You are here

ਸੰਪਾਦਕੀ

ਸਿਫਾਰਿਸ਼ (ਮਿੰਨੀ ਕਹਾਣੀ ) ✍️ ਪ੍ਰੋ. ਨਵ ਸੰਗੀਤ ਸਿੰਘ

ਰੇਨੂੰ ਦੀ ਇੱਕ ਨਵੇਂ ਬਣੇ ਗਰਲਜ਼ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਹੋਈ ਤਾਂ ਉਹਦੇ ਬਾਰੇ ਸਾਰਿਆਂ ਦੀ ਜ਼ਬਾਨ ਤੇ ਇੱਕੋ ਗੱਲ ਸੀ ਕਿ ਉਹ ਸਥਾਨਕ ਐਮਐਲਏ ਦੀ ਭਤੀਜੀ ਹੈ। ਇਸੇਲਈ ਉਹਦੀ ਸਿਲੈਕਸ਼ਨ ਹੋਈ ਹੈ, ਨਹੀਂ ਤਾਂ ਉਸਤੋਂ ਚੰਗੇ ਹੋਰ ਕੈਂਡੀਡੇਟ ਵੀ ਸਨ। 

   ਕਾਲਜ ਦੇ ਸਾਰੇ ਕਰਮਚਾਰੀ ਉਸਦਾ ਸਤਿਕਾਰ ਕਰਦੇ, ਭਾਵੇਂ ਉਹ ਉੱਥੇ ਸਭ ਤੋਂ ਜੂਨੀਅਰ ਸੀ। ਹੋਰ ਤਾਂ ਹੋਰ ਪ੍ਰਿੰਸੀਪਲ ਵੀ ਉਸ ਨਾਲ ਵਧੀਆ ਵਿਹਾਰ ਕਰਦੀ ਕਿ ਕਦੇ ਐਮਐਲਏ ਦੀ ਲੋੜ ਪੈ ਸਕਦੀ ਹੈ। ਕਾਲਜ ਦੀ ਹੀ ਇੱਕ ਸੀਨੀਅਰ ਅਧਿਆਪਕਾ ਸਰੋਜ, ਜੋ ਰੇਨੂੰ ਦੇ ਵਿਭਾਗ ਦੀ ਮੁਖੀ ਵੀ ਸੀ, ਨੇ ਇੱਕ ਦਿਨ ਸਟਾਫ਼ ਨੂੰ ਦੱਸਿਆ, "ਜੇ ਇਹ ਐਮਐਲਏ ਦੀ ਭਤੀਜੀ ਹੁੰਦੀ ਤਾਂ ਇਹਨੇ ਇਸੇ ਕਾਲਜ ਵਿੱਚ ਲੱਗਣਾ ਸੀ? ਇਹ ਤਾਂ ਯੂਨੀਵਰਸਿਟੀ 'ਚ ਸਿਲੈਕਟ ਹੋ ਸਕਦੀ ਸੀ। ਅਸਲ ਗੱਲ ਇਹ ਹੈ ਕਿ ਇਹ ਐਮਐਲਏ ਦੇ ਪਿਤਾ ਨੂੰ ਦੂਰੋਂ-ਪਾਰੋਂ ਮਾੜਾ-ਮੋਟਾ ਜਾਣਦੀ ਹੈ, ਬੱਸ ਇਸੇ ਨਾਲ ਇਹਦਾ 'ਤੁੱਕਾ' ਲੱਗ ਗਿਆ।"

   ਹੁਣ ਸਾਰੇ ਰੇਨੂੰ ਤੋਂ ਡਰਨ ਦੀ ਥਾਂ ਉਹਨੂੰ ਚੁਭਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗੇ।

          

ਪ੍ਰੋ. ਨਵ ਸੰਗੀਤ ਸਿੰਘ  

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

ਮੁਗ਼ਲ ਸਾਮਰਾਜ ਦੇ ਪਤਨ ਦੇ ਕੀ ਕਾਰਣ ਸਨ

ਔਰੰਗਜ਼ੇਬ ਮੁਗ਼ਲ ਸਾਮਰਾਜ ਦਾ ਅੰਤਿਮ ਮਹਾਨ ਸਮਰਾਟ ਸੀ। ਭਾਵੇਂ ਉਸਤੋਂ ਬਾਅਦ ਵੀ ਕੁੱਝ ਉੱਤਰਾਧਿਕਾਰੀ ਹੋਏ ਪਰ ਨਿਰਬਲ ਤੇ ਅਯੋਗ ਹੋਣ ਕਰਕੇ 1740ਈਸਵੀ ਵਿੱਚ ਮੁਗ਼ਲ ਸਾਮਰਾਜ ਦਾ ਪਤਨ ਹੋਇਆ ਅਤੇ ਮਰਾਠਾ ਸਾਮਰਾਜ ਦੀ ਸਥਾਪਨਾ ਹੋਈ। ਮੁਗ਼ਲ ਸਾਮਰਾਜ ਦੇ ਅੰਦਰੂਨੀ,ਬਾਹਰੀ ਅਤੇ 1707 ਈਸਵੀ ਦੇ ਪਤਨ ਤੋਂ ਬਾਅਦ ਦੇ ਕਾਰਣ ਮੰਨੇ ਜਾਂਦੇ ਸਨ ਜਿਵੇਂ - ਮੁਗ਼ਲਾਂ ਦਾ ਤਾਨਾਸ਼ਾਹੀ ਰਾਜ, ਸਰਦਾਰਾ ਵਿੱਚ ਧੜੇਵਾਜ਼ੀ, ਹਿੰਦੂ ਵਿਰੋਧੀ ਨੀਤੀ, ਆਰਥਿਕ ਪੱਖ ਤੋਂ ਕਮਜ਼ੋਰ, ਕਿਸਾਨਾਂ ਦੀ ਤਰਸਯੋਗ ਹਾਲਤ, ਜਾਗੀਰਦਾਰੀ ਪ੍ਰਣਾਲੀ, ਸੈਨਾ ਵਿੱਚ ਕਮਜ਼ੋਰੀਆਂ ਆਦਿ । ਇਨ੍ਹਾਂ ਕਾਰਨਾਂ ਕਰਕੇ ਕਈ ਰਾਜ ਸੁਤੰਤਰ ਹੋ ਗਏ। ਨਾਦਿਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗ਼ਲਾਂ ਦੇ ਪਤਨ ਵਿੱਚ ਅੱਗ ਉੱਪਰ ਘਿਓ ਦਾ ਕੰਮ ਕੀਤਾ।
ਇਸ ਤੋਂ ਇਲਾਵਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜੋ 1600ਈਸਵੀ ਵਿੱਚ ਭਾਰਤ ਵਿੱਚ ਵਪਾਰ ਕਰਨ ਦੇ ਉਦੇਸ਼ ਨਾਲ ਆਈ ਸੀ ਮੁਗ਼ਲਾਂ ਦੀ ਹਾਲਤ ਨੂੰ ਦੇਖਦੇ ਹੋਏ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਲੱਭ ਲਿਆ।1757  ਵਿੱਚ ਪਲਾਸੀ ਦੀ ਲੜਾਈ ਅਤੇ 1764 ਵਿੱਚ ਬਕਸਰ ਦੀ ਲੜਾਈ ਦੌਰਾਨ ਮੁਗ਼ਲ ਸਮਰਾਟ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦਾ ਅਧਿਕਾਰ ਪ੍ਰਾਪਤ ਕਰ ਲਿਆ ਅਤੇ ਬੰਗਾਲ ਵਿਚ ਪੱਕੇ ਤੌਰ ਤੇ ਆਪਣਾ ਬ੍ਰਿਟਿਸ਼ ਸਾਮਰਾਜ ਦਾ ਨਿਰਮਾਣ ਕਰਨ ਵਿੱਚ ਸਫਲ ਹੋਏ। 
ਪੂਜਾ  ਸ਼ਹਿਰ ਰਤੀਆ

ਹਜ਼ੂਮ ਦਾ ਸ਼ਿਕਾਰ (ਮਿੰਨੀ ਕਹਾਣੀ )✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਦਿਹਾੜੀਦਾਰ ਸੰਦੀਪ ਅੱਜ ਜਦੋਂ ਕੰਮ ਤੇ ਜਾਣ ਲਈ ਘਰ ਤੋਂ ਨਿਕਲਿਆ ਤਾਂ ਘਰ ਦੀ ਨੇ ਬੜੀ ਆਸ ਉਮੀਦ ਨਾਲ ਸੰਦੀਪ ਨੂੰ ਕਿਹਾ ... ਦੇਖੋ ਜੀ ਅੱਜ ਤਾਂ ਬੇਬੇ ਲਈ  ਸੁਣਨ ਵਾਲੀ (ਕੰਨਾਂ ਨੂੰ ਲਗਾਉਣ ਵਾਲੀ) ਮਸ਼ੀਨ ਜ਼ਰੂਰ ਲੈ ਕੇ ਆਇਓ ਜੀ...ਮੇਰਾ ਤਾਂ ਉੱਚੀ ਉੱਚੀ ਬੋਲ ਕੇ ਸਿਰ ਦੁਖਣ ਲੱਗ ਪੈਂਦਾ ਹੈ ਪਰ ਬੇਬੇ ਨੂੰ ਕੁੱਝ ਸੁਣਾਈ ਨਹੀਂ ਦਿੰਦਾ.... ਰੋਟੀ ਖਾਣ ਦਾ ਪੁੱਛਦੀ ਹਾਂ ਤਾਂ ਸੋਟੀ ਸਮਝਦੀ ਹੈ, ਇਸੇ ਤਰ੍ਹਾਂ ਜਦੋਂ ਪਾਣੀ ਦਾ ਪੁੱਛਦੀ ਹਾਂ ਤਾਂ ਕਹਿੰਦੀ ਹੈ ਕਾਣੀ ਹੋਵੇਗੀ ਤੇਰੀ ਮਾਂ.... ਸੰਦੀਪ ਘਰ ਵਾਲੀ ਦੀ ਗੱਲ ਸੁਣ ਕੇ ਕੁੱਝ ਨਾ ਬੋਲਿਆ ਤੇ ਮਨ ਹੀ ਮਨ ਸੋਚਣ ਲੱਗਿਆ... ਇਹਨਾਂ ਦਾ (ਘਰਵਾਲੀ ਤੇ ਮਾਂ) ਕੋਈ ਕਸੂਰ ਨਹੀਂ ਹੈ, ਦੋਨੋਂ ਆਪਣੀ ਜਗ੍ਹਾ ਸਹੀ ਹਨ... ਮਾਂ ਵਿਚਾਰੀ ਤਾਂ ਬੁਢਾਪੇ ਕਾਰਣ ਕੰਨਾਂ ਤੋਂ ਬੋਲੀ਼ ਹੋ ਗਈ ਹੈ ਤੇ ਇਸਨੂੰ ਆਪਣੀ ਜ਼ਿੰਮੇਵਾਰੀ  ਨਿਭਾਉਣ ਦੇ ਬਾਵਜੂਦ ਵੀ ਬੇਬੇ ਤੋਂ ਉੱਚਿਤ ਮੋਹ ਨਹੀਂ ਮਿਲਦਾ...ਇਹ ਕੁੱਝ ਹੋਰ ਕਹਿੰਦੀ ਹੈ ਤੇ ਬੇਬੇ ਨੂੰ ਕੁੱਝ ਹੋਰ ਹੀ ਸੁਣਦਾ ਹੈ... ਸੰਦੀਪ ਨੂੰ ਸੋਚਾਂ ਵਿੱਚ ਦੇਖਕੇ ਸੰਦੀਪ ਦੀ ਘਰਵਾਲੀ  ਨੇ ਸੰਦੀਪ ਨੂੰ ਹਲੂਣਾ ਜਿਹਾ ਦਿੱਤਾ.... ਸੰਦੀਪ ਇੱਕਦਮ ਆਪਣੀ ਘਰਵਾਲੀ ਵਾਲੀ ਵੱਲ ਦੇਖ ਕੇ ਕਹਿਣ ਲੱਗਾ, ਫ਼ਿਕਰ ਨਾ ਕਰ ਭਾਗਵਾਨੇ.. ਮੇਰੇ ਕੋਲ ਕੁੱਝ ਪੈਸੇ ਜੋੜ ਕੇ ਰੱਖੇ ਹੋਏ ਹਨ ਤੇ ਅੱਜ ਦੀ ਦਿਹਾੜੀ ਤੱਕ ਪਿਛਲੇ ਸਾਰੇ ਹਫ਼ਤੇ ਦੇ ਪੈਸੇ ਠੇਕੇਦਾਰ ਤੋਂ ਲੈ ਕੇ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਲੈ ਕੇ ਹੀ ਘਰ ਆਵਾਂਗਾ.. ਏਨਾ ਕਹਿ ਸੰਦੀਪ ਸਾਈਕਲ ਤੇ ਬੈਠ ਪੈਡਲ ਮਾਰਦਾ ਸ਼ਹਿਰ ਵੱਲ ਨੂੰ ਹੋ ਤੁਰਿਆ....

     ਦੁਪਹਿਰ ਦੇ ਖਾਣੇ ਵੇਲੇ ਸੰਦੀਪ ਨੇ ਠੇਕੇਦਾਰ ਨੂੰ ਗੁਜ਼ਾਰਿਸ਼ ਕੀਤੀ.... ਠੇਕੇਦਾਰ ਸਾਹਿਬ ਮੇਰਾ ਅੱਜ ਤੱਕ ਦਾ ਹਿਸਾਬ ਸ਼ਾਮ ਵੇਲੇ ਚੁਕਤਾ ਕਰ ਦੇਣਾ... ਮੈਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਤੇ ਰਾਸ਼ਨ ਲੈ ਕੇ ਘਰ ਜਾਣਾ ਹੈ... ਕੋਈ ਗੱਲ ਨਹੀਂ ਸੰਦੀਪ ਸ਼ਾਮ ਨੂੰ ਤੇਰਾ ਸਾਰਾ ਹਿਸਾਬ ਚੁਕਤਾ ਕਰ ਦੇਵਾਂਗਾ ਪਰ ਧਿਆਨ ਰੱਖੀਂ ਮੈਂ ਅਡਵਾਂਸ ਵਿੱਚ ਇੱਕ ਨਿੱਕਾ ਪੈਸਾ ਵੀ ਨਹੀਂ ਦੇ ਸਕਦਾ....

     ਸ਼ਾਮ ਹੁੰਦਿਆਂ ਹੀ ਸੰਦੀਪ ਨੇ ਠੇਕੇਦਾਰ ਤੋਂ ਪੈਸੇ ਫੜੇ ਤੇ ਸ਼ਹਿਰ ਦੀ ਵੱਡੇ ਕੰਨਾ ਵਾਲੇ ਹਸਪਤਾਲ ਵਿੱਚੋਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਖਰੀਦ ਕੇ ਘਰ ਨੂੰ ਹੋ ਤੁਰਿਆ... ਸਾਈਕਲ ਤੇ ਹਾਲੇ ਕੁੱਝ ਦੂਰੀ ਤੇ ਹੀ ਗਿਆ ਸੀ... ਇੱਕ ਵੱਡਾ ਹਜ਼ੂਮ ਨਾਹਰੇ ਬਾਜ਼ੀ ਕਰਦਾ ਹੋਇਆ  ਤੰਗ ਬਜ਼ਾਰ ਵਿੱਚੋਂ ਲੰਘ ਰਿਹਾ ਸੀ... ਸੰਦੀਪ ਸਾਈਕਲ ਤੋਂ ਥੱਲੇ ਉਤਰਦਾ, ਉਸਤੋਂ ਪਹਿਲਾਂ ਹੀ ਭੀੜ ਵਿੱਚ ਘਿਰ ਗਿਆ... ਇੱਕ ਦਮ ਸਾਹਮਣੇ ਪੁਲਿਸ ਪ੍ਰਸ਼ਾਸਨ ਦੇਖ ਹਜ਼ੂਮ ਵਿੱਚ ਅਫ਼ਰਾ ਤਫ਼ਰੀ ਮੱਚ ਗਈ... ਸੰਦੀਪ ਕੁੱਝ ਸਮਝਦਾ ਇਸ ਤੋਂ ਪਹਿਲਾਂ ਹੀ ਕਿਸੇ ਦੇ ਜ਼ੋਰ ਨਾਲ ਲੱਗੇ ਧੱਕੇ ਕਾਰਣ ਸੰਦੀਪ ਸਾਈਕਲ ਤੋਂ ਥੱਲੇ ਗਿਰ ਗਿਆ.... ਹਜ਼ੂਮ ਵਿੱਚ ਮਚੀ ਭਗਦੜ ਕਾਰਣ ਚੀਖ਼ ਚਿੰਘਾੜਾ ਮੱਚ ਗਿਆ.... ਕੁੱਝ ਔਰਤਾਂ ਤੇ ਬੱਚੇ ਵੀ ਇਸ ਭਗਦੜ ਦਾ ਸ਼ਿਕਾਰ ਹੋ ਗਏ (ਜੋ ਕਿ ਸ਼ਾਇਦ ਸ਼ਾਮ ਵੇਲੇ ਦੀ ਟਿਊਸਨ ਪੜ੍ਹ ਕੇ ਆਪਣੀਆਂ ਮਾਵਾਂ ਨਾਲ਼ ਘਰ ਜਾ ਰਹੇ ਸਨ)... ਇਸ ਹਫੜਾ ਦਫੜੀ ਵਿੱਚ ਸੰਦੀਪ ਦੇ ਸਾਈਕਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦਾ ਲਿਫ਼ਾਫ਼ਾ ਕਿਧਰੇ ਗੁਆਚ ਗਿਆ... ਸੰਦੀਪ ਵੀ ਥੱਲੇ ਡਿੱਗਣ ਕਾਰਣ ਭੀੜ ਵਿੱਚ ਦਰੜਿਆ ਗਿਆ ਸੀ... ਕੁੱਝ ਚੋਟਾਂ ਦੇ ਨਿਸ਼ਾਨ ਚਿਹਰੇ ਤੇ ਆਪਣੀ ਛਾਪ ਛੱਡ ਚੁੱਕੇ ਸਨ... ਜਦੋਂ ਤੱਕ ਸੰਦੀਪ ਉੱਠਣ ਦੀ ਹਾਲਤ ਵਿੱਚ ਹੋਇਆ, ਸੰਦੀਪ ਦਾ ਸਾਈਕਲ ਨੁਕਸਾਨਿਆ ਜਾ ਚੁੱਕਾ ਸੀ.... ਭੀੜ ਦੇ ਟਲਦੇ ਹੀ ਸੰਦੀਪ ਸੰਭਲਿਆ ਤਾਂ ਕੀ ਦੇਖਦਾ ਹੈ ਕੁੱਝ ਲੋਕਾਂ ਨੂੰ ਗੰਭੀਰ ਚੋਟਾਂ ਵੀ ਆਈਆਂ ਸਨ... ਸੰਦੀਪ ਦਾ ਅਚਾਨਕ ਆਪਣੀ ਸਾਇਕਲ ਵੱਲ ਧਿਆਨ ਗਿਆ ਜੋ ਕਿ ਹੁਣ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ..ਤੇ ਸਾਈਕਲ ਦੇ ਹੈਂਡਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਵਾਲਾ ਲਿਫ਼ਾਫ਼ਾ ਗ਼ਾਇਬ ਸੀ.... ਸੰਦੀਪ ਨੂੰ ਆਪਣੀਆਂ ਸੱਟਾਂ ਤੋਂ ਵੱਧ ਦਰਦ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੇ ਗੁੰਮਣ ਦਾ ਹੋ ਰਿਹਾ....ਘਰ ਜਾ ਕੇ ਘਰਵਾਲੀ ਨੂੰ ਕੀ ਜਵਾਬ ਦੇਵਾਂਗਾ...ਉਹ ਤਾਂ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੀ ਉਡੀਕ ਕਰ ਰਹੀ ਹੋਣੀ ਹੈ... ਵਿਚਾਰਾ ਸੰਦੀਪ ਮਨ ਹੀ ਮਨ ਵਿਚਾਰ ਕਰਦਾ ਟੁੱਟੇ ਸਾਈਕਲ ਨੂੰ ਚੁੱਕ ਆਪਣੇ ਘਰ ਵੱਲ ਨੂੰ ਹੋ ਤੁਰਿਆ ਸੀ....

 

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ: 991472183

ਸਰਕਾਰੀ ਰਾਸ਼ਨ ✍️ ਮਨਜੀਤ ਕੌਰ ਧੀਮਾਨ

               ਚੰਨੋ ਦੇ ਬਾਪੂ,ਆ ਗਿਆ ਏਂ। ਜਾਹ ਜਾ ਕੇ ਪਹਿਲਾਂ ਗੂਠਾ ਲਾ ਆ। ਕਹਿੰਦੇ ਸਰਕਾਰੀ ਰਾਸ਼ਣ ਮਿਲ਼ ਰਿਹਾ ਏ। ਬਿਸ਼ਨੀ ਨੇ ਘਰਵਾਲ਼ੇ ਗੁਰਦੇਵ ਦੇ ਵਿਹੜੇ ਵੜਦਿਆਂ ਕਿਹਾ।

               ਜਾ ਆਊਂਗਾ। ਅਜੇ ਤਾਂ ਮੈਂ ਬਹੁਤ ਥੱਕ ਕੇ ਆਇਆਂ ਆਂ। ਕੁੱਛ ਖਾਣ ਨੂੰ ਲਿਆ ਤੂੰ, ਬਹੁਤ ਭੁੱਖ ਲੱਗੀ ਐ। ਗੁਰਦੇਵ ਨੇ ਮੰਜੇ ਤੇ ਬੈਠਦਿਆਂ ਕਿਹਾ।

                   ਵੇ ਖਾਣ ਨੂੰ ਕੁਛ ਨੀ ਹੈਗਾ ਘਰੇ। ਤਾਂ ਹੀ ਤਾਂ ਕਹਿੰਦੀ ਆਂ ਕਿ ਪਹਿਲਾਂ ਗੇੜਾ ਮਾਰ ਆ। ਫ਼ੇਰ ਡੀਪੂ ਆਲ਼ੇ ਨੇ ਕਹਿ ਦੇਣਾ ਕਿ ਰਾਸ਼ਣ ਖਤਮ ਹੋ ਗਿਆ। ਤੂੰ ਜਾਹ ਗੂਠਾ ਲਾ ਕੇ ਰਾਸ਼ਣ ਲੈ ਆ। ਬਿਸ਼ਨੀ ਨੇ ਫ਼ਿਕਰ ਨਾਲ਼ ਕਿਹਾ।

              ਓ ਅੱਛਾ ਭਾਈ! ਲਿਆ ਫੜਾ ਕਾਗਜ਼ ਪੱਤਰ। ਜਾ ਆਉਨਾ। ਤੂੰ ਕਿਹੜਾ ਟਿੱਕਣ ਦੇਣਾ।ਸਾਰਾ ਦਿਨ ਦਿਆੜੀ ਕਰਕੇ ਸਰੀਰ ਟੁੱਟਿਆ ਪਿਆ। ਉਤੋਂ ਪੈਸੇ ਨੀ ਮਿਲ਼ੇ। ਗੁਰਦੇਵ ਉੱਠ ਕੇ ਤੁਰਦਿਆਂ ਬੋਲਿਆ।

               ਵੇ ਕੀ ਕਰਾਂ? ਮੇਰੇ ਗੋਡੇ ਚੱਲਦੇ ਹੋਣ ਤਾਂ ਆਪੇ ਜਾ ਆਵਾਂ। ਬਿਸ਼ਨੀ ਨੇ ਗੁਰਦੇਵ ਨੂੰ ਜ਼ਰੂਰੀ ਕਾਗਜ਼ ਫੜਾਉਂਦਿਆਂ ਕਿਹਾ।

                ਗੁਰਦੇਵ ਬੁੜ- ਬੁੜ੍ਹ ਕਰਦਾ ਸਾਇਕਲ ਲੈ ਕੇ ਡੀਪੂ ਵੱਲ ਚੱਲ ਪਿਆ।

               ਲੈ ਪੁੱਤਰਾ, ਮੈਨੂੰ ਵੀ ਰਾਸ਼ਣ ਦਈਂ। ਸੁਣਿਆ ਰਾਸ਼ਣ ਆਇਆ ਸਰਕਾਰੀ। ਗੁਰਦੇਵ ਨੇ ਕਾਗਜ਼ ਡੀਪੂ ਵਾਲ਼ੇ ਨੂੰ ਫੜਾਉਂਦਿਆਂ ਕਿਹਾ।

                   ਰਾਸ਼ਨ ਤਾਂ ਆਇਆ ਸੀ ਬਾਪੂ ਜੀ, ਪਰ ਤੁਸੀਂ ਬੜੇ ਲੇਟ ਹੋ ਗਏ ਹੋ। ਹੁਣ ਤਾਂ ਰਾਸ਼ਨ ਖ਼ਤਮ ਹੋ ਗਿਆ। ਤੁਸੀਂ ਅਗਲੀ ਵਾਰ ਆਇਓ। ਡੀਪੂ ਵਾਲ਼ੇ ਨੇ ਕਿਹਾ।

                     ਨਾ ਨਾ ਪੁੱਤਰ, ਇੰਝ ਨਾ ਆਖ। ਸਾਡੇ ਘਰੇ ਤਾਂ ਕੁੱਛ ਖਾਣ ਨੂੰ ਹੈ ਨੀ ਅੱਜ, ਗੁਰਦੇਵ ਨੇ ਤਰਲਾ ਜਿਹਾ ਕੀਤਾ।

               ਬਾਪੂ ਜੀ, ਰਾਸ਼ਨ ਤਾਂ ਖ਼ਤਮ ਹੈ। ਪਰ ਮੈਂ ਤੁਹਾਨੂੰ ਆਪਣੇ ਕੋਲੋਂ ਦੇ ਦਿੰਦਾ ਹਾਂ ਜਿੰਨਾਂ ਹੋ ਸਕੇ। ਡੀਪੂ ਵਾਲ਼ੇ ਨੇ ਦਰਿਆਦਿਲੀ ਦਿਖਾਈ।

                  ਕੋਈ ਨਾ ਪੁੱਤਰਾ, ਗੁਜ਼ਾਰਾ ਚੱਲ ਜੂ। ਗੁਰਦੇਵ ਨੇ ਬੇਬਸੀ ਨਾਲ਼ ਕਿਹਾ।

                  ਆਹ ਲਓ,ਫ਼ੇਰ ਲਾਓ ਅੰਗੂਠਾ। ਡੀਪੂ ਵਾਲ਼ੇ ਨੇ ਮਸ਼ੀਨ ਅੱਗੇ ਕਰਦਿਆਂ ਕਿਹਾ।     ਗੁਰਦੇਵ ਨੇ ਅੰਗੂਠਾ ਲਗਾਇਆ ਤਾਂ ਡੀਪੂ ਵਾਲ਼ੇ ਨੇ 60 ਕਿੱਲੋ ਦੀ ਪਰਚੀ ਕੱਟ ਕੇ ਆਪਣੇ ਦਰਾਜ਼ ਵਿੱਚ ਰੱਖ ਲਈ ਤੇ ਬਾਪੂ ਨੂੰ 40 ਕੁ ਕਿੱਲੋ ਕਣਕ ਤੋਲ ਕੇ ਦੇ ਦਿੱਤੀ।

                ਜਿਉਂਦਾ ਰਹਿ ਪੁੱਤਰਾ, ਜੁੱਗ ਜੁੱਗ ਜੀਅ, ਜਵਾਨੀਆਂ ਮਾਣ...... ਅਸੀਸਾਂ ਦਿੰਦਾ ਬਾਪੂ ਚੱਕੀ ਵੱਲ ਤੁਰ ਪਿਆ।

             ਚੱਕੀ ਤੇ ਆ ਕੇ ਬਾਪੂ ਨੇ ਬੋਰੀ ਰੱਖੀ ਤੇ ਚੱਕੀ ਵਾਲ਼ੇ ਨੇ ਤੋਲ ਕੇ ਕਿਹਾ....

