ਚੰਡੀਗੜ੍ਹ, 5 ਫਰਵਰੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਬਿਜਲੀ ਦਰਾਂ ਵਿਚ ਕਟੌਤੀ ਲਈ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੂਬੇ ਦੇ ਲੋਕਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਬਜ਼ੁਰਗਾਂ-ਅਪਾਹਜਾਂ ਤੇ ਵਿਧਵਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਸਨ, ਪਰ ਕੈਪਟਨ ਇਕ ਵੀ ਵਾਅਦੇ ’ਤੇ ਖਰੇ ਨਹੀਂ ਉੱਤਰੇ। ਕੈਪਟਨ ਸਰਕਾਰ ਨੇ ਬਿਜਲੀ ਵੀ ਪੂਰੇ ਦੇਸ਼ ਨਾਲੋਂ ਮਹਿੰਗੀ ਕਰ ਦਿੱਤੀ ਹੈ।
ਪਿਛਲੇ 2 ਸਾਲ ਦੌਰਾਨ 4 ਤੋਂ ਵੱਧ ਵਾਰ ਬਿਜਲੀ ਦੀਆਂ ਦਰਾਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਆਪਣੀ ‘ਕਥਨੀ ਤੇ ਕਰਨੀ’ ਦੇ ਪੱਕੇ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਥਾਂ ਪਿਛਲੀ ਬਾਦਲ ਸਰਕਾਰ ਵੱਲੋਂ ਬੇਹੱਦ ਮਹਿੰਗੀਆਂ ਦਰਾਂ ’ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਅਤੇ ਵਾਜਬ ਸਮਝੌਤੇ ਕਰਦੇ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਚੀਮਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਦੋਆ, ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ ਤੇ ਆਨੰਦਪੁਰ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਅਲਟੀਮੇਟਮ ਦਿੱਤਾ ਕਿ ਜੇ ਕੈਪਟਨ ਨੇ 20 ਦਿਨਾਂ ਵਿਚ ਬਿਜਲੀ ਦਰਾਂ ਨਾ ਘਟਾਈਆਂ ਤਾਂ ਪਾਰਟੀ ਅੰਦੋਲਨ ਵਿੱਢੇਗੀ।