You are here

ਹਜ਼ੂਮ ਦਾ ਸ਼ਿਕਾਰ (ਮਿੰਨੀ ਕਹਾਣੀ )✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਦਿਹਾੜੀਦਾਰ ਸੰਦੀਪ ਅੱਜ ਜਦੋਂ ਕੰਮ ਤੇ ਜਾਣ ਲਈ ਘਰ ਤੋਂ ਨਿਕਲਿਆ ਤਾਂ ਘਰ ਦੀ ਨੇ ਬੜੀ ਆਸ ਉਮੀਦ ਨਾਲ ਸੰਦੀਪ ਨੂੰ ਕਿਹਾ ... ਦੇਖੋ ਜੀ ਅੱਜ ਤਾਂ ਬੇਬੇ ਲਈ  ਸੁਣਨ ਵਾਲੀ (ਕੰਨਾਂ ਨੂੰ ਲਗਾਉਣ ਵਾਲੀ) ਮਸ਼ੀਨ ਜ਼ਰੂਰ ਲੈ ਕੇ ਆਇਓ ਜੀ...ਮੇਰਾ ਤਾਂ ਉੱਚੀ ਉੱਚੀ ਬੋਲ ਕੇ ਸਿਰ ਦੁਖਣ ਲੱਗ ਪੈਂਦਾ ਹੈ ਪਰ ਬੇਬੇ ਨੂੰ ਕੁੱਝ ਸੁਣਾਈ ਨਹੀਂ ਦਿੰਦਾ.... ਰੋਟੀ ਖਾਣ ਦਾ ਪੁੱਛਦੀ ਹਾਂ ਤਾਂ ਸੋਟੀ ਸਮਝਦੀ ਹੈ, ਇਸੇ ਤਰ੍ਹਾਂ ਜਦੋਂ ਪਾਣੀ ਦਾ ਪੁੱਛਦੀ ਹਾਂ ਤਾਂ ਕਹਿੰਦੀ ਹੈ ਕਾਣੀ ਹੋਵੇਗੀ ਤੇਰੀ ਮਾਂ.... ਸੰਦੀਪ ਘਰ ਵਾਲੀ ਦੀ ਗੱਲ ਸੁਣ ਕੇ ਕੁੱਝ ਨਾ ਬੋਲਿਆ ਤੇ ਮਨ ਹੀ ਮਨ ਸੋਚਣ ਲੱਗਿਆ... ਇਹਨਾਂ ਦਾ (ਘਰਵਾਲੀ ਤੇ ਮਾਂ) ਕੋਈ ਕਸੂਰ ਨਹੀਂ ਹੈ, ਦੋਨੋਂ ਆਪਣੀ ਜਗ੍ਹਾ ਸਹੀ ਹਨ... ਮਾਂ ਵਿਚਾਰੀ ਤਾਂ ਬੁਢਾਪੇ ਕਾਰਣ ਕੰਨਾਂ ਤੋਂ ਬੋਲੀ਼ ਹੋ ਗਈ ਹੈ ਤੇ ਇਸਨੂੰ ਆਪਣੀ ਜ਼ਿੰਮੇਵਾਰੀ  ਨਿਭਾਉਣ ਦੇ ਬਾਵਜੂਦ ਵੀ ਬੇਬੇ ਤੋਂ ਉੱਚਿਤ ਮੋਹ ਨਹੀਂ ਮਿਲਦਾ...ਇਹ ਕੁੱਝ ਹੋਰ ਕਹਿੰਦੀ ਹੈ ਤੇ ਬੇਬੇ ਨੂੰ ਕੁੱਝ ਹੋਰ ਹੀ ਸੁਣਦਾ ਹੈ... ਸੰਦੀਪ ਨੂੰ ਸੋਚਾਂ ਵਿੱਚ ਦੇਖਕੇ ਸੰਦੀਪ ਦੀ ਘਰਵਾਲੀ  ਨੇ ਸੰਦੀਪ ਨੂੰ ਹਲੂਣਾ ਜਿਹਾ ਦਿੱਤਾ.... ਸੰਦੀਪ ਇੱਕਦਮ ਆਪਣੀ ਘਰਵਾਲੀ ਵਾਲੀ ਵੱਲ ਦੇਖ ਕੇ ਕਹਿਣ ਲੱਗਾ, ਫ਼ਿਕਰ ਨਾ ਕਰ ਭਾਗਵਾਨੇ.. ਮੇਰੇ ਕੋਲ ਕੁੱਝ ਪੈਸੇ ਜੋੜ ਕੇ ਰੱਖੇ ਹੋਏ ਹਨ ਤੇ ਅੱਜ ਦੀ ਦਿਹਾੜੀ ਤੱਕ ਪਿਛਲੇ ਸਾਰੇ ਹਫ਼ਤੇ ਦੇ ਪੈਸੇ ਠੇਕੇਦਾਰ ਤੋਂ ਲੈ ਕੇ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਲੈ ਕੇ ਹੀ ਘਰ ਆਵਾਂਗਾ.. ਏਨਾ ਕਹਿ ਸੰਦੀਪ ਸਾਈਕਲ ਤੇ ਬੈਠ ਪੈਡਲ ਮਾਰਦਾ ਸ਼ਹਿਰ ਵੱਲ ਨੂੰ ਹੋ ਤੁਰਿਆ....