ਬਾਪੂ ਪੈਂਤੀ ਕਿੱਲੋ ਆ। ਪੀਹ ਦਿਆਂ।

              ਪੈਂਤੀ ਕਿੱਲੋ...? ਪਰ ਡੀਪੂ ਵਾਲ਼ੇ ਨੇ ਕੰਡੇ ਤੇ ਚਾਲ਼ੀ ਕਿੱਲੋ ਦਿਖਾਈ ਸੀ ਪੁੱਤਰਾ। ਬਾਪੂ ਨੇ ਸੋਚਦਿਆਂ ਕਿਹਾ।

              ਆਹ ਵੀ ਕੰਡੇ ਤੇ ਰੱਖੀ ਆ ਬਾਪੂ। ਤੇਰੇ ਸਾਹਮਣੇ ਆ। ਮੈਂ ਕਿਹੜਾ ਵਿੱਚੋਂ ਕੁੱਝ ਲੈਣਾ! ਚੱਕੀ ਵਾਲ਼ੇ ਨੇ ਕੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ।

                   ਠੀਕ ਐ ਭਾਈ, ਪੀਹ ਦੇ। ਘਰੇ ਤਾਂ ਆਟਾ ਨੀ ਹੈਗਾ। ਕਹਿ ਕੇ ਬਾਪੂ ਇੱਕ ਪਾਸੇ ਲੱਗੇ ਬੈਂਚ ਤੇ ਬੈਠ ਕੇ ਆਟਾ ਪਿੱਸਣ ਦੀ ਉਡੀਕ ਕਰਨ ਲੱਗਾ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059

ਅਸਲੀਅਤ ( ਮਿੰਨੀ ਕਹਾਣੀ  ) ✍️ ਪ੍ਰੋ. ਨਵ ਸੰਗੀਤ ਸਿੰਘ

ਕੁਝ ਵਰ੍ਹੇ ਪਹਿਲਾਂ ਗਰਮੀਆਂ ਵਿੱਚ ਪਰਿਵਾਰ ਨਾਲ ਇੱਕ ਠੰਢੇ ਰਾਜ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੋਂ ਦੇ ਲੋਕਾਂ ਦੀ ਆਓ-ਭਗਤ ਵੇਖ ਕੇ ਦਿਲ ਬਾਗ਼ੋ-ਬਾਗ਼ ਹੋ ਗਿਆ। ਅਸੀਂ ਜਿੱਥੇ ਵੀ ਜਾਂਦੇ, ਉੱਥੋਂ ਦੇ ਬਾਸ਼ਿੰਦੇ ਸਾਡੀ ਬਰਾਦਰੀ ਦੀ ਸ਼ਾਨ ਵਿੱਚ ਖ਼ੂਬ ਕਸੀਦੇ ਪੜ੍ਹਦੇ। ਅਸੀਂ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਏ। ਵਾਪਸ ਆਪਣੇ ਰਾਜ ਵਿੱਚ ਪਰਤਿਆ ਤਾਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਸ ਰਾਜ ਦੇ ਵਾਸੀਆਂ ਦੀ ਮਿਲਵਰਤਣ ਤੇ ਸਦਭਾਵਨਾ ਬਾਰੇ ਢੇਰ ਸਾਰੀਆਂ ਗੱਲਾਂ ਦੱਸੀਆਂ। ਇੱਕ ਦਿਨ ਇਵੇਂ ਹੀ ਕੁਝ ਦੋਸਤਾਂ ਨਾਲ ਉਸ ਵਿਸ਼ੇਸ਼ ਰਾਜ ਬਾਰੇ ਗੱਲਾਂ ਕਰਦਿਆਂ ਮੈਂ ਫੇਰ ਉੱਥੋਂ ਦੇ ਲੋਕਾਂ ਦੀਆਂ ਸਿਫ਼ਤਾਂ ਕੀਤੀਆਂ ਤਾਂ ਨਾਲ ਬੈਠੇ ਗੁਰਪ੍ਰੀਤ ਨੇ ਵਿਅੰਗਾਤਮਕ ਹਾਸਾ ਹੱਸਦਿਆਂ ਕਿਹਾ, "ਤੁਹਾਡਾ ਵਹਿਮ ਹੀ ਹੈ ਪ੍ਰੋਫ਼ੈਸਰ ਸਾਬ! ਅਸਲ ਵਿੱਚ ਉਹ ਸਾਰੇ ਹੀ ਟੂਰਿਸਟਾਂ ਦੀ ਕਦਰ ਕਰਦੇ ਹਨ ਤੇ ਉਹ ਵੀ ਇਸਲਈ ਕਿ ਉਨ੍ਹਾਂ ਦੀ ਆਰਥਿਕਤਾ ਸੈਲਾਨੀਆਂ ਤੇ ਹੀ ਨਿਰਭਰ ਹੈ।" ਮੇਰੇ ਵੱਲੋਂ ਹੋਰ ਪੁੱਛਣ ਤੇ ਉਹਨੇ ਦੱਸਿਆ ਕਿ "ਮੈਨੂੰ ਪੰਜ-ਛੇ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਹੈ ਤੇ ਮੈਂ ਉਨ੍ਹਾਂ ਨੂੰ ਨੇੜੇ ਤੋਂ ਵੇਖਿਐ। ਉਹ ਹਰ ਯਾਤਰੀ ਨੂੰ ਗਲਵੱਕੜੀ 'ਚ ਲੈਂਦੇ ਨੇ ਤੇ ਪਿੱਛੋਂ ਜਦੋਂ ਹੋਰ ਫਿਰਕੇ ਦੇ ਬੰਦੇ ਨੂੰ ਮਿਲਦੇ ਨੇ ਤਾਂ ਪਹਿਲਾਂ ਮਿਲੇ ਵਿਅਕਤੀ ਦੀ ਛੋਹ ਨੂੰ ਕੱਪੜਿਆਂ ਤੋਂ ਝਾੜਦੇ ਹੋਏ ਅਗਲੇ ਨਾਲ ਬਗਲਗੀਰ ਹੋ ਜਾਂਦੇ ਨੇ...।" ਹੁਣ ਮੈਂ ਦੁਬਿਧਾ ਵਿੱਚ ਸਾਂ, ਅਸਲੀਅਤ ਜਾਣਨ ਪਿੱਛੋਂ...।

ਪ੍ਰੋ. ਨਵ ਸੰਗੀਤ ਸਿੰਘ 

 ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015.

ਧਰਨਾ ਪ੍ਰਦਰਸ਼ਨ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਧਰਨਾ ਪ੍ਰਦਰਸ਼ਨ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਮੁੱਖ ਸਰੋਤ ਬਣਿਆ ਚੁੱਕਿਆ ਹੈ, ਹੱਕਾ ਲਈ ਆਵਾਜ਼ ਬੁਲੰਦ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਚੁੱਪ ਰਹਿਣਾ ਕਾਇਰਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਤੇ ਚੁੱਪ ਰਹਿ ਕੇ ਜ਼ੁਲਮ ਦੇ ਖਿਲਾਫ਼ ਜੰਗ ਵੀ ਨਹੀਂ ਜਿੱਤੀ ਜਾ ਸਕਦੀ, ਸੰਘਰਸ਼ ਕਰਨ ਨਾਲ ਹੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ.....

     ਥੋੜਾ ਸਮਾਂ ਪਿੱਛੇ ਝਾਤੀ ਮਾਰੀਏ ਤਾਂ ਸਾਡੇ ਦੇਸ਼ ਵਿੱਚ ਸਰਕਾਰ ਵੱਲੋਂ ਕਿਸਾਨਾਂ ਤੇ ਲਗਾਏ ਕਾਲ਼ੇ ਕਾਨੂੰਨਾਂ ਦੇ ਵਿਰੋਧ ਵਿੱਚ ਅੰਨਦਾਤਾ ਵੱਲੋਂ ਸੰਘਰਸ਼ਮਈ ਰਸਤਾ ਅਖ਼ਤਿਆਰ ਕੀਤਾ ਗਿਆ ਸੀ, ਹੋਲ਼ੀ ਹੋਲ਼ੀ ਇਸ ਕਿਸਾਨੀ ਸੰਘਰਸ਼ ਵੱਲ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਜੁੜਦੀਆਂ ਚਲੀਆਂ ਗਈਆਂ ਸਨ, ਦੇਸ਼ ਵਿੱਚ ਸਰਕਾਰ ਦੇ ਵਿਰੋਧ ਹੋ ਰਹੇ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਵਿਦੇਸ਼ ਦੇ ਉਹ ਭਾਰਤੀ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਨਾਲ਼ ਜੁੜਦੇ ਚਲੇ ਗਏ ਸਨ ਜਿਹਨਾਂ ਨੂੰ ਸਰਕਾਰ ਵੱਲੋਂ ਕਿਸਾਨਾਂ ਤੇ ਥਾਪੇ ਕਾਲ਼ੇ ਕਾਨੂੰਨ ਗ਼ਲਤ ਲੱਗੇ, ਵਕੀਲਾਂ ਦੇ ਵਫ਼ਦ ਵੀ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨ ਲਈ ਅੱਗੇ ਆਏ ਸਨ... ਇੱਕ ਚੰਗੀ ਵਿਉਂਤ ਬੰਧੀ ਸਦਕਾ ਅਖੀਰ ਵਿੱਚ ਸਰਕਾਰ ਨੇ ਕਿਸਾਨਾਂ ਨਾਲ਼ ਆਪਣੀ ਸਹਿਮਤੀ ਜਤਾਈ ਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਸੀ....

    ਇਹ ਤਾਂ ਸੀ ਇੱਕ ਸ਼ਾਂਤਮਈ ਢੰਗ ਨਾਲ ਲਗਾਇਆ ਉਹ ਧਰਨਾ ਜਿਸਨੂੰ ਦੁਨੀਆਂ ਨੇ ਸਲਾਹਿਆ.... 

     ਪਰ ਜਦੋਂ ਬਿਨਾਂ ਕਿਸੇ ਸੁੱਚਜੀ ਵਿਉਂਤ ਦੇ ਕੋਈ ਧਰਨਾ ਪ੍ਰਦਰਸ਼ਨ ਵਿੱਢਿਆ ਜਾਂਦਾ ਹੈ ਤਾਂ ਉਸ ਨਾਲ ਸਰਕਾਰੀ ਤੰਤਰ ਦੇ ਨਾਲ ਨਾਲ ਆਮ ਜਨ ਜੀਵਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ.... ਦੇਸ਼ ਨੂੰ ਇਸ ਦੀ ਕੀਮਤ ਨੁਕਸਾਨ ਵਜੋਂ ਚੁਕਾਉਣੀ ਪੈਂਦੀ ਹੈ ਤੇ ਇਹ ਨੁਕਸਾਨ, ਜਾਨ ਮਾਲ ਤੋਂ ਲੈਕੇ ਵਿਦੇਸ਼ੀ ਤਾਕਤਾਂ ਦੇ ਹਾਵੀ ਹੋਣ ਦੇ ਰੂਪ ਵਿੱਚ ਹੁੰਦਾ ਹੈ....

   ਅਜੌਕੇ ਸਮੇਂ ਵਿੱਚ ਧਰਨਾ ਪ੍ਰਦਰਸ਼ਨ ਆਮ ਗੱਲ ਹੋ ਕੇ ਰਹਿ ਗਈ ਹੈ.... ਧਰਨੇ ਦੀ ਆੜ ਵਿੱਚ ਕੁੱਝ ਸ਼ਰਾਰਤੀ ਅਨਸਰ ਵੀ ਆ ਰਲਦੇ ਹਨ ਤੇ ਫਿਰਕੂ ਵਾਦ ਨੂੰ ਫੈਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ.... ਇਸਦੇ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਸਲ ਮੁੱਦੇ ਤੋਂ ਭਟਕ ਕੇ ਇੱਕ ਨਵਾਂ ਵਿਵਾਦ ਜਨਮ ਲੈ ਲੈਂਦਾ ਹੈ....

   ਜਦੋਂ ਕਿ ਧਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਲਗਾਇਆ ਜਾ ਸਕਦਾ ਹੈ.. ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆਂ... ਜਦੋਂ ਇੱਕ ਵਾਜਿਬ ਮੰਗ ਨੂੰ ਲੈਕੇ ਲਗਾਇਆ ਗਿਆ ਸ਼ਾਂਤਮਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਉਸ ਧਰਨਾ ਪ੍ਰਦਰਸ਼ਨ ਦੇ ਕਾਮਯਾਬ ਹੋਣ ਦੇ ਆਂਕੜੇ ਵੱਧ ਹੋ ਜਾਂਦੇ ਹਨ, ਅਜਿਹੇ ਧਰਨਾ ਪ੍ਰਦਰਸ਼ਨ ਵਿੱਚ ਸਰਕਾਰ ਅਤੇ ਮੰਗ ਕਰਨ ਵਾਲੇ ਦੋਹਾਂ ਧਿਰਾਂ ਦੇ ਨਾਲ਼ ਨਾਲ਼ ਦੇਸ਼ ਦੇ ਹਰ ਇੱਕ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਮਨਾਂ ਵਿੱਚ ਪਿਆਰ ਵੱਧਦਾ ਹੈ...

 ਸੋ ਸਹੀ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤੀ ਮੰਗ ਤੋਂ ਸਰਕਾਰ ਮੁਨੱਕਰ ਨਹੀਂ ਹੋ ਸਕਦੀ ਤੇ ਇੱਕ ਨਾ ਇੱਕ ਦਿਨ ਸਰਕਾਰ ਨੂੰ ਆਮ ਲੋਕਾਂ ਦੇ ਹਿੱਤ ਲਈ ਝੁੱਕਣਾ ਹੀ ਪੈਂਦਾ ਹੈ।

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਤੁਸੀਂ ਤਾਂ ਮੰਗਤੇ ਹੋ ਜੀ ✍️ ਸੁਖਵਿੰਦਰ ਕੌਰ ਫਰੀਦਕੋਟ

ਸਾਲਾਨਾ ਪੇਪਰ ਨੇੜੇ ਹੋਣ ਕਾਰਨ, ਅੰਗਰੇਜੀ ਤੇ ਸਮਾਜਿਕ ਔਖੇ ਮੰਨੇ ਜਾਂਦੇ ਵਿਸ਼ਿਆਂ ਦਾ ਰਿਜਲਟ ਵਧੀਆ ਆਵੇ। ਇਸ ਤੋਂ ਪਹਿਲਾ ਨੈਸ ਪ੍ਰੀਖਿਆ ਦਾ ਡਰ, ਵਿਦਿਆਰਥੀਆਂ ਦੇ ਆਪਣੇ ਪੀਰੀਅਡ ਤੋਂ ਇਲਾਵਾ, ਐਡਜਸਟਮੈਂਟ ਵੀ ਬੋਰਡ ਦੀਆਂ ਕਲਾਸਾਂ ਵਿੱਚ ਕਰਵਾਉਣੀ। ਕਈ ਵਾਰ ਕੰਪਿਊਟਰ ਜਾਂ ਆਰਟ ਐਂਡ ਕਰਾਫਟ ਦਾ ਪੀਰੀਅਡ ਵੀ ਮੰਗ ਕੇ ਲਾਉਣਾ ਕਿ ਵਿਦਿਆਰਥੀ ਪਾਸ ਹੋ ਜਾਣ। ਕਈ ਵਾਰ ਅਜਿਹਾ ਕਰਦਿਆ ਮੈਥ, ਸਾਇੰਸ ਵਰਗੇ ਔਖੇ ਵਿਸ਼ਿਆਂ ਵਾਲੇ ਅਧਿਆਪਕਾਂ ਨਾਲ ਵੀ ਤਕਰਾਰ ਹੋ ਜਾਣਾ ਕਿ ਬੋਰਡ ਦੀ ਕਲਾਸ ਵਿੱਚ ਅਸੀਂ ਪੀਰੀਅਡ ਲਾਉਣਾ ਹੈ। ਕਈ ਵਾਰ ਵਿਦਿਆਰਥੀ ਅਧਿਆਪਕਾਂ ਦੇ ਅਜਿਹੇ ਵਰਤਾਰੇ ਦਾ ਅਨੰਦ ਵੀ ਮਾਣਦੇ ਹਨ, ਜਦੋਂ ਅਧਿਆਪਕ ਪੀਰੀਅਡ ਲੈਣ ਲਈ ਆਪਸੀ ਬਹਿਸ ਕਰਦੇ ਹਨ, ਕਦੇ ਜਿਆਦਾ ਪੀਰੀਅਡ, ਲਾਉਣ ਵਾਲੇ ਤੋਂ ਅਕੇਵਾ ਮਹਿਸੂਸ ਵੀ ਕਰਦੇ ਹਨ। ਪਰ ਜਦੋਂ ਪੇਪਰ ਦੇ ਕੇ ਬਾਹਰ ਆਉਂਦੇ ਹਨ, ਸਾਰਾ ਪੇਪਰ ਆਉਂਦਾ ਹੋਣ ਕਾਰਨ ਜੋ ਖੁਸ਼ੀ, ਉਤਸ਼ਾਹ ਖੇੜਾ ਉਹਨਾਂ ਦੇ ਮੂੰਹ ਤੇ ਹੁੰਦਾ ਹੈ, ਉਹ ਬਿਆਨ ਕਰਨੋ ਬਾਹਰ ਹੁੰਦਾ ਹੈ। ਪੇਪਰ ਵਿੱਚੋਂ ਬਾਹਰ ਆ ਕੇ ਉਹ ਕਹਿਣਗੇ ਮੈਡਮ ਇਹ ਤੁਸੀਂ ਜਿੰਨ੍ਹਾ ਪੜਾਇਆ ਸੀ, ਉਹ ਪੇਪਰ ਵਿੱਚ ਆ ਗਿਆ ਜੀ, ਪੇਪਰ ਤਾਂ ਬੜਾ ਸਿਰਾ ਹੋਇਆ ਜੀ, ਇਹੋ ਉਤਸ਼ਾਹ ਦੇਖਣ ਲਈ ਔਖੇ ਹੋ ਕੇ ਪੀਰੀਅਡ ਲਾਉਂਦੇ ਹਾਂ ਤੇ ਵਿਦਿਆਰਥੀਆਂ ਨੂੰ ਵੀ ਸਖਤੀ ਕਰਕੇ ਔਖੇ ਕਰਦੇ ਹਾਂ। ਇੱਕ ਦਿਨ ਜਦੋਂ ਤੀਜੀ ਵਾਰ ਖੇਡਾਂ ਦਾ ਪੀਰੀਅਡ ਮੰਗ ਕੇ ਅੱਠਵੀਂ ਜਮਾਤ ਨੂੰ ਪੜਾਉਣ ਦੀ ਕੋਸ਼ਿਸ ਕੀਤੀ ਤਾਂ ਇੱਕ ਵਿਦਿਆਰਥੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਤਾਂ ਮੰਗਤੇ ਨੇ ਸਾਰਾ ਦਿਨ ਪੀਰੀਅਡ ਮੰਗਦੇ ਰਹਿੰਦੇ ਨੇ ਅਸੀਂ ਖੇਡਣਾ ਸੀ, ਮੈਨੂੰ ਤਾਂ ਉਸ ਦੀ ਬਹੁਤੀ ਸਮਝ ਨਾ ਆਈ ਪਰ ਨਾਲ ਬੈਠੇ ਵਿਦਿਆਰਥੀ ਨੇ ਆਗਿਆਕਾਰ ਕਹਾਉਣ ਲਈ ਮੇਰੇ ਕੋਲ ਸ਼ਿਕਾਇਤ ਲਾਈ ਮੈਡਮ ਜੀ, ਇਹ ਥੋਨੂੰ ਮੰਗਤਾ ਕਹਿੰਦਾ ਜੀ। ਮੈਂ ਕਿਹਾ ਕੀ “ ਮੰਗਤਾ ” । ਮੈਂ ਕਿਹਾ ਕਿਉਂ ਬੇਟੇ ਕੀ ਗੱਲ ਹੈ? ਕੀ ਕਹਿੰਦਾ ਐ || ਉਸ ਨੇ ਮਾਸੂਮੀਅਤ ਨਾਲ ਨੀਵੀਂ ਪਾ ਕੇ ਡਰਦਿਆਂ ਕਿਹਾ ਮੈਡਮ ਜੀ ਮੈ ਕੱਲਾ ਥੋੜਾ ਕਹਿੰਦਾ ਸਾਰੀ ਜਮਾਤ ਹੀ ਕਹਿੰਦੀ ਐ || ਕੀ ਕਹਿੰਦੀ ਐ, ਮੈਡਮ ਦਸਵੀਂ ਵਾਲੇ ਵੀ ਕਹਿੰਦੇ ਐ, ਕੀ ਕਹਿੰਦੇ ਐ? ਮੰਗਤੇ ਜੀ, ਮੰਗਤੇ ਤਾਂ ਸਾਰੀ ਕਲਾਸ ਇੱਕ ਦਮ ਬੋਲਣ ਲੱਗੀ, ਤੁਸੀਂ ਸਾਰਾ ਦਿਨ ਪੀਰੀਅਡ ਮੰਗ-ਮੰਗ ਕੇ ਲਾਉਂਦੇ ਹੋ ਨਾ, ਇਸੇ ਕਰਕੇ ਥੋਨੂੰ ਬੱਚੇ ਪੀਰੀਅਡ ਦੇ ਮੰਗਤੇ ਕਹਿੰਦੇ ਹਨ। ਬੱਚਿਆ ਮੂੰਹੋ ਅਜਿਹੇ ਸ਼ਬਦ ਸੁਣ ਕੇ ਗੁੱਸਾ ਵੀ ਆਇਆ ਤੇ ਹਾਸਾ ਵੀ। ਮੈਂ ਦੋਨੋ ਹੱਥ ਉਨ੍ਹਾਂ ਵੱਲ ਕਰਕੇ ਅਸ਼ੀਰਵਾਦ ਦਿੱਤਾ ਰੱਬ ਥੋਨੂੰ ਵੀ ਮੇਰੇ ਵਾਂਗੂ ਮੰਗਤਾ ਬਣਾਣੇ। ਸਾਰੀ ਜਮਾਤ ਹੱਸਣ ਲੱਗੀ ਤੇ ਇੱਕ ਵਿਦਿਆਰਥੀ ਬੋਲਿਆ ਅਸੀਂ ਤਾਂ ਖਿਡਾਇਆ ਵੀ ਕਰਾਂਗੇ ਤੇ ਪੜਾਇਆ ਵੀ ਕਰਾਂਗੇ। ਉਹਨਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਦੇਖ ਕੇ ਮੈਂ ਕਿਹਾ ਚੱਲੋ ਅੱਜ ਆਪਾ ਖੇਡਦੇ ਹਾ ਸਾਰੇ ਬੱਚੇ ਹੋ-ਹੋ-ਹੋ ਕਰਦੇ ਖੁਸ਼ੀ ਨਾਲ ਗਰਾਉਂਡ ਵੱਲ ਦੋੜੇ ਪੂਰਾ ਪੀਰੀਅਡ ਖੇਡ ਕੇ ਵਿਦਿਆਰਥੀ ਧੰਨਵਾਦ ਕਰਦੇ ਹੋਏ ਕਹਿਣ ਲੱਗੇ ਅਸੀਂ ਘਰੋਂ ਤੁਹਾਡਾ ਦਿੱਤਾ ਕੰਮ ਯਾਦ ਕਰਕੇ ਆਵਾਂਗੇ ਜੀ, ਤੁਸੀਂ ਸਾਨੂੰ ਥੋੜਾ ਖਿਡਾਇਆ ਕਰੋ। ਉਹਨਾਂ ਨੂੰ ਖੇਡਦਿਆਂ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ। ਜਿਹੜੇ ਅੱਧੀ ਛੁੱਟੀ ਬਾਅਦ ਕਲਾਸ ਵਿੱਚੋਂ ਭੱਜ ਜਾਂਦੇ ਸਨ, ਉਹਨਾਂ ਆ ਕੇ ਕਿਹਾ ਜੇਕਰ ਰੋਜ ਖਿਡਾਉਣ ਲੱਗਗੇ ਫੇਰ ਨਹੀਂ ਜੀ ਭੱਜਦੇ। ਪੜ੍ਹ-ਪੜ੍ਹ ਕੇ ਅੱਕ ਜਾਂਦੇ ਤਾਂ ਭੱਜਣ ਨੂੰ ਜੀ ਕਰਦਾ। ਰੋਜ ਭੱਜਣ ਵਾਲੇ ਖੇਡਾਂ ਵਿੱਚ ਬੜੀਆ ਮੱਲਾ ਮਾਰਨ ਲੱਗੇ। ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਕਿੰਨ੍ਹੀ ਲੋੜ ਹੈ। ਜੇਕਰ ਸਕੂਲਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਖੇਡਾਂ ਤੇ ਹੋ ਝੂਲੇ ਪੀਘਾਂ ਦਿਲ ਖਿੱਚਣੀਆਂ ਕਿਰਿਆਵਾਂ ਹੁੰਦੀਆਂ ਰਹਿਣਗੀਆਂ ਤਾਂ ਵਿਦਿਆਰਥੀ ਕਦੇ ਅਕੇਵਾਂ ਮਹਿਸੂਸ ਨਹੀਂ ਕਰਨਗੇ। ਮੈਨੂੰ ਆਪਣਾ ਬੇਟਾ ਯਾਦ ਆਇਆ ਜਦੋਂ ਉਹਨਾਂ ਦਾ ਖੇਡਾਂ ਵਾਲਾ ਪੀਰੀਅਡ ਕੋਈ ਹੋਰ ਅਧਿਆਪਕ ਲੈ ਕੇ ਪੜਾਉਣ ਲੱਗ ਜਾਂਦਾ ਸੀ। ਘਰ ਆ ਕੇ ਉਹ ਗੁੱਸੇ ਹੁੰਦਾ ਤੇ ਕਦੀ ਰੋਣ ਲੱਗ ਜਾਂਦਾ ਸਾਨੂੰ ਮੈਡਮ ਨੇ ਖੇਡਣ ਕਿਉਂ ਨਹੀਂ ਦਿੱਤਾ। ਮੈਂ ਉਸਨੂੰ ਪਿਆਰ ਨਾਲ ਸਮਝਾਉਣਾ ਜਿਵੇਂ ਤੁਹਾਡਾ ਖੇਡਣ ਨੂੰ ਦਿਲ ਕਰਦਾ ਹੈ ਅਧਿਆਪਕ ਦਾ ਵੀ ਦਿਲ ਕਰਦਾ ਹੈ ਕਿ ਵਿਹਲਾ ਬੈਠ ਕੇ ਆਰਾਮ ਕਰੇ, ਸਾਥੀ ਆਧਿਆਪਕਾਂ ਨਾਲ ਗੱਲਾਂ ਕਰੇ ਜਾਂ ਸਕੂਲ ਦੇ ਹੋਰ ਕੰਮ ਜੋ ਘਰ ਜਾ ਕਰਦਾ ਹੈ ਜਿਵੇਂ ਪੇਪਰ ਚੈਕ ਕਰਨੇ ਡਾਇਰੀ ਲਿਖਣੀ, ਕਿਤਾਬਾਂ ਪੜਨੀਆਂ ਆਦਿ। ਪਰ ਉਹ ਤੁਹਨੂੰ ਪਹਿਲ ਦੇ ਰਿਹਾ ਹੈ ਕਿ ਮੇਰੇ ਵਿਦਿਆਰਥੀ ਪੜ੍ਹ ਜਾਣ, ਕਿਤੇ ਫੇਲ ਨਾ ਹੋ ਜਾਣ। ਉਨ੍ਹਾਂ ਦਾ ਦਿਲੋਂ ਧੰਨਵਾਦ ਕਰਿਆ ਕਰੋ ਤੇ ਗੁੱਸਾ ਨਾ ਕਰਿਆ ਕਰੋ।    ਸੁਖਵਿੰਦਰ ਕੌਰ ਫਰੀਦਕੋਟ

