You are here

ਬਰਸੀ ਤੇ ਵਿਸ਼ੇਸ਼

  ਕੀਰਤਨ ਦੇ ਧਨੀ ਤੇ ਬ੍ਰਹਮ-ਗਿਆਨੀ ਸਨ:
                 ਸੰਤ ਹਰਨਾਮ ਸਿੰਘ ਰੋਡੇ ਵਾਲੇ
            ਸੰਤ ਹਰਨਾਮ ਸਿੰਘ ਦਾ ਜਨਮ 1898 ਈ: ਨੂੰ ਪਿਤਾ ਸ੍ਰ: ਹਰਵੰਦ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿੰਡ ਰੋਡੇ, ਨੇੜੇ ਰੰਗਪੁਰ, ਤਹਿਸੀਲ ਖੁਸ਼ਾਬ ਜ਼ਿਲ੍ਹਾ ਸਰਗੋਧਾ ਪਾਕਿਸਤਾਨ ਵਿਖੇ ਹੋਇਆ। ਉਹਨਾਂ ਸਮੇਤ ਤਿੰਨ ਭਰਾ ਅਜਾਇਬ ਸਿੰਘ, ਹਰਨਾਮ ਸਿੰਘ ਤੇ ਮੋਹਕਮ ਸਿੰਘ ਹਨ। ਉਹਨਾਂ ਨੇ ਬਾਰ੍ਹਵੀਂ ਜਮਾਤ ਤੱਕ ਸਕੂਲੀ ਵਿੱਦਿਆ ਖ਼ਾਲਸਾ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਆਪ ਦੇ ਪਿਤਾ ਜੀ ਆੜ੍ਹਤੀ ਸਨ। ਪਿਤਾ ਜੀ ਨੇ ਆਪ ਨੂੰ ਕਿਹਾ ਕਿ ਘਰ ਦੇ ਕੰਮਾਂ ਵਿੱਚ ਹੱਥ ਵਟਾਇਆ ਕਰ। ਆਪ ਨੂੰ ਆੜ੍ਹਤ ਦੀ ਦੁਕਾਨ ’ਤੇ ਬਿਠਾ ਦਿੱਤਾ, ਆਪ ਨੇ ਪਿਤਾ ਜੀ ਨੂੰ ਸਾਫ਼ ਤੌਰ ’ਤੇ ਕਹਿ ਦਿੱਤਾ ਕਿ ਜਿਸ ਵਿਅਕਤੀ ਨੇ ਜਿੰਨੇ ਪੈਸੇ ਮੰਗੇ, ਮੈਂ ਦੇ ਦਿਆਂਗਾ। ਹਿਸਾਬ-ਕਿਤਾਬ ਰੱਖਣਾ ਮੇਰੇ ਵੱਸ ’ਚ ਨਹੀਂ ਹੈ। ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਸ੍ਰ: ਹਰਵੰਦ ਸਿੰਘ ਨੇ ਹਰਨਾਮ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਕੰਮ ਦਾ ਨਹੀਂ ਹੈ। ਉਸ ਤੋਂ ਬਾਅਦ ਆਪ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਆਪ ਦਾ ਵਿਆਹ ਜੈ ਕੌਰ ਨਾਲ ਹੋਇਆ। ਆਪ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ।
