ਮਹਿੰਗੀ ਸਾਬਨ ਦੀ ਟਿੱਕੀ(ਕਲੋਲ)
ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਦੋਸਤ ਮੇਰੇ ਕੋਲ ਘਰ ਆਇਆਂ।
"ਹਾਂ ਬਈ ਯਾਰਾਂ ਕਿਵੇਂ ਹੈ? "
"ਵਧੀਆਂ ਬਾਈ ਤੂੰ ਸੁਣਾ ਕਿਵੇਂ ਹੈ? ਬੜੇ ਦਿਨਾਂ ਬਾਅਦ ਚੱਕਰ ਲਗਾਇਆ।"
"ਬਸ ਯਾਰ . ..... ਬਿਨਾਂ ਕੰਮਾਂ ਦੇ ਵੀ ਵਿਅਸਤ ਹੋ ਪਏ ਹਾਂ ਵਿਹਲਿਆ ਕੋਲੋਂ ਵੀ ਟਾਇਮ ਨਹੀਂ ਲੱਗਦਾ।ਹੋਰ ਸੁਣਾ ਸਭ........! "
" ਸਭ ਵਧੀਆਂ......! "
"ਯਾਰ ਮੈਂ ਕਹਿੰਦਾ ਸੀ ਕਿਤੇ ਘੁੰਮ ਫਿਰ ਹੀ ਆਈਏ।"
"ਬਣਾ ਲਵੋ ਪੋ੍ਗਰਾਮ ਨਾਲੇ ਸਾਰੇ ਦੋਸਤ ਇਕੱਠੇ ਹੋ ਜਾਵਾਂਗੇ।"
ਅਸੀਂ ਦੇਹਰਾਦੂਨ ਜਾਣ ਦਾ ਪੋ੍ਗਰਾਮ ਬਣਾ ਲਿਆ। ਆਉਂਦੇ ਹੀ ਸ਼ੁੱਕਰਵਾਰ ਅਸੀਂ ਪੰਜ ਦੋਸਤ ਦੇਹਰਾਦੂਨ ਲਈ ਚੱਲ ਪਏ। ਰਾਤ ਨੂੰ ਅਸੀ ਹਰਿਦੁਆਰ ਰੁਕਣ ਦਾ ਤਹਿ ਕੀਤਾ ਹੋਇਆ ਸੀ।
ਸਵੇਰੇ ਗੰਗਾ ਜੀ ਵਿੱਚ ਇਸ਼ਨਾਨ ਕਰਕੇ ਰਿਖੀਕੇਸ਼ ਹੁੰਦੇ ਹੋਏ ਸ਼ਾਮ ਨੂੰ ਦੇਹਰਾਦੂਨ ਪਹੁੰਚ ਜਾਵਾਂਗੇ। ਹਰਿਦੁਆਰ ਅਸੀਂ ਰਾਤ ਨੂੰ ਪਹੁੰਚੇ। ਅਸੀਂ ਆਪਣੇ ਹੀ ਸ਼ਹਿਰ ਦੀ ਬਣੀ ਹੋਈ ਧਰਮਸਾਲਾ ਵਿੱਚ ਹੀ ਰੁਕ ਗਏ। ਰਾਤ ਕਾਫ਼ੀ ਹੋਣ ਕਰਕੇ ਦੁਕਾਨਾਂ ਬੰਦ ਹੋ ਗਈਆਂ ਸਨ।
" ਬਾਬਾ ਜੀ ਰਾਮ- ਰਾਮ ਜੀ। "
"ਰਾਮ -ਰਾਮ ਬੇਟਾ ਆ ਗਏ ਤੁਸੀਂ.... ਚਾਹ ਪਾਵੋਗੇ ਜਾਂ ਭੋਜਨ ਹੀ ਕਰੋਗੇ।"ਪਹਿਲਾਂ ਫੋਨ ਕਰਰੇ ਦੱਸਣ ਕਾਰਣ ਉੱਥੋਂ ਦਾ ਸੇਵਾਦਾਰ ਸਾਡਾ ਇੰਤਜ਼ਾਰ ਹੀ ਕਰ ਰਿਹਾ ਸੀ।
"ਬਾਬਾ ਜੀ ਅਸੀਂ ਸੋਚਦੇ ਹਾਂ ਪਹਿਲਾਂ ਨਹਾ ਕੇ ਫਰੈਸ਼ ਹੋ ਜਾਂਦੇ ਹਾਂ। "
"ਜਿਵੇਂ ਤੁਹਾਡੀ ਮਰਜ਼ੀ।"ਉਹ ਆਖ ਕੇ ਚਲੇ ਗਏ।
