ਇਸਲਾਮਾਬਾਦ, ਅਕਤੂਬਰ 2019- (ਏਜੰਸੀ)-
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਹ ਦਾਅਵਾ ਕਰਨ ਕਿ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਸ਼ਾਮਿਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ, ਦੇ ਬਾਅਦ ਡਾ. ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ 'ਚ ਕਰਤਾਪੁਰ ਲਾਂਘੇ ਦੇ ਰਸਮੀ ਉਦਘਾਟਨੀ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ ਪਰ ਇਕ ਆਮ ਸ਼ਰਧਾਲੂ ਦੇ ਤੌਰ 'ਤੇ ਜਾਣਗੇ | ਨਵੀਂ ਦਿੱਲੀ 'ਚ ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਸਮੀ ਉਦਘਾਟਨ ਮੌਕੇ ਹੋਣ ਵਾਲੇ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ | ਸੂਤਰਾਂ ਨੇ ਕਿਹਾ ਕਿ ਪਾਕਿ ਅਥਾਰਿਟੀ ਵਲੋਂ ਉਨ੍ਹਾਂ ਨੂੰ ਸੱਦਾ ਦੇਣ ਲਈ ਭੇਜੇ ਪੱਤਰ ਦੇ ਜਵਾਬ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਸਮੀ ਉਦਘਾਟਨੀ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ ਪਰ ਇਕ ਆਮ ਸ਼ਰਧਾਲੂ ਦੀ ਤਰਾਂ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣਗੇ | ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਾਣ ਵਾਲੇ ਸਿੱਖ ਜਥੇ ਦਾ ਹਿੱਸਾ ਹੋਣਗੇ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਉਸੇ ਦਿਨ ਵਾਪਸ ਆ ਜਾਣਗੇ |