You are here

ਪੰਜਾਬ

ਪਾਣੀ ਬੰਦੀ ਬਾਰੇ ਗਡਕਰੀ ਦਾ ਬਿਆਨ ਪੰਜਾਬ ਵਿਰੋਧੀ: ਖਹਿਰਾ

ਚੰਡੀਗੜ੍ਹ, 23 ਫਰਵਰੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੇਂਦਰੀ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਵੱਲੋਂ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਲਈ ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਨੂੰ ਯਮੁਨਾ ਨਦੀ ਵਿੱਚ ਮੋੜਨ ਨੂੰ ਪੰਜਾਬ ਲਈ ਖ਼ਤਰਨਾਕ ਕਰਾਰ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਨਿਤਿਨ ਗਡਕਰੀ ਦਾ ਬਿਆਨ ਬਹੁਤ ਖਤਰਨਾਕ ਅਤੇ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਹੈ ਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਇਹ ਬਹੁਤ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹਰਿਆਣਾ ਨੂੰ ਪੰਜਾਬ ਦੇ ਪਾਣੀ ਸਪਲਾਈ ਕਰਨ ਲਈ ਐੱਸਵਾਈਐੱਲ ਨਹਿਰ ਦੀ ਉਸਾਰੀ ਕੀਤੀ ਜਾ ਰਹੀ ਹੈ। ਹੁਣ ਪਾਕਿਸਤਾਨ ਨੂੰ ਸਜ਼ਾ ਦੇਣ ਬਹਾਨੇ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਕੇਂਦਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਗਡਕਰੀ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਨਹੀਂ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀਆਂ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਹੀ ਗ਼ਲਤ ਸਮਝੌਤਿਆਂ ਤਹਿਤ ਪੰਜਾਬ ਦੇ ਦਰਿਆਵਾਂ ਵਿੱਚੋਂ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪਾਣੀਆਂ ਦਾ ਹਿੱਸਾ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਦਰਿਆਵਾਂ ਦਾ ਪਾਣੀ ਮੋੜਨ ਦੇ ਕੇਂਦਰ ਦੇ ਕਦਮ ਨਾਲ ਪੰਜਾਬ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਹੋਵੇਗੀ ਕਿਉਂਕਿ ਪੰਜਾਬ ਕੋਲ ਸਿਰਫ ਪਾਣੀ ਦਾ ਹੀ ਕੁਦਰਤੀ ਸਰੋਤ ਹੈ। ਸੁਖਪਾਲ ਸਿੰਘ ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਸ਼ਮੂਲੀਅਤ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਅਤੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਵੀ ਮੰਗ ਕੀਤੀ।

ਹੰਸਾਲੀ ਸਾਹਿਬ ਗੋਲੀ ਕਾਂਡ: ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ

ਫ਼ਤਹਿਗੜ੍ਹ ਸਾਹਿਬ, 23 ਫਰਵਰੀ ਬੀਤੇ ਵੀਰਵਾਰ ਜ਼ਿਲ੍ਹੇ ਦੇ ਪਿੰਡ ਹੰਸਾਲੀ ਸਾਹਿਬ ਵਿਚ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ 36 ਘੰਟੇ ਬੀਤ ਜਾਣ ਮਗਰੋਂ ਵੀ ਪੁਲੀਸ ਪਕੜ ਨਹੀਂ ਸਕੀ ਹੈ, ਜਿਸ ਕਾਰਨ ਪੀੜਤ ਪਰਿਵਾਰ ਨਿਰਾਸ਼ਾ ਵਿਚ ਹੈ। ਹਾਲਾਂਕਿ ਥਾਣਾ ਮੁਖੀ ਬਡਾਲੀ ਆਲਾ ਸਿੰਘ ਅਮਨਦੀਪ ਸਿੰਘ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਥਾਂ ਥਾਂ ਛਾਪਾਮਾਰੀ ਕਰ ਰਹੀ ਹੈ ਅਤੇ ਮੁਲਜ਼ਮ ਜਲਦ ਹੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਢਲੀ ਛਾਣਬੀਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਚਾਇਤੀ ਚੋਣਾਂ ਦੀ ਰੰਜ਼ਿਸ਼ ਕਾਰਨ ਉਕਤ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਖਮੀ ਹੋਏ 2 ਵਿਅਕਤੀਆਂ ਵਿਚੋਂ ਇਕ ਦੀ ਹਾਲਤ ਸਥਿਰ ਹੋਣ ਕਾਰਨ ਉਸ ਨੂੰ ਅੱਜ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਚੋਂ ਛੁੱਟੀ ਮਿਲ ਗਈ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 21 ਫਰਵਰੀ ਦੀ ਸ਼ਾਮ ਨੂੰ ਦੋ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ਉਪਰ 12 ਬੋਰ ਦੀ ਰਾਈਫ਼ਲ ਨਾਲ ਕਥਿਤ ਗੋਲੀ ਚਲਾ ਦਿੱਤੀ ਸੀ, ਜਿਸ ਕਾਰਨ ਛਤਰਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਉਨ੍ਹਾਂ ਦਾ ਪੁੱਤਰ ਗੁਰਸੇਵਕ ਸਿੰਘ ਨਿਰਮਲ ਡੇਰਾ ਹੰਸਾਲੀ ਸਾਹਿਬ ਵਿਖੇ ਦੀਵਾਨ ਸੁਣ ਕੇ ਵਾਪਸ ਆ ਰਿਹਾ ਸੀ ਕਿ ਪਿੰਡ ਦੀ ਆਟਾ ਚੱਕੀ ਕੋਲ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਕੁਲਜੀਤ ਸਿੰਘ, ਹਰਨਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਵਾਸੀਆਨ ਹੰਸਾਲੀ ਸਾਹਿਬ ਨੇ ਉਨ੍ਹਾਂ ਦੇ ਪੁੱਤਰ ਉਪਰ ਵੱਡੇ ਖੁਰਚਣੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਨ੍ਹਾਂ ਵਿਚੋਂ ਇਕ ਵਿਅਕਤੀ ਨੇ 32 ਬੋਰ ਦੀ ਦੁਨਾਲੀ ਨਾਲ ਫਾਇਰ ਕਰ ਦਿੱਤਾ ਜਿਸ ਦੇ ਛਰੇ ਛਤਰਪਾਲ ਸਿੰਘ ਨੂੰ ਲੱਗੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਖੇੜਾ ਵਿਖੇ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਜ਼ਖ਼ਮੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸੈਕਟਰ-32 ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਤੁਰੰਤ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਆ ਕੇ ਮੌਕਾ ਦੇਖਿਆ। ਜਗਵਿੰਦਰ ਸਿੰਘ ਨੇ ਦੱਸਿਆ ਕਿ ਸਿਰ ਵਿਚ ਖੁਰਚਣਾ ਵੱਜਣ ਕਾਰਨ ਗੁਰਸੇਵਕ ਦੇ ਸਿਰ ਵਿਚ ਲਗਪਗ 8 ਤੋਂ 9 ਟਾਂਕੇ ਲੱਗੇ ਹਨ, ਪਰ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਕੱਟ ਦਿੱਤਾ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਗਾਇਆ.

ਨੂਰਪੁਰ ਬੇਦੀ 24 ਫਰਵਰੀ.( ਗੁਰਵਿੰਦਰ ਸਿੰਘ) ਕਿਸਾਨਾਂ ਨੂੰ ਪਰ੍ਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੈਂਪ ਲਗਾਇਆ ਗਿਆ. ਜਿਸ ਵਿਚ ਕਿਸਾਨਾਂ ਨੂੰ 25 ਫਰਵਰੀ ਤੱਕ ਆਪਣੇ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ  ਹੋਏ ਬਲਾਕ ਨੂਰਪੁਰ ਬੇਦੀ ਦੇ ਖੇਤੀਬਾੜੀ ਅਫਸਰ ਹਰਵਿੰਦਰ ਲਾਲ ਚੋਪੜਾ ਨੇ ਦੱਸਿਆ ਕਿ ਇਸ ਕੈਂਪ ਵਿਚ ਬਲਾਕ ਦੇ ਲਗਭਗ  50 ਕਿਸਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਇਸ ਯੋਜਨਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ. ਉਹਨਾਂ ਕਿਹਾ ਕਿ ਬਲਾਕ ਦੇ ਅਗਾਹ ਵੱਧੂ ਕਿਸਾਨਾਂ ਸਿੰਗਾਰਾ ਸਿੰਘ, ਮੋਹਣ ਸਿੰਘ, ਨਰਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਇਸ ਯੋਜਨਾਂ ਦੀ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਸਰਕਾਰ ਵਲੋਂ ਸਮੇਂ ਸਮੇਂ ਤੇ ਕਿਸਾਨਾਂ ਦੀ ਭਲਾਈ ਲਈ ਜੋ  ਸਕੀਮਾ ਚਲਾਈਆਂ ਜਾ ਰਹੀਆਂ ਹਨ  ਉਹਨਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ. ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਥਾਨਕ ਅਧਿਕਾਰੀ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਖੇਤੀਬਾੜੀ ਦੇ ਨਵੇਂ ਨਵੇਂ ਢੰਗ ਤਰੀਕਿਆਂ ਦੀ ਜਾਣਕਾਰੀ ਦਿੰਦੇ ਹਨ. ਇਸ ਬਾਰੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਲਗਾਏ ਕੈਂਪਾਂ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਲਾਭ ਹਾਸਲ ਕਰਨਾ ਚਾਹੀਦਾ ਹੈ. ਉਹਨਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਦੀ ਸ਼ਲਾਘਾ ਕੀਤੀ.

ਲੜਕੀਆਂ ਦਾ ਅਜੋਕੇ ਸਮਾਜ ਵਿੱਚ ਸਿੱਖਿਅਤ ਹੋਣਾ ਬੇਹੱਦ ਜਰੂਰੀ-ਰਾਣਾ ਕੇ.ਪੀ. ਸਿੰਘ

 ਸਰਕਾਰੀ ਕੰਨਿਆ.ਸੀ.ਸੈਕੰ.ਸਕੂਲ ਵਿੱਚ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਸ੍ਰੀ ਅਨੰਦਪੁਰ ਸਾਹਿਬ, 23 ਫਰਵਰੀ (ਗੁਰਵਿੰਦਰ ਸਿੰਘ )  ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਉੁਚੇਰੀ ਸਿੱਖਿਆ ਲਈ ਉਤਸਾਹਿਤ ਕਰਨ ਦੇ ਮੰਤਵ ਨਾਲ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਸਾਈਕਲ ਵੰਡੇ ਜਾ ਰਹੇ ਹਨ| ਇਸ ਨਾਲ ਲੜਕੀਆਂ ਨੂੰ ਆਪਣੀ ਵਿੱਦਿਆ ਹਾਸਿਲ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ| ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਰਕਾਰੀ.ਕੰਨਿਆ.ਸੀ.ਸੈਕੰ.ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਦਿਆਰਥਣਾਂ ਨੂੰ ਸਾਈਕਲ ਵੰਡਣ ਮੋਕੇ ਕੀਤਾ|ਪੰਜਾਬ ਸਰਕਾਰ ਵੱਲੋ ਇਸ ਯੋਜਨਾ ਤਹਿਤ ਅੱਜ ਲੱਗਭਗ 600 ਵਿਦਿਆਰਥਣਾਂ ਨੂੰ ਇਹ ਸਾਈਕਲ ਵੰਡੇ ਜਾ ਰਹੇ ਹਨ| ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਬਿਹਤਰ ਸਮਾਜ ਦੀ ਸਿਰਜਣਾ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਬੇਹੱਦ ਜਰੂਰੀ ਹੈ| ਜੇਕਰ ਲੜਕੀਆਂ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਰਹਿ ਜਾਣਗੀਆ ਤਾਂ ਸਮਾਜ ਦਾ 50 ਫੀਸਦੀ ਹਿੱਸਾ ਅਸਿੱਖਿਅਤ ਰਹਿ ਜਾਵੇਗਾ| ਉਹਨਾਂ ਕਿਹਾ ਕਿ ਸੰਸਾਰ ਭਰ ਦੇ ਵੱਡੇ-ਵੱਡੇ ਬੁੱਧੀਜੀਵੀਆ ਨੇ ਸਿੱਖਿਆ ਦੇ ਢਾਂਚੇ ਵਿੱਚ ਸੁਧਾਰ ਅਤੇ ਤਰੱਕੀ ਦੀ ਹਿਮਾਇਤ ਕੀਤੀ ਹੈ|ਉਹਨਾਂ ਕਿਹਾ ਕਿ ਸਿੱਖਿਆ ਹੀ ਜੀਵਨ ਵਿੱਚ ਤਰੱਕੀ ਦਾ ਸਭ ਤੋਂ ਸਰਲ ਮਾਰਗ ਹੈ| ਇਸ ਨੂੰ ਅਪਣਾ ਕੇ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇਬਾਜ.ੀ ਦੇ ਦੋਰ ਵਿੱਚ ਸਮੇਂ ਦੇ ਹਾਣੀ ਬਣਿਆ ਜਾ ਸਕਦਾ ਹੈ|  ਰਾਣਾ ਕੇ.ਪੀ.ਸਿੰਘ ਨੇ ਸਕੂਲ ਦੇ ਬਾਰੇ ਕਿਹਾ ਕਿ ਉਹਨਾਂ ਨੇ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ. ਦਿੱਤੇ ਹਨ| ਇਸ ਸਕੂਲ ਨਾਲ ਆਪਣੇ ਨੇੜਲੇ ਸਬੰਧਾਂ ਦੀ ਹਿਮਾਇਤ ਕਰਦੇ ਹੋਏ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਹ ਹਰ ਸਮੇਂ ਤਿਆਰ ਹਨ| ਉਹਨਾਂ ਸਕੂਲ ਦੇ ਸਟਾਫ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਸਕੂਲ ਦੇ ਅਧਿਆਪਕਾਂ ਨੂੰ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਣਾ ਦਿੱਤੀ| ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰ ਸ.ਰਨਜੀਤ ਸਿੰਘ, ਉਪ ਸਿੱਖਿਆ ਅਫਸਰ ਐਸ.ਪੀ.ਸਿੰਘ, ਪ੍ਰਿੰਸੀਪਲ ਸ਼ਾਮ ਸੁੰਦਰ ਸੋਨੀ, ਸਾਬਕਾ ਜਿਲ੍ਹਾ ਸਿੱਖਿਆ ਅਫਸਰ ਸਵਰਨ ਸਿੰਘ, ਨਗਰ ਕੋਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਕਮਲ ਦੇਵ ਜੋਸ਼ੀ, ਹਰਬੰਸ ਲਾਲ ਮਹਿੰਦਲੀ, ਪ੍ਰੇਮ ਸਿੰਘ ਬਾਸੋਵਾਲ, ਰਾਣਾ ਰਾਮ ਸਿੰਘ, ਸੰਜੀਵਨ ਰਾਣਾ, ਦਇਆ ਸਿੰਘ, ਰਾਣਾ ਹਿੰਮਤ ਸਿੰਘ, ਸੰਗੀਤਾ ਗੇਰਾ, ਜਵਨੀਤ ਅੰਮ੍ਰਿਤ, ਰਣਜੀਤ ਸਿੰਘ, ਦਰਸ਼ਨ ਸਿੰਘ, ਜੀਵਨ ਜੋਤੀ, ਗੁਰਦੀਪ ਕੋਰ, ਰਜਿੰਦਰ ਕੁਮਾਰ, ਰਾਮ ਸਿੰਘ ਅਤੇ ਸਕੂਲ ਸਟਾਫ, ਪ੍ਰਬੰਧਕ ਤੇ ਵਿਦਿਆਰਥੀ ਹਾਜ਼ਿਰ ਸਨ| 

ਜੱਗੀ ਜੌਹਲ ਸਣੇ 8 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮੁਹਾਲੀ (ਜਨ ਸ਼ਕਤੀ ਬਿਓੁਰੋ) ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਐਨਆਈਏ ਅਦਾਲਤ ’ਚ ਸ਼ਿਵ ਸੈਨਾ ਦੇ ਸੀਨੀਅਰ ਆਗੂ ਅਮਿਤ ਅਰੋੜਾ ’ਤੇ ਲੁਧਿਆਣਾ ਵਿਚ ਕਰੀਬ ਚਾਰ ਸਾਲ ਪਹਿਲਾਂ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਸਮੇਤ ਅੱਠ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਬਾਕੀ ਮੁਲਜ਼ਮਾਂ ਵਿਚ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ, ਧਰਮਿੰਦਰ ਸਿੰਘ, ਅਨਿਲ ਕੁਮਾਰ, ਹਰਮੀਤ ਸਿੰਘ, ਗੁਰਜਿੰਦਰ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ’ਚੋਂ ਕਈ ਮੁਲਜ਼ਮਾਂ ਖ਼ਿਲਾਫ਼ ਹਿੰਦੂ ਨੇਤਾ ਰਵਿੰਦਰ ਗੋਸਾਈਂ ’ਤੇ ਹਮਲੇ ਦੇ ਮਾਮਲੇ ਵਿਚ ਪਿਛਲੇ ਸਾਲ 4 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਮੁਲਜ਼ਮਾਂ ’ਤੇ ਅਤਿਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਹੋਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ’ਤੇ ਸ਼ਿਵ ਸੈਨਾ ਆਗੂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ। ਐਨਆਈਏ ਨੇ ਹਰਮੀਤ ਹੈਪੀ ਦੇ ਪਾਕਿਸਤਾਨ ਵਿੱਚ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਜਦਕਿ ਗੁਰਜਿੰਦਰ ਸ਼ਾਸਤਰੀ ਦੇ ਇਟਲੀ ਅਤੇ ਗੁਰਸ਼ਰਨਬੀਰ ਦੇ ਯੂਕੇ ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਮੁਲਜ਼ਮਾਂ ਦੇ ਤਾਰ ਪਾਕਿਸਤਾਨ ਵਿਚ ਬੈਠੇ ਅਤਿਵਾਦੀਆਂ ਅਤੇ ਹੋਰ ਕਈ ਮੁਲਕਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਕਈ ਮਾਮਲਿਆਂ ਵਿੱਚ ਇਟਲੀ, ਆਸਟਰੇਲੀਆ ਅਤੇ ਯੂਕੇ ਤੋਂ ਵੱਡੀ ਗਿਣਤੀ ਫੰਡ ਰਿਲੀਜ਼ ਹੋਏ ਹਨ। ਹਰਦੀਪ ਸ਼ੇਰਾ ਅਤੇ ਰਮਨਦੀਪ ’ਤੇ ਹਥਿਆਰਾਂ ਦਾ ਪ੍ਰਬੰਧ ਕਰਨ ਦਾ ਦੋਸ਼ ਹੈ। ਹਰਦੀਪ ਵਿਦੇਸ਼ੀ ਨਾਗਰਿਕ ਹੈ ਜਦਕਿ ਰਮਨਦੀਪ ਲੁਧਿਆਣਾ ਦਾ ਵਸਨੀਕ ਹੈ। ਇਨ੍ਹਾਂਂ ਨੂੰ ਸਿਖਲਾਈ ਯੂਕੇ ਦੇ ਨਾਗਰਿਕ ਗੁਰਸ਼ਰਨਬੀਰ ਨੇ ਦਿੱਤੀ ਸੀ। ਜੱਗੀ ਜੌਹਲ ’ਤੇ ਵੀ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਸਾਜ਼ਿਸ਼ਾਂ ਦੀ ਨਜ਼ਰਸਾਨੀ ਹਰਮੀਤ ਸਿੰਘ ’ਤੇ ਪਾਕਿਸਤਾਨ ਵਿੱਚ ਬੈਠ ਕੇ ਕਰਨ ਦਾ ਇਲਜ਼ਾਮ ਹੈ।

