ਫ਼ਤਹਿਗੜ੍ਹ ਸਾਹਿਬ, 5 ਫਰਵਰੀ ਪੰਥਕ ਅਕਾਲੀ ਲਹਿਰ ਜਥੇਬੰਦੀ ਵੱਲੋਂ ਗੁਰੂ ਘਰਾਂ ਦੀ ਆਜ਼ਾਦੀ ਲਈ ਆਰੰਭੇ ਮਿਸ਼ਨ ਤਹਿਤ ਪਿੰਡ ਈਸਰਹੇਲ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਲੰਬੜਦਾਰ ਹਰਬੰਸ ਸਿੰਘ ਈਸਰਹੇਲ ਦੀ ਅਗਵਾਈ ਹੇਠ ਇਲਾਕੇ ਦੀ ਭਰਵੀਂ ਸੰਗਤ ਨਾਲ ਇਕ ਮੀਟਿੰਗ ਕੀਤੀ ਗਈ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਤੇ ਸੰਸਥਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਸਮੁੰਦਰੀ, ਐਸਜੀਪੀਸੀ ਮੈਂਬਰ ਫ਼ਤਹਿਗੜ੍ਹ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਗਤ ਨਾਲ ਪੰਥਕ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਵਿਚ ਫੈਲੀਆਂ ਊਣਤਾਈਆਂ ਤੇ ਬਾਦਲ ਪਰਿਵਾਰ ਵੱਲੋਂ ਕੀਤੇ ਕਬਜ਼ੇ ਸਬੰਧੀ ਸੰਗਤ ਨੂੰ ਜਾਗਰੂਕ ਕਰਨ ਲਈ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੰਥ ਤੇ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਤੇ ਅੱਜ ਕੀ ਹੋ ਗਿਆ। ਅਕਾਲ ਤਖ਼ਤ ਜਿਨ੍ਹਾਂ ਨੇ ਮੁਗ਼ਲਾਂ ਦੀ ਈਨ ਨਹੀਂ ਮੰਨੀ ਅੱਜ ਰਾਮ ਰਹੀਮ ਦੀ ਸੇਵਾ ਵਿੱਚ ਲੱਗ ਗਿਆ। ਪੰਥ ਇਕ ਪਰਿਵਾਰ ਬਣ ਕੇ ਰਹਿ ਗਿਆ ਜਿਹੜਾ ਵੋਟ ਨਹੀਂ ਪਾਉਂਦਾ ਉਸ ਉਪਰ ਕਾਂਗਰਸ ਦਾ ਏਜੰਟ ਹੋਣ ਦਾ ਹੋਣ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ। ਪੰਥ ਕੇਵਲ 13 ਲੋਕ ਸਭਾ ਸੀਟਾਂ ਤੱਕ ਸਿਮਟ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਇਸ਼ਾਰੇ ਉਪਰ ਐਸਜੀਪੀਸੀ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। 500 ਦੇ ਕਰੀਬ ਐਸਜੀਪੀਸੀ ਮੁਲਾਜ਼ਮ ਇਨ੍ਹਾਂ ਲੀਡਰਾਂ ਦੇ ਘਰਾਂ ’ਚ ਗੰਨਮੈਨ ਜਾਂ ਲਾਂਗਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਤਨਖ਼ਾਹ ਗੁਰੂ ਕੀ ਗੋਲਕ ਵਿੱਚੋਂ ਦਿੱਤੀ ਜਾ ਰਹੀ ਹੈ।