You are here

ਸ਼ਬਦਾਂ ਦੀ ਪਰਵਾਜ (  'ਅਖਾੜਾ' ਸ਼ਬਦ ਕਿਵੇਂ ਬਣਿਆ? ) ✍️ ਜਸਵੀਰ ਸਿੰਘ ਪਾਬਲਾ

 'ਅਖਾੜਾ' ਸ਼ਬਦ ਕਿਵੇਂ ਬਣਿਆ?

      (ਸਾਡੀ ਮੌਜੂਦਾ ਨਿਰੁਕਤਕਾਰੀ ਦੇ ਸੰਦਰਭ ਵਿੱਚ)

           ਦੇਖਣ ਵਿੱਚ ਆਇਆ ਹੈ ਕਿ ਸਾਡੇ ਹੁਣ ਤੱਕ ਦੇ ਬਹੁਤੇ ਨਿਰੁਕਤਕਾਰ ਸ਼ਬਦਾਂ ਦਾ ਖੁਰਾ-ਖੋਜ ਲੱਭਣ ਸਮੇਂ ਸ਼ਬਦਾਂ ਦੇ ਮੂਲ ਤੱਕ ਪਹੁੰਚਦਿਆਂ-ਪਹੁੰਚਦਿਆਂ ਅਕਸਰ ਦਿਸ਼ਾਹੀਣ ਹੋ ਜਾਂਦੇ ਹਨ ਅਤੇ ਇੱਕ ਵਿਸ਼ੇਸ਼ ਹੱਦ ਤੋਂ ਪਾਰ ਜਾਣ ਵਿੱਚ ਲਗ-ਪਗ ਅਸਫਲ ਹੀ ਰਹਿੰਦੇ ਹਨ ਤੇ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਉਹ ਅੱਕੀਂ-ਪਲ਼ਾਹੀਂ ਹੱਥ-ਪੈਰ ਮਾਰਦੇ ਦਿਖਾਈ ਦਿੰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਹੈ: .ਧੁਨੀਆਂ ਦੇ ਅਰਥਾਂ ਦੀ ਅਣਹੋਂਦ। ਅਜਿਹੇ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ- ਅਖਾੜਾ। ਅੱਜ ਦੇਖਦੇ ਹਾਂ ਕਿ ਸਾਡੇ ਅਜੋਕੇ ਨਿਰੁਕਤਕਾਰ ਇਸ ਸ਼ਬਦ ਦੀ ਨਿਰੁਕਤਕਾਰੀ ਨੂੰ ਕਿਵੇਂ ਅੰਜਾਮ ਦੇ ਰਹੇ ਹਨ ਅਤੇ ਮੂਲ ਰੂਪ ਵਿੱਚ ਇਸ ਸ਼ਬਦ ਦੀ ਸ਼ਬਦਕਾਰੀ ਸਾਡੇ ਵੱਡੇ-ਵਡੇਰਿਆਂ ਵੱਲੋਂ ਕਿਵੇਂ ਕੀਤੀ ਗਈ ਹੈ? 

        ਅਖਾੜਾ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ-  ਅਕਸ਼+ਵਾਟ (अक्ष+वाट) ਸ਼ਬਦਾਂ ਤੋਂ ਹੋਂਦ ਵਿੱਚ ਆਇਆ ਹੈ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਸ਼ਬਦ ਦੇ ਪਹਿਲੇ ਭਾਗ "ਅਕਸ਼" ਦੇ ਕੁੱਲ ਪੰਦਰਾਂ ਦੇ ਕਰੀਬ ਅਰਥ ਦੱਸੇ ਗਏ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ- ਗੱਡੀ ਦੀ ਧੁਰੀ ਜਾਂ ਧੁਰਾ, ਤੱਕੜੀ ਦੀ ਡੰਡੀ, ਰੁਦਰਾਕਸ਼, ਗਿਆਨ, ਚੌਸਰ ਜਾਂ ਸ਼ਤਰੰਜ ਦਾ ਪਾਸਾ ਜਾਂ ਪਾਸ਼ਾ (ਸੰਸਕ੍ਰਿਤ ਦੇ 'ਪਾਸ਼ਕ' ਸ਼ਬਦ ਤੋਂ ਬਣਿਆ ), ਗਰੁੜ, ਕਨੂੰਨੀ ਕਾਰਜ-ਵਿਧੀ (ਮੁਕੱਦਮਾ) ਆਦਿ। ਇਸ ਪ੍ਰਕਾਰ ਇੱਥੇ ਕਿਧਰੇ ਵੀ "ਅਕਸ਼ਵਾਟ" ਸ਼ਬਦ ਦੇ ਅਰਥ ਸ਼ਤਰੰਜ ਦਾ 'ਅਖਾੜਾ' ਨਹੀਂ ਦਿੱਤੇ ਗਏ ਹਨ, ਹਾਂ ਇਸ ਵਿਚਲੇ ਇੱਕ ਸ਼ਬਦ ਅਕਸ਼ ਦੇ ਅਰਥ 'ਸ਼ਤਰੰਜ ਦਾ ਪਾਸਾ' (ਲੱਕੜੀ ਦਾ ਟੁਕੜਾ ਜਿਸ ਉੱਤੇ ਦੋ ਤੋਂ ਛੇ ਤੱਕ ਦੇ ਨਿਸ਼ਾਨ ਜਾਂ ਬਿੰਦੀਆਂ ਉੱਕਰੀਆਂ ਹੋਈਆਂ ਹੁੰਦੀਆਂ ਹਨ) ਅਤੇ ਇਸੇ ਸ਼ਬਦ ਦੇ ਅਰਥ-ਵਿਸਤਾਰ ਵਜੋਂ ਅਕਸ਼ਵਾਟ (अक्ष:वाट:) ਸ਼ਬਦ ਦੇ ਅਰਥ "ਜੂਆਖ਼ਾਨਾ" ਜਾਂ "ਜੂਏ ਦੀ ਮੇਜ਼" ਜ਼ਰੂਰ ਦਿੱਤੇ ਗਏ ਹਨ। ਪਰ ਇਸ ਦੇ ਬਾਵਜੂਦ ਸਾਡਾ ਵਰਤਮਾਨ ਸਮੇਂ ਦਾ ਹਿੰਦੀ ਭਾਸ਼ਾ ਦਾ ਇੱਕ ਨਿਰੁਕਤਕਾਰ 'ਅਖਾੜਾ' ਸ਼ਬਦ ਦੀ ਨਿਰੁਕਤੀ ਨੂੰ ਮਨ-ਚਿਤਵੇ ਢੰਗ ਨਾਲ਼ ਇਸ ਪ੍ਰਕਾਰ ਦਰਸਾ ਰਿਹਾ ਹੈ: ਅਕਸ਼ਵਾਟ: >ਅੱਖਾਡਾਅ (अक्खाडअ) > ਅਖਾੜਾ ਅਰਥਾਤ ਉਸ ਅਨੁਸਾਰ ਇਹ ਸ਼ਬਦ ਪਹਿਲਾਂ ਅਕਸ਼ਵਾਟ ਤੋਂ 'ਅੱਖਾਡਅ' ਅਤੇ ਫਿਰ ਅੱਖਾਡਅ ਤੋਂ 'ਅਖਾੜਾ' ਵਿੱਚ ਤਬਦੀਲ ਹੋਇਆ ਹੈ। ਇਸ ਪ੍ਰਕਾਰ ਉਸ ਅਨੁਸਾਰ "ਅਖਾੜਾ" ਸ਼ਬਦ ਪਹਿਲਾਂ ਜੂਏ ਜਾਂ ਸ਼ਤਰੰਜ ਦੀ ਖੇਡ ਨਾਲ਼ ਹੀ ਸੰਬੰਧਿਤ ਸੀ ਪਰ ਹੌਲ਼ੀ-ਹੌਲ਼ੀ ਇਹ ਸ਼ਬਦ ਰੰਗ-ਮੰਚ ਜਾਂ ਘੋਲ਼/ਕੁਸ਼ਤੀਆਂ ਆਦਿ ਲਈ ਵੀ ਵਰਤਿਆ ਜਾਣ ਲੱਗਿਆ।

