ਐਸਏਐਸ ਨਗਰ (ਮੁਹਾਲੀ), 19 ਫਰਵਰੀ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਮੁਹਾਲੀ ਵਿੱਚ ਪਹੁੰਚੇ ਸੈਂਕੜੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਹਾਲੀ ਪ੍ਰਸ਼ਾਸਨ ਅਤੇ ਖਾਲਸਾ ਏਡ ਸੰਸਥਾ ਵੱਲੋਂ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਜੰਮੂ ਕਸ਼ਮੀਰ ਭੇਜਿਆ ਗਿਆ ਹੈ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰੇ ਕਰੀਬ 125 ਕਸ਼ਮੀਰੀ ਨੌਜਵਾਨਾਂ ਨੂੰ ਪੁਲੀਸ ਸੁਰੱਖਿਆ ਹੇਠ ਵਾਪਸ ਭੇਜਿਆ ਗਿਆ ਹੈ ਜਦੋਂਕਿ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1ਵਿੱਚ ਪਹੁੰਚੇ 150 ਕਸ਼ਮੀਰੀ ਵਿਦਿਆਰਥੀਆਂ ਨੂੰ ਖਾਲਸਾ ਏਡ ਦੀ ਮਦਦ ਨਾਲ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ ਹੈ। ਪੁਲਵਾਮਾ ਹਮਲੇ ਮਗਰੋਂ ਅੰਬਾਲਾ ਅਤੇ ਦੇਹਰਾਦੂਨ ਤੋਂ ਕਰੀਬ 125 ਕਸ਼ਮੀਰੀ ਵਿਦਿਆਰਥੀ ਮੁਹਾਲੀ ਪੁੱਜੇ ਸਨ, ਇਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰਾਇਆ ਗਿਆ ਸੀ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬਾਹਰੋਂ ਆਏ 125 ਕਸ਼ਮੀਰੀ ਵਿਦਿਆਰਥੀਆਂ ਨੂੰ ਅੱਜ ਪੁਲੀਸ ਸੁਰੱਖਿਆ ਹੇਠ ਜੰਮੂ ਕਸ਼ਮੀਰ ਵਿੱਚ ਸਥਿਤ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ ਗਿਆ ਹੈ। ਇਹ ਨੌਜਵਾਨ ਕਾਫੀ ਸਹਿਮੇ ਹੋਏ ਸਨ। ਉਂਜ ਕੁਝ ਕਸ਼ਮੀਰੀ ਵਿਦਿਆਰਥੀ ਆਪਣੇ ਪੱਧਰ ’ਤੇ ਪ੍ਰਾਈਵੇਟ ਕੈਬ ਕਿਰਾਏ ’ਤੇ ਕਰਕੇ ਲੰਘੀ ਦੇਰ ਰਾਤ ਅਤੇ ਮੰਗਲਵਾਰ ਨੂੰ ਤੜਕੇ ਹੀ ਇੱਥੋਂ ਚਲੇ ਗਏ ਸੀ। ਜਦੋਂਕਿ ਮੁਹਾਲੀ ਅਤੇ ਨੇੜਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਕੁਝ ਇੱਥੇ ਹੀ ਰੁਕ ਗਏ ਹਨ। ਉਧਰ, ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1ਵਿੱਚ ਠਹਿਰੇ ਕਰੀਬ 150 ਕਸ਼ਮੀਰੀ ਵਿਦਿਆਰਥੀਆਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਵੱਲੋਂ ਖਾਲਸਾ ਏਡ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਦੀ ਸੁਰੱਖਿਆ ਲਈ ਖਾਲਸਾ ਏਡ ਦੇ ਵਾਲੰਟੀਅਰ ਬਤੌਰ ਸੁਰੱਖਿਆ ਗਾਰਡ ਨਾਲ ਗਏ ਹਨ। ਜੰਮੂ ਕਸ਼ਮੀਰ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਖਵਾਜ਼ਾ ਇਤਰਤ ਨੇ ਦੱਸਿਆ ਕਿ ਉਹ ਲੰਘੀ ਰਾਤ ਆਪਣੇ ਸਾਥੀਆਂ ਨਾਲ ਗੁਰੂ ਘਰ ਵਿੱਚ ਰਾਤ ਕੱਟਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਕਰੀਬ 700 ਵਿਦਿਆਰਥੀ ਰਹਿਣ ਮਗਰੋਂ ਜੰਮੂ ਜਾ ਚੁੱਕੇ ਹਨ।