You are here

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ 

ਸੇਵਾ ਜਾਂ ਭਗਤੀ ਉਸ ਦੀ ਹੀ ਪ੍ਰਵਾਨ ਹੁੰਦੀ ਹੈ, ਜਿਸ ਵਿੱਚ ਹਉਂਮੈਂ ਨਾ ਹੋਵੇ-ਸੰਤ ਬਾਬਾ ਅਮੀਰ ਸਿੰਘ 

ਸਮਝਾਇਆ- ਆਪਾ ਤਿਆਗ ਦੇਣ ਨਾਲ ਇਨਸਾਨ ਅੰਦਰ ਨਿਮਰਤਾ, ਮਿਠਤੁ, ਉਦਾਰਤਾ ਵਰਗੇ ਗੁਣ ਪੈਦਾ ਹੁੰਦੇ ਹਨ

ਲੁਧਿਆਣਾ ਅਪ੍ਰੈਲ (ਕਰਨੈਲ ਸਿੰਘ ਐੱਮ.ਏ.)

ਗੁਰਬਾਣੀ ਪ੍ਰਚਾਰ ਪਸਾਰ ਅਤੇ ਵਿਦਿਆਰਥੀਆਂ ਨੂੰ ਪੁਰਾਤਨ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਬਾਣੀ ਸਬਦ ਦੇ ਹਵਾਲੇ ਦਿੰਦਿਆਂ ਫ਼ੁਰਮਾਇਆ ਕਿ ਮਨੁੱਖੀ ਆਚਰਣ ਅਤੇ ਮਹਾਨਤਾ ਦੀ ਸਰਬ ਉੱਚ ਕਸਵੱਟੀ "ਨਿਮਰਤਾ" ਹੈ। ਇਸ ਨਾਲ ਮਨੁੱਖਾ ਜੀਵ ਇਹ ਲੋਕ ਅਤੇ ਪਰਲੋਕ ਦੋਹਾਂ ਵਿੱਚ ਹੀ ਸਤਿਕਾਰਤ ਹੁੰਦਾ ਹੈ। ਗੁਰੂ ਸਾਹਿਬ ਜੀ ਨੇ  "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ"  ਕਹਿ ਕੇ ਨਿਮਰਤਾ ਵੱਲ ਸੰਕੇਤ ਕੀਤਾ। ਇਸ "ਨਿਮਰਤਾ" ਦੇ ਸਹਾਰੇ ਹੀ ਮਨੁੱਖ ਆਪਣੇ-ਆਪ ਨੂੰ ਹਉਂਮੈਂ ਤੋਂ ਰਹਿਤ ਕਰ ਸਕਦਾ ਹੈ। ਇਹੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਦੀ ਪਹਿਲੀ ਸ਼ਰਤ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਸੇਵਾ ਜਾਂ ਭਗਤੀ ਉਸ ਦੀ ਹੀ ਪ੍ਰਵਾਨ ਹੁੰਦੀ ਹੈ, ਜਿਸ ਵਿੱਚ ਹਉਂਮੈਂ ਨਾ ਹੋਵੇ, ਕਿਉਕਿ "ਨਿਮਰਤਾ" ਮਨੁੱਖ ਨੂੰ ਉਦਾਰ ਬਣਾਉਂਦੀ ਹੈ। ਇਸ ਨਾਲ "ਮੈਂ" ਤੇ "ਤੂੰ" ਦਾ ਅੰਤਰ ਮਿਟ ਜਾਂਦਾ ਹੈ। ਆਪਣੇ ਪਰਾਏ ਦਾ ਭੇਦ-ਭਾਵ ਖਤਮ ਹੋ ਜਾਂਦਾ ਹੈ, ਮਨੁੱਖਤਾ ਦਾ ਘੇਰਾ ਹੋਰ ਵਿਸ਼ਾਲ ਹੋ ਜਾਂਦਾ ਹੈ। ਜੇ ਇਹੋ ਭਾਵਨਾ ਮਨੁੱਖੀ ਸਮਾਜ ਵਿੱਚ ਘਰ ਕਰ ਜਾਵੇ ਤਾਂ ਫਿਰ ਸਵਰਗ ਲਈ ਕਿਸੇ ਨੂੰ ਭੜਕਣਾ ਨਹੀਂ ਪਵੇਗਾ।  "ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂੰ ਹੀ ਮੈ ਨਾਹੀ" 

ਹੰਕਾਰੀ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਮੰਨ ਕੇ ਦੂਜਿਆਂ ਨਾਲ ਧੱਕਾ ਕਰਦਾ ਹੈ, ਜ਼ੁਲਮ ਕਰਦਾ ਹੈ। ਅਨਿਆਂ ਕਰਦਿਆਂ ਉਸ ਵਿੱਚੋਂ ਇਨਸਾਨੀਅਤ ਦੇ ਗੁਣ ਉਜਾਗਰ ਨਹੀਂ ਹੁੰਦੇ। 

ਜਦਕਿ ਆਪਾ ਤਿਆਗ ਦੇਣ ਨਾਲ ਇਨਸਾਨ ਅੰਦਰ ਨਿਮਰਤਾ, ਮਿਠਤੁ, ਉਦਾਰਤਾ ਵਰਗੇ ਗੁਣ ਪੈਦਾ ਹੁੰਦੇ ਹਨ। ਜਿਸ ਨਾਲ ਮਨੁੱਖ ਜੀਵ ਦੂਸਰੇ ਜੀਵਾਂ ਨੂੰ ਵੀ ਆਪਣੇ ਵਾਂਗ ਹੀ ਸਮਝਦਾ ਹੈ। ਭਗਤੀ ਦਾ ਮਹਾਤਮ ਵੀ ਇਹੋ ਹੈ। ਬਾਬਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਜਵੱਦੀ ਟਕਸਾਲ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੀ 11,12,13 ਮਈ ਨੂੰ ਤਿੰਨ ਰੋਜ਼ਾ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਸ਼,  ਵਿਦਵਾਨ ਮਹਾਂਪੁਰਸ਼ ਗੁਰੂ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸ਼ਹੀਦੀ ਨਾਲ ਜੁੜੇ ਪੱਖਾਂ ਤੋਂ ਵਿਚਾਰ ਸਾਂਝੇ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।