        ਇਸ ਤੋਂ ਉਲਟ ਸੰਸਕ੍ਰਿਤ-ਕੋਸ਼ਾਂ ਅਨੁਸਾਰ ਅਖਾੜਾ ਸ਼ਬਦ ਵੀ ਭਾਵੇਂ ਅਕਸ਼ਵਾਟ ਸ਼ਬਦ ਤੋਂ ਹੀ ਬਣਿਆ ਹੈ ਪਰ ਇਹ ਸ਼ਬਦ 'ਅਕਸ਼' ਅਰਥਾਤ 'ਪਾਸਾ' ਦੇ ਅਰਥਾਂ ਤੋਂ ਨਹੀਂ ਸਗੋਂ 'ਅਕਸ਼ਿ' ਸ਼ਬਦ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ "ਅੱਖ" ਹਨ। ਇਸ ਲਈ ਇਸ ਸ਼ਬਦ ਦੇ ਅਰਥ ਉਪਰੋਕਤ ਲੇਖਕ ਦੁਆਰਾ ਚਿਤਵੇ ਹੋਏ ਅਰਥਾਂ ਅਨੁਸਾਰ 'ਸ਼ਤਰੰਜ ਦਾ ਪਾਸਾ' ਨਹੀਂ ਹਨ ਸਗੋਂ ਇੱਥੇ ਇਸ ਸ਼ਬਦ ਦੇ ਅਰਥ "ਅੱਖ" ਹਨ। ਸੰਸਕ੍ਰਿਤ ਵਿਚਲੀ 'ਕਸ਼ੈ' (क्ष) ਅੱਖਰ ਦੀ ਧੁਨੀ ਅਕਸਰ ਪੰਜਾਬੀ ਵਿੱਚ ਆ ਕੇ 'ਖ'  ਦੀ ਧੁਨੀ ਵਿੱਚ ਬਦਲ ਜਾਂਦੀ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ਅਕਸ਼ਿਵਾਟ (ਪ੍ਰਚਲਿਤ ਰੂਪ ਅਕਸ਼ਵਾਟ) ਤੋਂ ਬਣੇ ਅਖਾੜਾ ਸ਼ਬਦ ਵਿੱਚ ਅੱਖ ਤੋਂ ਭਾਵ ਹੈ: ਸੰਬੰਧਿਤ ਸਥਾਨ ਦੇ ਆਲ਼ੇ-ਦੁਆਲ਼ੇ ਬੈਠ ਕੇ ਰੰਗ-ਮੰਚ 'ਤੇ ਹੋਣ ਵਾਲ਼ੇ ਪ੍ਰਕਾਰਜ ਨੂੰ "ਦੇਖਣ ਵਾਲ਼ੇ ਲੋਕ" ਅਰਥਾਤ "ਦਰਸ਼ਕ"। ਇਸ ਪ੍ਰਕਾਰ ਇਹ ਸ਼ਬਦ ''ਅਕਸ਼ਿਵਾਟ' ਤੋਂ ਅਕਸ਼ਵਾਟ ਦੇ ਰੂਪ ਵਿੱਚ ਬਦਲਿਆ ਹੈ ਅਰਥਾਤ ਸਮੇਂ ਦੇ ਗੇੜ ਨਾਲ਼ ਜਾਂ ਲੋਕ-ਉਚਾਰਨ ਵਿੱਚ ਸੁਖੈਨਤਾ ਲਿਆਉਣ ਦੀ ਖ਼ਾਤਰ ਇਸ ਵਿੱਚੋਂ ਸਿਹਾਰੀ ਦੀ ਮਾਤਰਾ ਅਲੋਪ ਹੋ ਗਈ ਹੈ ਜਾਂ ਵਿਦਵਾਨਾਂ ਦੁਆਰਾ ਬਾਅਦ ਵਿੱਚ ਅਲੋਪ ਕਰ ਦਿੱਤੀ ਗਈ ਹੈ। ਇਸ ਦਾ ਇੱਕ ਸਬੂਤ ਇਹ ਹੈ ਕਿ 'ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਵਿਦਵਾਨ 'ਡਾ. ਸ਼ਿਆਮ ਦੇਵ ਪਾਰਾਸ਼ਰ' (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਵੀ ਪੰਜਾਬੀ ਦਾ "ਅਖਾੜਾ" ਸ਼ਬਦ ਸੰਸਕ੍ਰਿਤ ਭਾਸ਼ਾ ਦੇ 'ਅਕਸ਼ਵਾਟ' ਸ਼ਬਦ ਤੋਂ ਹੀ ਬਣਿਆ ਹੈ। ਅਕਸ਼ਵਾਟ ਵਿਚਲੇ ਦੂਜੇ ਸ਼ਬਦ 'ਵਾਟ' ਦੇ ਅਰਥ ਹਨ- ਵਾੜ, ਘੇਰਾ ਜਾਂ ਕਿਸੇ ਕਰਤੱਬ ਨੂੰ ਕਰਨ ਵਾਲ਼ੇ ਕਲਾਕਾਰਾਂ ਜਾਂ ਖਿਡਾਰੀਆਂ ਆਦਿ ਦੁਆਰਾ ਕਿਸੇ ਜਗ੍ਹਾ ਦਾ ਘੇਰਿਆ ਹੋਇਆ ਕੁਝ ਭਾਗ।

