ਲਹਿਰਾਗਾਗਾ, 13 ਫਰਵਰੀ - ਪਿੰਡ ਨੰਗਲਾ ਵਿਚ ਨਵ-ਵਿਆਹੁਤਾ ਨੂੰ ਕਤਲ ਕਰ ਕੇ ਤੂੜੀ ਵਾਲੇ ਕੋਠੇ ਵਿਚ ਦੱਬ ਦਿੱਤਾ ਗਿਆ। ਲਹਿਰਾਗਾਗਾ ਪੁਲੀਸ ਨੇ ਮ੍ਰਿਤਕਾ ਸੁਖਦੀਪ ਕੌਰ ਦੇ ਭਰਾ ਦੀ ਸ਼ਿਕਾਇਤ ’ਤੇ ਪਤੀ, ਸਹੁਰੇ, ਸੱਸ ਤੇ ਦਿਓਰ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਭੁਟਾਲ ਕਲਾਂ (ਲਹਿਰਾਗਾਗਾ) ਦੀ ਲੜਕੀ ਸੁਖਦੀਪ ਕੌਰ (24) ਨੇ ਨਰਸਿੰਗ ਕੀਤੀ ਹੋਈ ਸੀ। ਉਹ ਟੋਹਾਣਾ ਦੇ ਇਕ ਨਰਸਿੰਗ ਹੋਮ ਵਿਚ ਕੰਮ ਕਰਦੀ ਰਹੀ ਹੈ। ਕਰੀਬ ਤਿੰਨ ਵਰ੍ਹੇ ਪਹਿਲਾਂ ਸੁਖਦੀਪ ਕੌਰ ਦਾ ਵਿਆਹ ਲਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨੰਗਲਾ ਨਾਲ ਹੋਇਆ ਸੀ। ਧੀ ਵਾਲਿਆਂ ਨੇ ਵਿਆਹ ’ਤੇ ਕਰੀਬ 15 ਲੱਖ ਰੁਪਏ ਖ਼ਰਚ ਕੀਤੇ ਸਨ। ਸੁਖਦੀਪ ਦਾ ਡੇਢ ਸਾਲ ਦਾ ਪੁੱਤ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਮਗਰੋਂ ਦੋਵਾਂ ਪਰਿਵਾਰਾਂ ’ਚ ਕੁਝ ਝਗੜਾ ਹੋਇਆ ਸੀ। ਸਹੁਰਾ ਪਰਿਵਾਰ ਨੇ ਸੁਖਦੀਪ ਕੌਰ ਨੂੰ ਕਥਿਤ ਤੌਰ ’ਤੇ ਕਤਲ ਕਰ ਕੇ ਲਾਸ਼ ਤੂੜੀ ਵਾਲੇ ਕੋਠੇ ਵਿਚ ਦੱਬਣ ਮਗਰੋਂ 10 ਜਨਵਰੀ ਨੂੰ ਉਸ ਦੇ ਘਰੋਂ ਗਾਇਬ ਹੋਣ ਦਾ ਰੌਲਾ ਪਾ ਦਿੱਤਾ। ਪੇਕਾ ਪਰਿਵਾਰ ਵੀ ਉਨ੍ਹਾਂ ਨਾਲ ਸੁਖਦੀਪ ਕੌਰ ਨੂੰ ਲੱਭਦਾ ਰਿਹਾ। ਅੱਜ ਲਾਸ਼ ਮਿਲਣ ਵੇਲੇ ਕਰੀਬ 250-300 ਵਿਅਕਤੀ ਪਿੰਡ ਭੁਟਾਲ ਕਲਾਂ ਤੋਂ ਨੰਗਲਾ ਪੁੱਜੇ ਹੋਏ ਸਨ।
ਇਸ ਕੇਸ ਦੀ ਜਾਂਚ ਥਾਣਾ ਮੁਖੀ ਇੰਸਪੈਕਟਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਸੇਬੂ ਪੁੱਤਰ ਦਰਸ਼ਨ ਸਿੰਘ ਵਾਸੀ ਭੁਟਾਲ ਕਲਾਂ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਲਵਪ੍ਰੀਤ ਸਿੰਘ ਲਵਲੀ, ਸਹੁਰੇ ਕਰਮਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਸੱਸ ਸਤਵੀਰ ਕੌਰ ਤੇ ਦਿਓਰ ਸੁਮਨਪ੍ਰੀਤ ਸਿੰਘ ਸੋਨੀ ਵਾਸੀਆਨ ਨੰਗਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 302, 120 ਬੀ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਘਰ ਦੇ ਤੂੜੀ ਵਾਲੇ ਕੋਠੇ ’ਚੋਂ ਲਾਸ਼ ਕੱਢ ਕੇ ਪੋਸਟਮਾਟਰਮ ਲਈ ਭੇਜ ਦਿੱਤੀ ਹੈ।