You are here

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ

*ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ-ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ 23 ਮਾਰਚ (ਕਰਨੈਲ ਸਿੰਘ ਐੱਮ.ਏ.) ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਬਾਣੀ ਸਮਾਜਿਕ ਚੇਤਨਾ ਵਿਸ਼ੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ਰਮਾਇਆ ਕਿ ਮਨੁੱਖੀ ਸਮਾਜ ਤੇ ਸੱਭਿਆਚਾਰ ਦੇ ਗੌਰਵਸ਼ਾਲੀ ਇਤਿਹਾਸ 'ਚ ਗੁਰੂ ਸਾਹਿਬਾਨ ਅਜਿਹੇ ਮਹਾਨ ਨਾਇਕ ਹੋਏ, ਜਿਨ੍ਹਾਂ ਦੀ ਬਾਣੀ ਰਚਨਾ ਅਤੇ ਜੀਵਨ ਚਰਿੱਤਰ ਨੇ ਨਵੇਕਲੀ ਪਹਿਚਾਣ ਪਛਾਣ ਸਥਾਪਿਤ ਕੀਤੀ। ਅਜੋਕੇ ਗਿਆਨ ਵਿਗਿਆਨ ਦੇ ਯੁੱਗ 'ਚ ਜਿਵੇਂ-ਜਿਵੇਂ ਨਵੀਂ-ਅਧਿਐਨ-ਪ੍ਰਣਾਲੀ ਅਤੇ ਨਵੇਂ ਪੱਖ ਸਾਹਮਣੇ ਆ ਰਹੇ ਨੇ, ਉੱਥੇ ਗੁਰਬਾਣੀ ਚਿੰਤਨ ਦੀ ਬਹੁ ਮੰਤਵੀ ਪਹੁੰਚ ਵੀ ਨਿਖਰ ਕੇ ਸਾਹਮਣੇ ਆ ਰਹੀ ਹੈ। ਗੁਰੂ ਸਾਹਿਬਾਨਾਂ ਨੂੰ ਲੰਮਾ ਅਰਸਾ ਧਾਰਮਿਕ ਆਗੂ ਅਤੇ ਧਾਰਮਿਕ ਸੰਸਥਾ ਦੇ ਤੌਰ ਤੇ ਹੀ ਵੇਖਿਆ ਜਾਂ ਸਮਝਿਆ। ਪਰ ਅਜੋਕੇ ਦੌਰ 'ਚ ਗਿਆਨ-ਵਿਗਿਆਨ ਦੀਆਂ ਅੰਤਰ-ਅਨੁਸ਼ਾਸਨ ਦ੍ਰਿਸ਼ਟੀਆਂ ਅਤੇ ਪਹੁੰਚ ਵਿਧੀਆਂ ਦੁਆਰਾ ਉਹ ਇੱਕ ਮਹਾਨ ਦਾਰਸ਼ਨਿਕ, ਇਤਿਹਾਸਕਾਰ, ਸੱਭਿਆਚਾਰਕ, ਕ੍ਰਾਂਤੀਕਾਰੀ, ਉੱਚ ਕੋਟੀ ਦੇ ਸਾਹਿਤਕਾਰ ਅਤੇ ਸਮਾਜ-ਸ਼ਾਸਤਰੀ ਵਜੋਂ ਉਭਰ ਆਏ ਹਨ। ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦਾ ਹਵਾਲਾ ਨਾਲ ਸਮਝਾਇਆ ਕਿ ਏਨ੍ਹਾਂ ਦੇ ਡੂੰਘੇ ਅਰਥ, ਬਾਣੀ ਦੀ ਵਿਚਾਰਧਾਰਾ ਈਸ਼ਵਰ ਕੇਂਦਰਿਤ ਹੋਣ ਦੇ ਬਾਵਜੂਦ ਸਮਾਜਿਕ ਵਿਕਾਸ ਦੀ ਵਿਚਾਰਧਾਰਾ ਅਤੇ ਸਮਾਜਿਕ ਵਿਕਾਸ ਦਾ ਨੇਮ ਪਰਿਵਰਤਨ ਦਾ ਨੇਮ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਤਿਹਾਸ ਵੀ ਗਵਾਹੀ ਭਰਦਾ ਹੈ ਕਿ ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ। ਗੁਰਬਾਣੀ ਦੀ ਵਿਚਾਰਧਾਰਾ ਇੱਕ ਖਾਸ,  ਇਤਿਹਾਸਕ-ਸਮਾਜਿਕ ਕਾਲ-ਖੰਡ ਉੱਤੇ ਉਦੈ ਹੋਣ ਦੇ ਬਾਵਜੂਦ ਸਰਬਕਾਲੀ ਚਰਿੱਤਰ ਦੀ ਧਾਰਨੀ ਇਸੇ ਕਾਰਨ ਹੈ ਕਿਉਂਕਿ ਇਹ ਮਨੁੱਖੀ ਸਮਾਜ ਸੱਭਿਆਚਾਰ ਨੂੰ ਵਿਕਾਸ ਮੁਖੀ ਦੇ ਰਾਹ ਵੱਲ ਤੋਰਦੀ ਹੈ। ਨਾਮ ਸਿਮਰਨ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਸਰਵਣ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।