ਪ੍ਰੀਖਿਆਵਾਂ ਦੇ ਮੱਦੇਨਜ਼ਰ - ਬੇਬੇ- ਬਾਪੂ ਦੀ ਸੋਚ (ਹੱਡ-ਬੀਤੀਆਂ) ✍️ ਰਣਬੀਰ ਸਿੰਘ ਪ੍ਰਿੰਸ

ਗੱਲ 1995 ਦੀ ਹੈ ਜਦੋਂ ਦਸਵੀਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਵਾਲ਼ੀ ਸੀ। ਘਰ ਸੁਭਾਵਿਕ ਹੀ ਗੱਲ ਚੱਲ ਪਈ ਕਿ ਪੇਪਰਾਂ ਦੀ ਤਿਆਰੀ ਕਿਵੇਂ ਹੈ, ਮੈਂ ਕਿਹਾ ਕਿ ਠੀਕ ਹੈ। ਕਹਿੰਦੇ ਪਾਸ- ਪੂਸ ਹੋ ਜਾਵੇਗਾ ਜਾ ਕਿਸੇ ਨੂੰ ਕਹੀਏ। ਮੈਂ ਕਿਹਾ ਹੋ ਜਾਵਾਂਗਾ।ਪਰ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਕਿ ਬੱਚੇ ਪੜ੍ਹ ਜਾਣ ਉਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਜਿਹਾ ਨਾ ਹੋਇਆ। ਮਾਪੇ ਮੇਰੇ ਭਾਵੇਂ ਕੋਰੇ ਅਨਪੜ੍ਹ ਸਨ ਪਰ ਸੋਚ ਪੱਖੋਂ ਕਿਸੇ ਜੱਜ ਵਕੀਲ ਤੋਂ ਘੱਟ ਨਹੀਂ ਸਨ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਬੀਬੀ (ਮਾਂ) ਨੇ ਸਕੂਲੋਂ ਆਉਂਦਿਆਂ ਹੀ ਬਸਤਾ ਚੈੱਕ ਕਰਨਾ।ਕੈਦਾ ਸੁਣਨਾ ਮੇਰਾ ਕੰਮ ਦੇਖਣਾ ਉਸ ਦੀ ਰੁਟੀਨ ਸੀ।ਪਾਪਾ ਦੀ ਸੋਚ ਵੀ ਸਿੱਖਿਆ ਪ੍ਰਤੀ ਇਹੋ ਸੀ।ਪਾਪਾ ਜੀ ਅੱਜ ਕੱਲ੍ਹ ਭਾਵੇਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦੀ ਸੋਚ ਦੀ ਲੋਕ ਅੱਜ ਵੀ ਪ੍ਰਸੰਸਾ ਕਰਦੇ ਹਨ, ਕਿ ਔਖ਼ੇ ਵੇਲਿਆਂ ਵਿੱਚ ਵੀ ਸਾਰੇ ਬੱਚਿਆਂ ਨੂੰ ਕਿੰਨਾ ਸੋਹਣਾ ਪੜ੍ਹਾ ਗਿਆ। ਉਨ੍ਹਾਂ ਅਗਲੇ ਦਿਨ ਸ਼ਾਮੀ ਫੇਰ ਆ ਕੇ ਮੈਨੂੰ ਉਹੀ ਗੱਲ ਦੁਹਰਾਈ ਕਿ ਡਿਊਟੀ ਵਾਲ਼ੇ ਅਧਿਆਪਕ ਪਤਾ ਕਰ ਕਿ ਕੌਣ ਹਨ। ਅਸੀਂ ਕਹਿ ਦਿਆਂਗੇ। ਜਦੋਂ ਉਹ ਵਾਰ-ਵਾਰ ਮੈਨੂੰ ਕਹਿਣ ਲੱਗੇ ਤਾਂ ਮੈਂ ਇੱਕ ਹੀ ਗੱਲ ਕਹੀ ਕਿ ਪਾਪਾ ਮੈਂ ਆਪਣੀ ਮਿਹਨਤ ਦੇ ਸਿਰ ਤੇ ਪਾਸ ਹੋਵਾਂਗਾ। ਤੁਹਾਨੂੰ ਕਿਸੇ ਦੇ ਮਿੰਨਤਾਂ ਤਰਲੇ ਨਹੀਂ ਕਰਨ ਦਿਆਂਗਾ ਮੇਰੀ ਖ਼ਾਤਰ।ਜੇ ਮੇਰੀ ਸਿੱਖਿਆ ਕਰਕੇ ਤੁਹਾਡਾ ਸਿਰ ਕਿਸੇ ਅੱਗੇ ਸਿਫ਼ਾਰਸ਼ ਲਈ ਹੀ ਝੁਕ ਗਿਆ ਤਾਂ ਫੇਰ ਮੈਂ ਫੇਲ੍ਹ ਹੀ ਠੀਕ ਹਾਂ। ਅਜਿਹੀ ਸਿੱਖਿਆ ਦਾ ਕੀ ਫ਼ਾਇਦਾ।ਤਾਂ ਉਹ ਚੁੱਪ ਕਰ ਗਏ ਤੇ ਪੇਪਰਾਂ ਤੋਂ ਬਾਅਦ ਜਦੋਂ ਮੇਰਾ ਨਤੀਜਾ ਆਇਆ ਤਾਂ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਤੇ ਘਰ ਬੜਾ ਖ਼ੁਸ਼ੀ ਦਾ ਮਾਹੌਲ ਬੱਝਿਆ। ਬਾਪੂ ਕਹਿੰਦਾ ਦੱਸ ਪੁੱਤਰਾ ਆਪਣੀ ਹੈਸੀਅਤ ਮੁਤਾਬਿਕ ਕੀ ਦੇ ਸਕਦਾਂ। ਮੈਂ ਕਿਹਾ ਪਾਪਾ ਜੀ ਮੈਨੂੰ ਬੱਸ ਸਮਾਂ ਦੇ ਦਿਓ ਜਿੰਨਾ ਵੀ ਪੜ੍ਹ ਸਕਾਂ।ਤੇ ਅੱਜ ਬਾਪੂ ਦੇ ਦਿੱਤੇ ਉਸ ਸਮੇਂ ਤੇ ਸੋਚ ਦੀ ਬਦੌਲਤ ਇੱਕ ਅਧਿਆਪਕ ਦੇ ਪੇਸ਼ੇ ਵਜੋਂ ਸੇਵਾ ਨਿਭਾਅ ਰਿਹਾ ਹਾਂ। ਬੇਬੇ ਬਾਪੂ ਦੀ ਸੋਚ ਦੀ ਖੱਟੀ ਖਾ ਰਿਹਾ ਹਾਂ। ਬੱਚਿਆਂ ਨੂੰ ਮਿਹਨਤ ਤੇ ਲਗਨ ਨਾਲ਼ ਪੜ੍ਹਾ ਰਿਹਾ ਹਾਂ। ਜਦੋਂ ਵੀ ਕੋਈ ਪੜ੍ਹਾਇਆ ਬੱਚਾ ਆਪਣੇ ਪੈਰਾਂ ਸਿਰ ਹੋ ਕੇ ਮਿਲ਼ਦਾ ਲੱਗਦਾ ਜਿਵੇਂ ਬਾਪੂ ਦੀ ਸੋਚ ਨੂੰ ਹੋਰ ਉੱਚਾ ਕਰ ਦਿੱਤਾ।

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

ਦੁੱਖੀ ਹੋਣ ਦੇ ਕਾਰਨ ✍️ ਪਰਵੀਨ ਕੌਰ ਸਿੱਧੂ

ਜ਼ਿੰਦਗੀ ਵਿਚ ਵਿਚਰਦਿਆਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ, ਦੋਸਤ, ਜਾਂ ਰਿਸ਼ਤੇਦਾਰ ਤੁਹਾਨੂੰ ਬੇਧਿਆਨ ਕਰ ਰਿਹਾ ਹੈ, ਤਾਂ ਉਸ ਕੋਲੋਂ ਥੋੜੀ ਦੂਰੀ ਬਣਾ ਲਉ। ਸਮਾਂ ਲੰਘਣ 'ਤੇ ਜੇਕਰ ਇਹੀ ਵਤੀਰਾ ਜਾਰੀ ਰਹਿੰਦਾ ਹੈ ਤਾਂ ਬਿਨਾਂ ਕੁਝ ਕਹੇ ਆਪਣੀ ਜ਼ਿੰਦਗੀ ਦੀ ਤੋਰ ਵਿਚ ਮਸਤ ਹੋ ਜਾਉ।

ਤੁਹਾਨੂੰ ਹਰ ਕੋਈ ਪਸੰਦ ਨਹੀਂ ਕਰ ਸਕਦਾ ਅਤੇ ਹਰ ਇੱਕ ਨਫ਼ਰਤ ਨਹੀਂ ਕਰਦਾ। ਕਈਆਂ ਦਾ ਸੁਭਾਅ ਹੀ ਹੁੰਦਾ ਹੈ ਕਿ ਹਰ ਇੱਕ ਦੀ ਸਿਫਤ ਕਰੀ ਜਾਣਾ। ਕਈ ਗੁਣ ਨਾ ਹੋਣ ਦੇ ਬਾਵਜੂਦ ਵੀ ਅਗਲਾ ਜੇਕਰ ਤੁਹਾਡੀ ਝੂਠੀ ਤਾਰੀਫ਼ ਕਰ ਰਿਹਾ ਹੈ ਤਾਂ ਸਤਰਕ ਹੋ ਜਾਉ। ਤੁਹਾਨੂੰ ਆਪਣੀਆਂ ਕਮੀਆਂ ਅਤੇ ਗੁਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਪਣੇ ਬਾਰੇ ਸਹੀ ਰਾਇ ਰੱਖਣ ਵਾਲੇ ਲੋਕਾਂ ਬਾਰੇ ਜਾਣ ਸਕਦੇ ਹੋ।

ਅਸੀਂ ਬਹੁਤੇ ਦੁੱਖੀ ਆਪਣੇ ਆਪ ਕਰਕੇ ਹੀ ਹੁੰਦੇ ਹਾਂ। ਆਪਣੀ ਲੋੜ ਤੋਂ ਜ਼ਿਆਦੀਆਂ ਪਾਲੀਆਂ ਖਾਹਿਸ਼ਾਂ ਕਰਕੇ। ਕਈ ਵਾਰ ਅਸੀਂ ਕਿਸੇ ਦਾ ਬਹੁਤ ਤੇਹ ਕਰਦੇ ਹਾਂ,ਪਰ ਅਗਲਾ ਸਾਡੇ ਨਾਲ ਉਨਾਂ ਨਹੀਂ ਕਰਦਾ ਜਿਨਾਂ ਅਸੀਂ ਅਗਲੇ ਦਾ ਕਰਦੇ ਹਾਂ। ਇਹੀ ਕਾਰਨ ਹੁੰਦਾ ਹੈ ਕਿ ਅਸੀਂ ਦੁੱਖੀ ਹੁੰਦੇ ਹਾਂ। ਸੋਚਿਆਂ ਜਾਵੇ ਤਾਂ ਪਿਆਰ ਜ਼ਿਆਦਾਤਰ ਇੱਕ ਤਰਫ਼ਾ ਹੀ ਹੁੰਦਾ ਹੈ। 

ਕਿਸੇ ਨਾਲ ਅਸੀਂ ਦਿਲੋਂ ਕਰਦੇ ਹਾਂ, ਜ਼ਰੂਰੀ ਨਹੀ ਅਗਲਾ ਵੀ ਸਾਡੇ ਨਾਲ ਦਿਲੋਂ ਹੀ ਕਰੇ, ਇਹ ਅਗਲੇ ਦੀ ਨਿੱਜੀ ਜ਼ਿੰਦਗੀ ਦਾ ਸਵਾਲ ਹੈ। ਕੋਈ ਕਿਸੇ ਨੂੰ ਬੰਦਿਸ਼ ਨਹੀਂ ਲਗਾ ਸਕਦਾ। ਪਿਆਰ ਅਤੇ ਆਪਣੇਪਨ ਵਿਚ ਸੌਦੇਬਾਜ਼ੀ ਨਹੀਂ ਚਲਦੀ ਹੈ। ਇਹ ਤੁਹਾਡੇ ਮਨ ਅਤੇ ਦਿਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸੇ ਨੂੰ ਕਿੰਨਾ ਚਾਹੁੰਦੇ ਹੋ?

ਹਰ ਮਨੁੱਖ ਦਾ ਸੁਭਾਅ ਅਤੇ ਆਦਤਾਂ ਵੱਖੋਂ-ਵੱਖ ਹੁੰਦੇ ਹਨ। ਅਸੀਂ ਕਈਆਂ ਦੇ ਸੁਭਾਅ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਕਈਆਂ ਦੀਆਂ ਆਦਤਾਂ ਬਹੁਤ ਪਸੰਦ ਕਰਦੇ ਹਾਂ। ਇਹ ਪਸੰਦ-ਨਾਪਸੰਦ ਸਾਡਾ ਨਿੱਜੀ ਮਸਲਾ ਹੈ। ਇਵੇਂ ਹੀ ਅਗਲੇ ਵਿਅਕਤੀ ਦਾ ਵੀ ਨਿੱਜੀ ਮਸਲਾ ਹੈ ਕਿ ਉਹ ਤੁਹਾਡੇ ਪਿਆਰ ਅਤੇ ਵਿਸ਼ਵਾਸ਼ 'ਤੇ ਖਰਾ ਉਤਰਦਾ ਹੈ ਕਿ ਨਹੀਂ ਜਾਂ ਤੁਸੀਂ ਉਸ ਦੇ ਪਿਆਰ 'ਤੇ ਖਰੇ ਉਤਰਦੇ ਹੋ ਕਿ ਨਹੀਂ? 

ਇਹ ਸਭ ਆਪੋ ਆਪਣੇ ਵਿਚਾਰ ਅਤੇ ਸਮਝ ਹੁੰਦੀ ਹੈ।ਇਸ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਘਰਾਂ ਵਿੱਚ ਵੀ ਕਲੇਸ਼ ਲੈਣ ਦੇਣ ਕਰਕੇ ਹੀ ਹੁੰਦਾ ਹੈ। ਕਦੀ ਕੁਝ ਵਾਧੇ ਘਾਟੇ ਕਰਕੇ ਹੁੰਦਾ ਹੈ। ਆਪਣੇ ਮਨ ਨੂੰ ਸਮਝਾਉਣਾ ਪੈਂਦਾ ਹੈ। ਮਸਲੇ ਆਪੇ ਘੱਟ ਹੋ ਜਾਂਦੇ ਹਨ। ਜੇ ਮੈਂ ਇਹ ਸੋਚਾਂ ਕਿ ਅਗਲੇ ਨੇ ਆਪਣੇ ਕੰਮ ਕਰਨ ਸਮੇਂ ਮੈਨੂੰ ਪੁੱਛਿਆ ਤੱਕ ਨਹੀਂ। ਮੈਂ ਤਾਂ ਹਮੇਸ਼ਾ ਪੁੱਛ ਕੇ ਹੀ ਕੰਮ ਕਰਦੀ ਹਾਂ, ਇੰਝ ਕਰਨ ਨਾਲ ਮੈਂ ਆਪਣੀਆਂ ਪ੍ਰੇਸ਼ਾਨੀਆਂ ਆਪ ਵਧਾਵਾਗੀ। ਤੁਹਾਨੂੰ ਦੂਸਰੇ ਵਿਅਕਤੀ ਦੀ ਲੋੜ ਮਹਿਸੂਸ ਹੋਈ ਹੈ, ਜ਼ਰੂਰੀ ਨਹੀ ਕਿ ਅਗਲੇ ਇਨਸਾਨ ਨੂੰ ਵੀ ਤੁਹਾਡੀ ਹੀ ਲੋੜ ਮਹਿਸੂਸ ਹੋਵੇਗੀ। ਲੋੜਾਂ ਅਤੇ ਜ਼ਰੂਰਤਾਂ ਸਭ ਦੀਆਂ ਵੱਖੋ-ਵੱਖਰੀਆਂ ਹੁੰਦੀਆਂ ਹਨ।

ਤੁਸੀਂ ਰਿਸ਼ਤੇ ਖੁਸ਼ ਹੋ ਕੇ ਨਿਭਾਅ ਕੇ ਵੇਖੋ ਤਾਂ ਸਹੀ, ਰੂਹ ਵਿੱਚ ਖੇੜਾ ਆਵੇਗਾ। ਚਿਹਰੇ ਦੀ ਚਮਕ ਦੁਗਣੀ ਹੋ ਜਾਵੇਗੀ। ਵੈਰ ਵਿਰੋਧ ਮਿਟੇਗਾ। ਆਪਸੀ ਪਿਆਰ ਦੀਆਂ ਸਾਂਝਾਂ ਪੱਕੀਆਂ ਹੋਣਗੀਆਂ, ਦੁੱਖ ਅਤੇ  ਮਾਨਸਿਕ ਪ੍ਰੇਸ਼ਾਨੀਆਂ ਘੱਟਣਗੀਆ। ਜ਼ਿੰਦਗੀ ਵਿਚ ਵਿਚਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੁੰਦਾ ਹੈ। ਵਿਚਾਰ ਸਭ ਦੇ ਸੁਣੋ,ਪਰ ਮਰਜ਼ੀ ਆਪਣੀ ਹੀ ਕਰੋ। 

ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ। ਬਾਅਦ ਵਿੱਚ ਦੂਸਰਿਆਂ ਨੂੰ ਕਹਿੰਦੇ ਫਿਰਨਾ ਕਿ ਮੈਂ ਤੇਰੀ ਮੰਨ ਕੇ ਇਹ ਕੰਮ ਕੀਤਾ ਸੀ। ਇਸ ਤਰ੍ਹਾ ਝੂਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੁਸੀਂ ਵੀ ਦੁਨੀਆਂ ਵਿੱਚ ਵਿਚਰ ਰਹੇ ਹੋ। ਆਪ ਵੀ ਕੋਸ਼ਸ਼ ਜਾਰੀ ਰੱਖੋ। ਕਿਸੇ ਦੂਸਰੇ 'ਤੇ ਪੂਰੇ ਨਿਰਭਰ ਹੋਣ ਦੀ ਥਾਂ 'ਤੇ ਆਪ ਵੀ ਸੁਚੇਤ ਰਹੋ। 

            ਪਰਵੀਨ ਕੌਰ ਸਿੱਧੂ

            8146536200

ਦੂਰੀ ਭੀ ਹੈ ਜ਼ਰੂਰੀ  ✍️ ਹਰਪ੍ਰੀਤ ਕੌਰ ਸੰਧੂ

ਅੱਜ ਸਮੇਂ ਮੁਤਾਬਿਕ ਸੋਚ ਤੇ ਜੀਣ ਦਾ ਅੰਦਾਜ਼ ਵੀ ਬਦਲ ਗਿਆ ਹੈ। ਹਰ ਬੰਦਾ ਆਪਣੇ ਨਿਜ ਨੂੰ ਮਹੱਤਵ ਦਿੰਦਾ ਹੈ। ਹਰ ਰਿਸ਼ਤੇ ਵਿੱਚ ਸਪੇਸ ਦੀ ਲੋੜ ਹੈ। ਪਤੀ ਪਤਨੀ, ਪ੍ਰੇਮੀ, ਮਾਤਾ ਪਿਤਾ ਜਾਂ ਦੋਸਤ ਹਰ ਕੋਈ ਆਪਣਾ ਨਿੱਜੀ ਜ਼ਿੰਦਗੀ ਬਾਰੇ ਸੰਜੀਦਾ ਹੈ। ਹੁਣ ਪਹਿਲਾਂ ਵਾਂਗ ਸਭ ਕੁਝ ਸਾਂਝਾ ਨਹੀਂ ਰਿਹਾ। ਕਿਸੇ ਵੀ ਰਿਸ਼ਤੇ ਵਿੱਚ ਉਨ੍ਹੀਂ ਹੀ ਗੱਲ ਸਾਂਝੀ ਕੀਤੀ ਜਾਂਦੀ ਹੈ ਜਿੰਨੀ ਦੀ ਲੋੜ ਹੋਵੇ। ਹਰ ਬੰਦਾ ਕੁਝ ਨਿੱਜੀ ਪਲ ਚਾਹੁੰਦਾ ਹੈ। ਕੋਈ ਵੀ ਆਪਣੇ ਦਿਨ ਦੀ ਹਰ ਗੱਲ ਦੂਜੇ ਨੂੰ ਨਾ ਦੱਸਦਾ ਹੈ ਨਾ ਦੱਸਣਾ ਪਸੰਦ ਕਰਦਾ ਹੈ।ਕਿਸੇ ਦੇ ਨਜ਼ਦੀਕ ਹੋਣ ਨਾਲ ਤੁਹਾਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਤੁਸੀ ਉਸਨੂੰ ਹਰ ਗੱਲ ਤੇ ਸਵਾਲ ਕਰੋ। ਉਸਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਦਖਲ ਅੰਦਾਜੀ ਕਰੋ। ਇਸ ਤਰ੍ਹਾਂ ਦੇ ਵਿਹਾਰ ਤੇ ਅਗਲਾ ਖਿੱਝ ਜਾਂਦਾ ਹੈ। ਕਿਸੇ ਦੇ ਨੇੜੇ ਰਹਿਣਾ ਹੈ ਤਾਂ ਥੋੜੀ ਦੂਰੀ ਬਣਾ ਕੇ ਰੱਖੋ।ਉਨ੍ਹਾਂ ਹੀ ਨੇੜੇ ਹੋਵੋ ਜਿਨ੍ਹਾਂ ਅਗਲਾ ਪਸੰਦ ਕਰੇ। ਬਹੁਤ ਜ਼ਿਆਦਾ ਫ਼ਿਕਰ ਕਰਨਾ ਅਪਣੱਤ ਵਿੱਚ ਆਮ ਹੈ ਪਰ ਅੱਜ ਕਲ ਇਹ ਪਸੰਦ ਨਹੀਂ ਕੀਤਾ ਜਾਂਦਾ।ਥੋੜਾ ਜਿਹਾ ਫਾਸਲਾ ਤੁਹਾਡਾ ਮਹੱਤਵ ਬਣਾਈ ਰੱਖਦਾ ਹੈ।ਆਪਸੀ ਖਿੱਚ ਬਰਕਰਾਰ ਰਹਿੰਦੀ ਹੈ।ਜੇਕਰ ਤੁਸੀਂ ਕਿਸੇ ਲਈ ਹਰ ਸਮੇਂ ਮੌਜੂਦ ਰਹਿੰਦੇ ਹੋ ਤਾਂ ਤੁਹਾਡੀ ਕੀਮਤ ਉਸ ਦੀਆਂ ਨਜ਼ਰਾਂ ਵਿੱਚ ਘੱਟ ਜਾਂਦੀ ਹੈ। ਆਪਣਾ ਮਹੱਤਵ ਬਣਾਉਣਾ ਸਿੱਖੋ।ਜਦੋਂ ਅਗਲੇ ਨੂੰ ਜ਼ਰੂਰਤ ਹੋਵੇ ਉਹ ਆਪ ਆਵਾਜ਼ ਮਾਰੇਗਾ। ਜੇਕਰ ਤੁਸੀਂ ਆਵਾਜ਼ ਦੇਣ ਤੋਂ ਪਹਿਲਾਂ ਹੀ ਹਾਜ਼ਿਰ ਹੋਏ ਤਾਂ ਉਸਨੂੰ ਤੁਹਾਡੀ ਕਦਰ ਕਦੀ ਨਹੀਂ ਹੋਵੇਗੀ। ਸੋ ਦੂਰੀ ਭੀ ਹੈ ਜ਼ਰੂਰੀ।

ਹਰਪ੍ਰੀਤ ਕੌਰ ਸੰਧੂ

ਪੈਰ ਦੀ ਜੁੱਤੀ (ਕਹਾਣੀ)  ✍️ ਬਲਰਾਜ ਚੰਦੇਲ ਜੰਲਧਰ

ਗਨਾਂ ਨਾਲ ਵਿਆਹ ਕੇ ਆਈ  ਸਿੰਮੀ ਬੜੀ ਖੁਸ਼ ਸੀ।ਸੱਸ ਨੇ ਚਾਂਈ ਚਾਂਈ ਪਾਣੀ ਵਾਰ ਕੇ ਪੀਤਾ।ਸਿੰਮੀ ਦੇ ਮਾਂਬਾਪ ਨੇ ਵਿਆਹ  ਤੇ ਖੂਬ ਪੈਸਾ ਖਰਚ ਕੀਤਾ ।ਗਹਿਣੇ ਕਪੜੇ ਕਿਸੇ ਚੀਜ ਦੀ ਕਮੀ ਨਾ ਛੱਡੀ । ਦਾਜ ਨਾਲ ਘਰ ਭਰ ਦਿੱਤਾ।  ਮਿੰਟੂ ਹਰ ਵੇਲੇ ਸਿੰਮੀ ਦੇ ਮਗਰ ਮਗਰ ਘੁੰਮਦਾ ਰਹਿੰਦਾ ਤੇ ਮਾਂ ਵਲ  ਉਸਦਾ ਧਿਆਨ ਘੱਟ  ਹੋ ਗਿਆ।।ਹੁਣ ਸਿੰਮੀ ਤੇ ਉਸਦੇ ਪਤੀ ਮਿੰਟੂ ਨੇ ਹਨੀਮੂਨ ਤੇ ਜਾਣ ਲਈ ਇਕ ਹਫਤੇ ਦਾ  ਪ੍ਰੋਗਰਾਮ ਬਣਾਇਆ। ਸੱਸ ਨੇ ਸਿੰਮੀ ਨੂੰ ਕਿਹਾ-ਪੁੱਤ ਬਾਹਰ ਜਾਣ ਲੱਗਿਆ ਗਹਿਣੇ ਨਾਲ ਨਹੀਂ ਲਿਜਾਈ ਦੇ,ਮੈਨੂੰ ਫੜਾ ਦੇ ਸਾਂਭ ਲਵਾਂ। ਸਿੰਮੀ ਨੇ ਕਿਹਾ-ਮਾਂਜੀ ਕੋਈ ਨਹੀਂ ਮੈਂ ਗਹਿਣੇ ਬੈੰਕ ਲੌਕਰ ਵਿੱਚ ਰਖਵਾ ਦਿੱਤੇ ਹਨ। ਮਿੰਟੂ  ਨੂੰ ਗੁੱਸਾ ਚੜ ਗਿਆ।ਕਹਿੰਦਾ  ਸਿੰਮੀ  ਮੈਨੂੰ ਤਾਂ  ਤੂੰ ਦੱਸ ਦਿੰਦੀ ।  ਮਾਂ ਨੇ ਪੁੱਤ ਨੂੰ ਭੜਕਾ ਦਿੱਤਾ- ਦੇਖ ਲਿਆ ਪੁੱਤਰਾ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖੀ ਫਿਰਦਾ ਸੀ।ਮੈਨੂੰ ਨਹੀਂ ਪੁੱਛਣਾ ਸੀ ਤਾਂ ਘਟੋ ਘਟ ਤੈਨੂੰ ਤਾਂ ਪੁੱਛ ਲੈਂਦੀ।ਬੋਲ ਬੁਲਾਰਾ ਵੱਧ ਗਿਆ।ਮਿੰਟੂ ਨੇ ਗੁੱਸੇ ਵਿੱਚ ਸਿੰਮੀ ਨੂੰ ਧੱਕਾ ਦਿੱਤਾ ਤੇ ਘਰੋ ਬਾਹਰ ਨਿੱਕਲ ਗਿਆ।ਸਿੰਮੀ ਪਿੱਛੇ ਖੜ੍ਹੀ  ਖੁਸ਼ ਹੋ ਰਹੀ ਸੱਸ ਵਿੱਚ ਜਾ ਲੱਗੀ ਤੇ ਸੱਸ ਡਿੱਗ ਪਈ। ਸੱਸ ਦੇ ਸਿਰ ਤੇ ਸੱਟ ਲੱਗਣ ਕਰਕੇ ਖੂਨ ਵਗਣ ਲੱਗ ਪਿਆ ।ਸਿੰਮੀ ਨੇ ਫਟਾਫਟ  ਉਸਦੇ ਸਿਰ ਤੇ ਕਪੜਾ ਬੰਨਿਆ ਤੇ ਬਾਹਰ ਖੜੀ ਕਾਰ ਵਿੱਚ ਪਾਇਆ ਤੇ ਹਸਪਤਾਲ ਲੈ ਗਈ।

ਸਿੰਮੀ ਨੇ ਮਿੰਟੂ ਨੂੰ ਫੋਨ ਕੀਤਾ।ਮਿੰਟੂ  ਹਸਪਤਾਲ ਪਹੁੰਚ  ਗਿਆ। ਡਾਕਟਰ ਨੇ  ਸਿੰਮੀ  ਵਲ ਇਸ਼ਾਰਾ ਕਰਕੇ ਮਿੰਟੂ ਨੂੰ ਕਿਹਾ ਕਿ ਜੇ ਇਹ  ਵਕਤ ਤੇ ਨਾ ਲੈ ਕੇ ਆਉਂਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।ਮਿੰਟੂ ਨੇ  ਪਛਤਾਵੇ ਦੇ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਸਿੰਮੀ ਨੂੰ ਗਲਵਕੜੀ ਪਾ ਲਈ।ਸਿੰਮੀ ਦੀ ਸੱਸ ਨੂੰ ਹੋਸ਼ ਆ ਚੁੱਕਿਆ ਸੀ।ਉਸਨੇ ਸਿੰਮੀ ਨੂੰ ਪਿਆਰ ਨਾਲ ਚੁੰਮਿਆ ਤੇ ਮਿੰਟੂ ਨੂੰ ਕਿਹਾ ਪੁੱਤ ਇਹ  ਪੈਰ ਦੀ ਜੁੱਤੀ ਨਹੀਂ ,ਸਾਡਾ ਮਾਨ ਹੈ ,ਸਾਡੇ ਸਿਰ ਦਾ ਤਾਜ ਹੈ।

 

ਬਲਰਾਜ ਚੰਦੇਲ ਜੰਲਧਰ।

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਅੰਗਰੇਜ਼ੀ ਦਾ 'ਐਕਸਲ' (Axle) ਅਤੇ ਪੰਜਾਬੀ ਦਾ 'ਮੰਜਾ' ਸ਼ਬਦ ਕਿਵੇਂ ਬਣੇ?