ਕੈਂਸਰ ਤੇ ਕਰਜ਼ੇ ਦੇ ਝੰਬੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਮੰਡੀ ਲੱਖੇਵਾਲੀ-(ਜਨ ਸ਼ਕਤੀ ਬਿਓੁਰੋ) ਇੱਥੋਂ ਨੇੜਲੇ ਪਿੰਡ ਚੱਕ ਮਦਰੱਸਾ ਦੇ ਕਿਸਾਨ ਪਰਮਜੀਤ ਸਿੰਘ ਭੁੱਲਰ(58) ਪੁੱਤਰ ਪ੍ਰਿਥੀ ਸਿੰਘ ਭੁੱਲਰ ਨੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖੁ਼ਦਕੁਸ਼ੀ ਕਰ ਲਈ। ਪਰਮਜੀਤ ਪਿਛਲੇ ਕਰੀਬ 10-12 ਸਾਲ ਤੋਂ ਬਲੱਡ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਇਸ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਹਦੇ ਇਲਾਜ ’ਤੇ ਜ਼ਿਆਦਾ ਖਰਚ ਹੋਣ ਕਾਰਨ ਪਰਿਵਾਰ ਕਰਜ਼ਈ ਹੋ ਗਿਆ ਸੀ। ਥਾਣਾ ਲੱਖੇਵਾਲੀ ਪੁਲੀਸ ਨੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰ ਮੁਤਾਬਕ ਪਰਮਜੀਤ ਬਿਮਾਰੀ ਤੋਂ ਅੱਕ ਚੁੱਕਾ ਸੀ ਤੇ ਬਿਮਾਰੀ ਦੇ ਇਲਾਜ ਲਈ ਲਿਆ ਕਰਜ਼ਾ ਦਿਨ ਬਦਿਨ ਵਧਦਾ ਜਾ ਰਿਹਾ ਸੀ। ਬਿਮਾਰੀ ਕਰਕੇ ਉਹ ਕੰਮ ਕਰਨ ਤੋਂ ਵੀ ਅਸਮਰੱਥ ਸੀ।

ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਬਾਦਲਾਂ ਵਿਰੁੱਧ ਕੇਸ ਦਰਜ ਹੋਵੇ: ਰੰਧਾਵਾ

ਚੰਡੀਗੜ੍ਹ, 19 ਫਰਵਰੀ ਸੀਨੀਅਰ ਕਾਂਗਰਸੀ ਆਗੂ ਅਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ’ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਆਖਿਆ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਅਕਾਲੀ ਆਗੂਆਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ’ਚ ਸਭ ਤੋਂ ਵੱਡਾ ਮੁਲਜ਼ਮ ਕਰਾਰ ਦਿੰਦਿਆਂ ਕੈਬਿਨਟ ਮੰਤਰੀ ਨੇ ਆਖਿਆ ਕਿ ਇਕੱਲੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ’ਤੇ ਮੱਲ੍ਹਮ ਲਾਉਣ ਲਈ ਕਾਫੀ ਨਹੀਂ ਹੈ, ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਵੀ ਜ਼ਰੂਰੀ ਹੈ, ਜਿਨ੍ਹਾਂ ਦੇ ਇਸ਼ਾਰਿਆਂ ’ਤੇ ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਅਤੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ (ਸੁਖਬੀਰ ਸਿੰਘ ਬਾਦਲ) ਵਿਰੁੱਧ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਭਾਰਤੀ ਸੰਵਿਧਾਨ ਦੀਆਂ ਸ਼ਰੇਆਮ ਕਾਪੀਆਂ ਸਾੜੀਆਂ ਹੋਣ, ਉਹ ਲੋਕ ਅੱਜ ਦੇਸ਼ਭਗਤੀ ਦਾ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਂਦ ’ਚ ਆਈ ਸੀ ਅਤੇ ਆਜ਼ਾਦੀ ਦੀ ਲੜਾਈ ਮੌਕੇ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਸੁਤੰਤਰਤਾ ਸੰਗਰਾਮ ’ਚ ਸਭ ਤੋਂ ਵੱਡਾ ਯੋਗਦਾਨ ਪਾਇਆ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬਾਦਲ ’ਤੇ ਸੂਬੇ ’ਚ ਅਤਿਵਾਦ ਦੇ ਦਿਨਾਂ ਦੌਰਾਨ ਅਤਿਵਾਦੀਆਂ ਦੇ ਭੋਗਾਂ ’ਤੇ ਜਾਣ ਦੀਆਂ ਕਾਰਵਾਈਆਂ ’ਤੇ ਸੁਆਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਦੇਸ਼ ਭਗਤੀ ਕਿਵੇਂ ਯਾਦ ਆ ਗਈ? ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਸ ਆਗੂ ਦੇ ਦੋਹਰੇ ਕਿਰਦਾਰ ਕਾਰਨ ਪੰਜਾਬ ਨੂੰ ਲੰਬਾ ਸਮਾਂ ਸੰਤਾਪ ਹੰਢਾਉਣਾ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕੋ-ਇੱਕ ਏਜੰਡਾ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭਾਵਨਾਵਾਂ ’ਚ ਰੰਗ ਕੇ ਇੱਕ ਦੂਜੇ ਖ਼ਿਲਾਫ਼ ਲੜਾਉਣਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਉਨ੍ਹਾਂ ਦੇ ਏਜੰਡੇ ’ਤੇ ਨਹੀਂ।

ਨਵਜੋਤ ਸਿੱਧੂ ਦੇ ਹੱਕ ’ਚ ਭੁਗਤੇ ਜਾਖੜ

ਬਟਾਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਭੁਗਤਦਿਆਂ ਕਿਹਾ ਕਿ ਉਸ ਨੇ ਪੁਲਵਾਮਾ ਹਲਕੇ ਬਾਰੇ ਕੋਈ ਗ਼ਲਤ ਗੱਲ ਨਹੀਂ ਕੀਤੀ। ਪਰ ਅਕਾਲੀ-ਭਾਜਪਾ ਦੇ ਆਗੂ ਬਿਨਾਂ ਮਤਲਬ ਤੋਂ ਨਵਜੋਤ ਸਿੱਧੂ ਦੇ ਪਿੱਛੇ ਪਏ ਹਨ। ਉਸ ‘(ਸਿੱਧੂ) ਦੀਆਂ ਭਾਵਨਾਵਾ ਵੱਲ ਕੋਈ ਨਜ਼ਰ ਨਹੀਂ ਮਾਰ ਰਿਹਾ। ਜਾਖੜ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਟਾਲਾ ’ਚ ਸੜਕਾਂ ਤੇ ਸੀਵਰੇਜ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਆਏ ਸਨ। ਜਾਖੜ ਨੇ ਕਿਹਾ ਕਿ ਬਟਾਲਾ ਦੇ ਬਾਸ਼ਿੰਦਿਆਂ ਨੇ ਲੰਘੇ ਸਮੇਂ ਤੋਂ ਸੜਕਾਂ ਦੀ ਖਸਤਾ ਹਾਲਤ ਅਤੇ ਸੀਵਰੇਜ ਸਮੱਸਿਆ ਕਾਰਨ ਪ੍ਰੇਸ਼ਾਨੀ ਝੱਲੀ ਹੈ। ਪਰ ਹੁਣ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਇੱਕ ਇੱਕ ਪੈਸੇ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਨੂੰ ਆਏ ਪੈਸੇ ਦਾ ਦੁਰਉਪਯੋਗ ਨਹੀਂ ਕਰਨ ਦਿੱਤਾ ਜਾਵੇਗਾ।

ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਹੇਠ ਜੰਮੂ ਭੇਜਿਆ

ਐਸਏਐਸ ਨਗਰ (ਮੁਹਾਲੀ), 19 ਫਰਵਰੀ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਮੁਹਾਲੀ ਵਿੱਚ ਪਹੁੰਚੇ ਸੈਂਕੜੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਹਾਲੀ ਪ੍ਰਸ਼ਾਸਨ ਅਤੇ ਖਾਲਸਾ ਏਡ ਸੰਸਥਾ ਵੱਲੋਂ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਜੰਮੂ ਕਸ਼ਮੀਰ ਭੇਜਿਆ ਗਿਆ ਹੈ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰੇ ਕਰੀਬ 125 ਕਸ਼ਮੀਰੀ ਨੌਜਵਾਨਾਂ ਨੂੰ ਪੁਲੀਸ ਸੁਰੱਖਿਆ ਹੇਠ ਵਾਪਸ ਭੇਜਿਆ ਗਿਆ ਹੈ ਜਦੋਂਕਿ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1ਵਿੱਚ ਪਹੁੰਚੇ 150 ਕਸ਼ਮੀਰੀ ਵਿਦਿਆਰਥੀਆਂ ਨੂੰ ਖਾਲਸਾ ਏਡ ਦੀ ਮਦਦ ਨਾਲ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ ਹੈ। ਪੁਲਵਾਮਾ ਹਮਲੇ ਮਗਰੋਂ ਅੰਬਾਲਾ ਅਤੇ ਦੇਹਰਾਦੂਨ ਤੋਂ ਕਰੀਬ 125 ਕਸ਼ਮੀਰੀ ਵਿਦਿਆਰਥੀ ਮੁਹਾਲੀ ਪੁੱਜੇ ਸਨ, ਇਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰਾਇਆ ਗਿਆ ਸੀ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬਾਹਰੋਂ ਆਏ 125 ਕਸ਼ਮੀਰੀ ਵਿਦਿਆਰਥੀਆਂ ਨੂੰ ਅੱਜ ਪੁਲੀਸ ਸੁਰੱਖਿਆ ਹੇਠ ਜੰਮੂ ਕਸ਼ਮੀਰ ਵਿੱਚ ਸਥਿਤ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ ਗਿਆ ਹੈ। ਇਹ ਨੌਜਵਾਨ ਕਾਫੀ ਸਹਿਮੇ ਹੋਏ ਸਨ। ਉਂਜ ਕੁਝ ਕਸ਼ਮੀਰੀ ਵਿਦਿਆਰਥੀ ਆਪਣੇ ਪੱਧਰ ’ਤੇ ਪ੍ਰਾਈਵੇਟ ਕੈਬ ਕਿਰਾਏ ’ਤੇ ਕਰਕੇ ਲੰਘੀ ਦੇਰ ਰਾਤ ਅਤੇ ਮੰਗਲਵਾਰ ਨੂੰ ਤੜਕੇ ਹੀ ਇੱਥੋਂ ਚਲੇ ਗਏ ਸੀ। ਜਦੋਂਕਿ ਮੁਹਾਲੀ ਅਤੇ ਨੇੜਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਕੁਝ ਇੱਥੇ ਹੀ ਰੁਕ ਗਏ ਹਨ। ਉਧਰ, ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1ਵਿੱਚ ਠਹਿਰੇ ਕਰੀਬ 150 ਕਸ਼ਮੀਰੀ ਵਿਦਿਆਰਥੀਆਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਵੱਲੋਂ ਖਾਲਸਾ ਏਡ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਦੀ ਸੁਰੱਖਿਆ ਲਈ ਖਾਲਸਾ ਏਡ ਦੇ ਵਾਲੰਟੀਅਰ ਬਤੌਰ ਸੁਰੱਖਿਆ ਗਾਰਡ ਨਾਲ ਗਏ ਹਨ। ਜੰਮੂ ਕਸ਼ਮੀਰ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਖਵਾਜ਼ਾ ਇਤਰਤ ਨੇ ਦੱਸਿਆ ਕਿ ਉਹ ਲੰਘੀ ਰਾਤ ਆਪਣੇ ਸਾਥੀਆਂ ਨਾਲ ਗੁਰੂ ਘਰ ਵਿੱਚ ਰਾਤ ਕੱਟਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਕਰੀਬ 700 ਵਿਦਿਆਰਥੀ ਰਹਿਣ ਮਗਰੋਂ ਜੰਮੂ ਜਾ ਚੁੱਕੇ ਹਨ।

