ਜਗਰਾਓਂ, 11 ਮਾਰਚ (ਮਨਜਿੰਦਰ ਗਿੱਲ ) ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ ਮਾਣੂੰਕੇ ਦੀ ਦੁਬਾਰਾ ਜਿੱਤ 'ਤੇ ਪਾਰਟੀ ਵਲੰਟੀਅਰਾਂ ਤੇ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਧੰਨਵਾਦ ਸਮਾਗਮ ਰੱਖਿਆ ਗਿਆ। ਸਥਾਨਕ ਡਿਸਪੋਜਲ ਰੋਡ 'ਤੇ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਧਾਰਮਿਕ ਸਮਾਗਮ 'ਚ ਪੁੱਜੇ ਸਰਬਜੀਤ ਕੌਰ ਮਾਣੂੰਕੇ ਨੇ ਸ਼ਾਨਦਾਰ ਜਿੱਤ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਜਗਰਾਓਂ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਤੇ ਜਨਤਾ ਦੇ ਵਿਸ਼ਵਾਸ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਆਪਣੀ ਆਵਾਜ਼ ਬਣਾ ਕੇ ਵਿਧਾਨਸਭਾ ਭੇਜਿਆ। ਉਹ ਜਨਤਾ ਵੱਲੋਂ ਮੁੜ ਲਗਾਈ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਜਗਰਾਓਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਸਮਾਗਮ 'ਚ ਬੀਬੀ ਮਾਣੂੰਕੇ ਤੇ ਉਨਾਂ੍ਹ ਦੇ ਪਤੀ ਪੋ੍. ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੇ ਇਕੱਠ ਵੱਲੋਂ ਬੀਬੀ ਮਾਣੂੰਕੇ ਦਾ ਸਵਾਗਤ ਕੀਤਾ ਗਿਆ। ਜਗਰਾਓਂ ਵਿਧਾਨ ਸਭਾ ਦੀ ਚੋਣ ਜਿੱਤੇ ਸਰਬਜੀਤ ਕੌਰ ਮਾਣੂੰਕੇ ਜਿੱਤ ਤੋਂ ਬਾਅਦ ਅੱਜ ਜਿਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ, ਉਥੇ ਜਨਤਾ ਦੀ ਕਚਹਿਰੀ 'ਚ ਪੇਸ਼ ਹੁੰਦਿਆਂ ਜਿਤਾਉਣ ਲਈ ਧੰਨਵਾਦ ਕੀਤਾ।