You are here

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ 'ਚ ਬਣੇਗਾ 'ਆੜ੍ਹਤੀ ਭਵਨ'

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਧਾਲੀਵਾਲ ਨੇ ਤਿੰਨ ਨਵੇਂ ਫੜ ਬਨਾਉਣ ਦੀ ਵੀ ਦਿੱਤੀ ਮੰਨਜ਼ੂਰੀ

ਜਗਰਾਉਂ (ਮਨਜਿੰਦਰ ਗਿੱਲ )ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਖ਼ਤ ਮਿਹਨਤ ਦਿਨੋ-ਦਿਨ ਰੰਗ ਲਿਆ ਰਹੀ ਹੈ, ਜਿਸ ਕਾਰਨ ਜਗਰਾਉਂ ਹਲਕੇ ਅੰਦਰ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਬੀਤੇ ਦਿਨੀਂ ਜਗਰਾਉਂ ਦੇ ਆੜਤੀ ਪ੍ਰਧਾਨ ਕਨ੍ਹੱਈਆ ਗੁਪਤਾ 'ਬਾਂਕਾ' ਦੀ ਅਗਵਾਈ ਹੇਠ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੇ ਸਨ ਅਤੇ ਉਹਨਾਂ ਨੇ ਮੰਗ ਰੱਖ ਸੀ ਕਿ ਆੜ੍ਹਤੀ ਲੰਮੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਆੜ੍ਹਤੀਆਂ ਕੋਲ ਮੀਟਿੰਗਾਂ ਜਾਂ ਹੋਰ ਸਰਗਰਮੀਆਂ ਕਰਨ ਲਈ ਕੋਈ ਨਿਰਧਾਰਿਤ ਜਗ੍ਹਾ ਨਹੀਂ ਹੈ। ਇਸ ਲਈ 'ਆੜ੍ਹਤੀ ਭਵਨ' ਬਣਾਇਆ ਜਾਵੇ। ਇਸ ਤੋਂ ਇਲਾਵਾ ਦਾਣਾ ਮੰਡੀ ਜਗਰਾਉਂ ਵਿਖੇ ਮੰਡੀ ਫੜ੍ਹਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਪਿਛਲੇ ਲਗਭਗ 25-30 ਸਾਲ ਤੋਂ ਫੜ੍ਹ ਰਿਪੇਅਰ ਹੀ ਨਹੀਂ ਕੀਤੇ ਗਏ, ਜੋ ਕਿ ਬਹੁਤ ਜ਼ਿਆਦਾ ਨੀਵੇਂ ਅਤੇ ਖਰਾਬ ਹੋ ਚੁੱਕੇ ਹਨ। ਜਿਸ ਕਾਰਨ ਫਸਲਾਂ ਦੇ ਸੀਜ਼ਨ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਇਸ ਲਈ ਜਗਰਾਉਂ ਮੰਡੀ ਵਿਚਲੇ ਪਾਰਕਿੰਗ ਅਤੇ ਗੱਡਾ ਸਟੈਂਡ ਦੇ ਫੜ੍ਹਾਂ ਨੂੰ ਉਚਾ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ। ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ। ਜਿਸ ਉਪਰ ਕਾਰਵਾਈ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਜਗਰਾਉਂ ਮੰਡੀ ਵਿੱਚ ਆੜ੍ਹਤੀਆਂ ਵਾਸਤੇ ਨਵਾਂ 'ਆੜ੍ਹਤੀ ਭਵਨ' ਬਨਾਉਣ ਅਤੇ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀ ਸਹੂਲਤ ਲਈ ਤਿੰਨ ਨਵੇਂ ਫੜ੍ਹ ਬਨਾਉਣ ਲਈ ਆਪਣੇ ਮਹਿਕਮੇਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਜਗਰਾਉਂ ਮੰਡੀ ਵਿੱਚ ਫਸਲਾਂ ਨੂੰ ਸਾਂਭਣ ਲਈ ਬਣੇ ਫੜ੍ਹ ਬਹੁਤ ਪੁਰਾਣੇ ਹੋਣ ਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਨੇ ਪਿਛਲੇ 25-30 ਸਾਲਾਂ ਤੋਂ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਦੀਆਂ ਜਾਇਜ ਮੰਗਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਮੰਡੀ ਵਿੱਚ ਪੁਰਾਣੇ ਬਣੇ ਫੜ੍ਹ ਨੀਵੇਂ ਅਤੇ ਖ਼ਰਾਬ ਹੋ ਗਏ ਤੇ ਬਾਰਸਾਂ ਦੌਰਾਨ ਪਾਣੀ ਖੜਨ ਕਰਕੇ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਜਾਂਦੀਆਂ ਸਨ। ਇਸ ਲਈ ਨਵੇਂ ਫੜ੍ਹਾਂ ਅਤੇ ਆੜ੍ਹਤੀਆਂ ਲਈ ਭਵਨ ਦੀ ਵੀ ਬਹੁਤ ਲੋੜ ਸੀ, ਜਿਸ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਉਹਨਾਂ ਆਖਿਆ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਸਾਰੇ ਮਸਲੇ ਹੱਲ ਕਰਨ ਲਈ ਪਹਿਲ-ਕਦਮੀਂ ਕੀਤੀ ਜਾਵੇਗੀ। ਜਗਰਉਂ ਮੰਡੀ ਵਿਖੇ 'ਆੜ੍ਹਤੀ ਭਵਨ' ਅਤੇ ਤਿੰਨ ਨਵੇਂ ਫੜ੍ਹ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਉਣ ਤੇ ਆੜ੍ਹਤੀਆ ਐਸ਼ੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਬਲਵਿੰਦਰ ਸਿੰਘ ਗਰੇਵਾਲ,ਅਮ੍ਰਿਤ ਲਾਲ ਮਿੱਤਲ, ਸੁਰਜੀਤ ਸਿੰਘ ਕਲੇਰ, ਜਤਿੰਦਰ ਸਿੰਘ ਚਚਰਾੜੀ, ਬਲਰਾਜ ਸਿੰਘ ਖਹਿਰਾ, ਰਿਪਨ ਝਾਂਜੀ, ਦਰਸ਼ਨ ਕੁਮਾਰ, ਨੀਰਜ ਬਾਂਸਲ, ਨਵੀਨ ਸਿੰਗਲਾ, ਜਗਜੀਤ ਸਿੰਘ ਸੰਧੂ, ਜਗਪਾਲ ਸਿੰਘ ਧਨੋਆ, ਮਨੋਹਰ ਲਾਲ ਆਦਿ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।