ਲੁਧਿਆਣਾ , 27 ਸਤੰਬਰ(ਜਨ ਸ਼ਕਤੀ ਨਿਊਜ਼ ਬਿਊਰੋ ) ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦੌਰਾਨ ਉਹਨਾਂ ਦੀ ਵਿਚਾਰਧਾਰਾ ਨੂੰ ਨੌਜਵਾਨਾਂ ਦੀ ਸਮਝ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਚਰਚਾ ਪਹਿਲੀ ਅਕਤੂਬਰ(ਐਤਵਾਰ) ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਅਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਲੌਂਗੋਵਾਲ 12 ਵਜੇ ਸੰਬੋਧਨ ਕਰਨਗੇ। ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜੀਰਖ ਅਤੇ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਨੌਜਵਾਨ ਸਭਾ ਦੇ ਸਾਰੇ ਮੈਂਬਰ ਇਸ ਚਰਚਾ ‘ਚ ਭਾਗ ਲੈੰਦੇ ਹੋਏ ਸ਼ਹੀਦ ਭਗਤ ਸਿੰਘ ਸਬੰਧੀ ਜੋ ਵੀ ਪੜ੍ਹਕੇ ਅਉਣਗੇ ਉਸ ਬਾਰੇ ਆਪਣੇ ਆਪਣੇ ਵਿਚਾਰ ਪ੍ਰਗਟਉਂਣਗੇ।ਤਰਕਸ਼ੀਲ ਸੁਸਾੲਟੀ ਦੇ ਜੱਥੇਬੰਦਕ ਜ਼ੋਨ ਮੁੱਖੀ ਜਸਵੰਤ ਜੀਰਖ , ਮੀਡੀਆ ਮੁੱਖੀ ਹਰਚੰਦ ਭਿੰਡਰ ਅਤੇ ਵਿੱਤ ਮੁੱਖੀ ਆਤਮਾ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਹੋ ਰਹੇ ਇਸ ਸਮਾਗਮ ਵਿੱਚ ਲੁਧਿਆਣਾ ਜ਼ੋਨ ਦੀਆਂ ਤਰਕਸ਼ੀਲ ਇਕਾਈਆਂ , ਜਗਰਾਓਂ, ਸੁਧਾਰ, ਕੋਹਾੜਾ, ਲੁਧਿਆਣਾ, ਮਲੇਰਕੋਟਲਾ ਦੇ ਕਾਰਕੁੰਨ ਸ਼ਾਮਲ ਹੋਣਗੇ।ਮੁੱਖ ਬੁਲਾਰੇ ਵਜੋਂ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਬਲਬੀਰ ਲੌਗੋਵਾਲ ਜੀ “ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਸਮੇਂ ਵਿੱਚ ਸਾਰਥਿਕਤਾ” ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।ਤਰਕਸ਼ੀਲ ਅਤੇ ਨੌਜਵਾਨ ਸਭਾ ਦੇ ਆਗੂਆਂ ਨੇ ਭਾਰਤੀ ਸਿਆਸਤਦਾਨਾਂ / ਹਾਕਮਾਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਿਰਫ ਰਾਜਸੱਤ੍ਹਾ ਦੀ ਗੱਦੀ ਤੱਕ ਪਹੁੰਚਣ ਲਈ ਪੌੜੀ ਵਜੋਂ ਵਰਤਣ ਦਾ ਨੋਟਿਸ ਲੈੰਦਿਆਂ ਉਹਨਾਂ ਦੇ ਵਿਚਾਰਾਂ ਦਾ ਸਮਾਜ ਸਿਰਜਣ ਵੱਲ ਅੱਗੇ ਵਧਣ ਲਈ ਕੁੱਝ ਵੀ ਨਾ ਕਰਨ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਉਹਨਾਂ ਸਪਸਟ ਕੀਤਾ ਕਿ ਲੋਕਾਂ ਨੂੰ ਧਰਮਾਂ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡਕੇ, ਰਾਜ ਕਰੋ ਦੀ ਨੀਤੀ ਭਗਤ ਸਿੰਘ ਦੀ ਸਮਝ ਦਾ ਹਿੱਸਾ ਨਹੀਂ , ਸਗੋਂ ਉਹਨਾਂ ਦੇ ਵਿਚਾਰਾਂ ਨਾਲ ਖਿਲਵਾੜ ਕਰਕੇ ਅੰਗਰੇਜ਼ਾਂ ਦੇ ਪਦ-ਚਿਨ੍ਹਾਂ ਤੇ ਚੱਲਣ ਵਾਲਿਆਂ ਦੀ ਘਿਨਾਉਣੀ ਸਮਝ ਦਾ ਹਿੱਸਾ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹਣ ਨਾਲ ਭਗਤ ਸਿੰਘ ਨਹੀਂ ਬਣਿਆ ਜਾਂਦਾ, ਉਹਨਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਉਸ ਅਨੁਸਾਰ ਚੱਲਣਾ ਵੀ ਅਤਿ ਜ਼ਰੂਰੀ ਹੈ। ਲੋਕਾਂ ਲਈ ਇਹ ਸਮਝਕੇ ਨਿਰਣਾ ਕਰਨਾ ਬੇਹੱਦ ਜ਼ਰੂਰੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਸਿਆਸਤ ਦੱਬੇ ਕੁਚਲੇ ਲੋਕਾਂ ਨੂੰ ਹੋਰ ਦਬਾਉਣਾ ਗ਼ੈਰ ਬਰਾਬਰੀ, ਬੇ ਇਨਸਾਫ਼ੀ , ਬੇਰੋਜਗਾਰੀ, ਅੰਧਵਿਸ਼ਵਾਸ , ਗਰੀਬੀ ਆਦਿ ਫੈਲਾਉਣਾ ਨਹੀਂ ਸੀ, ਸਗੋਂ ਇਹਨਾਂ ਸਾਰੀਆਂ ਅਲਾਮਤਾਂ ਇਨਕਲਾਬ ਰਾਹੀਂ ਖਤਮ ਕਰਨਾ ਸੀ।ਜਦੋਂ ਕਿ ਅੱਜ ਸਾਡੇ ਸਿਆਸਤਦਾਨ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਦੀ ਬਜਾਏ ਦੇਸ਼ ਨੂੰ ਵੇਚ ਵੱਟਕੇ , ਕਰਜ਼ੇ ਚੁੱਕਕੇ ਆਪਣੀ ਐਸ਼ੋਇਸਰਤ ਵਾਲਾ ਰਾਜ ਪ੍ਰਬੰਧ ਚਲਾ ਰਹੇ ਹਨ। ਇਸ ਲਈ ਉਪਰੋਕਤ ਨੌਜਵਾਨ ਸਭਾ ਅਤੇ ਤਰਕਸ਼ੀਲ ਆਗੂਆਂ ਨੇ ਇਲਾਕੇ ਦੇ ਅਗਾਂਹ ਵਧੂ ਅਤੇ ਇਨਸਾਫ਼ ਪਸੰਦ ਵਿਅਕਤੀਆਂ, ਜੱਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਦੇਸ਼ ਬਚਾਉਣ ਲਈ ਅੱਗੇ ਆਣ ਦਾ ਸੱਦਾ ਦਿੱਤਾ ਹੈ।