" ਉਏ ਨਹਾਉਂਗੇ ਕਿਵੇਂ ਸਾਬਨ ਤਾਂ ਲੈ ਕੇ ਆਉਣੀ ਹੀ ਭੁੱਲ ਗਏ। "ਮੇਰਾ ਇੱਕ ਮਿੱਤਰ ਬੋਲਿਆਂ। "
" ਸਾਬਨ ਕਾ ਕਿਆ ਹੋਵੇ ਕਿੰਨੀਆਂ ਮਰਜ਼ੀ ਸਾਬਨ ਲੈ ਲਵੋ ਜੀ। "ਤੁਰੇ ਜਾਂਦੇ ਇੱਕ ਛੋਟੇ ਬੱਚੇ ਨੇ ਸਾਡੀ ਗੱਲ ਸੁਣ ਕੇ ਜਵਾਬ ਦਿੱਤਾ।
" ਕਾਕੇ ਦੁਕਾਨਾਂ ਤਾਂ ਬੰਦ ਹੋ ਗਈਆਂ ਹਨ ਤੂੰ ਕਿੱਥੋ ਲੈ ਕੇ ਆਵੇਗਾ। "
"ਪਹਿਲੇ ਹੀ ਲਾ ਕਰ ਰੱਖੀ ਪੜੀ ਹੈ ਆਪ ਦੇਖ ਲੋ ਕੋਣ ਸੀ ਸਾਬਨ ਚਾਹੀਏ ਆਪ ਕੋ।"ਉਹ ਸਾਨੂੰ ਥੱਲ੍ਹੇ ਡਿਊੜੀ ਵਿੱਚ ਬਣੀ ਇੱਕ ਅਲਮਾਰੀ ਕੋਲ ਲੈ ਗਿਆ।
"ਲਉ ਜੀ ਉਠਾ ਲਉ ਜੋਣ ਸੀ ਚਾਹੀਏ। "ਆਮ ਸਾਬਨਾ ਦੇ ਨਾਲ ਉੱਥੇ ਮਹਿੰਗੀ ਤੋਂ ਮਹਿੰਗੀ ਸਾਬਨ ਵੀ ਪਈ ਸੀ।
"ਵਾਹ ਬਾਬਾ ਜੀ ਤਾਂ ਬੜੇ ਸ਼ੁਕੀਨ ਹਨ।"ਮਹਿੰਗੀਆਂ ਸਾਬਨਾ ਦੇਖ ਕੇ ਸਾਡਾ ਇੱਕ ਮਿੱਤਰ ਨੇ ਬੋਲਦਿਆਂ ਡਵ ਸਾਬਨ ਚੁੱਕ ਲਈ।ਅਸੀਂ ਸਭ ਫਰੈਸ਼ ਹੋ ਕੇ ਦੁਬਾਰਾ ਥੱਲ੍ਹੇ ਭੋਜਨ ਕਰਨ ਲਈ ਆ ਗਏ।
"ਬਾਬਾ ਜੀ ਕਿਆ ਬਾਤ ਹੈ ਤੁਹਾਡੀ.... ਤੁਹਾਡੀਆਂ ਤਾਂ ਪੂਰੀਆਂ ਚੜਾਈਆਂ ਹਨ।"ਮੈਂ ਟਾਟ ਉੱਤੇ ਬੈਠਦੇ ਬਾਬਾ ਜੀ ਨੂੰ ਆਖਿਆ ਪਰ ਉਹ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੇ ਸਨ ਜਿਵੇਂ ਪੁੱਛ ਰਹੇ ਹੋਣ ਕਿ ਮੈਂ ਕੀ ਬੋਲ ਰਿਹਾ ਹਾਂ।
"ਬਾਬਾ ਜੀ ਤੁਸੀਂ ਵੀ ਪੂਰੇ ਸ਼ੁਕੀਨ ਹੋ ਪੂਰੀਆਂ ਮਹਿੰਗੀਆਂ ਸਾਬਨਾ ਨਾਲ ਨਹਾਉਦੇ ਹੋ। "
"ਨਾ ਬੇਟਾ ਮੈਂ ਤਾਂ ਕਦੇ ਸਾਬਨ ਨੂੰ ਹੱਥ ਤੱਕ ਨਹੀਂ ਲਗਾਇਆ। ਮੈਂ ਤਾਂ ਪਾਣੀ ਸਿਰਫ਼ ਪਾਣੀ ਨਾਲ ਹੀ ਨਹਾਉਣਾ ਹਾਂ। "
