ਬਰਨਾਲਾ 21 ਸਤੰਬਰ (ਗੁਰਸੇਵਕ ਸੋਹੀ) ਮਾਲਵਿੰਦਰ ਸਿੰਘ ਮਾਲੀ ਜੋ ਪੀਐਸਯੂ ਦੇ ਸਾਬਕਾ ਆਗੂ ਤੇ ਸ਼ੋਸ਼ਲ ਮੀਡੀਆ ਉਤੇ ਸਿਆਸੀ ਮਸਲਿਆਂ ਤੇ ਲਗਾਤਾਰ ਆਪਣੀ ਰਾਏ ਰੱਖਦੇ ਆ ਰਹੇ ਹਨ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਬਰਨਾਲਾ ਵਿਖੇ ਕਚਿਹਰੀ ਚੌਂਕ ਵਿਖੇ ਜਮਹੂਰੀ ਅਧਿਕਾਰ ਸਭਾ ਅਤੇ ਤਰਕਸੀਲ ਸੁਸਾਇਟੀ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੌਨ ਮੁਜਾਹਰਾ ਕੀਤਾ ਗਿਆ। ਮੁਜਾਹਰਾਕਰੀਆਂ ਦੇ ਹੱਥਾਂ ਵਿੱਚ ਤਖਤੀਆਂ ਅਤੇ ਮੂ਼ੰਹ ਉੱਪਰ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਸਮੇਂ ਰਜਿੰਦਰ ਭਦੌੜ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ ਨੇ ਕਿਹਾ ਕਿ ਮਾਲਵਿੰਦਰ ਮਾਲੀ ਦੀ ਭਾਸ਼ਾ ਤੇ ਨਿੱਜੀ ਵਿਚਾਰਾਂ ਨਾਲ ਸਹਿਮਤੀ-ਅਸਹਿਮਤੀ ਦੇ ਬਾਵਜੂਦ ਉਹਨਾਂ ਦੀ ਸਰਕਾਰੀ ਸ਼ਹਿ ਤੇ ਹੋਈ ਗ੍ਰਿਫ਼ਤਾਰੀ ਸਰਾਸਰ ਗਲਤ ਹੈ। ਮੋਹਾਲੀ ਪੁਲਿਸ ਵੱਲੋਂ ਸਰਕਾਰੀ ਸ਼ਹਿ ਤੇ ਉਹਨਾਂ ਉੱਪਰ ਬੀ ਐਨ ਐਸ ਦੀ ਧਾਰਾ 196 ਅਤੇ 299 ਤਹਿਤ (ਧਾਰਮਿਕ ਭਾਵਨਾਵਾਂ ਭੜਕਾਉਣ)
ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਾਰਾ ਤਹਿਤ ਅਸ਼ਲੀਲ ਸਮੱਗਰੀ ਦਾ ਪ੍ਰਕਾਸ਼ਨ ਜਾਂ ਪ੍ਰਸਾਰਨ ਕਰਨਾ ਇੱਕ ਅਪਰਾਧ ਹੈ। ਜਾਹਰਾ ਤੌਰ ਤੇ ਪੰਜਾਬ ਦੀ ਹਾਕਮ ਧਿਰ ਵੱਲੋਂ ਮਾਲੀ ਦੇ ਵਿਚਾਰ ਹਜ਼ਮ ਨਾ ਹੋਣ ਕਰਕੇ ਇਸ ਧਾਰਾ ਤਹਿਤ ਮਾਲੀ ਉੱਪਰ ਕਾਰਵਾਈ ਕਰਵਾਈ ਗਈ ਹੈ। ਮਾਲੀ ਦੀ ਫੇਸਬੁੱਕ ਪ੍ਰੋਫਾਇਲ ਸਰਸਰੀ ਜਿਹੀ ਖੰਗਾਲਕੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀ ਕਿ ਇਹ ਧਾਰਾ ਕਿਉਂ ਲਗਾਈ ਗਈ ਹੈ? ਬਿਨਾਂ ਸ਼ੱਕ ਇਸ ਪਿੱਛੇ ਸੱਤਾ ਧਿਰ ਦੇ ਆਹਲਾ ਮੰਤਰੀਆਂ ਖ਼ਿਲਾਫ਼ ਵਰਤੀ ਗਈ ਭਾਸ਼ਾ ਅਧਾਰ ਬਣੀ ਹੈ। ਭਾਸ਼ਾ ਦੀ ਮਰਿਆਦਾ ਦੇ ਸਨਮਾਨ ਓਹਲੇ ਹਾਕਮ ਮਨੁੱਖੀ ਹੱਕਾਂ ਦਾ ਘਾਣ ਕਰਨ ਲੱਗੇ ਹੋਏ ਹਨ। ਹਾਕਮ ਫੋਕੇ-ਝੂਠੇ ਵਾਅਦੇ ਕਰਕੇ ਲੋਕਾਂ ਨੂੰ ਠੱਗਣ, ਸਿਆਸੀ ਡਰਾਮੇਬਾਜੀ ਕਰਕੇ ਲੋਕਾਂ ਨੂੰ ਧੋਖਾ ਦੇਣ ਤੇ ਉਪਰੋਂ ਕੋਈ ਕੁਸਕੇ ਵੀ ਨਾ, ਇਹ ਹੈ ਭਗਵੰਤ ਮਾਨ ਸਰਕਾਰ ਦੀ ਅਸਲ ਮਨਸ਼ਾ। ਸਰਕਾਰ ਬੋਲਣ-ਲਿਖਣ ਦੀ ਅਜ਼ਾਦੀ ਨੂੰ ਖਤਮ ਕਰਕੇ ਜੁਬਾਨਬੰਦੀ ਤੇ ਦਹਿਸ਼ਤ ਦਾ ਮਹੌਲ ਸਿਰਜਣ ਦਾ ਭਰਮ ਕਰ ਰਹੀ ਹੈ। ਪਿਛਲੇ ਦਿਨੀਂ ਕੇਂਦਰੀ ਹਕੂਮਤ ਨੇ ਸ਼ੋਸ਼ਲ ਮੀਡੀਆਂ ਰਾਹੀਂ ਵਿਚਾਰ ਪ੍ਰਗਟਾਵੇ ਉੱਪਰ ਪਾਬੰਦੀ ਮੜ੍ਹਨ ਲਈ ਬ੍ਰੌਡਕਾਸਟਿੰਗ ਸੇਵਾਵਾਂ (ਰੈਗੂਲੇਸ਼ਨ) ਬਿੱਲ, 2024 ਕਾਨੂੰਨ ਲਿਆਂਦਾ ਸੀ ਜਿਸਦਾ ਉਦੇਸ਼ ਪ੍ਰਚਾਰਿਆਂ ਭਾਵੇਂ ਇਹ ਗਿਆ ਕਿ ਇਸ ਬਿੱਲ ਦਾ ਉਦੇਸ਼ ਭਾਰਤ ਵਿੱਚ ਪ੍ਰਸਾਰਣ ਸੇਵਾਵਾਂ ਲਈ ਰੈਗੂਲੇਟਰੀ ਢਾਂਚੇ ਵਿੱਚ ਸੁਧਾਰ ਕਰਨਾ ਹੈ। ਪਰ ਇਸ ਬਿੱਲ ਦੇ ਮਨਸ਼ੇ ਬਹੁਤ ਸਾਫ਼ ਸਨ ਕਿ ਵਿਰੋਧ ਦੀ ਕੋਈ ਸੁਰ ਬਾਹਰ ਨਾਂ ਨਿੱਕਲੇ। ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਹ ਬਿੱਲ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਜਦੋਂ ਇਹ ਬਿੱਲ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਮੂਕ ਦਰਸ਼ਕ ਬਣੀ ਹੋਈ ਸੀ। ਇਸ ਸਮੇਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਰਾਇਣ ਦੱਤ, ਰਾਜੀਵ ਕੁਮਾਰ, ਗੁਰਮੇਲ ਭੁਟਾਲ, ਜਗਰਾਜ ਹਰਦਾਸਪੁਰਾ, ਦਰਸਨ ਸਿੰਘ ਚੀਮਾ, ਹਰਭਗਵਾਨ (ਡਾ), ਭੋਲਾ ਸਿੰਘ ਸੰਘੇੜਾ, ਹਰਚਰਨ ਚਹਿਲ, ਪਰਮਜੀਤ ਕੌਰ ਜੋਧਪੁਰ, ਪ੍ਰੇਮਪਾਲ ਕੌਰ, ਸਿੰਦਰ ਧੌਲਾ, ਹਰਨੇਕ ਸੋਹੀ, ਹਰਪ੍ਰੀਤ,ਨਾਨਕ ਸਿੰਘ, ਨੀਲਮ ਰਾਣੀ, ਕੇਵਲਜੀਤ ਕੌਰ,ਰਜਿੰਦਰ ਪਾਲ, ਜਗਜੀਤ ਢਿੱਲਵਾਂ, ਸੁਖਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮਿਹਨਤਕਸ਼ ਲੋਕਾਈ ਨੂੰ ਭਗਵੰਤ ਮਾਨ ਸਰਕਾਰ ਸਮੇਤ ਹਰ ਹਕੂਮਤ ਦੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਣਾ ਚਾਹੀਦਾ ਹੈ ਜੋ ਸਤਾ ਪ੍ਰਾਪਤ ਕਰਨ ਤੋਂ ਬਾਅਦ ਲੋਕ ਹਿੱਤਾਂ ਨੂੰ ਦਰਕਨਾਰ ਕਰਕੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਭੁਗਤਣ ਦਾ ਸੰਦ ਬਣ ਜਾਂਦੇ ਹਨ। ਆਗੂਆਂ ਨੇ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਸ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਇਨਸਾਫ਼ ਪਸੰਦ ਨੂੰ ਇਹਨਾਂ ਗੱਲਘੋਟੂ ਕਾਨੂੰਨਾਂ ਤੇ ਇਸ ਲੋਕ ਵਿਰੋਧੀ ਮਨਸੂਬਿਆਂ ਦਾ ਵਿਰੋਧ ਤੇਜ਼ ਕਰਨ ਦਾ ਸੱਦਾ ਦਿੱਤਾ।