You are here

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ …..

ਪਤਝੜ ਮੌਸਮ ਖ਼ਾਮੋਸ਼ ਹੋ ਗਿਆ ,
ਝੁੱਲ਼ੀ ਬੜੀ ਹਨੇਰੀ ,
ਮੁੜ ਆਜਾ ਭਗਤ ਸਿਆ ,
ਲੋੜ ਪੈ ਗਈ ਵਤਨ ਨੂੰ ਤੇਰੀ ।
ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105 , ਲਾਇਲਪੁਰ ਵਿਖੇ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਹੋਇਆ ।
ਉਨ੍ਹਾ ਦਾ ਜੱਦੀ ਪਿੰਡ  ਖਟਕੜ ਕਲਾਂ, ਨਵਾਂ ਸ਼ਹਿਰ ,ਜਿਲਾ ਜਲੰਧਰ ਵਿਚ ਸੀ ਬਾਅਦ ਵਿਚ ਇਸਦਾ  ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ।
ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਸਦੇ ਚਾਚਾ ਮਾੰਡਲੇ  ਦੀ ਜੇਲ ਤੋਂ ਰਿਹਾ ਹੋਕੇ ਆਏ ਸੀ।ਇਸ ਕਰਕੇ ਇਸ ਦਾ ਨਾਂ ਭਗਤ ਸਿੰਘ ਮਤਲਬ ਭਾਗਾਂ ਵਾਲਾ ਰਖ ਦਿਤਾ ਸੀ।ਉਨ੍ਹਾ ਦੇ ਪਿਤਾ ਤੇ ਦੂਸਰੇ ਚਾਚਾ ਵੀ ਪੱਕੇ ਦੇਸ਼ ਭਗਤ ਸੀ ਅਤੇ ਮਾਂ ਬੜੀ ਹੋਸਲੇ ਵਾਲੀ ,ਦਲੇਰ  ਤੇ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ।
ਆਪ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ  ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ – ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ੍ਹ ਕੇ ਮਦਦ ਕੀਤੀ। 1906 ਵਿੱਚ ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਦੇ ਚਾਚਾ ਸਰਦਾਰ  ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ।
ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਵੀ  ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ ।
ਭਗਤ ਸਿੰਘ ਤਿੰਨ ਸਾਲ ਦੇ ਸੀ ਜਦੋਂ ਇਕ ਦਿਨ ਉਨ੍ਹਾ ਦੇ ਪਿਤਾ ਦੇ ਮਿੱਤਰ ਨੇ ਉਨ੍ਹਾ ਤੋ ਪੁਛਿਆ ,’ ਕਾਕਾ ਤੂੰ ਕੀ ਕਰਦਾਂ ਹੈਂ ਤਾ ਭਗਤ ਸਿੰਘ  ਨੇ ਕਿਹਾ ,” ਮੈਂ ਬੰਦੂਕਾ ਬਣਾਂਦਾ ਹਾਂ।ਉਹ ਸੁਣ ਕੇ ਹੈਰਾਨ ਹੋ ਗਿਆ।