You are here

ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਹਲਕੇ ਤੋਂ ਚੋਣ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਲੋਂ ਦਿੱਤੀਆਂ ਪੰਥ ਨੂੰ ਸੇਵਾਵਾਂ ਨੂੰ ਲੋਕ ਕਰਨ ਲੱਗੇ ਯਾਦ ਕਰਨ ਲੱਗੇ 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ 

ਕਿੱਥੋਂ ਲੱਭਣੇ ਆਂ, ਹੁਣ ਮੱਲ ਅਖਾੜਿਆਂ ਦੇ !

ਕਿਸੇ ਟਾਈਮ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ,ਜਥੇਦਾਰ ਜਗਦੇਵ ਸਿੰਘ ਖੁਡੀਆਂ,ਸਰਕਾਰੂ ਕਾਰ ਦੀ ਥਾਂ ,ਆਂਮ ਹੀ ਰੋਡਵੇਜ ਦੀ ਬਸ ਤੇ ਸਫਰ ਕਰਦਾ ਹੁੰਦਾ ਸੀ ਤੇ ਓਹ ਵੀ ਬਿਨ ਦਿਖਾਵੇ ਦੇ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ  ਕੇ ਕੇਰਾਂ ਚੇਅਰਮੈਨ ਹੁੰਦਿਆਂ ,ਮੁਕਤਸਰ ਮੰਡੀਬੋਰਡ ਦੇ ਦਫ਼ਤਰ ਪੁੱਜਿਆ ਤੇ ਕੁਲਦੀਪ ਸਿੰਘ ਜੋ ਓਸ ਵਕਤ ਮੰਡੀਬੋਰਡ ਚ SDO ਸਨ ਨੁੰ ਕਹਿੰਦਾ ,” ਹੁਣ ਆਥਣ ਵੇਲਾ ਹੋ ਗਿਆ ਸ਼ੇਰਾ ਤੇ ਪਿੰਡਾਂ ਨੂੰ ਜਾਂਦੀਆਂ ਬੱਸਾਂ ਚੋ ਹੁਣ ਕੋਈ ਹੋਰ ਬੱਸ ਲਗਦਾ ਜਾਣੀ ਨਹੀਂ ਤੇ ਬੂੜੇਗੁਜਰ ਸਾਡੀ ਰਿਸ਼ਤੇਦਾਰੀ ਆ ਜੇ ਕੋਈ ਉੱਥੇ ਮੈਨੁੰ ਪੁੱਚ੍ਹਾ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ “ ਐਸਡੀਓ ਕੁਲਦੀਪ ਸਿੰਘ ਕਹਿੰਦਾ ਕਾਫ਼ੀ ਦੇਰ ਬਾਅਦ ਜਦੋਂ ਅਸੀਂ ਟੈਕਸੀ ਦਾ ਇੰਤਜ਼ਾਮ ਕੀਤਾ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੱਥ ਜੋੜ ਕੇ ਕਹਿਣ ਲੱਗੇ ,” ਮੈ ਤਾਂ ਸਵਾਲ ਪਾਇਆ ਸੀ ਕਿ ਐਥੋਂ ਕੋਈ ਮੁਲਾਜ਼ਮ ਸਕੂਟਰ ਤੇ ਲਾਹ ਆਵੇ ,ਆਹ ਕਾਰ ਵਾਲੀ ਤਕਲੀਫ਼ ਤਾਂ ਰਹਿਣ ਦਿਓ” ਫਿਰ ਇਕ ਜਣਾ ਉਨਾਂ ਨੁੰ ਸਕੂਟਰ ਤੇ ਬੂੜੇ ਗੁਜ਼ਰ ਲਾ ਕੇ ਆਇਆ”ਐਨਾ ਸਾਦਾ ਬੰਦਾ ਸੀ ਓਹ ਅੰਮ੍ਰਿਤਸਰ ਤੋਂ ਖ਼ਾਲਸਾ ਕਾਲਜੋਂ ਪੜਿਆ ਸੀ ਜਗਦੇਵ ਸਿੰਘ ਖੁੱਡੀਆਂ,ਐਨਾ ਰੌਸ਼ਨ ਦਿਮਾਗ ਸੀ ਕਿ ਤਹਿਸੀਲਦਾਰ ਲੱਗਣ ਦੀ ਸਰਕਾਰ ਵੱਲੋਂ ਆਫਰ ਮਿਲੀ ਠੁਕਰਾ ਕੇ ਲੋਕ ਸੇਵਾ ਨੁ ਸਮਰਪਿਤ ਹੋ ਗਿਆ ਇਹ ਨੌਜਵਾਨ ।ਜਦੋਂ ਹਰਚੰਦ ਸਿੰਘ ਲੌਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੋਤਾ ਕੀਤਾ ਤਾਂ ਇਕਲੌਤੇ ਖੁੱਡੀਆਂ ਨੇ ਜੁਰਅਤ ਨਾਲ ਮੂੰਹ ਕੇ ਕਿਹਾ ਕਿ ,” ਸੰਤ ਜੀ ਤੁਸੀ ਬਹੁਤ ਮਾੜਾ ਕੰਮ ਕੀਤਾ “ ਇਹ ਗੱਲ ਹਰਚੰਦ ਸਿੰਘ ਲੌਗੋਵਾਲ ਦੇ ਮੂੰਹ ਤੇ ਕਹੀ ਸੀ ..ਕਿਉਂਕਿ ਲੌਗੋਵਾਲ ਨੇ ਇਹ ਗੱਲ ਬਾਅਦ ਚ ਹਾਈ ਕੋਰਟ ਦੇ ਵਕੀਲ ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜੀਆ) ਨੁ ਦੱਸੀ ਸੀ । 

ਜਦੋਂ 1989 ਚ ਟਿਕਟ ਦੀ ਗੱਲ ਚੱਲੀ ਤਾਂ ਚੂਹੜਚੱਕ ਤੋਂ ਕੰਦੂਖੇੜਾ ਤੱਕ ਏਨਾ ਵੱਡਾ ਇਲਾਕਾ , ਕਹਿੰਦੇ ਆਹ ਜੱਥੇਦਾਰ ਨੂੰ ਟਿਕਟ ਦੇ ਦੇਓ । ਖੁੱਡੀਆਂ ਸਾਬ ਨੇ ਹੱਥ ਜੋੜ ਕੇ ਫਤਹਿ ਬੁਲਾਈ । ਦੂਜੇ ਉਮੀਦਵਾਰਾਂ ਨੇ ਭਰਵੇਂ ਇਕੱਠ ਕਰਕੇ ਆਪਣੇ ਕਾਗਜ਼ ਭਰੇ । ਜੱਥੇਦਾਰ ਸਾਬ੍ਹ 3-4 ਜਣਿਆਂ ਨੂੰ ਨਾਲ ਲੈਕੇ ਪਿਛਲੇ ਦਰਵਾਜ਼ਿਓਂ ਜਾਕੇ ਕਾਗਜ਼ ਭਰ ਆਏ ਤੇ ਪਿੰਡ ਨੂੰ ਬੱਸ ਚੜ ਗਏ । 