੀਪਤ ਵਿਚਾਲੇ ਦੋ ਕਾਰਾਂ ਨੇ ਉਨ੍ਹਾਂ ਦੇ ਵਾਹਨ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ। ਗੁਲਾਟੀ ਨੇ ਕਿਹਾ, ‘ਮੈਂ ਆਪਣੇ ਪੁੱਤ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਅੱਗੇ ਲੰਘਣ ਦੇਵੇ, ਪਰ ਦੋਵੇਂ ਕਾਰਾਂ ਸਾਡੇ ਪਿੱਛੇ ਪਿੱਛੇ ਆਉਂਦੀਆਂ ਰਹੀਆਂ।’ ਮਗਰੋਂ ਇਨ੍ਹਾਂ ਵਿੱਚੋਂ ਇਕ ਕਾਰ ਨੇ ਐਸਕਾਰਟ ਵਾਹਨ ਨਾਲ ਖਹਿਣ ਦੀ ਕੋਸ਼ਿਸ਼ ਕੀਤੀ ਤੇ ਕਾਰ ਸਵਾਰਾਂ ਨੇ ਸੁਰੱਖਿਆ ਅਮਲੇ ਨੂੰ ਗਾਲ੍ਹਾਂ ਵੀ ਕੱਢੀਆਂ। ਗੁਲਾਟੀ ਨੇ ਕਿਹਾ ਕਿ ਦੂਜੀ ਕਾਰ ਨੇ ਉਨ੍ਹਾਂ ਦੀ ਐਸਯੂਵੀ ਨੂੰ ਟੱਕਰ ਮਾਰ ਕੇ ਪਲਟਾਉਣ ਦਾ ਯਤਨ ਕੀਤਾ। ਇਸ ਦੌਰਾਨ ਟੌਲ ਨਾਕੇ ’ਤੇ ਪੁਲੀਸ ਵਾਹਨ ਵੇਖ ਕੇ ਉਹ ਰੁਕ ਗਏ ਤੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਸਾਰੇ ਘਟਨਾਕ੍ਰਮ ਬਾਰੇ ਦੱਸਿਆ। ਗੁਲਾਟੀ ਨੇ ਕਿਹਾ ਕਿ ਪੁਲੀਸ ਨੂੰ ਵੇਖ ਕੇ ਦੋਵੇਂ ਕਾਰਾਂ ਪਿੱਛੇ ਨੂੰ ਮੁੜ ਗਈਆਂ, ਪਰ ਜਾਂਦੇ ਹੋਏ ਇਕ ਕਾਰ ਦੇ ਸਵਾਰਾਂ ਨੇ ਉਨ੍ਹਾਂ ਨੂੰ ਵੇਖ ਲੈਣ ਦੀ ਧਮਕੀ ਦਿੱਤੀ। ਪਾਣੀਪਤ ਦੇ ਡੀਐਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸ਼ੁਰੂਆਤੀ ਜਾਂਚ ਵਿੱਚ ਇਹ ‘ਰੋਡ ਰੇਜ’ ਦਾ ਮਾਮਲਾ ਲਗਦਾ ਹੈ।

ਖਹਿਰਾ ਤੇ ਛੋਟੇਪੁਰ ਵਿਚਾਲੇ ਬੰਦ ਕਮਰਾ ਮੀਟਿੰਗ

ਐੱਸ.ਏ.ਐਸ. ਨਗਰ (ਮੁਹਾਲੀ), 5 ਫਰਵਰੀ  ‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼ਾਮ ਇੱਥੋਂ ਦੇ ਫੇਜ਼-11 ਵਿਚ ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੋਪੁਰ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟਾ ਬੰਦ ਕਮਰੇ ਵਿਚ ਚੱਲੀ ਇਸ ਮੀਟਿੰਗ ’ਚ ਸ੍ਰੀ ਖਹਿਰਾ ਨੇ ਛੋਟੇਪੁਰ ਨੂੰ ਤੀਜੇ ਫਰੰਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਸ੍ਰੀ ਛੋਟੋਪੁਰ ਨੇ ਤੀਜੇ ਫਰੰਟ ਦੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਉਹ ਅਗਲੇ ਦੋ-ਚਾਰ ਦਿਨਾਂ ਵਿਚ ਆਪਣੀ ਪਾਰਟੀ ਦੀ ਮੀਟਿੰਗ ਸੱਦ ਕੇ ਗੱਠਜੋੜ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਸੁੱਚਾ ਸਿੰਘ ਛੋਟੇਪੁਰ ਨੇ ਵੀ ਮੀਡੀਆ ਕੋਲ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਅਲਾਇੰਸ ਵਿਚ ਲੋਕ ਸਭਾ ਦੀਆਂ 5 ਸੀਟਾਂ ’ਤੇ ਚੋਣ ਲੜਨ ਲਈ ਨਾਵਾਂ ’ਤੇ ਸਹਿਮਤੀ ਬਣੀ ਹੈ ਅਤੇ ਚੋਣਾਂ ਨੇੜੇ ਆਉਣ ’ਤੇ ਬਾਕੀ ਸੀਟਾਂ ’ਤੇ ਵੀ ਸਹਿਮਤੀ ਬਣ ਜਾਵੇਗੀ। ਬਸਪਾ ਸੁਪਰੀਮੋ ਮਾਇਆਵਤੀ ਨੂੰ ਤੀਜੇ ਫਰੰਟ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਮੰਨਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਛੋਟੇਪੁਰ ਨੇ ਕਿਹਾ ਕਿ ਇਸ ਬਾਰੇ ‘ਮਹਾਂਗੱਠਜੋੜ’ ਦੀ ਮੀਟਿੰਗ ਵਿਚ ਹੀ ਫ਼ੈਸਲਾ ਹੋਵੇਗਾ। ਇਸ ਮੌਕੇ ‘ਆਪ’ ਦੇ ਬਾਗ਼ੀ ਵਿਧਾਇਕ ਬਲਦੇਵ ਸਿੰਘ ਤੇ ਜਗਦੇਵ ਸਿੰਘ ਵੀ ਹਾਜ਼ਰ ਸਨ।

