ਕੋਈ ਮਸਲਾ ਸਾਹਮਣੇ ਜਦ ਆਉਂਦਾ ਹੈ ,ਉਸ ਦੇ ਸੰਜੀਦਾ ਹੱਲ ਲਈ ,ਸੰਜੀਦਾ ਸੋਚ, ਪਹੁੰਚ ਦੇ ਵਸੀਲੇ ਸਹੀ ਚੁਣਨ ਦੀ ਲੋੜ ਹੁੰਦੀ ਹੈ । ਪਰ ਜੋ ਬਿਆਨ ਸਰਦਾਰ ਮਾਨ ਨੇ ਬਿਆਨ ਦਿਤਾ ਕਿ “ ਜੇ ਕਿਰਪਾਨ ਉਤਰੇਗੀ ਤਾਂ ਜਨੇਊ ਭੀ ਉਤਰੇਗਾ “ ਕਿਤਨਾ ਵਿਅਰਥ ਬਿਆਨ ਹੈ , ਅਫ਼ਸੋਸ ਕਿ ਇਕ ਤਾਜ਼ਾ ਚੁਣੇ ਗਏ , ਭਾਰਤੀ ਸੰਸਦ ਮੈਂਬਰ ਦਾ, ਜਿਸ ਤੋਂ ਸ਼ਾਇਦ ਹੀ ਲੋਕ ਭਲਾਈ ਦੇ ਕੰਮ ਦੀ ਕਿਸੇ ਨੂੰ ਆਸ ਬੱਝੀ ਹੋਵੇਗੀ ? ਜਿਨ੍ਹਾਂ ਹਾਲਤਾਂ ਵਿੱਚ ਇਹ ਚੋਣ ਹੋਈ ਸੀ! ਮਾਨ ਸਾਹਿਬ ਤੁਸੀਂ ਸਿਰਫ਼ ਇਕ ਮਸਲੇ ਤੇ ਬਿਨਾ ਸੋਚਿਆ “ਜਨੇਊ” ਨੂੰ ਜਾ ਹੱਥ ਪਾਇਆ ਅਥਵਾ ਜਨੇਊ ਲਾਹੁਣ ਦੀ ਬਿਨਾ ਮਤਲਬ ਗੱਲ ਕਹਿ ਮਾਰੀ । ਤੁਸੀਂ ਉਹਨਾਂ ਦੇਸ਼ਾਂ ਦਾ ਕੀ ਕੀ ਉਤਾਰੋਗੇ , ਜ਼ਿਹਨਾਂ ਹਵਾਈ ਜਹਾਜ਼ ,ਰੇਲ ਗੱਡੀਆਂ ,ਬੱਸਾਂ ਸਭ ਤੋਂ ਪਹਿਲਾਂ ਬਣਾਏ । ਇਹ ਰੱਖਿਆ ਦੇ ਕਾਨੂੰਨ ਉਹਨਾਂ ਨੇ ਹੀ ਬਣਾਏ । ਦੁਨੀਆ ਦੇ 193 ਮੁਲਕਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਈ ਸੈਂਕੜੇ ਏਅਰਲਾਈਨਜ ਅਜਿਹੇ ਕਾਨੂੰਨਾਂ ਦੇ ਜ਼ਾਬਤੇ ਅਧੀਨ ਉੜਾਨ ਭਰਦੀਆਂ ਹਨ । ਤੁਹਾਨੂੰ ਸਿਰਫ਼ ਤੁਹਾਡੇ ਆਪਣੇ ਹੀ ਦੇਸ਼ ਦੇ ਚੁਗਿਰਦੇ ਨਾਲ ਐਸੀ ਕੁੜੱਤਣ ਕਿਉਂ ਕਿ ਤੁਸੀਂ ਸੰਜੀਦਗੀ ਨਾਲ ਸੋਚ ਹੀ ਨਹੀਂ ਸਕਦੇ ? ਫਿਰ “ਜਨੇਊ” ਸੰਸਕ੍ਰਿਤੀ ਵਾਲੇ ਤੁਹਾਡੇ ਦੇਸ਼ ਕੋਲ ਤਾਂ ਹਵਾਈ ਜਹਾਜ਼ , ਦੁਨੀਆ ਵਿੱਚ ਉਡਣ ਤੋ ਕਿਧਰੇ ਸਦੀ ਬਾਅਦ ਆਇਆ । ਔਰੰਗਜੇਬ ਵੱਲੋਂ ਜਨੇਊ ਵੱਲ ਵਧਾਈ ਕੁੜੱਤਣ ਅਤੇ ਇਤਿਹਾਸਕ ਤੱਤ ਤਾਂ ਤੁਸੀਂ ਧੰਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਰੋਸ਼ਨੀ ਵਿੱਚੋਂ ਦੇਖ ਸਕਦੇ ਸੀ । ਤੁਹਾਨੂੰ ਇਸ ਰਸਤੇ ਤੁਰਨ ਦੀ ਲੋੜ ਨਹੀਂ ਸੀ , ਕਿਉਂਕਿ ਤੁਸੀਂ ਗੁਮਰਾਹ ਕਰਨ ਦੇ ਆਦੀ ਹੋਣ ਕਾਰਨ ਇਸ ਰਸਤੇ ਤੁਰ ਪਏ । ਦੂਸਰਾ ਮਾਨ ਸਾਹਿਬ ਨੇ ਧਾਰਮਿਕ ਕੁਤਾਹੀ ਇਹ ਕੀਤੀ ਕਿ ਸਤਿਗੁਰੂ ਦੀ ਬਖ਼ਸ਼ੀ ਹੋਈ ਕਿਰਪਾਨ ਨੂੰ ਸਿਰਫ਼ ਇਕ “ਚਿੰਨ” ਦੱਸਿਆ । ਇਹ ਬਿਲਕੁਲ ਗਲਤ ਬਿਆਨ ਕੀਤਾ ਹੈ । ਕਿਰਪਾਨ ਇਕ ਸ਼ਸਤਰ ਹੈ , ਕੋਈ ਚਿੰਨ ਨਹੀਂ ਹੈ । ਸਿੱਖ ਗੁਰੂ ਦੇ ਦਰਸ਼ਨ ਕਰਨ ਸਮੇਂ ਜਿਨਾਂ ਸ਼ਸਤਰਾਂ ਨੂੰ ਮੱਥਾ ਟੇਕਦਾ ਹੈ , ਉਹਨਾਂ ਵਿੱਚ “ਕਿਰਪਾਨ “ ਪ੍ਰਮੁਖ ਸ਼ਸ਼ਤਰ ਹੈ । ਕਿਰਪਾਨ ਨੂੰ ਚਿੰਨ ਕਹਿਣਾ ਸਰਾਸਰ ਗਲਤ ਹੈ , ਗੁਰੂ ਤੋ ਬੇਮੁਖ ਹੋਣਾ ਹੈ । ਏਅਰਲਾਈਨ ਵਿੱਚ ਕਿਰਪਾਨ ਤੇ ਏਸੇ ਕਰਕੇ ਪਾਬੰਦੀ ਹੈ ਕਿ ਇਹ ਸ਼ਸ਼ਤਰ ਹੈ । ਸਾਨੂੰ “ਚਿੰਨ” ਦੱਸ ਕੇ ਢੌਂਗੀ ਲੋਕ ਗੁਮਰਾਹ ਕਰਦੇ ਹਨ । ਮੈ ਖੁਦ ਪਿਛਲੇ ਚਾਲੀ ਸਾਲ ਦੇ ਸਮੇਂ ਤੋ ਬਤੌਰ ਅੰਮਿਤਧਾਰੀ ਸਿੱਖ ਕਈ ਦੇਸ਼ਾਂ ਵਿੱਚ ਸਫਰ ਕਰਦਾ ਚੱਲਿਆ ਆ ਰਿਹਾ ਹਾਂ ,ਅਸੀਂ ਇਕੱਲੇ ਜਾਂ ਸਾਥੀਆਂ ਨਾਲ , ਆਪਣੀ ਕਿਰਪਾਨ ਆਪਣੇ ਹੱਥੀਂ ਪੈਕਿੰਗ ਕਰਕੇ ,ਏਅਰਲਾਈਨ ਸਟਾਫ਼ ਨੂੰ ਦਿੰਦੇ ਰਹੇ ਅਤੇ ਉਤਰਨ ਵੇਲੇ ਵਾਪਸ ਲੈ ਕੇ ਗੁਰੂ ਦਾ ਨਾਮ ਜਪ ਕੇ ਪਹਿਨ ਲੈੰਦੇ ਰਹੇ ਹਾਂ । ਕੋਈ ਦਿੱਕਤ ਨਹੀਂ । ਜਿਹੜੇ ਲੋਕ ਜਾਂ ਪ੍ਰਚਾਰਕ ਧਾਰਮਿਕ ਵਿਅਕਤੀ ਅਖੀਰਲੇ ਸਮੇਂ ਜਾ ਕੇ ਸਕਿਉਰਿਟੀ ਲਈ ਸਮੱਸਿਆ ਭੀ ਖੜੀ ਕਰਦੇ ਹਨ ਅਤੇ ਸਾਰਿਆਂ ਸਾਹਮਣੇ ਕਿਰਪਾਨ ਭੀ ਲਹਾਉਂਦੇ ਹੋਏ ਰੋਲਾ ਰੋਸ ਖੜਾ ਕਰਦੇ ਹਨ ਉਹ ਵਤੀਰਾ ਗਲਤ ਹੈ । ਉਹਨਾਂ ਸਿਖਾਂ ਨੂੰ ਜਾਂ ਤਾਂ ਕਾਨੂੰਨ ਦੀ ਜਾਣਕਾਰੀ ਨਹੀਂ ਜਾ ਉਹ ਜਾਣ ਬੁੱਝ ਕੇ ਗੁਮਰਾਹ ਕਰਦੇ ਹਨ। ਕੁਝ ਲੋਕ ਅਸੀਂ ਕਹਿੰਦੇ ਸੁਣਦੇ ਹਾਂ ਕਿ ਉਹ ਕਿਰਪਾਨ ਪਹਿਨ ਕੇ ਜਹਾਜ਼ ਵਿੱਚ ਬੈਠੇ ਸਨ , ਉਹ ਵੀ ਝੂਠ ਬੋਲਦੇ ਹਨ । ਸਰਦਾਰ ਮਾਨ ਸਾਹਿਬ ਦੇ ਧਿਆਨ ਵਿਚ ਇਕ ਗੱਲ ਜ਼ਰੂਰ ਲਿਆਉਂਦੇ ਹਾਂ ਕਿ ਇਹ ਮਸਲਾ ਇਤਨਾ ਗੰਭੀਰ ਨਹੀਂ , ਜਿਸ ਤਰਾਂ ਤੁਸੀਂ “ਜਨੇਊ” ਤੇ ਵਾਰ ਕਰਕੇ ਇਕ ਗੈਰਜੁਮੇਵਾਰੀ ਦੀ ਬੋਲੀ ਬੋਲੀ ਹੈ । ਸਾਡੀ ਇਸ ਮਸਲੇ ਤੇ ਦੁਨੀਆ ਦੀਆਂ ਏਅਰਲਾਈਨਾਂ ਨਾਲ ਵੀ ਕੋਈ ਜੰਗ ਨਹੀਂ ਹੈ । ਏਅਰਲਾਈਨਜ ਖੁਦ ਹੀ ਸੰਜੀਦਾ ਹੱਲ ਹੋ ਸਕਿਆ ਤਾਂ ਮਿਲ ਕੇ ਕੱਢ ਲਵਾਂਗੇ । ਤੁਹਾਨੂੰ ਹਵਾ ਵਿਚ “ਟਟੂ” ਦੁੜਾਉਣ ਤੇ ਕੋਝੇ ਬਿਆਨ ਦੇਣ ਤੋਂ ਵਿਵਰਜਤ ਰਹਿਣਾ ਚਾਹੀਦਾ ਹੈ । ਸੁਭਾਅ ਮੁਤਾਬਕ ਤੁਹਾਡੇ ਵੱਸ ਦੀ ਗੱਲ ਨਹੀਂ ਰਹਿ ਗਈ । ਸਿਆਣੇ ਕਹਿੰਦੇ ਆਮ ਸੁਣਦੇ ਸਾਂ ਕਿ “ਅਕਲ ਵੱਡੀ ਕਿ ਭੈਸ “ ਮੈਂ ਮਾਨ ਸਾਹਿਬ ਤੋਂ ਜੇ ਪੁੱਛਾਂ ਕਿ ਇਸ ਮਾਮਲੇ “ਅਕਲ ਵੱਡੀ , ਕਿ ਭੈਂਸ”? ਮੈਨੂੰ ਪਤਾ ਮਾਨ ਸਾਹਿਬ ਕੀ ਉੱਤਰ ਦੇਣਗੇ , ਸੁਣ ਕੇ ਦਿਲ ਨੂੰ ਅਫ਼ਸੋਸ ਹੋਵੇਗਾ । ਹਾਂ ਇਕ ਸਿੱਖ ਹੋਣ ਦੇ ਨਾਤੇ ਸੰਸਾਰ ਦੇ ਸਿੱਖਾਂ ਪ੍ਰਤੀ ਪਿਆਰ ਸਾਹਿਤ ਬੇਨਤੀ ਹੈ ਕਿ “ਕਿਰਪਾਨ “ ਨੂੰ “ਚਿੰਨ “ਕਹਿਣ ਤੇ ਸੁਣਨ ਤੋਂ ਸੰਕੋਚ ਕਰਨਾ ਜ਼ਰੂਰੀ ਹੈ , ਵਰਨਾ ਕੌਮੀ ਰੱਖਿਆ ਦੀਆਂ ਹੱਦਬੰਦੀਆਂ ਤੇ ਸ਼ਸ਼ਤਰ (ਕਿਰਪਾਨ) ਦੀ ਜਗਾ ਕਿਹੜੇ “ਚਿੰਨ” ਦਾ ਸਹਾਰਾ ਲੈ ਕੇ ਗੈਰਤਮੰਦ ਅਖਵਾਓਗੇ ? —- ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ , ਯੂ . ਕੇ .