ਸੋਸ਼ਲ ਮੀਡੀਆ ਦਾ ਪਸਾਰ ਹੋਣ ਕਰਕੇ ਲੋਕਾਂ ਵਿਚੋਂ ਅਖਬਾਰ ਪੜ੍ਹਨ ਦੀ ਰੁਚੀ ਖਤਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਕਈ ਵਾਰ ਅਸੀਂ ਸੋਸ਼ਲ ਮੀਡੀਆ ਉਪਰ ਪਾਈ ਪੋਸਟ ਦੀ ਜਾਂਚ ਕੀਤੇ ਬਿਨਾਂ ਹੀ, ਬਿਨਾਂ ਕਿਸੇ ਸੋਚ ਸਮਝ ਤੋਂ, ਨੂੰ ਸੱਚ ਮੰਨਦਿਆਂ ਅੱਗੇ ਦੀ ਅੱਗੇ ਪੋਸਟ ਕਰਨ ਵਿਚ ਬਹੁਤ ਕਾਹਲ ਕਰਦੇ ਹਾਂ, ਜਿਸ ਦਾ ਕਈ ਵਾਰ ਸਮਾਜ ਨੂੰ /ਪਰਿਵਾਰ ਨੂੰ /ਵਿਅਕਤੀਗਤ ਤੌਰ 'ਤੇ ਨੁਕਸਾਨ ਉਠਾਉਣਾ ਪੈ ਜਾਂਦਾ ਹੈ। ਸੋਸ਼ਲ ਮੀਡੀਆ ਉਪਰ ਘੁੰਮ ਰਹੀ ਹਰ ਪੋਸਟ ਕਈ ਵਾਰ ਸੱਚੀ ਵੀ ਨਹੀਂ ਹੁੰਦੀ ਅਤੇ ਝੂਠੀ ਵੀ ਨਹੀਂ ਹੁੰਦੀ। ਸੋਸ਼ਲ ਮੀਡੀਆ ਦੇ ਮੁਕਾਬਲੇ ਅਖਬਾਰ ਦੀ ਖਬਰ ਵਿਸ਼ਵਾਸਯੋਗ ਮੰਨੀ ਜਾਂਦੀ ਹੈ ਜਦਕਿ ਸੋਸ਼ਲ ਮੀਡੀਆ ਦੀਆਂ ਕਈ ਪੋਸਟਾਂ /ਖਬਰਾਂ ਵਿਸ਼ਵਾਸ਼ਘਾਤ ਵੀ ਹੋ ਨਿਬੜਦੀਆਂ ਹਨ। ਸੋਸ਼ਲ ਮੀਡੀਆ ਦੇ ਲਗਾਤਾਰ ਵਧ ਰਹੇ ਪਸਾਰ/ਪ੍ਰਭਾਵ ਕਾਰਨ ਅਖਬਾਰ ਦੀ ਮਹੱਤਤਾ ਨੂੰ ਅਸੀਂ ਅੱਖੋਂ-ਪਰੋਖੇ ਕਰਦੇ ਜਾ ਰਹੇ ਹਾਂ। ਅਖਬਾਰਾਂ ਪੜ੍ਹਨ ਪ੍ਰਤੀ ਸਾਡੀ ਰੁਚੀ ਦਿਨ - ਬ-ਦਿਨ ਘੱਟਦੀ ਜਾ ਰਹੀ ਹੈ। ਬਹੁਤ ਹੀ ਸਿਤਮ ਦੀ ਗੱਲ ਇਹ ਹੈ ਕਿ ਬੁੱਧੀਜੀਵੀ ਵਰਗ ਵਿਚ ਸ਼ਾਮਲ ਅਧਿਆਪਕ ਵਰਗ ਵਿਚ ਵੀ ਅਖਬਾਰ ਪੜ੍ਹਨ ਦੀ ਰੁਚੀ ਘੱਟਦੀ ਜਾ ਰਹੀ ਹੈ ਜਦਕਿ ਬਹੁ-ਗਿਣਤੀ ਵਿਚ ਵਿਦਿਆਰਥੀ ਤਾਂ ਅਖਬਾਰ ਪੜ੍ਹਨ ਤੋਂ ਬਿਲਕੁਲ ਬੇ-ਮੁੱਖ ਹੋ ਚੁੱਕੇ ਹਨ। ਵਿਦਿਆਰਥੀਆਂ ਸਮੇਤ ਸਮੂਹ ਨੌਜਵਾਨ ਤਾਂ ਇਹ ਸੋਚਣ ਲੱਗ ਪਏ ਹਨ, ਕਿ ਸੋਸ਼ਲ ਮੀਡੀਆ ਹੀ ਸ਼ਾਇਦ ਉਨ੍ਹਾਂ ਦੀ ਜਿੰਦਗੀ ਹੈ, ਜਿਸ ਕਰਕੇ ਉਹ ' ਅਖਬਾਰ ਨੂੰ ਬੀਤਿਆ ਯੁੱਗ' ਆਖਣ ਲੱਗ ਪਏ ਹਨ। ਉਹ ਇਸ ਗੱਲ ਤੋਂ ਬੇ-ਖਬਰ ਹਨ ਕਿ 'ਅਖਬਾਰ ਦੀ ਲਿਖਤ ਸਮੱਗਰੀ ਵਿਸ਼ਵਾਸਯੋਗ ਹੁੰਦੀ ਹੈ।' ਸੱਚ ਤਾਂ ਇਹ ਵੀ ਹੈ ਕਿ ਕਈ ਅਖਬਾਰਾਂ ਦੀਆਂ (ਸਾਰੇ ਅਖਬਾਰ ਨਹੀਂ) ਕੁਝ ਖਬਰਾਂ / ਲੇਖ ਮਨਘੜਤ ਹੁੰਦੇ ਹਨ, ਜੋ ਕਈ ਵਾਰ ਗਿਆਨ /ਵਿਗਿਆਨ ਵੰਡਣ ਦੀ ਥਾਂ ਅਗਿਆਨ/ ਅੰਧ-ਵਿਸ਼ਵਾਸ਼ /ਵਹਿਮਾਂ ਭਰਮਾਂ ਅਤੇ ਗੈਰ-ਵਿਗਿਆਨਿਕ /ਸਮਾਜਿਕ ਕੁੜੱਤਣ ਭਰੀਆਂ ਗੱਲਾਂ ਦਾ ਪਸਾਰਾ ਕਰਦੇ ਹਨ।
ਗੱਲ ਅਖਬਾਰ ਦੀ ਮਹੱਤਤਾ ਬਾਰੇ ਕਰਦਿਆਂ ਕਰਦਿਆਂ ਅੱਜ ਮੈਨੂੰ ਉਸ ਵੇਲੇ ਹੈਰਾਨੀ ਹੋਈ ਕਿ ਮੈਂ ਸੋਸ਼ਲ ਮੀਡੀਆ ਉਪਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਸਬੰਧਿਤ ਬਾਰਵੀਂ ਜਮਾਤ ਵਿਚ ਇਤਿਹਾਸ ਵਿਸ਼ੇ ਨਾਲ ਸਬੰਧਿਤ ਪੜ੍ਹਾਈਆਂ ਜਾ ਰਹੀਆਂ 3 ਨਿੱਜੀ ਪ੍ਰਕਾਸ਼ਕਾਂ ਵਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਉਪਰ ਰੋਕ ਲਗਾਏ ਜਾਣ ਬਾਰੇ ਪਿਛਲੇ ਦਿਨ ਇਕ ਪੋਸਟ ਪਾ ਦਿੱਤੀ। ਜਿਹੜੀਆਂ ਕਿਤਾਬਾਂ ਉਪਰ ਰੋਕ ਲਗਾਈ ਗਈ ਹੈ, ਨੂੰ ਲੈ ਕੇ ਪੰਜਾਬ ਸਰਕਾਰ ਨੂੰ ਉਨ੍ਹਾਂ ਕਿਤਾਬਾਂ ਵਿੱਚ ਪੜ੍ਹਾਈ ਜਾਣ ਵਾਲੀ ਸਮੱਗਰੀ ਪ੍ਰਤੀ ਸ਼ਿਕਾਇਤਾਂ ਮਿਲੀਆਂ ਸਨ ਕਿ, ਇਨ੍ਹਾਂ ਕਿਤਾਬਾਂ ਵਿੱਚ ਅਜਿਹੀ ਸਮੱਗਰੀ ਹੈ, ਜੋ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ' ਅਜੀਤ' ਅਖਬਾਰ ਨਾਲ ਸਬੰਧਿਤ ਇਕ ਬ੍ਰੇਕ ਖਬਰ ਸੋਸ਼ਲ ਮੀਡੀਆ ਉਪਰ ਸਿਰਫ ਇਹ ਪੋਸਟ ਪਾਈ ਸੀ ਕਿ ਪੰਜਾਬ ਸਰਕਾਰ ਵਲੋਂ 12 ਵੀੰ ਜਮਾਤ ਵਿਚ ਇਤਿਹਾਸ ਵਿਸ਼ੇ ਨਾਲ ਸਬੰਧਿਤ ਪੜ੍ਹਾਈਆਂ ਜਾ ਰਹੀਆਂ ਤਿੰਨ ਕਿਤਾਬਾਂ ਉਪਰ ਰੋਕ ਲਗਾ ਦਿੱਤੀ ਗਈ ਹੈ।'
ਮੈਂ ਜਿਉਂ ਹੀ ਇਹ ਪੋਸਟ ਸੋਸ਼ਲ ਮੀਡੀਆ ਉਪਰ ਪਾਈ ਤਾਂ ਮੈਨੂੰ ਫੋਨਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਉਪਰ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਉਹ ਕਿਹੜੀਆਂ ਕਿਤਾਬਾਂ ਹਨ ਜਿੰਨ੍ਹਾਂ ਉਪਰ ਰੋਕ ਲਗਾਈ ਗਈ ਹੈ? ਅੱਜ ਦੂਸਰੇ ਦਿਨ ਵੀ ਮੈਨੂੰ ਅਜਿਹੇ ਸੁਨੇਹੇ ਆਏ। ਮੈਂ ਸੋਚ ਰਿਹਾ ਸਾਂ ਕਿ ਜਿਹੜੇ ਬੁੱਧੀਜੀਵੀਆਂ /ਅਧਿਆਪਕਾਂ ਨੇ ਮੈਨੂੰ ਸੁਨੇਹੇ ਭੇਜੇ, ਉਨ੍ਹਾਂ ਨੇ ਖੁਦ ਕਿਤਾਬਾਂ , ਲੇਖਕਾਂ ਅਤੇ ਪ੍ਰਕਾਸ਼ਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਈ ਵੀ ਸੁਹਿਰਦ ਯਤਨ ਨਹੀਂ ਕੀਤਾ ਅਤੇ ਦੂਸਰੇ ਦਿਨ ਤੱਕ ਅਖਬਾਰ ਵੀ ਨਹੀਂ ਵੇਖੇ, ਪੜ੍ਹਨਾ ਤਾਂ ਦੂਰ ਦੀ ਗੱਲ ਹੈ!
ਪਾਠਕੋ! ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿਸ ਦੀ ਆਪਣੀ ਮਹੱਤਤਾ ਹੈ, ਪਰ ਕਿਸੇ ਵੀ ਵਿਅਕਤੀ ਖਾਸ ਕਰਕੇ ਬੁੱਧੀਜੀਵੀਆਂ /ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਰੋਜਮਰਾ ਦੀ ਜਿੰਦਗੀ ਵਿੱਚ ਅਖਬਾਰਾਂ ਅਤੇ ਕਿਤਾਬਾਂ ਦੀ ਜੋ ਮਹੱਤਤਾ ਹੈ, ਨੂੰ ਘਟਾ ਕੇ ਵੇਖਣਾ ਉੱਚਿਤ ਨਹੀਂ ਹੈ।
ਸੁਖਦੇਵ ਸਲੇਮਪੁਰੀ
09780620233
1 ਮਈ, 2022.