You are here

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ 

ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ

ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ

 

ਬਾਬੇ ਦੀ ਤੱਕੜੀ ਨੇ ਤਾਂ  ਤੋਲਿਆ ਕਦੇ ਤੇਰਾਂ ਤੇਰਾਂ

ਵੋਟਾਂ ਦੀ ਖੇਡ ਸਿਆਸਤ  ਕਰਦੇ ਰਹੇ ਹੇਰਾਂ ਫੇਰਾਂ

ਲੋਕਾਂ ਨੂੰ ਹਰ ਥਾਂ ਵੰਡ ਕੇ ਮਾਰਿਆ ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

 

ਭਾਈਆਂ ਤੋਂ ਭਾਈ  ਮਰਾਉਂਦੇ ਵੋਟਾਂ ਦੀ ਖਾਤਿਰ ਨੇ

ਨਸ਼ਿਆਂ ਨਾਲ਼ ਪੁੱਤ ਮਰਵਾਏ ਝੂਠੇ ਇਹ ਪਾਤਰ ਨੇ

ਲੋਕਾਂ ਦੀ ਸਾਂਝ ਤੋੜ ਕੇ ਅਪਣਾਉਂਦੇ ਨੇ ਫਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

 

ਬਾਲਾ ਮਰਦਾਨਾ ਵੀ  ਅੱਜ ਬੈਠਣ ਕਦੇ ਜੁੜ ਕੇ ਨਾ

ਸਾਂਝਾ ਦਾ ਵਕਤ ਬਰਾਬਰ ਆਉਣਾ ਕਦੇ ਮੁੜ ਕੇ ਨਾ

ਨਸ਼ਿਆਂ ਵਿੱਚ ਰੋਲ਼  ਜਵਾਨੀ ਬੁਰੀ ਇਹ ਤ੍ਰਿਪਤੀ ਨੂੰ

ਬਾਬਾ  ਕੀ ਬਖ਼ਸ਼  ਦਿਊਗਾ  ਲੋਟੂ ਇਸ ਬਿਰਤੀ ਨੂੰ

 

ਜਿਨ੍ਹਾਂ ਨੇ ਸਿਰ ਕਟਵਾਏ ਉਨ੍ਹਾਂ ਦਾ ਮੁੱਲ ਕੋਈ ਨਾ

 ਨੀਲੇ ਤੇ ਚਿੱਟੇ ਚੰਦਰੇ ਅੰਦਰੋਂ ਇਹ ਵੱਖ ਹੋਈ ਨਾ

'ਜੀਤ' ਸਿਆਂ ਦੇਣੇ  ਲਾਲਚ ਬਦਲੋ  ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

ਸਰਬਜੀਤ ਸਿੰਘ ਨਮੋਲ਼, ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ 9877358044