‘ਆਪ’ ਵੱਲੋਂ ਕੈਪਟਨ ਸਰਕਾਰ ਨੂੰ 20 ਦਿਨਾਂ ਦਾ ਅਲਟੀਮੇਟਮ

ਚੰਡੀਗੜ੍ਹ, 5 ਫਰਵਰੀ  ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਬਿਜਲੀ ਦਰਾਂ ਵਿਚ ਕਟੌਤੀ ਲਈ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੂਬੇ ਦੇ ਲੋਕਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਬਜ਼ੁਰਗਾਂ-ਅਪਾਹਜਾਂ ਤੇ ਵਿਧਵਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਸਨ, ਪਰ ਕੈਪਟਨ ਇਕ ਵੀ ਵਾਅਦੇ ’ਤੇ ਖਰੇ ਨਹੀਂ ਉੱਤਰੇ। ਕੈਪਟਨ ਸਰਕਾਰ ਨੇ ਬਿਜਲੀ ਵੀ ਪੂਰੇ ਦੇਸ਼ ਨਾਲੋਂ ਮਹਿੰਗੀ ਕਰ ਦਿੱਤੀ ਹੈ।
ਪਿਛਲੇ 2 ਸਾਲ ਦੌਰਾਨ 4 ਤੋਂ ਵੱਧ ਵਾਰ ਬਿਜਲੀ ਦੀਆਂ ਦਰਾਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਆਪਣੀ ‘ਕਥਨੀ ਤੇ ਕਰਨੀ’ ਦੇ ਪੱਕੇ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਥਾਂ ਪਿਛਲੀ ਬਾਦਲ ਸਰਕਾਰ ਵੱਲੋਂ ਬੇਹੱਦ ਮਹਿੰਗੀਆਂ ਦਰਾਂ ’ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਅਤੇ ਵਾਜਬ ਸਮਝੌਤੇ ਕਰਦੇ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਚੀਮਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਦੋਆ, ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ ਤੇ ਆਨੰਦਪੁਰ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਅਲਟੀਮੇਟਮ ਦਿੱਤਾ ਕਿ ਜੇ ਕੈਪਟਨ ਨੇ 20 ਦਿਨਾਂ ਵਿਚ ਬਿਜਲੀ ਦਰਾਂ ਨਾ ਘਟਾਈਆਂ ਤਾਂ ਪਾਰਟੀ ਅੰਦੋਲਨ ਵਿੱਢੇਗੀ।

