You are here

ਸਰਕਾਰੀ ਰਾਸ਼ਨ ✍️ ਮਨਜੀਤ ਕੌਰ ਧੀਮਾਨ

               ਚੰਨੋ ਦੇ ਬਾਪੂ,ਆ ਗਿਆ ਏਂ। ਜਾਹ ਜਾ ਕੇ ਪਹਿਲਾਂ ਗੂਠਾ ਲਾ ਆ। ਕਹਿੰਦੇ ਸਰਕਾਰੀ ਰਾਸ਼ਣ ਮਿਲ਼ ਰਿਹਾ ਏ। ਬਿਸ਼ਨੀ ਨੇ ਘਰਵਾਲ਼ੇ ਗੁਰਦੇਵ ਦੇ ਵਿਹੜੇ ਵੜਦਿਆਂ ਕਿਹਾ।

               ਜਾ ਆਊਂਗਾ। ਅਜੇ ਤਾਂ ਮੈਂ ਬਹੁਤ ਥੱਕ ਕੇ ਆਇਆਂ ਆਂ। ਕੁੱਛ ਖਾਣ ਨੂੰ ਲਿਆ ਤੂੰ, ਬਹੁਤ ਭੁੱਖ ਲੱਗੀ ਐ। ਗੁਰਦੇਵ ਨੇ ਮੰਜੇ ਤੇ ਬੈਠਦਿਆਂ ਕਿਹਾ।

                   ਵੇ ਖਾਣ ਨੂੰ ਕੁਛ ਨੀ ਹੈਗਾ ਘਰੇ। ਤਾਂ ਹੀ ਤਾਂ ਕਹਿੰਦੀ ਆਂ ਕਿ ਪਹਿਲਾਂ ਗੇੜਾ ਮਾਰ ਆ। ਫ਼ੇਰ ਡੀਪੂ ਆਲ਼ੇ ਨੇ ਕਹਿ ਦੇਣਾ ਕਿ ਰਾਸ਼ਣ ਖਤਮ ਹੋ ਗਿਆ। ਤੂੰ ਜਾਹ ਗੂਠਾ ਲਾ ਕੇ ਰਾਸ਼ਣ ਲੈ ਆ। ਬਿਸ਼ਨੀ ਨੇ ਫ਼ਿਕਰ ਨਾਲ਼ ਕਿਹਾ।

              ਓ ਅੱਛਾ ਭਾਈ! ਲਿਆ ਫੜਾ ਕਾਗਜ਼ ਪੱਤਰ। ਜਾ ਆਉਨਾ। ਤੂੰ ਕਿਹੜਾ ਟਿੱਕਣ ਦੇਣਾ।ਸਾਰਾ ਦਿਨ ਦਿਆੜੀ ਕਰਕੇ ਸਰੀਰ ਟੁੱਟਿਆ ਪਿਆ। ਉਤੋਂ ਪੈਸੇ ਨੀ ਮਿਲ਼ੇ। ਗੁਰਦੇਵ ਉੱਠ ਕੇ ਤੁਰਦਿਆਂ ਬੋਲਿਆ।

               ਵੇ ਕੀ ਕਰਾਂ? ਮੇਰੇ ਗੋਡੇ ਚੱਲਦੇ ਹੋਣ ਤਾਂ ਆਪੇ ਜਾ ਆਵਾਂ। ਬਿਸ਼ਨੀ ਨੇ ਗੁਰਦੇਵ ਨੂੰ ਜ਼ਰੂਰੀ ਕਾਗਜ਼ ਫੜਾਉਂਦਿਆਂ ਕਿਹਾ।

                ਗੁਰਦੇਵ ਬੁੜ- ਬੁੜ੍ਹ ਕਰਦਾ ਸਾਇਕਲ ਲੈ ਕੇ ਡੀਪੂ ਵੱਲ ਚੱਲ ਪਿਆ।

               ਲੈ ਪੁੱਤਰਾ, ਮੈਨੂੰ ਵੀ ਰਾਸ਼ਣ ਦਈਂ। ਸੁਣਿਆ ਰਾਸ਼ਣ ਆਇਆ ਸਰਕਾਰੀ। ਗੁਰਦੇਵ ਨੇ ਕਾਗਜ਼ ਡੀਪੂ ਵਾਲ਼ੇ ਨੂੰ ਫੜਾਉਂਦਿਆਂ ਕਿਹਾ।

                   ਰਾਸ਼ਨ ਤਾਂ ਆਇਆ ਸੀ ਬਾਪੂ ਜੀ, ਪਰ ਤੁਸੀਂ ਬੜੇ ਲੇਟ ਹੋ ਗਏ ਹੋ। ਹੁਣ ਤਾਂ ਰਾਸ਼ਨ ਖ਼ਤਮ ਹੋ ਗਿਆ। ਤੁਸੀਂ ਅਗਲੀ ਵਾਰ ਆਇਓ। ਡੀਪੂ ਵਾਲ਼ੇ ਨੇ ਕਿਹਾ।

