ਸਿੱਖ ਇਤਿਹਾਸ ਵਿੱਚ ਚਾਰ ਮਈ ਭਾਵ ਇੱਕੀ ਵਿਸਾਖ ਦਿਵਸ ਦੀ ਮਹੱਤਤਾ
ਹਰ ਓਸ ਗੁਰਸਿੱਖ ਨੂੰ ਇਸ ਚਾਰ ਮਈ ਇੱਕੀ ਵਿਸਾਖ ਦਿਵਸ ਦਿਨ ਦੇ ਇਤਿਹਾਸ ਦੀ ਬਿਲਕੁਲ ਭਰਪੂਰ ਜਾਣਕਾਰੀ ਹੋਵੇਗੀ,ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਸਤਿਕਾਰ ਕਰਦਾ ਹੈ ਅਤੇ ਦਿਲ ਵਿੱਚ ਵਸਾ ਕੇ ਰੱਖਦਾ। ਸਤਿਕਾਰ ਯੋਗ ਸਾਧ ਸੰਗਤ ਜੀ ਇਹ ਓਹੀ ਹੀ ਇਤਿਹਾਸਕ ਦਿਨ ਦੀ ਗੱਲ ਆਪਾਂ ਅੱਜ ਕਰ ਰਹੇ ਹਾਂ, ਜਦੋਂ ਸਾਹਿਬ ਏ ਕਮਾਲ, ਸਰਬੰਸਦਾਨੀ, ਖਾਲਸਾ ਪੰਥ ਨੂੰ ਸਾਜਣ ਵਾਲੇ,ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ)ਦੀ ਧਰਤੀ ਤੇ ਮੁਗਲਾਂ ਅਤੇ ਸਿੱਖਾਂ ਦੀ ਆਖਰੀ ਲੜਾਈ ਲੜੀ, ਜਿੱਤ ਪ੍ਰਾਪਤ ਕੀਤੀ ਅਤੇ ਮੁਗਲਾਂ ਦੇ ਛੱਕੇ ਛੁਡਾਏ ਸਨ।
ਵੈਸੇ ਤਾਂ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ,ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਦਰਜ ਹਨ।ਪਰ ਇਸ ਉਪਰੋਕਤ ਦਿਨਾਂ ਦੀ ਇਤਿਹਾਸਕ ਮਹੱਤਤਾ ਇਹੀ ਹੈ ਕਿ ਇਸ ਦਿਨ ਗੁਰੂ ਸਾਹਿਬ ਜੀ ਨੇ ਮੁਗਲਾਂ ਨਾਲ ਆਖਰੀ ਫੈਸਲਾ ਕੁੰਨ ਲੜਾਈ ਖਿਦਰਾਣੇ ਦੀ ਢਾਬ ਤੇ ਲੜੀ ਸੀ। ਜਦੋਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀ ਇਧਰ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਲਾਉਂਦੇ ਇਸ ਜਗ੍ਹਾ ਤੇ ਪਹੂੰਚੇ ਸਨ।ਇਸ ਇਤਿਹਾਸਕ ਜਿੱਤ ਨੂੰ ਇਤਿਹਾਸ ਦੇ ਪੰਨਿਆਂ ਤੇ ਇਸ ਕਰਕੇ ਵੀ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਕਿ ਚਾਲੀ ਸਿੰਘ ਜੋ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੰਘ ਨਹੀਂ,ਪਰ ਇਥੇ ਖਿਦਰਾਣੇ ਦੀ ਧਰਤੀ ਤੇ ਓਹਨਾ ਸਾਰੇ ਹੀ ਸਿੰਘਾਂ ਨੇ ਜਿਥੇ ਗੁਰੂ ਸਾਹਿਬ ਜੀ ਤੋਂ ਖ਼ਿਮਾਂ ਜਾਚਨਾ ਮੰਗੀ ਓਥੇ ਇਨ੍ਹਾਂ ਸਾਰੇ ਹੀ ਸਿੰਘਾਂ ਨੇ ਇਸੇ ਥਾਂ ਤੇ ਗੁਰੂ ਸਾਹਿਬ ਜੀ ਨਾਲ ਮੁਗਲਾਂ ਨਾਲ ਲੜਦਿਆਂ ਬੀਰ ਗਤੀ ਪ੍ਰਾਪਤ ਵੀ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਖੁਦ ਆਪਣੇ ਇਨਾਂ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਵੀ ਕੀਤਾ ਜਿਥੇ ਅੱਜਕਲ੍ਹ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਓਸ ਜਗ੍ਹਾ ਤੇ ਇਨ੍ਹਾਂ ਸਿੰਘਾਂ ਦਾ ਅੰਤਿਮ ਸੰਸਕਾਰ ਪੂਰਨ ਗੁਰਮਰਯਾਦਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕੀਤਾ।ਇਸ ਤੋਂ ਪਹਿਲਾਂ ਜਦੋਂ ਸ਼ਾਮਾਂ ਨੂੰ ਲੜਾਈ ਖ਼ਤਮ ਹੋਈ ਤਾਂ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਸੰਭਾਲ ਲਈ ਮੈਦਾਨ ਏ ਜੰਗ ਵਿੱਚ ਆਏ ਤਾਂ ਓਦੋਂ ਇਨ੍ਹਾਂ ਯੋਧਿਆਂ ਨੂੰ ਗੁਰੂ ਸਾਹਿਬ ਜੀ ਨੇ ਪੰਜ ਹਜਾਰੀ ਦਸ ਹਜਾਰੀ ਦੇ ਖਿਤਾਬਾਂ ਨਾਲ ਵੀ ਨਿਵਾਜਿਆ ਇਨ੍ਹਾਂ ਸਿੰਘਾਂ ਨੂੰ।ਇਹ ਇਤਿਹਾਸ ਦੇ ਪੰਨਿਆਂ ਉੱਤੇ ਉਕਰੀ ਹੋਈ ਬਿਲਕੁਲ ਹਕੀਕੀ ਗਾਥਾ ਹੈ।
ਇਤਹਾਸਕਾਰਾਂ ਮੁਤਾਬਕ ਟਿੱਬੀ ਤੋਂ ਹੀ ਮੁਗਲਾਂ ਤੇ ਤੀਰਾਂ ਦੀ ਬੌਛਾੜ ਕਰ ਰਹੇ ਸਨ (ਜਿਥੇ ਅੱਜਕਲ੍ਹ ਗੁਰਦੁਆਰਾ ਟਿੱਬੀ ਸਾਹਿਬ ਤੇ ਰਕਾਬਗੰਜ ਸਾਹਿਬ ਸ਼ਸ਼ੋਭਿਤ ਹਨ। ਇਥੇ ਹੀ ਇਤਹਾਸਕਾਰਾਂ ਮੁਤਾਬਕ ਘੋੜੇ ਤੇ ਚੜ੍ਹਨ ਲੱਗਿਆਂ ਰਕਾਬ ਟੁੱਟ ਗਈ ਸੀ ਜੋ ਅੱਜ ਤੱਕ ਵੀ ਓਸੇ ਹਾਲਤ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਹੈ ਤੇ ਦੂਰੋਂ ਦੂਰੋਂ ਆਕੇ ਸੰਗਤਾਂ ਦਰਸ਼ ਦੀਦਾਰ ਕਰਦੀਆਂ ਹਨ।
ਸਿੱਖ ਇਤਿਹਾਸ ਮੁਤਾਬਕ ਪਹਿਲਾਂ ਇਹ ਯਾਦਗਾਰੀ ਦਿਨ ਛੋਟੇ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ, ਜਿਥੇ ਇਸ ਸਮੇਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਸ਼ੋਭਿਤ ਹੈ ਓਸ ਦੇ ਬਿਲਕੁਲ ਨਾਲ ਇੱਕ ਬਾਬਾ ਸਰੋਵਰ ਦਾਸ ਜੀ ਦਾ ਡੇਰਾ ਹੋਇਆ ਕਰਦਾ ਸੀ ਜੋ ਖੁਦ ਅੱਖਾਂ ਤੋਂ ਮੁਨਾਖੇ ਸਨ। ਓਹਨਾਂ ਨੇ ਛੋਟੇ ਪੱਧਰ ਤੇ ਇਨ੍ਹਾਂ ਚਾਲੀ ਸਿੰਘ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਦਿਨ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ।ਇਸ ਦੀ ਬਾਬਤ ਘੋਖਣ ਲਈ ਦਾਸ ਨੇ ਬਾਵਾ ਨਿਊਜ਼ ਏਜੰਸੀ ਦੇ ਗੁਰਪ੍ਰੀਤ ਬਾਵਾ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੇਹਰ ਸਿੰਘ ਦੇ ਪਰਿਵਾਰ ਚੋਂ ਕਾਨੂੰਗੋ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਘਰ ਇਸ ਡੇਰੇ ਦੇ ਬਿਲਕੁਲ ਨਾਲ ਲੱਗਦਾ ਸੀ,ਪਰ ਅਖੀਰ ਤੇ ਸਾਬਕਾ ਜਥੇਦਾਰ ਅਕਾਲਤਖਤ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਤੇ ਇਸ ਦਿਨ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਾ ਤੇ ਇਹ ਦਿਨ ਸਹੀ ਤਾਂ ਇਹੀ ਸੀ ਚਾਰ ਜਾਂ ਤਿੰਨ ਮਈ ਹੀ ਸੀ,ਪਰ ਓਹਨਾਂ ਸਮਿਆਂ ਵਿੱਚ ਪਾਣੀ ਦੀ ਘਾਟ,ਆਉਣ ਜਾਣ ਵਾਲੇ ਸਾਧਨਾਂ ਦੀ ਘਾਟ ਕਾਰਨ ਹੀ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਇਸ ਦਿਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਨਾਲ ਮਾਘੀ ਦੇ ਪਵਿੱਤਰ ਦਿਹਾੜੇ ਸੰਗਰਾਂਦ ਅਤੇ ਜੁੱਗਾਂ ਜੁਗਾਂਤਰਾਂ ਤੋਂ ਪਵਿੱਤਰ ਦਿਹਾੜੇ ਤੇ ਅਤੇ ਸੰਗਤਾਂ ਦੇ ਭਰਪੂਰ ਇਕੱਠ ਵਿੱਚ ਮਨਾਉਣ ਲੱਗੇ, ਕਿਉਂਕਿ ਓਦੋਂ ਮਹੌਲ ਸੁਖਾਵਾਂ ਰੁੱਤ ਠੀਕ ਹੁੰਦੀ ਹੈ। ਤੇ ਇਸ ਦੀ ਪੂਰੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸੰਭਾਲ ਲਈ ਹੈ। ਇਸੇ ਦਿਨ ਮਾਘੀ ਦਾ ਨਹਾਉਣ ਦੇ ਨਾਲ ਨਾਲ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਦੀ ਪਰੰਪਰਾ ਸ਼ੁਰੂ ਹੋ ਗਈ।
ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਦਾ ਮੇਲਾ ਅਤੇ ਇਹ ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ, ਸ਼ਹੀਦੀ ਜੋੜ ਮੇਲੇ ਤੇ ਸਿਆਸੀ ਪਾਰਟੀਆਂ ਆਪੋ ਆਪਣੀਆਂ ਪਾਰਟੀਆਂ ਦੀਆਂ ਕਾਨਫ਼ਰੰਸਾਂ ਕਰਕੇ ਵੀ ਇਕੱਠ ਦਾ ਲਾਹਾ ਲੈਂਦੀਆਂ ਹਨ।ਪਿਛੇ ਜਿਹੇ ਕਾਂਗਰਸ ਸਰਕਾਰ ਵੇਲੇ ਜਿਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਯਾਦਗਾਰੀ ਗੇਟਾਂ ਦੀ ਉਸਾਰੀ ਕਰਵਾਈ ਓਥੇ ਓਹਨਾਂ ਨੇ ਤਿੰਨ ਤੇ ਚਾਰ ਮਈ ਨੂੰ ਇਹੇ ਸ਼ਹੀਦੀ ਜੋੜ ਮੇਲਾ ਵੱਡੇ ਪੱਧਰ ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਦੀ ਪਰੰਪਰਾ ਦੀ ਸ਼ਰੂਆਤ ਕੀਤੀ।ਚਾਲੀ ਮੁਕਤਿਆਂ ਦੀ ਯਾਦ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਚਾਲੀ ਕੜਿਆਂ ਵਾਲਾ ਖੰਡਾ ਨਾਲ ਹੀ ਮੁਕਤੇ ਮੀਨਾਰ ਦੀ ਉਸਾਰੀ ਕਰਵਾਈ ਜੋ ਸੈਰ ਕਰਨ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਪਰ ਇਸ ਦੀ ਸਫਾਈ ਦਾ ਹਾਲ ਮਾੜਾ ਹੈ, ਕਚਹਿਰੀਆਂ ਦੇ ਬਿਲਕੁਲ ਸਾਹਮਣੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿੱਚ ਵੀ ਇੱਕ ਪਾਰਕ ਬਣਾਇਆ ਹੋਇਆ ਹੈ,ਉਸ ਦੀ ਵੀ ਸਫ਼ਾਈ ਨਹੀਂ ਕੀਤੀ ਜਾਂਦੀ ਹਾਂ ਕਦੇ ਕਦਾਈਂ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਲੰਗਰਾਂ ਵਾਲੇ ਸੋਨੀ ਬਾਬਾ ਜੀ ਇਨ੍ਹਾਂ ਦੋਹਾਂ ਪਾਰਕਾਂ ਦੀ ਸਫਾਈ ਜ਼ਰੂਰ ਕਰਾ ਦਿੰਦੇ ਨੇ,ਪਰ ਪ੍ਰਸ਼ਾਸਨ ਨੇ ਕਦੇ ਵੀ ਇਧਰ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।