           ('ਅਖਾੜਾ' ਸ਼ਬਦ ਦੇ ਪਰਿਪੇਖ ਵਿੱਚ)

       ਪਿਛਲੇ ਲੇਖ ਵਿੱਚ ਅਸੀਂ ਦੇਖਿਆ ਹੈ ਕਿ 'ਅਖਾੜਾ' ਸ਼ਬਦ, ਦੋ ਸ਼ਬਦਾਂ: ਅਕਸ਼ਿ ਅਤੇ ਵਾਟ ਦੇ ਮੇਲ਼ ਨਾਲ਼ ਬਣਿਆ ਹੈ ਪਰ ਅਕਸ਼ਵਾਟ  (ਅਕਸ਼+ਵਾਟ ) ਸ਼ਬਦ ਦੇ ਅਰਥ ਸ਼ਤਰੰਜ ਦੀ ਖੇਡ ਹਨ। ਅਕਸ਼ਵਾਟ ਵਿਚਲੇ ਪਹਿਲੇ ਸ਼ਬਦ ਅਕਸ਼ ਬਾਰੇ ਦੱਸਿਆ ਗਿਆ ਸੀ ਕਿ ਇਸ ਸ਼ਬਦ ਦੇ ਕਈ ਅਰਥ ਹਨ, ਜਿਨ੍ਹਾਂ ਵਿੱਚੋਂ ਇੱਕ ਅਰਥ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਪਾਸੇ ਤੋਂ ਇਲਾਵਾ ਕਿਸੇ ਗੱਡੀ/ਗੱਡੇ ਜਾਂ ਵਾਹਨ ਆਦਿ ਦਾ ਧੁਰਾ ਵੀ ਹਨ। 

           ਪੁਰਾਤਨ ਸਮਿਆਂ ਵਿੱਚ ਆਵਾਜਾਈ ਲਈ ਗੱਡੀਆਂ ਜਾਂ ਗੱਡੇ ਆਦਿ ਹੀ ਵਰਤੇ ਜਾਇਆ ਕਰਦੇ ਸਨ, ਆਧੁਨਿਕ ਵਾਹਨਾਂ ਦਾ ਸਮਾਂ ਤਾਂ ਬਹੁਤ ਬਾਅਦ ਵਿੱਚ ਆਇਆ ਹੈ। ਗੱਡਿਆਂ ਤੋਂ ਵੀ ਪਹਿਲਾਂ ਮਨੁੱਖ ਪੈਦਲ ਜਾਂ ਵੱਧ ਤੋਂ ਵੱਧ ਕਿਸੇ ਪਸੂ, ਜਿਵੇਂ ਘੋੜਿਆਂ ਆਦਿ ਦੀਆਂ ਪਿੱਠਾਂ 'ਤੇ ਬੈਠ ਕੇ ਹੀ ਸਫ਼ਰ ਕਰਿਆ ਕਰਦਾ ਸੀ। 

        ਸੋ, ਉਹ ਚੀਜ਼ ਜਿਸ ਦੁਆਲ਼ੇ ਕਿਸੇ ਗੱਡੀ ਜਾਂ ਗੱਡੇ ਆਦਿ ਦੇ ਦੋਵੇਂ ਪਹੀਏ ਘੁੰਮਿਆ ਕਰਦੇ ਸਨ, ਨੂੰ ਧੁਰੀ ਆਖਿਆ ਜਾਂਦਾ ਸੀ। ਸੰਸਕ੍ਰਿਤ ਵਿੱਚ ਇਸੇ ਸ਼ਬਦ ਲਈ ਧੁਰੀ ਜਾਂ ਧੁਰੇ ਦੇ ਨਾਲ਼-ਨਾਲ਼ 'ਅਕਸ਼' ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ। ਇਹਨਾਂ ਦੋਂਹਾਂ ਸ਼ਬਦਾਂ- ਅਕਸ਼ ਅਤੇ ਅੰਗਰੇਜ਼ੀ ਦੇ ਐਕਸਲ ਦੀਆਂ ਧੁਨੀਆਂ, ਬਣਤਰ, ਉਚਾਰਨ ਅਤੇ ਅਰਥਾਂ ਵਿੱਚ ਬਹੁਤ ਸਮਾਨਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਭਾਸ਼ਾਵਾਂ ਦਾ ਪਿਛੋਕੜ ਮੁਢਲੀ ਆਰੀਆ ਭਾਸ਼ਾ ਨਾਲ਼ ਜੁੜਿਆ ਹੋਇਆ ਹੈ। ਈਰਾਨ ਦੀ ਮੂਲ ਭਾਸ਼ਾ ਫ਼ਾਰਸੀ ਸਮੇਤ ਇਹ ਦੋਵੇਂ ਭਾਸ਼ਾਵਾਂ ਅਰਥਾਤ ਸੰਸਕ੍ਰਿਤ ਅਤੇ ਅੰਗਰੇਜ਼ੀ ਵੀ ਆਰੀਆਨ ਭਾਸ਼ਾ-ਪਰਿਵਾਰ ਨਾਲ਼ ਹੀ ਸੰਬੰਧਿਤ ਹਨ। ਵੱਖ-ਵੱਖ ਆਰੀਅਨ ਭਾਸ਼ਾ-ਪਰਿਵਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਦੀ ਸਾਂਝ ਦਾ ਮੁੱਖ ਕਾਰਨ ਇਹਨਾਂ ਭਾਸ਼ਾਵਾਂ ਦਾ ਇਹ ਪਿਛੋਕੜ ਹੋਣਾ ਹੀ ਹੈ। ਐਕਸਲ (Axle) ਸ਼ਬਦ ਵਾਂਗ ਸੰਸਕ੍ਰਿਤ ਭਾਸ਼ਾ ਤੋਂ ਆਏ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਰੂਪ ਅਤੇ ਅਰਥਾਂ ਪੱਖੋਂ ਆਪਸ ਵਿੱਚ ਕਾਫ਼ੀ ਮੇਲ਼ ਖਾਂਦੇ ਹਨ। ਉਦਾਹਰਨ ਦੇ ਤੌਰ 'ਤੇ ਇੱਥੇ ਕੁਝ ਸ਼ਬਦ ਦੇਖੇ ਜਾ ਸਕਦੇ ਹਨ:

ਉਕਸ਼ਨ੍ (उक्षन्)= ਸਾਨ੍ਹ, ਔਕਸ (Ox)=ਬਲ਼ਦ; ਔਕਸਨ (Oxen)= ਬਲ਼ਦਾਂ ਅਤੇ ਬੈਲ/ ਬੁੱਲ (Bull) ਸ਼ਬਦਾਂ ਦੀ ਆਪਸੀ ਸਾਂਝ:

         ਪੰਜਾਬੀ ਦੇ 'ਸਾਨ੍ਹ' ਸ਼ਬਦ ਨੂੰ ਹਿੰਦੀ ਵਿੱਚ ਸਾਂਢ (साँड़) ਆਖਿਆ ਜਾਂਦਾ ਹੈ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ਉਕਸ਼ ਜਾਂ ਉਕਸ਼ਨ੍ ( उक्षन् ) ਸ਼ਬਦ ਤੋਂ ਬਣਿਆ ਹੋਇਆ ਹੈ। ਅੰਗਰੇਜ਼ੀ ਵਿੱਚ ਇਸੇ ਨੂੰ ਹੀ ਔਕਸ (Ox) ਆਖਿਆ ਜਾਂਦਾ ਹੈ ਅਤੇ ਇਸ ਦਾ ਬਹੁਵਚਨ ਰੂਪ "ਉਕਸ਼ਾਣ" (Oxen) ਹੈ। ਇਹ ਸਾਰੇ ਸ਼ਬਦ ਇੱਕ ਹੀ ਭਾਸ਼ਾ, ਮੂਲ ਆਰੀਅਨ ਭਾਸ਼ਾ ਤੋਂ ਆਏ ਹੋਏ ਹਨ। ਦਰਅਸਲ ਸੰਸਕ੍ਰਿਤ ਦੇ ਉਕਸ਼ਨ ਸ਼ਬਦ ਵਿਚਲੀ ਉ ਧੁਨੀ ਇੱਥੇ ਅੰਗਰੇਜ਼ੀ ਵਿੱਚ ਆ ਕੇ ਔ (O) ਧੁਨੀ ਵਿੱਚ ਬਦਲ ਗਈ ਹੈ ਅਤੇ ਕਸ਼ੈ ਅੱਖਰ ਅੰਗਰੇਜ਼ੀ ਦੇ ਐਕਸ (X) ਅੱਖਰ ਵਿੱਚ ਬਦਲ ਗਿਆ ਹੈ। ਅੰਗਰੇਜ਼ੀ ਦੇ ਬਹੁਵਚਨ ਸ਼ਬਦ ਵਾਲ਼ੇ ਰੂਪ ਔਕਸਨ (Oxen) ਵਿੱਚ ਤਾਂ ਸੰਸਕ੍ਰਿਤ ਦੇ ਉਕਸ਼/ ਉਕਸ਼ਨ/ਉਕਸ਼ਾਣ ਵਾਲ਼ੀ ਐੱਨ (N)ਦੀ ਧੁਨੀ ਵੀ ਸ਼ਾਮਲ ਹੈ। ਸ਼ਾਇਦ ਸੰਸਕ੍ਰਿਤ ਜਾਂ ਮੁਢਲੀ ਆਰੀਆ ਭਾਸ਼ਾ ਦੇ ਅਜਿਹੇ ਪ੍ਰਭਾਵ ਕਾਰਨ ਹੀ ਅੰਗਰੇਜ਼ੀ ਦੇ ਔਕਸ (Ox) ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਰਵਾਇਤੀ s ਜਾਂ es ਅੱਖਰਾਂ ਦੀ ਥਾਂ en ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਸ਼ਾਇਦ ਇਸੇ ਕਾਰਨ ਹੀ ਅੰਗਰੇਜ਼ੀ ਭਾਸ਼ਾ ਵਾਲ਼ਿਆਂ ਨੇ ਮੁੱਢ-ਕਦੀਮੀ ਪਰੰਪਰਾ ਅਨੁਸਾਰ ਲਿਖੇ ਆ ਰਹੇ ਇਸ ਔਕਸਨ (oxen) ਸ਼ਬਦ ਦੇ ਇਸੇ ਰੂਪ ਨੂੰ ਹੀ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਜਿਵੇਂਕਿ ਉੱਪਰ ਦੱਸਿਆ ਗਿਆ ਹੈ, ਹਿੰਦੀ/ਪੰਜਾਬੀ ਸ਼ਬਦਾਂ ਨਾਲ਼ ਸੰਬੰਧਿਤ ਬੈਲ (ਬਲ਼ਦ) ਸ਼ਬਦ ਅੰਗਰੇਜ਼ੀ ਦੇ ਬੁੱਲ (Bull) ਵਿੱਚ ਬਦਲ ਗਿਆ ਹੈ।  

                ਸਾਡੀਆਂ ਦੇਸੀ ਭਾਸ਼ਾਵਾਂ ਦੇ ਕੁਝ ਸ਼ਬਦ ਸਾਡੇ ਜੀਵਨ ਵਿੱਚ ਏਨੇ ਮਹੱਤਵਪੂਰਨ ਮੁੱਦਿਆਂ ਨਾਲ਼ ਸੰਬੰਧਿਤ ਹੁੰਦੇ ਹਨ ਅਤੇ ਸਾਡੇ ਨਿਤਾਪ੍ਰਤੀ ਦੇ ਜੀਵਨ ਨਾਲ਼ ਸੰਬੰਧਿਤ ਪ੍ਮੁੱਖ ਭੂਮਿਕਾਵਾਂ ਨਿਭਾਉਣ ਨਾਲ਼ ਜੁੜੇ ਹੋਏ ਹੁੰਦੇ ਹਨ ਕਿ ਉਹਨਾਂ ਵਿਚਲੇ ਕੁਝ ਅੱਖਰ ਜਾਂ ਧੁਨੀਆਂ ਵੀ ਉਸ ਸ਼ਬਦ ਦੇ ਅਰਥਾਂ ਨੂੰ ਵੱਖ-ਵੱਖ ਸ਼ਬਦਾਂ ਵਿੱਚ ਰੂਪਮਾਨ ਕਰ ਰਹੀਆਂ ਜਾਪਦੀਆਂ ਹਨ। ਅਜਿਹੇ ਹੀ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ- ਸੰਸਕ੍ਰਿਤ ਭਾਸ਼ਾ ਦਾ ਸ਼ਬਦ ਅਕਸ਼ਿ ਅਰਥਾਤ ਅੱਖ। ਅਕਸ਼ਿਵਾਟ ਸ਼ਬਦ ਵਿੱਚ ਤਾਂ ਪੂਰੇ 'ਅਕਸ਼ਿ' ਸ਼ਬਦ ਦੀ ਹੀ ਵਰਤੋਂ ਕਰ ਲਈ ਗਈ ਹੈ। ਪਿਛਲੇ ਲੇਖ ਵਿੱਚ "ਦੇਖਣ ਵਾਲ਼ੇ" ਜਾਂ "ਦਰਸ਼ਕ" ਸ਼ਬਦਾਂ ਦੀ ਵਾਰ-ਵਾਰ ਵਰਤੋਂ ਹੋਈ ਹੈ। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਖ (ਦੇਖਣ) ਅਤੇ ਸ਼ (ਦਰਸ਼ਕ) ਧੁਨੀਆਂ ਦੇ ਅਰਥ ਅੱਖਾਂ (ਅਕਸ਼ਿ) ਦੁਆਰਾ ਦੇਖਣ ਦੀ ਪ੍ਰਕਿਰਿਆ ਨਾਲ਼ ਹੀ ਸੰਬੰਧਿਤ ਹਨ। ਦੇਖ/ਦੇਖਣ ਸ਼ਬਦਾਂ ਵਿੱਚ ਖ ਦੀ ਧੁਨੀ ਕਸ਼ੈ (क्ष) ਧੁਨੀ ਦੇ ਖ ਧੁਨੀ ਵਿੱਚ ਬਦਲ ਜਾਣ ਕਾਰਨ ਹੋਂਦ ਵਿੱਚ ਆਈ ਹੈ ਅਤੇ ਦਰਸ਼ਕ ਸ਼ਬਦ ਵਿੱਚ ਸ਼ ਦੀ ਧੁਨੀ ਕਸ਼ੈ (ਕ+ਸ਼ੈ) ਅੱਖਰ ਵਿੱਚ ਸ਼ਾਮਲ ਸ਼ ਧੁਨੀ ਦੀ ਪ੍ਰਤਿਨਿਧਤਾ ਕਰ ਰਹੀ ਹੈ ਤੇ ਇਹ ਧੁਨੀ ਇੱਥੇ ਅਕਸ਼ਿ (ਅੱਖ) ਦੇ ਅਰਥਾਂ ਨੂੰ ਹੀ ਰੂਪਮਾਨ ਕਰ ਰਹੀ ਹੈ। ਇਸ ਲਈ ਦਰਸ਼ਕ ਸ਼ਬਦ ਵਿਚਲੀ ਸ਼ (ਅਕਸ਼ਿ ਵਿਚਲੀ ਸ਼ ਧੁਨੀ ਤੋਂ ਆਈ) ਧੁਨੀ ਦੇ ਅਰਥ ਵੀ ਇੱਥੇ "ਦੇਖਣ" ਸ਼ਬਦ ਵਿਚਲੀ ਖ ਧੁਨੀ ਦੇ ਅਰਥਾਂ ਵਾਂਗ ਅੱਖ ਹੀ ਹਨ। ਦਿਸ, ਦਿਸਦਾ, ਦਰਸਾਉਣਾ ਆਦਿ ਸ਼ਬਦਾਂ ਵਿੱਚ ਅਕਸ਼ਿ ਵਿਚਲੀ ਸ਼ ਦੀ ਧੁਨੀ ਲੋਕ-ਉਚਾਰਨ ਅਨੁਸਾਰ ਪੰਜਾਬੀ ਵਿੱਚ ਆ ਕੇ ਸ ਵਿੱਚ ਬਦਲ ਗਈ ਹੈ।

'ਮੰਚ' ਅਤੇ 'ਮੰਜਾ' ਸ਼ਬਦ ਕਿਵੇਂ ਬਣੇ?

           ਇਸ ਲੇਖ ਵਿੱਚ ਇੱਕ ਹੋਰ ਸ਼ਬਦ 'ਮੰਚ' ਜਾਂ 'ਰੰਗ-ਮੰਚ' ਦਾ ਜ਼ਿਕਰ ਵੀ  ਆਇਆ ਹੈ। 'ਮੰਚ' ਸ਼ਬਦ ਦਾ ਇਸ ਸ਼ਬਦ ਵਿਚਲੀਆਂ ਧੁਨੀਆਂ ਦੇ ਅਰਥਾਂ ਦੇ ਆਧਾਰ 'ਤੇ ਅਰਥ ਹੈ- ਕਿਸੇ ਥਾਂ ਦਾ ਉਹ ਭਾਗ ਜਿਸ ਨੂੰ ਧਰਤੀ ਦੇ ਪੱਧਰ ਤੋਂ ਰਤਾ ਉੱਚਾ ਚੁੱਕ ਕੇ ਬਣਾਇਆ ਗਿਆ ਹੋਵੇ (ਤਾਂਜੋ ਉਸ ਉੱਤੇ ਕੀਤੀਆਂ ਜਾਣ ਵਾਲ਼ੀਆਂ ਸਰਗਰਮੀਆਂ ਨੂੰ ਦੂਰ-ਦੂਰ ਤੱਕ ਬੈਠੇ ਲੋਕ ਅਸਾਨੀ ਨਾਲ਼ ਦੇਖ ਸਕਣ)। ਬਾਅਦ ਵਿੱਚ ਇਸੇ ਮੰਚ ਉੱਤੇ ਨਾਟਕ/ਡਰਾਮੇ ਆਦਿ ਕੀਤੇ ਜਾਣ ਕਾਰਨ ਇਸ ਨੂੰ ਰੰਗ-ਮੰਚ ਦਾ ਨਾਂ ਵੀ ਦੇ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸੇ ਮੰਚ ਸ਼ਬਦ ਤੋਂ ਹੀ ਪੰਜਾਬੀ ਭਾਸ਼ਾ ਦੇ ਇੱਕ ਅਹਿਮ ਸ਼ਬਦ 'ਮੰਜਾ' ਨੇ ਵੀ ਜਨਮ ਲਿਆ ਹੈ ਕਿਉਂਕਿ ਮੰਜਾ ਵੀ ਮੰਚ ਵਾਂਗ ਰਤਾ ਉੱਚਾ ਚੁੱਕ ਕੇ ਹੀ ਬਣਾਇਆ ਜਾਂਦਾ ਹੈ। ਇਸੇ ਕਾਰਨ ਸ਼ਬਦ-ਕੋਸ਼ਾਂ ਅਨੁਸਾਰ ਮੰਜਾ ਸ਼ਬਦ ਦੀ ਵਿਉਤਪਤੀ ਵੀ ਮੰਚ ਸ਼ਬਦ ਤੋਂ ਹੀ ਹੋਈ ਦੱਸੀ ਗਈ ਹੈ। 

ਅਕਸ਼/ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਸਿਹਾਰੀ ਦੀ ਭੂਮਿਕਾ:

      ਹੁਣ ਤੱਕ ਅਸੀਂ ਦੇਖ ਹੀ ਚੁੱਕੇ ਹਾਂ ਕਿ ਅਕਸ਼ ਅਤੇ ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਕੀ ਅੰਤਰ ਹੈ। ਇਹ ਅੰਤਰ ਅਕਸ਼ਿ ਸ਼ਬਦ ਵਿੱਚ ਲੱਗੀ ਹੋਈ ਸਿਹਾਰੀ (....ਬੱਸ ਰੱਤੀ ਕੁ ਫ਼ਰਕ ਮਰੋੜੀ ਦਾ" ਅਨੁਸਾਰ) ਹੀ ਪਾ ਰਹੀ ਹੈ। ਬਿਨਾਂ ਸਿਹਾਰੀ ਤੋਂ ਇਸ ਸ਼ਬਦ ਦੇ ਅਰਥ ਹਨ- ਗੱਡੀ/ਗੱਡੇ ਦਾ ਧੁਰਾ ਆਦਿ ਅਤੇ ਸਿਹਾਰੀ ਨਾਲ਼- ਅੱਖ ਜਾਂ ਮਨੁਖ ਦੀ ਦੇਖਣ-ਪ੍ਰਕਿਰਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਸੰਸਕ੍ਰਿਤ ਮੂਲ ਦੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿੱਚ ਹਰ ਧੁਨੀ ਦਾ ਅਪਣਾ ਮਹੱਤਵ ਹੈ ਅਤੇ ਉਸ ਦੇ ਕੋਈ ਨਾ ਕੋਈ ਅਰਥ ਜ਼ਰੂਰ ਹੁੰਦੇ ਹਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇੱਕ ਹੀ ਸ਼ਬਦ ਦੇ ਦੋ ਜਾਂ ਕਈ ਵਾਰ ਤਿੰਨ ਜਾਂ ਚਾਰ ਅਰਥ ਵੀ ਹੁੰਦੇ ਹਨ। ਅਜਿਹੇ ਸ਼ਬਦਾਂ ਨੂੰ ਬਹੁਅਰਥਕ ਸ਼ਬਦ ਵੀ ਆਖਿਆ ਜਾਂਦਾ ਹੈ, ਜਿਵੇਂ: ਉੱਤਰ, ਘੜੀ, ਗੱਡੀ, ਨਿਰਮਾਣ ਆਦਿ। ਇਸ ਦਾ ਕਾਰਨ ਵੀ ਹਰ ਧੁਨੀ/ਅੱਖਰ ਦੇ ਇੱਕ, ਦੋ ਜਾਂ ਕਈ ਵਾਰ ਇਸ ਤੋਂ ਵੀ ਵੱਧ ਅਰਥਾਂ ਦਾ ਹੋਣਾ ਹੀ ਹੈ। ਅਕਸ਼ ਅਤੇ ਅਕਸ਼ਿ ਸ਼ਬਦਾਂ ਦੀ ਸ਼ਬਦ-ਬਣਤਰ/ਸ਼ਬਦਕਾਰੀ ਵਿੱਚ ਵੀ ਕਸ਼ੈ ਅੱਖਰ ਦੇ ਦੋ ਤੋਂ ਵੱਧ ਅਰਥ ਅਤੇ ਸਿਹਾਰੀ ਦੇ ਆਪਣੇ ਇੱਕ ਵਿਸ਼ੇਸ਼ ਅਰਥ ਹੀ ਅੰਤਰ ਪਾ ਰਹੇ ਹਨ (ਵਿਸਤ੍ਰਿਤ ਵੇਰਵਾ ਕਿਸੇ ਵੱਖਰੇ ਲੇਖ ਵਿੱਚ)।

         ਅੰਤ ਵਿੱਚ ਇਹੋ ਹੀ ਆਖਿਆ ਜਾ ਸਕਦਾ ਹੈ ਕਿ ਅਖਾੜਾ ਸ਼ਬਦ ਭਾਵੇਂ ਅਕਸ਼ਿਵਾਟ ਤੋਂ ਬਣਿਆ ਹੋਵੇ ਤੇ ਭਾਵੇਂ ਅਕਸ਼ਾਰ ('ਮਹਾਨ ਕੋਸ਼' ਅਨੁਸਾਰ) ਸ਼ਬਦ ਤੋਂ, ਇਹਨਾਂ ਵਿੱਚ ਅੱਖ ਸ਼ਬਦ ਦੇ ਅਰਥ ਅਕਸ਼ਿ ਸ਼ਬਦ ਤੋਂ ਹੀ ਆਏ ਹਨ ਜਿਸ ਦੀ ਬਦੌਲਤ ਅਖਾੜਾ ਸ਼ਬਦ ਦਾ ਸੰਬੰਧ ਮੰਚ ਦੇ ਨਾਲ਼-ਨਾਲ਼ ਉਪਰੋਕਤ ਅਨੁਸਾਰ ਦਰਸ਼ਕਾਂ (ਦੇਖਣ ਵਾਲ਼ਿਆਂ) ਨਾਲ਼ ਵੀ ਜੁੜਿਆ ਹੋਇਆ ਹੈ ਕਿਉਂਕਿ ਦਰਸ਼ਕ ਸ਼ਬਦ ਵੀ ਅਕਸ਼ਿ (ਅੱਖ) ਤੋਂ ਹੀ ਬਣਿਆ ਹੋਇਆ ਹੈ। ਇਸ ਤੋਂ ਬਿਨਾਂ 'ਦਰਸ਼ਕ' ਸ਼ਬਦ ਵਿੱਚ ਪਿਛੇਤਰ ਦੇ ਰੂਪ ਵਿੱਚ ਲੱਗੀ ਹੋਈ 'ਕ' ਧੁਨੀ ਦੇ ਅਰਥ ਹਨ- ਵਾਲ਼ਾ, ਕਰਨ ਵਾਲ਼ਾ (ਕਰਤਰੀ ਨਾਂਵ ਬਣਾਉਣ ਵਾਲ਼ਾ); ਜਿਵੇਂ: ਚਾਲਕ (ਚਲਾਉਣ ਵਾਲ਼ਾ), ਅਧਿਆਪਕ (ਅਧਿਆਪਨ ਕਰਨ ਵਾਲ਼ਾ), ਸੰਪਾਦਕ (ਸੰਪਾਦਨ ਕਰਨ ਵਾਲ਼ਾ), ਲੇਖਕ (ਲਿਖਣ ਵਾਲ਼ਾ) ਆਦਿ। 

     ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 'ਅਕਸ਼ਿਵਾਟ' ਸ਼ਬਦ ਵਿਚਲੇ ਦੋ ਸ਼ਬਦਾਂ-  ਅਕਸ਼ਿ (ਅੱਖ) ਅਤੇ ਵਾਟ (ਮੰਚ/ਘੇਰਾ) ਸ਼ਬਦਾਂ ਦੀ ਸ਼ਮੂਲੀਅਤ ਤੋਂ ਬਗ਼ੈਰ ਅਖਾੜਾ ਸ਼ਬਦ ਦੇ ਅਰਥ ਮੁਕੰਮਲ ਹੋ ਹੀ ਨਹੀਂ ਸਕਦੇ; ਘੱਟੋ-ਘੱਟ ਅਖਾੜਾ (ਅਕਸ਼ਿਵਾਟ) ਸ਼ਬਦ ਦੇ ਅਰਥ ਹਿੰਦੀ ਭਾਸ਼ਾ ਦੇ ਇੱਕ ਨਿਰੁਕਤਕਾਰ ਜਿਸ ਦਾ ਹਵਾਲਾ ਪਿਛਲੇ ਲੇਖ ਵਿੱਚ ਦਿੱਤਾ ਗਿਆ ਹੈ, ਦੇ ਅਨੁਸਾਰ "ਸ਼ਤਰੰਜ ਦੀ ਖੇਡ ਦਾ ਅਖਾੜਾ" ( ! ) ਤਾਂ ਬਿਲਕੁਲ ਹੀ ਨਹੀਂ ਹਨ। ਅਕਸ਼ਵਾਟ (ਸ਼ਤਰੰਜ ਜਾਂ ਪਾਸਿਆਂ ਦੀ ਖੇਡ) ਸ਼ਬਦ ਦੇ ਅਰਥ ਹੋਰ ਹਨ ਅਤੇ ਅਕਸ਼ਿਵਾਟ (ਅਖਾੜਾ) ਸ਼ਬਦ ਦੇ ਹੋਰ। ਦਰਅਸਲ ਸਮੇਂ ਦੇ ਬੀਤਣ ਨਾਲ਼ 'ਅਕਸ਼ਿਵਾਟ' ਸ਼ਬਦ ਵਿਚਲੀ ਸਿਹਾਰੀ ਹੁਣ ਇਸ ਵਿੱਚੋਂ ਅਲੋਪ ਹੋ ਚੁੱਕੀ ਹੈ ਜਿਸ ਕਾਰਨ ਉਪਰੋਕਤ ਲੇਖਕ ਇੱਕ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਗਿਆ ਹੈ।

                      .................

ਜਸਵੀਰ ਸਿੰਘ ਪਾਬਲਾ,

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.