ਪੰਜਾਬ ’ਚ ਡਾਇਲ 112 ਸ਼ੁਰੂ

ਚੰਡੀਗੜ੍ਹ, 19 ਫਰਵਰੀ ਪੰਜਾਬ ਦੇ ਲੋਕਾਂ ਲਈ ਐਮਰਜੈਂਸੀ ਸ਼ਿਕਾਇਤ ਪ੍ਰਣਾਲੀ ਨੂੰ ਵਧੇਰੇ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਇਲ 112 ਸੇਵਾ ਦੀ ਸ਼ੁਰੂਆਤ ਕੀਤੀ। ਇਹ ਇਕਮਾਤਰ ਨੰਬਰ ਪੁਲੀਸ (100), ਫਾਇਰ (101), ਹੈਲਥ (108) ਤੇ ਮਹਿਲਾ ਹੈਲਪਲਾਈਨ (1090) ਦੀ ਥਾਂ ਲਵੇਗਾ। ਮੁੱਖ ਮੰਤਰੀ ਨੇ ਤਜਰਬੇ ਵਜੋਂ ਪਹਿਲੀ ਕਾਲ ਕੀਤੀ।

ਔਰਤਾਂ ਲਈ ਮਹਿਫ਼ੂਜ਼ ਨਹੀਂ ਲੁਧਿਆਣਾ ਨੇੜਲੇ ਖੇਤਰ

ਚੰਡੀਗੜ੍ਹ, 19 ਫਰਵਰੀ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੁੱਲਾਂਪੁਰ ਸਮੂਹਿਕ ਬਲਾਤਕਾਰ ਮਾਮਲੇ ਦੀ ਤਫ਼ਤੀਸ਼ ਕਰਦਿਆਂ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਸੂਬੇ ਦੇ ਸਨਅਤੀ ਸ਼ਹਿਰ ਨਾਲ ਲਗਦਾ ਇਹ ਖੇਤਰ ਔਰਤਾਂ ਦੀ ਪੱਤ ਲੁੱਟਣ ਵਾਲਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਬਣੀ ਹੋਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਨਾਲ ਜੁੜੀਆਂ ਪਰਤਾਂ ਖੋਲ੍ਹਦਿਆਂ ਦਰਦਮਈ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਬਲਾਤਕਾਰ ਮਾਮਲੇ ਦਾ ਮੁੱਖ ਦੋਸ਼ੀ ਅਤੇ ਉਸ ਦੇ ਸਾਥੀ ਸਾਲ 2011 ਤੋਂ ਇਸ ਸੰਗੀਨ ਅਪਰਾਧ ਨੂੰ ਅੰਜਾਮ ਦਿੰਦੇ ਆ ਰਹੇ ਹਨ। ਉਧਰ ਤਫ਼ਤੀਸ਼ੀ ਪੁਲੀਸ ਅਧਿਕਾਰੀਆਂ ਲਈ ਇਹ ਗੱਲ ਅਜੇ ਵੀ ਗੁੱਝਾ ਸਵਾਲ ਹੈ ਕਿ ਸਿੱਧਵਾਂ ਨਹਿਰ ਨੇੜਲਾ ਇਹ ਖੇਤਰ, ਜਿੱਥੇ ਸੂਰਜ ਢਲਣ ਤੋਂ ਬਾਅਦ ਔਰਤਾਂ ਜਾਣਾ ਸੁਰੱਖਿਅਤ ਨਹੀਂ ਸਨ ਸਮਝਦੀਆਂ, ਬਾਰੇ ਲੁਧਿਆਣਾ ਸ਼ਹਿਰ ਦੀ ਪੁਲੀਸ ਨੂੰ ਕਿਵੇਂ ਇਸ ਦੀ ਭਿਣਕ ਤੱਕ ਨਹੀਂ ਲੱਗੀ। ਪਿਛਲੇ ਦਿਨੀਂ ਜਬਰ-ਜਨਾਹ ਦਾ ਸ਼ਿਕਾਰ ਹੋਈ ਲੜਕੀ ਤੇ ਉਸ ਦੇ ਦੋਸਤ ਨੂੰ ਵੀ ਲੋਕਾਂ ਨੇ ਇਸ ਰਾਹ ’ਤੇ ਜਾਣ ਤੋਂ ਵਰਜਿਆ ਸੀ। ਜਾਂਚ ਨਾਲ ਜੁੜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਦੇ ਸਾਰੇ ਮਾਮਲੇ ਮਹਿਜ਼ ਸਮਾਜ ਦੇ ਡਰੋਂ ਇੱਜ਼ਤ ’ਤੇ ਪਰਦਾ ਪਾਈ ਰੱਖਣ ਲਈ ਢਕੇ ਰਹਿ ਗਏ ਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਗਏ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਹੋਈਆਂ ਘਟਨਾਵਾਂ ਦੀਆਂ ਪਰਤਾਂ ਖੋਲ੍ਹਦਿਆਂ ਪੰਜਾਬ ਦੇ ਮਾਮਲੇ ਵਿੱਚ ਇੱਕ ਨਵੀਂ ਹੀ ਤਸਵੀਰ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਪੰਜਾਬੀ ਕੁੜੀਆਂ ਆਪਣੇ ਨਾਲ ਹੁੰਦੀ ਜ਼ਿਆਦਤੀ ਸਹਿਣ ਕਰ ਗਈਆਂ।
ਸੀਨੀਅਰ ਪੁਲੀਸ ਅਧਿਕਾਰੀ ਦਾ ਦੱਸਣਾ ਹੈ ਕਿ ਲੁਧਿਆਣ ਸ਼ਹਿਰ ਦੇ ਖ਼ਤਮ ਹੁੰਦਿਆਂ ਹੀ ਸਿੱਧਵਾਂ ਨਹਿਰ ਦੇ ਨਜ਼ਦੀਕ ਮੰਨਿਆ ਜਾਂਦਾ ਇਹ ਖੇਤਰ ਸੁੰਨਮਸਾਨ ਖੇਤਰ ਹੈ। ਜਿੱਥੇ ਆਬਾਦੀ ਕੋਈ ਜ਼ਿਆਦਾ ਨਹੀਂ ਹੈ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਰਜ ਢਲਣ ਤੋਂ ਬਾਅਦ ਇਸ ਖੇਤਰ ਵਿੱਚ ਬਹੁਤ ਘੱਟ ਲੋਕ ਜਾਂਦੇ ਹਨ। ਸ਼ਾਮ ਤੋਂ ਬਾਅਦ ਮੁੰਡੇ ਕੁੜੀਆਂ ਅਕਸਰ ਇੱਥੇ ਟਹਿਲਣ ਚਲੇ ਜਾਂਦੇ ਹਨ। ਪੁਲੀਸ ਦੇ ਕਾਬੂ ਆਏ ਗਰੋਹ ਦੇ ਸਰਗਨੇ ਨੇ ਤਫ਼ਤੀਸ਼ ਦੌਰਾਨ ਮੰਨਿਆ ਕਿ ਉਹ ਸਾਲ 2011 ਤੋਂ ਲਗਾਤਾਰ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਇਨ੍ਹਾਂ ਨੇ ਮੰਨਿਆ ਕਿ ਹੁਣ ਤੱਕ 11 ਦੇ ਕਰੀਬ ਕੁੜੀਆਂ ਇਸ ਗਰੋਹ ਤੋਂ ਆਬਰੂ ਲੁਟਾ ਚੁੱਕੀਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਘਟਨਾ ਦੀ ਸ਼ਿਕਾਰ ਲੜਕੀ ਦੀ ਦਲੇਰੀ ਕਰਕੇ ਹੀ ਇਹ ਅਪਰਾਧੀ ਫੜੇ ਗਏ ਹਨ। ਇਨ੍ਹਾਂ ਅਪਰਾਧੀਆਂ ਦੀ ਰਣਨੀਤੀ ਹੀ ਇਹ ਹੁੰਦੀ ਸੀ ਕਿ ਇਕੱਲੇ ਮੁੰਡੇ ਤੇ ਕੁੜੀ ਨੂੰ ਦੇਖ ਕੇ ਘੇਰ ਲੈਂਦੇ। ਮੁੰਡੇ ਤੇ ਕੁੜੀ ਤੋਂ ਪੈਸਾ ਤੇ ਹੋਰ ਸਮਾਨ ਲੁੱਟਣ ਮਗਰੋਂ ਕੁੜੀਆਂ ਦੀ ਪੱਤ ਵੀ ਲੁਟਦੇ ਸਨ। ਸਮੂਹਿਕ ਬਲਾਤਕਾਰ ਦੀਆਂ 4 ਘਟਨਾਵਾਂ ਤਾਂ ਜਨਵਰੀ ਮਹੀਨੇ ਦੌਰਾਨ ਹੀ ਵਾਪਰੀਆਂ ਹੋਣ ਦਾ ਪੁਲੀਸ ਕੋਲ ਇਨ੍ਹਾਂ ਨੇ ਖੁਲਾਸਾ ਕੀਤਾ ਹੈ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਦੀ ਪੱਤ ਲੁੱਟਣ ਵਾਲੇ ਇਹ ਅਪਰਾਧੀ ਆਮ ਤੌਰ ’ਤੇ 4 ਜਾਂ 6 ਜਣੇ ਹੁੰਦੇ ਸਨ। ਇਹ ਸਾਰੀਆਂ ਘਟਨਾਵਾਂ ਵੀ ਤਕਰੀਬਨ ਇੱਕੋ ਥਾਂ ’ਤੇ ਹੀ ਵਾਪਰੀਆਂ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਪੁਲੀਸ ਦੇ ਹੀ ਇੱਕ ਡੀਐਸਪੀ ਅਤੇ ਇੱਕ ਮਹਿਲਾ ਦਾ ਕਤਲ ਵੀ ਇਸੇ ਖੇਤਰ ਵਿੱਚ ਕੀਤਾ ਗਿਆ ਸੀ।

ਬਰਤਾਨੀਆ ਸਰਕਾਰ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਮੁਆਫੀ ਮੰਗੇ

ਚੰਡੀਗੜ੍ਹ, 20 ਫਰਵਰੀ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਜਲ੍ਹਿਆਂਵਾਲੇ ਬਾਗ਼ ਦੇ ਹੱਤਿਆ ਕਾਂਡ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਬਰਤਾਨੀਆ ਸਰਕਾਰ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਮੁਆਫੀ ਮੰਗੇ। ਆਪ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਪੁੱਛਿਆ ਕਿ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਤੇ ਖਾਣਾ ਖੁਆਇਆ ਸੀ, ਉਹ ਵੀ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਖਾਣਾ ਬਿਕਰਮ ਮਜੀਠੀਆ ਸਾਹਿਬ ਦੇ ਦਾਦਾ ਨੇ ਖੁਆਇਆ ਸੀ। ਇਸ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਉਨੀ ਸੌ ਚਾਲੀ ਵਿੱਚ ਲਿਆ। ਇਸ ਤੋਂ ਬਾਅਦ ਆਪ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਮਤੇ ਦੀ ਹਮਾਇਤ ਕੀਤੀ ਗਈ।

ਕੈਪਟਨ-ਬਾਦਲਾਂ ਵਿਚਾਲੇ ਮਿਲੀਭੁਗਤ - ਭਗਵੰਤ ਮਾਨ

ਚੰਡੀਗੜ੍ਹ -(ਜਨ ਸ਼ਕਤੀ ਬਿਓੁਰੋ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਕ ਵਾਰ ਫਿਰ ਕੈਪਟਨ-ਬਾਦਲਾਂ ਵਿਚਾਲੇ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਮਾਨ ਨੇ ਕਿਹਾ ਕਿ ਕੈਪਟਨ-ਬਾਦਲਾਂ ਦੀ ਮਿਲੀ ਭੁਗਤ ਦਾ ਖੁਲਾਸਾ ਸੋਮਵਾਰ ਨੂੰ ਵਿਧਾਨ ਸਭਾ ਵਿਚ ਹੋ ਗਿਆ ਹੈ। ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੀ ਹਾਜ਼ਰੀ 'ਚ ਹੀ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਕੈਪਟਨ ਦੇ ਮੰਤਰੀਆਂ ਨਵਜੋਤ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੋਂ ਤੱਕ ਆਖ ਦਿੱਤਾ ਕਿ 'ਸਾਡੀ ਸਰਕਾਰ ਨਿਕੰਮੀ ਹੈ, ਇਸੇ ਕਰਕੇ ਬਿਕਰਮ ਮਜੀਠੀਆ ਵਰਗੇ ਲੀਡਰ ਸ਼ਰੇਆਮ ਘੁੰਮ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜਗ੍ਹਾ ਸੱਚੇ ਹੁੰਦੇ ਤਾਂ ਉਨ੍ਹਾਂ ਦੇ ਮੰਤਰੀ ਸਰਕਾਰ ਨੂੰ ਨਕੰਮੀ ਨਾ ਆਖਦੇ ਅਤੇ ਕੈਪਟਨ ਉਨ੍ਹਾਂ ਦਾ ਜਵਾਬ ਜ਼ਰੂਰ ਦਿੱਤੇ। ਮਾਨ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। 
ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਆਖ਼ਰਕਾਰ ਬਾਦਲ ਪਰਿਵਾਰ ਤੇ ਮਜੀਠੀਆ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਕੈਪਟਨ ਬਾਦਲਾਂ ਨਾਲ ਮਿਲੇ ਨਾ ਹੁੰਦੇ ਤਾਂ ਕੈਪਟਨ ਚੁੱਪ ਚਾਪ ਬੈਠਣ ਦੀ ਬਜਾਏ ਮੰਤਰੀਆਂ ਤੇ ਵਿਧਾਇਕਾਂ ਨੂੰ ਠੋਕਵਾਂ ਜਵਾਬ ਦਿੰਦੇ।

ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਤੇ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ

ਚੰਡੀਗੜ੍ਹ -(ਜਨ ਸ਼ਕਤੀ ਬਿਓੁਰੋ)- ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ. ਟੀ. ਵਲੋਂ ਸੋਮਵਾਰ ਨੂੰ ਇਸ ਕੇਸ 'ਚ ਵੱਡੀ ਕਾਰਵਾਈ ਕਰਦੇ ਹੋਏ ਆਈ. ਜੀ. ਪਰਮਰਾਜ ਸਿੰਘ ਉਮਰਾ ਨੰਗਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਪਰੰਤ ਐੱਸ. ਆਈ. ਟੀ. ਦੇ ਸੀਨੀਅਰ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਸਬੂਤਾਂ ਦੇ ਆਧਾਰ 'ਤੇ ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਕੀਤੀ ਗਈ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕਰ ਚੁੱਕੇ ਹਨ ਕਿ ਪਰਮਰਾਜ ਉਮਰਾਨੰਗਲ ਦੀ ਅਗਵਾਈ 'ਚ ਹੀ ਇਹ ਗੋਲੀ ਚੱਲੀ ਸੀ, ਜਿਸ ਵਿਚ ਦੋ ਬੇਕਸੂਰ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਆਈ. ਜੀ. ਉਮਰਾਨੰਗਲ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋਂ ਉਨ੍ਹਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ। 
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਾਂਚ ਵਿਚ ਪੁਲਸ ਦੇ ਇਹ ਤੱਥ ਵੀ ਗਲਤ ਸਾਬਤ ਹੋਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਗੋਲੀ ਚਲਾਈ ਗਈ ਸੀ। ਜਦਕਿ ਬਹਿਬਲ ਕਲਾਂ ਵਿਚ ਤਾਂ ਸੰਗਤ ਸ਼ਾਂਤੀਪੂਰਨ ਢੰਗ ਰੋਸ ਪ੍ਰਦਰਸ਼ਨ ਕਰ ਰਹੀ ਸੀ, ਜਿਨ੍ਹਾਂ ਨੂੰ ਜਾਣ ਬੁੱਝ ਕੇ ਭੜਕਾਇਆ ਗਿਆ ਸੀ। 
ਅੱਗੇ ਬੋਲਦੇ ਹੋਏ ਕੁੰਵਰ ਪ੍ਰਤਾਪ ਨੇ ਕਿਹਾ ਕਿ ਗੋਲੀ ਕਿਸ ਨੇ ਚਲਵਾਈ ਅਤੇ ਚਲਾਈ ਸੀ, ਜਲਦ ਹੀ ਇਸ ਬਾਰੇ ਵੱਡਾ ਖੁਲਾਸਾ ਕੀਤਾ ਜਾਵੇਗਾ। ਐੱਸ. ਆਈ. ਟੀ. ਇਸ ਮਾਮਲੇ 'ਚ ਹਰ ਪਹਿਲੂ 'ਤੇ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆ ਨਾਲ ਦੁੱਖ ਸਾਂਝਾ

ਸ੍ਰੀ ਆਨੰਦਪੁਰ ਸਾਹਿਬ (ਰੋਪੜ), 17 ਫਰਵਰੀ: ( ਗੁਰਵਿੰਦਰ ਸਿੰਘ) ਬੀਤੇ ਦਿਨੀਂ ਪੁਲਵਾਮਾ ਵਿੱਚ ਸੀ ਆਰ ਪੀ ਐਫ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਨੇੜਲੇ ਪਿੰਡ ਰੌਲੀ ਦੇ ਸ਼ਹੀਦ ਹੋਏ ਸਿਪਾਹੀ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਦੇ ਘਰ ਪੁੱਜੇ ਅਤੇ ਉਨ੍ਹਾਂ ਨੇ ਸਥਾਨਕ ਸਕੂਲ ਅਤੇ ਪਿੰਡ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸੰਪਰਕ ਸੜਕ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ |  ਸ਼ਹੀਦ ਦੇ ਪਿਤਾ ਦਰਸ਼ਨ ਸਿੰਘ, ਮਾਤਾ, ਦਾਦਾ ਜੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਮਾਪਿਆ ਨੂੰ 10,000  ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਪੈਨਸ਼ਨ ਦੇਵੇਗੀ ਕਿਉਾਕਿ ਉਨ੍ਹਾਂ ਦੇ ਕੋਈ ਹੋਰ ਧੀ-ਪੁੱਤ ਨਹੀਂ ਹੈ ਅਤੇ ਸ਼ਹੀਦ ਅਜੇ ਅਣਵਿਆਹਿਆ ਸੀ | ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇ ਇਵਜ ਵਿੱਚ ਦਿੱਤੀ ਜਾਵੇਗੀ ਜੋ ਕਿ 7 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਜ਼ਮੀਨ ਦੇ ਇਵਜ਼ ਵਿੱਚ ਪੰਜ ਲੱਖ ਰੁਪਏ ਨਕਦ ਤੋਂ ਵੱਖਰੀ ਹੋਵੇਗੀ |  ਬੁਲਾਰੇ ਨੇ ਦੱਸਿਆ ਕਿ ਇਹ ਪੈਨਸ਼ਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਮੁਹੱਈਆ ਕਰਵਾਏਗਾ ਜਿਸ ਸੰਬੰਧੀ ਏਜੰਡਾ ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ |  ਮੁੱਖ ਮੰਤਰੀ ਨੇ ਸਰਹੱਦ ਪਾਰੋਂ ਕੀਤੀ ਜਾ ਰਹੀ ਸਿਰਫਿਰੀ ਹਿੰਸਾ ਦੇ ਸਬੰਧ ਵਿੱਚ ਦੁੱਖ ਪ੍ਰਗਟ ਕੀਤਾ ਜੋ ਹਰ ਦਿਨ ਸਾਡੇ ਅਨੇਕਾਂ ਫੌਜੀਆਂ ਦੀ ਜਾਨ ਲੈ ਰਹੀ ਹੈ | ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਕਤਰ ਹੋਏ ਪੱਤਰਕਾਰਾਂ ਦੇ ਕਿਸੇ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਇਸ ਸੰਕਟ ਅਤੇ ਦੁੱਖ ਦੀ ਘੜੀ ਪੀੜਤ ਪਰਿਵਾਰਾਂ ਨਾਲ ਹੈ | 

                ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਨਾਲ ਸ਼ਹੀਦ ਦੇ ਘਰ ਪਹੁੰਚੇ ਮੁੱਖ ਮੰਤਰੀ ਨੇ ਦੇਸ਼ ਦੇ ਲਈ ਸੇਵਾ ਨਿਭਾਉਂਦੇ ਹੋਏ ਆਪਣਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੀ ਸਰਕਾਰ ਵੱਲੋਂ ਹਰ ਸਹਾਇਤਾ ਦੇਣ ਦਾ ਐਲਾਨ ਕੀਤਾ |  ਇਸ ਤੋਂ ਪਹਿਲਾਂ ਮੁਹਾਲੀ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਦੇਵੇਗੀ | ਉਨ੍ਹਾਂ ਕਿਹਾ ਕਿ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਨੂੰ ਵੱਖ-ਵੱਖ ਸੂਬਿਆਂ ਵਿੱਚ ਨਿਸ਼ਾਨਾ ਬਣਾਉਣ ਅਤੇ ਪ੍ਰੇਸ਼ਾਨ ਕਰਨ ਦੀਆਂ ਆ ਰਹੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਪੁਲਿਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |  ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਨੇ ਸੂਬੇ ਵਿੱਚ ਫਿਰਕੂ ਨਫ਼ਰਤ ਅਤੇ ਸਦਭਾਵਨਾਹੀਣ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਨੂੰ ਧਰਮ ਦੇ ਨਾਂ 'ਤੇ ਫੁੱਟ ਪਾਉਣ ਵਾਲੀਆਂ ਸ਼ਕਤੀਆਂ ਦੇ ਹੱਥਾਂ ਵਿੱਚ ਨਹੀਂ ਖੇਡਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਖ਼ਤ ਜੱਦੋ-ਜਹਿਦ ਨਾਲ ਸੂਬੇ ਵਿੱਚ ਲਿਆਂਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ | 

ਸ਼ਹੀਦ ਕੁਲਵਿੰਦਰ ਸਿੰਘ ਨੂੰ ਰੋਲੀ ਵਿਚ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ.

ਸਰਕਾਰੀ ਸਨਮਾਨ ਨਾਲ ਹੋਇਆ ਸ਼ਹੀਦ ਦਾ ਅੰਤਿਮ ਸੰਸਕਾਰ.

ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਸ਼ਹੀਦ ਦੀ ਯਾਦਗਾਰ ਬਣਾਉਣ ਦਾ ਕੀਤਾ ਐਲਾਨ.

ਨੂਰਪੁਰ ਬੇਦੀ ਰਿਹਾ ਮੁਕੰਮਲ ਬੰਦ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ.

ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ, ਆਈ ਜੀ, ਪੁਲਿਸ ਮਨੀਸ਼ ਚਾਵਲਾ ਤੇ ਡੀ ਆਈ ਜੀ ਅਜੇ ਕੁਮਾਰ ਨੇਗੀ ਨੇ ਵੀ ਸ਼ਰਧਾ ਦੇ ਫੁੱਲ ਕੀਤੇ ਭੇਂਟ.

ਨੂਰਪੁਰ ਬੇਦੀ 16 ਫਰਵਰੀ (ਗੁਰਵਿੰਦਰ ਸਿੰਘ)   ਜੰਮੂ ਕਸ਼ਮੀਰ ਵਿਚ ਬੀਤੇ ਦਿਨ ਸ਼ਹੀਦ ਹੋਏ ਨੂਰਪੁਰ ਬੇਦੀ ਨੇੜਲੇ ਪਿੰਡ ਰੋਲੀ ਦੇ ਜਵਾਨ ਸ਼ਹੀਦ ਕੁਲਵਿੰਦਰ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਧਾਇਗੀ ਦਿੱਤੀ ਗਈ. ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ. ਸੋਗ ਵਜੋਂ ਸਮੁੱਚੇ ਨੂਰਪੁਰ ਬੇਦੀ ਖੇਤਰ ਦੇ ਵਪਾਰਕ ਅਦਾਰੇ ਬੰਦ ਰਹੇ. ਸੀ ਆਰ ਪੀ ਐਫ ਦੀ 84ਵੀਂ ਬਟਾਲਿਅਨ ਵਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ. ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਇਸ ਮੋਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਸ਼ਹੀਦ ਦੀ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ.  ਅੱਜ ਸ਼ਹੀਦ ਕੁਲਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼ਹੀਦ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਅਤੇ ਕਿਹਾ ਕਿ ਹੁਣ ਚੁੱਪ ਰਹਿਣ ਦਾ ਨਹੀਂ ਸਗੋਂ ਕੁੱਝ ਕਰਨ ਦਾ ਸਮਾਂ ਆ ਗਿਆ ਹੈ. ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਕਾਰ ਅਤੇ ਸੁਰੱਖਿਆ ਬੱਲਾਂ ਦਾ ਸਮਰਥਨ ਕਰ ਰਹੀਆਂ ਹਨ. ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸਮਾਂ ਆ ਗਿਆ ਹੈ.  ਉਹਨਾਂ ਨੇ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਸਾਡਾ ਅਨਮੋਲ ਹੀਰਾ ਹੈ ਅਤੇ ਅਸੀਂ ਆਪਣੇ ਬਹੁਤ ਸਾਰੇ ਅਨਮੋਲ ਹੀਰੇ ਗਵਾਅ ਲਏ ਹਨ. ਉਹਨਾਂ ਕਿਹਾ ਕਿ ਅਸੀਂ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦਗਾਰ ਬਣਾਵਾਗੇ ਅਤੇ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸ਼ਹੀਦ ਲਈ ਐਲਾਨ ਕੀਤੇ ਗਏ ਹਨ. ਇਸ ਮੋਕੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਵੀ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ. ਸੀ ਆਰ ਪੀ ਐਫ ਦੀ 84ਵੀਂ ਬਟਾਲਿਅਨ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ. ਅੱਜ ਇਸ ਗੰਮਗੀਣ ਮਾਹੌਲ ਦੋਰਾਨ ਲੋਕਾਂ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ. ਇਸ ਮੋਕ ਜਿਥੇ ਇਸ ਇਲਾਕੇ ਦੇ ਹਜ਼ਾਰਾਂ ਲੋਕ ਹਾਜ਼ਰ ਸਨ ਉਥੇ ਬਹੁਤ ਸਾਰੇ ਆਗੂ ਵੀ ਸ਼ਹੀਦ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨ ਲਈ ਉਚੇਚ ਤੋਰ ਤੇ ਪੁੱਜੇ ਹੋਏ ਸਨ. ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ ਸ.ਹਰਬੰਸ ਸਿੰਘ ਅਤੇ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਵਲੋਂ ਰੋਲੀ ਨੂਰਪੁਰ ਬੇਦੀ ਵਿੱਚ ਵਿਸੇਸ਼ ਪ੍ਰਬੰਧਾਂ ਤੇ ਨਜਰ ਰੱਖੀ ਹੌਈ ਸੀ.

ਪਾਕਿਸਤਾਨ ਨਾਲ ਗੱਲਬਾਤ ਦਾ ਵੇਲਾ ਲੰਘਿਆ: ਕੈਪਟਨ

ਚੰਡੀਗੜ੍ਹ, 15 ਫਰਵਰੀ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਕੀਤੇ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੁਸ਼ਮਣਾਂ ਨੂੰ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਵੇਲਾ ਲੰਘ ਚੁੱਕਾ ਹੈ ਤੇ ਪੁਲਵਾਮਾ ਹਮਲੇ ਨੇ ਗੁਆਂਢੀ ਮੁਲਕ ਦੇ ਦੋਹਰੇ ਕਿਰਦਾਰ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ।
ਵਿਧਾਨ ਸਭਾ ਵਿੱਚ ਸਦਨ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਸਦਨ ਨੂੰ ਉਠਾਉਣ ਦੀ ਮੰਗ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨ ਦਾ ਵੇਲਾ ਲੰਘ ਚੁੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਗੁਆਂਢੀ ਮੁਲਕ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ 80ਵੇਂ ਅਤੇ 90ਵੇਂ ਦਹਾਕਿਆਂ ਦੌਰਾਨ ਅਤਿਵਾਦ ਦਾ ਦੌਰ ਹੰਢਾਇਆ ਹੈ ਅਤੇ ਇਸ ਵਿਰੁੱਧ ਸਾਡੀ ਮਜ਼ਬੂਤ ਪੁਲੀਸ ਫੋਰਸ ਡਟ ਕੇ ਲੜੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਐਲਾਨ ਕੀਤਾ ਜੇਕਰ ਜਨਰਲ ਬਾਜਵਾ ਅਤੇ ਆਈਐਸਆਈ ਨੇ ਪੰਜਾਬ ਵਿੱਚ ਹੁਣ ਕੋਈ ਕੋਝੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਕੇਂਦਰ ਸਰਕਾਰ ਨੂੰ ਇਸ ਹਮਲੇ ਦਾ ਢੁਕਵਾਂ ਜਵਾਬ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲਾ ਪਾਕਿਸਤਾਨ ਸਰਕਾਰ ਦੇ ਦੂਹਰੇ ਕਿਰਦਾਰ ਦਾ ਪਰਦਾਫਾਸ਼ ਕਰਦਾ ਹੈ। ਮਤੇ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕੀਤਾ ਤੇ ਮਗਰੋਂ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਬਾਰੇ ਸਦਨ ਦੀ ਅਪੀਲ ਨੂੰ ਰਿਕਾਰਡ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਨਾਲ ਖਾਨ ਦਾ ਦੂਹਰਾ ਕਿਰਦਾਰ ਜੱਗ ਜ਼ਾਹਿਰ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਰੁਪਏ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਛੋਟਾ ਮਾਮਲਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ।

