You are here

ਅੰਬੇਦਕਰ ਅਤੇ ਮਜਦੂਰ ✍️ ਸਲੇਮਪੁਰੀ ਦੀ ਚੂੰਢੀ 

ਅੱਜ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਦੇਸ਼ ਤਾਂ ਮਜਦੂਰ ਅਤੇ ਮਜਦੂਰ ਦਿਵਸ ਦੀ ਮਹੱਤਤਾ ਨੂੰ ਸਮਝਦੇ ਹਨ, ਪਰ ਭਾਰਤ ਵਿਚ ਅਸੀਂ ਮਜਦੂਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਾਂ, ਹਰ ਸਾਲ ਸਰਕਾਰੀ ਛੁੱਟੀ ਵੀ ਹੁੰਦੀ ਹੈ,ਛੁੱਟੀ ਦਾ ਅਨੰਦ ਵੀ ਅਸੀਂ ਮਾਣਦੇ ਹਾਂ, ਪਰ ਮਜਦੂਰ ਦੀ ਦਿਨ-ਬ-ਦਿਨ ਨਿਘਰਦੀ ਜਾ ਰਹੀ  ਜਿੰਦਗੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ । ਮਜਦੂਰਾਂ ਕੋਲੋਂ ਪਸ਼ੂਆਂ ਦੀ ਤਰ੍ਹਾਂ ਕੰਮ ਲਿਆ ਜਾ ਰਿਹਾ ਹੈ। ਸੰਵਿਧਾਨਿਕ ਨਿਯਮਾਂ ਦੇ ਉਲਟ ਮਜਦੂਰ ਕੋਲੋਂ 8 ਘੰਟਿਆਂ ਦੀ ਥਾਂ 12 ਘੰਟੇ ਕੰਮ ਲੈ ਕੇ ਮਿਹਨਤਾਨਾ ਸਿਰਫ 8 ਘੰਟਿਆਂ ਦਾ ਦਿੱਤਾ ਜਾ ਰਿਹਾ ਹੈ। ਮਜਦੂਰ ਦਾ ਖੂਨ ਨਚੋੜਿਆ ਜਾ ਰਿਹਾ ਹੈ। ਉਹ ਭਾਵੇਂ ਖੇਤਾਂ ਵਿਚ ਕੰਮ ਕਰਦਾ ਹੋਵੇ, ਭਾਵੇਂ ਤਿੱਖੜ ਦੁਪਹਿਰ ਸਮੇਂ ਸੜਕਾਂ ਉੱਪਰ ਲੁੱਕ ਪਾਉਂਦਾ ਹੋਵੇ, ਭਾਵੇਂ ਫੈਕਟਰੀਆਂ ਵਿੱਚ ਕੰਮ ਕਰਦਾ ਹੋਵੇ, ਭੱਠਿਆਂ 'ਤੇ ਇੱਟਾਂ ਪੱਥਦਾ ਹੋਵੇ, ਖਾਣਾਂ ਵਿਚੋਂ ਕੋਲਾ /ਲੋਹਾ ਜਾਂ ਕੋਈ ਹੋਰ ਧਾਤਾਂ ਕੱਢਦਾ ਹੋਵੇ, ਜਾਂ ਸੀਵਰੇਜ ਵਿਚ ਵੜ ਕੇ ਸਫਾਈ ਕਰਦਾ ਹੋਵੇ, ਦੀ ਆਰਥਿਕ ਅਤੇ ਸਮਾਜਿਕ ਜਿੰਦਗੀ ਨਰਕ ਭਰੀ ਹੀ ਹੈ।  ਮਜਦੂਰ ਵਲੋਂ ਦੇਸ਼ ਦੇ ਵਿਕਾਸ ਵਿਚ ਜੋ ਹਿੱਸਾ ਪਾਇਆ ਜਾ ਰਿਹਾ ਹੈ, ਨੂੰ ਹਮੇਸ਼ਾ ਮਨਫੀ ਕਰਕੇ ਵੇਖਿਆ ਜਾਂਦਾ ਹੈ। ਜੇ ਕਦੀ ਕੁ ਕਦਾਈਂ ਸਰਕਾਰ ਮਜਦੂਰਾਂ ਨੂੰ ਕੋਈ ਥੋੜ੍ਹੀ ਜਿਹੀ ਛੋਟ/ਆਰਥਿਕ ਮਦਦ (ਪਹਿਲੀ ਗੱਲ ਤਾਂ ਹੱਕ ਮਿਲਦਾ ਹੀ ਨਹੀਂ) ਦੇਣ ਦੀ ਗੱਲ ਕਰਦੀ ਹੈ ਤਾਂ ਏ. ਸੀ. ਘਰਾਂ /ਕੋਠੀਆਂ ਅਤੇ ਕਾਰਾਂ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ, ਉਹ ਧਰਨੇ - ਮੁਜਾਹਰੇ ਕਰਨ ਲਈ ਸੜਕਾਂ ਉੱਪਰ ਆ ਉੱਤਰਦੇ ਹਨ। ਹਜਾਰਾਂ /ਲੱਖਾਂ ਮਜਦੂਰਾਂ /ਕਿਰਤੀਆਂ ਦੇ ਬੱਚਿਆਂ ਵਿੱਚੋਂ ਜਦੋਂ ਕੋਈ ਇਕੱਲਾ-ਇਕਹਿਰਾ ਬੱਚਾ ਆਰਥਿਕ ਤੰਗੀਆਂ  ਦੀ ਪੀੜਾ ਝੱਲਦਾ ਹੋਇਆ  ਪੜ੍ਹਾਈ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ ਤਾਂ, ਉਸ ਗੱਲ ਨੂੰ ਬਹੁਤ ਹੀ ਅਜੀਬੋ-ਗਰੀਬ ਢੰਗ ਨਾਲ ਪੇਸ਼ ਕਰਦਿਆਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਰਤੀ /ਮਜਦੂਰ ਤਾਂ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਕਰਕੇ ਮਾਲੋਮਾਲ ਹੋ ਗਏ ਹਨ, ਅਸੀਂ ਤਾਂ ਲੁੱਟੇ-ਪੁੱਟੇ ਗਏ ਹਾਂ।
ਏ. ਸੀ. ਕਮਰਿਆਂ ਵਿਚ ਬੈਠੇ ਚੰਗਾ ਖਾਂਦੇ-ਪੀਂਦੇ ਲੇਖਕ ਜੋ ਆਪਣੇ ਆਪ ਨੂੰ ਉੱਚ ਕੋਟੀ ਦੇ ਬੁੱਧੀਜੀਵੀ ਕਹਾਉਂਦੇ ਹਨ ਤਾਂ ਉਹ ਵੀ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਮਿਲੀਆਂ, ਤੁਛ ਜਿਹੀਆਂ ਸਹੂਲਤਾਂ ਨੂੰ ਆਪਣੇ ਢੰਗ ਨਾਲ ਵਧਾ ਚੜ੍ਹਾ ਕੇ ਪੇਸ਼ ਕਰਦੇ ਹੋਏ, ਦੂਜੇ ਲੋਕਾਂ ਨੂੰ ਮਿਲੀਆਂ ਲੱਖਾਂ /ਕਰੋੜਾਂ ਰੁਪਈਆਂ ਦੀਆਂ ਛੋਟਾਂ ਅਤੇ ਸਬਸਿਡੀਆਂ ਨੂੰ ਭੁੱਲ ਜਾਂਦੇ ਹਨ, ਸਿਰਫ ਤੇ ਸਿਰਫ ਮਜਦੂਰ /ਕਿਰਤੀ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਦਾ ਰਹਿੰਦਾ ਹੈ।
ਅੱਜ ਜਦੋਂ ਅਸੀਂ ਮਨਾਏ ਜਾ ਰਹੇ ਮਜਦੂਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਜੋ ਕੁਝ ਮਜਦੂਰਾਂ ਨੂੰ ਮਿਲਿਆ ਹੈ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਯਤਨਾਂ ਸਦਕਾ ਮਿਲਿਆ ਹੈ।