 ‌     ‌ ਸੰਨ 1921 ਈ: ਵਿੱਚ ਹੋਲੇ-ਮਹੱਲੇ ’ਤੇ ਸ਼੍ਰੀ ਅਨੰਦਪੁਰ ਸਾਹਿਬ ਆਏ। ਇੱਥੇ ਆ ਕੇ ਉਹਨਾਂ ਪ੍ਰਬੰਧਕਾਂ ਤੋਂ ਪੁੱਛਿਆ ਕਿ ਅਕਾਲਗੜ੍ਹ ਨਜ਼ਦੀਕ ਨਵਾਂ ਸ਼ਹਿਰ ਵਿਖੇ ਰਾਤ ਨੂੰ ਕੀਰਤਨ ਹੁੰਦਾ ਹੈ। ਸੰਤ ਹਰਨਾਮ ਸਿੰਘ ਕੁਝ ਸਮਾਂ ਇੱਥੇ ਰਹੇ, ਆਪਣੇ ਪਿੰਡ ਰੰਗਪੁਰ ਵੀ ਜਾਂਦੇ। ਗੇੜਾ (ਚੱਕਰ) ਲਾ ਕੇ ਫਿਰ ਆ ਜਾਂਦੇ। ਪਿੰਡ ਰੰਗਪੁਰ ਵਿੱਚ ਛੋਟਾ ਜਿਹਾ ਗੁਰਦਆਰਾ ਸੀ, ਸੰਗਤ ਵੀ ਸੀਮਿਤ ਜਿਹੀ ਹੀ ਆਉਂਦੀ ਸੀ। ਗੁਰਦੁਆਰਾ ਸਾਹਿਬ ਦਾ ਗੇਟ ਪਹਿਲਾਂ ਲੱਕੜ ਦਾ ਸੀ। ਸੰਤ ਹਰਨਾਮ ਸਿੰਘ ਨੇ 1935-1936 ਈ: ਵਿੱਚ ਜਾਂਦਿਆਂ ਹੀ ਲੋਹੇ ਦਾ ਗੇਟ ਬਣਾਇਆ ਤੇ ਬਾਕੀ ਦੇ ਸਾਰੇ ਗੇਟ (ਦਰਵਾਜ਼ੇ) ਬੰਦ ਕਰਵਾ ਦਿੱਤੇ। ਸੰਤ ਜੀ ਨੇ ਪੰਜ-ਛੇ ਕਨਾਲਾਂ ਵਿੱਚ ਬਹੁਤ ਸੁੰਦਰ ਗੁਰਦੁਆਰਾ ਤਿਆਰ ਕਰਵਾਇਆ। ਸੰਤ ਜੀ ਦੀ ਸਾਰੇ ਪਾਸੇ ਵਾਹ-ਵਾਹ ਹੋਣ ਲੱਗ ਪਈ। ਗੁਰਦੁਆਰਾ ਸਾਹਿਬ ਦੀ ਕਾਰ-ਸੇਵਾ ਇੱਕ ਮਿੰਟ ਲਈ ਵੀ ਬੰਦ ਨਹੀਂ ਹੋਈ। ਸੱਤ ਮਿਸਤਰੀ ਤੇ ਕਈ ਸਿੰਘ ਵਾਰੀ-ਵਾਰੀ ਮਜ਼ਦੂਰੀ ਦੀ ਸੇਵਾ ਕਰਦੇ ਰਹੇ। ਸੰਤ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ-ਸ਼ਾਮ ਗੁਰਬਾਣੀ ਦਾ ਅਥਾਹ ਪ੍ਰਵਾਹ ਚਲਾਇਆ। ਗੁਰਦੁਆਰੇ ਵਿੱਚ ਸੰਤ ਹਰਨਾਮ ਸਿੰਘ ਜੀ ਨੌਜਵਾਨ ਬੱਚੇ-ਬੱਚੀਆਂ, ਔਰਤਾਂ ਤੇ ਮਰਦਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਂਦੇ ਸਨ। ਸੰਤ ਜੀ ਨੇ ਅਣਗਿਣਤ ਹੀ ਮਰਦ ਤੇ ਔਰਤਾਂ ਅਖੰਡ-ਪਾਠੀ ਬਣਾਏ। ਇੱਕ ਬੀਬੀ ਸੰਤ ਜੀ ਦੇ ਨਾਲ ਰਹਿਣ ਕਰਕੇ ਸੰਤ ਬਣ ਗਈ। ਉਸ ਦਾ ਜੀਵਨ ਉੱਚਾ ਹੋਣ ਕਰਕੇ ਉਸਨੇ ਅੱਜ ਤੱਕ ਗ੍ਰਹਿਸਤ ਜੀਵਨ ਧਾਰਨ ਨਹੀਂ ਕੀਤਾ।  