ਉੱਚੀ ਸੁੱਚੀ ਸੋਚ ✍️ ਮਨਜੀਤ ਕੌਰ ਧੀਮਾਨ

ਚੱਲ ਅੱਜ ਤੈਨੂੰ ਕਿਤੇ ਘੁੰਮਾਂ ਕੇ ਲਿਆਉਂਦਾ ਹਾਂ। ਤੂੰ ਵੀ ਕਹੇਂਗੀ ਕਿ ਕਿੱਦਾਂ ਦਾ ਘਰਵਾਲ਼ਾ ਮਿਲ਼ ਗਿਆ। ਹਨੀਮੂਨ ਤਾਂ ਦੂਰ ਦੀ ਗੱਲ ਕਿਤੇ ਨੇੜੇ ਤੇੜੇ ਵੀ ਘੁੰਮਾਉਣ ਨਹੀਂ ਲੈ ਕੇ ਗਿਆ। ਮਨਪ੍ਰੀਤ ਨੇ ਕੁੱਝ ਕੁ ਜਕਦਿਆਂ ਆਪਣੀ ਨਵੀਂ ਨਵੇਲੀ ਘਰਵਾਲ਼ੀ ਨੂੰ ਕਿਹਾ।

           ਨਹੀਂ, ਨਹੀਂ,ਜੀ । ਏਹੋ ਜਿਹੀ ਤਾਂ ਕੋਈ ਗੱਲ ਨਹੀਂ ਹੈ। ਜਦੋਂ ਤੁਹਾਡੇ ਕੋਲ ਸਮਾਂ ਹੋਇਆ ਓਦੋਂ ਘੁੰਮ ਆਵਾਂਗੇ। ਕੰਮ ਵੀ ਜ਼ਰੂਰੀ ਹੈ। ਮੈਂ ਬਿਲਕੁੱਲ ਠੀਕ ਹਾਂ। ਤੁਸੀਂ ਮੇਰੀ ਫ਼ਿਕਰ ਨਾ ਕਰੋ।

ਪਤਨੀ ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ।

         ਓਹ,ਦਰਅਸਲ ਵਿਆਹ ਵਿੱਚ ਬਜ਼ਟ ਤੋਂ ਕੁੱਝ ਵਧੇਰੇ ਹੀ ਖਰਚਾ ਹੋ ਗਿਆ ਤੇ ਏਸੇ ਕਰਕੇ ਮੈਂ ਹਨੀਮੂਨ ਲਈ ਕੋਈ ਵਧੀਆ ਯੋਜਨਾ ਨਹੀਂ ਬਣਾ ਸਕਿਆ। ਉੱਤੋਂ ਕੰਮ ਤੋਂ ਵੀ ਕਾਫ਼ੀ ਛੁੱਟੀਆਂ ਹੋ ਗਈਆਂ ਤੇ ਜੇਕਰ ਹੁਣ ਛੁੱਟੀਆਂ ਲਵਾਂਗਾ ਤਾਂ ਤਨਖਾਹ 'ਚੋਂ ਕੁੱਝ ਪੱਲੇ ਨਹੀ ਪੈਣਾ। ਇਸ ਲਈ..... ਮਨਪ੍ਰੀਤ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ।

                  ਕੋਈ ਗੱਲ ਨਹੀਂ ਜੀ। ਤੁਸੀਂ ਹਜੇ ਮਨ ਲਗਾ ਕੇ ਕੰਮ ਕਰੋ। ਜਦੋਂ ਸੰਭਵ ਹੋਇਆ ਚੱਲ ਪਵਾਂਗੇ ਕਿਤੇ। ਵੈਸੇ ਕਿਤੇ ਜਾਣਾ ਕੋਈ ਜ਼ਰੂਰੀ ਵੀ ਨਹੀਂ ਹੈ। ਸੱਭ ਤੋਂ ਪਹਿਲਾਂ ਅਸੀਂ ਦੋਵਾਂ ਨੇ ਮਿਲ਼ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਣੀ ਹੈ। ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ। 

                 ਤੂੰ ਤਾਂ ਬਹੁਤ ਸਮਝਦਾਰ ਹੈਂ। ਪਰ ਫੇਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੇਰੇ ਸਾਰੇ ਸ਼ੌਂਕ ਤੇ ਸੁਪਨੇ ਪੂਰੇ ਕਰ ਸਕਾਂ। 'ਤੇ ਹਾਂ....! ਅੱਜ ਆਪਾਂ ਰਾਤ ਦੀ ਰੋਟੀ ਬਾਹਰ ਖਾ ਕੇ ਆਵਾਂਗੇ। ਤੂੰ ਤਿਆਰ ਰਹੀਂ। ਐਨਾ ਤਾਂ ਮੈਂ ਕਰ ਹੀ ਸਕਦਾ ਹਾਂ। ਮਨਪ੍ਰੀਤ ਦਾ ਮਨ ਖੁਸ਼ੀ ਨਾਲ਼ ਭਰ ਗਿਆ ਸੀ।

            ਜੀ, ਉਹ ਤਾਂ ਠੀਕ ਹੈ। ਪਰ ਤੁਹਾਨੂੰ ਮੇਰੀ ਪਸੰਦ ਦੀ ਜਗ੍ਹਾ ਤੇ ਚੱਲਣਾ ਪਵੇਗਾ। ਗੁਰਪ੍ਰੀਤ ਹੱਸਦੇ ਹੋਏ ਬੋਲੀ।

                  ਠੀਕ ਹੈ....... ਸੋਚਦਿਆਂ ਹੋਇਆਂ ਮਨਪ੍ਰੀਤ ਕੰਮ ਤੇ ਚਲਾ ਗਿਆ। ਪਤਾ ਨਹੀਂ ਗੁਰਪ੍ਰੀਤ ਕਿੱਥੇ ਜਾਣ ਲਈ ਕਹੇਗੀ! ਜੇ ਕਿਤੇ ਪੈਸੇ ਘੱਟ ਗਏ ਤਾਂ ਉਹ ਕੀ ਸੋਚੇਗੀ ਮੇਰੇ ਬਾਰੇ। ਇਹ ਸੋਚ ਕੇ ਉਸਨੇ ਇੱਕ ਦੋਸਤ ਤੋਂ ਕੁੱਝ ਰੁਪਏ ਉਧਾਰ ਫੜ ਲਏ।

                ਸ਼ਾਮ ਨੂੰ ਮਨਪ੍ਰੀਤ ਘਰ ਪਹੁੰਚਿਆ ਤਾਂ ਗੁਰਪ੍ਰੀਤ ਸੋਹਣਾ ਸੂਟ ਪਾ ਕੇ ਤਿਆਰ ਹੋ ਰਹੀ ਸੀ। ਤਿਆਰ ਹੋ ਕੇ ਦੋਵੇਂ ਬਾਹਰ ਨਿਕਲੇ ਤਾਂ ਮਨਪ੍ਰੀਤ ਨੇ ਪੁੱਛਿਆ, ਹਾਂਜੀ ਦੱਸੋ ਜਨਾਬ ਕਿੱਥੇ ਜਾਣਾ ਹੈ?

               " ਗੁਰਦੁਆਰੇ।" ਗੁਰਪ੍ਰੀਤ ਸ਼ਾਂਤ ਚਿੱਤ ਹੋ ਕੇ ਬੋਲੀ।

                ਹੈਂ! ਗੁਰੂਦੁਵਾਰੇ..?

ਮਨਪ੍ਰੀਤ ਨੇ ਹੈਰਾਨੀ ਨਾਲ ਕਿਹਾ।

               ਹਾਂਜੀ, ਗੁਰੂਦਵਾਰੇ। ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਬਾਹਰ ਜਾ ਰਹੇ ਹਾਂ। ਇਸ ਲਈ ਸੱਭ ਤੋਂ ਪਹਿਲਾਂ ਅਸੀਂ ਗੁਰੂਦਵਾਰੇ ਮੱਥਾ ਟੇਕਣ ਜਾਵਾਂਗੇ। ਤੇ ਉੱਥੇ ਹੀ ਅੰਮ੍ਰਿਤ ਵਰਗਾ ਲੰਗਰ ਛਕਾਂਗੇ। ਮੇਰੀ ਤਾਂ ਇਹੀ ਇੱਛਾ ਹੈ, ਬਾਕੀ ਜਿਵੇਂ ਤੁਹਾਡੀ ਮਰਜ਼ੀ। ਗੁਰਪ੍ਰੀਤ ਨੇ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਕਿਹਾ।

               ਵਾਹ...! ਐਡੀ ਉੱਚੀ ਸੁੱਚੀ ਸੋਚ। ਮਨਪ੍ਰੀਤ ਨੇ ਐਨਾ ਹੀ ਕਿਹਾ। ਹੁਣ ਉਹ  ਮੋਟਸਾਈਕਲ ਸਟਾਰਟ ਕਰਕੇ ਸਾਰੀਆਂ ਫ਼ਿਕਰਾਂ ਤੇ ਸੋਚਾਂ ਤੋਂ ਮੁਕਤ ਹੋ ਕੇ ਗੁਰਪ੍ਰੀਤ ਨਾਲ ਗੁਰੂਦੁਆਰੇ ਵੱਲ ਚੱਲ ਪਿਆ।

 

ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ , ਸੰ:9464633059

ਜ਼ਿੰਦਗੀ ਤੇ ਨੇਕੀ ✍️ ਹਰਪ੍ਰੀਤ ਕੌਰ ਸੰਧੂ

ਜ਼ਿੰਦਗੀ ਇਨ੍ਹੀਂ ਸੌਖੀ ਵੀ ਨਹੀਂ ਜਿੰਨ੍ਹੀ ਲੱਗਦੀ ਹੈ ਤੇ ਇਨ੍ਹੀ ਔਖੀ ਵੀ ਨਹੀਂ ਜਿੰਨ੍ਹੀ ਮਹਿਸੂਸ ਹੁੰਦੀ ਹੈ। ਇਸਦਾ ਸੌਖਾ ਜਾਂ ਔਖਾ ਹੋਣਾ ਤੁਹਾਡੇ ਤੇ ਨਿਰਭਰ ਹੈ।ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ ਇਹ ਮਹੱਤਵਪੂਰਨ ਹੈ।ਜਿਵੇਂ ਤੁਸੀਂ ਸੋਚਦੇ ਹੋ ਉਸੇ ਤਰ੍ਹਾਂ ਦੀ ਜ਼ਿੰਦਗ਼ੀ ਹੋ ਜਾਂਦੀ ਹੈ। ਖੁੱਲ ਕੇ ਜੀਓ ਤਾਂ ਜ਼ਿੰਦਗੀ ਖੁਸ਼ਗਵਾਰ ਹੈ। ਨੱਪ ਨੂੰੜ ਕੇ ਜੀਓ ਤਾਂ ਪਲ ਵੀ ਔਖਾ ਲੰਘਦਾ ਹੈ।ਕਿਸੇ ਨੂੰ ਗਿਲਾਸ ਅੱਧਾ ਖਾਲੀ ਦਿੱਸਦਾ ਹੈ ਤੇ ਕਿਸੇ ਨੂੰ ਅੱਧਾ ਭਰਿਆ।ਬਸ ਨਜ਼ਰੀਏ ਦੀ ਗੱਲ ਹੈ।ਜਦੋਂ ਤੁਸੀਂ ਕਿਸੇ ਨੂੰ ਤਕਲੀਫ਼ ਦਿੰਦੇ ਹੋ ਤਾਂ ਆਪ ਵੀ ਖੁਸ਼ ਨਹੀਂ ਰਹਿੰਦੇ। ਸਿੱਧਾ ਹਿਸਾਬ ਹੈ ਜੋ ਤੁਸੀਂ ਦੂਜਿਆਂ ਨੂੰ ਦੇਵੋਗੇ ਉਹ ਦੋਗੁਣਾ ਹੋ ਕੇ ਤੁਹਾਨੂੰ ਮਿਲੇਗਾ। ਬਸ ਚੰਗਾ ਕਰੋ ਤੇ ਖੁਸ਼ ਰਹੋ। ਕਰਮਾਂ ਦਾ ਹਿਸਾਬ ਕੁਦਰਤ ਆਪ ਕਰਦੀ ਹੈ।ਤੁਸੀਂ ਆਪਣਾ ਕੰਮ ਕਰੋ।ਦੂਜਿਆਂ ਨਾਲ ਓਹੋ ਜਿਹਾ ਵਿਹਾਰ ਕਰੋ ਹੋ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਨਾਲ ਕਰਨ। ਇੱਕ ਬੱਚਾ ਇੰਗਲੈਂਡ ਦੇ ਇਕ ਪਿੰਡ ਵਿੱਚ ਅੱਗ ਵਿੱਚ ਘਿਰਿਆ ਹੋਇਆ ਸੀ। ਇੱਕ ਕਿਸਾਨ ਨੇ ਉਸਨੂੰ ਬਚਾ ਲਿਆ। ਜਦੋਂ ਉਹ ਬੱਚੇ ਨੂੰ ਘਰ ਛੱਡਣ ਗਿਆ ਤਾਂ ਬੱਚੇ ਦੇ ਪਿਤਾ ਸਰ ਚਰਚਿਲ ਨੇ ਉਸਨੂੰ ਪੈਸੇ ਦੇਣੇ ਚਾਹੇ। ਕਿਸਾਨ ਨੇ ਪੈਸੇ ਲੈਣ ਤੋ ਨਾਂਹ ਕਰ ਦਿੱਤੀ। ਉਸਨੇ ਕਿਹਾ ਕਿ ਮੱਦਦ ਕਰਨਾ ਚਾਹੁੰਦੇ ਹੋ ਤਾਂ ਮੇਰੇ ਬੱਚੇ ਨੂੰ ਪੜ੍ਹਾ ਦਿਓ। ਸਰ ਚਰਚਿਲ ਮੰਨ ਗਏ। ਉਹ ਬੱਚਾ ਵੱਡਾ ਹੋ ਕੇ ਅਲੈਗਜੈਂਡਰ ਫਲੇਮਿੰਗ ਬਣਿਆ ਜਿਸ ਨੇ ਪੈਂਸਿਲਿਨ ਦੀ ਖੋਜ ਕੀਤੀ। ਉਸਦੀ ਇਸ ਦਵਾ ਨੇ ਸਿਰ ਵਿੰਸਟਨ ਚਰਚਿਲ ਦੀ ਜਾਨ ਬਚਾਈ ਜੀ ਕਿ ਸਰ ਚਰਚਿਲ ਦਾ ਬੇਟਾ ਸੀ ਜਿਸਨੇ ਉਸਦੀ ਪੜ੍ਹਾਈ ਦਾ ਖਰਚਾ ਚੁੱਕਿਆ ਸੀ। ਚੰਗਿਆਈ ਘੁੰਮ ਕੇ ਵਾਪਿਸ ਆਉਂਦੀ ਹੈ। ਸੋ ਨੇਕ ਕੰਮ ਕਰੋ ਤੇ ਖੁਸ਼ ਰਹੋ।

 

ਹਰਪ੍ਰੀਤ ਕੌਰ ਸੰਧੂ

ਸ਼ਬਦਾਂ ਦੀ ਪਰਵਾਜ (  'ਅਖਾੜਾ' ਸ਼ਬਦ ਕਿਵੇਂ ਬਣਿਆ? ) ✍️ ਜਸਵੀਰ ਸਿੰਘ ਪਾਬਲਾ

 'ਅਖਾੜਾ' ਸ਼ਬਦ ਕਿਵੇਂ ਬਣਿਆ?

      (ਸਾਡੀ ਮੌਜੂਦਾ ਨਿਰੁਕਤਕਾਰੀ ਦੇ ਸੰਦਰਭ ਵਿੱਚ)

           ਦੇਖਣ ਵਿੱਚ ਆਇਆ ਹੈ ਕਿ ਸਾਡੇ ਹੁਣ ਤੱਕ ਦੇ ਬਹੁਤੇ ਨਿਰੁਕਤਕਾਰ ਸ਼ਬਦਾਂ ਦਾ ਖੁਰਾ-ਖੋਜ ਲੱਭਣ ਸਮੇਂ ਸ਼ਬਦਾਂ ਦੇ ਮੂਲ ਤੱਕ ਪਹੁੰਚਦਿਆਂ-ਪਹੁੰਚਦਿਆਂ ਅਕਸਰ ਦਿਸ਼ਾਹੀਣ ਹੋ ਜਾਂਦੇ ਹਨ ਅਤੇ ਇੱਕ ਵਿਸ਼ੇਸ਼ ਹੱਦ ਤੋਂ ਪਾਰ ਜਾਣ ਵਿੱਚ ਲਗ-ਪਗ ਅਸਫਲ ਹੀ ਰਹਿੰਦੇ ਹਨ ਤੇ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਉਹ ਅੱਕੀਂ-ਪਲ਼ਾਹੀਂ ਹੱਥ-ਪੈਰ ਮਾਰਦੇ ਦਿਖਾਈ ਦਿੰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਹੈ: .ਧੁਨੀਆਂ ਦੇ ਅਰਥਾਂ ਦੀ ਅਣਹੋਂਦ। ਅਜਿਹੇ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ- ਅਖਾੜਾ। ਅੱਜ ਦੇਖਦੇ ਹਾਂ ਕਿ ਸਾਡੇ ਅਜੋਕੇ ਨਿਰੁਕਤਕਾਰ ਇਸ ਸ਼ਬਦ ਦੀ ਨਿਰੁਕਤਕਾਰੀ ਨੂੰ ਕਿਵੇਂ ਅੰਜਾਮ ਦੇ ਰਹੇ ਹਨ ਅਤੇ ਮੂਲ ਰੂਪ ਵਿੱਚ ਇਸ ਸ਼ਬਦ ਦੀ ਸ਼ਬਦਕਾਰੀ ਸਾਡੇ ਵੱਡੇ-ਵਡੇਰਿਆਂ ਵੱਲੋਂ ਕਿਵੇਂ ਕੀਤੀ ਗਈ ਹੈ? 

        ਅਖਾੜਾ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ-  ਅਕਸ਼+ਵਾਟ (अक्ष+वाट) ਸ਼ਬਦਾਂ ਤੋਂ ਹੋਂਦ ਵਿੱਚ ਆਇਆ ਹੈ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਸ਼ਬਦ ਦੇ ਪਹਿਲੇ ਭਾਗ "ਅਕਸ਼" ਦੇ ਕੁੱਲ ਪੰਦਰਾਂ ਦੇ ਕਰੀਬ ਅਰਥ ਦੱਸੇ ਗਏ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ- ਗੱਡੀ ਦੀ ਧੁਰੀ ਜਾਂ ਧੁਰਾ, ਤੱਕੜੀ ਦੀ ਡੰਡੀ, ਰੁਦਰਾਕਸ਼, ਗਿਆਨ, ਚੌਸਰ ਜਾਂ ਸ਼ਤਰੰਜ ਦਾ ਪਾਸਾ ਜਾਂ ਪਾਸ਼ਾ (ਸੰਸਕ੍ਰਿਤ ਦੇ 'ਪਾਸ਼ਕ' ਸ਼ਬਦ ਤੋਂ ਬਣਿਆ ), ਗਰੁੜ, ਕਨੂੰਨੀ ਕਾਰਜ-ਵਿਧੀ (ਮੁਕੱਦਮਾ) ਆਦਿ। ਇਸ ਪ੍ਰਕਾਰ ਇੱਥੇ ਕਿਧਰੇ ਵੀ "ਅਕਸ਼ਵਾਟ" ਸ਼ਬਦ ਦੇ ਅਰਥ ਸ਼ਤਰੰਜ ਦਾ 'ਅਖਾੜਾ' ਨਹੀਂ ਦਿੱਤੇ ਗਏ ਹਨ, ਹਾਂ ਇਸ ਵਿਚਲੇ ਇੱਕ ਸ਼ਬਦ ਅਕਸ਼ ਦੇ ਅਰਥ 'ਸ਼ਤਰੰਜ ਦਾ ਪਾਸਾ' (ਲੱਕੜੀ ਦਾ ਟੁਕੜਾ ਜਿਸ ਉੱਤੇ ਦੋ ਤੋਂ ਛੇ ਤੱਕ ਦੇ ਨਿਸ਼ਾਨ ਜਾਂ ਬਿੰਦੀਆਂ ਉੱਕਰੀਆਂ ਹੋਈਆਂ ਹੁੰਦੀਆਂ ਹਨ) ਅਤੇ ਇਸੇ ਸ਼ਬਦ ਦੇ ਅਰਥ-ਵਿਸਤਾਰ ਵਜੋਂ ਅਕਸ਼ਵਾਟ (अक्ष:वाट:) ਸ਼ਬਦ ਦੇ ਅਰਥ "ਜੂਆਖ਼ਾਨਾ" ਜਾਂ "ਜੂਏ ਦੀ ਮੇਜ਼" ਜ਼ਰੂਰ ਦਿੱਤੇ ਗਏ ਹਨ। ਪਰ ਇਸ ਦੇ ਬਾਵਜੂਦ ਸਾਡਾ ਵਰਤਮਾਨ ਸਮੇਂ ਦਾ ਹਿੰਦੀ ਭਾਸ਼ਾ ਦਾ ਇੱਕ ਨਿਰੁਕਤਕਾਰ 'ਅਖਾੜਾ' ਸ਼ਬਦ ਦੀ ਨਿਰੁਕਤੀ ਨੂੰ ਮਨ-ਚਿਤਵੇ ਢੰਗ ਨਾਲ਼ ਇਸ ਪ੍ਰਕਾਰ ਦਰਸਾ ਰਿਹਾ ਹੈ: ਅਕਸ਼ਵਾਟ: >ਅੱਖਾਡਾਅ (अक्खाडअ) > ਅਖਾੜਾ ਅਰਥਾਤ ਉਸ ਅਨੁਸਾਰ ਇਹ ਸ਼ਬਦ ਪਹਿਲਾਂ ਅਕਸ਼ਵਾਟ ਤੋਂ 'ਅੱਖਾਡਅ' ਅਤੇ ਫਿਰ ਅੱਖਾਡਅ ਤੋਂ 'ਅਖਾੜਾ' ਵਿੱਚ ਤਬਦੀਲ ਹੋਇਆ ਹੈ। ਇਸ ਪ੍ਰਕਾਰ ਉਸ ਅਨੁਸਾਰ "ਅਖਾੜਾ" ਸ਼ਬਦ ਪਹਿਲਾਂ ਜੂਏ ਜਾਂ ਸ਼ਤਰੰਜ ਦੀ ਖੇਡ ਨਾਲ਼ ਹੀ ਸੰਬੰਧਿਤ ਸੀ ਪਰ ਹੌਲ਼ੀ-ਹੌਲ਼ੀ ਇਹ ਸ਼ਬਦ ਰੰਗ-ਮੰਚ ਜਾਂ ਘੋਲ਼/ਕੁਸ਼ਤੀਆਂ ਆਦਿ ਲਈ ਵੀ ਵਰਤਿਆ ਜਾਣ ਲੱਗਿਆ।

        ਇਸ ਤੋਂ ਉਲਟ ਸੰਸਕ੍ਰਿਤ-ਕੋਸ਼ਾਂ ਅਨੁਸਾਰ ਅਖਾੜਾ ਸ਼ਬਦ ਵੀ ਭਾਵੇਂ ਅਕਸ਼ਵਾਟ ਸ਼ਬਦ ਤੋਂ ਹੀ ਬਣਿਆ ਹੈ ਪਰ ਇਹ ਸ਼ਬਦ 'ਅਕਸ਼' ਅਰਥਾਤ 'ਪਾਸਾ' ਦੇ ਅਰਥਾਂ ਤੋਂ ਨਹੀਂ ਸਗੋਂ 'ਅਕਸ਼ਿ' ਸ਼ਬਦ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ "ਅੱਖ" ਹਨ। ਇਸ ਲਈ ਇਸ ਸ਼ਬਦ ਦੇ ਅਰਥ ਉਪਰੋਕਤ ਲੇਖਕ ਦੁਆਰਾ ਚਿਤਵੇ ਹੋਏ ਅਰਥਾਂ ਅਨੁਸਾਰ 'ਸ਼ਤਰੰਜ ਦਾ ਪਾਸਾ' ਨਹੀਂ ਹਨ ਸਗੋਂ ਇੱਥੇ ਇਸ ਸ਼ਬਦ ਦੇ ਅਰਥ "ਅੱਖ" ਹਨ। ਸੰਸਕ੍ਰਿਤ ਵਿਚਲੀ 'ਕਸ਼ੈ' (क्ष) ਅੱਖਰ ਦੀ ਧੁਨੀ ਅਕਸਰ ਪੰਜਾਬੀ ਵਿੱਚ ਆ ਕੇ 'ਖ'  ਦੀ ਧੁਨੀ ਵਿੱਚ ਬਦਲ ਜਾਂਦੀ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ਅਕਸ਼ਿਵਾਟ (ਪ੍ਰਚਲਿਤ ਰੂਪ ਅਕਸ਼ਵਾਟ) ਤੋਂ ਬਣੇ ਅਖਾੜਾ ਸ਼ਬਦ ਵਿੱਚ ਅੱਖ ਤੋਂ ਭਾਵ ਹੈ: ਸੰਬੰਧਿਤ ਸਥਾਨ ਦੇ ਆਲ਼ੇ-ਦੁਆਲ਼ੇ ਬੈਠ ਕੇ ਰੰਗ-ਮੰਚ 'ਤੇ ਹੋਣ ਵਾਲ਼ੇ ਪ੍ਰਕਾਰਜ ਨੂੰ "ਦੇਖਣ ਵਾਲ਼ੇ ਲੋਕ" ਅਰਥਾਤ "ਦਰਸ਼ਕ"। ਇਸ ਪ੍ਰਕਾਰ ਇਹ ਸ਼ਬਦ ''ਅਕਸ਼ਿਵਾਟ' ਤੋਂ ਅਕਸ਼ਵਾਟ ਦੇ ਰੂਪ ਵਿੱਚ ਬਦਲਿਆ ਹੈ ਅਰਥਾਤ ਸਮੇਂ ਦੇ ਗੇੜ ਨਾਲ਼ ਜਾਂ ਲੋਕ-ਉਚਾਰਨ ਵਿੱਚ ਸੁਖੈਨਤਾ ਲਿਆਉਣ ਦੀ ਖ਼ਾਤਰ ਇਸ ਵਿੱਚੋਂ ਸਿਹਾਰੀ ਦੀ ਮਾਤਰਾ ਅਲੋਪ ਹੋ ਗਈ ਹੈ ਜਾਂ ਵਿਦਵਾਨਾਂ ਦੁਆਰਾ ਬਾਅਦ ਵਿੱਚ ਅਲੋਪ ਕਰ ਦਿੱਤੀ ਗਈ ਹੈ। ਇਸ ਦਾ ਇੱਕ ਸਬੂਤ ਇਹ ਹੈ ਕਿ 'ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਵਿਦਵਾਨ 'ਡਾ. ਸ਼ਿਆਮ ਦੇਵ ਪਾਰਾਸ਼ਰ' (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਵੀ ਪੰਜਾਬੀ ਦਾ "ਅਖਾੜਾ" ਸ਼ਬਦ ਸੰਸਕ੍ਰਿਤ ਭਾਸ਼ਾ ਦੇ 'ਅਕਸ਼ਵਾਟ' ਸ਼ਬਦ ਤੋਂ ਹੀ ਬਣਿਆ ਹੈ। ਅਕਸ਼ਵਾਟ ਵਿਚਲੇ ਦੂਜੇ ਸ਼ਬਦ 'ਵਾਟ' ਦੇ ਅਰਥ ਹਨ- ਵਾੜ, ਘੇਰਾ ਜਾਂ ਕਿਸੇ ਕਰਤੱਬ ਨੂੰ ਕਰਨ ਵਾਲ਼ੇ ਕਲਾਕਾਰਾਂ ਜਾਂ ਖਿਡਾਰੀਆਂ ਆਦਿ ਦੁਆਰਾ ਕਿਸੇ ਜਗ੍ਹਾ ਦਾ ਘੇਰਿਆ ਹੋਇਆ ਕੁਝ ਭਾਗ।

