ਫ਼ਤਹਿਗੜ੍ਹ ਸਾਹਿਬ,ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸੁਨਹਿਰੀ ਪੰਨਾ ਜੁੜਿਆ ਹੈ। ਮੁਖੀ ਡਾ. ਤੇਜਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਿਚ ਡਾ. ਬੀਰਬਿਕਰਮ ਸਿੰਘ ਤੇ ਹੋਰ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਹਾਸਿਲ ਕੀਤੀ ਉਮਦਾ ਟ੍ਰੇਨਿੰਗ ਦੇ ਸਦਕਾ ਡਾ. ਮਨਦੀਪ ਕੌਰ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੇ ਲੋਯੋਲਾ ਯੂਨੀਵਰਸਿਟੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ।
ਉਨ੍ਹਾਂ ਦੱਸਿਆ ਕਿ ਡਾ. ਕੌਰ ਨੇ ਵਰਲਡ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦਾ ਨਾਂ ਰੌਸ਼ਨ ਕਰਦਿਆਂ ਹਾਰਵਰਡ ਯੂਨੀਵਰਸਿਟੀ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਪਛਾੜ ਕੇ ਮੈਡੀਕਲ ਫਿਜ਼ਿਕਸ ਕੋਰਸ ਵਿਚ ਦਾਖ਼ਲਾ ਹਾਸਿਲ ਕੀਤਾ ਹੈ। ਡਾ. ਬੀਰਬਿਕਰਮ ਸਿੰਘ ਡੀਨ ਅਲੂਮਨੀ ਨੇ ਦੱਸਿਆ ਕਿ ਡਾ. ਕੌਰ ਨੂੰ ਹਾਰਵਰਡ ਯੂਨੀਵਰਸਿਟੀ ਦਾ ਮੈਡੀਕਲ ਫਿਜ਼ਿਕਸ ਕੋਰਸ ਮੁਕੰਮਲ ਹੋਣ ਤੋਂ ਪਹਿਲਾਂ ਅਮਰੀਕਾ ਦੀ ਮੈਡੀਕਲ ਖੇਤਰ ਦੀ ਮਸ਼ਹੂਰ ਲੋਯੋਲਾ ਯੂਨੀਵਰਸਿਟੀ ਵਿਚ ਰਿਸਰਚ ਸਾਇੰਟਿਸਟ ਦੇ ਤੌਰ 'ਤੇ ਚੁਣ ਲਿਆ ਗਿਆ ਹੈ। ਇਸ ਸਬੰਧੀ ਡਾ. ਮਨਦੀਪ ਕੌਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਆਪਣੇ ਭਰਾ ਨਰਿੰਦਰ ਸਿੰਘ ਦਾ ਮੁਸ਼ਕਲ ਸਮਿਆਂ ਦੌਰਾਨ ਸਾਥ ਦੇਣ ਲਈ ਸ਼ੁਕਰੀਆ ਅਦਾ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਤੇ ਡੀਨ ਰਿਸਰਚ ਡਾ. ਰਾਜ ਕੁਮਾਰ ਸ਼ਰਮਾ ਨੇ ਫਿਜ਼ਿਕਸ ਵਿਭਾਗ ਦੀ ਇਸ ਲਾਮਿਸਾਲ ਪ੍ਰਰਾਪਤੀ 'ਤੇ ਮੁਬਾਰਕਬਾਦ ਦਿੱਤੀ ਹੈ।