       ਪਰ ਹਿੰਦੀ ਭਾਸ਼ਾ ਦੇ ਨਿਰੁਕਤਕਾਰ ਜਿਸ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿੱਚ ਕੀਤਾ ਗਿਆ ਹੈ, ਦਾ ਮੱਤ ਇਹ ਹੈ ਕਿ ਅਖਾੜਾ ਸ਼ਬਦ 'ਅਕਸ਼' ਸ਼ਬਦ ਦੇ ਉੱਪਰ ਦੱਸੇ ਗਏ ਅਰਥਾਂ ਵਿਚਲੇ ਇੱਕ ਅਰਥ, "ਚੌਸਰ ਜਾਂ ਸ਼ਤਰੰਜ ਦਾ ਪਾਸਾ" ਦੇ ਅਰਥਾਂ ਤੋਂ ਵਿਕਸਿਤ ਹੋਇਆ ਹੈ। ਉਸ ਅਨੁਸਾਰ ਉਹ ਥਾਂ ਜਿੱਥੇ ਪੁਰਾਤਨ ਸਮਿਆਂ ਦੇ ਕੁਝ ਲੋਕ ਇਕੱਠੇ ਹੋ ਕੇ ਸ਼ਤਰੰਜ ਦੀ ਖੇਡ ਖੇਡਿਆ ਕਰਦੇ ਸਨ, ਤੋਂ ਵਿਕਸਿਤ ਹੋ ਕੇ ਹੌਲ਼ੀ-ਹੋਲ਼ੀ ਮੌਜੂਦਾ ਸਮੇਂ ਦੇ ਸ਼ਬਦ 'ਅਖਾੜਾ' ਦੇ ਅਰਥਾਂ ਵਿੱਚ ਤਬਦੀਲ ਹੋਇਆ ਹੈ ਤੇ ਫਿਰ ਬਾਅਦ ਵਿੱਚ ਇਹੋ ਸ਼ਬਦ ਹੋਰ ਖੇਡਾਂ /ਕੁਸ਼ਤੀਆਂ ਜਾਂ ਰੰਗ-ਮੰਚ ਆਦਿ ਨਾਲ਼ ਵੀ ਜੋੜਿਆ ਜਾਣ ਲੱਗਾ। 

