ਮੋਗਾ, ਜੁਲਾਈ 2020 - (ਰਾਣਾ ਸ਼ੇਖਦੌਲਤ/ਜੱਜ ਮਸੀਤਾਂ/ਮਨਜਿੰਦਰ ਗਿੱਲ)-
ਜ਼ਿਲ੍ਹੇ ਦੇ ਇੱਕ ਡੀਐੱਸਪੀ ਤੇ ਐੱਸਐੱਸਪੀ ਦਫ਼ਤਰ ’ਚ ਤਾਇਨਾਤ 3 ਹੋਰ ਮੁਲਾਜ਼ਮਾਂ, ਇੱਕ ਨਾਬਾਲਗ ਤੇ 20 ਸਾਲ ਦੇ ਦੋ ਨੌਜਵਾਨਾਂ ਸਣੇ 9 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਵਿਭਾਗ ਨੇ ਆਪਣੀ ਟੈਸਟਿੰਗ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਹੈ ਤਾਂ ਕਿ ਵੱਧ ਤੋਂ ਵੱਧ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬਣਦੀ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਆਮ ਦਰਖਾਸਤਾਂ ਅਤੇ ਮੰਗ ਪੱਤਰ ਆਦਿ ਹੁਣ ਸਿਰਫ਼ ਈਮੇਲ ਰਾਹੀਂ ਹੀ ਮਨਜ਼ੂਰ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਫ਼ਤਰ ਆ ਕੇ ਫ਼ਿਜ਼ੀਕਲ ਦਰਖਾਸਤਾਂ ਦੇਣ ਦੀ ਬਜਾਏ ਈਮੇਲ ਰਾਹੀਂ ਭੇਜਣ। ਉਨ੍ਹਾਂ ਕਿਹਾ ਕਿ ਸਿਰਫ਼ ਕੇਵਲ ਜ਼ਰੂਰੀ ਦਰਖਾਸਤ ਹੀ ਨਿੱਜੀ ਤੌਰ ਉੱਤੇ ਲਈ ਜਾਵੇਗੀ।