-ਆਪਣੇ ਤਜਰਬੇ ਤੇ ਅਧਾਰਤ
ਜੇਕਰ ਤੁਸੀਂ ਪਹਿਲੀ ਵਾਰ ਨਿਊਜ਼ੀਲੈਂਡ ਆ ਰਹੇ ਹੋ ਤਾਂ ਹੇਠ ਲਿਖੀ ਜਾਣਕਾਰੀ ਤੁਹਾਡੇ ਲਈ ਕੁੱਝ ਲਾਭਕਾਰੀ ਰਹੇਗੀ :-
*ਨਿਊਜ਼ੀਲੈਂਡ ਵਿੱਚ ਬੀਜ਼ ਆਦਿ ਲਿਆਉਣ ਦੀ ਮਨਾਹੀ ਹੈ l ਜੇਕਰ ਕੁੱਝ ਖਾਣ ਪੀਣ ਦਾ ਸਮਾਨ ਲਿਆਉਂਦੇ ਹੋ ਤਾਂ ਉਸ ਨੂੰ ਡਿਕਲੇਅਰ ਕਰਨਾ ਜਰੂਰੀ ਹੁੰਦਾ ਹੈ l
*ਨਿਊਜ਼ੀਲੈਂਡ ਵਿੱਚ ਰਿਸ਼ਵਤ ਨਹੀਂ ਚੱਲਦੀ l ਜੇਕਰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੇ ਅਸਲ ਜ਼ੁਰਮ ਦੇ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦਾ ਜ਼ੁਰਮ ਵੀ ਲਾਗੂ ਹੋ ਜਾਵੇਗਾ l
*ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਮਨਾਹੀ ਹੈ l ਇਸ ਤਰਾਂ ਕਰਨ ਨਾਲ ਫੜੇ ਜਾਣ ਤੇ ਲਾਇਸੈਂਸ ਕੈਂਸਲ ਕਰ ਦਿੱਤਾ ਜਾਂਦਾ ਹੈ l ਸ਼ਰਾਬ ਪੀ ਕੇ ਦੁਰਘਟਨਾ ਹੋਣ ਦੀ ਹਾਲਤ ਵਿੱਚ ਬੀਮਾ ਕੰਪਨੀਆਂ ਨੁਕਸਾਨ ਵੀ ਠੀਕ ਨਹੀਂ ਕਰਾ ਕੇ ਦਿੰਦੀਆਂ l
*ਜੇ ਤੁਹਾਨੂੰ ਇਥੇ ਦੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਇੰਟਰਪ੍ਰੇਟਰ (ਦੋਭਾਸ਼ੀਏ) ਦੀ ਮੱਦਦ ਲੈ ਸਕਦੇ ਹੋ l
*ਇਥੇ ਝੂਠ, ਹੇਰਾ ਫੇਰੀ ਜਾਂ ਬੇਈਮਾਨੀ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ l
*ਇਥੇ ਸੜਕਾਂ ਤੇ ਜਾਂ ਕਿਸੇ ਵੀ ਪਬਲਿਕ ਥਾਂ ਤੇ ਕੂੜਾ ਕਰਕਟ ਖਿਲਾਰਨਾ ਮਨ੍ਹਾ ਹੈ l