 ਬਾਬਾ ਸਾਹਿਬ ਜੀ ਉਹ ਸ਼ਖਸੀਅਤ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ ਦੇ ਮਜਦੂਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ।  ਦੂਜੇ ਸੰਸਾਰ ਯੁੱਧ ਤੋਂ ਪਹਿਲਾਂ ਬਾਬਾ ਸਾਹਿਬ ਨੂੰ  ''ਲੇਬਰ ਮੈਂਬਰ ਆਫ ਵਾਇਸਰਾਏ ਐਗਜ਼ੀਕਿਊਟਿਵ ਕੌਂਸਿਲ '' ਵਿਚ 1942 ਤੋਂ 1946 ਤੱਕ ਕੰਮ ਕਰਨ ਦਾ ਮੌਕਾ ਮਿਲਿਆ , ਜਿਸ ਦੌਰਾਨ ਉਹਨਾਂ ਨੇ ਸੱਭ ਤੋਂ ਪਹਿਲਾਂ ਕਾਰਖਾਨਿਆਂ ਵਿੱਚ ਕੰਮ ਦੇ ਘੰਟਿਆਂ ਨੂੰ ਨਿਸ਼ਚਿਤ ਕਰਦਿਆਂ ਮਜਦੂਰਾਂ ਲਈ 12 ਘੰਟਿਆਂ ਦੀ ਥਾਂ 8 ਘੰਟੇ ਕੀਤੇ। ਉਨ੍ਹਾਂ ਨੇ
 27 ਨਵੰਬਰ 1942 ਨੂੰ ਦਿੱਲੀ ਵਿੱਚ ਇੱਕ ਮਜਦੂਰ ਸੰਮੇਲਨ ਦੌਰਾਨ ਦੇਸ਼ ਵਿਚ ਇੱਕ ਹਫ਼ਤੇ ਵਿਚ ਸਿਰਫ 48 ਘੰਟੇ ਕੰਮ ਲਈ ਅਵਾਜ ਉਠਾਈ। ਉਨ੍ਹਾਂ ਨੇ ਮਜਦੂਰਾਂ ਅਤੇ ਕਾਰਖਾਨੇਦਾਰਾਂ ਵਿਚਾਲੇ ਪੈਦਾ ਹੋਣ ਵਾਲੇ ਝਗੜੇ ਨਜਿੱਠਣ ਲਈ ਕਮੇਟੀਆਂ ਗਠਿਤ ਕਰਨ ਦਾ ਸੁਝਾਅ ਦਿੱਤਾ। ਇਥੇ ਹੀ ਬਸ ਨਹੀਂ ਬਾਬਾ ਸਾਹਿਬ ਨੇ ਔਰਤ ਕਿਰਤੀਆਂ/ ਕਰਮਚਾਰੀਆਂ /ਅਧਿਕਾਰੀਆਂ ਦੇ ਹੱਕਾਂ ਅਤੇ ਹਿੱਤਾਂ ਲਈ ਜੋ ਅਵਾਜ ਬੁਲੰਦ ਕੀਤੀ ਸ਼ਾਇਦ ਭਾਰਤੀ ਔਰਤਾਂ ਉਸ ਗੱਲ ਤੋਂ ਬਿਲਕੁਲ ਬੇਖਬਰ ਹਨ। ਅੱਜ ਗਰਭਵਤੀ ਕਿਰਤੀ / ਮੁਲਾਜ਼ਮ ਔਰਤਾਂ ਨੂੰ ਜਣੇਪੇ ਦੌਰਾਨ ਤਨਖਾਹ ਸਮੇਤ ਜੋ 6 ਮਹੀਨਿਆਂ ਦੀ ਛੁੱਟੀ ਮਿਲ ਰਹੀ ਹੈ, ਬਾਬਾ ਸਾਹਿਬ ਦੀ ਦੇਣ ਹੈ। ਮਰਦਾਂ ਅਤੇ ਔਰਤਾਂ ਨੂੰ ਇੱਕ ਸਮਾਨ ਤਨਖਾਹ ਮਿਲਣਾ ਵੀ ਡਾ ਅੰਬੇਦਕਰ ਦੀ ਦੇਣ ਹੈ। ਟ੍ਰੇਡ ਯੂਨੀਅਨਾਂ ਨੂੰ  ਦੇਸ਼ ਵਿਚ  ਦਿੱਤੀ ਜਾਣ ਵਾਲੀ ਮਾਨਤਾ, ਦੇਸ਼ ਵਿਚ ਰੋਜਗਾਰ ਦਫਤਰ ਸਥਾਪਿਤ ਕਰਨਾ, ਬੇਰੁਜ਼ਗਾਰੀ ਭੱਤਾ ਦੇਣਾ, ਰਜਿਸਟਰਡ ਕਾਮਿਆਂ ਨੂੰ ਮਿਲਣ ਵਾਲੀ ਈ. ਐਸ. ਆਈ. ਦੀ ਸਹੂਲਤ  ਵੀ ਡਾ ਅੰਬੇਦਕਰ ਦੀ ਬਦੌਲਤ ਹੈ। ਡਾ ਅੰਬੇਦਕਰ ਨੇ ਮਜਦੂਰਾਂ ਲਈ ਜੋ ਕੁਝ ਕੀਤਾ, ਉਸ ਨੂੰ ਵਰਨਣ ਕਰਨਾ ਬਹੁਤ ਔਖਾ ਹੈ। ਮਜਦੂਰਾਂ ਨੂੰ ਘੱਟੋ-ਘੱਟ ਬਣਦੀ ਤਨਖਾਹ ਦੇਣ ਲਈ ਜੋ ਨਿਯਮ ਬਣਾਇਆ ਗਿਆ ਹੈ, ਵੀ ਬਾਬਾ ਸਾਹਿਬ ਦੀ ਦੇਣ ਹੈ।