ਵਿਸ਼ਵ ਅਮਨ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਸਮੇਤ 13 ਮਤੇ ਪਾਸ

ਲਾਹੌਰ : 5  ਫਰਵਰੀ - ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਹੀ ਕੌਮੀ ਜ਼ਬਾਨਾਂ ਹਨ, ਇਨ੍ਹਾਂ ਨੂੰ ਖੇਤਰੀ ਜ਼ਬਾਨਾਂ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਨੂੰ ਅਮਨ ਦਾ ਪਰਚਮ ਝੁੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਨਫਰੰਸ ਫਰਵਰੀ 2020 ਚ ਕਰਵਾਈ ਜਾਵੇਗੀ। ਸੋਸ਼ਲ ਮੀਡੀਆ ਤੇ ਮੁੱਖ ਧਾਰਾ ਮੀਡੀਆ ਦੇ ਹਵਾਲੇ ਨਾਲ ਵਿਦਵਾਨ ਜਨਾਬ ਫਰਖ਼ ਸੁਹੇਲ ਗੋਇੰਦੀ ਨੇ ਕਿਹਾ ਕਿ ਮੈਂ ਤੁਰਕੀ ਜ਼ਬਾਨ ਦਾ ਭੇਤੀ ਹਾਂ ਪਰ ਪੰਜਾਬੀ ਨਹੀਂ ਪੜ੍ਹ ਸਕਦਾ, ਇਹ ਚੰਗੀ ਗੱਲ ਨਹੀਂ। ਤੁਰਕੀ ਜ਼ਬਾਨ ਦੇ ਵਿਕਾਸ ਕਰਤਾ ਅਤਾ ਤੁਰਕ ਨੇ ਜ਼ਾਹਲ ਲੋਕਾਂ ਨੂੰ ਲਿਆਕਤ ਦੇ ਨੇੜੇ ਲਿਆਂਦਾ। ਇਹ ਲਹਿਰ ਸਾਨੂੰ ਵੀ ਤੇਜ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਗਲੋਬਲ ਪਿੰਡ ਚ ਤਬਦੀਲ ਹੋਇਆ ਵੇਖਣਾ ਬਣਦੈ। ਪਾਕਿਸਤਾਨ ਦੀ 22 ਕਰੋੜ ਆਬਾਦੀ ਚੋਂ 16 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਇਸ ਨੂੰ ਗਿਆਨ ਦੇ ਲੜ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ ਵੀ ਪ੍ਰੋਗਰਾਮ ਦਾ ਸਭ ਤੋਂ ਵੱਧ ਵੇਖਿਆ ਗਿਆ ਹੈ, ਇਹ ਕਮਾਲਸੋਸ਼ਲ ਮੀਡੀਆ ਦੀ ਹੈ। ਨਵੀਂ ਪੀੜ੍ਹੀ ਸਾਡੇ ਨਾਲ ਤਾਂ ਜੁੜੇਗੀ ਜੇ ਉਨ੍ਹਾਂ ਦੇ ਮੁਹਾਵਰੇ ਚ ਗੱਲ ਕਰਾਂਗੇ। ਅਮਨ ਤੇ ਪੰਜਾਬੀ ਵਿਸ਼ੇ ਤੇ ਸੋਸ਼ਲ ਮੀਡੀਆ ਗਰੁੱਪ ਤਿਆਰ ਕਰਨਾ ਸਮੇਂ ਦੀ ਲੋੜ ਹੈ। ਪ੍ਰਸਿੱਧ ਵਿਦਵਾਨ ਤੇ ਖੋਜੀ ਇਕਬਾਲ ਕੈਸਰ ਨੇ ਕਿਹਾ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਪਰ ਸਕੂਲ ਪੱਧਰ ਤੇ ਪੰਜਾਬੀ ਪੜ੍ਹਨ ਪੜਾਉਣ ਦਾ ਕੋਈ ਪ੍ਰਬੰਧ ਨਹੀਂ। ਪਾਕਿਸਤਾਨ ਚ ਪੰਜ ਯੂਨੀਵਰਸਿਟੀਆਂ  ਚ ਐੱਮ ਏ ਪੰਜਾਬੀ ਹੈ ਪਰ 95 ਫੀ ਸਦੀ ਐੱਮ ਏ ਪਾਸ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ। ਬਾਬਾ ਫ਼ਰੀਦ ਤੋਂ ਲੈ ਕੇ ਅੱਜ ਤੀਕ ਦਾ ਸਾਰਾ ਵਿਰਾਸਤੀ ਸਫ਼ਰ ਜਵਾਨ ਪੀੜ੍ਹੀਆਂ ਦੇ ਖ਼ੂਨ ਚ ਰਚਾਉਣ ਦੀ ਲੋੜ ਹੈ। ਸਾਨੂੰ ਇਹ ਯਤਨ ਤੇਜ਼ ਕਰਨੇ ਪੈਣਗੇ। ਆਲੋਚਨਾ ਦੀ ਆਸਾਨ ਭਾਸ਼ਾ ਵੀ ਵਿਕਸਤ ਕਰਨ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਮੌਕੇ ਕੁਝ ਮਤੇ ਪਾਸ ਕੀਤੇ ਗਏ ਜਿੰਨ੍ਹਾਂ ਨੂੰ ਪ੍ਰੋ: ਗੁਰਭਜਨ ਗਿੱਲ ਦੀ ਪ੍ਰਂਧਾਨਗੀ ਹੇਠ ਡਾ: ਦੀਪਕ ਮਨਮੋਹਨ ਸਿੰਘ , ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ  ਤੇ ਅਧਾਰਿਤ ਕਮੇਟੀ ਵੱਲੋਂ ਡਰਾਫਟ ਕੀਤਾ ਗਿਆ। ਇਨ੍ਹਾਂ ਮਤਿਆਂ ਨੂੰ ਅੱਬਾਸ ਮਿਰਜ਼ਾ ਨੇ ਪੇਸ਼ ਤੇ ਪਾਸ ਕਰਵਾਇਆ।

ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ 1-3 ਫਰਵਰੀ ਲਾਹੌਰ(ਪਾਕਿਸਤਾਨ)  ਐਲਾਨ ਨਾਮਾ

ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਫਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਪਹਿਲੀ ਤੋਂ ਤਿੰਨ ਫਰਵਰੀ ਤੀਕ ਕਰਵਾਈ ਗਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਵਿਸ਼ਵ ਭਰ ਤੋਂ ਆਏ ਸਮੂਹ ਡੈਲੀਗੇਟ ਸਰਬ ਸੰਮਤੀ ਨਾਲ ਮੰਗ ਕਰਦੇ ਹਨ ਕਿ ਲਾਹੌਰ ਵਿੱਚ ਨਿਰੋਲ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਕੀਤੀ ਜਾਵੇ। ਇਸ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਹੁਣ ਤੀਕ ਛਪੀਆਂ ਕਿਤਾਬਾਂ ਦੀ ਆਲਮੀ ਲਾਇਬਰੇਰੀ ਬਣਾਈ ਜਾਵੇ।  2. ਕਾਨਫਰੰਸ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸਰਹੱਦਾਂ ਤੇ ਝੰਡੇ ਦੀ ਰਸਮ ਮੌਕੇ ਜਵਾਨਾਂ ਦੀ ਪਰੇਡ ਵੇਲੇ ਬਾਹੂਬਲ ਦਾ ਜ਼ਾਲਮਾਨਾ ਵਿਖਾਵਾ ਕਰਨ ਦੀ ਥਾਂ ਮੁਹੱਬਤ ਦਾ ਵਿਖਾਵਾ ਕਰਨ ਵਾਲੀਆਂ ਹਰਕਤਾਂ ਕੀਤੀਆਂ ਜਾਣ ਤਾਂ ਜੋ ਬਰਕਤਾਂ ਦਾ ਬੂਹਾ ਖੁੱਲ੍ਹੇ। 3. ਪਾਕਿਸਤਾਨ ਦੇ ਪੰਜਾਬ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਪ੍ਰਾਇਮਰੀ ਪੱਧਰ ਤੋਂ ਇੱਕ ਵਿਸ਼ੇ ਦੇ ਤੌਰ ਤੇ ਸ਼ੁਰੂ ਕੀਤੀ ਜਾਵੇ। ਇਸ ਨਾਲ ਯੂਨੀਵਰਸਿਟੀਆਂ ਚ ਪੜ੍ਹਨ ਲਈ ਮਿਆਰੀ ਪੱਧਰ ਦੇ ਵਿਦਿਆਰਥੀ ਮਿਲ ਸਕਣਗੇ। 4.ਭਾਰਤ ਤੇ ਪਾਕਿਸਤਾਨ ਹਕੂਮਤਾਂ ਵੀਜ਼ਾ ਸਿਸਟਮ ਵਿੱਚ ਤਬਦੀਲੀ ਕਰਨ ਜਿਸ ਨਾਲ ਸ਼ਹਿਰ ਵਿਸ਼ੇਸ਼ ਸੀਮਤ ਵੀਜ਼ਾ ਦੀ ਥਾਂ ਇਸ ਨੂੰ ਕੌਮੀ ਵੀਜ਼ਾ ਬਣਾਇਆ ਜਾਵੇ। ਇਸ ਨਾਲ ਕਸ਼ੀਦਗੀ ਘਟੇਗੀ ਤੇ ਭਰੋਸੇਯੋਗਤਾ ਵਧੇਗੀ। 5. 15 ਅਗਸਤ 1947 ਤੋਂ ਪਹਿਲਾਂ ਪੈਦਾ ਹੋਏ ਪੰਜਾਬੀਆਂ ਨੂੰ ਬਾਰਡਰ ਤੇ ਪਹੁੰਚਣ ਸਾਰ ਵੀਜ਼(visa on arrival) ਦਾ ਸਨਮਾਨਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਜੰਮਣ ਭੋਇੰ ਨੂੰ ਵੇਖ , ਮਾਣ ਤੇ ਜਾਣ ਸਕਣ। 6. ਪਾਕਿਸਤਾਨ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਜਬਾਨਾਂ ਹੀ ਕੌਮੀ ਜ਼ਬਾਨਾਂ ਹਨ, ਖੇਤਰੀ ਨਹੀਂ  । ਇਸ ਲਈ ਪੰਜਾਬ  ਅਸੈਂਬਲੀ ਲਾਹੌਰ ਦੀ ਵਿਚਾਰ ਚਰਚਾ ਜ਼ਬਾਨ  ਪੰਜਾਬੀ ਕੀਤੀ ਜਾਵੇ ਜਿਸ ਤਰ੍ਹਾਂ ਸਿੰਧ ਵਿੱਚ ਸਿੰਧੀ,ਬਲੋਚਿਸਤਾਨ ਵਿੱਚ ਬਲੋਚੀ, ਪਖ਼ਤੂਨਵਾ ਚ ਪਸ਼ਤੋ ਬੋਲੀ ਜਾ ਸਕਦੀ ਹੈ। ਇਸ  ਤੋਂ ਪੰਜਾਬੀਆਂ ਨੂੰ ਮਹਿਰੂਮ ਨਾ ਕੀਤਾ ਜਾਵੇ। 7. ਵਿਸ਼ਵ ਅਮਨ ਨੂੰ ਸਮਰਪਿਤ ਇਹ ਕਾਨਫਰੰਸ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਮਾਰਗ ਨੂੰ ਉਸਾਰਨ ਲਈ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਹ ਵਿਸ਼ਵ ਅਮਨ ਦੀ ਸਲਾਮਤੀ ਲਈ ਆਧਾਰ ਭੂਮੀ ਬਣ ਸਕਦੀ ਹੈ। 