You are here

ਸਮਝ ✍️ ਸੰਦੀਪ ਦਿਉੜਾ

  ਗੁਰਪ੍ਰੀਤ ਸਿੰਘ ਨੇ ਅੱਠਵੀਂ ਜਮਾਤ ਆਪਣੇ ਪਿੰਡ ਵਾਲੇ ਮਿਡਲ ਸਕੂਲ ਵਿੱਚੋਂ ਪਾਸ ਕਰਕੇ ਨੌਵੀੰ ਜਮਾਤ ਵਿੱਚ ਮੇਰੇ ਸਕੂਲ ਵਿੱਚ ਦਾਖਲਾ ਲਿਆ ਸੀ। ਦੇਖਣ ਨੂੰ ਤਾਂ ਗੁਰਪ੍ਰੀਤ ਵਧੀਆ ਲੱਗਦਾ ਸੀ ਪਰ ਜਦੋਂ ਪੜ੍ਹਾਈ ਦੀ ਗੱਲ ਆਈ ਤਾਂ ਉਹ ਜਵਾਂ ਈ ਕੋਰਾ ਪੇਜ ਸੀ। ਮੇਰਾ ਮਤਲਬ ਉਸਨੂੰ ਕੁਝ ਵੀ ਨਹੀਂ ਆਉਂਦਾ ਸੀ। 

            "ਯਾਰ ਕਮਾਲ ਹੈ ਗੁਰਪ੍ਰੀਤ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਅੱਠ ਜਮਾਤਾਂ ਪਾਸ ਕਿਵੇਂ  ਕਰ ਲਈਆਂ।ਪਹਿਲਾਂ ਨਹੀਂ ਪੜਿਆ ਤਾਂ ਕੋਈ ਨਾ ਹੁਣ ਹੀ ਪੜ੍ਹ ਲਿਆ ਕਰ। ਕੱਲ੍ਹ ਨੂੰ ਕੀ ਕਰੇਗਾ। " ਜਦੋਂ ਵੀ ਕੋਈ ਅਧਿਆਪਕ ਕਲਾਸ ਵਿੱਚਆਉਂਦਾ ਉਸਨੂੰ ਇਹ ਹੀ ਸ਼ਬਦ ਬੋਲਦਾ ਹੁੰਦਾ ਸੀ ਪਰ ਧੰਨ ਦਾ ਉਹ ਮੁੰਡਾ ਸੀ ਜਿਸਦੇ ਕੰਨ ਉੱਤੇ ਕਦੇ ਵੀ ਜੂੰ ਨਹੀਂ ਸਰਕਦੀ ਸੀ। ਉਹ ਤਾਂ ਬਸ ਨੀਵੀਂ ਪਾ ਕੇ ਖੜ੍ਹਾ ਰਹਿੰਦਾ ਸੀ। ਕਈ ਵਾਰ ਤਾਂ ਗੁੱਸੇ ਵਿੱਚ ਕੋਈ ਨਾ ਕੋਈ ਅਧਿਆਪਕ ਉਸਦੇ ਥੱਪੜ ਵੀ ਮਾਰ ਦਿੰਦਾ ਸੀ। ਪਰ ਇੱਕ ਉਹ ਸੀ ਮਾਂ ਦਾ ਪੁੱਤ ਜਿਸਨੇ ਨਾ ਤਾਂ ਕਦੇ ਗੁੱਸਾ ਕੀਤਾ ਸੀ ਤੇ ਨਾ ਹੀ ਸਕੂਲ ਦਾ ਕੋਈ ਵੀ ਕੰਮ। ਉਸਦੀ ਕਿਸਮਤ ਸੀ ਕਿ ਸਾਲ ਦੇ ਅੰਤ ਵਿੱਚ ਮਹਾਂਮਾਰੀ ਆ ਗਈ ਤੇ ਉਹ ਵੀ ਬਾਕੀ ਵਿਦਿਆਰਥੀਆਂ ਦੇ ਵਾਂਗ ਨੋਵੀਂ ਜਮਾਤ ਪਾਸ ਕਰਕੇ ਦਸਵੀਂ ਵਿੱਚ ਆ ਗਿਆ ਤੇ ਅਗਲੇ ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਬਿਨਾਂ ਪੜਿਆ ਹੀ ਉਹ ਦਸਵੀਂ ਜਮਾਤ ਵੀ ਪਹਿਲੇ ਦਰਜੇ ਵਿੱਚ ਪਾਸ ਕਰ ਗਿਆ। 

           ਇੱਧਰ ਗੁਰਪ੍ਰੀਤ ਨੇ ਦਸਵੀਂ ਪਾਸ ਕੀਤੀ ਹੀ ਸੀ ਕਿ ਡਾਕਖ਼ਾਨੇ ਵਿੱਚ ਨੋਕਰੀਆਂ ਨਿਕਲ ਆਈਆਂ। ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ ਹੋਣ ਕਰਕੇ ਤੇ ਕੋਟੇ ਵਿੱਚ ਗੁਰਪ੍ਰੀਤ ਨੂੰ ਡਾਕਖਾਨੇ ਵਿੱਚ ਨੋਕਰੀ ਵੀ ਮਿਲ ਗਈ। ਨੋਕਰੀ ਮਿਲਦੇ ਹੀ ਉਹ ਅਗਲੇ ਦਿਨ ਸਕੂਲ ਵਿੱਚ ਮਠਿਆਈ ਦਾ ਡੱਬਾ ਲੈ ਕੇ ਆ ਗਿਆ। 

