ਲੁਧਿਆਣਾ, 10 ਸਤੰਬਰ (ਟੀ. ਕੇ.) ਸੀ. ਕੇ. ਬਿਰਲਾ ਹਸਪਤਾਲ ਦੇ ਡਾਕਟਰਾਂ ਵਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ. ) ਲੁਧਿਆਣਾ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਇੱਕ ਨਿਰੰਤਰ ਮੈਡੀਕਲ ਸਿੱਖਿਆ (ਸੀ. ਐਮ. ਈ. ) ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਉਦੇਸ਼ ਕੈਂਸਰ ਦੇ ਇਲਾਜ ਵਿੱਚ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਪ੍ਰੋਗਰਾਮ ਵਿੱਚ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦੇ ਇਲਾਜ ਵਿੱਚ ਕੀਤੀਆਂ ਗਈਆਂ ਖੋਜਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸੀ. ਕੇ. ਬਿਰਲਾ ਹਸਪਤਾਲ, ਗੁਰੂਗ੍ਰਾਮ ਦੀ ਸਰਜੀਕਲ ਓਨਕੋਲੋਜੀ ਟੀਮ ਵਲੋਂ ਕੈਂਸਰ ਦੇ ਇਲਾਜ ਵਿੱਚ ਹਾਲ ਹੀ ਵਿੱਚ ਹੋਈ ਖੋਜ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਸਰਜੀਕਲ ਔਨਕੋਲੋਜੀ ਅਤੇ ਐਡਵਾਂਸ ਪੇਟ ਦੇ ਕੈਂਸਰ ਅਤੇ ਸਿਰ ਅਤੇ ਗਰਦਨ ਦੇ ਕੈਂਸਰ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਉਮੀਦ ਦੀ ਕਿਰਨ ਦਿੱਤੀ ਹੈ।
ਇਸ ਮੌਕੇ ਡਾ. ਵਿਨੈ ਸੈਮੂਅਲ ਗਾਇਕਵਾੜ, ਸੀ.ਕੇ. ਬਿਰਲਾ ਹਸਪਤਾਲ ਨੇ ਹਾਈਪਰਥਰਮਿਕ ਇੰਟਰਾਪੇਰੀਟੋਨੀਅਲ ਕੀਮੋਥੈਰੇਪੀ ਅਤੇ ਪੀ. ਆਈ. ਪੀ. ਏ. ਸੀ. (ਪ੍ਰੈਸ਼ਰਾਈਜ਼ਡ
ਇੰਟਰਾਪੇਰੀਟੋਨੀਅਲ ਐਰੋਸੋਲ ਕੀਮੋਥੈਰੇਪੀ) ਦੇ ਫਾਇਦਿਆਂ ਬਾਰੇ ਦੱਸਿਆ ਕਿ ਇਨ੍ਹਾਂ ਵਿਧੀਆਂ ਰਾਹੀਂ ਪੇਟ ਦੇ ਅਡਵਾਂਸ ਕੈਂਸਰ ਉਪਰ ਰੋਕਥਾਮ ਲਗਾਈ ਜਾ ਸਕਦੀ ਹੈ। ਇਹ ਤਕਨੀਕਾਂ ਪ੍ਰਭਾਵੀ ਹਨ ਕਿਉਂਕਿ ਇਨ੍ਹਾਂ ਦੇ ਜਰੀਏ ਪੇਟ ਦੇ ਕੈਂਸਰ ਉਪਰ ਅਸਰਦਾਇਕ ਢੰਗ ਨਾਲ ਹਮਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਕੈਂਸਰ ਰੋਗਾਂ ਦੇ ਮਾਹਿਰ ਡਾ: ਵਿਨੀਤ ਕੌਲ ਨੇ ਸਿਰ ਅਤੇ ਗਰਦਨ ਦੇ ਕੈਂਸਰ ਦੇ ਇਲਾਜ ਵਿੱਚ ਹਾਲ ਹੀ ਵਿੱਚ ਹੋਈ ਖੋਜ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਕੌਲ ਨੇ ਚੌਥੀ ਪੀੜ੍ਹੀ ਦਾ ਵਿੰਚੀ ਰੋਬੋਟਿਕ ਤਕਨਾਲੋਜੀ ਬਾਰੇ ਗੱਲ ਕੀਤੀ, ਜੋ ਅਜਿਹੇ ਚੁਣੌਤੀਪੂਰਨ ਕੈਂਸਰਾਂ ਨਾਲ ਨਜਿੱਠਣ ਦੇ ਤਰੀਕੇ ਨੂੰ ਬਦਲਣ ਲਈ ਤਿਆਰ ਹਨ।ਉਨ੍ਹਾਂ ਦੱਸਿਆ ਕਿ ਸਿਰ ਅਤੇ ਗਰਦਨ ਦੇ ਕੈਂਸਰ ਦੇ ਇਲਾਜ ਵਿੱਚ ਵਿੰਚੀ ਰੋਬੋਟਿਕਸ ਇੱਕ ਬਹੁਤ ਹੀ ਅਸਰਦਾਇਕ ਇਲਾਜ ਵਿਧੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਡਾਕਟਰਾਂ /ਸਰਜਨਾਂ ਨੇ ਸ਼ਾਮਲ ਹੋ ਕੇ ਕੈਂਸਰ ਦੇ ਇਲਾਜ ਲਈ ਇਜਾਦ ਹੋਈਆਂ ਨਵੀਆਂ ਤਕਨੀਕਾਂ /ਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।