ਹਿੰਦੂ ਰਾਸ਼ਟਰ ਸੰਵਿਧਾਨ!
ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਰ. ਐਸ. ਐਸ. ਸਮੇਤ ਹੋਰ ਵੱਖ ਹਿੰਦੂਤਵ ਸੰਗਠਨਾਂ ਵਲੋਂ ਲਗਾਤਾਰ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਜਿਸ ਵਿਚ ਮੁੱਖ ਤੌਰ 'ਤੇ 'ਹਿੰਦੂ ਸੰਵਿਧਾਨ' ਦੀ ਸਿਰਜਣਾ ਕਰਨਾ ਸ਼ਾਮਲ ਹੈ। ਹਿੰਦੂਤਵ ਨਾਲ ਸਬੰਧਿਤ ਸਾਧੂਆਂ ਵਲੋਂ ਸੁਪਰੀਮ ਕੋਰਟ ਦੇ ਵਕੀਲਾਂ ਅਤੇ ਹੋਰ ਚੋਣਵੇਂ ਸਾਧੂਆਂ /ਲੋਕਾਂ ਦੀ ਮਦਦ ਨਾਲ ਜਿਹੜਾ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਹੈ , ਨੂੰ 'ਹਿੰਦੂ ਰਾਸ਼ਟਰ ਸੰਵਿਧਾਨ' ਦਾ ਨਾਂ ਦਿੱਤਾ ਜਾ ਰਿਹਾ ਹੈ। ਹਿੰਦੂ ਸੰਵਿਧਾਨ ਦਾ ਜੋ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਨੂੰ ਵਾਰਾਨਸੀ/ ਪਰਿਆਗਰਾਜ ਵਿਚ ਜਨਵਰੀ, 2023 ਨੂੰ ਕਰਵਾਏ ਜਾ ਰਹੇ ਧਰਮ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਵਾਰਾਨਸੀ ਸਥਿਤ ਸ਼ੰਕਰਾਚਾਰੀਆ ਪ੍ਰੀਸ਼ਦ ਦੇ ਮੁੱਖੀ ਸੁਆਮੀ ਅਨੰਦ ਸਵਰੂਪ ਦੀ ਅਗਵਾਈ ਹੇਠ 30 ਲੋਕਾਂ ਵਲੋਂ ਹਿੰਦੂ ਸੰਵਿਧਾਨ ਦੇ ਖਰੜੇ ਦੇ 30 ਸਫੇ ਤਿਆਰ ਕਰ ਲਏ ਗਏ ਹਨ। ਹਿੰਦੂ ਰਾਸ਼ਟਰ ਸੰਵਿਧਾਨ ਦੇ ਕੁੱਲ 756 ਸਫਿਆਂ ਦੀ ਪ੍ਰਸਤਾਵਨਾ ਰੱਖੀ ਗਈ ਹੈ ਅਤੇ ਇਨ੍ਹਾਂ ਵਿਚੋਂ 300 ਸਫਿਆਂ ਦਾ ਖਰੜਾ ਅਗਲੇ ਸਾਲ 2023 ਦੇ ਮਾਘ ਮਹੀਨੇ ਵਿਚ ਹਿੰਦੂ ਸਾਧੂਆਂ ਵਲੋਂ ਕਰਵਾਏ ਜਾ ਰਹੇ 'ਧਰਮ ਸੰਸਦ' ਪੇਸ਼ ਕੀਤਾ ਜਾਵੇਗਾ। ਹਿੰਦੂ ਸੰਵਿਧਾਨ ਦਾ ਖਰੜਾ ਹਿੰਦੂ ਧਾਰਮਿਕ ਗ੍ਰੰਥਾਂ ਦੇ ਅਧਾਰਿਤ ਤਿਆਰ ਕੀਤਾ ਜਾ ਰਿਹਾ ਹੈ। ਸੰਵਿਧਾਨ ਦੇ ਮੁੱਢਲੇ ਪਹਿਲੂਆਂ ਵਿਚ ਸਿੱਖਿਆ, ਕਾਨੂੰਨ ਵਿਵਸਥਾ, ਰੱਖਿਆ ਅਤੇ ਮੱਤਦਾਨ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ ਹਨ। ਦੇਸ਼ ਦੇ 547 ਸੰਸਦ ਮੈਂਬਰਾਂ ਦੀ ਥਾਂ 'ਤੇ 'ਧਰਮ ਸੰਸਦ' ਹੋਣਗੇ। ਦਿੱਲੀ ਸਥਿਤ ਸੰਸਦ ਭਵਨ ਦੀ ਤਰਜ 'ਤੇ ਕਾਸ਼ੀ ਵਿਚ 'ਧਰਮ ਸੰਸਦ ਭਵਨ' ਬਣਾਇਆ ਜਾਵੇਗਾ ਅਤੇ ਇਸ ਭਵਨ ਲਈ ਸ਼ੂਲਟੰਕੇਸ਼ਵਰ ਦੇ ਕੋਲ 48 ਏਕੜ ਜਮੀਨ ਦੀ ਚੋਣ ਕੀਤੀ ਗਈ ਹੈ। 'ਧਰਮ ਸੰਸਦ' ਬਣਨ ਲਈ 25 ਸਾਲ ਦੀ ਉਮਰ ਜਦਕਿ ਵੋਟਰ ਬਣਨ ਲਈ 16 ਸਾਲ ਦੀ ਉਮਰ ਦਾ ਪ੍ਰਸਤਾਵ ਰੱਖਿਆ ਗਿਆ ਹੈ। ਹਿੰਦੂ ਰਾਸ਼ਟਰ ਸੰਵਿਧਾਨ ਦੇ ਹੋਂਦ ਵਿਚ ਆਉਣ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਥਾਂ ਵਾਰਾਨਸੀ / ਪਰਿਆਗਰਾਜ ਸ਼ਹਿਰ ਹੋਵੇਗਾ। ਹਿੰਦੂ ਰਾਸ਼ਟਰ ਸੰਵਿਧਾਨ ਨਾਲ ਸਬੰਧਿਤ ਜੋ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਦੇ ਅਨੁਸਾਰ ਮੁਸਲਮਾਨਾਂ ਅਤੇ ਇਸਾਈਆਂ ਨੂੰ ਮੱਤਦਾਨ ਦੇ ਅਧਿਕਾਰ ਨੂੰ ਵੰਚਿਤ ਰੱਖਿਆ ਗਿਆ ਹੈ,, ਜਦਕਿ ਉਨ੍ਹਾਂ ਨੂੰ ਬਾਕੀ ਸਾਰੇ ਅਧਿਕਾਰ ਦੇਸ਼ ਦੇ ਦੂਸਰੇ ਨਾਗਰਿਕਾਂ ਦੀ ਤਰ੍ਹਾਂ ਉਪਲੱਬਧ ਹੋਣਗੇ। ਤਿਆਰ ਕੀਤੇ ਜਾ ਰਹੇ ਖਰੜੇ ਮੁਤਾਬਿਕ ਗੁਰੂਕੁਲ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ। ਸੰਵਿਧਾਨ ਦਾ ਖਰੜਾ ਵੱਖ ਵੱਖ ਹਿੰਦੂ ਗ੍ਰੰਥਾਂ ਜਿੰਨ੍ਹਾਂ ਵਿਚ ਮਨੂਸਿਮਰਤੀ ਵੀ ਸ਼ਾਮਿਲ ਹੈ, ਦੀ ਵਿਚਾਰਧਾਰਾ ਅਨੁਸਾਰ ਹੋਵੇਗਾ, ਜਿਸ ਦਾ ਭਾਵ ਇਹ ਹੈ ਕਿ ਦੇਸ਼ ਵਿਚ ਵਰਣ-ਵਿਵਸਥਾ ਮੁੜ ਸੁਰਜੀਤ ਕੀਤੀ ਜਾਵੇਗੀ। ਦੇਸ਼ ਵਿਚ ਚਾਰ ਵਰਣ ਹੋਣਗੇ ਜਿਸ ਵਿਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਅਨੁਸਾਰ ਪ੍ਰਣਾਲੀ ਵੰਡ ਕੀਤੀ ਜਾਵੇਗੀ। ਤਿਆਰ ਕੀਤੇ ਜਾ ਰਹੇ ਹਿੰਦੂ ਸੰਵਿਧਾਨ ਦੇ ਮੁੱਖ ਸਫੇ 'ਤੇ ' ਅਖੰਡ ਭਾਰਤ' ਦਾ ਨਕਸ਼ਾ ਹੋਵੇਗਾ।ਇਥੇ ਦੱਸਣਯੋਗ ਹੈ ਕਿ ਹਿੰਦੂ ਸਾਧੂਆਂ ਵਲੋਂ 'ਹਿੰਦੂ ਰਾਸ਼ਟਰ ਸੰਵਿਧਾਨ' ਜੋ ਸਿਰਜਿਆ ਜਾ ਰਿਹਾ ਹੈ, ਭਾਵੇਂ ਅਜੇ ਸਿਰਫ ਇਕ ਪ੍ਰਸਤਾਵ ਹੈ, ਪਰ ਫਿਰ ਵੀ ਦੇਸ਼ ਦੇ ਵੱਖ ਵੱਖ ਵਰਗਾਂ /ਧਰਮਾਂ ਦੇ ਲੋਕਾਂ ਉਪਰ ਇਸ ਪ੍ਰਸਤਾਵ ਦਾ ਅਸਰ ਪੈਣਾ ਲਾਜ਼ਮੀ ਹੈ।
-ਸੁਖਦੇਵ ਸਲੇਮਪੁਰੀ
09780620233
22 ਅਗਸਤ, 2022