          "ਸਰ ਜੀ ਸਤਿ ਸ੍ਰੀ ਅਕਾਲ। "ਡੱਬਾ ਅੱਗੇ ਕਰਦੇ ਹੋਏ ਗੁਰਪ੍ਰੀਤ ਨੇ ਮੇਰੇ ਪੈਰੀਂ ਹੱਥ ਲਗਾ ਦਿੱਤੇ। 

                   "ਉਏ ਤੈਨੂੰ ਐਨੀ ਕਿਹੜੀ ਕਾਹਲੀ ਸੀ ਵਿਆਹ ਦੀ ਦਸਵੀਂ ਪਾਸ ਕਰਦੇ ਹੀ ਵਿਆਹ ਕਰਵਾ ਲਿਆ! "ਮੈਂ ਬੜੀ ਹੈਰਾਨੀ ਨਾਲ ਡੱਬਾ ਦੇਖਦੇ ਹੀ ਉਸਨੂੰ ਬਿਨਾਂ ਸੁਣੇ ਹੀ ਬੋਲ ਪਿਆ। 

      " ਸਰ ਜੀ ਵਿਆਹ ਨਹੀਂ ਜੀ ਮੈਨੂੰ ਡਾਕਖਾਨੇ ਵਿੱਚ ਸਰਕਾਰੀ ਨੌਕਰੀ ਮਿਲੀ ਹੈ ਜੀ।ਇਸ ਲਈ ਮੈਂ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈਆਇਆਂ ਹਾਂ। "

              "ਡਾਕਖਾਨੇ ਵਿੱਚ ਨੋਕਰੀ ਮਿਲ ਗਈ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਪੁੱਤਰ ਤੂੰ ਇੱਥੇ ਕਰੇਗਾ ਕੀ? ਤੈਨੂੰ ਲਿਖਣਾ ਪੜਨਾ ਤਾਂ ਆਉਂਦਾ ਨਹੀਂ। "

          "ਸਰ ਜੀ ਆਪੇ ਹੀ ਵੇਖੀ ਜਾਵੇਗੀ। "

       ਲਗਭਗ ਸੱਤ ਮਹੀਨਿਆਂ ਬਾਅਦ ਗੁਰਪ੍ਰੀਤ ਇੱਕ ਦਿਨ ਫ਼ੇਰ ਸਕੂਲ ਵਿੱਚ ਬਰਫ਼ੀ ਦਾ ਡੱਬਾ ਲੈ ਕੇ ਆਇਆਂ। 

      " ਸਰ ਜੀ ਸਤਿ ਸ੍ਰੀ ਅਕਾਲ। "

    "ਆਹ ਤਾਂ ਪੱਕਾ ਹੀ ਤੇਰੇ ਵਿਆਹ ਵਾਲਾ ਡੱਬਾ ਹੈ, ਕਿਉਂ ਕਿੱਥੇ ਕਰਵਾ ਲਿਆ ਵਿਆਹ ਫ਼ੇਰ? " 

                    "ਨਹੀਂ ਸਰ ਜੀ ਮੈਂ ਵਿਆਹ ਨਹੀਂ ਕਰਵਾਇਆ। "

         ""ਜੇ ਤੇਰਾ ਨਹੀਂ ਤਾਂ ਤੇਰੀ ਭੈਣ ਦਾ ਵਿਆਹ ਹੋ ਗਿਆ। "

            " ਨਹੀਂ ਸਰ ਜੀ। "

    "ਯਾਰ ਫ਼ੇਰ ਕੀ ਤੇਰੀ ਤਰੱਕੀ ਹੋ ਗਈ ਹੈ। "

      " ਤੁਸੀਂ ਇਹ ਹੀ ਸਮਝ ਲਵੋਂ ਸਰ ਜੀ। "

           "ਇਹ ਹੀ ਸਮਝ ਲਵਾਂ, ਇਸਦਾ ਮਤਲਬ ਤਰੱਕੀ ਵੀ ਨਹੀਂ ਹੋਈ। ਫ਼ੇਰ ਕਿਸ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾ ਰਿਹਾ ਹੈ। "

           "ਸਰ ਜੀ ....... ਮੈਨੂੰ ਤੁਹਾਡੀ ਸਮਝਾਈ ਗੱਲ ਦੇਰੀ ਨਾਲ ਹੀ ਸਹੀ ਪਰ ਸਮਝ ਆ ਗਈ ਹੈ ਜੀ ਇਸ ਲਈ।"

           ""ਕਿਹੜੀ ਗੱਲ ਗੁਰਪ੍ਰੀਤ? "