     ਦੁਪਹਿਰ ਦੇ ਖਾਣੇ ਵੇਲੇ ਸੰਦੀਪ ਨੇ ਠੇਕੇਦਾਰ ਨੂੰ ਗੁਜ਼ਾਰਿਸ਼ ਕੀਤੀ.... ਠੇਕੇਦਾਰ ਸਾਹਿਬ ਮੇਰਾ ਅੱਜ ਤੱਕ ਦਾ ਹਿਸਾਬ ਸ਼ਾਮ ਵੇਲੇ ਚੁਕਤਾ ਕਰ ਦੇਣਾ... ਮੈਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਤੇ ਰਾਸ਼ਨ ਲੈ ਕੇ ਘਰ ਜਾਣਾ ਹੈ... ਕੋਈ ਗੱਲ ਨਹੀਂ ਸੰਦੀਪ ਸ਼ਾਮ ਨੂੰ ਤੇਰਾ ਸਾਰਾ ਹਿਸਾਬ ਚੁਕਤਾ ਕਰ ਦੇਵਾਂਗਾ ਪਰ ਧਿਆਨ ਰੱਖੀਂ ਮੈਂ ਅਡਵਾਂਸ ਵਿੱਚ ਇੱਕ ਨਿੱਕਾ ਪੈਸਾ ਵੀ ਨਹੀਂ ਦੇ ਸਕਦਾ....