ਅੱਜ ਮਜਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਤੋਂ ਵੰਚਿਤ ਕਰਨ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ। ਜਦੋਂ ਮਜਦੂਰ ਆਪਣੇ ਹੱਕਾਂ ਅਤੇ ਹਿੱਤਾਂ ਲਈ ਆਪਣੀ ਅਵਾਜ ਬੁਲੰਦ ਕਰਦੇ ਹਨ, ਉਨ੍ਹਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਸੰਘਰਸ਼ ਕਰ ਰਹੇ ਮਜਦੂਰਾਂ ਨੂੰ ਫੈਕਟਰੀਆਂ / ਕਾਰਖਾਨਿਆਂ ਵਾਲੇ ਜਾਂ ਤਾਂ ਨੌਕਰੀ ਤੋਂ ਕੱਢ ਦਿੰਦੇ ਹਨ ਜਾਂ ਫਿਰ ਚੋਰੀ ਜਾਂ ਭੰਨਤੋੜ ਕਰਨ ਜਾਂ ਕੋਈ ਹੋਰ ਗੰਭੀਰ ਇਲਜ਼ਾਮ ਲਗਾ ਕੇ ਉਨ੍ਹਾਂ ਵਿਰੁੱਧ ਪੁਲਸ ਮਾਮਲਾ ਦਰਜ ਕਰਵਾ ਕੇ ਜੇਲ੍ਹਾਂ / ਥਾਣਿਆਂ ਵਿਚ ਬੰਦ ਕਰਵਾ ਦਿੱਤਾ ਜਾਂਦਾ ਹੈ। ਪਿੰਡਾਂ ਵਿੱਚ ਜਦੋਂ ਖੇਤ ਮਜ਼ਦੂਰ ਆਪਣੀ ਦਿਹਾੜੀ ਜਾਂ ਮਿਹਨਤ ਵਧਾਉਣ ਲਈ ਮੰਗ ਕਰਦੇ ਹਨ ਤਾਂ ਕਈ ਵਾਰ ਕਈ ਪਿੰਡਾਂ ਦੇ ਜਿਮੀਂਦਾਰਾਂ ਵਲੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਜਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਸਿਰਫ ਸਬਜਬਾਗ ਦਿਖਾਏ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਪੈ ਚੁੱਕੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਮਜਦੂਰ ਸੰਗਠਨਾਂ ਦੇ ਆਗੂ ਵੀ ਆਪਣੇ ਨਿੱਜੀ ਹਿੱਤਾਂ ਲਈ ਮਜਦੂਰਾਂ ਨੂੰ ਵਰਤਦੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਦਾਲ - ਫੁਲਕਾ ਚੱਲਦਾ ਰਹਿੰਦਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਚੋਣਾਂ ਦਿਨਾਂ ਦੌਰਾਨ ਮਜਦੂਰਾਂ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤ ਕੇ ਅਕਸਰ ਆਪਣਾ ਉੱਲੂ ਸਿੱਧਾ ਕਰ ਜਾਂਦੇ ਹਨ।