                     ਨਾ ਨਾ ਪੁੱਤਰ, ਇੰਝ ਨਾ ਆਖ। ਸਾਡੇ ਘਰੇ ਤਾਂ ਕੁੱਛ ਖਾਣ ਨੂੰ ਹੈ ਨੀ ਅੱਜ, ਗੁਰਦੇਵ ਨੇ ਤਰਲਾ ਜਿਹਾ ਕੀਤਾ।

               ਬਾਪੂ ਜੀ, ਰਾਸ਼ਨ ਤਾਂ ਖ਼ਤਮ ਹੈ। ਪਰ ਮੈਂ ਤੁਹਾਨੂੰ ਆਪਣੇ ਕੋਲੋਂ ਦੇ ਦਿੰਦਾ ਹਾਂ ਜਿੰਨਾਂ ਹੋ ਸਕੇ। ਡੀਪੂ ਵਾਲ਼ੇ ਨੇ ਦਰਿਆਦਿਲੀ ਦਿਖਾਈ।

                  ਕੋਈ ਨਾ ਪੁੱਤਰਾ, ਗੁਜ਼ਾਰਾ ਚੱਲ ਜੂ। ਗੁਰਦੇਵ ਨੇ ਬੇਬਸੀ ਨਾਲ਼ ਕਿਹਾ।

                  ਆਹ ਲਓ,ਫ਼ੇਰ ਲਾਓ ਅੰਗੂਠਾ। ਡੀਪੂ ਵਾਲ਼ੇ ਨੇ ਮਸ਼ੀਨ ਅੱਗੇ ਕਰਦਿਆਂ ਕਿਹਾ।     ਗੁਰਦੇਵ ਨੇ ਅੰਗੂਠਾ ਲਗਾਇਆ ਤਾਂ ਡੀਪੂ ਵਾਲ਼ੇ ਨੇ 60 ਕਿੱਲੋ ਦੀ ਪਰਚੀ ਕੱਟ ਕੇ ਆਪਣੇ ਦਰਾਜ਼ ਵਿੱਚ ਰੱਖ ਲਈ ਤੇ ਬਾਪੂ ਨੂੰ 40 ਕੁ ਕਿੱਲੋ ਕਣਕ ਤੋਲ ਕੇ ਦੇ ਦਿੱਤੀ।

                ਜਿਉਂਦਾ ਰਹਿ ਪੁੱਤਰਾ, ਜੁੱਗ ਜੁੱਗ ਜੀਅ, ਜਵਾਨੀਆਂ ਮਾਣ...... ਅਸੀਸਾਂ ਦਿੰਦਾ ਬਾਪੂ ਚੱਕੀ ਵੱਲ ਤੁਰ ਪਿਆ।

             ਚੱਕੀ ਤੇ ਆ ਕੇ ਬਾਪੂ ਨੇ ਬੋਰੀ ਰੱਖੀ ਤੇ ਚੱਕੀ ਵਾਲ਼ੇ ਨੇ ਤੋਲ ਕੇ ਕਿਹਾ....

ਬਾਪੂ ਪੈਂਤੀ ਕਿੱਲੋ ਆ। ਪੀਹ ਦਿਆਂ।

              ਪੈਂਤੀ ਕਿੱਲੋ...? ਪਰ ਡੀਪੂ ਵਾਲ਼ੇ ਨੇ ਕੰਡੇ ਤੇ ਚਾਲ਼ੀ ਕਿੱਲੋ ਦਿਖਾਈ ਸੀ ਪੁੱਤਰਾ। ਬਾਪੂ ਨੇ ਸੋਚਦਿਆਂ ਕਿਹਾ।

              ਆਹ ਵੀ ਕੰਡੇ ਤੇ ਰੱਖੀ ਆ ਬਾਪੂ। ਤੇਰੇ ਸਾਹਮਣੇ ਆ। ਮੈਂ ਕਿਹੜਾ ਵਿੱਚੋਂ ਕੁੱਝ ਲੈਣਾ! ਚੱਕੀ ਵਾਲ਼ੇ ਨੇ ਕੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ।

                   ਠੀਕ ਐ ਭਾਈ, ਪੀਹ ਦੇ। ਘਰੇ ਤਾਂ ਆਟਾ ਨੀ ਹੈਗਾ। ਕਹਿ ਕੇ ਬਾਪੂ ਇੱਕ ਪਾਸੇ ਲੱਗੇ ਬੈਂਚ ਤੇ ਬੈਠ ਕੇ ਆਟਾ ਪਿੱਸਣ ਦੀ ਉਡੀਕ ਕਰਨ ਲੱਗਾ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059