8. ਵਿਸ਼ਵ ਅਮਨ ਦੀ ਸਦੀਵੀ ਸਥਾਪਨਾ ਲਈ ਦੱਖਣੀ ਏਸ਼ੀਆ ਦੇ ਇਨ੍ਹਾਂ ਮੁਲਕਾਂ ਵਿੱਚ ਵਪਾਰ, ਖੇਡਾਂ, ਸਾਹਿੱਤ, ਸੰਗੀਤ, ਕਲਾ ਤੇ ਵਿਚਾਰ ਆਦਾਨ ਪ੍ਰਦਾਨ ਵਧਾਇਆ ਜਾਵੇ ਤਾਂ ਜੋ ਮਨਾਂ ਦੀਆਂ ਦੂਰੀਆਂ ਮਿਟਣ ਤੇ ਭਾਈਚਾਰਕ ਸ਼ਕਤੀ ਨੂੰ ਤਾਕਤ ਮਿਲੇ। 9. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟ ਸਰਬਸੰਮਤੀ ਨਾਲ ਮੰਗ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 51 ਪੰਜਾਬੀ ਕਵੀਆਂ ਦੇ ਵਿਸ਼ਾਲ ਵਿਸ਼ਵ ਪੱਧਰੀ ਕਵੀ ਦਰਬਾਰ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਵਿਖੇ ਕਰਵਾਏ ਜਾਣ ਜਿਸ ਚ 25 ਸਿਰਕੱਢ ਕਵੀ ਭਾਰਤੀ ਪੰਜਾਬ ਤੋਂ ਤੇ 25 ਕਵੀ ਪਾਕਿਸਤਾਨ ਤੇ ਬਾਕੀ ਮੁਲਕਾਂ ਤੋਂ ਸ਼ਾਮਿਲ ਕੀਤੇ ਜਾਣ। ਇਸ ਸਬੰਧ ਚ 25 ਭਾਰਤੀ ਕਵੀਆਂ ਨੂੰ ਲਿਆਉਣ ਦਾ ਜ਼ਿੰਮਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸੰਭਾਲਣ ਲਈ ਤਿਆਰ ਹੈ। ਇਸ ਕਵੀ ਦਰਬਾਰ ਦੀਆਂ ਕਵਿਤਾਵਾਂ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਾਪ ਕੇ ਪੂਰੇ ਵਿਸ਼ਵ ਵਿੱਚ ਵੰਡਣ ਦਾ ਯੋਗ ਪ੍ਰਬੰਧ ਕੀਤਾ ਜਾਵੇ। 10. ਕੌਮੀ ਤੇ ਕੌਮਾਂਤਰੀ ਪੱਧਰ ਦੇ ਲਿਖਾਰੀਆਂ, ਕਲਾਕਾਰਾਂ,ਮੁਸੱਵਰਾਂ, ਥੀਏਟਰ, ਫਿਲਮ ਅਦਾਕਾਰਾਂ, ਗਾਇਕਾਂ ਤੇ ਪੱਤਰਕਾਰਾਂ ਲਈ ਖੁੱਲੇ ਅਉਣ ਜਾਣ ਦਾ ਮਲਟੀਪਲ ਐਂਟਰੀ ਸਾਰਕ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਹ ਸਭ ਧਿਰਾਂ ਵਿਸ਼ਵ ਅਮਨ ਦੀ ਭਾਵਨਾ ਤੇਜ਼ ਕਰਨ ਹਿੰਦ ਪਾਕਿ ਦੋਸਤੀ ਮਜਬੂਤ ਕਰਨ ਤੇ ਤਣਾਓ ਘੱਟ ਕਰਨ ਵਿੱਚ ਹਿੱਸਾ ਪਾ ਸਕਣ। 11. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟਾਂ ਨੂੰ ਪਾਕਿਸਤਾਨ ਹਕੂਮਤ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਪ੍ਰਸੰਸਾ ਕਰਦੀ ਹੈ। 12. ਵਿਸ਼ਵ ਪੰਜਾਬੀ ਕਾਂਗਰਸ ਦੇ ਰੂਹੇ ਰਵਾਂ ਵਜੋਂ ਜਨਾਬ ਫ਼ਖ਼ਰ ਜਮਾਂ,ਸ੍ਵ: ਡਾ: ਸੁਤਿੰਦਰ ਸਿੰਘ ਨੂਰ ਅਤੇ ਡਾ: ਦੀਪਕ ਮਨਮੋਹਨ ਸਿੰਘ ਵੱਲੋਂ1986 ਤੋਂ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵਿਚਕਾਰ ਮੇਲਜੋਲ ਵਧਾਉਣ ਲਈ ਪਾਏ ਯੋਗਦਾਨ ਦੀ ਮੁਕਤ ਕੰਠ ਪ੍ਰਸੰਸਾ ਕਰਦੀ ਹੈ। 13. ਲਾਹੌਰ ਚ ਹੋਈ ਤਿੰਨ ਰੋਜ਼ਾ ਕਾਨਫਰੰਸ ਦੀ ਕਾਮਯਾਬੀ ਲਈ ਇਹ ਇਕੱਤਰਤਾ ਮੀਡੀਆ, ਸਫਾਰਤਖਾਨਿਆਂ, ਲੇਖਕਾਂ, ਕਲਾਕਾਰਾਂ , ਪਿਲਾਕ(ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ ਲਾਹੌਰ ਦੀ ਡਾਇਰੈਕਟਰ ਜਨਰਲ ਡਾ: ਸੁਗਰਾ ਸਦਫ ਦੀ ਵੀ ਭਰਵੇਂ ਸਾਥ ਲਈ ਸ਼ਲਾਘਾ ਕਰਦੀ ਹੈ।

ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਨ ਲਈ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ: ਸੁਖਬੀਰ

ਆਦਮਪੁਰ ਦੋਆਬਾ, 5 ਫਰਵਰੀ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰਨ ’ਚ ਦਿਲਚਸਪੀ ਰੱਖਦੀ ਹੈ, ਇਸ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ਼ ਸਮੁੱਚੇ ਮੁੱਦੇ ਦਾ ਸਿਆਸੀਕਰਨ ਕੀਤਾ ਹੈ, ਸਗੋਂ ਆਪਣੇ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਨੂੰ ਵੀ ਕੇਸ ਦੀ ਨਿਰਪੱਖ ਜਾਂਚ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਸ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਰਹੀ ਹੈ ਤੇ ਅਜੇ ਤੱਕ ਕੁਝ ਵੀ ਹੱਥ-ਪੱਲੇ ਨਹੀਂ ਪਿਆ ਹੈ। ਇਕ ਸੁਆਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀ, ਬੇਅਦਬੀ ਦੇ ਸਾਰੇ ਕੇਸਾਂ ਦੀ ਨਿਰਪੱਖ ਜਾਂਚ ਚਾਹੁੰਦੇ ਹਨ ਤਾਂ ਜੋ ਮੁਲਜ਼ਮਾਂ ਨੂੰ ਛੇਤੀ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ‘ਸਿੱਟ’ ਨੂੰ ਮਿਲੇ ਸੁਰਾਗਾਂ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਬੇਅਦਬੀ ਦੇ ਕੇਸਾਂ ਨੂੰ ਛੇਤੀ ਹੱਲ ਕਰਨਾ ਚਾਹੀਦਾ ਹੈ। ਐਨਡੀਏ ਸਰਕਾਰ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ 6 ਹਜ਼ਾਰ ਰੁਪਏ ਸਾਲਾਨਾ ਦੀ ਕਿਸਾਨ ਸਹਾਇਤਾ ਸਕੀਮ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਸਾਨਾਂ ਦੀ ਸੂਚੀਆਂ ਦੇਣ ਲਈ ਕਿਹਾ ਹੈ ਤਾਂ ਜੋ ਕਿਸਾਨਾਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਇਸ ਸਾਲ ਮਾਰਚ ’ਚ ਹੀ ਦਿੱਤੀ ਜਾ ਸਕੇ ਤੇ ਕੈਪਟਨ ਸਰਕਾਰ ਨੇ ਅਜੇ ਤੱਕ ਸੂਚੀਆਂ ਦੇਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਹੈ। ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਸੁਖਬੀਰ ਬਾਦਲ ਨੂੰ ਦੱਸਣ ਲਈ ਹਲਕੇ ਨੂੰ ਆਦਮਪੁਰ, ਭੋਗਪੁਰ ਤੇ ਪਤਾਰਾ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਸੀ। ਸੁਖਬੀਰ ਬਾਦਲ ਨੇ ਕਰੀਬ 3 ਘੰਟੇ ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਵੀ ਹਾਜ਼ਰ ਸਨ।

ਸੁਖਬੀਰ ਤੇ ਭਾਜਪਾ ਆਗੂਆਂ ਵਿਚਾਲੇ ਮੀਟਿੰਗ

ਸੁਖਬੀਰ ਸਿੰਘ ਬਾਦਲ ਦੋ ਦਿਨਾਂ ਤੋਂ ਜਲੰਧਰ ਵਿਧਾਨ ਸਭਾ ਹਲਕਿਆਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਪਾਰਟੀ ਨੂੰ ਇੱਥੋਂ ਢੁਕਵਾਂ ਉਮੀਦਵਾਰ ਨਹੀਂ ਲੱਭ ਰਿਹਾ। ਸੁਖਬੀਰ ਬਾਦਲ ਨਾਲ ਅੱਜ ਭਾਜਪਾ ਆਗੂਆਂ ਨੇ ਪੰਜ ਤਾਰਾ ਹੋਟਲ ’ਚ ਮੀਟਿੰਗ ਕੀਤੀ। ਮੀਟਿੰਗ ’ਚ ਭਾਜਪਾ ਦੇ ਜ਼ਿਲਾ ਪ੍ਰਧਾਨ ਰਮਨ ਪੱਬੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ ਡੀ ਭੰਡਾਰੀ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ ਤੇ ਵਿਧਾਇਕ ਬਲਦੇਵ ਖਹਿਰਾ ਹਾਜ਼ਰ ਸਨ। ਕਈ ਭਾਜਪਾ ਆਗੂਆਂ ਨੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਨਾਂ ਲਿਆ ਦੱਸਿਆ ਜਾ ਰਿਹਾ ਹੈ, ਪਰ ਸੁਖਬੀਰ ਬਾਦਲ ਨੇ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਲੋਕ ਸਭਾ ਚੋਣ ਮੈਦਾਨ ’ਚ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ’ਚ ਚਰਨਜੀਤ ਅਟਵਾਲ ਦਾ ਨਾਂ ਵੀ ਵਿਚਾਰਿਆ ਗਿਆ। ਇਸ ਦੌਰਾਨ ਏਆਈਜੀ (ਕ੍ਰਾਈਮ) ਹਰਮੋਹਨ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪੰਜ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੀ ਸਤਵੰਤ ਕੌਰ ਸੰਧੂ ਦੇ ਪੁੱਤ ਹਨ। ਹਰਮੋਹਨ ਸਿੰਘ ਨੇ ਕਿਹਾ ਕਿ ਇਸ ਬਾਰੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਰਮੋਹਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ, ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜਾਉਣਾ ਚਾਹੁੰਦਾ ਹੈ।

