ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੀ ਸੁਰੱਖਿਆ ਪ੍ਰਤੀ ਆਪਣੀ ਡਿਊਟੀ ਨਿਭਾਉਂਦਿਆਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁੰਛ ਲਾਗੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਨੇੜਲੇ ਪਿੰਡ ਬਾਘਾ ਦੇ ਫੌਜੀ ਜਵਾਨ ਸੇਵਕ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਉਨਾਂ ਦੇ ਘਰ ਪੁੱਜੇ ਅਤੇ ਪਿਤਾ ਗੁਰਚਰਨ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਹੀਦ ਸੇਵਕ ਸਿੰਘ ਦੇ ਪਿਤਾ ਗੁਰਚਰਨ ਸਿੰਘ ਨੇ ਵਾਪਰੇ ਸਮੁੱਚੇ ਘਟਨਾਕ੍ਰਮ ਤੋਂ ਸਾਬਕਾ ਵਿਧਾਇਕ ਸਿੱਧੂ ਨੂੰ ਜਾਣੂੰ ਕਰਵਾਇਆ। ਸਾਬਕਾ ਵਿਧਾਇਕ ਨੇ ਸੇਵਕ ਸਿੰਘ ਦੀ ਸ਼ਹੀਦੀ ਨੂੰ ਸਮੁੱਚੇ ਦੇਸ਼ ਲਈ ਫਖਰ ਵਾਲੀ ਗੱਲ ਦੱਸਦਿਆਂ ਪਰਿਵਾਰ ਨੂੰ ਯਕੀਨ ਦਵਾਇਆ ਗਿਆ ਕਿ ਉਹ ਆਪਣਾ ਫਰਜ਼ ਸਮਝ ਕੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਮਿਲਣਗੇ ਅਤੇ ਜੋ ਵੀ ਪਰਿਵਾਰ ਡਿਊਟੀ ਲਗਾਵੇਗਾ ਉਸਤੇ ਪਹਿਰਾ ਦੇਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਸ਼ਹੀਦ ਸੇਵਕ ਸਿੰਘ ਦੀ ਸ਼ਹਾਦਤ 'ਤੇ ਸਮੁੱਚੇ ਇਲਾਕੇ ਨੂੰ ਮਾਣ ਹੈ ਅਤੇ ਸ਼ਹੀਦ ਦਾ ਪਰਿਵਾਰ ਹੁਣ ਸਮੁੱਚੇ ਇਲਾਕੇ ਦਾ ਆਪਣਾ ਪਰਿਵਾਰ ਹੈ। ਉਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦ ਦੇ ਪਰਿਵਾਰ ਲਈ ਐਲਾਨੀ ਸਹਾਇਤਾ ਰਾਸ਼ੀ ਜਲਦ ਪਰਿਵਾਰ ਤੱਕ ਪਹੁੰਚਾਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਵੇ ਉੱਥੇ ਪਿੰਡ ਵਿੱਚ ਸ਼ਹੀਦ ਸੇਵਕ ਸਿੰਘ ਦੀ ਇੱਕ ਯਾਦਗਾਰ ਦੀ ਉਸਾਰੀ ਵੀ ਕਰਵਾਈ ਜਾਵੇ ਤਾਂ ਕਿ ਪਿੰਡ ਅਤੇ ਇਲਾਕੇ ਦੇ ਹੋਰ ਨੌਜਵਾਨ ਉਸਦੀ ਸ਼ਹਾਦਤ ਤੋਂ ਸੇਧ ਲੈ ਕੇ ਫੌਜ ਵਿੱਚ ਭਰਤੀ ਹੋਣ ਵੱਲ ਪ੍ਰੇਰਿਤ ਹੋਣ ਅਤੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਉਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਬਜ਼ਰਵਰ ਅਵਤਾਰ ਮੈਨੂੰਆਣਾ, ਸੂਬਾਈ ਆਗੂ ਸੁਖਬੀਰ ਸਿੰਘ ਚੱਠਾ, ਕਾਲਾ ਰਾਮਾਂ ਹਲਕਾ ਪ੍ਰਧਾਨ ਬੀ.ਸੀ ਵਿੰਗ, ਪ੍ਰੇਮਜੀਤ ਸਿੰਘ ਸਾਬਕਾ ਸਰਪੰਚ ਬਾਘਾ ਆਦਿ ਆਗੂ ਮੌਜੂਦ ਸਨ।