ਇਕ ਵਾਰੀ ਬਚਪਨ ਵਿਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਵੀ ਕਿਹਾ ਸੀ ਕੀ ਅਸੀਂ ਖੇਤਾਂ ਵਿਚ ਅਨਾਜ਼ ਦੀ ਜਗਹ ਬੰਦੂਕਾਂ ਕਿਓਂ ਨਹੀਂ ਬੀਜਦੇ ਤਾਕਿ ਅਸੀਂ ਆਪਣੇ ਦੇਸ਼ ਨੂੰ ਅਜਾਦ ਕਰ ਸਕੀਏ। ਭਗਤ ਸਿੰਘ ਨੇ ਪ੍ਰਾਇਮਰੀ  ਦੀ ਪੜਾਈ ਆਪਣੇ ਪਿੰਡ ਵਿਚੋ ਪ੍ਰਾਪਤ ਕੀਤੀ ਤੇ ਉਸਨੇ ਆਪਣੀ ਉਚੇਰੀ ਵਿਦਿਆ ਲਾਹੋਰ ਤੋਂ ਪ੍ਰਾਪਤ ਕੀਤੀ । ਜਦੋਂ ਭਗਤ ਸਿੰਘ ਦੀ ਉਮਰ 9 ਸਾਲ ਦੀ ਸੀ ਉਸ ਸਮੇਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ ।ਉਸਦੀ ਦਲੇਰਾਨਾ ਮੌਤ ਨੇ ਭਗਤ ਸਿੰਘ ਦੇ ਦਿਲ ਤੇ ਬੜਾ ਗਹਿਰਾ ਅਸਰ ਕੀਤਾ ਤੇ ਉਸਨੂੰ ਭਗਤ ਸਿੰਘ ਨੇ ਆਪਣਾ ਆਦਰਸ਼ ਬਣਾ ਲਿਆ।ਸਰਾਭਾ ਦਾ ਇਹ ਗੀਤ ਉਹ ਬੜੇ ਪਿਆਰ ਨਾਲ ਗਾਇਆ ਕਰਦੇ ਸੀ ,'”
                  ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ,ਗਲਾਂ ਕਰਣੀਆਂ ਢੇਰ ਸੁਖਾਲੀਆਂ ਨੀ
                  ਜਿਨ੍ਹਾ ਦੇਸ਼ ਦੀ ਸੇਵਾ ਵਿਚ ਪੈਰ ਪਾਇਆ ਉਨ੍ਹਾ ਲਖਾਂ ਮੁਸੀਬਤਾਂ ਜਾਲੀਆਂ ਨੀ।
ਸਰਦਾਰ ਭਗਤ ਸਿੰਘ ਇਨਕਲਾਬੀਆਂ ਦੀਆਂ ਗੱਲਾਂ ਕਰਦਾ ਸੀ।1919 ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ , ਜਿਸਦਾ ਉਨ੍ਹਾ ਦੇ ਮਨ ‘ਤੇ ਬੜਾ ਡੂੰਘਾ ਅਸਰ ਹੋਇਆ ਅਗਲੇ ਦਿਨ ਹੀ ਓਹ ਅਮ੍ਰਿਤਸਰ ਚਲੇ ਗਏ ਤੇ ਉਸ ਬਾਗ ਵਿਚੋਂ  ਖੂਨ ਨਾਲ ਭਰੀ ਮਿਟੀ ਆਪਣੇ ਨਾਲ ਲੈਕੇ ਵਾਪਸ ਆ ਗਏ।ਇਸ ਘਟਨਾ ਨੇ ਉਨ੍ਹਾ ਦੇ ਮਨ ਤੇ ਅੰਗਰੇਜ਼ਾ ਖਿਲਾਫ਼ ਨਫਰਤ ਭਰ ਦਿਤੀ 1 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨ ਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ। ਕਈ ਨੋਜਵਾਨਾਂ ਸਕੂਲ ਤੇ ਕਾਲਜਾਂ ਦੀ ਪੜਾਈ ਛੱਡਕੇ ਆਜ਼ਾਦੀ ਦੀ ਲੜਾਈ ਦੇ ਮੈਦਾਨ ਵਿਚ ਕੁੱਦ ਪਏ  ਜਿਨ੍ਹਾ ਵਿਚੋਂ ਭਗਤ ਸਿੰਘ ਵੀ ਇਕ ਸੀ।
ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਉਸ ਬਾਰੇ ਲਿਖਦੇ ਹਨ ‘ਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜੁਆਨ ਸੀ। ‘ ਉਹ ਇਕ ਨਿੱਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ।  ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆ ਭਰ ਦੀ ਪੀੜਤ ਜਨਤਾ ਦਾ ਦਰਦ ਉਹਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।