*ਨਿਊਜ਼ੀਲੈਂਡ ਵਿੱਚ ਔਰਤਾਂ ਅਤੇ ਮਰਦ ਬਰਾਬਰ ਹਨ l ਔਰਤਾਂ ਹਰ ਖੇਤਰ ਵਿੱਚ ਕੰਮ ਕਰਦੀਆਂ ਹਨ l
*ਨਿਊਜ਼ੀਲੈਂਡ ਵਿੱਚ ਔਰਤਾਂ ਦਾ ਪਿੱਛਾ ਕਰਨ ਜਾਂ ਛੇੜ ਛਾੜ ਕਰਨ ਨਾਲ ਪੁਲਿਸ ਰਿਪੋਰਟ ਹੋ ਜਾਂਦੀ ਹੈ ਅਤੇ ਮਾਮਲਾ ਅਦਾਲਤ ਤੱਕ ਵੀ ਪਹੁੰਚ ਸਕਦਾ ਹੈ l
*ਕੋਈ ਵੀ ਤੁਹਾਡੇ ਵਲੋਂ ਕੀਤਾ ਹੋਇਆ ਜ਼ੁਰਮ ਤੁਹਾਨੂੰ ਪੱਕੇ ਹੋਣੋਂ ਰੋਕ ਸਕਦਾ ਹੈ l
*ਨਿਊਜ਼ੀਲੈਂਡ ਵਿੱਚ ਜਾਤ ਪਾਤ ਕਾਰਨ ਜਾਂ ਧਰਮ ਕਾਰਨ ਜਾਂ ਪੰਜਾਬੀ ਹੋਣ ਕਾਰਨ ਤੁਸੀਂ ਮਹਾਨ ਨਹੀਂ ਹੋ ਅਤੇ ਨਾ ਹੀ ਦੂਜਿਆਂ ਨਾਲੋਂ ਵੱਖਰੇ ਹੋ l ਇਸ ਕਰਕੇ ਇਥੇ ਫੁਕਰਾਪਨ ਨਹੀਂ ਚੱਲਦਾ l
*ਰੈਸਟੋਰੈਂਟਾਂ, ਬਿਊਟੀ ਪਾਰਲਰ ਦੀਆਂ ਦੁਕਾਨਾਂ, ਖਾਣ ਪੀਣ ਦੀਆਂ ਦੁਕਾਨਾਂ, ਟੈਕਸੀ ਡਰਾਈਵਿੰਗ ਵਿੱਚ, ਟਰੱਕ ਚਲਾਉਣ, ਬੱਸ ਚਲਾਉਣ, ਬੈਂਕਾਂ ਵਿੱਚ, ਪੱਬਾਂ ਅਤੇ ਨਾਈਟ ਕਲੱਬਾਂ ਵਿੱਚ ਅਨੇਕਾਂ ਔਰਤਾਂ ਕੰਮ ਕਰਦੀਆਂ ਹਨ l ਉਨ੍ਹਾਂ ਨਾਲ ਛੇੜਖਾਨੀ ਦੀ ਇਜਾਜਤ ਨਹੀਂ ਹੈ l ਉਹ ਵੀ ਇੱਜ਼ਤਦਾਰ ਪਰਿਵਾਰਾਂ ਵਿੱਚੋਂ ਹੀ ਹੁੰਦੀਆਂ ਹਨ l ਤੁਹਾਡੀ ਥੋੜ੍ਹੀ ਜਿਹੀ ਗਲਤੀ ਕਾਰਨ ਵੱਡੀ ਕਾਰਵਾਈ ਹੋ ਸਕਦੀ ਹੈ l
*ਨਿਊਜ਼ੀਲੈਂਡ ਵਿੱਚ ਵੱਧ ਯੋਗਤਾ ਨਾਲ ਵੀ ਤੁਸੀਂ ਮਹਾਨ ਨਹੀਂ ਬਣਦੇ l ਮਹਾਨ ਬਣਨ ਲਈ ਮਹਾਨ ਕੰਮ ਕਰਨੇ ਪੈਂਦੇ ਹਨ ਅਤੇ ਮਹਾਨਤਾ ਸਾਬਤ ਕਰਨ ਨੂੰ ਬਹੁਤ ਸਾਲ ਲੱਗ ਸਕਦੇ ਹਨ l
*ਇਥੇ ਤੁਹਾਡੇ ਕੀਤੇ ਸਖਤ ਕੰਮ ਅਤੇ ਸਮਾਰਟ ਕੰਮ ਦੀ ਕਦਰ ਪੈਂਦੀ ਹੈ l ਤੁਹਾਡੀ ਚਮੜੀ ਅਤੇ ਪਹਿਰਾਵੇ ਦੀ ਕਦਰ ਨਹੀਂ ਪੈਂਦੀ l
*ਨਿਊਜ਼ੀਲੈਂਡ ਵਿੱਚ ਘੱਟੋ ਘੱਟ ਤਨਖਾਹ $22.70 ਪ੍ਰਤੀ ਘੰਟਾ (ਅਪ੍ਰੈਲ 2023) ਹੈ l ਇਸ ਰੇਟ ਤੇ ਕੰਮ ਕਰਨ ਵਾਲਿਆਂ ਦਾ ਤਨਖਾਹ ਮਿਲਣ ਤੋਂ ਪਹਿਲਾਂ ਤਕਰੀਬਨ 20% ਦੇ ਕਰੀਬ ਟੈਕਸ ਕੱਟ ਕੇ ਸਰਕਾਰ ਨੂੰ ਦਿੱਤਾ ਜਾਂਦਾ ਹੈ l
*ਜੇਕਰ ਫੁੱਲ ਟਾਈਮ ਨੌਕਰੀ ਕਰਦੇ ਹੋ ਤਾਂ ਸਾਲ ਦੀਆਂ 4 ਹਫ਼ਤੇ ਦੀਆਂ ਛੁੱਟੀਆਂ ਮਿਲਦੀਆਂ ਹਨ ਜਿਨ੍ਹਾਂ ਦੀ ਤਨਖਾਹ ਵੀ ਮਿਲਦੀ ਹੈ l ਇਹ ਤਕਰੀਬਨ ਕੁੱਲ ਸਲਾਨਾ ਤਨਖਾਹ ਦਾ 8% ਬਣਦੀ ਹੈ l
*ਸੱਟ ਲੱਗਣ ਦੀ ਸੂਰਤ ਵਿੱਚ ਮਾਲਕ ਪਹਿਲੇ ਹਫ਼ਤੇ ਦੀ 80% ਤਨਖਾਹ ਦਿੰਦਾ ਹੈ ਅਤੇ ਉਸ ਤੋਂ ਬਾਦ ACC ਮਹਿਕਮਾ ਤਨਖਾਹ ਦਾ 80% ਦੇਣਾ ਸ਼ੁਰੂ ਕਰਦਾ ਹੈ l ਜਿਆਦਾ ਦਵਾਈਆਂ ਮੁਫ਼ਤ ਜਾਂ ਬਹੁਤ ਘੱਟ ਕੀਮਤ ਤੇ ਮਿਲਦੀਆਂ ਹਨ l
*ਪੱਕੇ ਵਿਅਕਤੀਆਂ ਲਈ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ l
*ਜੇਕਰ ਤੁਹਾਡੇ ਕੋਲ ਕਾਰ ਹੈ ਤਾਂ ਉਸ ਦਾ ਇੱਕ ਸਾਲ ਬਾਦ ਵਰੰਟ ਆਫ ਫਿੱਟਨੈੱਸ ਲੈਣਾ ਪੈਂਦਾ ਹੈ ਜੋ ਮਕੈਨਿਕ ਦੁਆਰਾ ਕਾਰ ਚੈੱਕ ਕਰਕੇ ਦਿੱਤਾ ਜਾਂਦਾ ਹੈ l ਕਾਰ ਦਾ ਰੋਡ ਲਾਇਸੈਂਸ (ਰਜਿਸਟਰੇਸ਼ਨ) ਵੀ ਲੈਣਾ ਪੈਂਦਾ ਹੈ ਜੋ ਪੋਸਟ ਆਫਿਸ ਤੋਂ ਮਿਲਦਾ ਹੈ l ਨਵੀਂ ਕਾਰ ਦਾ ਵਰੰਟ ਫਿੱਟਨੈੱਸ ਪਹਿਲੇ 3 ਸਾਲਾਂ ਦਾ ਲੱਗਿਆ ਹੁੰਦਾ ਹੈ l
*ਕਾਰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦਾ ਹੋਣਾ ਜ਼ਰੂਰੀ ਹੈ l
*ਚੰਗੀ ਗੱਲ ਹੈ ਕਿ ਆਪਣੀ ਕਾਰ ਦਾ, ਆਪਣੀ ਸਿਹਤ ਦਾ, ਆਪਣੇ ਸਮਾਨ ਦਾ ਅਤੇ ਆਪਣੇ ਘਰ ਦਾ ਬੀਮਾ ਕਰਵਾ ਕੇ ਰੱਖਿਆ ਜਾਵੇ l
*ਇੱਮੀਗ੍ਰੇਸ਼ਨ ਬਾਰੇ ਸਲਾਹ ਅੱਥੋਰਾਈਜਡ ਇਮੀਗ੍ਰੇਸ਼ਨ ਅਡਵਾਇਜ਼ਰਾਂ ਦੁਆਰਾ ਹੀ ਦੇਣ ਦੀ ਇਜਾਜਤ ਹੈ l
*ਘਰਾਂ ਦੇ ਕਰਜ਼ੇ ਵਾਸਤੇ ਸਲਾਹ ਮੋਰਗੇਜ ਅਡਵਾਇਜ਼ਰ/ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਹੀ ਦੇ ਸਕਦੇ ਹਨ l
*ਇਥੇ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ l ਕਿਸੇ ਛੋਟੇ ਵੱਡੇ ਕਿੱਤੇ ਦੇ ਹਿਸਾਬ ਨਾਲ ਇਨਸਾਨ ਦੀ ਕਦਰ ਨਹੀਂ ਪੈਂਦੀ l
*ਨਿਊਜ਼ੀਲੈਂਡ ਵਿੱਚ ਜਿਆਦਾ ਲੋਕ ਰੱਬ ਅਤੇ ਕਿਸਮਤ ਨੂੰ ਨਹੀਂ ਮੰਨਦੇ ਭਾਵ ਇਹ ਮੁਲਕ ਨਾਸਤਿਕਾਂ ਦਾ ਮੁਲਕ ਅਖਵਾਉਂਦਾ ਹੈ l
*ਨਿਊਜ਼ੀਲੈਂਡ ਵਿੱਚ ਇਨਸਾਨਾਂ ਨਾਲੋਂ ਭੇਡਾਂ ਵੱਧ ਗਿਣਤੀ ਵਿੱਚ ਹੋਣ ਦੇ ਬਾਵਯੂਦ ਭੇਡ ਚਾਲ (ਲਾਈਲੱਗਤਾ) ਬਹੁਤ ਘੱਟ ਹੈ l
*ਕਿਸਮਤ ਤੇ ਯਕੀਨ ਰੱਖਣ ਵਾਲੇ ਇਥੇ ਕਾਮਯਾਬ ਨਹੀਂ ਹੁੰਦੇ ਪਰ ਕਿਰਤ ਵਿੱਚ ਯਕੀਨ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਕਾਮਯਾਬ ਹੁੰਦੇ ਹਨ l
*ਨਿਊਜ਼ੀਲੈਂਡ ਵਿੱਚ ਬਹੁਤ ਲੋਕ ਆਪਣੇ ਮਸਲੇ ਹੱਲ ਕਰਨ ਵੇਲੇ ਕੀ, ਕਿਉਂ, ਕਿੱਦਾਂ ਅਤੇ ਕਿਵੇਂ ਦੇ ਅਧਾਰ ਤੇ ਸੋਚਦੇ ਹਨ?
*ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਹੱਥ ਜੋੜਨ ਅਤੇ ਮੱਥੇ ਟੇਕਣ ਦੀ ਬਜਾਏ ਸਿਰ ਉੱਚਾ ਚੁੱਕ ਕੇ ਅਤੇ ਹੱਥ ਕਿਰਤ ਵੱਲ ਲਗਾ ਕੇ ਮਾਣ ਨਾਲ ਜਿਉਣਾ ਪਸੰਦ ਕਰਦੀ ਹੈ l
*ਕੰਮਾਂ ਕਾਰਾਂ ਤੇ ਚੋਰੀ ਕਰਨ ਵਾਲੇ ਨੂੰ ਤਕਰੀਬਨ ਇੱਕੋ ਗਲਤੀ ਵੇਲੇ ਕੱਢ ਦਿੱਤਾ ਜਾਂਦਾ ਹੈ l
*ਕਾਰ ਇੰਡੀਆ ਵਾਂਗ ਚਲਾਉਣ ਦੀ ਇਜਾਜਤ ਨਹੀਂ ਹੈ l ਇੰਡੀਆ ਵਿੱਚ ਕਾਰ ਚਲਾਉਣ ਦੇ ਜੇ ਤੁਸੀਂ ਬਹੁਤ ਮਾਹਰ ਹੋ ਤਾਂ ਵੀ ਤੁਸੀਂ ਇਥੇ ਦੇ ਗੱਡੀ ਚਲਾਉਣ ਦੇ ਨਿਯਮਾਂ ਨੂੰ ਪਹਿਲਾਂ ਸਮਝ ਲਵੋ l
*ਜੇਕਰ ਇੰਡੀਆ ਤੋਂ ਕੋਈ ਕਾਗਜ਼ ਪੰਜਾਬੀ ਜਾਂ ਹਿੰਦੀ ਵਿੱਚ ਬਣਿਆ ਹੋਇਆ ਹੈ ਤਾਂ ਉਸ ਨੂੰ ਅੰਗਰੇਜ਼ੀ ਵਿੱਚ ਕਰਵਾ ਕੇ ਲਿਆਂਦਾ ਜਾਵੇ ਤਾਂ ਠੀਕ ਰਹਿੰਦਾ ਹੈ l
*ਨਿਊਜ਼ੀਲੈਂਡ ਮਾਓਰੀ ਲੋਕਾਂ ਦਾ ਦੇਸ਼ ਹੈ l ਇਥੇ ਵੱਡੀ ਗਿਣਤੀ ਲੋਕ ਅੰਗਰੇਜ਼ੀ ਬੋਲਦੇ ਹਨ ਅਤੇ ਕੁੱਝ ਇਥੋਂ ਦੇ ਵਸਨੀਕ ਆਪਣੀ ਮਾਓਰੀ ਭਾਸ਼ਾ ਵੀ ਬੋਲਦੇ ਹਨ l
*ਨਿਊਜ਼ੀਲੈਂਡ ਚਾਰੇ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ l
*ਕਈ ਸਮੁੰਦਰੀ ਕੰਢਿਆਂ ਤੇ ਅਚਾਨਕ ਲਹਿਰਾਂ ਦੀ ਉਚਾਈ ਵਧ ਜਾਂਦੀ ਹੈ ਜੋ ਖਤਰਨਾਕ ਸਾਬਤ ਹੁੰਦੀ ਹੈ l ਇਸ ਕਰਕੇ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣਾ ਹੀ ਚੰਗਾ ਹੈ l ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਭਾਰਤੀਆਂ ਦੀਆਂ ਮੌਤਾਂ ਸਮੁੰਦਰਾਂ ਵਿੱਚ ਡੁੱਬ ਕੇ ਹੋਈਆਂ ਹਨ l
*ਨਿਊਜ਼ੀਲੈਂਡ ਵਿੱਚ ਔਰਤ ਜਾਂ ਬੱਚੇ ਦੇ ਤੁਸੀਂ ਥੱਪੜ੍ਹ ਨਹੀਂ ਮਾਰ ਸਕਦੇ l
*ਨਿਊਜ਼ੀਲੈਂਡ ਵਿੱਚ ਸਾਲ ਵਿੱਚ ਦੋ ਵਾਰ ਸਮਾਂ ਬਦਲਦਾ ਹੈ l ਘੜੀਆਂ ਦੋ ਵਾਰ ਇੱਕ ਘੰਟਾ ਅੱਗੇ ਪਿੱਛੇ ਕੀਤੀਆਂ ਜਾਂਦੀਆਂ ਹਨ l
*ਨਿਊਜ਼ੀਲੈਂਡ ਵਿੱਚ ਦੇਰ ਰਾਤ ਵੇਲੇ ਉੱਚੀ ਆਵਾਜ਼ ਵਿੱਚ ਸਪੀਕਰ ਲਗਾਉਣਾ ਮਨ੍ਹਾ ਹੈ l
*ਨਿਊਜ਼ੀਲੈਂਡ ਵਿੱਚ ਹਰਿਆਈ ਅਤੇ ਪਾਣੀ ਸਾਂਭ ਕੇ ਰੱਖਿਆ ਗਿਆ ਹੈ l ਸਮੇਂ ਸਮੇਂ ਪਾਣੀ ਵਰਤਣ ਤੇ ਪਬੰਦੀਆਂ ਵੀ ਲੱਗ ਜਾਂਦੀਆਂ ਹਨ l
*ਇਥੇ ਟੂਣੇ ਕਰਨੇ ਅਤੇ ਟੂਣਿਆਂ ਦਾ ਸਮਾਨ ਪਾਣੀ ਵਿੱਚ ਜਾਂ ਕਿਤੇ ਵੀ ਸੁੱਟਣਾ ਮਨ੍ਹਾ ਹੈ l
*ਨਿਊਜ਼ੀਲੈਂਡ ਵਿੱਚ ਰਿਵਾਜ਼ ਹੈ ਕਿ ਜਿਹੜਾ ਵੀ ਵਿਅਕਤੀ ਸਿੰਕ ਜਾਂ ਟਾਇਲਟ ਵਰਤੇ ਉਹ ਉਸ ਨੂੰ ਸਾਫ ਕਰਕੇ ਹੀ ਬਾਹਰ ਨਿਕਲੇ l ਇਥੇ ਵੱਖਰੇ ਸਫਾਈ ਵਾਲੇ ਕਾਮੇ ਘਰਾਂ ਵਿੱਚ ਕੰਮ ਕਰਨ ਨੂੰ ਨਹੀਂ ਰੱਖੇ ਹੁੰਦੇ l
*ਨਿਊਜ਼ੀਲੈਂਡ ਵਿੱਚ ਕਿਸੇ ਦੇ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਜੁੱਤੀ ਬਾਹਰ ਖੋਲ੍ਹਣੀ ਪੈਂਦੀ ਹੈ l
*ਨਿਊਜ਼ੀਲੈਂਡ ਵਿੱਚ ਸੋਹਣੇ ਕੱਪੜਿਆਂ ਦੀ ਕਦਰ ਨਹੀਂ ਹੈ ਪਰ ਸੋਹਣੇ ਵਿਚਾਰਾਂ ਦੀ ਕਦਰ ਹੈ l
*ਨਿਊਜ਼ੀਲੈਂਡ ਵਿੱਚ ਬਹੁਤ ਥੋੜ੍ਹੇ ਪੈਸਿਆਂ ਵਿੱਚ ਛੋਟੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਵੱਡੇ ਬਣਾਇਆ ਜਾ ਸਕਦਾ ਹੈ l
*ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜੇ ਫੜੇ ਜਾਓ ਤਾਂ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ l ਦਾਰੂ ਪੀ ਕੇ ਜਦੋਂ ਇੱਕ ਦੂਜੇ ਦੇ ਭਰਾ ਬਣਨਾ ਹੋਵੇ ਤਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ l
*ਇਥੇ ਸ਼ਰਾਬ ਸਸਤੀ ਹੈ ਅਤੇ ਦਿਹਾੜੀਦਾਰ ਵੀ ਪੀ ਸਕਦਾ ਹੈ ਪਰ ਬੇਹਿਸਾਬੀ ਸ਼ਰਾਬ ਸਿਹਤ ਖਰਾਬ ਕਰਦੀ ਹੈ ਅਤੇ ਪਰਿਵਾਰਿਕ ਝਗੜੇ ਪੈਦਾ ਕਰਦੀ ਹੈ l
*ਨਿਊਜ਼ੀਲੈਂਡ ਵਿੱਚ ਪੜ੍ਹਨ ਵਾਸਤੇ ਉਮਰ ਦੀ ਕੋਈ ਸੀਮਾ ਨਹੀਂ ਹੈ l
*ਨਿਊਜ਼ੀਲੈਂਡ ਵਿੱਚ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ l ਇਸ ਕਰਕੇ ਚੰਗੀ ਗੱਲ ਹੈ ਕਿ ਸਿੱਖਿਆ ਜਾਵੇ ਕਿ ਕੁਦਰਤੀ ਆਫ਼ਤਾਂ ਵੇਲੇ ਕੀ ਕਰਨਾ ਚਾਹੀਦਾ ਹੈ?
*ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿੱਚ 3 ਬੈੱਡਰੂਮ ਘਰ ਦਾ ਕਿਰਾਇਆ $700 ਪ੍ਰਤੀ ਹਫਤਾ ਦੇ ਕਰੀਬ ਹੈ l ਸੈਂਟਰਲ ਔਕਲੈਂਡ ਵਿੱਚ ਕਿਰਾਇਆ ਇਸ ਤੋਂ ਵੀ ਵੱਧ ਹੈ l ਜੇਕਰ ਕਿਸੇ ਪਰਿਵਾਰ ਨਾਲ ਰਹਿਣਾ ਹੋਵੇ ਤਾਂ ਖਾਣ ਪੀਣ ਤੋਂ ਇਲਾਵਾ $250 ਡਾਲਰ ਪ੍ਰਤੀ ਹਫ਼ਤੇ ਦੇ ਕਰੀਬ ਖਰਚਾ ਪੈਂਦਾ ਹੈ l
*ਜੇਕਰ ਕਿਸੇ ਦੀ ਕਾਰ ਵਿੱਚ ਕੰਮ ਤੇ ਜਾਣਾ ਹੋਵੇ ਤਾਂ $12 ਦੇ ਕਰੀਬ ਰੋਜ਼ਾਨਾ ਖਰਚਾ ਦੇਣਾ ਪੈਂਦਾ ਹੈ l
*ਨਿਊਜ਼ੀਲੈਂਡ ਵਿੱਚ ਐਂਬੂਲੈਂਸ, ਫਾਇਰ ਬਰੀਗੇਡ ਅਤੇ ਪੁਲਿਸ ਬੁਲਾਉਣ ਲਈ 111 ਨੰਬਰ ਡਾਇਲ ਕਰਨਾ ਪੈਂਦਾ ਹੈ l
*ਸੜਕ ਤੇ ਕਾਰ ਚਲਾਉਂਦੇ ਸਮੇਂ ਐਂਬੂਲੇੰਸ, ਫਾਇਰ ਬਰੀਗੇਡ ਅਤੇ ਪੁਲਿਸ ਨੂੰ ਅੱਗੇ ਜਾਣ ਲਈ ਰਾਹ ਦੇਣਾ ਪੈਂਦਾ ਹੈ l
*ਕਿਸੇ ਵੀ ਐਮਰਜੇਂਸੀ ਵਿੱਚ ਜਾਂ ਮੌਸਮ ਆਦਿ ਦੀ ਖਰਾਬੀ ਦੌਰਾਨ ਮੋਬਾਈਲ ਫੋਨਾਂ ਤੇ ਸਬੰਧਤ ਮਹਿਕਮੇ ਵਲੋਂ ਮੈਸੇਜ (ਸੁਨੇਹਾ) ਆ ਜਾਂਦਾ ਹੈ l
*ਕਈ ਸ਼ਹਿਰਾਂ ਵਿੱਚ ਘੁੱਗੂ ਕਦੇ ਕਦੇ ਵੱਜਦਾ ਸੁਣਾਈ ਦਿੰਦਾ ਹੈ l ਜਦੋਂ ਕੋਈ ਐਮਰਜੇਂਸੀ ਕਾਲ ਕਰਦਾ ਹੈ ਤਾਂ ਇਹ ਉਸ ਵੇਲੇ ਹੁੰਦਾ ਹੈ l
*ਨਿਊਜ਼ੀਲੈਂਡ ਵਿੱਚ ਜਿਆਦਾ ਲੋਕ ਰੇਡੀਓ ਸੁਣਦੇ ਹਨ l
*ਯਾਦ ਰੱਖਣਾ ਤੁਸੀਂ ਦੂਜੇ ਕਲਚਰ ਵਿੱਚ ਰਹਿਣ ਆ ਰਹੇ ਹੋ l ਜੋ ਤੁਹਾਡੇ ਮੁਤਾਬਕ ਚੰਗਾ ਹੈ ਉਹ ਉਨ੍ਹਾਂ ਲਈ ਜ਼ਰੂਰੀ ਨਹੀਂ ਚੰਗਾ ਹੋਵੇ l ਉਹ ਤੁਹਾਡੇ ਕਲਚਰ ਦੀ ਕਦਰ ਕਰਦੇ ਹਨ ਤੇ ਤੁਹਾਡਾ ਫਰਜ਼ ਉਨ੍ਹਾਂ ਦੇ ਕਲਚਰ ਦੀ ਕਦਰ ਕਰਨਾ ਹੈ l ਉਨ੍ਹਾਂ ਦਾ ਮਖੌਲ ਉਡਾਉਣਾ ਨਹੀਂ l
*ਤੁਹਾਡੇ ਵਾਸਤੇ ਰੱਬ ਨੂੰ ਮੰਨਣਾ ਮਹਾਨ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਨ੍ਹਾਂ ਲਈ ਵੀ ਹੋਵੇ l
*ਨਿਊਜ਼ੀਲੈਂਡ ਵਿੱਚ ਕੋਈ ਵੀ ਤੁਹਾਡਾ ਪਾਸਪੋਰਟ ਜ਼ਬਰਦਸਤੀ ਆਪਣੇ ਕੋਲ ਨਹੀਂ ਰੱਖ ਸਕਦਾ l
*ਨਿਊਜ਼ੀਲੈਂਡ ਵਿੱਚ ਕਿਸੇ ਕੰਮ ਤੇ ਔਰਤ ਅਤੇ ਮਰਦ ਨਾਲ ਫਰਕ ਨਹੀਂ ਕੀਤਾ ਜਾ ਸਕਦਾ l
*ਕਾਰੋਬਾਰ ਦੇ ਮਾਲਕ ਦਾ ਫਰਜ਼ ਹੈ ਕਿ ਆਪਣੇ ਕਾਮੇ ਵਾਸਤੇ ਸੇਫ ਐਂਡ ਹੈਲਥੀ ਇਨਵਾਇਰਮੈਂਟ (ਸੁਰੱਖਿਅਤ ਅਤੇ ਸਿਹਤਮੰਦ ਮਹੌਲ) ਦੇਣਾ l ਜੇਕਰ ਕੋਈ ਗਾਹਕ ਕਾਰੋਬਾਰ ਤੇ ਤੁਹਾਡੇ ਕਰਮਚਾਰੀ ਨਾਲ ਮਾੜਾ ਵਰਤਾਓ ਕਰਦਾ ਹੈ ਤਾਂ ਇਹ ਮਾਲਕ ਦਾ ਫਰਜ਼ ਹੈ ਕਿ ਉਹ ਆਪਣੇ ਕਾਮੇ ਦੇ ਹੱਕ ਵਿੱਚ ਖੜ੍ਹੇ l ਜੇ ਮਾਲਕ ਇਸ ਤਰਾਂ ਨਹੀਂ ਕਰਦਾ ਤਾਂ ਮਾਲਕ ਇਸ ਮਹੌਲ ਪ੍ਰਤੀ ਵੱਧ ਦੋਸ਼ੀ ਹੈ l
*ਨਿਊਜ਼ੀਲੈਂਡ ਵਿੱਚ ਤੁਹਾਡਾ ਬੁਢਾਪਾ ਚੰਗਾ ਜਾਂ ਮਾੜਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜਵਾਨੀ ਵੇਲੇ ਆਪਣੇ ਬੁਢਾਪੇ ਬਾਰੇ ਕਿੰਨਾ ਸੋਚਿਆ?
*ਨਿਊਜ਼ੀਲੈਂਡ ਵਿੱਚ ਤਕਰੀਬਨ ਸਾਰੇ ਕਿੱਤਿਆਂ ਵਿੱਚ ਤਨਖਾਹ ਹਰ ਹਫ਼ਤੇ ਮਿਲਦੀ ਹੈ l
*ਨਿਊਜ਼ੀਲੈਂਡ ਵਿੱਚ ਹਰ ਇੱਕ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਦੇ ਹਨ l
* ਪੱਕੇ ਵਿਅਕਤੀਆਂ ਨੂੰ ਇਥੇ ਆਰਥਿਕਤਾ ਦੇ ਹਿਸਾਬ ਨਾਲ ਸਰਕਾਰ ਵਲੋਂ ਮੱਦਦ ਮਿਲਦੀ ਹੈ l
- ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147