        ਮੇਰੀ ਜਾਚੇ  ਉਹਨਾਂ ਦੀ ਇਹ ਦਲੀਲ ਉੱਕਾ ਹੀ ਨਿਰਮੂਲ ਹੈ ਕਿਉਂਕਿ ਸ਼ਤਰੰਜ ਦੀ ਖੇਡ ਕਦੇ ਵੀ ਲੋਕਾਂ ਵਿੱਚ ਏਨੀ ਹਰਮਨ-ਪਿਆਰੀ ਨਹੀਂ ਰਹੀ ਕਿ ਪੁਰਾਤਨ ਸਮਿਆਂ ਦੇ ਆਮ ਲੋਕ ਵੀ ਇਹ ਖੇਡ ਖੇਡਦੇ ਹੋਣਗੇ ਜਾਂ ਬਹੁਤੇ ਲੋਕ ਇਸ ਖੇਡ ਨੂੰ ਖੇਡਦਿਆਂ ਦੇਖਣ ਲਈ ਜਾਇਆ ਵੀ ਕਰਦੇ ਹੋਣਗੇ ਜਾਂ ਇਸ ਖੇਡ  ਦਾ ਨਾਂ ਤੱਕ ਵੀ ਜਾਣਦੇ ਹੋਣਗੇ। ਇਸ ਦੇ ਉਲਟ ਇਹ ਖੇਡ ਤਾਂ ਵਧੇਰੇ ਕਰਕੇ ਅਮੀਰ ਲੋਕਾਂ ਜਾਂ ਰਾਜੇ-ਰਜਵਾੜਿਆਂ ਤੱਕ ਹੀ ਸੀਮਿਤ ਰਹੀ ਹੈ ਜਦਕਿ 'ਅਖਾੜਾ' ਸ਼ਬਦ ਸਾਡੇ ਪੁਰਾਤਨ ਸੱਭਿਆਚਾਰ ਨਾਲ਼ ਸੰਬੰਧਿਤ ਇੱਕ ਅਜਿਹਾ ਸ਼ਬਦ ਹੈ ਜਿਸ ਤੋਂ ਸਾਡੇ ਆਮ ਲੋਕ ਵੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਉਹ ਜਾਣਦੇ ਸਨ ਕਿ ਅਖਾੜਾ ਕੀ ਹੁੰਦਾ ਹੈ ਤੇ ਇਸ ਵਿੱਚ ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਾਂ ਕਿਹੋ-ਜਿਹੇ ਕਰਤੱਬ ਦਿਖਾਏ ਜਾਂਦੇ ਹਨ ਅਤੇ ਇਹਨਾਂ ਨੂੰ ਦੇਖਣ ਵਾਲ਼ੇ ਲੋਕ ਕੌਣ ਹੁੰਦੇ ਹਨ ਅਤੇ ਉਹ ਕਿੱਥੇ ਬੈਠ ਕੇ ਅਖਾੜੇ ਵਿੱਚ ਹੋ ਰਹੀਆਂ ਇਹਨਾਂ ਗਤੀਵਿਧੀਆਂ ਦਾ ਅਨੰਦ ਮਾਣਦੇ ਹਨ। 

          ਸੋ, ਜਾਪਦਾ ਹੈ ਕਿ ਉਪਰੋਕਤ ਹਿੰਦੀ ਭਾਸ਼ਾ ਦਾ ਨਿਰੁਕਤਕਾਰ ਇੱਥੇ ਇੱਕ ਬਹੁਤ ਵੱਡੀ ਗ਼ਲਤ-ਫ਼ਹਿਮੀ ਦਾ ਸ਼ਿਕਾਰ ਹੋ ਗਿਆ ਹੈ ਤੇ ਧੱਕੇ ਨਾਲ਼ ਹੀ "ਅਕਸ਼ਵਾਟ" ਸ਼ਬਦ ਦੇ ਮੂਲ ਅਰਥਾਂ ਨੂੰ ਜੂਏ ਦੀ ਖੇਡ ਨਾਲ਼ ਸੰਬੰਧਿਤ ਕਰ ਕੇ ਦਰਸਾ ਰਿਹਾ ਹੈ। ਦਰਅਸਲ 'ਅਕਸ਼ਵਾਟ' ਇੱਕ ਦੋ-ਅਰਥੀ ਸ਼ਬਦ ਹੈ ਪਰ ਸੰਬੰਧਿਤ ਲੇਖਕ ਇਸ ਸ਼ਬਦ ਦੇ 'ਜੂਏਖ਼ਾਨੇ' ਵਾਲ਼ੇ ਕੇਵਲ ਇੱਕ ਅਰਥ ਹੀ ਦਰਸਾ ਰਿਹਾ ਹੈ ਤੇ ਇਸ ਦੇ ਰੰਗ-ਮੰਚ ਜਾਂ ਸਟੇਜ ਵਾਲ਼ੇ ਅਰਥਾਂ ਨੂੰ ਵੀ ਉਹ ਇਸ ਦੇ 'ਜੂਏਖ਼ਾਨੇ' ਵਾਲ਼ੇ ਅਰਥਾਂ ਤੋਂ ਹੀ ਉਪਜਿਆ ਹੋਇਆ ਦੱਸ ਰਿਹਾ ਹੈ।  

         ਸੰਸਕ੍ਰਿਤ ਭਾਸ਼ਾ ਵਿੱਚ ਨਾਟਕ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸੇ ਕਾਰਨ ਭਰਤ ਮੁਨੀ ਨੂੰ ਸੰਸਕ੍ਰਿਤ-ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ਜ਼ਾਹਰ ਹੈ ਕਿ ਨਾਟਕ ਉਸ ਸਮੇਂ ਜਾਂ ਉਸ ਤੋਂ ਵੀ ਪਹਿਲੇ ਸਮਿਆਂ ਤੋਂ ਹੀ ਖੇਡਿਆ ਜਾਂਦਾ ਰਿਹਾ ਹੋਵੇਗਾ ਅਤੇ ਆਮ ਲੋਕਾਂ ਦੁਆਰਾ ਦੇਖਿਆ ਵੀ ਜਾਂਦਾ ਰਿਹਾ ਹੋਵੇਗਾ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਬਹੁਤ ਹੀ ਘੱਟ ਹੋਇਆ ਕਰਦੇ ਸਨ। 