       ਪਰ ਹਿੰਦੀ ਭਾਸ਼ਾ ਦੇ ਨਿਰੁਕਤਕਾਰ ਜਿਸ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿੱਚ ਕੀਤਾ ਗਿਆ ਹੈ, ਦਾ ਮੱਤ ਇਹ ਹੈ ਕਿ ਅਖਾੜਾ ਸ਼ਬਦ 'ਅਕਸ਼' ਸ਼ਬਦ ਦੇ ਉੱਪਰ ਦੱਸੇ ਗਏ ਅਰਥਾਂ ਵਿਚਲੇ ਇੱਕ ਅਰਥ, "ਚੌਸਰ ਜਾਂ ਸ਼ਤਰੰਜ ਦਾ ਪਾਸਾ" ਦੇ ਅਰਥਾਂ ਤੋਂ ਵਿਕਸਿਤ ਹੋਇਆ ਹੈ। ਉਸ ਅਨੁਸਾਰ ਉਹ ਥਾਂ ਜਿੱਥੇ ਪੁਰਾਤਨ ਸਮਿਆਂ ਦੇ ਕੁਝ ਲੋਕ ਇਕੱਠੇ ਹੋ ਕੇ ਸ਼ਤਰੰਜ ਦੀ ਖੇਡ ਖੇਡਿਆ ਕਰਦੇ ਸਨ, ਤੋਂ ਵਿਕਸਿਤ ਹੋ ਕੇ ਹੌਲ਼ੀ-ਹੋਲ਼ੀ ਮੌਜੂਦਾ ਸਮੇਂ ਦੇ ਸ਼ਬਦ 'ਅਖਾੜਾ' ਦੇ ਅਰਥਾਂ ਵਿੱਚ ਤਬਦੀਲ ਹੋਇਆ ਹੈ ਤੇ ਫਿਰ ਬਾਅਦ ਵਿੱਚ ਇਹੋ ਸ਼ਬਦ ਹੋਰ ਖੇਡਾਂ /ਕੁਸ਼ਤੀਆਂ ਜਾਂ ਰੰਗ-ਮੰਚ ਆਦਿ ਨਾਲ਼ ਵੀ ਜੋੜਿਆ ਜਾਣ ਲੱਗਾ। 

        ਮੇਰੀ ਜਾਚੇ  ਉਹਨਾਂ ਦੀ ਇਹ ਦਲੀਲ ਉੱਕਾ ਹੀ ਨਿਰਮੂਲ ਹੈ ਕਿਉਂਕਿ ਸ਼ਤਰੰਜ ਦੀ ਖੇਡ ਕਦੇ ਵੀ ਲੋਕਾਂ ਵਿੱਚ ਏਨੀ ਹਰਮਨ-ਪਿਆਰੀ ਨਹੀਂ ਰਹੀ ਕਿ ਪੁਰਾਤਨ ਸਮਿਆਂ ਦੇ ਆਮ ਲੋਕ ਵੀ ਇਹ ਖੇਡ ਖੇਡਦੇ ਹੋਣਗੇ ਜਾਂ ਬਹੁਤੇ ਲੋਕ ਇਸ ਖੇਡ ਨੂੰ ਖੇਡਦਿਆਂ ਦੇਖਣ ਲਈ ਜਾਇਆ ਵੀ ਕਰਦੇ ਹੋਣਗੇ ਜਾਂ ਇਸ ਖੇਡ  ਦਾ ਨਾਂ ਤੱਕ ਵੀ ਜਾਣਦੇ ਹੋਣਗੇ। ਇਸ ਦੇ ਉਲਟ ਇਹ ਖੇਡ ਤਾਂ ਵਧੇਰੇ ਕਰਕੇ ਅਮੀਰ ਲੋਕਾਂ ਜਾਂ ਰਾਜੇ-ਰਜਵਾੜਿਆਂ ਤੱਕ ਹੀ ਸੀਮਿਤ ਰਹੀ ਹੈ ਜਦਕਿ 'ਅਖਾੜਾ' ਸ਼ਬਦ ਸਾਡੇ ਪੁਰਾਤਨ ਸੱਭਿਆਚਾਰ ਨਾਲ਼ ਸੰਬੰਧਿਤ ਇੱਕ ਅਜਿਹਾ ਸ਼ਬਦ ਹੈ ਜਿਸ ਤੋਂ ਸਾਡੇ ਆਮ ਲੋਕ ਵੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਉਹ ਜਾਣਦੇ ਸਨ ਕਿ ਅਖਾੜਾ ਕੀ ਹੁੰਦਾ ਹੈ ਤੇ ਇਸ ਵਿੱਚ ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਾਂ ਕਿਹੋ-ਜਿਹੇ ਕਰਤੱਬ ਦਿਖਾਏ ਜਾਂਦੇ ਹਨ ਅਤੇ ਇਹਨਾਂ ਨੂੰ ਦੇਖਣ ਵਾਲ਼ੇ ਲੋਕ ਕੌਣ ਹੁੰਦੇ ਹਨ ਅਤੇ ਉਹ ਕਿੱਥੇ ਬੈਠ ਕੇ ਅਖਾੜੇ ਵਿੱਚ ਹੋ ਰਹੀਆਂ ਇਹਨਾਂ ਗਤੀਵਿਧੀਆਂ ਦਾ ਅਨੰਦ ਮਾਣਦੇ ਹਨ। 

          ਸੋ, ਜਾਪਦਾ ਹੈ ਕਿ ਉਪਰੋਕਤ ਹਿੰਦੀ ਭਾਸ਼ਾ ਦਾ ਨਿਰੁਕਤਕਾਰ ਇੱਥੇ ਇੱਕ ਬਹੁਤ ਵੱਡੀ ਗ਼ਲਤ-ਫ਼ਹਿਮੀ ਦਾ ਸ਼ਿਕਾਰ ਹੋ ਗਿਆ ਹੈ ਤੇ ਧੱਕੇ ਨਾਲ਼ ਹੀ "ਅਕਸ਼ਵਾਟ" ਸ਼ਬਦ ਦੇ ਮੂਲ ਅਰਥਾਂ ਨੂੰ ਜੂਏ ਦੀ ਖੇਡ ਨਾਲ਼ ਸੰਬੰਧਿਤ ਕਰ ਕੇ ਦਰਸਾ ਰਿਹਾ ਹੈ। ਦਰਅਸਲ 'ਅਕਸ਼ਵਾਟ' ਇੱਕ ਦੋ-ਅਰਥੀ ਸ਼ਬਦ ਹੈ ਪਰ ਸੰਬੰਧਿਤ ਲੇਖਕ ਇਸ ਸ਼ਬਦ ਦੇ 'ਜੂਏਖ਼ਾਨੇ' ਵਾਲ਼ੇ ਕੇਵਲ ਇੱਕ ਅਰਥ ਹੀ ਦਰਸਾ ਰਿਹਾ ਹੈ ਤੇ ਇਸ ਦੇ ਰੰਗ-ਮੰਚ ਜਾਂ ਸਟੇਜ ਵਾਲ਼ੇ ਅਰਥਾਂ ਨੂੰ ਵੀ ਉਹ ਇਸ ਦੇ 'ਜੂਏਖ਼ਾਨੇ' ਵਾਲ਼ੇ ਅਰਥਾਂ ਤੋਂ ਹੀ ਉਪਜਿਆ ਹੋਇਆ ਦੱਸ ਰਿਹਾ ਹੈ।  

         ਸੰਸਕ੍ਰਿਤ ਭਾਸ਼ਾ ਵਿੱਚ ਨਾਟਕ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸੇ ਕਾਰਨ ਭਰਤ ਮੁਨੀ ਨੂੰ ਸੰਸਕ੍ਰਿਤ-ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ਜ਼ਾਹਰ ਹੈ ਕਿ ਨਾਟਕ ਉਸ ਸਮੇਂ ਜਾਂ ਉਸ ਤੋਂ ਵੀ ਪਹਿਲੇ ਸਮਿਆਂ ਤੋਂ ਹੀ ਖੇਡਿਆ ਜਾਂਦਾ ਰਿਹਾ ਹੋਵੇਗਾ ਅਤੇ ਆਮ ਲੋਕਾਂ ਦੁਆਰਾ ਦੇਖਿਆ ਵੀ ਜਾਂਦਾ ਰਿਹਾ ਹੋਵੇਗਾ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਬਹੁਤ ਹੀ ਘੱਟ ਹੋਇਆ ਕਰਦੇ ਸਨ। 

         ਇਸ ਪ੍ਰਕਾਰ ਅਕਸ਼ਿ (ਅੱਖ) ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਅਕਸ਼ਵਾਟ ਸ਼ਬਦ ਦੇ ਅਰਥ ਹੋਏ- ਉਹ ਸਟੇਜ/ਰੰਗ-ਮੰਚ/ਨਿਰਧਾਰਿਤ ਕੀਤੀ ਗਈ ਥਾਂ ਜਿਸ ਦੇ ਦੁਆਲ਼ੇ ਬੈਠ ਕੇ ਦਰਸ਼ਕ ਦੰਗਲ਼, ਘੋਲ਼ ਜਾਂ ਨਾਟਕ ਆਦਿ ਦੇਖਿਆ ਕਰਦੇ ਸਨ।ਭਾਸ਼ਾ-ਵਿਭਾਗ, ਪੰਜਾਬ ਦੇ ਕੋਸ਼ਾਂ ਵਿੱਚ ਵੀ ਅਖਾੜਾ ਸ਼ਬਦ ਦੇ ਕੇਵਲ ਤਿੰਨ ਅਰਥ ਹੀ ਦੱਸੇ ਗਏ ਹਨ- 

੧. ਪਹਿਲਵਾਨਾਂ ਦੇ ਘੁਲ਼ਨ, ਦੰਗਲ਼ ਜਾਂ ਕਸਰਤ ਕਰਨ ਦੀ ਥਾਂ ਜਾਂ ਪਿੜ।

੨. ਰੰਗ-ਭੂਮੀ, ਸਟੇਜ, ਜਿੱਥੇ ਨਾਟਕ ਖੇਡਿਆ ਜਾਵੇ।

੩. ਸਾਧੂ-ਸੰਪਰਦਾ ਦੀ ਕੋਈ ਮੰਡਲੀ ਜਾਂ ਡੇਰਾ।    

         ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ.ਐੱਸ. ਰਿਆਲ ਜੀ ਨੇ ਵੀ ਆਪਣੇ 'ਨਿਰੁਕਤ ਕੋਸ਼' ਵਿੱਚ ਇਸ ਸ਼ਬਦ  ਦੇ ਉਪਰੋਕਤ ਤਿੰਨ ਅਰਥ ਹੀ ਦੱਸੇ ਹਨ। 

        ਤੀਜੇ, ਭਾਈ ਕਾਨ੍ਹ ਸਿੰਘ ਨਾਭਾ ਦੇ 'ਮਹਾਨ ਕੋਸ਼' ਅਨੁਸਾਰ ਤਾਂ ਇਹ ਸ਼ਬਦ ਬਣਿਆ ਹੀ ਸੰਸਕ੍ਰਿਤ ਭਾਸ਼ਾ ਦੇ ਅਕਸ਼ਾਰਾ (अक्षारा=ਅਕਸ਼ਿ+ਆਰਾ) ਸ਼ਬਦ ਤੋਂ ਹੈ ਜਿਸ ਵਿੱਚ 'ਅਕਸ਼ਿ' ਸ਼ਬਦ ਦੀ ਹੋਂਦ ਅਤੇ ਅਰਥ ਪ੍ਰਤੱਖ ਤੌਰ 'ਤੇ ਦਿਖਾਈ ਦਿੰਦੇ ਹਨ ਅਰਥਾਤ  ਅਕਸ਼ਿ+ਆਰਾ (ਦੇਖਿਆ ਜਾਣ ਵਾਲ਼ਾ ਭਾਵ ਕੋਈ ਖੇਡ-ਤਮਾਸ਼ਾ/ਦੰਗਲ਼/ਨਾਟਕ ਆਦਿ)। ਅਕਸ਼ਿ ਸ਼ਬਦ ਦੀ ਸਿਹਾਰੀ ਅਕਸ਼ਿਵਾਟ ਸ਼ਬਦ ਵਾਂਗ ਇਸ ਵਿੱਚੋਂ ਵੀ ਅਲੋਪ ਹੋ ਚੁੱਕੀ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ ਉਪਰੋਕਤ ਦੋਂਹਾਂ ਕੋਸ਼ਾਂ ਦੇ ਨਾਲ਼-ਨਾਲ਼ 'ਮਹਾਨ ਕੋਸ਼' ਵਿੱਚ ਵੀ ਚੌਸਰ ਜਾਂ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਕੋਈ ਵੀ ਅਰਥ ਦਰਜ ਨਹੀਂ ਹਨ।

         ਸੋ, ਉਪਰੋਕਤ ਅਨੁਸਾਰ ਕਿਸੇ ਵੀ ਸ਼ਬਦ ਦੀ ਵਿਉਤਪਤੀ/ਨਿਰੁਕਤਕਾਰੀ ਨੂੰ ਸਮਝਣ ਲਈ ਸਾਨੂੰ ਆਪਣੇ ਪੁਰਾਤਨ ਸਮਾਜ ਦੀ ਰਹਿਣੀ-ਬਹਿਣੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਿਕ ਪੱਖਾਂ ਆਦਿ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਅਖਾੜਾ ਸ਼ਬਦ ਦੀ ਵਿਉਤਪਤੀ ਨਿਰਧਾਰਿਤ ਕਰਨ ਸਮੇਂ ਅਖਾੜਾ (ਅਕਸ਼+ਵਾਟ) ਸ਼ਬਦ ਵਿਚਲੇ 'ਵਾਟ' ਸ਼ਬਦ ਦੇ ਅਰਥ ਜਾਣਨੇ ਵੀ ਬਹੁਤ ਜ਼ਰੂਰੀ ਹਨ ਜਿਸ ਤੋਂ  ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਅਖਾੜਾ ਸ਼ਬਦ ਕਿਵੇਂ ਹੋਂਦ ਵਿੱਚ ਆਇਆ ਹੈ। 

       'ਵਾਟ' ਸ਼ਬਦ ਸੰਸਕ੍ਰਿਤ ਦੇ ਹੀ 'ਵਟ੍' ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਸ ਦੇ ਅਰਥ ਹਨ- ਘੇਰਾ ਪਾਉਣਾ ਜਾਂ ਘੇਰੇ ਵਿੱਚ ਲੈਣਾ। ਇਸ ਪ੍ਰਕਾਰ  ਸੰਸਕ੍ਰਿਤ ਭਾਸ਼ਾ ਦੇ ਵਾਟ ਸ਼ਬਦ ਦੇ ਅਰਥ ਹਨ- ਵਾੜ, ਘੇਰਾ, ਘੇਰੀ ਹੋਈ ਥਾਂ; ਉਹ ਥਾਂ ਜਿਸ ਦੀ ਘੇਰਾਬੰਦੀ ਜਾਂ ਹੱਦਬੰਦੀ ਕੀਤੀ ਗਈ ਹੋਵੇ।  ਵਾੜਾ (ਪਸੂਆਂ ਦਾ) ਸ਼ਬਦ ਵੀ ਇਸੇ ਵਾਟ ਜਾਂ ਵਾੜ ਸ਼ਬਦ ਤੋਂ ਹੀ ਬਣਿਆ ਹੈ ਕਿਉਂਕਿ ਪਸੂਆਂ ਦੀ ਹਿਫ਼ਾਜ਼ਤ ਲਈ ਸੰਬੰਧਿਤ ਥਾਂ ਦੇ ਆਲ਼ੇ-ਦੁਆਲ਼ੇ ਪੁਰਾਤਨ ਲੋਕ ਸੰਘਣੀ ਵਾੜ ਹੀ ਕਰਿਆ ਕਰਦੇ ਸਨ ਜਾਂ ਕੱਚੀਆਂ ਕੰਧਾਂ ਉਸਾਰ ਲਿਆ ਕਰਦੇ ਸਨ। ਉਸ ਵਾੜ ਦੇ ਅੰਦਰ ਘਿਰੀ ਹੋਈ ਜਗ੍ਹਾ ਨੂੰ ਹੀ ਵਾੜਾ ਆਖਿਆ ਜਾਂਦਾ ਸੀ। ਸਮੇਂ ਦੇ ਨਾਲ਼-ਨਾਲ਼ ਇਸ ਵਾੜ ਜਾਂ ਵਾੜੇ ਦੇ ਰੂਪ ਅਤੇ ਆਕਾਰ ਆਦਿ ਵੀ ਬਦਲਦੇ ਗਏ। 

         ਹੁਣ ਦੇਖਦੇ ਹਾਂ ਕਿ ਵਾਟ ਸ਼ਬਦ ਵਿਚਲੀ ਟ ਦੀ ਧੁਨੀ ੜ ਦੀ ਧੁਨੀ ਵਿੱਚ ਕਿਵੇਂ ਬਦਲੀ ਹੈ? ਇਸ ਦਾ ਕਾਰਨ ਇਹ ਹੈ ਕਿ ਸੰਸਕ੍ਰਿਤ ਵਿੱਚ ੜ ਨਾਂ ਦੀ ਕੋਈ ਧੁਨੀ ਜਾਂ ਅੱਖਰ ਹੀ ਨਹੀਂ ਹੈ। ਇਸ ਲਈ ਆਮ ਤੌਰ 'ਤੇ ਕਈ ਵਾਰ ਟ, ਡ ਅਤੇ ਰ ਆਦਿ ਧੁਨੀਆਂ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਆ ਕੇ ੜ ਵਿੱਚ ਬਦਲ ਜਾਂਦੀਆਂ  ਹਨ, ਜਿਵੇਂ: ਵਟ (वट:) ਤੋਂ ਬੋਹੜ, ਪੀਰ (ਸੰਸਕ੍ਰਿਤ) ਤੋਂ ਪੀੜ (ਦੁੱਖ), ਪੇਡਾ (ਸੰ.) ਤੋਂ ਪੇੜ (ਰੁੱਖ), ਘਟ (ਸੰ.) ਤੋਂ ਘੜਾ; ਘਟਿਕਾ ਤੋਂ ਘੜੀ (24 ਮਿੰਟ ਦਾ ਸਮਾਂ), ਘੋਟ (घोट:) ਜਾਂ ਘੋਟਕ (घोटक:) ਤੋਂ ਘੋੜਾ, ਸ਼ਕਟ (शक‍ट) ਤੋਂ ਛਕੜਾ, ਨਾਡਿ (नाडि:) ਤੋੰ ਨਾੜੀ (ਕਣਕ ਦੀ ਨਾੜ) ਆਦਿ।

        ਉਪਰੋਕਤ ਢੰਗ ਨਾਲ਼ ਬਣਾਏ ਗਏ ਅਖਾੜਿਆਂ ਦੇ ਤਿੰਨ ਜਾਂ ਚਾਰੇ ਪਾਸੇ ਨਾਟਕ ਆਦਿ ਦੇ ਦ੍ਰਿਸ਼ਾਂ ਨੂੰ ਦੇਖਣ ਲਈ ਦਰਸ਼ਕਾਂ ਦੇ ਬੈਠਣ ਲਈ ਥਾਂ ਵੀ ਉਪਲਬਧ ਕਰਵਾਈ ਗਈ ਹੁੰਦੀ ਸੀ। ਸੋ, ਮੂਲ ਮੁੱਦਾ ਇਹ ਹੈ ਕਿ ਅਕਸ਼ ਜਾਂ ਅਕਸ਼ਿ ਸ਼ਬਦ ਦੇ ਅਰਥ ਇੱਥੇ ਕਿਸੇ ਕਿਸਮ ਦੀ ਚੌਸਰ ਜਾਂ ਸ਼ਤਰੰਜ ਆਦਿ ਨਾਲ਼ ਸੰਬੰਧਿਤ ਨਹੀਂ ਹਨ ਸਗੋਂ ਇਸ ਦਾ ਅਰਥ ਹੈ- ਦੇਖਣ ਵਾਲ਼ੇ ਅਰਥਾਤ ਇੱਕ ਵਿਸ਼ੇਸ਼ ਮੰਚ ਅਤੇ ਉਸ ਦੇ ਆਲ਼ੇ-ਦੁਆਲ਼ੇ ਬੈਠੇ ਹੋਏ ਦਰਸ਼ਕ। ਇਸ ਪ੍ਰਕਾਰ ਅਕਸ਼ਿ (ਦੇਖਣ ਵਾਲ਼ੇ) ਅਤੇ ਵਾਟ (ਮੰਚ) ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨੂੰ ਇਕੱਠਿਆਂ ਕਰ ਕੇ ਹੀ ਅਕਸ਼ਿਵਾਟ/ਅਕਸ਼ਵਾਟ ਸ਼ਬਦ ਦੇ ਅਰਥ ਸੰਪੂਰਨ ਹੁੰਦੇ ਹਨ। 

        ਅਖਾੜੇ ਦੇ ਸੰਬੰਧ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਕਿਸੇ ਸੁੱਕੇ ਹੋਏ ਛੱਪੜ ਦੇ ਵਿਚਕਾਰ ਵੀ ਇਹ ਖੇਡ-ਤਮਾਸ਼ੇ ਜਾਂ ਨਾਟਕ ਆਦਿ ਕਰਵਾ ਦਿੱਤੇ ਜਾਇਆ ਕਰਦੇ ਸਨ ਤੇ ਇਸ ਪ੍ਰਕਾਰ ਛੱਪੜ ਨੂੰ ਹੀ ਇੱਕ ਬਣੇ-ਬਣਾਏ ਸਟੇਡੀਅਮ ਦਾ ਰੂਪ ਦੇ ਦਿੱਤਾ ਜਾਂਦਾ ਸੀ। ਛੱਪੜ ਦੇ ਵਿਚਕਾਰ ਮੰਚ ਲਈ ਜਗ੍ਹਾ ਨਿਰਧਾਰਿਤ ਕਰ ਦਿੱਤੀ ਜਾਂਦੀ ਸੀ ਅਤੇ ਦਰਸ਼ਕ ਉਸ ਦੇ ਆਲ਼ੇ-ਦੁਆਲ਼ੇ ਬੈਠ ਕੇ ਨਾਟਕ ਜਾਂ ਖੇਡ-ਤਮਾਸ਼ਿਆਂ ਆਦਿ ਦਾ ਅਨੰਦ ਮਾਣਦੇ ਸਨ।  

           ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਨਿਰੁਕਤਕਾਰ ਸ਼ਬਦਾਂ ਦੇ ਪਿਛੋਕੜ ਨੂੰ ਫਰੋਲ਼ਦਿਆਂ ਅਕਸਰ ਉਹਨਾਂ ਦਾ ਸੰਬੰਧ ਕਿਸੇ ਅਜਿਹੀ ਚੀਜ਼ ਜਾਂ ਸ਼ਬਦ ਆਦਿ ਨਾਲ਼ ਜੋੜ ਦਿੰਦੇ ਹਨ ਜਿਸ ਦਾ ਉਸ ਦੇ ਪ੍ਰਚਲਿਤ ਅਰਥਾਂ ਨਾਲ਼ ਦੂਰ-ਦੂਰ ਤੱਕ ਵੀ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਫਿਰ ਆਪਣੇ ਸ਼ਬਦਾਂ ਦੀ ਚਾਸ਼ਨੀ ਰਾਹੀਂ ਆਪਣੀ ਕਹੀ ਹੋਈ ਗੱਲ ਨੂੰ ਸਹੀ ਸਿੱਧ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਸੀ। ਅਖਾੜਾ ਸ਼ਬਦ ਨੂੰ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਵਿਆਪਕ ਜਾਂ ਪ੍ਰਚਲਿਤ ਅਰਥਾਂ ਦਾ ਸ਼ਤਰੰਜ ਦੀ ਖੇਡ ਨਾਲ਼ ਕੀ ਸੰਬੰਧ ਹੈ? ਸ਼ਤਰੰਜ ਦੀ ਖੇਡ ਖੇਡਣ ਲਈ ਥਾਂ ਘੇਰਨ ਜਾਂ ਅਖਾੜਾ ਬਣਾਉਣ ਦੀ ਕੀ ਲੋੜ ਹੈ? ਉਹ ਤਾਂ ਕਿਸੇ ਵੀ ਸਥਾਨ ਜਾਂ ਕਮਰੇ ਆਦਿ ਵਿੱਚ ਬੈਠ ਕੇ ਬੜੀ ਅਸਾਨੀ ਨਾਲ਼ ਖੇਡੀ ਜਾ ਸਕਦੀ ਹੈ। 

       ਗੁਰਬਾਣੀ ਵਿੱਚ ਵੀ 'ਅਖਾੜਾ' ਸ਼ਬਦ ਦੀ ਵਰਤੋਂ ਅਨੇਕਾਂ ਵਾਰ ਕੀਤੀ ਗਈ ਹੈ। ਗੁਰੂ ਸਾਹਿਬਾਨ ਨੇ ਤਾਂ ਇਸ ਸਾਰੀ ਦੁਨੀਆ ਨੂੰ ਹੀ ਇੱਕ ਵਿਸ਼ਾਲ ਰੰਗ-ਮੰਚ ਦਾ ਦਰਜਾ ਦਿੱਤਾ ਹੋਇਆ ਹੈ:

        ਤੁਝ ਬਿਨੁ ਦੂਜਾ ਅਵਰੁ ਨਾ ਕੋਈ

        ਸਭੁ ਤੇਰਾ ਖੇਲੁ ਅਖਾੜਾ ਜੀਉ॥

             ਜੇਕਰ ਪੰਜਾਬੀ ਦੇ ਉਪਰੋਕਤ ਤਿੰਨੇ ਕੋਸ਼ਾਂ ਨਾਲ਼ ਸੰਬੰਧਿਤ ਅਖਾੜਾ ਸ਼ਬਦ ਦੇ ਅਰਥਾਂ ਨੂੰ ਵੀ ਵਾਚ ਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੇ ਅਖਾੜੇ ਨਿਸ਼ਚਿਤ ਸੀਮਾ/ਦਾਇਰੇ ਦੇ ਅੰਦਰ ਹੀ ਲੱਗਦੇ ਸਨ, ਚਾਹੇ ਇਹ ਕੁਸ਼ਤੀਆਂ/ਘੋਲ਼ਾਂ/ਛਿੰਝਾਂ ਆਦਿ ਦਾ ਅਖਾੜਾ ਹੋਵੇ, ਚਾਹੇ ਨਕਲਾਂ ਜਾਂ ਰਾਸ (ਰਾਸ-ਲੀਲ੍ਹਾ) ਆਦਿ ਦਾ ਅਤੇ ਚਾਹੇ ਨਾਟਕ/ਡਰਾਮੇ ਜਾਂ ਰੰਗ-ਮੰਚ ਆਦਿ ਦਾ। ਸਾਧੂ-ਮੰਡਲੀਆਂ ਵੀ ਇੱਕ ਵਿਸ਼ੇਸ਼ ਹੱਦਬੰਦੀ ਦੇ ਅੰਦਰ ਹੀ ਰਿਹਾ  ਕਰਦੀਆਂ ਸਨ। ਫ਼ਰਕ ਕੇਵਲ ਏਨਾ ਹੈ ਕਿ ਨਾਟਕ/ਰੰਗ-ਮੰਚ ਅਤੇ ਗਵੱਈਆਂ ਦੇ ਅਖਾੜੇ ਆਮ ਤੌਰ 'ਤੇ ਕਲਾਕਾਰਾਂ ਦੇ ਸਟੇਜ 'ਤੇ ਦਾਖ਼ਲੇ ਲਈ ਇੱਕ ਪਾਸਿਓਂ ਦਰਸ਼ਕਾਂ ਲਈ ਬੰਦ ਹੁੰਦੇ ਹਨ ਅਤੇ ਬਾਕੀ ਤਿੰਨਾਂ ਪਾਸਿਆਂ ਤੋਂ ਖੁੱਲ੍ਹੇ ਹੁੰਦੇ ਸਨ। ਇਸ ਤੋਂ ਬਿਨਾਂ ਬਾਕੀ ਅਖਾੜੇ (ਦੰਗਲ਼/ਕੁਸ਼ਤੀਆਂ ਆਦਿ ਦੇ) ਚਹੁੰਆਂ ਪਾਸਿਆਂ ਤੋਂ ਹੀ ਖੁੱਲ੍ਹੇ ਹੀ ਹੁੰਦੇ ਸਨ। 

       ਸੰਸਕ੍ਰਿਤ-ਕੋਸ਼ਾਂ ਅਨੁਸਾਰ "ਸ਼ਤਰੰਜ ਦੀ ਖੇਡ" ਲਈ ਇੱਕ ਵੱਖਰਾ ਸ਼ਬਦ 'ਅਕਸ਼ਵਤੀ' ਵੀ ਵਰਤਿਆ ਜਾਂਦਾ ਸੀ। ਇਹਨਾਂ ਅਨੁਸਾਰ ਇਸ ਸ਼ਬਦ (ਅਕਸ਼ਵਤੀ) ਦੇ ਅਰਥ ਹਨ: ਇੱਕ ਖੇਲ, ਪਾਸੇ ਵਾਲ਼ਾ ਖੇਲ, ਜੂਏ ਦਾ ਖੇਲ। ਸੋ, ਅਕਸ਼ਵਤੀ ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਸਪਸ਼ਟ ਹੈ ਕਿ ਪਾਸਿਆਂ ਵਾਲ਼ਾ ਜਾਂ ਸ਼ਤਰੰਜ ਦਾ / ਜੂਏ ਦਾ ਖੇਲ ਹੋਰ ਹੈ ਅਤੇ ਅਖਾੜੇ ਦੀਆਂ ਖੇਡਾਂ ਨਾਲ਼ ਸੰਬੰਧਿਤ ਸ਼ਬਦ ਹੋਰ। 

      ਇਸ ਲਈ ਸਾਨੂੰ 'ਅਕਸ਼ਵਾਟ' ਸ਼ਬਦ ਦੇ ਦੋ ਵੱਖੋ-ਵੱਖਰੇ ਅਰਥਾਂ (ਸ਼ਤਰੰਜ/ਪਾਸਿਆਂ ਦੀ ਖੇਡ ਅਤੇ ਅਖਾੜਾ) ਨੂੰ ਆਪਸ ਵਿੱਚ ਰਲ਼ਗੱਡ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਇਸ ਵਿਚਲੇ 'ਅਕਸ਼' ਜਾਂ 'ਅਕਸ਼ਿ' ਸ਼ਬਦਾਂ ਦੇ ਦੋ ਵੱਖੋ-ਵੱਖਰੇ ਅਰਥਾਂ ਦੇ ਸੰਦਰਭ ਵਿੱਚ ਹੀ ਸਮਝਣ ਅਤੇ ਵਾਚਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

                     ................