ਇਸ ਮਾਘੀ ਦੇ ਪਵਿੱਤਰ ਅਤੇ ਸ਼ਹੀਦੀ ਜੋੜ ਮੇਲੇ ਤੇ ਆਉਣ ਵਾਲੀ ਸੰਗਤ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦੇ ਹੋਰ ਛੇ ਪਾਵਨ ਅਸਥਾਨ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਸਫ਼ਲਾ ਕਰਦੀਆਂ ਹਨ। ਜਿਨ੍ਹਾਂ ਵਿੱਚ ਤਰਨਤਾਰਨ ਸਾਹਿਬ, ਸ਼ਹੀਦ ਗੰਜ ਸਾਹਿਬ, ਮਾਤਾ ਭਾਗ ਕੌਰ ਜੀ, ਰਕਾਬਗੰਜ ਸਾਹਿਬ,ਦਾਤਨ ਸਰ ਸਾਹਿਬ, ਗੁਰੂ ਕੇ ਖੂਹ ਦੇ ਦਰਸ਼ ਦੀਦਾਰ ਕਰਦੀਆਂ ਹਨ ਅਤੇ ਇਤਿਹਾਸ ਤੋਂ ਜਾਣੂੰ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਥਾਵਾਂ ਨੂੰ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਵੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿਥੇ ਗੁਰੂ ਸਾਹਿਬ ਜੀ ਨੇ ਇਨ੍ਹਾਂ ਚਾਲੀ ਸਿੰਘਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ ਸੀ,ਓਸੇ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਵਿੱਤਰ ਭੋਗ ਓਹਨਾਂ ਸਿੰਘਾਂ ਦੀ ਯਾਦ ਵਿੱਚ ਪਾਏ ਜਾਣਗੇ, ਉਪਰੰਤ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਗੁਰੂ ਘਰ ਦੇ ਕੀਰਤਨੀਏ ਸਿੰਘ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਪ੍ਰਵਾਹ ਰਾਹੀਂ ਗੁਰੂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਗੇ।ਹਰ ਸਾਲ ਦੀ ਤਰ੍ਹਾਂ ਇਨ੍ਹਾਂ ਦਿਨਾਂ ਵਿੱਚ ਖੰਡੇ ਬਾਟੇ ਦੀ ਪਾਹੁਲ ਵੀ ਛਕਾਈ ਜਾਵੇਗੀ, ਅਤੇ ਗੁਰੂ ਘਰ ਦੇ ਨਾਲ ਸੰਗਤ ਨੂੰ ਜੋੜਨਾ ਇਹੀ ਹੀ ਸੱਚੀ ਭਗਤੀ ਹੈ ਤੇ ਚਾਲੀ ਮੁਕਤਿਆਂ ਨੂੰ ਸੱਚੀ ਸ਼ਰਧਾਂਜਲੀ ਵੀ ਇਹੀ ਹੈ ਕਿ ਆਓ ਪੰਜ ਕਕਾਰਾਂ ਦੇ ਧਾਰਨੀ ਬਣੀਏ।ਅਤੁੱਟ ਲੰਗਰ ਦਾ ਭੰਡਾਰਾ ਅਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਵੀ ਲੱਗਣਗੀਆਂ। ਜਥੇਦਾਰ ਅਕਾਲਤਖਤ ਸਾਹਿਬ ਅਤੇ ਪੰਥ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਇਸ ਦਿਨ ਟੁੱਟੀ ਗੰਢੀ ਅਤੇ ਸ਼ਹੀਦਗੰਜ ਸਾਹਿਬ ਨਤਮਸਤਕ ਹੋਣਗੀਆਂ, ਅਤੇ ਰਾਗੀ ਢਾਡੀ ਅਤੇ ਮਹਾਨ ਪ੍ਰਚਾਰਕਾਂ ਦੀਆਂ ਵਿਚਾਰਾਂ ਨੂੰ ਖੁਦ ਸੰਗਤਾਂ ਵਿੱਚ ਬੈਠਕੇ ਸਰਵਣ ਕਰਨਗੀਆਂ।
(ਕਿਸੇ ਵੀ ਗਲਤੀ ਲਈ ਦਾਸ ਦੋਵੇਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ ਸਾਧ ਸੰਗਤ ਗਲਤੀ ਬਖਸ਼ਣ ਦੇ ਸਮਰੱਥ ਹੁੰਦੀ ਹੈ ਜੀਓ)
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556