ਹਮਲੇ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਪੁਲਵਾਮਾ ਹਮਲੇ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਵੀਜ਼ਾ ਮੁਕਤ ‘ਖੁੱਲ੍ਹੇ ਦਰਸ਼ਨ ਦੀਦਾਰੇ’ ਕਰਨ ਬਾਰੇ ਆਪਣੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਅਮਨ-ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ ਤਾਂ ਇਸ ਲਈ ਪਾਕਿਸਤਾਨ ਨੂੰ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਣੀ ਪਵੇਗੀ।

ਲੁਧਿਆਣਾ ਸਮੂਹਿਕ ਜਬਰ ਜਨਾਹ-6 ਦੋਸ਼ੀ ਕਾਬੂ 

60 ਦਿਨਾਂ ਵਿੱਚ ਹੋਵੇਗੀ ਜਾਂਚ ਮੁਕੰਮਲ-ਡੀ. ਜੀ. ਪੀ. ਦਿਨਕਰ ਗੁਪਤਾ

ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ

ਲੁਧਿਆਣਾ 14 ਫਰਵਰੀ -( ਮਨਜਿੰਦਰ ਸਿੰਘ ਗਿੱਲ )—ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ. ਪੱਧਰ ਦੀ ਮਹਿਲਾ ਅਧਿਕਾਰੀ ਵੱਲੋਂ ਅਗਲੇ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਆਈ. ਪੀ. ਐੱਸ. ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਮਿਤੀ 9 ਫਰਵਰੀ ਦੀ ਰਾਤ ਨੂੰ ਪੀੜਤ ਲੜਕੀ ਅਤੇ ਉਸਦਾ ਮਿੱਤਰ ਦੋਸਤ ਪਿੰਡ ਈਸੇਵਾਲ ਨਜ਼ਦੀਕ ਆਪਣੀ ਕਾਰ ਰਾਹੀਂ ਜਾ ਰਹੇ ਸਨ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਜ਼ਬਰੀ ਘੇਰ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਪੀੜਤਾਂ ਨੂੰ ਛੱਡਣ ਲਈ ਸਾਥੀ ਲੜਕੇ ਦੇ ਮੋਬਾਈਲ ਫੋਨ ਤੋਂ ਫੋਨ ਕਰਕੇ ਉਸ ਦੇ ਦੋਸਤ ਜਸਪ੍ਰੀਤ ਸਿੰਘ ਤੋਂ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਦੌਰਾਨ ਜਸਪ੍ਰੀਤ ਸਿੰਘ ਨੇ ਪੁਲਿਸ ਸਟੇਸ਼ਨ ਦਾਖਾ ਦੇ ਏ. ਐੱਸ. ਆਈ. ਵਿਦਿਆ ਰਤਨ ਨਾਲ ਤਾਲਮੇਲ ਕੀਤਾ ਪਰ ਉਹ ਪੀੜਤਾਂ ਅਤੇ ਦੋਸ਼ੀਆਂ ਨਾਲ ਰਾਬਤਾ ਨਾ ਕਰ ਸਕੇ। ਦੋਸ਼ੀ ਮਿਤੀ 10 ਫਰਵਰੀ ਦੀ ਸਵੇਰ 2 ਵਜੇ ਪੀੜਤ ਲੜਕਾ ਲੜਕੀ ਨੂੰ ਘਟਨਾ ਸਥਾਨ ’ਤੇ ਹੀ ਛੱਡ ਕੇ ਦੌੜ ਗਏ। ਮਿਤੀ 10 ਫਰਵਰੀ ਦੀ ਸ਼ਾਮ ਨੂੰ ਪੀੜਤ ਲੜਕੀ ਅਤੇ ਉਸਦੇ ਦੋਸਤ ਨੇ ਪੁਲਿਸ ਸਟੇਸ਼ਨ ਦਾਖਾ ਵਿਖੇ ਪਹੁੰਚ ਕੇ ਰਿਪੋਰਟ ਦਰਜ ਕਰਵਾਈ ਤਾਂ ਇਸ ਮਾਮਲੇ ਵਿੱਚ ਐੱਫ. ਆਈ. ਆਰ. ਨੰਬਰ 17 ਮਿਤੀ 10-02-19 ਅਧੀਨ ਧਾਰਾ 376-ਡੀ, 384, 342 ਆਈ. ਪੀ. ਸੀ. ਦਰਜ ਕਰ ਲਈ ਗਈ। ਪੀੜਤਾ ਦਾ ਸਿਵਲ ਹਸਪਤਾਲ ਸੁਧਾਰ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਦੀ ਭਾਲ ਲਈ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਦਿਨ ਰਾਤ ਇੱਕ ਕਰਕੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਵਿੱਚ ਸਾਦਿਕ ਅਲੀ ਪੁੱਤਰ ਅਬਦੁੱਲਾ ਪਿੰਡ ਰਹਿਮਪਾ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ, ਸੁਰਮੂ ਪੁੱਤਰ ਰੋਸ਼ਨ ਦੀਨ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ, ਅਜੇ ਪੁੱਤਰ ਲਲਨ ਪਿੰਡ ਟਿੱਬਾ ਜ਼ਿਲ੍ਹਾ ਲੁਧਿਆਣਾ, ਸੈਫ ਅਲੀ ਵਾਸੀ ਟਿੱਬਾ ਜ਼ਿਲ੍ਹਾ ਲੁਧਿਆਣਾ ਅਤੇ ਇੱਕ ਨਾਬਾਲਗ ਦੋਸ਼ੀ ਜੋ ਕਿ ਬਸਤੀ ਚੰਗਰਾਂ ਕਠੂਆ ਦਾ ਰਹਿਣ ਵਾਲਾ ਹੈ, ਸ਼ਾਮਿਲ ਹਨ।  ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਆਈ. ਜੀ. ਰੋਪੜ ਸ੍ਰੀਮਤੀ ਨੀਰਜਾ ਦੀ ਨਿਗਰਾਨੀ ਵਿੱਚ ਦਾਖਾ ਦੀ ਡੀ. ਐੱਸ. ਪੀ. ਸ੍ਰੀਮਤੀ ਹਰਕੰਵਲ ਕੌਰ ਵੱਲੋਂ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰਨ ਲਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਫਾਸਟ ਟਰੈਕ ਅਦਾਲਤਾਂ ਰਾਹੀਂ ਕਰਾਉਣ ਲਈ ਮੁੱਖ ਮੰਤਰੀ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਚਾਰ ਮਹੀਨੇ ਦੇ ਵਿੱਚ-ਵਿੱਚ ਸਜ਼ਾ ਦਿਵਾਈ ਜਾ ਸਕੇ। ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਤੁਰੰਤ ਹਰਕਤ ਵਿੱਚ ਨਾ ਆਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ ਜਾਂ ਨਹੀਂ? ਸ੍ਰੀ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਪੰਜਾਬ ਪੁਲਿਸ ਵੱਲੋਂ 181 ਹੈੱਲਪਲਾਈਨ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜੇਕਰ ਜ਼ਰੂਰਤ ਪਵੇਗੀ ਤਾਂ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਰੱਖਣ ਲਈ ਢੁੱਕਵੇਂ ਪੁਲਿਸ ਸਟੇਸ਼ਨ ਆਦਿ ਵੀ ਖੋਲ੍ਹੇ ਜਾਣਗੇ। ਪੀ. ਸੀ. ਆਰ. ਅਤੇ ਰੂਰਲ ਰੈਪਿੰਡ ਰਿਸਪਾਂਸ ਸੇਵਾਵਾਂ ਨੂੰ ਹੋਰ ਕਾਰਗਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁੰਨੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਜਾਣਗੇ। ਗੁਪਤਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਅਜਿਹੇ ਅਪਰਾਧਾਂ, ਖਾਸ ਕਰਕੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਹੋਰ ਦੋਸ਼ੀ ਵੀ ਸਾਹਮਣੇ ਆਉਣਗੇ ਤਾਂ ਉਹ ਵੀ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਡੀ. ਆਈ. ਜੀ. ਲੁਧਿਆਣਾ ਰੇਂਜ  ਰਣਧੀਰ ਸਿੰਘ ਖੱਟੜਾ, ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਪੁਲਿਸ ਮੁੱਖੀ ਖੰਨਾ ਧਰੁਵ ਦਹਿਆ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਗੁਰਪ੍ਰਤਾਪ ਸਿੰਘ ਰਿਆੜ ਅਕਾਲੀ ਦਲ (ਟਕਸਾਲੀ) ’ਚ ਸ਼ਾਮਲ