ਪਰ ਭਗਤ ਸਿੰਘ ਆਪਣੀ ਨਵੇਕਲੀ ਵਿਚਾਰਧਾਰਾ ਕਰਕੇ ਸਭ ਤੋਂ ਨਿਆਰਾ ਸੀ ਅਤੇ ਅੱਜ ਵੀ ਹੈ। ਉਸ ਨੇ ਛੋਟੀ ਉਮਰ ਵਿਚ ਹੀ ਆਪਣੇ ਤਰਕਪੂਰਨ ਫਲਸਫੇ ਨਾਲ ਲੋਕ ਦੇ ਮਨਾਂ ਨੂੰ ਟੁੰਬਿਆ ਅਤੇ ਹਲੂਣਿਆ। ਨਿੱਕੀ ਉਮਰੇ ਦੇਸ਼ ਲਈ ਵੱਡੇ ਕਾਰਨਾਮਿਆਂ ਨੂੰ ਸਰਅੰਜ਼ਾਮ ਦੇਣ ਕਰਕੇ ਉਹ ਹਿੰਦੁਸਤਾਨੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ।
ਸੰਨ 1921-1922 ਈ: ਨੂੰ  ਲਾਹੌਰ ਵਿਖੇ ਦੇਸ਼ ਭਗਤਾਂ ਦੁਆਰਾ ਇਕ  ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ‘ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ ਹੀ ਦਾਖਲਾ ਮਿਲ ਗਿਆ। ਜੈ ਦੇਵ ਗੁਪਤਾ ਅਤੇ ਸੁਖਦੇਵ ਇਨ੍ਹਾ  ਦੀ ਕਲਾਸ ਵਿਚ ਹੀ  ਪੜ੍ਹਦੇ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ।
1923 ‘ਚ  ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ ‘ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ ।ਉਥੇ ਉਨ੍ਹਾ ਨੇ ਕੁਝ ਚਿਰ ਦੈਨਿਕ ਪ੍ਰਤਾਪ ,ਵੀਰ ਅਰਜਨ ਅਤੇ  ਕਿਰਤੀ ਰਸਾਲਿਆਂ ਲਈ ਕੰਮ ਕੀਤਾ।ਉਹ ਹਿੰਦੀ ਉਰਦੂ ਅੰਗ੍ਰੇਜ਼ੀ ਤੇ ਪੰਜਾਬੀ ਲਿਖਣ ਵਿਚ ਮਾਹਿਰ ਸੀ ।ਉਹ ਪ੍ਰਸਿਧ ਕ੍ਰਾਂਤੀਕਾਰੀ  ਲੇਖਕਾਂ ਰੂਸੋ , ਵਾਲਟੇਅਰ, ਲੇਨਿਨ , ਮਾਰਕਸ ਆਦਿ ਦੀਆਂ ਰਚਨਾਵਾਂ ਬੜੇ ਸ਼ੋਕ ਤੇ ਧਿਆਨ ਨਾਲ ਪੜਦੇ ਤੇ ਪ੍ਰਭਾਵਿਤ ਹੁੰਦੇ। ਉਹ ਵਿਦੇਸ਼ੀ ਆਜ਼ਾਦੀ ਦੇ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿਚ ਅਨੁਵਾਦ ਕਰਨ ਦੇ ਨਾਲ ਨਾਲ ਖੁਦ ਵੀ ਕਿਤਾਬਾਂ ਤੇ ਪਰਚੇ ਲਿਖ਼ਿਆ ਕਰਦੇ ਸੀ।ਕਿਤਾਬਾਂ ਪੜਨ ਦਾ ਉਨ੍ਹਾ ਨੂੰ ਬੇਹਦ ਸ਼ੋਕ ਸੀ ।ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਿਸਤੌਲ ਰੱਖਦੇ ਸਨ।ਇਸ ਤੋ ਬਾਅਦ ਭਗਤ ਸਿੰਘ ਤੇ ਉਸਦੇ ਸਾਥੀ