5 ਕ ਦਿਨਾਂ ਵਿੱਚ ਇਹੋ ਜੀ ਹਨੇਰੀ ਵਗੀ ਜੱਥੇਦਾਰ ਸਾਬ ਆਰਾਮ ਨਾਲ ਚੋਣ ਜਿੱਤ ਕੇ MP ਬਣ ਗਏ ।1989 ਚ ਲੋਕਾਂ ਸਭ ਦੀਆਂ ਚੋਣਾਂ ‘ਚ ਫਰੀਦਕੋਟੋ ਹਰਚਰਨ ਬਰਾੜ ਤੇ ਬਾਦਲ ਦੇ ਸੱਜੇ ਹੱਥ ਖਾਸਮ ਖਾਸ ਭਾਈ ਸ਼ਮਿਦਰ ਦੀਆਂ ਗੋਡੀਆਂ ਲਵਾ ਤੀਂਆਂ ਸੀ ਖੁੱਡੀਆਂ ਨੇ । ਪਰ ਜਿਵੇਂ ਮੈ ਸੋਚਦਾ ਹਾਂ ਕਿ ਇੱਕ ਸਾਧਾਰਨ ਬੰਦੇ ਦੀ ਏਡੀ ਵੱਡੀ ਪ੍ਰਾਪਤੀ ਨੂੰ ਸਾਡੇ ਪੰਜਾਬੀ ਲੋਕ ਚੰਗੇ ਪਾਸੇ ਵੱਲ ਨੂੰ ਘੱਟ ਤੇ ਮਾੜੇ ਪਾਸੇ ਵੱਲ ਨੂੰ ਵੱਧ ਦੇਖਦੇ ਹਨ ਨਾਲੇ ਬਰਾਬਰ ਦੇ ਰਾਜਨੀਤਕ ਲੋਕਾਂ ਤੋਂ ਇਹ ਕਿੱਥੇ ਜਰਿਆ ਜਾਂਦਾ ਕਿ ਆਮ ਤੇ ਈਮਾਨਦਾਰ ਬੰਦਾ ਅੱਗੇ ਆਵੇ ਤੇ ਉਹ ਵੀ ਸੱਚਾ ਪੱਕਾ ਅੰਮ੍ਰਿਤਧਾਰੀ ਸਾਬਤ ਸਿੱਖ  ।ਜਗਦੇਵ ਸਿੰਘ ਖੁੱਡੀਆਂ ਲੋਕ ਸਭਾ ਦੀ ਸੋਂਹ ਚੁੱਕ ਕੇ ਦਿੱਲੀਓਂ ਪਿੰਡ ਆਉਂਦਾ ਹੈ ਤੇ ਅਗਲੇ ਦਿਨ ਮੂੰਹ ਹਨੇਰੇ ਹੀ ਗਾਇਬ ਹੋ ਜਾਂਦਾ ,ਪੂਰੇ ਪੰਜਾਬ ਚ ਰੌਲਾ ਪੈ ਜਾਂਦਾ, ਹੈਲੀਕਾਪਟਰਾਂ ਤੇ ਕਈ ਦਿਨਾਂ ਬਾਅਦ ਗ਼ੋਤੇਖ਼ੋਰਾਂ ਰਾਹੀਂ ਲਾਸ਼ ਨਹਿਰ ਤੋਂ ਲੱਭਦੀ ਆ ।ਅਜੋਕੇ ਬੇਅਦਬੀ ਕਾਂਡ ਵਾਂਗ ,ਉਦੋਂ ਵੀ ਬੜੀਆਂ ਇਨਕੁਆਰੀਆਂ ਹੋਈਆਂ ,ਜੱਜਾਂ ਰਾਹੀ,ਕਮਿਸ਼ਨਾਂ ਰਾਹੀ ,CBI ਰਾਹੀ ,ਜਾਂਚ ਕਿਸੇ ਵੀ ਬਿਲੇ ਨੀ ਲੱਗੀ ਪੜਤਲ ,ਅੱਧ ਵਿਚਕਾਰੋਂ ਹੀ ਰੁਕ ਗਈਆਂ ਜਾਂ ਕਿਸੇ ਨੇ ਰੁਕਵਾ ਦਿੱਤੀਆਂ ,ਇਹ ਅਕਾਲ ਪੁਰਖ ਜਾਣਦਾ ਬਿਨਾ ਸਿੱਟਾ ਕੱਢੇ।ਓਹ ਇਕ ਦਲੇਰ ਬੰਦਾ ਸੀ ,ਪਾਤਸ਼ਾਹ ਦਾ ਭਾਣਾ ਮੰਨਣ ਵਾਲਾ ਸੀ ,ਓਹ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ।ਦੰਦ ਕਥਾਵਾਂ ਤਾਂ ਇਹ ਵੀ ਚਲ਼ੀਆਂ ਸੀ ਕਿ ਇਕ ਬਹੁਤ ਵੱਡੇ  ਵੱਡੇ ਸਿਆਸੀ ਬਾਬੇ ਬੋਹੜ ਬੰਦੇ ਤੇ ਇਹ ਸਾਰੇ ਦੋਸ਼  ਲੱਗੇ ,ਕਿ ਉਸ ਨੇ ਹੀ ਇਸ ਪਾਰਸ ਵਰਗੇ ਈਮਾਨਦਾਰ ਦਾ ਕੰਡਾ ਕੱਢਵਾ ਦਿੱਤਾ ।ਮੁੱਕਦੀ ਗੱਲ ਅਜ ਤੱਕ ਸੱਚ ਪਰਦੇ ਥੱਲੇ ਲੁਕਿਆ ਪਿਆ ਹੈ ।ਓਹ ਸਚਮੁਚ ਪਾਰਸ ਸੀ।ਓਹਦੇ ਭੋਗ ਤੇ ਬੋਲਦਿਆਂ ਇਕ ਨੌਜਵਾਨ ਓਵਰਸੀਅਰ ਨੇ ਦੱਸਿਆ ਕਿ ਜਦ ਓਨਾਂ ਦੀ ਭਰਤੀ ਦੀ ਇਟਰਵਿਊ ਸੀ ਤਾਂ ਓਹ ਬੱਸ ਚ ਬੈਠੇ ਗੱਲਾਂ ਕਰਦੇ ਸੀ ਆਪਸ ਚ ਕਿ ,” ਇਹ ਜਥੇਦਾਰ ਨਾਂ ਕਿਸੇ ਤੋਂ ਪੈਸੇ ਲੈੰਦਾ ਨਾਂ ਕਿਸੇ ਦੀ ਸਿਫ਼ਾਰਸ਼ ਮੰਨਦਾ,ਬੜਾ ਅੜਬ ਤੇ ਖਰਾਬ ਬੰਦਾ ..” ਬਸ ਦੀ ਅਗਲੀ ਸੀਟ ਤੇ  ਲੋਈ ਦਾ ਮੜਾਸਾ ਮਾਰੀ ਬੈਠਾ ਜਗਦੇਵ ਸਿੰਘ ਖੁਡੀਆਂ ਨਾਲੇ ਸੁਣੀ ਜਾਵੇ ਨਾਲੇ ਮੁਸਕੜੀਏ ਹੱਸੀ ਜਾਵੇ ।ਬੱਸ ਤੋਂ ਉਤਰਣ ਲੱਗਿਆ ਕਹਿੰਦਾ ,” ਜਵਾਨੋ ਐਨਾ ਵੀ ਮਾੜਾ ਨਹੀਂ ,ਆਜੋ ਲੈ ਲੋ ਨਿਯੁਕਤੀ “ਪਿੰਡ ਫਿਰਨੀ ਤੇ ਬੱਸੋਂ ਉਤਰਦਾ ਓਹ ਮਿੱਠੀਆਂ ਗੋਲੀਆਂ ਤੇ ਟਾਫ਼ੀਆਂ ਵੰਡਦਾ ਬੱਚਿਆਂ ਨੁੰ,ਕਿਤਾਬਾਂ ਪੜਨ ਦਾ ਸ਼ੋਕੀਨ,ਸਿਰੇ ਦਾ ਇਮਾਨਦਾਰ ਸਰਦਾਰ ਜਗਦੇਵ ਸਿੰਘ ਖੁਡੀਆਂ,ਖਬਰੇ ਕਿਧਰੇ ਖੁਰ ਪੁਰ ਗਿਆ ਪਤਾ ਹੀ ਨਹੀਂ ਚੱਲਿਆ ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਹੈ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। 

ਜਨ ਸ਼ਕਤੀ ਨਿਊਜ਼ ਬਿਉਰੋ