ਕੱਲ ਮਿਤੀ 27 ਫਰਵਰੀ ਨੂੰ ਜਦੋਂ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਜੀ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਬਹੁਤ ਸਾਰੇ ਵੀਰ ਤੇ ਭੈਣਾਂ ਮਾਤਾ ਸਵਰਨਜੀਤ ਕੌਰ ਜੀ ਦੀ ਸੇਵਾ ਕਰ ਰਹੇ ਸਨ। ਇੱਕ ਨੋਜਵਾਨ ਲੜਕੀ ਵੀ ਮਾਤਾ ਜੀ ਦੀ ਸੇਵਾ ਕਰਦੀ ਮੈਂ ਦੇਖੀ ਤਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਲੜਕੀ ਵੀ ਇਸ ਮੋਰਚੇ ਵਿੱਚ ਮੇਰੇ ਵਾਂਗ ਸੰਗਤ ਦੇ ਦਰਸ਼ਨ ਕਰਣ ਆਈ ਹੋਵੇਗੀ ਜਾਂ ਸਮਰਥਣ ਦੇਣ ਆਈ ਹੋਵੇਗੀ।
ਜਦੋਂ ਮੈਂ ਉਸ ਨਾਲ ਗੱਲ ਬਾਤ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੀ ਛੋਟੀ ਭੈਣ ਜਸਵਿੰਦਰ ਕੌਰ ਹੈ ਜੋ ਆਪਣੀ ਮਾਤਾ ਜੀ ਨਾਲ ਇਸ ਭੁੱਖ ਹੜਤਾਲ ਮੋਰਚੇ ਵਿੱਚ ਪਹੁੰਚੇ ਹੋਏ ਹਨ। ਉਨਾਂ ਦੱਸਿਆ ਕਿ ਰੋਜ਼ਾਨਾ ਸਾਡੀ ਕਿਸੇ ਮਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ।
ਉਨਾਂ ਬਹੁਤ ਫ਼ਿਕਰ ਜਤਾਈ ਕਿ ਅਸੀਂ ਤਾਂ ਬਚਪਨ ਤੋਂ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਜ਼ੁਲਮ ਨੂੰ ਝੱਲ ਰਹੇ ਹਾਂ। ਸ਼ਹੀਦ ਸਿੰਘ ਭਾਈ ਚੜ੍ਹਤ ਸਿੰਘ ਜੀ ਦੀ ਬੇਟੀ ਹੋਣ ਉੱਤੇ ਉਨਾਂ ਨੂੰ ਨਾਜ਼ ਹੈ। ਆਪਣੇ ਵੀਰ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੀ ਪੰਥ ਅਤੇ ਪੰਜਾਬ ਲਈ ਸੇਵਾ ਨੂੰ ਉਹ ਸਿਜਦਾ ਕਰਦੀ ਹੈ।
ਜਸਵਿੰਦਰ ਕੌਰ ਕਹਿੰਦੀ ਹੈ ਕਿ ਸਾਰੀਆਂ ਮਾਵਾਂ ਦੀ ਫ਼ਿਕਰ ਬਹੁਤ ਸਤਾਉਂਦੀ ਹੈ, ਸਾਰੀਆਂ ਮਾਵਾਂ ਸਰੀਰਕ ਪੱਖੋਂ ਕਮਜ਼ੋਰ ਹਨ। ਪਿਛਲੇ ਇੱਕ ਸਾਲ ਤੋਂ ਆਪਣੇ ਪੁੱਤਾਂ ਤੋਂ ਦੂਰ ਹਨ। ਹਰ ਵਕਤ ਮੈਂ ਆਪਣੀ ਮਾਂ ਨੂੰ ਵੀਰ ਲਈ ਅਰਦਾਸਾਂ ਕਰਦੇ ਦੇਖਿਆ ਹੈ। ਮੇਰੀ ਮਾਂ ਵਾਂਗ ਬਾਕੀ ਦੀਆਂ ਮਾਵਾਂ ਦੇ ਵੀ ਪਿਛਲੇ ਇੱਕ ਸਾਲ ਤੋਂ ਜਰੂਰ ਹੱਥ ਬੱਝੇ ਹੋਣਗੇ ਗੁਰੂ ਚਰਨਾਂ ਵਿੱਚ। ਸਾਰੀਆਂ ਮਾਵਾਂ ਨੂੰ ਆਪਣੇ ਪੁੱਤਾਂ ਦੀ ਜਾਨ ਦੀ ਫ਼ਿਕਰ ਹੈ। ਉਨਾਂ ਦੱਸਿਆ ਇਸ ਭੁੱਖ ਹੜਤਾਲ ਵਿੱਚ ਉਹ ਔਰਤਾਂ ਬੈਠੀਆਂ ਹਨ ਜਿੰਨਾਂ ਦੇ ਪੁੱਤ ਜਾਂ ਪਤੀ ਪਿਛਲੇ ਇੱਕ ਸਾਲ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ।