ਚੰਡੀਗੜ੍ਹ, 13 ਫਰਵਰੀ - ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ 26 ਸਾਲਾਂ ਤੋਂ ਜੁੜੇ ਰਹੇ ਗੁਰਪ੍ਰਤਾਪ ਸਿੰਘ ਰਿਆੜ ਅੱਜ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ, ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ, ਸਾਬਕਾ ਉਪ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਸ੍ਰੀ ਰਿਆੜ ਨੂੰ ਰਸਮੀ ਤੌਰ ’ਤੇ ਪਾਰਟੀ ਵਿਚ ਸ਼ਾਮਲ ਕੀਤਾ। ਸ੍ਰੀ ਰਿਆੜ ਨਾਲ ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਮਹਿੰਦਰ ਸਿੰਘ, ਉਜਾਗਰ ਸਿੰਘ ਮੋਹੀ, ਹਰਪਾਲ ਸਿੰਘ ਬਬਲਾ ਆਦਿ ਵੀ ਟਕਸਾਲੀ ਦਲ ਵਿਚ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਸ੍ਰੀ ਰਿਆੜ ਲੰਮਾਂ ਸਮਾਂ ਬਾਦਲ ਅਕਾਲੀ ਦਲ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ, ਸੂਬਾ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹ ਚੰਡੀਗੜ੍ਹ ਦੇ ਗੁਰਦੁਆਰਿਆਂ ਦੀ ਤਾਲਮੇਲ ਕਮੇਟੀ ਦੇ ਵੀ ਚੇਅਰਮੈਨ ਹਨ। ਇਸ ਮੌਕੇ ਸ੍ਰੀ ਰਿਆੜ ਨੇ ਐਲਾਨ ਕੀਤਾ ਕਿ ਉਹ 15 ਦਿਨਾਂ ਵਿਚ ਵੱਡਾ ਇਕੱਠ ਕਰਕੇ ਚੰਡੀਗੜ੍ਹ ਵਿਚ ਅਕਾਲੀ ਦਲ ਟਕਸਾਲੀ ਦੀਆਂ ਸਰਗਰਮੀਆਂ ਵਿੱਢ ਦੇਣਗੇ। ਦੱਸਣਯੋਗ ਹੈ ਕਿ ਹੁਣ ਅਕਾਲੀ ਦਲ ਬਾਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਹਨ ਤੇ ਅਕਾਲੀ ਦਲ ਚੰਡੀਗੜ੍ਹ ਵਿਚ ਭਾਜਪਾ ਨਾਲ ਗੱਠਜੋੜ ਕਰਕੇ ਸਾਰੀਆਂ ਚੋਣਾਂ ਲੜਦਾ ਆ ਰਿਹਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜਣ ਬਾਰੇ ਫੈਸਲਾ ਨਹੀਂ ਕੀਤਾ। ਉਨ੍ਹਾਂ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਹਾਰ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਉਨ੍ਹਾਂ ਹਾਰ ਦੇ ਕਰਨਾਂ ਦੀ ਪੜਚੌਲ ਕਰਨ ਦਾ ਮੁੱਦਾ ਉਠਾਇਆ ਸੀ ਅਤੇ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਹੀ ਹਾਰ ਦੇ ਕਾਰਨ ਦੱਸਣ ਲਈ ਕਿਹਾ ਸੀ। ਸ੍ਰੀ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਮੀਟਿੰਗ ਵਿਚ ਸਾਫ ਕਿਹਾ ਸੀ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ‘ਕੰਪਨੀ’ ਦੀਆਂ ਕਥਿਤ ਆਪਹੁੱਦਰੀਆਂ ਕਾਰਨ ਪਾਰਟੀ ਬਦਨਾਮ ਹੋਣ ਕਾਰਨ ਹਾਰੀ ਹੈ। ਸ੍ਰੀ ਬ੍ਰਹਮਪੁਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਸੀ ਤਾਂ ਉਹ (ਸੁਖਬੀਰ) ਭੁੱਬਾਂ ਮਾਰਕੇ ਮੀਟਿੰਗ ਵਿਚੋਂ ਜਾਣ ਲੱਗਾ ਸੀ ਅਤੇ ਉਸ ਨੂੰ ਹੋਰ ਲੀਡਰਾਂ ਨੇ ਫੜ ਕੇ ਬਿਠਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਥਿਤ ਤੌਰ ’ਤੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਵਿਚ ਬੁਲਾ ਕੇ ਰਾਮ ਰਹੀਮ ਨੂੰ ਬਿਨਾਂ ਮੰਗੇ ਹੀ ਮੁਆਫੀ ਕਰ ਦੇਣ ਲਈ ਮਜਬੂਰ ਕੀਤਾ ਸੀ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲਿਆਂ ਸਮੇਤ ਬਰਗਾੜੀ ਗੋਲੀ ਕਾਂਡ ਲਈ ਵੀ ਬਾਦਲ ਹੀ ਕਥਿਤ ਤੌਰ ’ਤੇ ਜ਼ਿਮੇਵਾਰ ਹਨ। ਸ੍ਰੀ ਬ੍ਰਹਮਪੁਰਾ ਨੇ ਇਸ ਮੌਕੇ ਬੀਰਦਵਿੰਦਰ ਸਿੰਘ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ।

 

ਪਾਕਿਸਤਾਨ ਵੱਲੋਂ ਭਾਰਤੀ ਨਾਗਰਿਕ ਬੀਐੱਸਐੱਫ ਦੇ ਸਪੁਰਦ

ਅਟਾਰੀ, 13 ਫਰਵਰੀ  ਭਾਰਤ-ਪਾਕਿਸਤਾਨ ਸਰਹੱਦ ਨੂੰ ਗ਼ਲਤੀ ਨਾਲ ਪਾਰ ਕਰ ਕੇ ਪਾਕਿਸਤਾਨੀ ਖੇਤਰ ਵਿੱਚ ਦਾਖ਼ਲ ਹੋਏ ਇੱਕ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਬਾਅਦ ਪਾਕਿਸਤਾਨ ਰੇਂਜਰਜ਼ ਅਧਿਕਾਰੀ ਵੱਲੋਂ ਵਾਹਗਾ-ਅਟਾਰੀ ਸਰਹੱਦ ਰਸਤੇ ਰਾਹੀਂ ਬੀਐੱਸਐੱਫ ਦੇ ਹਵਾਲੇ ਕੀਤਾ ਗਿਆ। ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਜ਼ਲ ਨੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਐੱਮਐੱਮ ਮਲਿਕ 14 ਬਟਾਲੀਅਨ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਵਤਨ ਪਰਤਿਆ ਬਿਮਲ ਮਿਰਜ਼ਾ ਅਸਾਮ ਦਾ ਰਹਿਣ ਵਾਲਾ ਹੈ, ਜੋ ਅਗਸਤ 2018 ਵਿੱਚ ਖੇਮਕਰਨ ਤੋਂ ਗ਼ਲਤੀ ਨਾਲ ਸਰੱਹਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖ਼ਲ ਹੋ ਗਿਆ ਸੀ ਤੇ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਕਤਲ ਕਰਕੇ ਤੂੜੀ ਵਾਲੇ ਕੋਠੇ ’ਚ ਦੱਬੀ ਨੂੰਹ ਦੀ ਲਾਸ਼

ਲਹਿਰਾਗਾਗਾ, 13 ਫਰਵਰੀ - ਪਿੰਡ ਨੰਗਲਾ ਵਿਚ ਨਵ-ਵਿਆਹੁਤਾ ਨੂੰ ਕਤਲ ਕਰ ਕੇ ਤੂੜੀ ਵਾਲੇ ਕੋਠੇ ਵਿਚ ਦੱਬ ਦਿੱਤਾ ਗਿਆ। ਲਹਿਰਾਗਾਗਾ ਪੁਲੀਸ ਨੇ ਮ੍ਰਿਤਕਾ ਸੁਖਦੀਪ ਕੌਰ ਦੇ ਭਰਾ ਦੀ ਸ਼ਿਕਾਇਤ ’ਤੇ ਪਤੀ, ਸਹੁਰੇ, ਸੱਸ ਤੇ ਦਿਓਰ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਭੁਟਾਲ ਕਲਾਂ (ਲਹਿਰਾਗਾਗਾ) ਦੀ ਲੜਕੀ ਸੁਖਦੀਪ ਕੌਰ (24) ਨੇ ਨਰਸਿੰਗ ਕੀਤੀ ਹੋਈ ਸੀ। ਉਹ ਟੋਹਾਣਾ ਦੇ ਇਕ ਨਰਸਿੰਗ ਹੋਮ ਵਿਚ ਕੰਮ ਕਰਦੀ ਰਹੀ ਹੈ। ਕਰੀਬ ਤਿੰਨ ਵਰ੍ਹੇ ਪਹਿਲਾਂ ਸੁਖਦੀਪ ਕੌਰ ਦਾ ਵਿਆਹ ਲਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨੰਗਲਾ ਨਾਲ ਹੋਇਆ ਸੀ। ਧੀ ਵਾਲਿਆਂ ਨੇ ਵਿਆਹ ’ਤੇ ਕਰੀਬ 15 ਲੱਖ ਰੁਪਏ ਖ਼ਰਚ ਕੀਤੇ ਸਨ। ਸੁਖਦੀਪ ਦਾ ਡੇਢ ਸਾਲ ਦਾ ਪੁੱਤ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਮਗਰੋਂ ਦੋਵਾਂ ਪਰਿਵਾਰਾਂ ’ਚ ਕੁਝ ਝਗੜਾ ਹੋਇਆ ਸੀ। ਸਹੁਰਾ ਪਰਿਵਾਰ ਨੇ ਸੁਖਦੀਪ ਕੌਰ ਨੂੰ ਕਥਿਤ ਤੌਰ ’ਤੇ ਕਤਲ ਕਰ ਕੇ ਲਾਸ਼ ਤੂੜੀ ਵਾਲੇ ਕੋਠੇ ਵਿਚ ਦੱਬਣ ਮਗਰੋਂ 10 ਜਨਵਰੀ ਨੂੰ ਉਸ ਦੇ ਘਰੋਂ ਗਾਇਬ ਹੋਣ ਦਾ ਰੌਲਾ ਪਾ ਦਿੱਤਾ। ਪੇਕਾ ਪਰਿਵਾਰ ਵੀ ਉਨ੍ਹਾਂ ਨਾਲ ਸੁਖਦੀਪ ਕੌਰ ਨੂੰ ਲੱਭਦਾ ਰਿਹਾ। ਅੱਜ ਲਾਸ਼ ਮਿਲਣ ਵੇਲੇ ਕਰੀਬ 250-300 ਵਿਅਕਤੀ ਪਿੰਡ ਭੁਟਾਲ ਕਲਾਂ ਤੋਂ ਨੰਗਲਾ ਪੁੱਜੇ ਹੋਏ ਸਨ।
ਇਸ ਕੇਸ ਦੀ ਜਾਂਚ ਥਾਣਾ ਮੁਖੀ ਇੰਸਪੈਕਟਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਸੇਬੂ ਪੁੱਤਰ ਦਰਸ਼ਨ ਸਿੰਘ ਵਾਸੀ ਭੁਟਾਲ ਕਲਾਂ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਲਵਪ੍ਰੀਤ ਸਿੰਘ ਲਵਲੀ, ਸਹੁਰੇ ਕਰਮਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਸੱਸ ਸਤਵੀਰ ਕੌਰ ਤੇ ਦਿਓਰ ਸੁਮਨਪ੍ਰੀਤ ਸਿੰਘ ਸੋਨੀ ਵਾਸੀਆਨ ਨੰਗਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 302, 120 ਬੀ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਘਰ ਦੇ ਤੂੜੀ ਵਾਲੇ ਕੋਠੇ ’ਚੋਂ ਲਾਸ਼ ਕੱਢ ਕੇ ਪੋਸਟਮਾਟਰਮ ਲਈ ਭੇਜ ਦਿੱਤੀ ਹੈ।