         ਇਸ ਪ੍ਰਕਾਰ ਅਕਸ਼ਿ (ਅੱਖ) ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਅਕਸ਼ਵਾਟ ਸ਼ਬਦ ਦੇ ਅਰਥ ਹੋਏ- ਉਹ ਸਟੇਜ/ਰੰਗ-ਮੰਚ/ਨਿਰਧਾਰਿਤ ਕੀਤੀ ਗਈ ਥਾਂ ਜਿਸ ਦੇ ਦੁਆਲ਼ੇ ਬੈਠ ਕੇ ਦਰਸ਼ਕ ਦੰਗਲ਼, ਘੋਲ਼ ਜਾਂ ਨਾਟਕ ਆਦਿ ਦੇਖਿਆ ਕਰਦੇ ਸਨ।ਭਾਸ਼ਾ-ਵਿਭਾਗ, ਪੰਜਾਬ ਦੇ ਕੋਸ਼ਾਂ ਵਿੱਚ ਵੀ ਅਖਾੜਾ ਸ਼ਬਦ ਦੇ ਕੇਵਲ ਤਿੰਨ ਅਰਥ ਹੀ ਦੱਸੇ ਗਏ ਹਨ- 

੧. ਪਹਿਲਵਾਨਾਂ ਦੇ ਘੁਲ਼ਨ, ਦੰਗਲ਼ ਜਾਂ ਕਸਰਤ ਕਰਨ ਦੀ ਥਾਂ ਜਾਂ ਪਿੜ।

੨. ਰੰਗ-ਭੂਮੀ, ਸਟੇਜ, ਜਿੱਥੇ ਨਾਟਕ ਖੇਡਿਆ ਜਾਵੇ।

੩. ਸਾਧੂ-ਸੰਪਰਦਾ ਦੀ ਕੋਈ ਮੰਡਲੀ ਜਾਂ ਡੇਰਾ।    

         ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ.ਐੱਸ. ਰਿਆਲ ਜੀ ਨੇ ਵੀ ਆਪਣੇ 'ਨਿਰੁਕਤ ਕੋਸ਼' ਵਿੱਚ ਇਸ ਸ਼ਬਦ  ਦੇ ਉਪਰੋਕਤ ਤਿੰਨ ਅਰਥ ਹੀ ਦੱਸੇ ਹਨ। 

        ਤੀਜੇ, ਭਾਈ ਕਾਨ੍ਹ ਸਿੰਘ ਨਾਭਾ ਦੇ 'ਮਹਾਨ ਕੋਸ਼' ਅਨੁਸਾਰ ਤਾਂ ਇਹ ਸ਼ਬਦ ਬਣਿਆ ਹੀ ਸੰਸਕ੍ਰਿਤ ਭਾਸ਼ਾ ਦੇ ਅਕਸ਼ਾਰਾ (अक्षारा=ਅਕਸ਼ਿ+ਆਰਾ) ਸ਼ਬਦ ਤੋਂ ਹੈ ਜਿਸ ਵਿੱਚ 'ਅਕਸ਼ਿ' ਸ਼ਬਦ ਦੀ ਹੋਂਦ ਅਤੇ ਅਰਥ ਪ੍ਰਤੱਖ ਤੌਰ 'ਤੇ ਦਿਖਾਈ ਦਿੰਦੇ ਹਨ ਅਰਥਾਤ  ਅਕਸ਼ਿ+ਆਰਾ (ਦੇਖਿਆ ਜਾਣ ਵਾਲ਼ਾ ਭਾਵ ਕੋਈ ਖੇਡ-ਤਮਾਸ਼ਾ/ਦੰਗਲ਼/ਨਾਟਕ ਆਦਿ)। ਅਕਸ਼ਿ ਸ਼ਬਦ ਦੀ ਸਿਹਾਰੀ ਅਕਸ਼ਿਵਾਟ ਸ਼ਬਦ ਵਾਂਗ ਇਸ ਵਿੱਚੋਂ ਵੀ ਅਲੋਪ ਹੋ ਚੁੱਕੀ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ ਉਪਰੋਕਤ ਦੋਂਹਾਂ ਕੋਸ਼ਾਂ ਦੇ ਨਾਲ਼-ਨਾਲ਼ 'ਮਹਾਨ ਕੋਸ਼' ਵਿੱਚ ਵੀ ਚੌਸਰ ਜਾਂ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਕੋਈ ਵੀ ਅਰਥ ਦਰਜ ਨਹੀਂ ਹਨ।

         ਸੋ, ਉਪਰੋਕਤ ਅਨੁਸਾਰ ਕਿਸੇ ਵੀ ਸ਼ਬਦ ਦੀ ਵਿਉਤਪਤੀ/ਨਿਰੁਕਤਕਾਰੀ ਨੂੰ ਸਮਝਣ ਲਈ ਸਾਨੂੰ ਆਪਣੇ ਪੁਰਾਤਨ ਸਮਾਜ ਦੀ ਰਹਿਣੀ-ਬਹਿਣੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਿਕ ਪੱਖਾਂ ਆਦਿ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਅਖਾੜਾ ਸ਼ਬਦ ਦੀ ਵਿਉਤਪਤੀ ਨਿਰਧਾਰਿਤ ਕਰਨ ਸਮੇਂ ਅਖਾੜਾ (ਅਕਸ਼+ਵਾਟ) ਸ਼ਬਦ ਵਿਚਲੇ 'ਵਾਟ' ਸ਼ਬਦ ਦੇ ਅਰਥ ਜਾਣਨੇ ਵੀ ਬਹੁਤ ਜ਼ਰੂਰੀ ਹਨ ਜਿਸ ਤੋਂ  ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਅਖਾੜਾ ਸ਼ਬਦ ਕਿਵੇਂ ਹੋਂਦ ਵਿੱਚ ਆਇਆ ਹੈ। 

       'ਵਾਟ' ਸ਼ਬਦ ਸੰਸਕ੍ਰਿਤ ਦੇ ਹੀ 'ਵਟ੍' ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਸ ਦੇ ਅਰਥ ਹਨ- ਘੇਰਾ ਪਾਉਣਾ ਜਾਂ ਘੇਰੇ ਵਿੱਚ ਲੈਣਾ। ਇਸ ਪ੍ਰਕਾਰ  ਸੰਸਕ੍ਰਿਤ ਭਾਸ਼ਾ ਦੇ ਵਾਟ ਸ਼ਬਦ ਦੇ ਅਰਥ ਹਨ- ਵਾੜ, ਘੇਰਾ, ਘੇਰੀ ਹੋਈ ਥਾਂ; ਉਹ ਥਾਂ ਜਿਸ ਦੀ ਘੇਰਾਬੰਦੀ ਜਾਂ ਹੱਦਬੰਦੀ ਕੀਤੀ ਗਈ ਹੋਵੇ।  ਵਾੜਾ (ਪਸੂਆਂ ਦਾ) ਸ਼ਬਦ ਵੀ ਇਸੇ ਵਾਟ ਜਾਂ ਵਾੜ ਸ਼ਬਦ ਤੋਂ ਹੀ ਬਣਿਆ ਹੈ ਕਿਉਂਕਿ ਪਸੂਆਂ ਦੀ ਹਿਫ਼ਾਜ਼ਤ ਲਈ ਸੰਬੰਧਿਤ ਥਾਂ ਦੇ ਆਲ਼ੇ-ਦੁਆਲ਼ੇ ਪੁਰਾਤਨ ਲੋਕ ਸੰਘਣੀ ਵਾੜ ਹੀ ਕਰਿਆ ਕਰਦੇ ਸਨ ਜਾਂ ਕੱਚੀਆਂ ਕੰਧਾਂ ਉਸਾਰ ਲਿਆ ਕਰਦੇ ਸਨ। ਉਸ ਵਾੜ ਦੇ ਅੰਦਰ ਘਿਰੀ ਹੋਈ ਜਗ੍ਹਾ ਨੂੰ ਹੀ ਵਾੜਾ ਆਖਿਆ ਜਾਂਦਾ ਸੀ। ਸਮੇਂ ਦੇ ਨਾਲ਼-ਨਾਲ਼ ਇਸ ਵਾੜ ਜਾਂ ਵਾੜੇ ਦੇ ਰੂਪ ਅਤੇ ਆਕਾਰ ਆਦਿ ਵੀ ਬਦਲਦੇ ਗਏ। 

         ਹੁਣ ਦੇਖਦੇ ਹਾਂ ਕਿ ਵਾਟ ਸ਼ਬਦ ਵਿਚਲੀ ਟ ਦੀ ਧੁਨੀ ੜ ਦੀ ਧੁਨੀ ਵਿੱਚ ਕਿਵੇਂ ਬਦਲੀ ਹੈ? ਇਸ ਦਾ ਕਾਰਨ ਇਹ ਹੈ ਕਿ ਸੰਸਕ੍ਰਿਤ ਵਿੱਚ ੜ ਨਾਂ ਦੀ ਕੋਈ ਧੁਨੀ ਜਾਂ ਅੱਖਰ ਹੀ ਨਹੀਂ ਹੈ। ਇਸ ਲਈ ਆਮ ਤੌਰ 'ਤੇ ਕਈ ਵਾਰ ਟ, ਡ ਅਤੇ ਰ ਆਦਿ ਧੁਨੀਆਂ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਆ ਕੇ ੜ ਵਿੱਚ ਬਦਲ ਜਾਂਦੀਆਂ  ਹਨ, ਜਿਵੇਂ: ਵਟ (वट:) ਤੋਂ ਬੋਹੜ, ਪੀਰ (ਸੰਸਕ੍ਰਿਤ) ਤੋਂ ਪੀੜ (ਦੁੱਖ), ਪੇਡਾ (ਸੰ.) ਤੋਂ ਪੇੜ (ਰੁੱਖ), ਘਟ (ਸੰ.) ਤੋਂ ਘੜਾ; ਘਟਿਕਾ ਤੋਂ ਘੜੀ (24 ਮਿੰਟ ਦਾ ਸਮਾਂ), ਘੋਟ (घोट:) ਜਾਂ ਘੋਟਕ (घोटक:) ਤੋਂ ਘੋੜਾ, ਸ਼ਕਟ (शक‍ट) ਤੋਂ ਛਕੜਾ, ਨਾਡਿ (नाडि:) ਤੋੰ ਨਾੜੀ (ਕਣਕ ਦੀ ਨਾੜ) ਆਦਿ।

        ਉਪਰੋਕਤ ਢੰਗ ਨਾਲ਼ ਬਣਾਏ ਗਏ ਅਖਾੜਿਆਂ ਦੇ ਤਿੰਨ ਜਾਂ ਚਾਰੇ ਪਾਸੇ ਨਾਟਕ ਆਦਿ ਦੇ ਦ੍ਰਿਸ਼ਾਂ ਨੂੰ ਦੇਖਣ ਲਈ ਦਰਸ਼ਕਾਂ ਦੇ ਬੈਠਣ ਲਈ ਥਾਂ ਵੀ ਉਪਲਬਧ ਕਰਵਾਈ ਗਈ ਹੁੰਦੀ ਸੀ। ਸੋ, ਮੂਲ ਮੁੱਦਾ ਇਹ ਹੈ ਕਿ ਅਕਸ਼ ਜਾਂ ਅਕਸ਼ਿ ਸ਼ਬਦ ਦੇ ਅਰਥ ਇੱਥੇ ਕਿਸੇ ਕਿਸਮ ਦੀ ਚੌਸਰ ਜਾਂ ਸ਼ਤਰੰਜ ਆਦਿ ਨਾਲ਼ ਸੰਬੰਧਿਤ ਨਹੀਂ ਹਨ ਸਗੋਂ ਇਸ ਦਾ ਅਰਥ ਹੈ- ਦੇਖਣ ਵਾਲ਼ੇ ਅਰਥਾਤ ਇੱਕ ਵਿਸ਼ੇਸ਼ ਮੰਚ ਅਤੇ ਉਸ ਦੇ ਆਲ਼ੇ-ਦੁਆਲ਼ੇ ਬੈਠੇ ਹੋਏ ਦਰਸ਼ਕ। ਇਸ ਪ੍ਰਕਾਰ ਅਕਸ਼ਿ (ਦੇਖਣ ਵਾਲ਼ੇ) ਅਤੇ ਵਾਟ (ਮੰਚ) ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨੂੰ ਇਕੱਠਿਆਂ ਕਰ ਕੇ ਹੀ ਅਕਸ਼ਿਵਾਟ/ਅਕਸ਼ਵਾਟ ਸ਼ਬਦ ਦੇ ਅਰਥ ਸੰਪੂਰਨ ਹੁੰਦੇ ਹਨ। 