ਜਸਵਿੰਦਰ ਕੌਰ ਕਹਿੰਦੀ ਹੈ ਕਿ ਸਾਡੀ ਮਾਤਾ ਨੇ ਸਾਡੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਬਹੁਤ ਹੀ ਸਿਦਕ ਅਤੇ ਚੜਦੀ ਕਲਾ ਨਾਲ ਸਾਨੂੰ ਚਾਰ ਬੱਚਿਆਂ ਨੂੰ ਪਾਲਿਆ ਹੈ। ਪਰ ਪਿਤਾ ਦਾ ਪਿਆਰ ਅਤੇ ਸਾਥ ਦੀ ਕਮੀ ਅੱਜ ਵੀ ਮਹਿਸੂਸ ਹੁੰਦੀ ਹੈ। ਜਸਵਿੰਦਰ ਕੌਰ ਕਹਿੰਦੀ ਹੈ ਕਿ ਮੈਂ ਇੰਨਾਂ ਸਭ ਔਰਤਾਂ ਦੀ ਤਕਲੀਫ ਨੂੰ ਮਹਿਸੂਸ ਕਰ ਪਾ ਰਹੀ ਹਾਂ। ਇੰਨੀ ਛੋਟੀ ਉਮਰ ਵਿੱਚ ਸੰਜੀਦਗੀ ਭਰੀਆਂ ਗੱਲਾਂ ਜਸਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਦੀ ਘਾਲਣਾ ਨੂੰ ਬਿਆਨ ਕਰ ਰਹੀਆਂ ਸਨ।
1984 ਤੋਂ 1995 ਤੱਕ ਜਿੰਨਾਂ ਪਰਿਵਾਰਾਂ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਜੋ ਸੰਤਾਪ ਝੱਲਿਆ ਉਹ ਸ਼ਾਇਦ ਅੱਜ ਦੀ ਪੀੜ੍ਹੀ ਨਾ ਸਮਝ ਸਕੇ ਪਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਬੱਚੇ ਅੱਜ ਦੇ ਪਰਿਵਾਰਾਂ ਉੱਪਰ ਹੋ ਰਹੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਤਸ਼ਦੱਦਾਂ ਨੂੰ ਬਾਖੂਬੀ ਸਮਝਦੇ ਹਨ।
ਜਸਵਿੰਦਰ ਕੌਰ ਵਰਗੀਆਂ ਬੱਚੀਆਂ ਆਪਣੀ ਛੋਟੀ ਉਮਰ ਦੇ ਤਜਰਬੇ ਨਾਲ ਅੱਜ ਦੇ ਪੰਜਾਬ ਦੇ ਹਲਾਤਾਂ ਉੱਤੇ ਇੱਕ ਸਵਾਲ ਚੁੱਕਦੀਆਂ ਹਨ ਕਿ ਸਾਡੇ ਪਿਤਾ ਤਾਂ ਸ਼ਹੀਦ ਕਰ ਦਿੱਤੇ ਜ਼ਾਲਿਮ ਸਰਕਾਰਾਂ ਅਤੇ ਪ੍ਸ਼ਾਸਨ ਨੇ, ਸਾਨੂੰ ਤਾਂ ਪਿਉ ਦੇ ਪਿਆਰ ਤੋਂ ਵਾਂਝੇ ਕਰ ਦਿੱਤਾ ਗਿਆ ਕਿ ਹੁਣ 2024 ਵਿੱਚ ਵੀ ਫਿਰ ਸਿੱਖ ਕੌਮ ਦੇ ਬੱਚੇ ਆਪਣੇ ਪਿਤਾ ਦੇ ਪਿਆਰ ਅਤੇ ਸਾਥ ਤੋਂ ਵਾਂਝੇ ਹੋਣਗੇ। ਇੰਨਾਂ ਸੰਘਰਸ਼ੀ ਪਰਿਵਾਰਾਂ ਦੀ ਦਾਸਤਾਨ ਬਿਆਨ ਕਰਣੀ ਸੱਚੀਂ ਬਹੁਤ ਮੁਸ਼ਕਿਲ ਹੈ। ਪ੍ਰਣਾਮ ਹੈ ਇੰਨਾਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078