You are here

ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ" ਜਰਖੜ ਖੇਡ ਸਟੇਡੀਅਮ ਵਿਖੇ  ਸ਼ੁਰੂ 

ਮੁਢਲੇ ਗੇੜ ਦੇ ਮੈਚਾਂ ਵਿੱਚ ਹਿਮਾਚਲ, ਮੁਕਤਸਰ, ਹੁਸ਼ਿਆਰਪੁਰ ਰਹੇ ਜੇਤੂ

ਲੁਧਿਆਣਾ 23 ਮਾਰਚ (ਕਰਨੈਲ ਸਿੰਘ ਐੱਮ.ਏ.) ਜਰਖੜ ਖੇਡ ਸਟੇਡੀਅਮ ਵਿਖੇ "ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ " ਧੂਮ-ਧੜੱਕੇ ਨਾਲ ਸ਼ੁਰੂ ਹੋਇਆ । ਇਸ ਵਕਾਰੀ ਟੂਰਨਾਮੈਂਟ ਦਾ ਉਦਘਾਟਨ 1982 ਏਸ਼ੀਅਨ ਗੇਮਜ਼ ਹਾਕੀ ਦੇ ਗੋਲਡ ਮੈਡਲਿਸਟ, ਓਲੰਪੀਅਨ ਸ਼ਰਨਜੀਤ ਕੌਰ ਅਤੇ ਸ਼੍ਰੀਮਤੀ ਡਾਕਟਰ ਸੁਖਚੈਨ ਗੋਗੀ ਧਰਮ ਪਤਨੀ ਸਵਰਗੀ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕੀਤਾ। ਇਸ ਮੌਕੇ ਆਏ ਮਹਿਮਾਨਾਂ ਨੇ ਜਿੱਥੇ ਮਾਸਟਰਜ਼ ਹਾਕੀ ਖਿਡਾਰਨਾਂ ਵੱਲੋਂ ਪੰਜਾਬ ਦੀਆਂ ਧੀਆਂ ਦੇ ਹਾਕੀ ਮੇਲੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਉਹਨਾਂ ਦੱਸਿਆ ਕਿ ਇਹ ਉਪਰਾਲਾ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਕੁੜੀਆਂ ਲਈ ਇੱਕ ਵੱਖਰੀ ਖੇਡ ਨੀਤੀ ਤਿਆਰ ਕਰਨੀ ਚਾਹੀਦੀ ਹੈ।

ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਗੁਬਾਰੇ ਉੱਡਾ ਕੇ ਕੀਤਾ ਗਿਆ ਅਤੇ ਟੂਰਨਾਮੈਂਟ ਦੀਆਂ ਉਦਘਾਟਨ ਟੀਮਾਂ ਨਾਲ ਆਏ ਮਹਿਮਾਨਾਂ ਨੇ ਜਾਣ ਪਹਿਚਾਣ ਕੀਤੀ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਤੋਂ ਇਲਾਵਾ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ, ਪਰਨੀਤ ਕੌਰ ਯੂ.ਐਸ.ਏ., ਪਰਮਜੀਤ ਕੌਰ ਸਰਾਂ, ਅਵਨੀਤ ਕੌਰ ਪੰਧੇਰ, ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਮਾਲੇਰਕੋਟਲਾ, ਸਰਪੰਚ ਸੰਦੀਪ ਸਿੰਘ ਜਰਖੜ, ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ, ਤੇਜਿੰਦਰ ਸਿੰਘ ਜਰਖੜ, ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਅਰਵਿੰਦਰ ਕੌਰ ਰੋਜ਼ੀ, ਸ਼੍ਰੀਮਤੀ ਸੋਨੀਆ, ਬਲਜੀਤ ਕੌਰ ਅਮਨਦੀਪ ਕੌਰ ਸਿੱਧੂ ਫ਼ਰੀਦਕੋਟ ਅਤੇ ਹੋਰ ਪ੍ਰਬੰਧਕ ਅਤੇ ਖਿਡਾਰਨਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਕੰਗ ਇਲਵੈਨ ਨੇ ਹਿਮਾਚਲ ਪ੍ਰਦੇਸ਼ ਨੂੰ 5-2 ਨਾਲ ਹਰਾਇਆ। ਜਦ ਕਿ ਦੂਸਰੇ ਮੈਚ ਵਿੱਚ ਰੰਧਾਵਾ ਇਲੈਵਨ ਮੁਕਤਸਰ ਨੇ ਥਿੰਦ ਸੰਗਰੂਰ ਨੂੰ 11 ਨਾਲ ਹਰਾਇਆ। ਦੂਸਰੇ ਗੇੜ ਦੇ ਮੈਚਾਂ ਵਿੱਚ ਰੰਧਾਵਾ ਇਲੈਵਨ ਮੁਕਤਸਰ ਨੇ ਹੁਸ਼ਿਆਰਪੁਰ ਕੰਗ ਇਲੈਵਨ ਨੂੰ 5-1 ਨਾਲ ਹਰਾਇਆ ਜਦਕਿ ਹਿਮਾਚਲ ਪ੍ਰਦੇਸ਼ ਨੇ ਸੰਗਰੂਰ ਨੂੰ 5-1 ਨਾਲ ਹਰਾ ਕੇ ਫਾਈਨਲ ਵਿੱਚ ਪੁੱਜਣ ਦੀਆਂ ਆਪਣੀਆਂ ਸੁਭਾਵਨਾਵਾਂ ਕਾਇਮ ਰੱਖੀਆਂ।ਇਹ ਟੂਰਨਾਮੈਂਟ ਲੀਗ ਕਮ ਨਾਕ ਅਉਟ ਦੇ ਆਧਾਰ ਤੇ ਖੇਡਿਆ ਜਾ ਰਿਹਾ ਹੈ। ਜਰਖੜ ਹਾਕੀ ਅਕੈਡਮੀ  ਵੱਲੋਂ ਸਾਰੀਆਂ ਟੀਮਾਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆਂ ਸਹੂਲਤਾਂ ਜਰਖ਼ੜ ਖੇਡ ਸਟੇਡੀਅਮ ਵਿਖੇ ਹੀ ਮੁਹੱਈਆ ਕੀਤੀਆਂ ਜਾ ਰਹੀਆਂ  ਹਨ।