"ਕਿਉ ਮਜ਼ਾਕ ਕਰੀ ਜਾਂਦੇ ਹੋ। ਮੈਂ ਹੁਣੇ ਹੀ ਤੁਹਾਡੀ ਸਾਬਨਾ ਵਾਲੀ ਅਲਮਾਰੀ ਦੇਖ ਕੇ ਆਇਆਂ ਹਾਂ। ਜਿਸ ਵਿੱਚ ਮੈਨੂੰ ਲੱਗਦਾ ਹੈ ਕਿ ਦੁਨੀਆਂ ਕੀ ਕੋਈ ਅਜਿਹੀ ਸਾਬਨ ਹੈ ਨਹੀਂ ਜਿਹੜੀ ਉੱਥੇ ਨਾ ਹੋਵੇ।"
"ਅਲਮਾਰੀ.......!ਤੁਸੀਂ ਉੱਥੇ.......! "ਉਹ ਬੜੀ ਹੈਰਾਨੀ ਵਿੱਚ ਬੋਲੇ। "
" ਹਾਂ ਜੀ..... ਹੈਰਾਨ ਕਿਉਂ ਹੁੰਦੇ ਹੋ ਸਾਨੂੰ ਛੋਟੂ ਨੇ ਦਿਖਾਈਆਂ ਹਨ। "
"ਉਹ.... ਹੋ.......? "
"ਦੱਸੋ.... ਦੱਸੋ ਜੇ ਤੁਸੀਂ ਸਾਬਨ ਲਗਾਉਂਦੇ ਨਹੀਂ ਤਾਂ ਐਨੀ ਵੱਡੀ ਕੁਲੈਕਸ਼ਨ ...........! "
"ਬੇਟੇ ਉਹ ਸਾਬਨਾ ਮੇਰੀਆਂ ਨਹੀਂ ਛੋਟੂ ਹੀ ਲੈ ਕੇ ਆਉਂਦਾ ਹੈ।ਉਏ ਛੋਟੂ ਤੈਨੂੰ ਮੈਂ ਕਿੰਨੀ ਵਾਰ ਮਨਾਂ ਕੀਤਾ ਹੈ ਨਾ। "
"ਇਹ ਛੋਟੂ ਐਨੀਆਂ ਮਹਿੰਗੀਆਂ ਸਾਬਨਾ ਕਿੱਥੋ ਲੈ ਕੇ ਆਉਂਦਾ ਹੈ ਬਾਬਾ ਜੀ। "
"ਮੁਰਦਾ ਘਾਟ ਸੇ... ਔਰ ਕਹਾ ਸੇ। " ਛੋਟੂ ਬਾਬਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਜਵਾਬ ਦੇ ਦਿੰਦਾ ਹੈ।
"ਮੁਰਦਾ ਘਾਟ ਤੋਂ.......! "ਅਸੀਂ ਹੈਰਾਨੀ ਨਾਲ ਸਾਰੇ ਇਕੱਠੇ ਹੀ ਬੋਲੇ।
"ਹਾਂ .... ਇਸਨੂੰ ਆਦਤ ਹੈ ਜਿਹੜੀ ਵੀ ਸਾਬਨ ਉੱਥੇ ਮੁਰਦੇ ਨੂੰ ਨਹਾ ਲੋਕ ਕੇ ਸੁੱਟ ਜਾਂਦੇ ਹਨ ਇਹ ਉਹ ਪੈਕਟ ਵਿੱਚ ਪਾ ਕੇ ਚੁੱਕ ਲਿਆਉਂਦਾ ਹੈ।"ਬਾਬਾ ਜੀ ਨੇ ਤਾਂ ਇਹ ਗੱਲ ਬੜੇ ਅਰਾਮ ਨਾਲ ਬੋਲ ਦਿੱਤੀ ਸੀ ਪਰ ਉਹਨਾਂ ਦੀ ਗੱਲ ਸੁਣ ਕੇ ਰੋਟੀ ਦੀ ਬੁਰਕੀ ਸਾਡੇ ਗਲੇ ਵਿੱਚ ਹੀ ਫੁਲ ਗਈ ਸੀ ਅਤੇ ਅਸੀਂ ਬੜੀ ਮੁਸ਼ਕਿਲ ਨਾਲ ਧਰਮਸਾਲਾ ਵਿੱਚ ਰਾਤ ਕੱਟੀ।
ਸੰਦੀਪ ਦਿਉੜਾ
8437556667