   ‌‌    ‌      ਸੰਤ ਹਰਨਾਮ ਸਿੰਘ ਰੋਜ਼ਾਨਾ 36 ਬਾਣੀਆਂ ਦਾ ਪਾਠ ਕਰਦੇ ਸਨ। ਸੁੱਖਾਂ ਦੀ ਮਨੀ ਸੁਖਮਨੀ ਸਾਹਿਬ ਦਾ ਪਾਠ ਗਲਾਸ ਤੇ ਕੜਾ ਵਜਾ ਕੇ ਕੀਰਤਨ ਆਪ ਖ਼ੁਦ ਕਰਦੇ ਤੇ ਸਾਰੀ ਸੰਗਤ ਨੂੰ ਵੀ ਕਰਵਾਉਂਦੇ ਸਨ। ਸੰਨ 1937 ਈ: ਸੰਤ ਜੀ ਨੇ ਰੰਗਪੁਰ ਇਲਾਕੇ ਦੇ ਲੋਕਾਂ ਨੂੰ ਕਿਹਾ ‘‘ਕਿ ਤੁਸੀਂ ਇੱਥੋਂ ਉੱਠ ਜਾਉ, ਇਹ ਉੱਜੜ ਜਾਣਾ ਹੈ। ਤੁਸੀਂ ਇੱਥੋਂ ਤਿਆਰੀ ਕਰ ਲਉ।’’ ਸਾਰੇ ਲੋਕਾਂ ਨੇ ਆਪਣੇ-ਆਪਣੇ ਘਰ ਆ ਕੇ ਦੱਸਿਆ ਕਿ ਇੱਕ ਨਿਹੰਗ ਸਿੰਘ ਡਰਾਉਂਦਾ ਹੈ। ਦੰਗੇ-ਫਸਾਦ ਸ਼ੁਰੂ ਹੋ ਗਏ। ਗੁਰਦੁਆਰਾ ਸਾਹਿਬ ਪੰਜ-ਛੇ ਕਨਾਲਾਂ ਵਿੱਚ ਬਣਿਆ ਹੋਇਆ ਸੀ। ਇਸ ਦੀਆਂ ਕੰਧਾਂ ਬਹੁਤ ਚੌੜੀਆਂ ਤੇ ਉੱਚੀਆਂ ਸਨ। ਗੋਲੇ ਵੀ ਦੀਵਾਰਾਂ ਤੇ ਅਸਰ ਨਹੀਂ ਸਨ ਕਰ ਸਕੇ। ਸੰਤ ਹਰਨਾਮ ਸਿੰਘ ਜੀ ਦੇ ਕਹੇ ਸਾਰੇ ਬਚਨ ਪ੍ਰਤੱਖ ਸਿੱਧ ਹੋਏ। ਮਾਸਟਰ ਤਾਰਾ ਸਿੰਘ ਜੀ ਨੇ 25 ਟਰੱਕ ਸੰਗਤਾਂ ਨੂੰ ਲੈਣ ਲਈ ਭੇਜੇ। ਦੋ ਹਜ਼ਾਰ ਤੋਂ ਵੀ ਵੱਧ ਲੋਕ ਸੰਤਾਂ ਦੀ ਮਿਹਰ ਸਦਕਾ ਸਹੀ ਸਲਾਮਤ ਭਾਰਤ ਆਏ।
           ਸੰਤ ਹਰਨਾਮ ਸਿੰਘ ਜੀ ਕੋਲ ਰੰਗਪੁਰ ਵਿੱਚ 500 ਕਿੱਲਾ ਜ਼ਮੀਨ ਸੀ। ਸੰਤ ਜੀ ਆਪ ਖ਼ੁਦ ਹੀ ਫਸਲ ਦੀ ਵਾਢੀ ਕਰਦੇ ਸਨ। ਸੰਨ 1940 ਈ: ਵਿੱਚ ਸੰਤ ਹਰਨਾਮ ਸਿੰਘ ਜੀ ਨੇ ਪਿੰਡ ਰੰਗਪੁਰ ਵਿੱਚ 300 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਆਮ ਤੌਰ ਤੇ ਇੱਕ ਹੀ ਜਾਤ ਦੇ ਲੜਕੇ-ਲੜਕੀ ਦਾ ਰਿਸ਼ਤਾ ਨਹੀਂ ਕੀਤਾ ਜਾਂਦਾ ਸੀ ਪਰ ਸੰਤ ਹਰਨਾਮ ਸਿੰਘ ਜੀ ਨੇ ਮੱਕੜ ਗੋਤ ਦੇ ਲੜਕੇ-ਲੜਕੀਆਂ ਦੇ ਵਿਆਹ ਮੱਕੜ ਪਰਿਵਾਰਾਂ ਵਿੱਚ ਹੀ ਅਣਗਿਣਤ ਕਰਵਾਏ। ਸੰਨ 1941 ਈ: ਵਿੱਚ ਸੰਤ ਜੀ ਨੇ ਲਾਇਲਪੁਰ ਤੋਂ ਦੋ ਗਤਕਾ ਮਾਸਟਰ ਮੰਗਵਾ ਕੇ ਪਿੰਡ ਰੰਗਪੁਰ ਤੇ ਪਿੰਡ ਰੋਡੇ ਦੇ ਸਾਰੇ ਵਿਅਕਤੀਆਂ ਨੂੰ ਗੱਤਕਾ ਸਿਖਾਇਆ।  
         ਸੰਤ ਹਰਨਾਮ ਸਿੰਘ ਜੀ ਸੰਨ 1945-1946 ਵਿੱਚ ਰੰਗਪੁਰ ਤੋਂ ਪਿੰਡ ਸਾਧਵਾਲਾ ਚਲੇ ਗਏ। ਸ੍ਰ: ਹਰਬੰਸ ਸਿੰਘ ਮੱਕੜ ਤੇ ਸ੍ਰ: ਚਰਨ ਸਿੰਘ ਮੱਕੜ ਦੇ ਪਿਤਾ ਸ੍ਰ: ਕੇਸਰ ਸਿੰਘ ਦੇ ਖੂਹ ਤੇ ਰਹਿੰਦੇ ਸਨ ਤੇ ਸਾਰਾ ਦਿਨ ਖੇਤੀ ਕਰਦੇ ਤੇ ਕਰਾਉਂਦੇ ਸਨ। ਉਹਨਾਂ ਸ੍ਰ: ਕੇਸਰ ਸਿੰਘ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸਾਰਾ ਦਿਨ ਖੇਤੀ ਕਰਾਉਂਦਾ ਹੈ। ਤੁਸੀਂ ਮੇਰੇ ਨਾਲ ਕੀਰਤਨ ਕਰਵਾਉ। ਸੰਤ ਹਰਨਾਮ ਸਿੰਘ ਜੀ ਖੂਹ ਤੇ ਇੱਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਸਵੇਰੇ ਦੋ ਵਜੇ ਉੱਠ ਕੇ ਕਰਦੇ ਸਨ। ਸ੍ਰ: ਹਰਬੰਸ ਸਿੰਘ ਤੇ ਸ੍ਰ: ਕੇਸਰ ਸਿੰਘ ਦਾ ਪਰਿਵਾਰ ਪਾਠ ਕਰਨ ਤੇ ਕੀਰਤਨ ਕਰਨ ਲੱਗ ਪਿਆ, ਪੂਰਾ ਪਰਿਵਾਰ ਗੁਰਸਿੱਖ ਬਣ ਗਿਆ।
               ਸੰਨ 1947 ਈ: ਵਿੱਚ ਦੇਸ਼ ਵੰਡ ਤੋਂ ਬਾਅਦ ਸੰਤ ਹਰਨਾਮ ਸਿੰਘ ਜੀ ਨੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਰਵਾਨੇ ਵਾਲਾ ਗੁਰਦੁਆਰਾ ਸੁਰਗਾਪੁਰੀ ਕੋਟਕਪੂਰਾ ਵਿਖੇ ਚਰਨ ਪਾਏ ਤੇ ਇੱਥੇ ਲਗਾਤਾਰ ਅਖੰਡ-ਪਾਠਾਂ ਦਾ ਪ੍ਰਵਾਹ ਚਲਾਇਆ। ਸੰਤ ਹਰਨਾਮ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਸੰਤ ਹਰਨਾਮ ਸਿੰਘ ਜੀ ਨੇ ਗੁਰਦੁਆਰਾ ਪਿੰਡ ਬੀਹੜਾ ਜਲੰਧਰ, ਗੁਰਦੁਆਰਾ ਪਿੰਡ ਗੂੜੀ ਸੰਘਰ, ਗੁਰਦੁਆਰਾ ਪਿੰਡ ਸੂਰੇਵਾਲਾ, ਪਿੰਡ ਦੌਲਤਪੁਰ, ਮਹਿੰਦਪੁਰ, ਬਕਾਪੁਰ, ਧਮਾਈ, ਅਕਾਲਗੜ੍ਹ, ਮੋਇਲਾ ਵਾਹਿਦਪੁਰ ਨੌਂ (09) ਗੁਰਦੁਆਰਿਆਂ ਦੀ ਸੇਵਾ ਕਰਵਾਈ।
