ਪੰਚਾਇਤ ਸਕੱਤਰਾਂ ਨੂੰ ਮੱਛੀ ਪਾਲਣ ਸਬੰਧੀ ਦਿੱਤੀ ਸਿਖਲਾਈ
ਬਰਨਾਲਾ, 26 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ ) ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਿੰਡਾਂ ਦੇ ਸੋਧੇ ਪਾਣੀ ਵਾਲੇ ਪੰਚਾਇਤੀ ਛੱਪੜਾਂ ਅਤੇ ਪ੍ਰਾਈਵੇਟ ਥਾਵਾਂ ’ਤੇ ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪੰਚਾਇਤੀ ਵਿਭਾਗ ਦੇ ਸਟਾਫ਼ ਅਤੇ ਪੰਚਾਇਤ ਸਕੱਤਰਾਂ ਨੂੰ ਬੀਡੀਪੀਓ ਦਫਤਰ ਬਰਨਾਲਾ ਵਿਖੇ ਟ੍ਰੇਨਿੰਗ ਦਿੱਤੀ ਗਈ। ਮੱਛੀ ਪਾਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਛੀ ਪਾਲਣ ਅਫਸਰ ਬਰਨਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਪੰਚਾਇਤਾਂ ਨੂੰ ਵੀ ਆਮਦਨ ਹੋਵੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਇਜ਼ਾਫ਼ਾ ਹੋਵੇ। ਇਸ ਤੋਂ ਇਲਾਵਾ ਕਿਸਾਨ ਆਪਣੇ ਰਕਬੇ ਵਿੱਚ ਵੀ ਮੱਛੀ ਤਲਾਅ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 1.0 ਹੈਕਟੇਅਰ ਨਵੇਂ ਮੱਛੀ ਤਲਾਅ ਦੀ ਉਸਾਰੀ ਸਮੇਤ ਹੋਰ ਕੰਪੋਨੈਂਟ ਏਰੀਏਟਰ, ਮੱਛੀ ਪੂੰਗ, ਬਿਜਲੀ ਆਦਿ ਸਾਰੇ ਇਨਪੁਟਸ ’ਤੇ ਵੱਧ ਤੋਂ ਵੱਧ 11 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ, ਜਿਸ ’ਤੇ ਸਰਕਾਰ ਵੱਲੋਂ ਜਨਰਲ ਕੈਟਾਗਿਰੀ ਨੂੰ 40 ਫੀਸਦੀ ਅਤੇ ਐਸਸੀ, ਐੱਸਟੀ ਸ਼੍ਰੇਣੀ ਤੇ ਔਰਤਾਂ ਨੂੰ 60 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਇਸ ਮੌਕੇ ਬੀਡੀਪੀਓ ਸੁਖਦੀਪ ਸਿੰਘ, ਜੇਈ ਜਗਜੀਤ ਸਿੰਘ, ਟੀਸੀ ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਦੀਪ ਕੁਮਾਰ, ਧਰਮਿੰਦਰ, ਕ੍ਰਿਸ਼ਨ ਭਗਵਾਨ, ਵਿਲੇਜ ਡਿਵੈਲਮੈਂਟ ਅਫਸਰ ਪਰਮਜੀਤ ਭੁੱਲਰ, ਸਰਵਣ ਸਿੰਘ ਤੇ ਪਰਮਿੰਦਰ ਸਿੰਘ ਹਾਜ਼ਰ ਸਨ।