(ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਫਿਰ ਪਰਤੀਆਂ ਰੌਣਕਾਂ, ਛੋਟੇ ਸੁਭਦੀਪ ਦਾ ਹੋਇਆ ਗ੍ਰਹਿ ਪ੍ਰਵੇਸ਼)
ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਛੋਟਾ ਸਿੱਧੂ ਮੂਸੇਵਾਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਹਵੇਲੀ ਵਿੱਚ ਆ ਗਿਆ ਹੈ ਅਤੇ ਮੂਸੇਵਾਲਾ ਦੀ ਹਵੇਲੀ ‘ਚ ਵਿਆਹ ਵਰਗਾ ਮਾਹੌਲ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਛੋਟੇ ਸ਼ੁਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਛੋਟੇ ਸੁਭਦੀਪ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਦਮਦਮਾ ਸਾਹਿਬ ਪਹੁੰਚੇ ਨਿੱਕੇ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਸਿਰੋਪਾ ਭੇਂਟ ਕੀਤਾ ਗਿਆ। ਪ੍ਰਮਾਤਮਾ ਵਾਹਿਗੁਰੂ ਦਾ ਓਟ ਆਸਰਾ ਲੈਣ ਉਪਰੰਤ ਪਿੰਡ ਮੂਸਾ ਆਪਣੇ ਘਰ ਪਹੁੰਚੇ, ਜਿੱਥੇ ਪਿੰਡ ਵਾਸੀਆਂ ਤੇ ਦੁਨੀਆਂ ਭਰ ‘ਚੋਂ ਲੋਕਾਂ ਨੇ ਵਧਾਈਆਂ ਦਿੰਦਿਆਂ ਪਰਿਵਾਰ ਦੀਆਂ ਖੁਸ਼ੀਆਂ ‘ਚ ਸ਼ਮੂਲੀਅਤ ਕੀਤੀ। ਜਦੋਂ ਦੋਵਾਂ ਨੂੰ ਛੁੱਟੀ ਮਿਲੀ ਤਾਂ ਪਿੰਡ ਦੀਆਂ ਔਰਤਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ। ਪਰਿਵਾਰਕ ਮੈਂਬਰਾਂ ਨੇ ਹਵੇਲੀ ਅਤੇ ਪੁਰਾਣੇ ਘਰ ਨੂੰ ਖੂਬਸੂਰਤੀ ਨਾਲ ਸਜਾਇਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖੁਸ਼ੀ ‘ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ‘ਚ ਸਿੱਧੂ ਨੂੰ ਚਚਾਹੁਣ ਵਾਲੇ ਲੋਕ ਮੌਜ਼ੂਦ ਹਨ।
ਦੱਸ ਦੇਈਏ ਕਿ ਬੀਤੇ 17 ਮਾਰਚ ਨੂੰ ਨਿੱਕੇ ਸਿੱਧੂ ਦਾ ਜਨਮ ਹੋਇਆ ਸੀ। ਹੁਣ ਫਿਰ ਤੋਂ ਸਿੱਧੂ ਆਪਣੀ ਹਵੇਲੀ ਵਿਚ ਵਾਪਸ ਆਏਗਾ। ਬਾਪੂ ਬਲਕੌਰ ਸਿੰਘ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣਾ ਸ਼ੁਭਦੀਪ ਵਾਪਸ ਮਿਲ ਗਿਆ ਹੈ। ਇਸ ਮੌਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਨਮ ਸਨ। ਪਰਿਵਾਰ ਲਈ ਬਹੁਤ ਹੀ ਖੁਸ਼ੀ ਦੇ ਪਲ ਹਨ।