ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ! (ਬੁੱਧ ਬਾਣ)ਬੁੱਧ ਸਿੰਘ ਨੀਲੋਂ
*ਅੱਜਕਲ੍ਹ ਕੁੱਤਿਆਂ, ਬਘਿਆੜਾਂ, ਸਾਨ੍ਹਾਂ ਤੇ ਝੋਟਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਾਲਾਤ ਐਨੇ ਮਾੜ੍ਹੇ ਹੋ ਗਏ, ਕੁੱਤੇ ਬਿਨਾਂ ਹਲਕਿਆ ਲੋਕਾਂ ਨੂੰ ਵੱਢਦੇ ਫਿਰਦੇ ਹਨ। ਜੇ ਕਿਤੇ ਕੁਤੀੜ ਨੂੰ ਕੋਈ ਇਕੱਲਾ ਟੱਕਰ ਜਾਵੇ, ਫੇਰ ਉਹਦੇ ਹੱਡੀਆਂ ਵੀ ਚੂਸਦੇ ਹਨ। ਪਹਿਲੇ ਸਮਿਆਂ ਵਿੱਚ ਜਦੋਂ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਉਦੋਂ ਕੁੱਤੇ ਮੈਲ਼ ਪੀ ਕੇ ਹਲਕਦੇ ਸੀ, ਹੁਣ ਘੁਲਾੜੀਆਂ ਤਾਂ ਚੱਲਦੀਆਂ ਨਹੀਂ। ਕਮਾਦ ਕੋਈ ਬੀਜਦਾ ਨਹੀਂ। ਜਿਹੜੇ ਬੀਜਦੇ ਹਨ, ਉਹ ਗੰਨਾ ਮਿੱਲਾਂ ਵੱਲ ਨੂੰ ਟਰਾਲੇ ਤੇ ਟਰਾਲੀਆਂ ਭਰ ਕੇ ਲੈਣ ਜਾਂਦੇ ਹਨ। ਅੱਜਕਲ੍ਹ ਟਰਾਲੀਆਂ ਦੇ ਚੋਰੀ ਹੋਣ ਦੀਆਂ ਖਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦਾ ਮਸਾਲਾ ਦਿੱਤਾ ਹੋਇਆ ਹੈ। ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਮੋਰਚਾ ਕੀ ਪੂਰਿਆ। ਟਰਾਲੀਆਂ ਗ਼ਾਇਬ ਹੋ ਗਈਆਂ। ਉਹ ਲੋਕ ਆਪੋ ਆਪਣੀਆਂ ਟਰਾਲੀਆਂ ਇਉਂ ਲੱਭਦੇ ਹਨ, ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦੇ ਹਨ। ਟਰਾਲੀਆਂ, ਹੋਰ ਖਾਣ ਪੀਣ ਦਾ ਸਮਾਨ ਤੇ ਤੰਬੂ ਕੌਣ ਚੱਕ ਕੇ ਜਾਂ ਚੁਕਾ ਕੇ ਲੈਣ ਗਿਆ। ਪੁਲਿਸ ਕਹਿੰਦੀ ਹੈ ਕਿ ਅਸੀਂ ਮੋਰਚਿਆਂ ਦਾ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ, ਆਪੋ ਆਪਣੀ ਸ਼ਨਾਖਤ ਦੇ ਕੇ ਸਮਾਨ ਲੈਣ ਜਾਵੋ। ਉਧਰ ਕਿਸਾਨ ਕਹਿੰਦੇ ਹਨ ਕਿ ਸਮਾਨ ਲੱਭਦਾ ਨਹੀਂ, ਦੇ ਕਿਸੇ ਚੋਰ ਦੇ ਘਰਾਂ ਵਿੱਚੋਂ ਲੱਭਦਾ ਹੈ, ਪੁਲਿਸ ਪਰਚਾ ਦਰਜ ਨਹੀਂ ਕਰਦੀ, ਕਿਉਂਕਿ ਚੋਰ ਸਾਰੇ ਇਮਾਨਦਾਰ ਪਾਰਟੀ ਦੇ ਹਨ। ਪੁਲਿਸ ਵੀਚਾਰੀ ਕੀ ਕਰੇ, ਉਹਨਾਂ ਨੇ ਨੌਕਰੀਆਂ ਕਰਕੇ ਜੁਆਕਾਂ ਨੂੰ ਪਾਲਣਾ ਹੈ। ਉਹ ਇਮਾਨਦਾਰ ਪਾਰਟੀ ਦੇ ਹੁਕਮਾਂ ਦੀ ਤਾਮੀਲ ਕਰਨਗੇ। ਉਹਨਾਂ ਨੂੰ ਕਿਸਾਨਾਂ ਨੇ ਕੀ ਦੇਣਾ ਹੈ? ਪਹਿਲਾਂ ਪੜ੍ਹਾਈ ਦੌਰਾਨ ਭੁੱਖੇ ਕੁੱਤੇ ਦੀ ਕਹਾਣੀ ਪੜ੍ਹੀ ਸੀ। ਜਿਸ ਨੂੰ ਭੁਲੇਖਾ ਪੈ ਗਿਆ ਸੀ, ਜਦੋਂ ਉਹ ਨਦੀ ਦਾ ਪੁਲ ਕਰਨ ਲੱਗਿਆ ਸੀ। ਉਸਨੂੰ ਪਾਣੀ ਵਿੱਚ ਦੂਜਾ ਕੁੱਤਾ ਕੀ ਦਿਖਿਆ, ਉਹ ਲੱਗਿਆ ਭੌਂਕਣ। ਉਸ ਕੁੱਤੇ ਦੀ ਪਾਣੀ ਵਾਲੇ ਕੁੱਤੇ ਨੇ ਜਿਹੜੀ ਕੁੱਤੇ ਖਾਣੀ ਕੀਤੀ, ਉਹ ਤਾਂ ਕਿਤਾਬਾਂ ਦਾ ਹਿੱਸਾ ਬਣ ਗਈ ਪਰ ਆ ਜਿਹੜੀ ਇਮਾਨਦਾਰ ਪਾਰਟੀ ਦੇ ਵਿਧਾਇਕ ਦੀ ਹੋ ਰਹੀ ਹੈ, ਇਹਦੀ ਖ਼ਬਰ ਵੀ ਨਹੀਂ ਬਣੀ। ਖ਼ਬਰ ਤਾਂ ਇਹ ਬਣੀ ਹੈ ਕਿ ਇਮਾਨਦਾਰ ਪਾਰਟੀ ਦੇ ਆਗੂ ਨੇ ਆਪਣੇ ਦਫ਼ਤਰ ਵਿੱਚ ਇੱਕ ਸਟੂਡੀਓ ਬਣਾ ਲਿਆ ਹੈ। ਜਿਥੇ ਉਹ ਬਹਿ ਕੇ ਆਪਣਾ ਪ੍ਰੈਸ ਬਿਆਨ ਪੜ੍ਹਿਆ ਕਰੇਗਾ। ਕਿਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦੇਵੇਗਾ। ਕਿਉਂਕਿ ਪੱਤਰਕਾਰ ਐਵੇਂ ਵਾਲ ਦੀ ਖੱਲ ਉਤਾਰਨ ਲੱਗ ਦੇ ਹਨ। ਉਹਨਾਂ ਨੂੰ ਪਤਾ ਨਹੀਂ ਕਿ ਹੁਣ ਮਨਮੋਹਨ ਸਿੰਘ ਦਾ ਰਾਜ ਨਹੀਂ। ਜੋਂ ਹਰ ਸਵਾਲ ਦਾ ਜਵਾਬ ਠੋਕ ਕੇ ਦੇਵੇਗਾ। ਹੁਣ ਰਾਜ ਸਾਡਾ ਹੈ, ਸਾਡਾ ਡੰਕਾ ਵਾਈਟ ਹਾਊਸ ਅਮਰੀਕਾ ਤੱਕ ਵੱਜਦਾ ਹੈ। ਤੁਸੀਂ ਪਿਛਲੇ ਦਿਨੀ ਦੇਖਿਆ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਚੁੱਪ ਰਹਿ ਕੇ ਕਿਵੇਂ ਪੱਤਰਕਾਰਾਂ ਦੀ ਖੜਕਾਈ ਕੀਤੀ। ਜਿਸ ਦੀਆਂ ਚੀਕਾਂ ਦੁਨੀਆਂ ਭਰ ਵਿੱਚ ਪੈ ਰਹੀਆਂ ਹਨ। ਨਾਲੇ ਦੇ ਕੁੱਤੇ ਭੌਕਣਗੇ ਤਾਂ ਚੋਰਾਂ ਨੂੰ ਮੋਰ ਨਹੀਂ ਪੈਂਦੇ। ਹੁਣ ਤਾਂ ਬਘਿਆੜ ਅਗਲੇ ਨੂੰ ਜਹਾਜ਼ ਉਤਰ ਦਿਆਂ ਹੀ ਦਬੋਚ ਲੈਂਦੇ ਹਨ, ਕਿਸੇ ਨੂੰ ਕੰਨੋਂ ਕੰਨੀ ਭਿਣਕ ਨਹੀਂ ਪੈਣ ਦੇਂਦੇ। ਇਹ ਤਾਂ ਉਹ ਗੱਲ ਹੋਈ ਹੈ, ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ। ਇਹ ਤਾਂ ਸੋਮਰਸ ਤੇ ਸ਼ੇਰ ਦੇ ਥਾਪੜੇ ਨੇ ਪੈਰ ਚੱਕ ਦਿੱਤੇ। ਸਿਆਣੇ ਕਹਿੰਦੇ ਆ ਕੁੱਤੇ ਦੇ ਘਿਉ ਕਿਥੇ ਪੱਚਦਾ ਹੈ। ਉਹ ਹਾਲ ਹੋਇਆ ਕਿ ਉਹਨਾਂ ਕੁੱਤਿਆਂ ਨੇ ਆ ਕੇ ਬੰਦਾ ਢਾਹ ਲਿਆ। ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਡੂਮਣੇ ਮਖਿਆਲ ਵਿੱਚ ਵੱਟਾ ਮਾਰ ਦਿੱਤਾ। ਹੁਣ ਉਹ ਡੂਮਣਾ ਉਹਨਾਂ ਨੂੰ ਵੱਟੋ ਵੱਟ ਭਜਾਈ ਫਿਰਦਾ ਹੈ। ਉਹਨਾਂ ਨੇ ਕਤੂਰਿਆਂ ਵਾਂਗੂੰ ਬਹੁਤ ਚੂਊ ਚੂ ਕੀਤੀ, ਬੜੀਆਂ ਪੂਛਾਂ ਹਿਲਾਈਆਂ, ਤਲੀਆਂ ਚੱਟੀਆਂ। ਪਰ ਉਹਨਾਂ ਨੂੰ ਬੰਦੇ ਦੀ ਘਰਵਾਲੀ ਨੇ ਵਾਹਣੀਂ ਪਾ ਲਿਆ। ਹੁਣ ਮਾਮਲਾ ਉੱਚ ਕੋਰਟ ਵਿੱਚ ਪੁੱਜ ਗਿਆ। ਬਚਾਅ ਹੋਣਾ ਮੁਸ਼ਕਲ ਹੈ ਕਿਉਂਕਿ ਤਾਕਤ ਦਾ ਨਸ਼ਾ ਜੱਜ ਨੇ ਪਹਿਲੀ ਤਾਰੀਖ਼ ਉਤੇ ਲਾ ਦਿੱਤਾ ਹੈ। ਉਧਰ ਸੁੱਖ ਨੀਂ ਸਾਧ ਦੇ ਡੇਰੇ ਲੱਗਦੀ, ਦੁਪਹਿਰੇ ਕੁੱਤੇ ਭੌਂਕਦੇ, ਵਾਲੀ ਗੱਲ ਹੋ ਗਈ ਹੈ। ਸਿਆਣੇ ਕਹਿੰਦੇ ਹਨ ਸੱਚ ਇੱਕ ਵਾਰ ਬੋਲਿਆ ਜਾਂਦਾ ਹੈ, ਜੋਂ ਸਦਾ ਗੂੰਜਦਾ ਰਹਿੰਦਾ ਹੈ। ਇੱਕ ਵਾਰ ਝੂਠ ਬੋਲਿਆ, ਸੌ ਵਾਰ ਬੋਲਣਾ ਪੈਂਦਾ ਹੈ। ਜਿਵੇਂ ਕਹਿੰਦੇ ਹਨ ਕਿ ਝੂਠੇ ਦੇ ਪੈਰ ਨਹੀਂ ਹੁੰਦੇ, ਸਾਨੂੰ ਤਾਂ ਹੁਣ ਇਹ ਡਰ ਮਾਰੀ ਜਾ ਰਿਹਾ ਹੈ ਜੇ ਕਿਤੇ ਫੁਕਰੀ ਮਾਰੀ ਦੀ ਅਸਲੀ ਗੱਲ ਸਾਹਮਣੇ ਆ ਗਈ ਤਾਂ ਝੂਠ ਦੇ ਪਰਦੇ ਖੁੱਲ੍ਹ ਜਾਣਗੇ। ਅਜੇ ਤਾਂ ਉਸ ਨੌਜਵਾਨ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਸਾਡੇ ਸਿਵੇ ਬੋਲਣਗੇ। ਪਾਣੀ ਵਾਂਗ ਉਬਲਣ ਤਾਂ ਹੁਣ ਰਹੇ ਹਾਂ। ਕਹਿੰਦੇ ਹਨ ਕਿ ਕੁੱਤੇ ਦੀ ਜਦੋਂ ਮੌਤ ਆਉਂਦੀ ਹੈ, ਉਹ ਮਸੀਤੀਂ ਮੂਤਦਾ ਹੈ। ਅਸੀਂ ਤਾਂ ਕੋਈ ਥਾਂ ਛੱਡੀ ਨਹੀਂ ਜਿਥੇ ਨਹੀਂ ਮੂਤਿਆ ਤੇ ਲੋਕਾਂ ਦਾ ਸਾਹ ਸੂਤਿਆ ਹੈ। ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ, ਹੁਣ ਪਤਾ ਲੱਗਿਆ ਹੈ ਕਿ ਫ਼ੂਕ ਵਿੱਚ ਆ ਕੇ ਪਟਾਕਾ ਕਿਵੇਂ ਪੈਦਾ ਹੈ। ਸਾਡੇ ਨਾਲ ਤਾਂ ਇਉਂ ਹੋ ਗਈ ਹੈ ਕਿ, ਕੁੱਤੀ ਗੋਹਲਾਂ ਖਾਣ ਗਈ, ਅੱਗੋਂ ਵਾਅ ਨਾ ਵੱਡੀ, ਪਿੱਛੋਂ ਰੋਟੀ ਵੇਲਾ ਖੁੰਝ ਗਿਆ। ਇਧਰ ਝੰਡਾ ਸਿਉਂ ਕਹਿੰਦਾ ਕਿਸੇ ਨੂੰ ਸੜਕ ਉੱਤੇ ਚੜ੍ਹਨ ਨਹੀਂ ਦੇਣਾ, ਉਧਰ ਪਿੰਡ ਪਿੰਡ ਮੁਹੰਮਦ ਸਦੀਕ ਦਾ ਗੀਤ ਬਨੇਰਿਆਂ ਉੱਤੇ ਗੂੰਜਦਾ ਹੈ, ਨੀ ਹੋ ਕੇ ਜੱਟ ਸ਼ਰਾਬੀ, ਹੁਣ ਕਿਉਂ ਲੁਕਦੀ ਫਿਰਦੀ ਭਾਬੀ। ਇਸ ਗੀਤ ਦੀਆਂ ਗੱਲਾਂ ਘਰਾਂ, ਸੱਥਾਂ, ਤੇ ਹੱਟੀਆਂ ਭੱਠੀਆਂ ਉਤੇ ਹੁੰਦੀਆਂ ਹਨ। ਹੁਣ ਹਾਲਤ ਇਹ ਬਣੀ ਹੋਈ ਹੈ , ਬਾਣੀਏ ਨੇ ਜੱਟ ਢਾਅ ਲਿਆ,ਉਤੇ ਪਏ ਦਾ ਕਲੇਜਾ ਖੜਕੇ। ਦਿੱਲੀ ਵਿੱਚ ਲਾਲ਼ੇ ਦੀਆਂ ਵਹੀਆਂ ਤੇ ਖਾਤਿਆਂ ਦੀ ਪੜਤਾਲ ਸ਼ੁਰੂ ਹੋ ਗਈ ਹੈ। ਅਖੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ। ਨਰਿੰਦਰ ਬੀਬਾ ਦਾ ਗੀਤ ਕੰਨਾਂ ਦੇ ਕੀੜੇ ਕੱਢ ਰਿਹਾ। ਵੇ ਖੜਜਾ ਜ਼ਾਲਮਾਂ ਸਬੱਬੀਂ ਹੋ ਗਏ ਮੇਲੇ। ਲਾਲਾ ਜੀ ਧੋਤੀ ਦਾ ਲਾਗੜ ਚੁੱਕੀ ਕਦੇ ਦਿੱਲੀ ਤੇ ਕਦੇ ਚੰਡੀਗੜ੍ਹ ਨੂੰ ਜਾਂਦਾ ਹੈ। ਉਹਨੂੰ ਫ਼ਿਕਰ ਲੱਗਿਆ ਹੋਇਆ ਹੈ ਕਿ ਉਹਦੀ ਪੋਲ ਖੁੱਲ੍ਹ ਗਈ ਹੈ, ਸਭ ਨੂੰ ਪਤਾ ਲੱਗ ਗਿਆ ਹੈ ਕਿ ਲਾਲਾ ਭਾਜਪਾ ਦਾ ਪੁੱਤਰ ਹੈ। ਹੁਣ ਪੁਲਸ ਤੇ ਕਿਸਾਨ ਜਵਾਨ ਆਹਮੋ ਸਾਹਮਣੇ ਹੋ ਗਏ ਹਨ, ਦਿੱਲੀ ਦੇ ਲਾਲੇ ਖ਼ੁਸ਼ ਹਨ। ਸ਼ਾਹ ਮੁਹੰਮਦ ਕਹਿੰਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਹੁਣ ਬਾਬਾ ਨਾਨਕ ਆਖਦਾ ਹੈ, ਤਖਤਿ ਰਾਜਾ ਸੋ ਬਹੈ ਜਿਸ ਤਖਤੈ ਲਾਇਕ ਹੋਸੀ।। ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ। ਪਰ ਇਸ ਰਾਜ ਨੇ ਕਿਹੜੇ ਕਿਹੜੇ ਪੱਤੇ ਚੱਟ ਲਏ, ਤੁਸੀਂ ਨਿੱਤ ਖਬਰਾਂ ਵਿੱਚ ਪੜ੍ਹਦੇ ਸੁਣਦੇ ਓ। ਤੁਸੀਂ ਵੀ ਕੰਨਾਂ ਤੇਲ ਪਾਇਆ ਹੋਇਆ ਹੈ ਤੇ ਜੀਭਾ ਠਾਕੀ ਹੋਈ ਹੈ। ਕੁੱਤੇ ਪਿੰਡ ਵਿੱਚ ਦੇ ਭੌਂਕਦੇ ਰਹਿੰਦੇ ਹਨ ਤਾਂ ਤੁਸੀਂ ਸਮਝੋ ਮਾਮਲਾ ਗੰਭੀਰ ਹੈ। ਹੁਣ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਤਾਂ ਇੰਝ ਕਰ। ਰਣਜੀਤ ਕੌਰ ਦੇ ਬੋਲ ਸੁਣ ਕੇ ਗੱਲ ਕਰਿਓ, ਬੁੜੀ ਨੂੰ ਭੌਂਕਣ ਦੇ ਤੂੰ ਮੇਲਾ ਦੇਖਣ ਚੱਲ। ਮੇਲਾ ਤਾਂ ਜਰਗ ਦਾ ਵੀ ਨਿਕਲ਼ ਗਿਆ ਹੈ, ਹੁਣ ਤਾਂ ਗੂਗਾ ਪੂਜਣ ਵੇਲੇ ਤੱਕ ਉਡੀਕ ਕਰਨੀ ਪਵੇਗੀ। ਸਾਨ੍ਹਾਂ ਤੇ ਝੋਟਿਆਂ ਦਾ ਖੋਰੂ ਸ਼ਹਿਰਾਂ ਵਿੱਚ ਪੈਦਾ ਹੈ। ਗੁਰਦਿਆਲ ਸਿੰਘ ਅੰਨ੍ਹੇ ਘੋੜੇ ਦਾ ਦਾਨ, ਮੰਗਦਾ ਹੈ। ਬਾਘਾਪੁਰਾਣਾ ਤੇ ਭਦੌੜ ਵਿੱਚ ਆਵਾਰਾ ਕੁੱਤਿਆਂ ਬਘਿਆੜਾਂ ਨੇ ਮਿੱਟੀ ਸਿਰ ਉੱਤੇ ਚੁੱਕੀ ਹੋਈ ਹੈ। ਪੁਲਿਸ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰਦੀ ਫਿਰਦੀ ਹੈ। ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਉਹਨਾਂ ਨੇ ਧਰਨਾ ਦੇਣਾ ਹੈ। ਪਰ ਪੁਲਿਸ ਹੱਥਾਂ ਨੂੰ ਥੁੱਕ ਲਾਈਂ ਫਿਰਦੀ ਹੈ। ਉਹ ਆਪਣਿਆਂ ਦੇ ਹੀ ਪੁੜੇ ਸੇਕ ਦੀ ਹੈ। ਤੁਸੀਂ ਕਿਸੇ ਗਲ਼ੀ ਜਾਂ ਚੌਂਕ ਵਿੱਚ ਕੁੱਤਿਆਂ ਦੀ ਲੜਾਈ ਦੇਖੋ। ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ, ਉਹ ਕਈਆਂ ਦੇ ਘਰ ਪੱਟੇ।*
-----
ਬੁੱਧ ਸਿੰਘ ਨੀਲੋਂ