       "ਇਹ ਹੀ ਜੀ ਕੀ ਪੜ੍ਹਾਈ ਬਹੁਤ ਜਰੂਰੀ ਹੈ।ਜਦੋਂ ਮੈਨੂੰ ਨੋਕਰੀ ਮਿਲੀ ਤਾਂ ਮੈਨੂੰ ਕੁਝ ਵੀ ਲਿਖਣਾ ਪੜਨਾ  ਨਹੀਂ ਆਉਂਦਾ ਸੀ ਤੇ ਪੂਰੇ ਦਫ਼ਤਰ ਵਿੱਚ ਮੇਰਾ ਮਜ਼ਾਕ ਬਣ ਜਾਂਦਾ ਸੀ। ਕੋਈ ਵੀ ਕੰਮ ਦੇਣ ਤੋਂ ਪਹਿਲਾਂ ਮੈਨੂੰ ਮਜ਼ਾਕ ਕਰਦਾ ਕਿ ਤੈਨੂੰ ਦਸਖਤ ਕਰਨ ਤੋਂ ਵੱਧ ਕੁਝ ਵੀ ਆਉਂਦਾ। ਤੈਨੂੰ ਕੰਮ ਕੀ ਦੇਣਾ ਹੈ। ਤੂੰ ਤਾਂ ਸਰਕਾਰੀ ਜਵਾਈ ਵਾਲੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ। ਉਹਨਾਂ ਦੀਆਂ ਗੱਲਾਂ ਸੁਣ- ਸੁਣ ਕੇ ਮੈਨੂੰ ਆਪਣੇ ਆਪ ਉੱਤੇ ਹੀ ਸ਼ਰਮ ਆਉਣ ਲੱਗ ਪਈ। ਮੈਂ ਇੱਕ ਦਿਨ ਸੋਚਿਆਂ ਕਿ ਕਿਉਂ ਨਾ ਮੈਂ  ਨੋਕਰੀ ਹੀ ਛੱਡ ਦੇਵਾਂ ਪਰ ਮੈਨੂੰ ਤੁਹਾਡੀ ਸਮਝਾਈ ਗੱਲ ਯਾਦ ਆਈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਬਸ ਫ਼ੇਰ ਕੀ ਸੀ ਮੈਂ ਪਹਿਲਾਂ ਪੜਨਾ ਤੇ ਫ਼ੇਰ ਹੌਲੀ- ਹੌਲੀ ਲਿਖਣਾ ਵੀ ਸਿੱਖ ਲਿਆ। ਮੈਂ ਅੱਜ ਆਪਣੇ ਸਾਰੇ ਦਫ਼ਤਰੀ ਕੰਮ ਆਪ ਕਰ ਰਿਹਾ ਹਾਂ। ਅਸਲ ਵਿੱਚ ਤਾਂ ਮੈਂ ਅੱਜ ਹੀ ਨੋਕਰੀ ਦੇ ਯੋਗ ਹੋਇਆਂ ਹਾਂ।ਇਸ ਲਈ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈ ਆਇਆਂ ਹਾਂ। ਅੱਜ ਸਰ ਜੀ ਤੁਸੀਂ ਮੇਰੇ ਉੱਤੇ ਮਾਣ ਕਰ ਸਕਦੇ ਹੋ ਤੇ ਆਖ ਸਕਦੇ ਹੋ ਕਿ ਗੁਰਪ੍ਰੀਤ  ਸਾਡਾ ਵਿਦਿਆਰਥੀ ਹੈ।ਕਾਸ਼..! ਜੇਕਰ ਮੈਂ ਤੁਹਾਡੀਆਂ ਗੱਲਾ ਵੱਲ ਉਸ ਸਮੇਂ ਧਿਆਨ ਦਿੱਤਾ ਹੁੰਦਾ। "

               ਉਸ ਦੀਆਂ ਗੱਲਾ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ। 

        "ਗੁਰਪ੍ਰੀਤ ਮੇਰੀ ਇੱਕ ਗੱਲ ਹੋਰ ਮੰਨੇਗਾ। "

           " ਹੁਕਮ ਕਰੋ ਸਰ ਜੀ। "

     "ਤੂੰ ਆਪਣੇ ਸਕੂਲ ਦੇ ਬੱਚਿਆਂ ਨਾਲ ਆਪਣੇ ਇਹ ਵਿਚਾਰ ਜਰੂਰ ਸਾਂਝੇ ਕਰ ਤਾਂ ਜੋ ਉਹ ਵੀ ਤੇਰੇ ਵੱਲੋਂ ਕੀਤੀ ਮਿਹਨਤ ਤੋਂ ਸਿੱਖਿਆ ਲੈ ਸਕਣ। "

         "ਜਰੂਰ ਸਰ ਜੀ ਜਰੂਰ ਮੈਂ ਸਵੇਰੇ ਹੀ ਸਵੇਰ ਦੀ ਸਭਾ ਵਿੱਚ ਹਾਜ਼ਰ ਹੋ ਜਾਵਾਂਗਾ। "

                           ਸੰਦੀਪ ਦਿਉੜਾ

                        8437556667