        ਅਖਾੜੇ ਦੇ ਸੰਬੰਧ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਕਿਸੇ ਸੁੱਕੇ ਹੋਏ ਛੱਪੜ ਦੇ ਵਿਚਕਾਰ ਵੀ ਇਹ ਖੇਡ-ਤਮਾਸ਼ੇ ਜਾਂ ਨਾਟਕ ਆਦਿ ਕਰਵਾ ਦਿੱਤੇ ਜਾਇਆ ਕਰਦੇ ਸਨ ਤੇ ਇਸ ਪ੍ਰਕਾਰ ਛੱਪੜ ਨੂੰ ਹੀ ਇੱਕ ਬਣੇ-ਬਣਾਏ ਸਟੇਡੀਅਮ ਦਾ ਰੂਪ ਦੇ ਦਿੱਤਾ ਜਾਂਦਾ ਸੀ। ਛੱਪੜ ਦੇ ਵਿਚਕਾਰ ਮੰਚ ਲਈ ਜਗ੍ਹਾ ਨਿਰਧਾਰਿਤ ਕਰ ਦਿੱਤੀ ਜਾਂਦੀ ਸੀ ਅਤੇ ਦਰਸ਼ਕ ਉਸ ਦੇ ਆਲ਼ੇ-ਦੁਆਲ਼ੇ ਬੈਠ ਕੇ ਨਾਟਕ ਜਾਂ ਖੇਡ-ਤਮਾਸ਼ਿਆਂ ਆਦਿ ਦਾ ਅਨੰਦ ਮਾਣਦੇ ਸਨ।  

           ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਨਿਰੁਕਤਕਾਰ ਸ਼ਬਦਾਂ ਦੇ ਪਿਛੋਕੜ ਨੂੰ ਫਰੋਲ਼ਦਿਆਂ ਅਕਸਰ ਉਹਨਾਂ ਦਾ ਸੰਬੰਧ ਕਿਸੇ ਅਜਿਹੀ ਚੀਜ਼ ਜਾਂ ਸ਼ਬਦ ਆਦਿ ਨਾਲ਼ ਜੋੜ ਦਿੰਦੇ ਹਨ ਜਿਸ ਦਾ ਉਸ ਦੇ ਪ੍ਰਚਲਿਤ ਅਰਥਾਂ ਨਾਲ਼ ਦੂਰ-ਦੂਰ ਤੱਕ ਵੀ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਫਿਰ ਆਪਣੇ ਸ਼ਬਦਾਂ ਦੀ ਚਾਸ਼ਨੀ ਰਾਹੀਂ ਆਪਣੀ ਕਹੀ ਹੋਈ ਗੱਲ ਨੂੰ ਸਹੀ ਸਿੱਧ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਸੀ। ਅਖਾੜਾ ਸ਼ਬਦ ਨੂੰ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਵਿਆਪਕ ਜਾਂ ਪ੍ਰਚਲਿਤ ਅਰਥਾਂ ਦਾ ਸ਼ਤਰੰਜ ਦੀ ਖੇਡ ਨਾਲ਼ ਕੀ ਸੰਬੰਧ ਹੈ? ਸ਼ਤਰੰਜ ਦੀ ਖੇਡ ਖੇਡਣ ਲਈ ਥਾਂ ਘੇਰਨ ਜਾਂ ਅਖਾੜਾ ਬਣਾਉਣ ਦੀ ਕੀ ਲੋੜ ਹੈ? ਉਹ ਤਾਂ ਕਿਸੇ ਵੀ ਸਥਾਨ ਜਾਂ ਕਮਰੇ ਆਦਿ ਵਿੱਚ ਬੈਠ ਕੇ ਬੜੀ ਅਸਾਨੀ ਨਾਲ਼ ਖੇਡੀ ਜਾ ਸਕਦੀ ਹੈ। 

       ਗੁਰਬਾਣੀ ਵਿੱਚ ਵੀ 'ਅਖਾੜਾ' ਸ਼ਬਦ ਦੀ ਵਰਤੋਂ ਅਨੇਕਾਂ ਵਾਰ ਕੀਤੀ ਗਈ ਹੈ। ਗੁਰੂ ਸਾਹਿਬਾਨ ਨੇ ਤਾਂ ਇਸ ਸਾਰੀ ਦੁਨੀਆ ਨੂੰ ਹੀ ਇੱਕ ਵਿਸ਼ਾਲ ਰੰਗ-ਮੰਚ ਦਾ ਦਰਜਾ ਦਿੱਤਾ ਹੋਇਆ ਹੈ:

