You are here

ਖਹਿਰਾ ਤੇ ਛੋਟੇਪੁਰ ਵਿਚਾਲੇ ਬੰਦ ਕਮਰਾ ਮੀਟਿੰਗ

ਐੱਸ.ਏ.ਐਸ. ਨਗਰ (ਮੁਹਾਲੀ), 5 ਫਰਵਰੀ  ‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼ਾਮ ਇੱਥੋਂ ਦੇ ਫੇਜ਼-11 ਵਿਚ ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੋਪੁਰ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟਾ ਬੰਦ ਕਮਰੇ ਵਿਚ ਚੱਲੀ ਇਸ ਮੀਟਿੰਗ ’ਚ ਸ੍ਰੀ ਖਹਿਰਾ ਨੇ ਛੋਟੇਪੁਰ ਨੂੰ ਤੀਜੇ ਫਰੰਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਸ੍ਰੀ ਛੋਟੋਪੁਰ ਨੇ ਤੀਜੇ ਫਰੰਟ ਦੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਉਹ ਅਗਲੇ ਦੋ-ਚਾਰ ਦਿਨਾਂ ਵਿਚ ਆਪਣੀ ਪਾਰਟੀ ਦੀ ਮੀਟਿੰਗ ਸੱਦ ਕੇ ਗੱਠਜੋੜ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਸੁੱਚਾ ਸਿੰਘ ਛੋਟੇਪੁਰ ਨੇ ਵੀ ਮੀਡੀਆ ਕੋਲ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਅਲਾਇੰਸ ਵਿਚ ਲੋਕ ਸਭਾ ਦੀਆਂ 5 ਸੀਟਾਂ ’ਤੇ ਚੋਣ ਲੜਨ ਲਈ ਨਾਵਾਂ ’ਤੇ ਸਹਿਮਤੀ ਬਣੀ ਹੈ ਅਤੇ ਚੋਣਾਂ ਨੇੜੇ ਆਉਣ ’ਤੇ ਬਾਕੀ ਸੀਟਾਂ ’ਤੇ ਵੀ ਸਹਿਮਤੀ ਬਣ ਜਾਵੇਗੀ। ਬਸਪਾ ਸੁਪਰੀਮੋ ਮਾਇਆਵਤੀ ਨੂੰ ਤੀਜੇ ਫਰੰਟ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਮੰਨਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਛੋਟੇਪੁਰ ਨੇ ਕਿਹਾ ਕਿ ਇਸ ਬਾਰੇ ‘ਮਹਾਂਗੱਠਜੋੜ’ ਦੀ ਮੀਟਿੰਗ ਵਿਚ ਹੀ ਫ਼ੈਸਲਾ ਹੋਵੇਗਾ। ਇਸ ਮੌਕੇ ‘ਆਪ’ ਦੇ ਬਾਗ਼ੀ ਵਿਧਾਇਕ ਬਲਦੇਵ ਸਿੰਘ ਤੇ ਜਗਦੇਵ ਸਿੰਘ ਵੀ ਹਾਜ਼ਰ ਸਨ।