ਕਾਨਪੁਰ ਵਿਚ ਸ਼ੰਕਰ ਵਿਦਿਆਰਥੀ , ਬੀ .ਕੇ .ਦਤ, ਚੰਦਰ ਸ਼ੇਖਰ ਅਜਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ  ਦੇ ਸੰਪਰਕ ਵਿਚ ਆਏ।ਭਗਤ ਸਿੰਘ ਨੂੰ ਕਰਤਾਨ ਸਿੰਘ ਸਰਾਭਾ ,ਲੈਨਿਨ ,ਜੈਕ ਲੰਡਨ,ਮੁਖ਼ਾਇਲ ਬਾਕੂਨਿਨ ਨੇ ਪ੍ਰਭਾਵਿਤ ਕੀਤਾ ।ਇਥੇ ਉਹ ,”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦਾ ਮੈਂਬਰ ਬਣ ਗਏ ।ਉਨ੍ਹਾ ਦਿਨਾਂ  ਵਿਚ ਗੁਰੁਦਵਾਰਿਆਂ ਦੀ ਆਜ਼ਾਦੀ ਲਈ ਜੈਤੋਂ ਦਾ ਮੋਰਚਾ ਲਗਾ ਹੋਇਆ ਸੀ ਜਿਸਦਾ ਉਨ੍ਹਾ ਨੇ  ਪੁਰਜੋਸ਼ ਸੁਆਗਤ ਕੀਤਾ, ਤੇ ਪੂਰੇ ਇੱਕਠ ਨੂੰ ਲੰਗਰ ਛਕਾਇਆ ਜਿਸ ਲਈ ਉਸਦੇ ਗ੍ਰਿਫਤਾਰੀ ਦੇ ਵਰੰਟ ਜਾਰੀ ਹੋ ਗਏ ।1927 ਵਿਚ ਨੌਜੁਆਨ ਭਾਰਤ ਸਭਾ ਦੀ ਨੀਂਹ ਰੱਖੀ  ਜਿਸਦਾ ਬਾਅਦ ਵਿਚ ਨਾਂ ਬਦਲਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ”  ਰੱਖ ਦਿਤਾ। 1927 ਵਿੱਚ ਕਾਕੋਰੀ ਕਾਂਡ ( ਰੇਲਗੱਡੀ ਡਾਕੇ) ਦੇ ਮਾਮਲੇ ਵਿੱਚ ਉਨ੍ਹਾ ਨੂੰ ਗਿਰਫ਼ਤਾਰ ਕਰ ਲਿਆ ਗਿਆ।
1928 ਵਿਚ ਸਾਇਮਨ ਕਮਿਸ਼ਨ ਦੇ ਵਿਰੋਧ ਵਿਚ ਇਕ ਵਡਾ ਜਲੂਸ ਕਢਿਆ ਜਿਸਦੀ ਅਗਵਾਈ ਲਾਲਾ ਲਜਪਤ ਰਾਏ ਜੀ ਕਰ ਰਹੇ ਸਨ ।ਅੰਗਰੇਜ਼ ਸਰਕਾਰ ਵਲੋ ਲਾਲਾ ਲਜਪਤ ਰਾਏ ਤੇ ਲਾਠੀਆਂ ਦੀ ਬੁਛਾੜ ਕੀਤੀ ਗਈ ਜਿਸ ਕਰਕੇ 17 ਨਵੰਬਰ 1928 ਵਿਚ ਉਨ੍ਹਾ ਦੀ ਮੌਤ ਹੋ ਗਈ।ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ 17 ਦਸੰਬਰ 1928  ਨੂੰ ਲਹੋਰ ਦੇ ਪੀ.ਐਸ.ਪੀ ਮਿਸਟਰ ਸਾਂਡਰਸ ਨੂੰ ਗੋਲੀ ਮਾਰਕੇ ਲਿਆ।   8 ਅਪ੍ਰੈਲ 1929 ਜਦ ਅਸੈਬਲੀ ਵਿਚ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਉਟ ਦੀ ਬਹਿਸ ਹੋਈ ਤਾਂ ਭਗਤ ਸਿੰਘ ਨੇ ਐਸੰਬਲੀ ਵਿਚ ਨਕਲੀ ਬੰਬ ਸੁਟਕੇ ਜਿਸਦਾ ਮਤਲਬ ਸੀ, ਸਿਰਫ ਧਮਾਕਾ ਕਿਉਂਕਿ ਖੂਨ ਖਰਾਬੇ ਦੇ ਹੱਕ ਵਿਚ ਉਹ ਬਿਲਕੁਲ ਨਹੀਂ ਸਨ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਬੰਬ ਸੁੱਟਣ ਦਾ ਸਾਡਾ ਉਦੇਸ਼ ਕੇਵਲ ਬੋਲੇ ਕੰਨਾ ਨੂੰ ਸੁਣਨ ਯੋਗ ਬਣਾਉਣਾ ਤੇ ਬੇਖਬਰਾਂ  ਨੂੰ ਸਮੇ ਸਿਰ ਸਾਵਧਾਨ ਕਰਨਾ ਸੀ।
ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਵੀ ਕੀਤੀ । ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। 
ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ। ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਪੱਕਾ ਨਹੀਂ ਸੀ, ਉਸ 'ਤੇ ਘਾਹ ਉੱਗਿਆ ਹੋਇਆ ਸੀ। ਉਸ 'ਚ ਬੱਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਨਾਲ ਆ ਸਕੇ।
ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ 'ਚ ਪਿੰਜਰੇ 'ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।
ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ । ਲਾਹੌਰ ਸੈਂਟਰਲ ਜੇਲ੍ਹ 'ਚ 23 ਮਾਰਚ, 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੀ ਹੋਈ ਸੀ। ਫ਼ਰਕ ਸਿਰਫ਼ ਇਹ ਸੀ ਕਿ ਸਵੇਰੇ ਜ਼ੋਰਦਾਰ ਹਨ੍ਹੇਰੀ ਆਈ ਸੀ।
ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਅਜ਼ਾਦੀ ਦਾ ਗੀਤ ਗਾਉਣੇ ਲੱਗੇ-
ਕਦੇ ਉਹ ਦਿਨ ਆਵੇਗਾ
ਕਿ ਜਦ ਅਸੀਂ ਅਜ਼ਾਦ ਹੋਵਾਂਗੇ
ਇਹ ਆਪਣੀ ਹੀ ਧਰਤੀ ਹੋਵੇਗੀ
ਇਹ ਆਪਣਾ ਅਸਮਾਨ ਹੋਵੇਗਾ
ਫਿਰ ਇਨ੍ਹਾਂ ਤਿੰਨਾਂ ਦਾ ਇੱਕ-ਇੱਕ ਕਰਕੇ ਭਾਰ ਤੋਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਨ੍ਹਾਂ ਸਾਰਿਆਂ ਨੂੰ ਅਪਣਾ ਆਖ਼ਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ ਪਰ ਉਨ੍ਹਾਂ ਦੇ ਚਿਹਰੇ ਖੁੱਲ੍ਹੇ ਰਹਿਣ ਦਿੱਤੇ ਗਏ।
ਮਾਰਚ ਸ਼ਾਮ , ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾ ਕੇ ਫਾਂਸੀ ਤੇ ਲਟਕ ਗਏ ।
ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਸੈਂਟਰਲ ਜੇਲ੍ਹ ਦੇ ਚੋਰ ਰਸਤੇ ਰਾਹੀਂ ਲਾਹੋਰ ਤੋਂ ਫਿਰੋਜਪੁਰ ਲਾਗੇ ਹੁਸੈਨੀਵਾਲਾ  ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ।
ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਨਾਂ ਹਮੇਸ਼ਾ ਗੂੰਜਦਾ ਰਹੇਗਾ ।ਉਹਨਾਂ ਦੀ ਯਾਦ ਵਿੱਚ ਸਦਾ ਮੇਲੇ ਲੱਗਦੇ ਰਹਿਣਗੇ।ਆਓ ਸਾਰੇ ਰਲ ਕੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਈਏ ਤੇ ਉਹਨਾਂ ਦੇ ਦਿੱਤੇ ਵਿਚਾਰਾਂ ਨੂੰ ਅਪਣਾ ਕੇ ਆਪਣੇ ਦੇਸ਼ ਦੀ ਰਾਖੀ ਕਰੀਏ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ ।