ਨੌਰਵਿਚ /ਕੋਨੈਕਟੀਕੱਟ/ ਅਮਰੀਕਾ,ਅਕਤੂਬਰ 2019-(ਏਜੰਸੀ )
ਭਾਰਤ ਦੇ ਵਿਰੋਧ ਤੇ ਸਰਕਾਰ ਵੱਲੋਂ ਕੀਤੀ ਗੁਜ਼ਾਰਿਸ਼ ਮਗਰੋਂ ਇਥੇ ਓਟਿਸ ਲਾਇਬਰੇਰੀ ਵਿੱਚ ਲਗਪਗ ਤਿੰਨ ਮਹੀਨੇ ਪਹਿਲਾਂ ਸਥਾਪਤ ‘1984 ਸਿੱਖ ਨਸਲਕੁਸ਼ੀ ਯਾਦਗਾਰ’ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਯਾਦਗਾਰ, 1984 ਵਿੱਚ ਭਾਰਤ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਿੱਖ ਪੀੜਤਾਂ ਨਾਲ ਸਬੰਧਤ ਸੀ। ਇਸ ਸਮਾਰਕ ਉੱਤੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵੀ ਲੱਗੀ ਸੀ।
ਓਟਿਸ ਲਾਇਬਰੇਰੀ ਬੋਰਡ ਦੇ ਟਰੱਸਟੀਆਂ ਦੇ ਮੁਖੀ ਨਿਕੋਲਸ ਫੋਰਟਸਨ ਨੇ ਨੌਰਵਿਚ ਬੁਲਿਟਨ ਨੂੰ ਦੱਸਿਆ, ‘ਓਟਿਸ ਲਾਇਬਰੇਰੀ ਤੇ ਦਿ ਨੌਰਵਿਚ ਮੌਨੂਮੈਂਟਸ ਕਮੇਟੀ, ਯਾਦਗਾਰ ’ਤੇ ਲੱਗੀ ਪਲੇਕ (ਧਾਤ ਦੀ ਫੱਟੀ), ਝੰਡਿਆਂ ਤੇ ਤਸਵੀਰ ਨੂੰ ਉਥੋਂ ਹਟਾਉਣ ਲਈ ਸਾਂਝੇ ਤੌਰ ’ਤੇ ਸਹਿਮਤ ਹਨ।’ ਉਨ੍ਹਾਂ ਕਿਹਾ ਕਿ ਯਾਦਗਾਰ ਨੂੰ ਦੋ ਹਫ਼ਤੇ ਪਹਿਲਾਂ ਉਥੋਂ ਹਟਾ ਦਿੱਤਾ ਗਿਆ ਸੀ। ਸ਼ਹਿਰ ਵਿੱਚ ਸਿੱਖ ਭਾਈਚਾਰੇ ਦੇ ਆਗੂ ਤੇ ਮੁਕਾਮੀ ਕਾਰੋਬਾਰੀ ਸਵਰਨਜੀਤ ਸਿੰਘ ਖ਼ਾਲਸਾ ਨੇ ਯਾਦਗਾਰ ਲਈ ਕੁਝ ਰਾਸ਼ੀ ਦਾਨ ਵਜੋਂ ਦਿੱਤੀ ਸੀ। ਖ਼ਾਲਸਾ ਨੇ ਲਾਇਬਰੇਰੀ ਦੇ ਟਰੱਸਟੀਆਂ ਵੱਲੋਂ ਯਾਦਗਾਰ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ‘ਇਹ ਖੇਤਰ ਭਾਰਤ ਦੀ ਮਾਲਕੀ ਵਾਲਾ ਨਹੀਂ ਹੈ। ਇਸ ਫੈਸਲੇ ਤੋਂ (ਸਿੱਖ) ਭਾਈਚਾਰਾ ਖ਼ਾਸਾ ਨਾਰਾਜ਼ ਹੈ।’
ਖਾਲਸਾ ਨੇ ਕਿਹਾ ਕਿ ਯਾਦਗਾਰ, 1984 ਵਿੱਚ ਸਿੱਖ ਭਾਈਚਾਰੇ ਨਾਲ ਵਾਪਰੇ ਭਾਣੇ ਨੂੰ ਦੱਸਣ ਦਾ ‘ਨਿਵੇਕਲਾ ਮੌਕਾ’ ਸੀ। ਯਾਦਗਾਰ ’ਤੇ ਲੱਗੀ ਪਲੇਕ, ਝੰਡੇ ਤੇ ਭਿੰਡਰਾਂਵਾਲੇ ਦੀ ਤਸਵੀਰ ਖ਼ਾਲਸਾ ਨੂੰ ਮੋੜ ਦਿੱਤੀ ਗਈ ਹੈ। ਖ਼ਾਲਸਾ ਨੇ ਕਿਹਾ ਕਿ ਯਾਦਗਾਰ ਨੂੰ ਸਿਟੀ ਹਾਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਖ਼ਾਲਸਾ ਨੇ ਕਿਹਾ, ‘ਮੈਨੂੰ ਅਜੇ ਵੀ ਆਸ ਹੈ ਕਿ ਅਸੀਂ ਇਸ ਮੁੱਦੇ ਨੂੰ ਸੁਲਝਾਅ ਲਵਾਂਗੇ ਤੇ ਅਸੀਂ ਆਪਣੇ ਹਿੱਸੇ ਦਾ ਬਿਰਤਾਂਤ ਬਿਆਨਦੇ ਰਹਾਂਗੇ।’ ਖ਼ਾਲਸਾ ਨੇ ਕਿਹਾ ਕਿ ਉਹ ਸਿਟੀ ਹਾਲ ਦੇ ਬਾਹਰ 9 ਨਵੰਬਰ ਨੂੰ ਇਸ ਸਬੰਧੀ ਇਕ ਸਮਾਗਮ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਉਧਰ ਸ਼ਹਿਰ ਦੀ ਪਲੇਕਸ ਤੇ ਮੌਨੂਮੈਂਟਸ ਕਮੇਟੀ ਦੇ ਮੈਂਬਰਾਂ ਵਿੱਚ ਸ਼ੁਮਾਰ ਸਟੇਸੀ ਗੋਲਡ ਨੇ ਕਿਹਾ ਕਿ ਕਮੇਟੀ ਯਾਦਗਾਰ ਨੂੰ ਹਟਾਉਣ ਸਬੰਧੀ ਲਾਇਬਰੇਰੀ ਦੀ ਅਪੀਲ ਨਾਲ ਸਹਿਮਤ ਸੀ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਜੋਅ ਡੀਲੂਸੀਆ ਤੇ ਕੌਂਸਲ ਪ੍ਰਧਾਨ ਪ੍ਰੋ ਟੈੱਮ ਬਿਲ ਨੈਸ਼ ਸ਼ਾਮਲ ਹਨ। ਗੋਲਡ ਨੇ ਕਿਹਾ, ‘ਉਨ੍ਹਾਂ ਫੈਸਲਾ ਕੀਤਾ ਕਿ ਇਹ (ਯਾਦਗਾਰ) ਲਾਇਬਰੇਰੀ ਦੇ ਮਿਸ਼ਨ ਲਈ ਢੁੱਕਵੀਂ ਨਹੀਂ ਸੀ।’ ਫੋੋਰਟਸਨ ਨੇ ਕਿਹਾ ਕਿ ਜੂਨ ਵਿੱਚ ਯਾਦਗਾਰ ਦੇ ਉਦਘਾਟਨ ਮਗਰੋਂ ਲਾਇਬਰੇਰੀ ਨੂੰ ‘ਇਸ ਦੀ ਹਮਾਇਤ ਤੇ ਨੁਕਤਾਚੀਨੀ’, ਦੋਵਾਂ ਤਰ੍ਹਾਂ ਦੇ ਪ੍ਰਤੀਕਰਮ ਮਿਲੇ। ਨੁਕਤਾਚੀਨੀ ਕਰਨ ਵਾਲਿਆਂ ’ਚ ਭਾਰਤ ਸਰਕਾਰ ਵੀ ਸ਼ੁਮਾਰ ਸੀ। ਫੋਰਟਸਨ ਨੇ ਕਿਹਾ ਕਿ ਨਿਊ ਯਾਰਕ ਸਥਿਤ ਭਾਰਤੀ ਕੌਂਸੁਲੇਟ ਤੋਂ ਓਟਿਸ ਲਾਇਬਰੇਰੀ ਦੇ ਕਾਰਜਕਾਰੀ ਡਾਇਰੈਕਟਰ ਬੌਬ ਫੇਅਰਵੈੱਲ ਨੂੰ ਯਾਦਗਾਰ ਬਾਰੇ ਫੋਨ ਵੀ ਆਇਆ। ਇਸ ਯਾਦਗਾਰ ਤੋਂ ਕੁਝ ਮੁਕਾਮੀ ਹਿੰਦੂ ਪ੍ਰੇਸ਼ਾਨ ਸਨ। ਗੋਲਡ ਨੇ ਕਿਹਾ, ‘ਲਾਇਬਰੇਰੀ ਕਿਸੇ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ। ਕਿਉਂਕਿ ਇਹ ਇਕ ਗ਼ੈਰਸਿਆਸੀ ਜਥੇਬੰਦੀ ਹੈ। ਅਸੀਂ ਲਾਇਬਰੇਰੀ ਵਿੱਚ ਆਉਣ ਵਾਲਿਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਚਾਹੁੰਦੇ ਹਾਂ।’
1984 ਸਿੱਖ ਨਸਲਕੁਸ਼ੀ ਨਾਲ ਸਬੰਧਤ ਯਾਦਗਾਰ ਲਾਇਬਰੇਰੀ ਦੀ ਮੁੱਖ ਲੌਬੀ ’ਚ ਸਥਾਪਤ ਕੀਤੀ ਗਈ ਸੀ। ਕੰਧ ’ਤੇ ਖ਼ਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹੇਠ ਗੁਰਦੁਆਰਿਆਂ ਦੀ ਰਾਖੀ ਦੌਰਾਨ ਮਾਰੇ ਗਏ ਸਿੱਖ ਸਿਪਾਹੀਆਂ ਦੇ ਮਾਣ ਵਿੱਚ ਪਲੇਕ (ਤਾਂਬੇ ਦੀ ਇਕ ਫੱਟੀ) ਲੱਗੀ ਸੀ। ਇਸ ਪਲੇਕ ’ਤੇ ਨਵੰਬਰ 1984 ਦੌਰਾਨ ਦੇਸ਼ ਵਿੱਚ ਭਰ ਸਿੱਖਾਂ ਦੀ ਨਸਲਕੁਸ਼ੀ ਲਈ ਚਲਾਈ ਗਈ ਮੁਹਿੰਮ ਨੂੰ ਸਰਕਾਰੀ ਸ਼ਹਿ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜੂਨ ਵਿੱਚ ਯਾਦਗਾਰ ਦੇ ਉਦਘਾਟਨ ਮੌਕੇ ਸ਼ਹਿਰ ਨਾਲ ਸਬੰਧਤ ਕਈ ਅਧਿਕਾਰੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਤੇ ਵੱਡੀ ਗਿਣਤੀ ਸਿੱਖ ਮੌਜੂਦ ਸਨ। ਇਹ ਅਮਰੀਕਾ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਯਾਦਗਾਰ ਸੀ।