You are here

ਲਾਲਾ ਲਾਜਪਤ ਰਾਏ ਦੇ ਜੱਦੀ ਘਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਨਾ ਪਹੁੰਚਣ 'ਤੇ ਅਗਰਵਾਲ ਭਾਈਚਾਰੇ 'ਚ ਰੋਸ਼ : ਸੁਨੀਲ/ਕਮਲ

ਹਲਵਾਰਾ ਵਿੱਚ ਬਣ ਰਹੇ ਹਵਾਈ ਅੱਡੇ ਦਾ ਨਾਮ ਲਾਲਾ ਜੀ ਨੂੰ ਸਮਰਪਿਤ ਕੀਤਾ ਜਾਵੇ।

ਜਗਰਾਉਂ (ਅਮਿਤ‌ ਖੰਨਾ ) ਅੱਜ ਤੱਕ ਸ਼ਾਇਦ ਕਿਸੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਸਨਾਤਨ ਧਰਮ ਦੇ ਥੰਮ੍ਹ, ਪੰਜਾਬ ਦੇ  ਬੱਬਰ ਸ਼ੇਰ ਲਾਲਾ ਲਾਜਪਤ ਰਾਏ ਅਗਰਵਾਲ ਦੇ ਜੱਦੀ ਘਰ ਜਾਕੇ ਲਲਾ ਨੂੰ ਸ਼ਰਧਾਂਜਲੀ ਭੇਟ ਕਰਨੀ ਮੁਨਾਸਿਬ ਨਹੀਂ ਸਮਝੀ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਪਰਿਵਾਰ ਮਿਲਨ ਸੰਘ ਦੇ ਸੂਬਾ ਪ੍ਰਧਾਨ ਸੁਨੀਲ ਜੈਨ ਮਿੱਤਲ ਅਤੇ ਪਿਛਲੇ ਕਈ ਸਾਲਾਂ ਤੋਂ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਦੇਖ-ਰੇਖ ਕਰਨ ਵਾਲੀ ਸੰਸਥਾ ਸ਼੍ਰੀ ਅਗਰਸੇਨ ਕਮੇਟੀ ਜਗਰਾਉਂ  ਅਗਰਵਾਲ ਸਮਾਜ ਦੇ ਪ੍ਰਧਾਨ ਕਮਲਦੀਪ ਬਾਂਸਲ ਨੇ ਕਰਦੇ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਘਰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਜਗਰਾਓਂ ਵਿੱਚ ਸਥਿਤ ਹੈ,  ਉਸ ਘਰ ਵਿੱਚ ਲਾਲਾ ਜੀ ਦੀਆਂ ਬੇਸ਼ਕੀਮਤੀ ਯਾਦਗਾਰਾਂ ਅੱਜ ਵੀ ਮੌਜੂਦ ਹਨ, ਪਰ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਕਿਸੇ ਵੀ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਨੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਤਾਂ ਦੂਰ ਉਨਾਂ ਦੇ ਘਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।  ਇਸ ਨੂੰ ਲੈਕੇ ਅਗਰਵਾਲ ਭਾਈਚਾਰੇ 'ਚ ਰੋਸ ਹੈ।  ਅਗਰਵਾਲ ਭਾਈਚਾਰੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ ਲੱਖ ਅਗਰਵਾਲ ਪਰਿਵਾਰ ਹਨ ਅਤੇ ਅਗਰਵਾਲ ਭਾਈਚਾਰੇ ਨੇ ਕਦੇ ਵੀ ਕਿਸੇ ਸਰਕਾਰ ਤੋਂ ਕੋਈ ਮੰਗ ਨਹੀਂ ਕੀਤੀ ਸਗੋਂ ਹਮੇਸ਼ਾ ਸਮਾਜ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਗੱਲ ਕੀਤੀ ਹੈ ਅਤੇ ਕੋਈ ਵੀ ਸਰਕਾਰ ਅਗਰਵਾਲ ਸਮਾਜ ਨੂੰ ਸਤਿਕਾਰ ਨਹੀਂ ਦੇ ਰਹੀ ਹੈ।    ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਹਾਂ ਤਾਂ ਇਹ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋਇਆ ਹੈ।  ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦਾਂ ਨੂੰ ਹਮੇਸ਼ਾ ਪੂਰਾ ਸਤਿਕਾਰ ਦੇਵੇ।  ਸੁਨੀਲ ਜੈਨ ਮਿੱਤਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਪੰਜਾਬ ਫੇਰੀ ਦੌਰਾਨ ਅਗਰਵਾਲ ਭਾਈਚਾਰੇ ਦੇ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਉਨ੍ਹਾਂ ਦੇ ਜੱਦੀ ਘਰ ਜਗਰਾਉ ਵਿਖੇ ਫੁੱਲ ਮਾਲਾਵਾਂ ਭੇਟ ਕਰਕੇ ਅਗਰਵਾਲ ਭਾਈਚਾਰੇ ਦੀ ਇਸ ਮੰਗ ਨੂੰ ਪੂਰਾ ਕਰਨ।  ਹਲਵਾਰਾ ਵਿੱਚ ਬਣ ਰਹੇ ਹਵਾਈ ਅੱਡੇ ਦਾ ਨਾਂ ਵੀ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਨਾਂ ’ਤੇ ਰੱਖਿਆ ਜਾਵੇ।  ਇਨ੍ਹਾਂ ਦੋਵਾਂ ਕੰਮਾਂ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੋਈ ਵੱਖਰਾ ਖਰਚ ਨਹੀਂ ਹੋਵੇਗਾ ।