You are here

ਸ਼੍ਰੋਮਣੀ ਕਮੇਟੀ ਦੀਆਂ ‘ਊਣਤਾਈਆਂ’ ਖ਼ਿਲਾਫ਼ ਮੋਰਚਾ ਖੋਲ੍ਹਿਆ

ਫ਼ਤਿਹਗੜ੍ਹ ਸਾਹਿਬ, 6 ਫਰਵਰੀ (ਮਨਜਿੰਦਰ ਸਿੰਘ ਗਿੱਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਕੁੱਝ ਮੈਂਬਰਾਂ ਨੇ ਐਸਜੀਪੀਸੀ ਪ੍ਰਬੰਧਕਾਂ ਵਿਚ ਫੈਲੀਆਂ ਕਥਿਤ ਊਣਤਾਈਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਮੈਂਬਰ ਡੇਰਾ ਬਾਬਾ ਨਾਨਕ ਅਮਰੀਕ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਹੁਸੈਨਪੁਰ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਬਲਾਚੌਰ, ਜਸਵੰਤ ਸਿੰਘ ਪੁੜੈਣ ਕਮੇਟੀ ਮੈਂਬਰ ਹਲਕਾ ਸਿਧਵਾਂ ਬੇਟ, ਹਰਬੰਸ ਸਿੰਘ ਮਾਣਕੀ ਸਾਬਕਾ ਮੈਂਬਰ ਹਲਕਾ ਸਮਰਾਲਾ ਤੇ ਹਰਬੰਸ ਸਿੰਘ ਮੰਝਪੁਰ ਸਾਬਕਾ ਅੰਤਰਿੰਗ ਕਮੇਟੀ ਮੈਂਬਰ ਹੁਸ਼ਿਆਰਪੁਰ ਮੌਜੂਦ ਸਨ। ਭਾਈ ਰੰਧਾਵਾ ਨੇ ਕਿਹਾ ਕਿ ਐਸਜੀਪੀਸੀ ਵਿਚ ਕਥਿਤ ਊਣਤਾਈਆਂ ਕਾਰਨ ਸੰਗਤ ਹੁਣ ਗੁਰਦੁਆਰਿਆਂ ਵਿਚ ਦਸਵੰਧ ਦੇਣ ਤੋਂ ਕਤਰਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ 29 ਸਤੰਬਰ 2015 ਵਿਚ ਹੋਏ ਜਨਰਲ ਇਜਲਾਸ ਦੌਰਾਨ ਕੇਵਲ ਹੱਥ ਖੜ੍ਹੇ ਕਰਵਾ ਕੇ ਡੇਰਾ ਸਿਰਸਾ ਸਾਧ ਨੂੰ ਮੁਆਫ਼ੀ ਦਾ ਮਤਾ ਪਾਸ ਕਰਵਾਇਆ ਗਿਆ ਸੀ ਅਤੇ ਰੋਸ ਵਜੋਂ ਉਪਰੋਕਤ ਉਹ ਸਾਰੇ ਮੈਂਬਰ ਮੌਜੂਦ ਨਹੀਂ ਸਨ। ਜਦੋਂ ਸਿੱਖ ਸੰਗਤ ਨੇ ਰੋਸ ਪ੍ਰਗਟ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ। ਹੁਣ ਕਾਇਦੇ ਅਨੁਸਾਰ ਫਿਰ ਉਸੇ ਸਥਾਨ ਉਪਰ ਜਨਰਲ ਇਜਲਾਸ ਬੁਲਾ ਕੇ ਮੁਆਫ਼ੀ ਦੇਣ ਵਾਲੇ ਮੈਂਬਰਾਂ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ ਅਖੌਤੀ ਸਾਧ ਦੇ ਮਾਮਲੇ ਵਿਚ ਗੁਰਦੁਆਰਾ ਧਨਧਾਸ ਸਾਹਿਬ ਹਰਿਆਣਾ ਵਿਖੇ ਬਦਲੀ ਕਰਨ ਤੇ ਬਾਅਦ ’ਚ ਜਸਟਿਸ ਰਣਜੀਤ ਸਿੰਘ ਰਿਪੋਰਟ ਆਉਣ ’ਤੇ ਮੁੜ ਅਕਾਲ ਤਖ਼ਤ ਸਾਹਿਬ ਵਿਖੇ ਲਗਾਏ ਜਾਣ ਉੱਤੇ ਵੀ ਸਵਾਲ ਉਠਾਏ।
ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਿੱਖ ਹਿਤੈਸ਼ੀ ਹੋਣ ਦੀਆ ਗੱਲਾਂ ਕਰਦੇ ਹਨ, ਪਰ ਸਰਕਾਰ ਦੇ ਅੰਤ੍ਰਿਮ ਬਜਟ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸ੍ਰੀ ਮੋਦੀ ਵੱਲੋਂ ਪੰਜਾਬ ਲਈ ਕਿਸੇ ਪੈਕੇਜ ਦਾ ਐਲਾਨ ਨਾ ਕਰਨ ਕਾਰਨ ਸਿੱਖ ਜਗਤ ਵਿਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੀ ਜਾਂਚ ਨੂੰ ਮੁਕੰਮਲ ਕਰ ਕੇ ਮੁਲਜ਼ਮਾਂ ਨੂੰ ਖ਼ਾਲਸਾ ਪੰਥ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ।