You are here

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਅੰਗਰੇਜ਼ੀ ਦਾ 'ਐਕਸਲ' (Axle) ਅਤੇ ਪੰਜਾਬੀ ਦਾ 'ਮੰਜਾ' ਸ਼ਬਦ ਕਿਵੇਂ ਬਣੇ?

           ('ਅਖਾੜਾ' ਸ਼ਬਦ ਦੇ ਪਰਿਪੇਖ ਵਿੱਚ)

       ਪਿਛਲੇ ਲੇਖ ਵਿੱਚ ਅਸੀਂ ਦੇਖਿਆ ਹੈ ਕਿ 'ਅਖਾੜਾ' ਸ਼ਬਦ, ਦੋ ਸ਼ਬਦਾਂ: ਅਕਸ਼ਿ ਅਤੇ ਵਾਟ ਦੇ ਮੇਲ਼ ਨਾਲ਼ ਬਣਿਆ ਹੈ ਪਰ ਅਕਸ਼ਵਾਟ  (ਅਕਸ਼+ਵਾਟ ) ਸ਼ਬਦ ਦੇ ਅਰਥ ਸ਼ਤਰੰਜ ਦੀ ਖੇਡ ਹਨ। ਅਕਸ਼ਵਾਟ ਵਿਚਲੇ ਪਹਿਲੇ ਸ਼ਬਦ ਅਕਸ਼ ਬਾਰੇ ਦੱਸਿਆ ਗਿਆ ਸੀ ਕਿ ਇਸ ਸ਼ਬਦ ਦੇ ਕਈ ਅਰਥ ਹਨ, ਜਿਨ੍ਹਾਂ ਵਿੱਚੋਂ ਇੱਕ ਅਰਥ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਪਾਸੇ ਤੋਂ ਇਲਾਵਾ ਕਿਸੇ ਗੱਡੀ/ਗੱਡੇ ਜਾਂ ਵਾਹਨ ਆਦਿ ਦਾ ਧੁਰਾ ਵੀ ਹਨ। 

           ਪੁਰਾਤਨ ਸਮਿਆਂ ਵਿੱਚ ਆਵਾਜਾਈ ਲਈ ਗੱਡੀਆਂ ਜਾਂ ਗੱਡੇ ਆਦਿ ਹੀ ਵਰਤੇ ਜਾਇਆ ਕਰਦੇ ਸਨ, ਆਧੁਨਿਕ ਵਾਹਨਾਂ ਦਾ ਸਮਾਂ ਤਾਂ ਬਹੁਤ ਬਾਅਦ ਵਿੱਚ ਆਇਆ ਹੈ। ਗੱਡਿਆਂ ਤੋਂ ਵੀ ਪਹਿਲਾਂ ਮਨੁੱਖ ਪੈਦਲ ਜਾਂ ਵੱਧ ਤੋਂ ਵੱਧ ਕਿਸੇ ਪਸੂ, ਜਿਵੇਂ ਘੋੜਿਆਂ ਆਦਿ ਦੀਆਂ ਪਿੱਠਾਂ 'ਤੇ ਬੈਠ ਕੇ ਹੀ ਸਫ਼ਰ ਕਰਿਆ ਕਰਦਾ ਸੀ। 

        ਸੋ, ਉਹ ਚੀਜ਼ ਜਿਸ ਦੁਆਲ਼ੇ ਕਿਸੇ ਗੱਡੀ ਜਾਂ ਗੱਡੇ ਆਦਿ ਦੇ ਦੋਵੇਂ ਪਹੀਏ ਘੁੰਮਿਆ ਕਰਦੇ ਸਨ, ਨੂੰ ਧੁਰੀ ਆਖਿਆ ਜਾਂਦਾ ਸੀ। ਸੰਸਕ੍ਰਿਤ ਵਿੱਚ ਇਸੇ ਸ਼ਬਦ ਲਈ ਧੁਰੀ ਜਾਂ ਧੁਰੇ ਦੇ ਨਾਲ਼-ਨਾਲ਼ 'ਅਕਸ਼' ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ। ਇਹਨਾਂ ਦੋਂਹਾਂ ਸ਼ਬਦਾਂ- ਅਕਸ਼ ਅਤੇ ਅੰਗਰੇਜ਼ੀ ਦੇ ਐਕਸਲ ਦੀਆਂ ਧੁਨੀਆਂ, ਬਣਤਰ, ਉਚਾਰਨ ਅਤੇ ਅਰਥਾਂ ਵਿੱਚ ਬਹੁਤ ਸਮਾਨਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਭਾਸ਼ਾਵਾਂ ਦਾ ਪਿਛੋਕੜ ਮੁਢਲੀ ਆਰੀਆ ਭਾਸ਼ਾ ਨਾਲ਼ ਜੁੜਿਆ ਹੋਇਆ ਹੈ। ਈਰਾਨ ਦੀ ਮੂਲ ਭਾਸ਼ਾ ਫ਼ਾਰਸੀ ਸਮੇਤ ਇਹ ਦੋਵੇਂ ਭਾਸ਼ਾਵਾਂ ਅਰਥਾਤ ਸੰਸਕ੍ਰਿਤ ਅਤੇ ਅੰਗਰੇਜ਼ੀ ਵੀ ਆਰੀਆਨ ਭਾਸ਼ਾ-ਪਰਿਵਾਰ ਨਾਲ਼ ਹੀ ਸੰਬੰਧਿਤ ਹਨ। ਵੱਖ-ਵੱਖ ਆਰੀਅਨ ਭਾਸ਼ਾ-ਪਰਿਵਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਦੀ ਸਾਂਝ ਦਾ ਮੁੱਖ ਕਾਰਨ ਇਹਨਾਂ ਭਾਸ਼ਾਵਾਂ ਦਾ ਇਹ ਪਿਛੋਕੜ ਹੋਣਾ ਹੀ ਹੈ। ਐਕਸਲ (Axle) ਸ਼ਬਦ ਵਾਂਗ ਸੰਸਕ੍ਰਿਤ ਭਾਸ਼ਾ ਤੋਂ ਆਏ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਰੂਪ ਅਤੇ ਅਰਥਾਂ ਪੱਖੋਂ ਆਪਸ ਵਿੱਚ ਕਾਫ਼ੀ ਮੇਲ਼ ਖਾਂਦੇ ਹਨ। ਉਦਾਹਰਨ ਦੇ ਤੌਰ 'ਤੇ ਇੱਥੇ ਕੁਝ ਸ਼ਬਦ ਦੇਖੇ ਜਾ ਸਕਦੇ ਹਨ:

ਉਕਸ਼ਨ੍ (उक्षन्)= ਸਾਨ੍ਹ, ਔਕਸ (Ox)=ਬਲ਼ਦ; ਔਕਸਨ (Oxen)= ਬਲ਼ਦਾਂ ਅਤੇ ਬੈਲ/ ਬੁੱਲ (Bull) ਸ਼ਬਦਾਂ ਦੀ ਆਪਸੀ ਸਾਂਝ:

         ਪੰਜਾਬੀ ਦੇ 'ਸਾਨ੍ਹ' ਸ਼ਬਦ ਨੂੰ ਹਿੰਦੀ ਵਿੱਚ ਸਾਂਢ (साँड़) ਆਖਿਆ ਜਾਂਦਾ ਹੈ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ਉਕਸ਼ ਜਾਂ ਉਕਸ਼ਨ੍ ( उक्षन् ) ਸ਼ਬਦ ਤੋਂ ਬਣਿਆ ਹੋਇਆ ਹੈ। ਅੰਗਰੇਜ਼ੀ ਵਿੱਚ ਇਸੇ ਨੂੰ ਹੀ ਔਕਸ (Ox) ਆਖਿਆ ਜਾਂਦਾ ਹੈ ਅਤੇ ਇਸ ਦਾ ਬਹੁਵਚਨ ਰੂਪ "ਉਕਸ਼ਾਣ" (Oxen) ਹੈ। ਇਹ ਸਾਰੇ ਸ਼ਬਦ ਇੱਕ ਹੀ ਭਾਸ਼ਾ, ਮੂਲ ਆਰੀਅਨ ਭਾਸ਼ਾ ਤੋਂ ਆਏ ਹੋਏ ਹਨ। ਦਰਅਸਲ ਸੰਸਕ੍ਰਿਤ ਦੇ ਉਕਸ਼ਨ ਸ਼ਬਦ ਵਿਚਲੀ ਉ ਧੁਨੀ ਇੱਥੇ ਅੰਗਰੇਜ਼ੀ ਵਿੱਚ ਆ ਕੇ ਔ (O) ਧੁਨੀ ਵਿੱਚ ਬਦਲ ਗਈ ਹੈ ਅਤੇ ਕਸ਼ੈ ਅੱਖਰ ਅੰਗਰੇਜ਼ੀ ਦੇ ਐਕਸ (X) ਅੱਖਰ ਵਿੱਚ ਬਦਲ ਗਿਆ ਹੈ। ਅੰਗਰੇਜ਼ੀ ਦੇ ਬਹੁਵਚਨ ਸ਼ਬਦ ਵਾਲ਼ੇ ਰੂਪ ਔਕਸਨ (Oxen) ਵਿੱਚ ਤਾਂ ਸੰਸਕ੍ਰਿਤ ਦੇ ਉਕਸ਼/ ਉਕਸ਼ਨ/ਉਕਸ਼ਾਣ ਵਾਲ਼ੀ ਐੱਨ (N)ਦੀ ਧੁਨੀ ਵੀ ਸ਼ਾਮਲ ਹੈ। ਸ਼ਾਇਦ ਸੰਸਕ੍ਰਿਤ ਜਾਂ ਮੁਢਲੀ ਆਰੀਆ ਭਾਸ਼ਾ ਦੇ ਅਜਿਹੇ ਪ੍ਰਭਾਵ ਕਾਰਨ ਹੀ ਅੰਗਰੇਜ਼ੀ ਦੇ ਔਕਸ (Ox) ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਰਵਾਇਤੀ s ਜਾਂ es ਅੱਖਰਾਂ ਦੀ ਥਾਂ en ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਸ਼ਾਇਦ ਇਸੇ ਕਾਰਨ ਹੀ ਅੰਗਰੇਜ਼ੀ ਭਾਸ਼ਾ ਵਾਲ਼ਿਆਂ ਨੇ ਮੁੱਢ-ਕਦੀਮੀ ਪਰੰਪਰਾ ਅਨੁਸਾਰ ਲਿਖੇ ਆ ਰਹੇ ਇਸ ਔਕਸਨ (oxen) ਸ਼ਬਦ ਦੇ ਇਸੇ ਰੂਪ ਨੂੰ ਹੀ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਜਿਵੇਂਕਿ ਉੱਪਰ ਦੱਸਿਆ ਗਿਆ ਹੈ, ਹਿੰਦੀ/ਪੰਜਾਬੀ ਸ਼ਬਦਾਂ ਨਾਲ਼ ਸੰਬੰਧਿਤ ਬੈਲ (ਬਲ਼ਦ) ਸ਼ਬਦ ਅੰਗਰੇਜ਼ੀ ਦੇ ਬੁੱਲ (Bull) ਵਿੱਚ ਬਦਲ ਗਿਆ ਹੈ।  

                ਸਾਡੀਆਂ ਦੇਸੀ ਭਾਸ਼ਾਵਾਂ ਦੇ ਕੁਝ ਸ਼ਬਦ ਸਾਡੇ ਜੀਵਨ ਵਿੱਚ ਏਨੇ ਮਹੱਤਵਪੂਰਨ ਮੁੱਦਿਆਂ ਨਾਲ਼ ਸੰਬੰਧਿਤ ਹੁੰਦੇ ਹਨ ਅਤੇ ਸਾਡੇ ਨਿਤਾਪ੍ਰਤੀ ਦੇ ਜੀਵਨ ਨਾਲ਼ ਸੰਬੰਧਿਤ ਪ੍ਮੁੱਖ ਭੂਮਿਕਾਵਾਂ ਨਿਭਾਉਣ ਨਾਲ਼ ਜੁੜੇ ਹੋਏ ਹੁੰਦੇ ਹਨ ਕਿ ਉਹਨਾਂ ਵਿਚਲੇ ਕੁਝ ਅੱਖਰ ਜਾਂ ਧੁਨੀਆਂ ਵੀ ਉਸ ਸ਼ਬਦ ਦੇ ਅਰਥਾਂ ਨੂੰ ਵੱਖ-ਵੱਖ ਸ਼ਬਦਾਂ ਵਿੱਚ ਰੂਪਮਾਨ ਕਰ ਰਹੀਆਂ ਜਾਪਦੀਆਂ ਹਨ। ਅਜਿਹੇ ਹੀ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ- ਸੰਸਕ੍ਰਿਤ ਭਾਸ਼ਾ ਦਾ ਸ਼ਬਦ ਅਕਸ਼ਿ ਅਰਥਾਤ ਅੱਖ। ਅਕਸ਼ਿਵਾਟ ਸ਼ਬਦ ਵਿੱਚ ਤਾਂ ਪੂਰੇ 'ਅਕਸ਼ਿ' ਸ਼ਬਦ ਦੀ ਹੀ ਵਰਤੋਂ ਕਰ ਲਈ ਗਈ ਹੈ। ਪਿਛਲੇ ਲੇਖ ਵਿੱਚ "ਦੇਖਣ ਵਾਲ਼ੇ" ਜਾਂ "ਦਰਸ਼ਕ" ਸ਼ਬਦਾਂ ਦੀ ਵਾਰ-ਵਾਰ ਵਰਤੋਂ ਹੋਈ ਹੈ। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਖ (ਦੇਖਣ) ਅਤੇ ਸ਼ (ਦਰਸ਼ਕ) ਧੁਨੀਆਂ ਦੇ ਅਰਥ ਅੱਖਾਂ (ਅਕਸ਼ਿ) ਦੁਆਰਾ ਦੇਖਣ ਦੀ ਪ੍ਰਕਿਰਿਆ ਨਾਲ਼ ਹੀ ਸੰਬੰਧਿਤ ਹਨ। ਦੇਖ/ਦੇਖਣ ਸ਼ਬਦਾਂ ਵਿੱਚ ਖ ਦੀ ਧੁਨੀ ਕਸ਼ੈ (क्ष) ਧੁਨੀ ਦੇ ਖ ਧੁਨੀ ਵਿੱਚ ਬਦਲ ਜਾਣ ਕਾਰਨ ਹੋਂਦ ਵਿੱਚ ਆਈ ਹੈ ਅਤੇ ਦਰਸ਼ਕ ਸ਼ਬਦ ਵਿੱਚ ਸ਼ ਦੀ ਧੁਨੀ ਕਸ਼ੈ (ਕ+ਸ਼ੈ) ਅੱਖਰ ਵਿੱਚ ਸ਼ਾਮਲ ਸ਼ ਧੁਨੀ ਦੀ ਪ੍ਰਤਿਨਿਧਤਾ ਕਰ ਰਹੀ ਹੈ ਤੇ ਇਹ ਧੁਨੀ ਇੱਥੇ ਅਕਸ਼ਿ (ਅੱਖ) ਦੇ ਅਰਥਾਂ ਨੂੰ ਹੀ ਰੂਪਮਾਨ ਕਰ ਰਹੀ ਹੈ। ਇਸ ਲਈ ਦਰਸ਼ਕ ਸ਼ਬਦ ਵਿਚਲੀ ਸ਼ (ਅਕਸ਼ਿ ਵਿਚਲੀ ਸ਼ ਧੁਨੀ ਤੋਂ ਆਈ) ਧੁਨੀ ਦੇ ਅਰਥ ਵੀ ਇੱਥੇ "ਦੇਖਣ" ਸ਼ਬਦ ਵਿਚਲੀ ਖ ਧੁਨੀ ਦੇ ਅਰਥਾਂ ਵਾਂਗ ਅੱਖ ਹੀ ਹਨ। ਦਿਸ, ਦਿਸਦਾ, ਦਰਸਾਉਣਾ ਆਦਿ ਸ਼ਬਦਾਂ ਵਿੱਚ ਅਕਸ਼ਿ ਵਿਚਲੀ ਸ਼ ਦੀ ਧੁਨੀ ਲੋਕ-ਉਚਾਰਨ ਅਨੁਸਾਰ ਪੰਜਾਬੀ ਵਿੱਚ ਆ ਕੇ ਸ ਵਿੱਚ ਬਦਲ ਗਈ ਹੈ।

'ਮੰਚ' ਅਤੇ 'ਮੰਜਾ' ਸ਼ਬਦ ਕਿਵੇਂ ਬਣੇ?

           ਇਸ ਲੇਖ ਵਿੱਚ ਇੱਕ ਹੋਰ ਸ਼ਬਦ 'ਮੰਚ' ਜਾਂ 'ਰੰਗ-ਮੰਚ' ਦਾ ਜ਼ਿਕਰ ਵੀ  ਆਇਆ ਹੈ। 'ਮੰਚ' ਸ਼ਬਦ ਦਾ ਇਸ ਸ਼ਬਦ ਵਿਚਲੀਆਂ ਧੁਨੀਆਂ ਦੇ ਅਰਥਾਂ ਦੇ ਆਧਾਰ 'ਤੇ ਅਰਥ ਹੈ- ਕਿਸੇ ਥਾਂ ਦਾ ਉਹ ਭਾਗ ਜਿਸ ਨੂੰ ਧਰਤੀ ਦੇ ਪੱਧਰ ਤੋਂ ਰਤਾ ਉੱਚਾ ਚੁੱਕ ਕੇ ਬਣਾਇਆ ਗਿਆ ਹੋਵੇ (ਤਾਂਜੋ ਉਸ ਉੱਤੇ ਕੀਤੀਆਂ ਜਾਣ ਵਾਲ਼ੀਆਂ ਸਰਗਰਮੀਆਂ ਨੂੰ ਦੂਰ-ਦੂਰ ਤੱਕ ਬੈਠੇ ਲੋਕ ਅਸਾਨੀ ਨਾਲ਼ ਦੇਖ ਸਕਣ)। ਬਾਅਦ ਵਿੱਚ ਇਸੇ ਮੰਚ ਉੱਤੇ ਨਾਟਕ/ਡਰਾਮੇ ਆਦਿ ਕੀਤੇ ਜਾਣ ਕਾਰਨ ਇਸ ਨੂੰ ਰੰਗ-ਮੰਚ ਦਾ ਨਾਂ ਵੀ ਦੇ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸੇ ਮੰਚ ਸ਼ਬਦ ਤੋਂ ਹੀ ਪੰਜਾਬੀ ਭਾਸ਼ਾ ਦੇ ਇੱਕ ਅਹਿਮ ਸ਼ਬਦ 'ਮੰਜਾ' ਨੇ ਵੀ ਜਨਮ ਲਿਆ ਹੈ ਕਿਉਂਕਿ ਮੰਜਾ ਵੀ ਮੰਚ ਵਾਂਗ ਰਤਾ ਉੱਚਾ ਚੁੱਕ ਕੇ ਹੀ ਬਣਾਇਆ ਜਾਂਦਾ ਹੈ। ਇਸੇ ਕਾਰਨ ਸ਼ਬਦ-ਕੋਸ਼ਾਂ ਅਨੁਸਾਰ ਮੰਜਾ ਸ਼ਬਦ ਦੀ ਵਿਉਤਪਤੀ ਵੀ ਮੰਚ ਸ਼ਬਦ ਤੋਂ ਹੀ ਹੋਈ ਦੱਸੀ ਗਈ ਹੈ। 

ਅਕਸ਼/ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਸਿਹਾਰੀ ਦੀ ਭੂਮਿਕਾ:

      ਹੁਣ ਤੱਕ ਅਸੀਂ ਦੇਖ ਹੀ ਚੁੱਕੇ ਹਾਂ ਕਿ ਅਕਸ਼ ਅਤੇ ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਕੀ ਅੰਤਰ ਹੈ। ਇਹ ਅੰਤਰ ਅਕਸ਼ਿ ਸ਼ਬਦ ਵਿੱਚ ਲੱਗੀ ਹੋਈ ਸਿਹਾਰੀ (....ਬੱਸ ਰੱਤੀ ਕੁ ਫ਼ਰਕ ਮਰੋੜੀ ਦਾ" ਅਨੁਸਾਰ) ਹੀ ਪਾ ਰਹੀ ਹੈ। ਬਿਨਾਂ ਸਿਹਾਰੀ ਤੋਂ ਇਸ ਸ਼ਬਦ ਦੇ ਅਰਥ ਹਨ- ਗੱਡੀ/ਗੱਡੇ ਦਾ ਧੁਰਾ ਆਦਿ ਅਤੇ ਸਿਹਾਰੀ ਨਾਲ਼- ਅੱਖ ਜਾਂ ਮਨੁਖ ਦੀ ਦੇਖਣ-ਪ੍ਰਕਿਰਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਸੰਸਕ੍ਰਿਤ ਮੂਲ ਦੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿੱਚ ਹਰ ਧੁਨੀ ਦਾ ਅਪਣਾ ਮਹੱਤਵ ਹੈ ਅਤੇ ਉਸ ਦੇ ਕੋਈ ਨਾ ਕੋਈ ਅਰਥ ਜ਼ਰੂਰ ਹੁੰਦੇ ਹਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇੱਕ ਹੀ ਸ਼ਬਦ ਦੇ ਦੋ ਜਾਂ ਕਈ ਵਾਰ ਤਿੰਨ ਜਾਂ ਚਾਰ ਅਰਥ ਵੀ ਹੁੰਦੇ ਹਨ। ਅਜਿਹੇ ਸ਼ਬਦਾਂ ਨੂੰ ਬਹੁਅਰਥਕ ਸ਼ਬਦ ਵੀ ਆਖਿਆ ਜਾਂਦਾ ਹੈ, ਜਿਵੇਂ: ਉੱਤਰ, ਘੜੀ, ਗੱਡੀ, ਨਿਰਮਾਣ ਆਦਿ। ਇਸ ਦਾ ਕਾਰਨ ਵੀ ਹਰ ਧੁਨੀ/ਅੱਖਰ ਦੇ ਇੱਕ, ਦੋ ਜਾਂ ਕਈ ਵਾਰ ਇਸ ਤੋਂ ਵੀ ਵੱਧ ਅਰਥਾਂ ਦਾ ਹੋਣਾ ਹੀ ਹੈ। ਅਕਸ਼ ਅਤੇ ਅਕਸ਼ਿ ਸ਼ਬਦਾਂ ਦੀ ਸ਼ਬਦ-ਬਣਤਰ/ਸ਼ਬਦਕਾਰੀ ਵਿੱਚ ਵੀ ਕਸ਼ੈ ਅੱਖਰ ਦੇ ਦੋ ਤੋਂ ਵੱਧ ਅਰਥ ਅਤੇ ਸਿਹਾਰੀ ਦੇ ਆਪਣੇ ਇੱਕ ਵਿਸ਼ੇਸ਼ ਅਰਥ ਹੀ ਅੰਤਰ ਪਾ ਰਹੇ ਹਨ (ਵਿਸਤ੍ਰਿਤ ਵੇਰਵਾ ਕਿਸੇ ਵੱਖਰੇ ਲੇਖ ਵਿੱਚ)।

         ਅੰਤ ਵਿੱਚ ਇਹੋ ਹੀ ਆਖਿਆ ਜਾ ਸਕਦਾ ਹੈ ਕਿ ਅਖਾੜਾ ਸ਼ਬਦ ਭਾਵੇਂ ਅਕਸ਼ਿਵਾਟ ਤੋਂ ਬਣਿਆ ਹੋਵੇ ਤੇ ਭਾਵੇਂ ਅਕਸ਼ਾਰ ('ਮਹਾਨ ਕੋਸ਼' ਅਨੁਸਾਰ) ਸ਼ਬਦ ਤੋਂ, ਇਹਨਾਂ ਵਿੱਚ ਅੱਖ ਸ਼ਬਦ ਦੇ ਅਰਥ ਅਕਸ਼ਿ ਸ਼ਬਦ ਤੋਂ ਹੀ ਆਏ ਹਨ ਜਿਸ ਦੀ ਬਦੌਲਤ ਅਖਾੜਾ ਸ਼ਬਦ ਦਾ ਸੰਬੰਧ ਮੰਚ ਦੇ ਨਾਲ਼-ਨਾਲ਼ ਉਪਰੋਕਤ ਅਨੁਸਾਰ ਦਰਸ਼ਕਾਂ (ਦੇਖਣ ਵਾਲ਼ਿਆਂ) ਨਾਲ਼ ਵੀ ਜੁੜਿਆ ਹੋਇਆ ਹੈ ਕਿਉਂਕਿ ਦਰਸ਼ਕ ਸ਼ਬਦ ਵੀ ਅਕਸ਼ਿ (ਅੱਖ) ਤੋਂ ਹੀ ਬਣਿਆ ਹੋਇਆ ਹੈ। ਇਸ ਤੋਂ ਬਿਨਾਂ 'ਦਰਸ਼ਕ' ਸ਼ਬਦ ਵਿੱਚ ਪਿਛੇਤਰ ਦੇ ਰੂਪ ਵਿੱਚ ਲੱਗੀ ਹੋਈ 'ਕ' ਧੁਨੀ ਦੇ ਅਰਥ ਹਨ- ਵਾਲ਼ਾ, ਕਰਨ ਵਾਲ਼ਾ (ਕਰਤਰੀ ਨਾਂਵ ਬਣਾਉਣ ਵਾਲ਼ਾ); ਜਿਵੇਂ: ਚਾਲਕ (ਚਲਾਉਣ ਵਾਲ਼ਾ), ਅਧਿਆਪਕ (ਅਧਿਆਪਨ ਕਰਨ ਵਾਲ਼ਾ), ਸੰਪਾਦਕ (ਸੰਪਾਦਨ ਕਰਨ ਵਾਲ਼ਾ), ਲੇਖਕ (ਲਿਖਣ ਵਾਲ਼ਾ) ਆਦਿ। 

     ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 'ਅਕਸ਼ਿਵਾਟ' ਸ਼ਬਦ ਵਿਚਲੇ ਦੋ ਸ਼ਬਦਾਂ-  ਅਕਸ਼ਿ (ਅੱਖ) ਅਤੇ ਵਾਟ (ਮੰਚ/ਘੇਰਾ) ਸ਼ਬਦਾਂ ਦੀ ਸ਼ਮੂਲੀਅਤ ਤੋਂ ਬਗ਼ੈਰ ਅਖਾੜਾ ਸ਼ਬਦ ਦੇ ਅਰਥ ਮੁਕੰਮਲ ਹੋ ਹੀ ਨਹੀਂ ਸਕਦੇ; ਘੱਟੋ-ਘੱਟ ਅਖਾੜਾ (ਅਕਸ਼ਿਵਾਟ) ਸ਼ਬਦ ਦੇ ਅਰਥ ਹਿੰਦੀ ਭਾਸ਼ਾ ਦੇ ਇੱਕ ਨਿਰੁਕਤਕਾਰ ਜਿਸ ਦਾ ਹਵਾਲਾ ਪਿਛਲੇ ਲੇਖ ਵਿੱਚ ਦਿੱਤਾ ਗਿਆ ਹੈ, ਦੇ ਅਨੁਸਾਰ "ਸ਼ਤਰੰਜ ਦੀ ਖੇਡ ਦਾ ਅਖਾੜਾ" ( ! ) ਤਾਂ ਬਿਲਕੁਲ ਹੀ ਨਹੀਂ ਹਨ। ਅਕਸ਼ਵਾਟ (ਸ਼ਤਰੰਜ ਜਾਂ ਪਾਸਿਆਂ ਦੀ ਖੇਡ) ਸ਼ਬਦ ਦੇ ਅਰਥ ਹੋਰ ਹਨ ਅਤੇ ਅਕਸ਼ਿਵਾਟ (ਅਖਾੜਾ) ਸ਼ਬਦ ਦੇ ਹੋਰ। ਦਰਅਸਲ ਸਮੇਂ ਦੇ ਬੀਤਣ ਨਾਲ਼ 'ਅਕਸ਼ਿਵਾਟ' ਸ਼ਬਦ ਵਿਚਲੀ ਸਿਹਾਰੀ ਹੁਣ ਇਸ ਵਿੱਚੋਂ ਅਲੋਪ ਹੋ ਚੁੱਕੀ ਹੈ ਜਿਸ ਕਾਰਨ ਉਪਰੋਕਤ ਲੇਖਕ ਇੱਕ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਗਿਆ ਹੈ।

                      .................

ਜਸਵੀਰ ਸਿੰਘ ਪਾਬਲਾ,

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.