You are here

ਹੋਲੇ ਮਹੱਲੇ ਦੀਆਂ ਤਿਆਰੀਆਂ ਲਈ ਬੁੱਢਾ ਦਲ ਸਮੇਤ ਨਿਹੰਗ ਸਿੰਘ ਦਲਾਂ ਨੇ ਆਪੋ ਆਪਣੀਆਂ ਛਾਉਣੀਆਂ ‘ਚ ਲਾਏ ਡੇਰੇ

ਸ੍ਰੀ ਅਨੰਦਪੁਰ ਸਾਹਿਬ:- 19 ਮਾਰਚ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ    ) ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਵੱਲੋਂ ਮਨਾਇਆ ਜਾਂਦਾ ਹੋਲੇ ਮਹੱਲੇ ਦੀਆਂ ਤਿਆਰੀਆਂ ਸਮੁੱਚੇ ਨਿਹੰਗ ਸਿੰਘ ਦਲਾਂ ਅਤੇ ਸੰਪਰਦਾਵਾਂ, ਨਿਸ਼ਕਾਮ ਸੇਵਕ ਦਲਾਂ, ਸੰਤ ਮਹਾਂਪੁਰਸ਼ਾਂ ਵੱਲੋਂ ਆਪੋ ਆਪਣੇ ਪੜਾਵਾਂ ਅਤੇ ਛਾਉਣੀਆਂ ਵਿੱਚ ਪੁਰਜੋਰ ਕੀਤੇ ਜਾ ਰਹੀਆਂ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਪ੍ਰੈਸ ਬਿਆਨ ‘ਚ ਕਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁ: ਗੁਰੂ ਕਾ ਬਾਗ਼ ਛਾਉਣੀ ਬੁੱਢਾ ਦਲ ਵਿਖੇ ਹੋਲੇ ਮਹੱਲੇ ਸਮੇਂ ਹੋਣ ਵਾਲੇ ਗੁਰਮਤਿ ਸਮਾਗਮਾਂ ਵਿੱਚ ਪੁੱਜਣ ਵਾਲੀ ਸੰਗਤ ਲਈ ਸਾਫ਼ ਸਫ਼ਾਈਆਂ ਤੇ ਪੰਡਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਲਈ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਇਸ ਰਵਾਇਤੀ ਤਿਉਹਾਰ ਅਤੇ ਖਾਲਸੇ ਦੀ ਜੰਗਜੂ ਯੁੱਧ ਕਲਾ ਦਾ ਸਬੰਧ ਗੁਰੂ ਕਾਲ ਤੋਂ ਜੁੜਿਆ ਹੋਇਆ ਹੈ। ਸਮੁੱਚਾ ਖਾਲਸਾ ਪੰਥ ਹੀ ਪੂਰਨ ਖਾਲਸਾਈ ਜਾਹੋ ਜਲਾਲ ਅਤੇ ਸਰਧਾ ਭਾਵਨਾ ਪੁਰਾਤਨ ਸਮੇਂ ਤੋਂ ਮਨਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ 24,25,26 ਮਾਰਚ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਗਤਕਾ ਮੁਕਾਬਲੇ ਗੁ: ਗੁਰੂ ਕਾ ਬਾਗ਼ ਵਿਖੇ ਕਰਵਾਏ ਜਾਣਗੇ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਗਤਕਾ ਟੀਮਾਂ ਭਾਗ ਲੈਣਗੀਆਂ ਅਤੇ ਗਤਕਾ ਖੇਡਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਵੀ ਤਕਸੀਮ ਕੀਤੇ ਜਾਣਗੇ। ਇਸ ਦਿਹਾੜੇ ਤੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਅਤੇ ਅਹਿਮ ਸਥਾਨ ਰੱਖਦੀਆਂ ਛੇ ਸਖ਼ਸ਼ੀਅਤਾਂ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਵੇਗਾ। 26 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੁਰਾਤਨ ਰਵਾਇਤ ਮੁਤਾਬਕ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ ਜਾਵੇਗਾ। ਬੱਢਾ ਦਲ ਵੱਲੋ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਜਾਣਗੇ, ਅੰਮਿਤ ਸੰਚਾਰ ਵੀ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।