ਬਾਦਲ ਪਰਿਵਾਰ ਦੇ ਇਸ਼ਾਰੇ ’ਤੇ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਹੋ ਰਹੀ ਦੁਰਵਰਤੋਂ: ਰਣਜੀਤ ਸਿੰਘ

ਫ਼ਤਹਿਗੜ੍ਹ ਸਾਹਿਬ, 5 ਫਰਵਰੀ ਪੰਥਕ ਅਕਾਲੀ ਲਹਿਰ ਜਥੇਬੰਦੀ ਵੱਲੋਂ ਗੁਰੂ ਘਰਾਂ ਦੀ ਆਜ਼ਾਦੀ ਲਈ ਆਰੰਭੇ ਮਿਸ਼ਨ ਤਹਿਤ ਪਿੰਡ ਈਸਰਹੇਲ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਲੰਬੜਦਾਰ ਹਰਬੰਸ ਸਿੰਘ ਈਸਰਹੇਲ ਦੀ ਅਗਵਾਈ ਹੇਠ ਇਲਾਕੇ ਦੀ ਭਰਵੀਂ ਸੰਗਤ ਨਾਲ ਇਕ ਮੀਟਿੰਗ ਕੀਤੀ ਗਈ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਤੇ ਸੰਸਥਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਸਮੁੰਦਰੀ, ਐਸਜੀਪੀਸੀ ਮੈਂਬਰ ਫ਼ਤਹਿਗੜ੍ਹ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਗਤ ਨਾਲ ਪੰਥਕ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਵਿਚ ਫੈਲੀਆਂ ਊਣਤਾਈਆਂ ਤੇ ਬਾਦਲ ਪਰਿਵਾਰ ਵੱਲੋਂ ਕੀਤੇ ਕਬਜ਼ੇ ਸਬੰਧੀ ਸੰਗਤ ਨੂੰ ਜਾਗਰੂਕ ਕਰਨ ਲਈ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੰਥ ਤੇ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਤੇ ਅੱਜ ਕੀ ਹੋ ਗਿਆ। ਅਕਾਲ ਤਖ਼ਤ ਜਿਨ੍ਹਾਂ ਨੇ ਮੁਗ਼ਲਾਂ ਦੀ ਈਨ ਨਹੀਂ ਮੰਨੀ ਅੱਜ ਰਾਮ ਰਹੀਮ ਦੀ ਸੇਵਾ ਵਿੱਚ ਲੱਗ ਗਿਆ। ਪੰਥ ਇਕ ਪਰਿਵਾਰ ਬਣ ਕੇ ਰਹਿ ਗਿਆ ਜਿਹੜਾ ਵੋਟ ਨਹੀਂ ਪਾਉਂਦਾ ਉਸ ਉਪਰ ਕਾਂਗਰਸ ਦਾ ਏਜੰਟ ਹੋਣ ਦਾ ਹੋਣ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ। ਪੰਥ ਕੇਵਲ 13 ਲੋਕ ਸਭਾ ਸੀਟਾਂ ਤੱਕ ਸਿਮਟ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਇਸ਼ਾਰੇ ਉਪਰ ਐਸਜੀਪੀਸੀ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। 500 ਦੇ ਕਰੀਬ ਐਸਜੀਪੀਸੀ ਮੁਲਾਜ਼ਮ ਇਨ੍ਹਾਂ ਲੀਡਰਾਂ ਦੇ ਘਰਾਂ ’ਚ ਗੰਨਮੈਨ ਜਾਂ ਲਾਂਗਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਤਨਖ਼ਾਹ ਗੁਰੂ ਕੀ ਗੋਲਕ ਵਿੱਚੋਂ ਦਿੱਤੀ ਜਾ ਰਹੀ ਹੈ।

‘ਧਾਰਮਿਕ ਮਾਮਲਿਆਂ ਵਿਚ ਆਰਐੱਸਐੱਸ ਦਾ ਦਖ਼ਲ ਬਰਦਾਸ਼ਤ ਨਹੀਂ’