ਡਾ ਅੰਬੇਦਕਰ ਆਧੁਨਿਕ ਭਾਰਤ ਦੇ ਨਿਰਮਾਤਾ ਹਨ, ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ, ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਸਮੁੱਚਾ ਸੰਸਾਰ ਡਾ ਅੰਬੇਦਕਰ ਦੀ ਪ੍ਰਤਿਭਾ ਅੱਗੇ ਸਿਰ ਝੁਕਾਉੰਦਾ ਹੈ, ਪਰ ਭਾਰਤ ਵਿਚ ਜਾਣਬੁੱਝ ਕੇ ਉਨ੍ਹਾਂ ਦਾ ਕੱਦ ਬੌਣਾ ਕਰਨ ਲਈ ਸਿਰਫ ਇਕ ਵਰਗ ਦੇ ਲੋਕਾਂ ਦਾ ਨੇਤਾ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ ਅੰਬੇਦਕਰ ਨੇ ਕੇਵਲ ਇਕ ਵਰਗ ਲਈ ਨਹੀਂ ਬਲਕਿ ਸਮੁੱਚੇ ਦੇਸ਼ ਅਤੇ ਦੇਸ਼ ਦੇ ਸਮੂਹ ਲੋਕਾਂ ਲਈ ਕੰਮ ਕੀਤਾ ਹੈ। ਅੱਜ ਦੇਸ਼ ਦੇ ਆਈ ਏ ਐਸ / ਆਈ ਪੀ ਐਸ ਅਤੇ ਜੱਜਾਂ ਸਮੇਤ ਜਿੰਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਹਨ, 12 ਘੰਟੇ ਨਹੀਂ 8 ਘੰਟੇ ਕੰਮ ਕਰਦੇ ਹਨ। ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੀਆਂ ਸਾਰੀਆਂ ਕਿਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਹੈ ਅਤੇ ਉਹ ਜਣੇਪੇ ਦੌਰਾਨ 6 ਮਹੀਨੇ ਦੀ ਮਿਲਣ ਵਾਲੀ ਛੁੱਟੀ ਪੂਰੀ ਤਨਖ਼ਾਹ ਸਮੇਤ ਪ੍ਰਾਪਤ ਕਰਦੀਆਂ ਹਨ, ਪਰ ਅਫਸੋਸ ਦੀ ਗੱਲ ਹੈ, ਸੱਭ ਤੋਂ ਹੇਠਲੇ ਪੱਧਰ ਦੇ ਮਜਦੂਰਾਂ /ਕਿਰਤੀਆਂ ਨੂੰ ਉਨ੍ਹਾਂ ਦੇ ਸੰਵਿਧਾਨਿਕ ਹੱਕਾਂ ਤੋਂ ਵੰਚਿਤ ਕਰਕੇ ਰੱਖਿਆ ਹੋਇਆ ਹੈ।
ਕਿਸੇ ਬੁੱਧੀਜੀਵੀ ਇਨਸਾਨ ਨੇ ਬਾਬਾ ਸਾਹਿਬ ਬਾਰੇ ਲਿਖਿਆ ਹੈ ਕਿ 'ਡਾ ਅੰਬੇਦਕਰ ਕੋਈ ਜਹਿਰ ਨਹੀਂ ਹੈ, ਇਹ ਤਾਂ ਸ਼ੁੱਧ ਦੇਸੀ ਘਿਓ ਹੈ, ਜਿਹੜਾ ਗਧਿਆਂ ਨੂੰ ਸਮਝ ਨਹੀਂ ਆਉਂਦਾ ਅਤੇ ਕੁੱਤਿਆਂ ਨੂੰ ਹਜਮ ਨਹੀਂ ਆਉਂਦਾ।'
 

 ਸੁਖਦੇਵ ਸਲੇਮਪੁਰੀ
09780620233
1 ਮਈ, 2022.