ਸੰਨ 1961-1962 ਵਿੱਚ ਬਲਦਾਂ ਦੇ ਢੱਠਿਆਂ ਦੇ ਭੇੜ ਵਿਚਕਾਰ ਆਉਣ ਤੇ ਸੰਤ ਹਰਨਾਮ ਸਿੰਘ ਜੀ ਦੇ ਕਾਫੀ ਸੱਟਾਂ ਵੱਜੀਆਂ। ਸੰਤ ਜੀ ਨੂੰ ਪੀ.ਜੀ.ਆਈ ਚੰਡੀਗੜ੍ਹ ਲੈ ਜਾਇਆ ਗਿਆ , ਨਿਹੰਗ ਸਿੰਘ ਬਾਣਾ ਦੇਖ ਕੇ ਡਾਕਟਰ ਸੰਤ ਹਰਨਾਮ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕਰ ਰਹੇ ਸਨ। ਸ੍ਰ: ਬਖਤ ਸਿੰਘ ਐਡਵੋਕੇਟ ਦੇ ਕਹਿਣ ਤੇ ਹੀ ਸੰਤ ਹਰਨਾਮ ਸਿੰਘ ਜੀ ਨੂੰ ਦਾਖ਼ਲ ਕੀਤਾ ਗਿਆ। ਸੰਤ ਹਰਨਾਮ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਿਹਾੜੇ ਹੀ 11 ਜੂਨ 1967 ਈ: ਨੂੰ 69 ਸਾਲ ਦੀ ਉਮਰ ਭੋਗ ਕੇ ਸੱਚ-ਖੰਡ ਜਾ ਬਿਰਾਜੇ।
ਗੁਰੂਆਂ ਦੀ ਲਾਡਲੀ ਫੌਜ਼ ਦੇ ਸੰਤ ਸਿਪਾਹੀ, ਪੂਰਨ ਬ੍ਰਹਮ-ਗਿਆਨੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲਿਆਂ ਦੀ 57ਵੀਂ ਬਰਸੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦਸਰ ਸਾਹਿਬ ਮੰਜੀ ਸਾਹਿਬ, ਮੋਇਲਾ-ਵਾਹਿਦਪੁਰ (ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 11 ਜੂਨ ਦਿਨ ਮੰਗਲਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ, ਪ੍ਰਚਾਰਕ, ਬ੍ਰਹਮ-ਗਿਆਨੀ ਸੰਤ ਮਹਾਂਪੁਰਸ਼ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ।  
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