ਐਸ.ਏ.ਐਸ. ਨਗਰ (ਮੁਹਾਲੀ), 5 ਫਰਵਰੀ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਧਰਮ ਦੇ ਨਾਂ ’ਤੇ ਸਿੱਖਾਂ ਨੂੰ ਗੁਮਰਾਹ ਕਰ ਕੇ ਰਾਜਨੀਤੀ ਦੇ ਖੇਤਰ ਵਿਚ ਖੁੱਸੀ ਸਿਆਸੀ ਜ਼ਮੀਨ ਤਿਆਰ ਕਰਨਾ ਚਾਹੁੰਦਾ ਹੈ, ਪਰ ਅਜਿਹੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ’ਚ ਆਰਐੱਸਐੱਸ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅੱਜ ਮੁਹਾਲੀ ਵਿਚ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ ਪੰਜਾਬ ਦੇ ਹਾਲਾਤ ’ਤੇ ਚਰਚਾ ਕਰਦਿਆਂ ਬਾਬਾ ਬੇਦੀ ਅਤੇ ਭਾਈ ਰਣਜੀਤ ਸਿੰਘ ਨੇ ਪੰਥ ਦਰਦੀਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਨ ਅਤੇ ਜਥੇਬੰਦੀ ਦੇ ਵਿਸਥਾਰ ਲਈ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਲਗਭਗ 150 ਤੋਂ ਵੱਧ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਯੂਰੋਪ ਦੇ ਕਈ ਮੁਲਕਾਂ ਵਿਚ ਰਹਿੰਦੇ ਸਿੱਖਾਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਕਹਿ ਰਹੇ ਹਨ ਕਿ ਭਾਜਪਾ ਗੁਰਦੁਆਰਿਆਂ ਵਿਚ ਦਖ਼ਲ ਦੇ ਰਹੀ ਹੈ, ਜਦੋਂ ਮਨਜਿੰਦਰ ਸਿੰਘ ਸਿਰਸਾ ਬਤੌਰ ਭਾਜਪਾ ਵਿਧਾਇਕ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਬਣੇ ਸਨ, ਇਹ ਘੁਸਪੈਠ ਉਦੋਂ ਹੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਅਜਿਹਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਭੋਲਾ ਸਿੰਘ ਭਿੰਡਰ ਕਲਾਂ, ਬਾਬਾ ਫ਼ੌਜਾ ਸਿੰਘ ਸੁਭਾਨਾ ਵਾਲੇ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

ਸਾਬਕਾ ਐੱਸਐੱਸਪੀ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼)  ਬਹਿਬਲ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਅੱਠ ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਟੀਮ ਨੇ ਪੁਲੀਸ ਮੁਖੀ ਦੇ ਰਿਮਾਂਡ ਵਿੱਚ ਪੰਜ ਦਿਨ ਦਾ ਹੋਰ ਵਾਧਾ ਮੰਗਿਆ ਸੀ। ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਸਾਬਕਾ ਪੁਲੀਸ ਮੁਖੀ ਨੂੰ 7 ਫਰਵਰੀ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਬਹਿਬਲ ਕਾਂਡ ਵਿੱਚ ਧਰਨਾਕਾਰੀਆਂ ਵੱਲੋਂ ਪੁਲੀਸ ਦੇ ਵਾਹਨਾਂ ‘ਤੇ ਗੋਲੀਆਂ ਚਲਾਉਣ ਦੀ ਗੱਲ ਸਹੀ ਨਹੀਂ ਹੈ ਅਤੇ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਆਪਣਾ ਬਚਾਅ ਕਰਨ ਲਈ ਪੁਲੀਸ ਦੀਆਂ ਜਿਪਸੀਆਂ ‘ਤੇ ਪੁਲੀਸ ਅਧਿਕਾਰੀਆਂ ਨੇ ਹੀ ਗੋਲੀਆਂ ਚਲਾਈਆਂ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਤਾਇਨਾਤ ਪੁਲੀਸ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਅਤੇ ਜੋ ਗੋਲੀਆਂ ਪੁਲੀਸ ਦੀ ਜਿਪਸੀ ਵਿੱਚ ਵੱਜੀਆਂ ਸਨ, ਉਹ 12 ਬੋਰ ਰਾਈਫਲ ਨਾਲ ਮਾਰੀਆਂ ਗਈਆਂ ਸਨ। ਜਾਂਚ ਟੀਮ ਨੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਸ 12 ਬੋਰ ਹਥਿਆਰ ਬਾਰੇ ਸਾਬਕਾ ਪੁਲੀਸ ਮੁਖੀ ਤੋਂ ਹੋਰ ਪੁੱਛਗਿੱਛ ਦੀ ਲੋੜ ਹੈ।
ਦੂਜੇ ਪਾਸੇ, ਚਰਨਜੀਤ ਸ਼ਰਮਾ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਅੱਠ ਦਿਨ ਦੇ ਲੰਬੇ ਰਿਮਾਂਡ ਦੌਰਾਨ ਪੁਲੀਸ ਕੋਈ ਵੀ ਪ੍ਰਾਪਤੀ ਅਦਾਲਤ ਸਾਹਮਣੇ ਨਹੀਂ ਦਿਖਾ ਸਕੀ, ਜਿਸ ਤੋਂ ਸਾਫ਼ ਹੈ ਕਿ ਪੁਲੀਸ ਸਿਰਫ਼ ਸਾਬਕਾ ਪੁਲੀਸ ਅਧਿਕਾਰੀ ਨੂੰ ਪ੍ਰੇਸ਼ਾਨ ਕਰਨ ਲਈ ਪੁਲੀਸ ਰਿਮਾਂਡ ਮੰਗ ਰਹੀ ਹੈ। ਜਾਂਚ ਟੀਮ ਦੇ ਅਧਿਕਾਰੀ ਅਤੇ ਕਪੂਰਥਲਾ ਦੇ ਐੱਸਐੱਸਪੀ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਚਰਨਜੀਤ ਸ਼ਰਮਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਹ ਖੁਲਾਸੇ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਟੀਮ ਨੂੰ ਬਹਿਬਲ ਵਿਚ ਕਤਲ ਕੀਤੇ ਗਏ ਦੋ ਨੌਜਵਾਨਾਂ ਸਬੰਧੀ ਅਹਿਮ ਸਬੂਤ ਮਿਲੇ ਹਨ।