        ਤੁਝ ਬਿਨੁ ਦੂਜਾ ਅਵਰੁ ਨਾ ਕੋਈ

        ਸਭੁ ਤੇਰਾ ਖੇਲੁ ਅਖਾੜਾ ਜੀਉ॥

             ਜੇਕਰ ਪੰਜਾਬੀ ਦੇ ਉਪਰੋਕਤ ਤਿੰਨੇ ਕੋਸ਼ਾਂ ਨਾਲ਼ ਸੰਬੰਧਿਤ ਅਖਾੜਾ ਸ਼ਬਦ ਦੇ ਅਰਥਾਂ ਨੂੰ ਵੀ ਵਾਚ ਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੇ ਅਖਾੜੇ ਨਿਸ਼ਚਿਤ ਸੀਮਾ/ਦਾਇਰੇ ਦੇ ਅੰਦਰ ਹੀ ਲੱਗਦੇ ਸਨ, ਚਾਹੇ ਇਹ ਕੁਸ਼ਤੀਆਂ/ਘੋਲ਼ਾਂ/ਛਿੰਝਾਂ ਆਦਿ ਦਾ ਅਖਾੜਾ ਹੋਵੇ, ਚਾਹੇ ਨਕਲਾਂ ਜਾਂ ਰਾਸ (ਰਾਸ-ਲੀਲ੍ਹਾ) ਆਦਿ ਦਾ ਅਤੇ ਚਾਹੇ ਨਾਟਕ/ਡਰਾਮੇ ਜਾਂ ਰੰਗ-ਮੰਚ ਆਦਿ ਦਾ। ਸਾਧੂ-ਮੰਡਲੀਆਂ ਵੀ ਇੱਕ ਵਿਸ਼ੇਸ਼ ਹੱਦਬੰਦੀ ਦੇ ਅੰਦਰ ਹੀ ਰਿਹਾ  ਕਰਦੀਆਂ ਸਨ। ਫ਼ਰਕ ਕੇਵਲ ਏਨਾ ਹੈ ਕਿ ਨਾਟਕ/ਰੰਗ-ਮੰਚ ਅਤੇ ਗਵੱਈਆਂ ਦੇ ਅਖਾੜੇ ਆਮ ਤੌਰ 'ਤੇ ਕਲਾਕਾਰਾਂ ਦੇ ਸਟੇਜ 'ਤੇ ਦਾਖ਼ਲੇ ਲਈ ਇੱਕ ਪਾਸਿਓਂ ਦਰਸ਼ਕਾਂ ਲਈ ਬੰਦ ਹੁੰਦੇ ਹਨ ਅਤੇ ਬਾਕੀ ਤਿੰਨਾਂ ਪਾਸਿਆਂ ਤੋਂ ਖੁੱਲ੍ਹੇ ਹੁੰਦੇ ਸਨ। ਇਸ ਤੋਂ ਬਿਨਾਂ ਬਾਕੀ ਅਖਾੜੇ (ਦੰਗਲ਼/ਕੁਸ਼ਤੀਆਂ ਆਦਿ ਦੇ) ਚਹੁੰਆਂ ਪਾਸਿਆਂ ਤੋਂ ਹੀ ਖੁੱਲ੍ਹੇ ਹੀ ਹੁੰਦੇ ਸਨ। 

       ਸੰਸਕ੍ਰਿਤ-ਕੋਸ਼ਾਂ ਅਨੁਸਾਰ "ਸ਼ਤਰੰਜ ਦੀ ਖੇਡ" ਲਈ ਇੱਕ ਵੱਖਰਾ ਸ਼ਬਦ 'ਅਕਸ਼ਵਤੀ' ਵੀ ਵਰਤਿਆ ਜਾਂਦਾ ਸੀ। ਇਹਨਾਂ ਅਨੁਸਾਰ ਇਸ ਸ਼ਬਦ (ਅਕਸ਼ਵਤੀ) ਦੇ ਅਰਥ ਹਨ: ਇੱਕ ਖੇਲ, ਪਾਸੇ ਵਾਲ਼ਾ ਖੇਲ, ਜੂਏ ਦਾ ਖੇਲ। ਸੋ, ਅਕਸ਼ਵਤੀ ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਸਪਸ਼ਟ ਹੈ ਕਿ ਪਾਸਿਆਂ ਵਾਲ਼ਾ ਜਾਂ ਸ਼ਤਰੰਜ ਦਾ / ਜੂਏ ਦਾ ਖੇਲ ਹੋਰ ਹੈ ਅਤੇ ਅਖਾੜੇ ਦੀਆਂ ਖੇਡਾਂ ਨਾਲ਼ ਸੰਬੰਧਿਤ ਸ਼ਬਦ ਹੋਰ। 

      ਇਸ ਲਈ ਸਾਨੂੰ 'ਅਕਸ਼ਵਾਟ' ਸ਼ਬਦ ਦੇ ਦੋ ਵੱਖੋ-ਵੱਖਰੇ ਅਰਥਾਂ (ਸ਼ਤਰੰਜ/ਪਾਸਿਆਂ ਦੀ ਖੇਡ ਅਤੇ ਅਖਾੜਾ) ਨੂੰ ਆਪਸ ਵਿੱਚ ਰਲ਼ਗੱਡ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਇਸ ਵਿਚਲੇ 'ਅਕਸ਼' ਜਾਂ 'ਅਕਸ਼ਿ' ਸ਼ਬਦਾਂ ਦੇ ਦੋ ਵੱਖੋ-ਵੱਖਰੇ ਅਰਥਾਂ ਦੇ ਸੰਦਰਭ ਵਿੱਚ ਹੀ ਸਮਝਣ ਅਤੇ ਵਾਚਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

                     ................

ਜਸਵੀਰ ਸਿੰਘ ਪਾਬਲਾ, 

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.