ਜਸਵੀਰ ਸਿੰਘ ਪਾਬਲਾ, 

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.

ਸਕੂਨ (ਕਹਾਣੀ ) ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗਿਆਨ ਚੰਦ ਦਾ ਪਿਤਾ ਮੋਹਣ ਲਾਲ  ਸਰਕਾਰੀ ਤੌਰ ਤੇ ਇੱਕ ਜ਼ਲਾਦ ਵਜੋਂ ਕੰਮ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ, ਪਰਿਵਾਰ ਵਿੱਚ ਪੁੱਤਰ ਗਿਆਨ ਚੰਦ, ਤਿੰਨ ਛੋਟੀਆਂ ਧੀਆਂ ਅਤੇ ਪਤਨੀ ਮੋਹਣ ਲਾਲ ਉੱਪਰ ਹੀ ਨਿਰਭਰ ਸਨ। ਗਿਆਨ ਚੰਦ ਨੇ ਹਾਲੇ ਪੰਦਰਾਂ ਬਸੰਤ ਹੀ ਦੇਖੇ ਸਨ ਇੱਕ ਦਿਨ ਅਚਾਨਕ ਉਸਦੇ ਪਿਤਾ ਮੋਹਣ ਲਾਲ ਦੇ ਦਿਲ ਦੀ ਧੜਕਣ ਸਦਾ ਲਈ ਰੁੱਕ ਗਈ।

     ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਗਿਆਨ ਚੰਦ ਦੀ ਨੋਵੀਂ ਜਮਾਤ ਦੀ ਪੜ੍ਹਾਈ ਵਿੱਚ ਹੀ ਛੁੱਟ ਗਈ ਸੀ , ਸਰਕਾਰ ਵੱਲੋਂ ਹੁਕਮ ਹੋਇਆ ਜਦੋਂ ਤੱਕ ਗਿਆਨ ਚੰਦ ਬਾਲਗ਼ ਨਹੀਂ ਹੋ ਜਾਂਦਾ ਪਿਤਾ ਦੀ ਥਾਂ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ, ਮੋਹਣ ਲਾਲ ਦੀ ਮੌਤ ਤੋਂ ਬਾਅਦ ਜੋ ਪੈਸੇ ਸਰਕਾਰ ਵੱਲੋਂ ਮਿਲੇ ਸਨ ਪਰਿਵਾਰ ਉਸ ਉਪਰ ਨਿਰਭਰ ਹੋ ਕੇ ਰਹਿ ਗਿਆ ਸੀ ਤੇ ਜਦੋਂ ਤੱਕ ਗਿਆਨ ਚੰਦ ਬਾਲਗ਼ ਹੋਇਆ ਉਹ ਪੈਸੇ ਵੀ ਖੂੰਜੇ ਲੱਗ ਗਏ ਸਨ, ਪਰਿਵਾਰ ਦਾ ਗੁਜ਼ਰ ਬਸ਼ਰ ਮੁਸ਼ਕਿਲ ਹੋ ਗਿਆ ਸੀ।

    ਫੇਰ ਇੱਕ ਦਿਨ  ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਇਕ ਪਿੰਡ ਵਾਸੀ ਤਾਈਂ ਗਿਆਨ ਚੰਦ ਦੀ ਮਾਂ ਨੇ ਪਹੁੰਚ ਕੀਤੀ, ਉਸ ਵੱਲੋਂ ਕੋਸ਼ਿਸ਼ ਕਰਨ ਤੇ ਗਿਆਨ ਚੰਦ ਨੂੰ ਪਿਤਾ ਦੀ ਥਾਂ ਤੇ ਜ਼ਲਾਦ ਦਾ ਕੰਮ ਕਰਨ ਲਈ ਸਰਕਾਰ ਵੱਲੋਂ ਆਰਡਰ ਹੋ ਗਿਆ ਸੀ, ਗਿਆਨ ਚੰਦ ਨਾ ਚਾਹੁੰਦੇ ਹੋਏ ਵੀ ਪਿਤਾ ਦੇ ਵਿਰਾਸਤੀ ਕੰਮ ਨੂੰ ਪਰਿਵਾਰ ਦੀ ਮਜਬੂਰੀ ਦੇਖ ਜ਼ਲਾਦ ਦੀ ਨੌਕਰੀ ਕਰਨ ਲੱਗਿਆ, ਭੁੱਖਾ ਮਰਦਾ ਕਰਦਾ ਵੀ ਕਿਉਂ ਨਾ? ਛੋਟੀਆਂ ਭੈਣਾਂ ਜਵਾਨ ਹੋ ਰਹੀਆਂ ਸਨ ਉਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਵਿਆਹ ਦੀ ਜ਼ਿੰਮੇਵਾਰੀ ਵੀ ਗਿਆਨ ਚੰਦ ਦੇ ਉੱਪਰ ਹੀ ਸੀ।

     ਦਿਨ ਬੀਤਦੇ ਗਏ ਗਿਆਨ ਚੰਦ ਦੀਆਂ ਭੈਣਾਂ ਵਿਆਹ ਤੋਂ ਬਾਅਦ ਆਪੋ ਆਪਣੇ ਘਰ ਖੁਸ਼ ਸਨ, ਗਿਆਨ ਚੰਦ ਨੇ ਵਿਆਹ ਨਾ ਕਰਵਾਇਆ ਤੇ ਬੁੱਢੜੀ ਮਾਂ ਦੀ ਸੇਵਾ ਵਿੱਚ ਰੁੱਝਿਆ ਰਹਿੰਦਾ, ਜਦੋਂ ਕਦੇ ਕਿਸੇ ਨੂੰ ਫਾਂਸੀ ਦੀ ਸੁਣਾਈ ਜਾਂਦੀ  ਤਾਂ ਗਿਆਨ ਚੰਦ ਦਾ ਮਨ ਬੜਾ ਦੁੱਖੀ ਹੁੰਦਾ ਸੀ ,  ਹੁਣ ਤਾਂ ਇਸ ਕੰਮ ਨੂੰ ਕਰਦਿਆਂ ਗਿਆਨ ਚੰਦ ਨੂੰ ਵੀਹ ਵਰ੍ਹੇ ਬੀਤ ਗਏ ਸਨ, ਇਹਨਾਂ ਵੀਹ ਵਰਿਆਂ ਵਿੱਚ ਗਿਆਨ ਚੰਦ ਦੇ ਹੱਥੋਂ ਜ਼ਲਾਦ ਵੱਜੋਂ ਤਿੰਨ ਮੁਜ਼ਰਿਮ ਸਰਕਾਰ ਦੇ ਹੁਕਮਾਂ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਪਰ ਹਰ ਵਾਰੀ ਗਿਆਨ ਚੰਦ ਜਦੋਂ ਮੁਜਰਿਮ ਦੇ  ਗਲ਼ ਵਿੱਚ ਫਾਂਸੀ ਦਾ ਰੱਸਾ ਪਾਉਂਦਾ ਤਾਂ ਗਿਆਨ ਚੰਦ ਦਾ ਮਨ ਵਿਚਲਤ ਹੋ ਜਾਂਦਾ ਸੀ ,  ਕਈ ਕਈ ਰਾਤਾਂ ਫਾਂਸੀ ਦੇ ਰੱਸੇ ਤੇ ਝੂਲਦੇ ਇਨਸਾਨ ਦੀ ਦੇਹ  ਸੋਣ ਲੱਗਿਆਂ ਗਿਆਨ ਚੰਦ ਦੀਆਂ ਅੱਖਾਂ ਮੂਹਰੇ ਆਉਂਦੀ ਰਹਿੰਦੀ ਸੀ । 

   ਪਰ ਅੱਜ ਜਦੋਂ ਸਰਕਾਰ ਦੇ ਹੁਕਮਾਂ ਤੇ ਇੱਕ ਦਰਿੰਦੇ (ਜਿਸ ਨੇ ਇੱਕ ਨਾਬਾਲਗ ਲੜਕੀ ਨੂੰ ਹਵਸ਼ ਦਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ) ਨੂੰ ਗਿਆਨ ਚੰਦ ਦੇ ਹੱਥੋਂ ਫਾਂਸੀ ਦਿੱਤੀ ਗਈ ਤਾਂ ਗਿਆਨ ਚੰਦ ਦੇ ਮਨ ਨੂੰ ਬੜਾ ਸਕੂਨ ਮਿਲਿਆ ।

ਗਿਆਨ ਚੰਦ  ਡਿਊਟੀ ਪੂਰੀ ਕਰ ਜਦੋਂ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਇੱਕ ਹਲਵਾਈ ਦੀ ਦੁਕਾਨ ਤੋਂ ਲੱਡੂ ਲੈ ਲਏ ਤੇ ਸੋਚਿਆ ਅੱਜ ਮਾਂ ਦਾ ਇਹਨਾਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਵਾਂ ਗਾ। ਗਿਆਨ ਚੰਦ ਜਦੋਂ ਘਰ ਬਹੁੜਿਆ ਤਾਂ ਗਿਆਨ ਚੰਦ ਦੇ ਚਿਹਰੇ ਤੇ ਰੌਣਕ ਝਲਕਦੀ ਦੇਖ ਮਾਂ ਨੇ ਸਵਾਲ ਕੀਤਾ , ਅੱਜ ਬੜਾ ਖੁਸ਼ ਹੈਂ ਪੁੱਤਰ ...ਕੀ ਲੱਭ ਗਿਆ ਤੈਨੂੰ..?

ਗਿਆਨ ਚੰਦ ਲੱਡੂਆਂ ਦਾ ਡੱਬਾ ਖੋਲ੍ਹ ਕੇ ਇੱਕ ਲੱਡੂ ਮਾਂ ਦੇ ਮੂੰਹ ਨੂੰ ਛੂਹਾਦਿਆਂ ਬੋਲਿਆ... ਮਾਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ... ਮੈਂ ਅੱਜ ਇੱਕ ਹਵਸੀ ਦਰਿੰਦੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਿਸ ਨੇ ਇੱਕ ਬੱਚੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿੱਤਾ ਸੀ...

ਅੱਜ ਮੇਰੇ ਮਨ ਨੂੰ ਏਨਾ ਸਕੂਨ ਨਸੀਬ ਹੋਇਆ ਹੈ ਕਿ ਮੈਂ ਅੱਜ ਤੋਂ ਪਹਿਲਾਂ ਦੇ ਸਜ਼ਾ ਜ਼ਾਬਤਾ ਮੁਜਰਿਮਾਂ ਦੀਆਂ ਮੋਤਾਂ ਨੂੰ ਭੁੱਲ ਗਿਆ ਹਾਂ ਭਾਵੇਂ ਕਿ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੁਜਰਿਮ ਸਨ।

ਮੈਂ ਅੱਜ ਤੋਂ ਬਾਅਦ ਜ਼ਲਾਦ ਦੀ ਇਹ ਨੌਕਰੀ ਛੱਡ ਦੇਵਾਂਗਾ... ਹੁਣ ਮੇਰੀਆਂ ਭੈਣਾਂ ਆਪਣੇ ਆਪਣੇ ਘਰਾਂ ਵਿੱਚ ਖੁਸ਼ੀਆਂ ਮਾਣ ਰਹੀਆਂ ਹਨ... ਮੈਨੂੰ ਜ਼ਲਾਦ ਦੀ ਨੌਕਰੀ ਛੱਡਣ ਤੋਂ ਬਾਅਦ ਜੋ ਪੈਸੇ ਮਿਲਣ ਗੇ ਆਪਣੀ ਦੋਹਾਂ ਦੀ ਜ਼ਿੰਦਗੀ ਆਰਾਮ ਨਾਲ ਨਿਕਲ਼ ਜਾਵੇਗੀ। 

  ਅੱਜ ਗਿਆਨ ਚੰਦ ਨੂੰ ਸਕੂਨ ਵਿੱਚ ਦੇਖ ਮਾਂ ਪੁੱਤਰ ਦੇ ਇਸ ਫ਼ੈਸਲੇ ਤੋਂ ਬਹੁਤ ਖੁਸ਼ ਸੀ । ਗਿਆਨ ਚੰਦ ਰਾਤ ਦੀ ਰੋਟੀ ਖਾ ਕੇ ਜਦੋਂ ਮੰਜੇ ਤੇ ਲੇਟਿਆ ਤਾਂ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ, ਪੋਹ ਫੱਟਦੇ ਹੀ  ਅੰਮ੍ਰਿਤ ਵੇਲੇ ਗਿਆਨ ਚੰਦ ਦੀ ਅੱਖ ਖੁੱਲ੍ਹ ਗਈ ਤੇ ਗਿਆਨ ਚੰਦ ਇਸ਼ਨਾਨ ਕਰ ਕੇ ਸਿੱਧਾ ਘਰ ਤੋਂ ਥੋੜ੍ਹੀ ਦੂਰ ਮੰਦਿਰ ਦੀ ਡਿਊੜੀ ਤੇ ਪਹੁੰਚਿਆ ਤੇ ਭਗਵਾਨ ਅੱਗੇ ਦੁਨੀਆਂ ਦੀਆਂ ਧੀਆਂ ਲਈ ਅਰਦਾਸ ਕਰ ਰਿਹਾ ਸੀ....

 ਨਿਰਮਲ ਸਿੰਘ ਨਿੰਮਾ

ਮੋਬਾ: 9914721831

ਸਤਿਕਾਰ ( ਮਿੰਨੀ ਕਹਾਣੀ )  ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ   

  "ਓਏ ਆਹ ਐਸ ਵੇਲੇ ਨਾਲੀ 'ਚ ਕੌਣ ਡਿੱਗਿਆ ਪਿਆ?"      "ਕੋਈ ਸ਼ਰਾਬੀ ਲੱਗਦੈ।" "ਚੱਲ ਬੰਤਿਆ ਦੇਖੀਏ ।"                 "ਉਹ ਰਾਮਿਆ ਆਹ ਤਾਂ ਆਪਣੇ  ਪਿੰਡ ਦੇ ਸਰਪੰਚ ਦਾ ਮੁੰਡਾ ਲੱਗਦੈ ।" "ਆਹੋ  ਉਹੀ ਏ ,ਚੱਲ ਛੱਡ ਆਈਏ ਇਹਨੂੰ ਘਰੇ।"        "ਰਹਿਣ ਦੇ ਰਾਮਿਆ, ਜੇ ਕਿੱਧਰੇ ਰਾਹ 'ਚ ਮਰ ਗਿਆ ਤਾਂ ਇਲਜ਼ਾਮ ਆਪਣੇ ਤੇ ਆਊ।" "ਚੱਲ ਤੇਰੀ ਮਰਜ਼ੀ ਯਾਰ।"           "ਉਹ ਤੈਨੂੰ ਯਾਦ ਏ ਬੰਤਿਆ, ਜਦ ਇਹ ਪੀਂਦਾ ਨਹੀਂ ਸੀ ਹੁੰਦਾ ਤਾਂ ਤੂੰ ਇਹਦੀ ਠਾਠ ਦੇਖ ਕੇ ਇਹਦੇ ਨਾਲ ਇੱਕ ਗੱਲ ਕਰਨ ਨੂੰ ਮੌਕਾ ਭਾਲਦਾ ਸੀ ਤੇ ਅੱਜ ਇਹਨੂੰ ਛੱਡਣ ਲਈ ਵੀ …...।"                 "ਓਏ ਰਾਮਿਆ, ਉਹ ਵੇਲਾ ਹੋਰ ਸੀ। ਹੁਣ ਤਾਂ ਇਹਨੂੰ ਕੁੱਤਾ ਵੀ ਮੂੰਹ ਨਾ ਮਾਰੇ ।" ਉਸ ਦੇ ਮੂੰਹੋਂ ਇਹ ਸੁਣ ਰਾਮੇ ਨੂੰ ਵੀ ਉਹਦੇ ਕੋਲ ਹੋਰ   ਖਲੋਣਾ ਅਪਮਾਨਿਤ ਜਿਹਾ ਲੱਗਾ ਤੇ ਉਹ ਛੇਤੀ ਨਾਲ ਬੰਤੇ ਨਾਲ ਅੱਗੇ ਹੋ ਤੁਰਿਆ।                                                

ਲੇਖਿਕਾ ਮਨਪ੍ਰੀਤ ਕੌਰ ਭਾਟੀਆ ,ਐਮ. ਏ ,ਬੀ .ਐੱਡ ।       ਫ਼ਿਰੋਜ਼ਪੁਰ ਸ਼ਹਿਰ।                                                         

ਪਿਆਰ ਵਾਲ਼ਾ ਮਹੀਨਾ ✍️ ਮਨਜੀਤ ਕੌਰ ਧੀਮਾਨ

   ਕਹਿੰਦੇ ਨੇ ਕਿ ਇਹ ਮਹੀਨਾ ਪਿਆਰ ਦਾ ਹੈ। ਇਨ੍ਹਾਂ ਦਿਨਾਂ ਨੂੰ ਪਿਆਰ ਨਾਲ਼ ਜੋੜਿਆ ਗਿਆ ਹੈ। ਕੋਈ ਹਗ ਡੇ, ਕੋਈ ਰੋਜ਼ ਡੇ, ਕੋਈ ਪ੍ਰਪੋਜ਼ ਡੇ ਆਦਿ। ਲੋਕੀ ਇੱਕ ਦੂਜੇ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹਨ। ਮੁਹੱਬਤਾਂ ਦਾ ਜ਼ਿਕਰ ਹੁੰਦਾ ਹੈ। ਕੋਈ ਤੋਹਫ਼ੇ ਦਿੰਦਾ ਹੈ ਤੇ ਕੋਈ ਜਿਉਂਦੇ ਫੁੱਲਾਂ ਦੀ ਕੁਰਬਾਨੀ ਦੇ ਕੇ ਪਿਆਰ ਜਤਾਉਂਦਾ ਹੈ।

          ਪਰ ਕੀ ਇਹੀ ਪਿਆਰ ਹੈ? ਇਸ ਪਿਆਰ ਨੂੰ ਹੀ ਸੱਚਾ ਪਿਆਰ ਕਹਿੰਦੇ ਹਨ?

          ਮੇਰੇ ਖ਼ਿਆਲ ਵਿੱਚ ...ਨਹੀਂ ! ਇਹ ਸੱਚਾ ਪਿਆਰ ਨਹੀਂ ਹੁੰਦਾ। ਸੱਚਾ ਪਿਆਰ ਤੋਹਫਿਆਂ ਤੇ ਫੁੱਲਾਂ ਦਾ ਮੁਹਤਾਜ਼ ਨਹੀਂ ਹੁੰਦਾ ਤੇ ਨਾ ਹੀ ਕੋਈ ਖ਼ਾਸ ਦਿਨ ਹੈ ਪਿਆਰ ਦਾ।      ਪਿਆਰ ਤਾਂ ਇੱਕ ਅਹਿਸਾਸ ਹੈ ਜੋ ਰੂਹਾਂ ਨੂੰ ਰਜਾਉਂਦਾ ਹੈ। ਇਹ ਤਾਂ ਇੱਕ ਜਾਦੂ ਹੈ ਜਿਹੜਾ ਜਿੰਦਗੀ ਨੂੰ ਨਵੀਂ ਨਰੋਈ ਬਣਾਉਂਦਾ ਹੈ ਚਾਹੇ ਕਿਸੇ ਵੀ ਉਮਰ 'ਚ ਹੋ ਜਾਵੇ। ਇਹ ਤਾਂ ਇੱਕ ਹੌਸਲਾ ਹੈ ਜਿਹੜਾ ਅੱਗੇ ਵਧਾਉਂਦਾ ਹੈ। ਇਹ ਤਾਂ ਇੱਕ ਤੰਮਨਾ ਹੈ, ਖੁਆਇਸ਼ ਹੈ ਜੋ ਪੂਰੀ ਨਾ ਵੀ ਹੋਵੇ ਪਰ ਆਸ ਨੂੰ ਜ਼ਿੰਦਾ ਰੱਖਦੀ ਹੈ। ਪਿਆਰ ਅਸਲੀਅਤ ਹੈ ਤੇ ਖ਼ਾਬ ਵੀ ਹੈ। ਪਿਆਰ ਚਾਹੇ ਇਨਸਾਨ ਨਾਲ਼ ਹੋਵੇ ਜਾਂ ਖ਼ੁਦਾ ਨਾਲ਼, ਇਹਦਾ ਨਸ਼ਾ ਵੱਖਰਾ ਹੀ ਹੁੰਦਾ ਹੈ। ਇਹਦੀ ਖ਼ੁਮਾਰੀ ਵਿੱਚ ਬੰਦਾ ਕੱਲਿਆਂ ਹੱਸਦਾ ਹੈ, ਰੋਂਦਾ ਹੈ, ਕਦੇ ਮਸਤੀ 'ਚ ਗਾਉਂਦਾ ਤੇ ਨੱਚਦਾ ਹੈ ਤੇ ਕਦੇ ਤ੍ਰਿਪਤੀ 'ਚ ਨਿਹਾਲ ਹੁੰਦਾ ਹੈ।

            ਪਿਆਰ ਜਿਸਮਾਂ ਦੀ ਜ਼ਰੂਰਤ ਨਹੀਂ ਬਲਕਿ ਰੂਹਾਂ ਦੀ ਪਿਆਸ ਹੈ। ਪਿਆਰ ਮਾਂ ਦਾ ਬੱਚੇ ਨਾਲ਼ ਹੈ, ਭੈਣ ਦਾ ਭਰਾ ਨਾਲ਼ ਹੈ, ਪਿਉ ਦਾ ਬੱਚਿਆਂ ਨਾਲ਼ ਹੈ, ਦੋਸਤ ਦਾ ਦੋਸਤ ਨਾਲ਼ ਹੈ, ਚੇਲੇ ਦਾ ਗੁਰੂ ਨਾਲ ਹੈ। ਪਿਆਰ ਕੋਈ ਸੀਮਿਤ ਨਦੀ ਨਹੀਂ ਹੈ ਸਗੋਂ ਵਿਸ਼ਾਲ ਸਮੁੰਦਰ ਹੈ।ਪਿਆਰ, ਇਸ਼ਕ ਹੈ, ਮੁਹੱਬਤ ਹੈ ਇਬਾਦਤ ਹੈ।

             ਪਿਆਰ ਕੀਤਾ ਨਹੀਂ ਜਾਂਦਾ ਆਪੇ ਹੋ ਜਾਂਦਾ ਹੈ। ਪਿਆਰ ਸਹੀ ਇਨਸਾਨ ਨਾਲ਼ ਹੋਵੇ ਤਾਂ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ ਤੇ ਰੱਬ ਨਾਲ਼ ਹੋਵੇ ਤਾਂ ਰੂਹ ਵੀ ਤਰ ਜਾਂਦੀ ਹੈ ਤੇ ਉਸ ਪਰਮਾਤਮਾ ਨਾਲ਼ ਇੱਕਮਿਕ ਹੋ ਕੇ ਸਦਾ ਲਈ ਓਸਦਾ ਹੀ ਹਿੱਸਾ ਬਣ ਜਾਂਦੀ ਹੈ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,        

ਮਹਾਨ ਵਿਦਵਾਨ ਤੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਪ੍ਰੋ.ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਦੇ ਘਰ ਪਿੰਡ ਫਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਆਪ ਜੀ ਦਾ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ.ਸਾਹਿਬ ਸਿੰਘ ਦਾ ਬਚਪਨ ਦਾ ਨਾਂ ਨੱਥੂ ਰਾਮ ਸੀ ਪਰ ਬਾਅਦ ਵਿੱਚ ਸਿੰਘ ਸਭਾ ਲਹਿਰ ਅਧੀਨ ਅੰਮ੍ਰਿਤ ਛਕਣ ਤੋਂ ਬਾਅਦ ਸਾਹਿਬ ਸਿੰਘ ਨਾਂ ਰੱਖਿਆ ਗਿਆ।

ਬਚਪਨ ਵਿੱਚ ਮੁਢਲੀ ਵਿੱਦਿਆ ਆਪ ਨੇ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਸਕੂਲ ਰਈਏ ਵਿੱਚੋਂ ਪੰਜਵੀਂ ਪਾਸ ਕੀਤੀ। ਉਸ ਤੋਂ ਬਾਅਦ ਮਿਡਲ ਪੜ੍ਹਾਈ ਲਈ ਗੋਤਾ ਫਤਿਹਗੜ੍ਹ ਵਿਖੇ ਦਾਖਲਾ ਲਿਆ। ਮਿਡਲ ਸਕੂਲ ਦੀ ਪੜ੍ਹਾਈ ਚੰਗੇ ਅੰਕਾਂ ਨਾਲ਼ 1905 ਵਿੱਚ ਪਾਸ ਕਰ ਲਈ। ਉਸ ਤੋਂ ਬਾਅਦ ਆਪ ਨੇ ਸੰਸਕ੍ਰਿਤ ਵਿੱਚ ਵੀ ਚੰਗੀ ਵਿੱਦਿਆਂ ਪ੍ਰਾਪਤ ਕੀਤੀ।

ਇਸ ਦੌਰਾਨ ਹੀ 1905 ਵਿੱਚ ਆਪ ਜੀ ਦਾ ਵਿਆਹ ਦੁਰਗਾ ਨਾਲ਼ ਹੋਇਆ। ਜਿਸ ਨੇ ਆਪਣਾ ਨਾਂ ਆਗਿਆ ਕੌਰ ਰੱਖ ਲਿਆ ਸੀ। ਪਰ ਇਹ ਸਾਥ ਬਹੁਤਾ ਲੰਬਾ ਸਮਾਂ ਨਹੀਂ ਨਿਭਿਆ 1932 ਵਿੱਚ ਪਤਨੀ ਦੀ ਮੌਤ ਹੋ ਗਈ।

20 ਜੁਲਾਈ 1907 ਨੂੰ ਆਪ ਜੀ ਦੇ ਪਿਤਾ ਦੀ ਮੌਤ ਹੋਗੀ ਪਰ ਉਹਨਾਂ ਦੀ ਅੰਤਿਮ ਇੱਛਾ ਸੀ ਕਿ ਸਾਹਿਬ ਸਿੰਘ 10 ਜਮਾਤਾਂ ਜ਼ਰੂਰ ਪੜ੍ਹੇ। ਘਰੇ ਅੰਤਾਂ ਦੀ ਗ਼ਰੀਬੀ ਸੀ। ਆਪ ਜੀ ਦੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੂੰਬਾਂ ਗਹੀਣੇ ਰੱਖਕੇ ਆਪਣੇ ਭਰਾ ਦਾ ਸੁਪਨਾ ਆਪਣੇ ਭਤੀਜੇ ਨੂੰ ਦਸ ਪਾਸ ਕਰਾਕੇ ਪੂਰਾ ਕੀਤਾ।

ਪ੍ਰੋ.ਸਾਹਿਬ ਸਿੰਘ ਦੀ ਇਸ ਤੋਂ ਅੱਗੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਦਿਲੀਂ ਰੀਝ ਤੇ ਮਿਹਨਤ ਨਾਲ਼ ਅੱਗੇ ਵਧਣ ਦਾ ਜਨੂੰਨ ਸੀ। ਇਸ ਕੰਮ ਵਿੱਚ ਆਪ ਦੇ ਇੱਕ ਅਧਿਆਪਕ ਨੇ ਦਿਆਲ ਸਿੰਘ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਤੇ ਨਾਲ਼ ਅੱਧੀ ਫੀਸ ਮਾਫ ਕਰਵਾ ਦਿੱਤੀ ਤੇ ਖ਼ੁਦ ਕੋਲੋਂ ਜਿੰਨੀ ਵੀ ਮੱਦਦ ਹੁੰਦੀ ਕਰਦੇ ਰਹੇ। ਚੀਫ਼ ਖ਼ਾਲਸਾ ਦੀਵਾਨ ਨੇ ਆਪ ਨੂੰ 5 ਰੁਪੈ ਵਜ਼ੀਫਾ ਵੀ ਦੇਣਾ ਸ਼ੁਰੂ ਕੀਤਾ। ਆਪ ਨੇ 1913 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐੱਫ ਏ ਪਾਸ ਕੀਤੀ। ਪ੍ਰੋ.ਗੁਲਬਹਾਰ ਸਿੰਘ ਨੇ ਵੀ ਆਪ ਜੀ ਦੀ ਕਾਫੀ ਮੱਦਦ ਕੀਤੀ। 1915 ਵਿੱਚ ਗੌਰਮਿੰਟ ਕਾਲਜ ਲਾਹੌਰ ਤੋਂ ਆਪ ਜੀ ਨੇ ਬੀ.ਏ ਪਾਸ ਕਰ ਲਈ। ਵੈਸੇ ਆਪ ਜੀ ਨੇ ਦੱਸਵੀਂ ਪਾਸ ਕਰਕੇ 1909 ਵਿੱਚ ਹੀ ਸੈਕਿੰਡ ਮਾਸਟਰ ਦੀ 15 ਰੂਪੈ ਤਨਖਾਹ 'ਤੇ ਮਿਡਲ ਸਕੂਲ ਸਾਂਗਲਾਂ ਵਿਖੇ ਨੌਕਰੀ ਕੀਤੀ। ਇਸ ਤੋਂ ਬਾਅਦ 1910 ਵਿੱਚ ਨੌਕਰੀ ਤੋਂ ਜਵਾਬ ਮਿਲ਼ਨ ਕਰਕੇ ਆਪ ਜੀ ਨੇ 20 ਰੂਪੈ ਮਹੀਨੇ 'ਤੇ ਡਾਕਖਾਨੇ ਵਿੱਚ ਕਲਰਕ ਦੀ ਨੌਕਰੀ ਕੀਤੀ। ਪਰ ਅੱਗੇ ਪੜ੍ਹਨ ਦੀ ਇੱਛਾ ਨੇ ਇੱਥੇ ਵੀ ਬਹੁਤਾ ਸਮਾਂ ਟਿਕਣ ਨਾ ਦਿੱਤਾ। ਜਿਵੇਂ ਪਹਿਲਾਂ ਗੱਲ ਕੀਤੀ ਕਿ ਆਪ ਜੀ ਨੇ 1915 ਵਿੱਚ ਬੀ.ਏ ਕੀਤੀ ਤਾਂ ਉਸ ਉਪਰੰਤ ਖਾਲਸਾ ਹਾਈ ਸਕੂਲ ਫਰੂਕਾ ਵਿੱਚ 75 ਰੂਪੈ ਮਹੀਨੇ ਦੀ ਨੌਕਰੀ ਕੀਤੀ। ਇੱਥੇ ਹੀ ਬੋਰਡਿੰਗ ਹਾਊਸ ਦੇ ਇੰਚਾਰਜ ਦੀ ਨਾਲ਼ ਸੇਵਾ ਨਿਭਾਉਣ ਬਦਲੇ ਆਪ ਜੀ ਨੂੰ 20 ਰੂਪੈ ਅਲੱਗ ਮਿਲ਼ਨ ਲੱਗੇ। ਇਸ ਦੌਰਾਨ ਹੀ ਆਪ ਨੇ ਆਪਣੇ ਪਿਛਲੇ ਸਾਰੇ ਕਰਜੇ ਉਤਾਰੇ। ਖਾਲਸਾ ਕਾਲਜ ਗੁੱਜਰਾਂਵਾਲਾ ਹੋਂਦ ਆਉਣ ਤੇ ਇੱਥੇ ਆਪ ਜੀ ਦਾ ਮੇਲ ਪ੍ਰਸਿੱਧ ਵਿਦਵਾਨ ਭਾਈ ਜੋਧ ਸਿੰਘ ਨਾਲ਼ ਹੋਇਆ,ਆਪ ਜੀ ਸੰਸਕ੍ਰਿਤ ਦੇ ਨਾਲ਼ ਗੁਰਬਾਣੀ ਖੋਜ ਤੇ ਸਿੱਖ ਧਰਮ ਅਧਿਐਨ ਤੇ ਕਾਰਜ ਅਰੰਭਿਆ।

ਆਪ ਜੀ ਨੇ 1920 ਦੇ ਦਹਾਕੇ ਵਿਚ ਗੁਰਦਵਾਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। ਆਪ ਜੀ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤੱਕ ਤੇ ਅਕਤੂਬਰ 1923 ਤੋਂ ਮਾਰਚ 1924 ਤੱਕ ਜੇਲ੍ਹ ਯਾਤਰਾ ਵੀ ਕੀਤੀ।

1921 ਵਿੱਚ ਆਪ ਜੀ ਨੇ ਪ੍ਰੋਫੈਸਰੀ ਛੱਡਕੇ ਸ਼੍ਰੋਮਣੀ ਕਮੇਟੀ ਵਿੱਚ ਮੀਤ ਪ੍ਰਧਾਨ ਦੇ ਆਹੁਦੇ ਤੇ ਕੰਮ ਕੀਤਾ ਤੇ 1927 ਵਿੱਚ ਇੱਥੋਂ ਵੀ ਅਸਤੀਫਾ ਦੇ ਕੇ ਮੁੜ ਗੁਜਰਾਂਵਾਲਾ ਕਾਲਜ ਵਿੱਚ ਨੌਕਰੀ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਸੱਦੇ 'ਤੇ 1929 ਵਿੱਚ ਪਹੁੰਚੇ ਪਰ ਪਹਿਲਾਂ ਤੋਂ ਮੋਰਚਿਆਂ ਵਿੱਚ ਸਰਗਰਮੀਆਂ ਕਰਕੇ ਆਪ ਜੀ ਨੂੰ ਇੱਥੇ ਨਿਯੁਕਤੀ ਲਈ ਵਿਚਾਰਿਆ ਨਹੀਂ ਗਿਆ। ਇਸ ਤੋਂ ਬਾਅਦ ਸੁੰਦਰ ਸਿੰਘ ਮਜੀਠੀਆ ਨਾਲ਼ ਰਾਬਤਾ ਬਣਾਉਂਦਿਆਂ ਕਾਲਜ ਦੇ ਪ੍ਰਿੰਸੀਪਲ ਤੱਕ ਪਹੁੰਚ ਕਰਕੇ ਨਵੰਬਰ 1929 ਤੋਂ 1952 ਤੱਕ ਖਾਲਸਾ ਕਾਲਜ ਵਿੱਚ ਹੀ ਸੇਵਾ ਨਿਭਾਈ। ਇਸ ਉਪਰੰਤ ਲਗਪਗ 10 ਸਾਲ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਨਿਭਾਈ।

ਇਸ ਦੌਰਾਨ ਹੀ ਆਪ ਜੀ ਨੇ 1933 ਵਿੱਚ ਹੀ ਆਪਣਾ ਦੂਜਾ ਵਿਆਹ ਰਤਨ ਕੌਰ ਨਾਲ਼ ਕਰਵਾਇਆ। ਆਪ ਜੀ ਦੀ ਵਿਆਹੁਤਾ ਜ਼ਿੰਦਗੀ ਵਿੱਚ ਦੋਵਾਂ ਪਤਨੀਆਂ ਦੀ ਕੁੱਖੋਂ 6 ਲੜਕੇ 2 ਲੜਕੀਆਂ ਪੈਦਾ ਹੋਈਆਂ।

ਆਪਣੇ ਪੁੱਤਰ ਡਾ. ਦਲਜੀਤ ਸਿੰਘ ਨਾਲ਼ 1968 ਵਿੱਚ ਆਪ ਜੀ ਪਟਿਆਲੇ ਆਕੇ ਗੁਰਮਤਿ ਕਾਲਜ ਪਟਿਆਲੇ ਗੁਰਬਾਣੀ ਪੜ੍ਹਾਉਣ ਲੱਗੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਜੀ ਨੂੰ 1971 ਵਿੱਚ ਡੀ ਲਿੱਟ ਦੀ ਡਿਗਰੀ ਦੇ ਕੇ ਮਾਣ ਬਖ਼ਸ਼ਿਆ। 

ਗੁਰਬਾਣੀ ਵਿਆਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ।), ਜਾਪ ਸਾਹਿਬ, ਸਵੱਈਏ ਤੇ ਚੌਪਈ ਸਾਹਿਬ ਸਟੀਕ,ਆਦਿ ਬੀੜ ਬਾਰੇ,ਸਦਾਚਾਰਕ ਲੇਖ,ਸਰਬਤ ਦਾ ਭਲਾ,ਸਿੱਖ ਸਿਦਕੁ ਨ ਹਾਰੇ,ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ,ਗੁਰ ਇਤਿਹਾਸ,ਗੁਰਬਾਣੀ ਤੇ ਇਤਿਹਾਸ ਬਾਰੇ,ਗੁਰਬਾਣੀ ਪ੍ਰਬੋਧ,ਗੁਰਮਤਿ ਪ੍ਰਚਾਰ,ਚਾਨਣ ਮੁਨਾਰੇ,ਧਰਮ ਤੇ ਸਦਾਚਾਰ,ਧਾਰਮਿਕ ਲੇਖ,ਪੰਜਾਬੀ ਸੁਹਜ ਪ੍ਰਕਾਸ਼,ਪੰਜਾਬੀ ਛੰਦ ਦੇ ਅਲੰਕਾਰ,ਬੁਰਾਈ ਦਾ ਟਾਕਰਾ,ਜੀਵਨ ਬਿਰਤਾਂਤ (ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ) ਇਸ ਤੋਂ ਇਲਾਵਾ ਬਹੁਤ ਸਾਰੇ ਖੋਜ ਪੱਤਰ ਤੇ ਨਿਬੰਧ ਪੱਤਰ ਆਪ ਜੀ ਦੇ ਲਿਖੇ ਮਿਲ਼ਦੇ ਹਨ। ਸਿੱਖ ਧਰਮ,ਗੁਰਬਾਣੀ,ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਆਪ ਜੀ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ।

ਗੁਰਬਾਣੀ ਵਿਆਕਰਣ ਆਪ ਜੀ ਨੇ 1932 ਵਿੱਚ ਪੂਰੀ ਕਰ ਲਈ ਸੀ ਇਸ ਬਦਲੇ ਆਪ ਨੂੰ 1000 ਰੂਪੈ ਇਨਾਮ ਵੀ ਮਿਲਿਆ ਸੀ।

ਗੁਰਬਾਣੀ ਵਿਆਕਰਣ ਦਾ ਅਰੰਭ ਵਰਣਬੋਧ ਨਾਲ਼ ਹੁੰਦਾ ਹੈ। ਜਿਸ ਵਿੱਚ ਉਚਾਰਨ ਸਥਾਨਾਂ ਆਦਿ ਦੇ ਨਿਯਮਾਂ ਬਾਰੇ ਦੱਸਿਆ ਗਿਆ ਹੈ।

ਦੂਜੇ ਭਾਗ ਵਿੱਚ ਵਾਕ ਅੰਗ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਤੀਜੇ ਭਾਗ ਵਿੱਚ ਵਾਕ ਰਚਨਾ ਵਿਚਾਰ ਬਾਰੇ ਤੇ ਚੌਥੇ ਭਾਗ ਵਿੱਚ ਫੁਟਕਲ ਨਿਯਮਾਂ ਬਾਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਇਸ ਭਾਗ ਵਿੱਚ ਹੀ ਪੰਜਾਬੀ ਮੁਹਾਵਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਪ੍ਰਯੋਗ ਬਾਰੇ ਵਿਚਾਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਪ੍ਰੋ.ਸਾਹਿਬ ਸਿੰਘ ਨੇ ਗੁਰਬਾਣੀ ਦੀ ਟੀਕਾਕਾਰੀ ਲਈ ਆਪਣੀ ਜ਼ਿੰਦਗੀ ਦੇ ਅਨਮੁੱਲੇ ਵਰ੍ਹੇ ਲੇਖੇ ਲਾਏ। ਉਹਨਾਂ ਲਗਾਤਾਰ ਮਿਹਨਤ ਤੇ ਸਬਰ ਨਾਲ਼ ਚੱਲਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-10 ਜਿਲਦਾਂ ਦਾ ਮਹਾਨ ਕਾਰਜ ਕੀਤਾ,ਉਹ ਆਪਣੇ ਆਪ ਵਿੱਚ ਹੀ ਮਹਾਨ ਕਾਰਜ ਹੋ ਨਿੱਬੜਿਆ। ਆਪ ਜੀ ਨੇ ਆਪਣੀ ਟੀਕਾ ਵਿਧੀ ਵਿੱਚ ਕਿਸੇ ਪ੍ਰਕਾਰ ਦੀ ਵੀ ਸ਼ੰਕਾ ਦੀ ਗੁਜਾਇਸ਼ ਨਹੀਂ ਰਹਿਣ ਦਿੱਤੀ। ਆਪ ਜੀ ਦੀ ਟੀਕਾਕਾਰੀ ਦਾ ਵਿਸ਼ੇਸ਼ ਗੁਣ ਸੰਜਮ ਸੀ, ਜੋ ਟੀਕਾਕਾਰੀ ਦੀ ਇੱਕ ਵਿਸ਼ੇਸ਼ ਲੋੜ ਵੀ ਹੈ। ਇਸ ਤੋਂ ਇਲਾਵਾ ਦਲੀਲ ਨਾਲ਼ ਆਪਣਾ ਪੱਖ ਰੱਖਣਾ ਵੀ ਆਪ ਜੀ ਦਾ ਵਿਸ਼ੇਸ਼ ਗੁਣ ਸੀ। ਆਪ ਨੇ ਜੋ ਕਾਰਜ ਕੀਤਾ ਇੱਕ ਭਾਸ਼ਾ ਵਿਗਿਆਨੀ ਤੇ ਵਿਆਕਰਣਵੇਤਾ ਦੇ ਨਜ਼ਰੀਏ ਤੋਂ ਕੀਤਾ। ਆਪ ਨੇ ਸ਼ਰਧਾ ਪੱਖ ਕਿਤੇ ਵੀ ਭਾਰੂ ਨਹੀਂ ਪੈਣ ਦਿੱਤਾ ਸਗੋਂ ਵਿਗਿਆਨਕ ਪੱਖ ਤੋਂ ਸਹੀ ਨਿਯਮਾਂ ਨੂੰ ਹੀ ਅਪਣਾਇਆ।

ਆਪ ਜੀ ਨੇ ਜਿੱਥੇ ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਜੀਵਨੀਆਂ ਲਿਖਣ ਵੇਲ਼ੇ ਵੀ ਤਰਕ ਅਧਾਰਤ ਕਾਰਜ ਕੀਤਾ। ਉੱਥੇ ਨਾਲ਼ ਹੀ ਬਾਬਾ ਫ਼ਰੀਦ,ਭਾਈ ਗੁਰਦਾਸ, ਸਤਾ ਬਲਵੰਡ, ਭਗਤ ਨਾਮਦੇਵ ਆਦਿ ਬਾਰੇ ਵੀ ਚੰਗੀ ਤਰ੍ਹਾਂ ਪੜਚੋਲ ਕਰਕੇ ਲਿਖਿਆ। ਗੁਰ ਇਤਿਹਾਸ ਲਿਖਣ ਲੱਗਿਆਂ ਆਪ ਨੇ ਕਰਾਮਾਤੀ ਅੰਸ਼ਾਂ ਵਾਲੀਆਂ ਘਟਨਾਵਾਂ ਨੂੰ ਇੱਕ ਪਾਸੇ ਹੀ ਰੱਖਿਆ। ਪ੍ਰੋ.ਸਾਹਿਬ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 121 ਦੇ ਕਰੀਬ ਲੇਖ ਲਿਖੇ। ਆਪ ਨੇ ਸਵੈ-ਜੀਵਨੀ 'ਮੇਰੀ ਜੀਵਨ ਕਹਾਣੀ' ਲਿਖੀ ਜਿਸ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਪੱਖ ਬਿਲਕੁਲ ਨੰਗੇ ਸੱਚ ਲਿਖੇ। ਪ੍ਰੋ.ਸਾਹਿਬ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਜਿੰਨ੍ਹਾਂ ਵੀ ਲਿਖ ਸਕੀਏ ਉਹਨਾਂ ਹੀ ਥੋੜ੍ਹਾ ਕਿਉਂਕਿ ਉਹਨਾਂ ਨੇ ਜੋ ਕਾਰਜ ਕੀਤਾ ਉਹ ਕਿਸੇ ਸੰਸਥਾ ਦੇ ਕੀਤੇ ਕਾਰਜ ਤੋਂ ਵੀ ਵੱਡਾ ਹੈ। ਅਜਿਹੇ ਮਹਾਨ ਕਾਰਜ ਪਿੱਛੇ ਜੋ ਜਨੂੰਨ ਭਾਈ ਸਾਹਿਬ ਦੇ ਮਨ ਵਿੱਚ ਸੀ ਇਹ ਸਭ ਉਸ ਦੀ ਬਦੌਲਤ ਹੀ ਹੋਇਆ। 

ਪ੍ਰੋ.ਪ੍ਰੀਤਮ ਸਿੰਘ ਨੇ ਆਪ ਜੀ ਨੂੰ ‘ਗੁਰੂ ਗ੍ਰੰਥ ਸਾਹਿਬ ਦਾ ਪਾਣਿਨੀ’ ਕਹਿ ਕੇ ਵਡਿਆਉਂਦੇ ਹਨ।

ਪ੍ਰੋ. ਸਾਹਿਬ ਸਿੰਘ ਜੀ ਦਾ ਸਾਰਾ ਜੀਵਨ ਬਹੁਤ ਸਾਦਾ ਗੁਰਮਤਿ ਅਨੁਸਾਰ ਹੀ ਰਿਹਾ। ਇੱਕ ਵਾਰ ਪੰਜਾਬ ਐਜੂਕੇਸ਼ਨ ਬੋਰਡ ਨੇ ਪ੍ਰੋ.ਸਾਹਿਬ ਸਿੰਘ ਜੀ ਨਾਲ ਸੰਪਰਕ ਕੀਤਾ ਕਿ ਉਹ ਪੰਜਾਬੀ ਵਿਆਕਰਣ ਬਣਾ ਕੇ ਦੇਣ,ਜਿਸ ਦੇ ਬਦਲੇ ਵਿੱਚ ਉਹਨਾਂ ਦੀ ਮਿਹਨਤ ਵਜੋਂ ਬੋਰਡ ਉਹਨਾਂ ਨੂੰ 20000 ਰੁਪਏ ਦੇਵੇਗਾ ਪਰ ਭਾਈ ਸਾਹਿਬ ਨੇ ਇਹ ਕਹਿ ਇਨਕਾਰ ਕਰ ਦਿੱਤਾ ਕਿ "ਮੇਰੇ ਪਾਸ ਜੋ ਸਮਾਂ ਹੈ ਉਸ ਦਾ ਇਕ ਇਕ ਪਲ ਗੁਰੂ ਲਈ ਹੈ,ਵਿਆਕਰਣਾਂ ਲਿਖ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ.." ਆਪ ਜੀ ਨੇ ਗੁਰੂ ਪ੍ਰਤਿ ਸਮਰਪਿਤ ਹੋਕੇ ਹੀ 29 ਅਕਤੂਬਰ 1977 ਤੱਕ ਆਪਣੀ ਸਾਰੀ

ਜ਼ਿੰਦਗੀ ਬਿਤਾਈ। ਪ੍ਰੋ. ਸਾਹਿਬ ਸਿੰਘ ਆਪਣੇ ਕੀਤੇ ਮਹਾਨ ਕਾਰਜਾਂ ਸਦਕਾ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਲੋੜ ਹੈ ਉਹਨਾਂ ਦੀ ਮਹਾਨ ਸ਼ਖ਼ਸੀਅਤ ਤੋਂ ਉਹਨਾਂ ਦੀ ਜੀਵਨੀ ਤੋਂ ਉਹਨਾਂ ਦੇ ਚੰਗੇ ਗੁਣਾਂ ਨੂੰ ਮਨ ਵਿੱਚ ਵਸਾਈਏ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਆਪਣਾ ਖਿਆਲ ਰੱਖੋ ( ਮਿੰਨੀ ਕਹਾਣੀ ) ✍️ ਹਰਪ੍ਰੀਤ ਕੌਰ ਸੰਧੂ

ਦੋਸਤੋ ਸੱਚ ਦੱਸਿਓ ਕਿੰਨਾ ਸਮਾਂ ਆਪਣੇ ਆਪ ਨਾਲ ਬਿਤਾਇਆ ਅੱਜ? ਯਕੀਨ ਨਾਲ ਕਹਿ ਸਕਦੀ ਹਾਂ ਕਿ ਘਰੇਲੂ, ਸਮਾਜਿਕ ਤੇ ਕੰਮ ਦੀਆਂ ਜ਼ਿੰਮਵਾਰੀਆਂ ਵਿਚੋਂ ਆਪਣੇ ਆਪ ਲਈ ਸਮਾਂ ਹੀ ਨਹੀਂ ਬਚਿਆ ਹੋਣਾ।ਸਭ ਦਾ ਇਹੀ ਹਾਲ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਅਸਲੀ ਸਾਥੀ ਕੌਣ ਹੈ? ਤੁਹਾਡਾ ਮਨ ਤੇ ਤੁਹਾਡਾ ਸਰੀਰ। ਇਹ ਦੋਵੇਂ ਤੰਦਰੁਸਤ ਤੇ ਆਪਸੀ ਤਾਲਮੇਲ ਵਿੱਚ ਹੋਣ ਤਾਂ ਹੀ ਤੁਸੀਂ ਜਿੰਦਗੀ ਦਾ ਮਜ਼ਾ ਲੈ ਸਕਦੇ ਹੋ।ਸਰੀਰ ਦੀ ਸੁੰਦਰਤਾ ਵੱਲ ਸਭ ਧਿਆਨ ਦਿੰਦੇ ਹਨ ਪਰ ਮਨ ਵੱਲ ਨਹੀਂ। ਮਨ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਜ਼ਰਾ ਜਿੰਨਾ ਮਾਨਸਿਕ ਤਵਾਜ਼ਨ ਵਿਗੜਿਆ ਤੇ ਤੁਹਾਡੇ ਆਪਣੇ ਵੀ ਤੁਹਾਡੇ ਤੋਂ ਕਿਨਾਰਾ ਕਰਨ ਲੱਗਦੇ ਹਨ।ਅਸੀਂ ਕਾਰ ਲੈਂਦੇ ਹੀ ਉਸਦੀ ਪਹਿਲੀ ਸਰਵਿਸ ਦੀ ਤਾਰੀਕ ਯਾਦ ਕਰ ਲੈਂਦੇ ਹਾਂ। ਫਿਰ ਹਰ ਛੇ ਮਹੀਨੇ ਬਾਅਦ ਪਹਿਲਾਂ ਤੋਂ ਹੀ ਕਹਿਣ ਲੱਗਦੇ ਹਾਂ ਕਿ ਫਲਾਨੇ ਦਿਨ ਕਾਰ ਦੀ ਸਰਵਿਸ ਕਰਵਾਉਣੀ ਹੈ।ਪੈਸੇ ਪਹਿਲਾਂ ਤਿਆਰ ਰੱਖਦੇ ਹਾਂ, ਕੰਮ ਤੋਂ ਛੁੱਟੀ ਲੈਂਦੇ ਹਾਂ ਤੇ ਫਿਰ ਕਾਰ ਦੀ ਸਰਵਿਸ ਕਰਵਾਉਂਦੇ ਹਾਂ। ਕਾਰ ਜਦੋਂ ਮਰਜ਼ੀ ਬਦਲੀ ਵੀ ਜਾ ਸਕਦੀ ਹੈ ਪਰ ਸਰੀਰ ਤੇ ਮਨ ਬਦਲੇ ਨਹੀਂ ਜਾਂਦੇ ਨਾ ਹੀ ਨਵੇਂ ਖਰੀਦੇ ਜਾ ਸਕਦੇ।ਸਰੀਰ ਤੇ ਮਨ ਦਾ ਖਿਆਲ ਵੀ ਇਸੇ ਸ਼ਿੱਦਤ ਨਾਲ ਕਰਨਾ ਚਾਹੀਦਾ ਹੈ।ਆਪਣੇ ਆਪ ਨੂੰ ਸਮਾਂ ਦਿਓ।ਦਿਨ ਵਿਚ ਕੁਝ ਸਮਾਂ ਆਪਣੇ ਆਪ ਬਿਤਾਓ।ਆਪਣੀ ਸਿਹਤ ਦਾ ਖਿਆਲ ਰੱਖੋ। ਸਾਰਾ ਜ਼ੋਰ ਕੱਪੜੇ ਗਹਿਣੇ ਤੇ ਹੋਰ ਦਿਖਾਵੇ ਤੇ ਨਾ ਲਾ ਕੇ ਕੁਝ ਚੰਗਾ ਖਾਓ ਪੀਓ ਵੀ।ਸੋਹਣਾ ਬੰਦਾ ਤਾਂ ਹੀ ਲੱਗਦਾ ਹੈ ਜੇਕਰ ਤੰਦਰੁਸਤ ਹੋਵੇ।ਠੀਕ ਇਸੇ ਤਰ੍ਹਾਂ ਮਨ ਦੀ ਤੰਦਰੁਸਤੀ ਚਿਹਰੇ ਤੇ ਰੌਣਕ ਲਿਆਉਂਦੀ ਹੈ।ਮਨ ਖ਼ੁਸ਼ ਹੋਵੇ ਤਾਂ ਹੀ ਚਿਹਰੇ ਤੇ ਖੁਸ਼ੀ ਆਉਂਦੀ ਹੈ।ਅੰਦਰੂਨੀ ਚਮਕ ਦੀ ਖੁਸ਼ੀ ਹੀ ਹੋਰ ਹੁੰਦੀ ਹੈ। ਦੁਨੀਆਂ ਦਾ ਮਹਿੰਗੇ ਤੋਂ ਮਹਿੰਗਾ ਮੇਕਅੱਪ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ।ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਜ਼ਰੂਰੀ ਹੈ।ਜ਼ਰੂਰੀ ਹੈ ਕਿ ਮਨੁੱਖ ਆਪਣੇ ਆਪ ਨੂੰ ਵੀ ਤਰਜੀਹ ਦੇਵੇ।ਖੁਸ਼ੀ ਕੋਈ ਮਹਿੰਗੀ ਚੀਜ਼ ਨਹੀਂ।ਖੁਸ਼ਗਵਾਰ ਜ਼ਿੰਦਗੀ ਹੈ ਮੰਤਰ ਬਸ ਇਹ ਹੈ ਕਿ ਕਿਸੇ ਤੋਂ ਜਿਆਦਾ ਉਮੀਦ ਨਾ ਰੱਖੋ, ਆਪਣੀਆਂ ਜਰੂਰਤਾਂ ਵਿੱਤ ਮੁਤਾਬਿਕ ਰੱਖੋ। ਆਪਣੇ ਆਪ ਲਈ ਕਦੀ ਛੁੱਟੀ ਲਓ। ਆਪਣੀ ਖੁਸ਼ੀ ਲਈ ਕੁਝ ਸਮਾਂ ਆਪਣੇ ਆਪ ਨਾਲ ਬਿਤਾਓ।ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਆਪ ਨੂੰ ਨਜ਼ਰਅੰਦਾਜ਼ ਨਾ ਕਰੋ।ਇਹ ਸੱਚ ਹੈ ਕਿ ਸਭ ਦਾ ਖਿਆਲ ਰੱਖਣਾ ਚਾਹੀਦਾ ਹੈ ਪਰ ਆਪਣੇ ਆਪ ਪ੍ਰਤੀ ਵੀ ਤੁਹਾਡਾ ਫ਼ਰਜ਼ ਹੈ।ਦੁਨੀਆ ਵਿੱਚ ਤੁਹਾਡੇ ਲਈ ਤੁਸੀਂ ਹੀ ਸਭ ਤੋਂ ਮਹੱਤਪੂਰਨ ਹੋ। ਤੁਸੀਂ ਹੋ ਤਾਂ ਹੀ ਬਾਕੀ ਸਭ ਕੁਝ ਹੈ।

ਹਰਪ੍ਰੀਤ ਕੌਰ ਸੰਧੂ