ਕਹਿੰਦੇ ਨੇ ਕਿ ਇਹ ਮਹੀਨਾ ਪਿਆਰ ਦਾ ਹੈ। ਇਨ੍ਹਾਂ ਦਿਨਾਂ ਨੂੰ ਪਿਆਰ ਨਾਲ਼ ਜੋੜਿਆ ਗਿਆ ਹੈ। ਕੋਈ ਹਗ ਡੇ, ਕੋਈ ਰੋਜ਼ ਡੇ, ਕੋਈ ਪ੍ਰਪੋਜ਼ ਡੇ ਆਦਿ। ਲੋਕੀ ਇੱਕ ਦੂਜੇ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹਨ। ਮੁਹੱਬਤਾਂ ਦਾ ਜ਼ਿਕਰ ਹੁੰਦਾ ਹੈ। ਕੋਈ ਤੋਹਫ਼ੇ ਦਿੰਦਾ ਹੈ ਤੇ ਕੋਈ ਜਿਉਂਦੇ ਫੁੱਲਾਂ ਦੀ ਕੁਰਬਾਨੀ ਦੇ ਕੇ ਪਿਆਰ ਜਤਾਉਂਦਾ ਹੈ।
ਪਰ ਕੀ ਇਹੀ ਪਿਆਰ ਹੈ? ਇਸ ਪਿਆਰ ਨੂੰ ਹੀ ਸੱਚਾ ਪਿਆਰ ਕਹਿੰਦੇ ਹਨ?
ਮੇਰੇ ਖ਼ਿਆਲ ਵਿੱਚ ...ਨਹੀਂ ! ਇਹ ਸੱਚਾ ਪਿਆਰ ਨਹੀਂ ਹੁੰਦਾ। ਸੱਚਾ ਪਿਆਰ ਤੋਹਫਿਆਂ ਤੇ ਫੁੱਲਾਂ ਦਾ ਮੁਹਤਾਜ਼ ਨਹੀਂ ਹੁੰਦਾ ਤੇ ਨਾ ਹੀ ਕੋਈ ਖ਼ਾਸ ਦਿਨ ਹੈ ਪਿਆਰ ਦਾ। ਪਿਆਰ ਤਾਂ ਇੱਕ ਅਹਿਸਾਸ ਹੈ ਜੋ ਰੂਹਾਂ ਨੂੰ ਰਜਾਉਂਦਾ ਹੈ। ਇਹ ਤਾਂ ਇੱਕ ਜਾਦੂ ਹੈ ਜਿਹੜਾ ਜਿੰਦਗੀ ਨੂੰ ਨਵੀਂ ਨਰੋਈ ਬਣਾਉਂਦਾ ਹੈ ਚਾਹੇ ਕਿਸੇ ਵੀ ਉਮਰ 'ਚ ਹੋ ਜਾਵੇ। ਇਹ ਤਾਂ ਇੱਕ ਹੌਸਲਾ ਹੈ ਜਿਹੜਾ ਅੱਗੇ ਵਧਾਉਂਦਾ ਹੈ। ਇਹ ਤਾਂ ਇੱਕ ਤੰਮਨਾ ਹੈ, ਖੁਆਇਸ਼ ਹੈ ਜੋ ਪੂਰੀ ਨਾ ਵੀ ਹੋਵੇ ਪਰ ਆਸ ਨੂੰ ਜ਼ਿੰਦਾ ਰੱਖਦੀ ਹੈ। ਪਿਆਰ ਅਸਲੀਅਤ ਹੈ ਤੇ ਖ਼ਾਬ ਵੀ ਹੈ। ਪਿਆਰ ਚਾਹੇ ਇਨਸਾਨ ਨਾਲ਼ ਹੋਵੇ ਜਾਂ ਖ਼ੁਦਾ ਨਾਲ਼, ਇਹਦਾ ਨਸ਼ਾ ਵੱਖਰਾ ਹੀ ਹੁੰਦਾ ਹੈ। ਇਹਦੀ ਖ਼ੁਮਾਰੀ ਵਿੱਚ ਬੰਦਾ ਕੱਲਿਆਂ ਹੱਸਦਾ ਹੈ, ਰੋਂਦਾ ਹੈ, ਕਦੇ ਮਸਤੀ 'ਚ ਗਾਉਂਦਾ ਤੇ ਨੱਚਦਾ ਹੈ ਤੇ ਕਦੇ ਤ੍ਰਿਪਤੀ 'ਚ ਨਿਹਾਲ ਹੁੰਦਾ ਹੈ।
ਪਿਆਰ ਜਿਸਮਾਂ ਦੀ ਜ਼ਰੂਰਤ ਨਹੀਂ ਬਲਕਿ ਰੂਹਾਂ ਦੀ ਪਿਆਸ ਹੈ। ਪਿਆਰ ਮਾਂ ਦਾ ਬੱਚੇ ਨਾਲ਼ ਹੈ, ਭੈਣ ਦਾ ਭਰਾ ਨਾਲ਼ ਹੈ, ਪਿਉ ਦਾ ਬੱਚਿਆਂ ਨਾਲ਼ ਹੈ, ਦੋਸਤ ਦਾ ਦੋਸਤ ਨਾਲ਼ ਹੈ, ਚੇਲੇ ਦਾ ਗੁਰੂ ਨਾਲ ਹੈ। ਪਿਆਰ ਕੋਈ ਸੀਮਿਤ ਨਦੀ ਨਹੀਂ ਹੈ ਸਗੋਂ ਵਿਸ਼ਾਲ ਸਮੁੰਦਰ ਹੈ।ਪਿਆਰ, ਇਸ਼ਕ ਹੈ, ਮੁਹੱਬਤ ਹੈ ਇਬਾਦਤ ਹੈ।
ਪਿਆਰ ਕੀਤਾ ਨਹੀਂ ਜਾਂਦਾ ਆਪੇ ਹੋ ਜਾਂਦਾ ਹੈ। ਪਿਆਰ ਸਹੀ ਇਨਸਾਨ ਨਾਲ਼ ਹੋਵੇ ਤਾਂ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ ਤੇ ਰੱਬ ਨਾਲ਼ ਹੋਵੇ ਤਾਂ ਰੂਹ ਵੀ ਤਰ ਜਾਂਦੀ ਹੈ ਤੇ ਉਸ ਪਰਮਾਤਮਾ ਨਾਲ਼ ਇੱਕਮਿਕ ਹੋ ਕੇ ਸਦਾ ਲਈ ਓਸਦਾ ਹੀ ਹਿੱਸਾ ਬਣ ਜਾਂਦੀ ਹੈ।
ਮਨਜੀਤ ਕੌਰ ਧੀਮਾਨ,
ਸਪਰਿੰਗ ਡੇਲ ਪਬਲਿਕ ਸਕੂਲ,