     ਸ਼ਾਮ ਹੁੰਦਿਆਂ ਹੀ ਸੰਦੀਪ ਨੇ ਠੇਕੇਦਾਰ ਤੋਂ ਪੈਸੇ ਫੜੇ ਤੇ ਸ਼ਹਿਰ ਦੀ ਵੱਡੇ ਕੰਨਾ ਵਾਲੇ ਹਸਪਤਾਲ ਵਿੱਚੋਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਖਰੀਦ ਕੇ ਘਰ ਨੂੰ ਹੋ ਤੁਰਿਆ... ਸਾਈਕਲ ਤੇ ਹਾਲੇ ਕੁੱਝ ਦੂਰੀ ਤੇ ਹੀ ਗਿਆ ਸੀ... ਇੱਕ ਵੱਡਾ ਹਜ਼ੂਮ ਨਾਹਰੇ ਬਾਜ਼ੀ ਕਰਦਾ ਹੋਇਆ  ਤੰਗ ਬਜ਼ਾਰ ਵਿੱਚੋਂ ਲੰਘ ਰਿਹਾ ਸੀ... ਸੰਦੀਪ ਸਾਈਕਲ ਤੋਂ ਥੱਲੇ ਉਤਰਦਾ, ਉਸਤੋਂ ਪਹਿਲਾਂ ਹੀ ਭੀੜ ਵਿੱਚ ਘਿਰ ਗਿਆ... ਇੱਕ ਦਮ ਸਾਹਮਣੇ ਪੁਲਿਸ ਪ੍ਰਸ਼ਾਸਨ ਦੇਖ ਹਜ਼ੂਮ ਵਿੱਚ ਅਫ਼ਰਾ ਤਫ਼ਰੀ ਮੱਚ ਗਈ... ਸੰਦੀਪ ਕੁੱਝ ਸਮਝਦਾ ਇਸ ਤੋਂ ਪਹਿਲਾਂ ਹੀ ਕਿਸੇ ਦੇ ਜ਼ੋਰ ਨਾਲ ਲੱਗੇ ਧੱਕੇ ਕਾਰਣ ਸੰਦੀਪ ਸਾਈਕਲ ਤੋਂ ਥੱਲੇ ਗਿਰ ਗਿਆ.... ਹਜ਼ੂਮ ਵਿੱਚ ਮਚੀ ਭਗਦੜ ਕਾਰਣ ਚੀਖ਼ ਚਿੰਘਾੜਾ ਮੱਚ ਗਿਆ.... ਕੁੱਝ ਔਰਤਾਂ ਤੇ ਬੱਚੇ ਵੀ ਇਸ ਭਗਦੜ ਦਾ ਸ਼ਿਕਾਰ ਹੋ ਗਏ (ਜੋ ਕਿ ਸ਼ਾਇਦ ਸ਼ਾਮ ਵੇਲੇ ਦੀ ਟਿਊਸਨ ਪੜ੍ਹ ਕੇ ਆਪਣੀਆਂ ਮਾਵਾਂ ਨਾਲ਼ ਘਰ ਜਾ ਰਹੇ ਸਨ)... ਇਸ ਹਫੜਾ ਦਫੜੀ ਵਿੱਚ ਸੰਦੀਪ ਦੇ ਸਾਈਕਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦਾ ਲਿਫ਼ਾਫ਼ਾ ਕਿਧਰੇ ਗੁਆਚ ਗਿਆ... ਸੰਦੀਪ ਵੀ ਥੱਲੇ ਡਿੱਗਣ ਕਾਰਣ ਭੀੜ ਵਿੱਚ ਦਰੜਿਆ ਗਿਆ ਸੀ... ਕੁੱਝ ਚੋਟਾਂ ਦੇ ਨਿਸ਼ਾਨ ਚਿਹਰੇ ਤੇ ਆਪਣੀ ਛਾਪ ਛੱਡ ਚੁੱਕੇ ਸਨ... ਜਦੋਂ ਤੱਕ ਸੰਦੀਪ ਉੱਠਣ ਦੀ ਹਾਲਤ ਵਿੱਚ ਹੋਇਆ, ਸੰਦੀਪ ਦਾ ਸਾਈਕਲ ਨੁਕਸਾਨਿਆ ਜਾ ਚੁੱਕਾ ਸੀ.... ਭੀੜ ਦੇ ਟਲਦੇ ਹੀ ਸੰਦੀਪ ਸੰਭਲਿਆ ਤਾਂ ਕੀ ਦੇਖਦਾ ਹੈ ਕੁੱਝ ਲੋਕਾਂ ਨੂੰ ਗੰਭੀਰ ਚੋਟਾਂ ਵੀ ਆਈਆਂ ਸਨ... ਸੰਦੀਪ ਦਾ ਅਚਾਨਕ ਆਪਣੀ ਸਾਇਕਲ ਵੱਲ ਧਿਆਨ ਗਿਆ ਜੋ ਕਿ ਹੁਣ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ..ਤੇ ਸਾਈਕਲ ਦੇ ਹੈਂਡਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਵਾਲਾ ਲਿਫ਼ਾਫ਼ਾ ਗ਼ਾਇਬ ਸੀ.... ਸੰਦੀਪ ਨੂੰ ਆਪਣੀਆਂ ਸੱਟਾਂ ਤੋਂ ਵੱਧ ਦਰਦ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੇ ਗੁੰਮਣ ਦਾ ਹੋ ਰਿਹਾ....ਘਰ ਜਾ ਕੇ ਘਰਵਾਲੀ ਨੂੰ ਕੀ ਜਵਾਬ ਦੇਵਾਂਗਾ...ਉਹ ਤਾਂ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੀ ਉਡੀਕ ਕਰ ਰਹੀ ਹੋਣੀ ਹੈ... ਵਿਚਾਰਾ ਸੰਦੀਪ ਮਨ ਹੀ ਮਨ ਵਿਚਾਰ ਕਰਦਾ ਟੁੱਟੇ ਸਾਈਕਲ ਨੂੰ ਚੁੱਕ ਆਪਣੇ ਘਰ ਵੱਲ ਨੂੰ ਹੋ ਤੁਰਿਆ ਸੀ....

 

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ: 991472183